'ਰਿਸ਼ਵਤਖੋਰੀ' ਦੇਸ਼ ਨੂੰ ਲਗਿਆ ਇਕ ਕਲੰਕ
Published : Dec 21, 2017, 10:42 pm IST
Updated : Dec 21, 2017, 5:12 pm IST
SHARE ARTICLE

ਇਤਿਹਾਸ ਅਨੁਸਾਰ ਭਾਰਤ ਦੇਸ਼ ਦੇ ਸਰਮਾਏ ਨੂੰ ਲੁੱਟਣ ਲਈ ਪਹਿਲਾਂ ਤਾਂ ਧਾੜਵੀ ਬਾਹਰੋਂ ਆਉਂਦੇ ਸਨ, ਪਰ ਅੱਜ ਅਥਿਤੀ ਬਿਲਕੁਲ ਉਲਟ ਹੈ। ਲੁੱਟਣ ਵਾਲੇ ਬੇਗ਼ਾਨੇ ਨਹੀਂ ਸਗੋਂ ਅਪਣੇ ਹੀ ਹਨ, ਜੋ ਜੋਕਾਂ ਵਾਂਗ ਚਿੰਬੜੇ ਹਨ। ਜਿਵੇਂ ਜੋਕ ਖ਼ੂਨ ਚੂਸ ਚੂਸ ਕੇ ਜਦ ਕਾਫ਼ੀ ਮੋਟੀ ਹੋ ਜਾਂਦੀ ਹੈ, ਤਦ ਜਾ ਕੇ, ਆਦਮੀ ਨੂੰ ਪਤਾ ਲਗਦਾ ਹੈ। ਉਦੋਂ ਤਕ ਉਹ ਇਕ ਜ਼ਖ਼ਮ ਬਣਾ ਚੁੱਕੀ ਹੁੰਦੀ ਹੈ।ਬਾਹਰ ਵਾਲੇ ਜਦੋਂ ਲੁੱਟਣ ਆਉਂਦੇ ਸਨ ਤਾਂ ਲੋਕਾਂ ਵਿਚ ਹਾਹਾਕਾਰ ਮੱਚ ਜਾਂਦੀ ਸੀ। ਪਰ ਦੇਸ਼ ਅੰਦਰਲੇ ਲੁਟੇਰੇ ਤਾਂ ਸਮਝਦਾਰੀ ਨਾਲ ਲੁਟਦੇ ਹਨ। ਪਹਿਲਾਂ ਲੁਟਦੇ ਹਨ, ਫਿਰ ਕੁਟਦੇ ਹਨ, ਤੀਜਾ ਰੋਣ ਵੀ ਨਹੀਂ ਦਿੰਦੇ। ਬੰਦਾ ਕਰੇ ਤਾਂ ਕਰੇ ਕੀ? ਮਦਦ ਕਰਨ ਵਾਲੇ ਵਿਰਲੇ ਹੀ ਹਨ। ਰਿਸ਼ਵਤਖੋਰਾਂ ਦਾ ਪੂਰੇ ਭਾਰਤ ਅੰਦਰ ਅੱਜ ਬੋਲਬਾਲਾ ਹੈ।ਅਮੀਰ ਕੋਲ ਪੈਸਾ ਆਮ ਹੈ। ਮੱਧ ਵਰਗ ਅਮੀਰ ਹੋਣ ਦੇ ਚੱਕਰ ਵਿਚ ਲਟਕਿਆ ਪਿਆ ਹੈ। ਨਾ ਤਾਂ ਖ਼ੁਦ ਰਿਸ਼ਵਤਖ਼ੋਰਾਂ ਕੋਲੋਂ ਬੱਚ ਸਕਦਾ ਹੈ ਅਤੇ ਨਾ ਕਿਸੇ ਨੂੰ ਬਚਾ ਸਕਦਾ ਹੈ। ਰਹੀ ਗੱਲ ਗ਼ਰੀਬ ਦੀ, ਉਸ ਨੂੰ ਕੋਈ ਨੇੜੇ ਹੀ ਨਹੀਂ ਲੱਗਣ ਦਿੰਦਾ। ਸਰਕਾਰੀ ਦਫ਼ਤਰਾਂ ਅੰਦਰ ਗ਼ਰੀਬਾਂ ਦੀਆਂ ਫ਼ਾਈਲਾਂ ਨੂੰ ਮੈਂ ਖ਼ੁਦ ਵੇਖਿਆ ਹੈ, ਚਾਰ ਅੱਖਰ ਲਿਖਣ ਦੀ ਬਜਾਏ ਕਲਰਕ ਪਾਤਸ਼ਾਹ ਵਗਾਹ ਵਗਾਹ ਕੇ ਮਾਰਦੇ ਹਨ। ਆਹ ਨਹੀਂ ਲਿਖਿਆ, ਔਹ ਨਹੀਂ ਕਰਾਇਆ। ਕੋਈ ਪੁੱਛੇ ਸਰਕਾਰ ਨੇ ਤੈਨੂੰ ਕਿਸ ਕੰਮ ਲਈ ਕੁਰਸੀ ਦਿਤੀ ਹੈ? ਬੱਸ ਫਿਰ ਕੋਈ ਜਵਾਬ ਨਹੀਂ। ਗੱਲ ਸਿਰਫ਼ ਓਪਰੀ ਮਾਇਆ ਰਾਣੀ ਦੀ ਹੈ, ਸਾਰੇ ਸਬਰ ਦੇ ਬੰਨ੍ਹ, ਪੈਸੇ ਦੇ ਲਾਲਚ ਵਿਚ ਟੁੱਟ ਗਏ ਹਨ।ਇਹ ਸਾਰੀਆਂ ਰਿਸ਼ਵਤਖੋਰੀ ਦੀਆਂ ਕੰਧਾਂ ਉਪਰਲੇ ਅਫ਼ਸਰਾਂ ਦੀਆਂ ਹਦਾਇਤਾਂ ਹੇਠ ਹੀ ਉਸਰ ਕੇ ਮਜ਼ਬੂਤ ਹੋ ਰਹੀਆਂ ਹਨ। ਇਸ ਹਮਾਮ ਵਿਚ ਹੇਠ ਤੋਂ ਲੈ ਕੇ ਉੱਪਰ ਤਕ ਸੱਭ ਨੰਗੇ ਹਨ। ਕੌਣ ਆਖੇ ਰਾਣੀਏ ਅੱਗਾ ਢੱਕ? ਜਿਹੜਾ ਅੱਗਾ ਢਕਣ ਨੂੰ ਕਹਿ ਦਿੰਦਾ ਹੈ, ਉਸ ਨੂੰ ਘੱਟੋ-ਘੱਟ ਇਕ ਝੂਠੇ ਪਰਚੇ ਦੇ ਇਨਾਮ ਨਾਲ ਨਵਾਜਿਆ ਜਾਂਦਾ ਹੈ। ਜੇਕਰ ਉਹ ਸਾਰੇ ਪਾਸਿਉਂ ਜਰਵਾਣਾ ਹੈ ਤਾਂ ਇਹ ਸੁਣਨ ਨੂੰ ਮਿਲਦਾ ਹੈ, ''ਤੁਸੀ ਕੰਮ ਦਸੋ ਜੀ ਹੁਣੇ ਕਰ ਦਿੰਦੇ ਹਾਂ। ਇਹ ਤਾਂ ਜੀ ਅਨਪੜ੍ਹ ਹਨ, ਕੁੱਝ ਪਤਾ ਨਹੀਂ ਇਨ੍ਹਾਂ ਨੂੰ।'' ਅੱਜ ਗੱਲ ਰਿਸ਼ਵਤਖੋਰੀ ਦੇ ਨਾਲ ਨਾਲ ਸਮੇਂ ਦੀ ਵੀ ਹੈ। ਜਿਹੜਾ ਸਮਾਜ ਲਈ ਕੁੱਝ ਦਿਲੋਂ ਮਨੋਂ ਕੁੱਝ ਕਰਨਾ ਚਾਹੁੰਦਾ ਹੈ, ਉਸ ਕੋਲ ਸਮੇਂ ਦੀ ਵੱਡੀ ਘਾਟ ਹੁੰਦੀ ਹੈ। ਸਮਾਜ ਸੁਧਾਰਕ ਤਾਂ 24 ਘੰਟੇ ਵਿਹਲਾ ਹੋ ਹੀ ਨਹੀਂ ਸਕਦਾ।
ਗੱਲ ਸ਼ੁਰੂ ਕਰਾਂਗੇ ਕਿ ਅੱਜ ਇਕ ਸਾਧਾਰਣ ਇਨਸਾਨ ਦੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਕਿਸ ਤਰ੍ਹਾਂ ਇਕ ਆਦਮੀ ਨੂੰ ਏਨਾ ਲਹੂ ਪੀਣੀਆਂ ਜੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਇਕ ਸੱਚੀ ਘਟਨਾ ਹੈ। ਮੈਂ ਇਕ ਦਿਨ ਕਿਸੇ ਦੋਸਤ ਕੋਲ  ਅਪਣਾ ਲੇਖ ਟਾਈਪ ਕਰਵਾਉਣ ਗਿਆ। ਉਥੇ ਇਕ ਬਜ਼ੁਰਗ ਫ਼ਾਈਲ ਲੈ ਕੇ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਮੇਰੇ ਰਾਸ਼ਨ ਕਾਰਡ ਵਿਚ ਮੇਰੀ ਲੜਕੀ ਦਾ ਨਾਂ ਦਰਜ ਕਰ ਦੇ। ਉਸ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦਾ। ਪਰ ਅਸਲ ਵਿਚ ਇਸ ਦਾ ਕਾਰਨ ਕੀ ਹੈ? ਬਜ਼ੁਰਗ ਨੇ ਦਸਿਆ, ''ਮੈਂ ਅਪਣੀ ਲੜਕੀ ਦਾ ਨਾਂ ਨਵੇਂ ਰਾਸ਼ਨ ਕਾਰਡ ਵਿਚ ਕਿਸੇ ਕਾਰਨ ਦਰਜ ਕਰਵਾਉਣਾ ਭੁੱਲ ਗਿਆ। ਹੁਣ ਹਫ਼ਤਾ ਪਹਿਲਾ, ਉਸ ਦਾ ਵਿਆਹ ਕਰ ਦਿਤਾ ਹੈ ਅਤੇ ਸ਼ਗਨ ਸਕੀਮ ਤਹਿਤ ਸਰਕਾਰ ਵਲੋਂ ਪੈਸੇ ਲੈਣੇ ਹਨ। ਦਫ਼ਤਰਾਂ ਵਿਚ ਕਈ ਚੱਕਰ ਕੱਟ ਕੇ ਥੱਕ ਚੁੱਕਾ ਹਾਂ, ਕੋਈ ਉਧਰ ਭੇਜ ਦਿੰਦਾ ਹੈ, ਉਧਰਲੇ ਇਧਰ ਭੇਜ ਦਿੰਦੇ ਹਨ ਵਿਚੋਂ ਅਸਲ ਗੱਲ ਕੁੱਝ ਹੋਰ ਹੈ। ਇਕ ਦਫ਼ਤਰ ਵਿਚ ਦਲਾਲ ਟਾਈਪ ਬੰਦਾ ਮਿਲਿਆ ਸੀ ਤੇ ਕਹਿੰਦਾ ਸੀ ਬਾਪੂ ਏਨੇ ਰੁਪਏ ਲਗਣਗੇ। ਸ਼ਗਨ ਸਕੀਮ ਤਾਂ ਤੇਰੇ ਘਰ ਭੱਜੀ ਆਊ। ਮੈਂ ਕਿਹਾ ਪੁੱਤਰਾ ਪਹਿਲਾਂ ਕੁੜੀ ਦਾ ਵਿਆਹ ਤਾਂ ਕਰਜ਼ਾ ਚੁੱਕ ਕੇ ਕੀਤਾ ਹੈ, ਮੇਰੇ ਕੋਲ ਪੈਸੇ ਕਿਥੇ? ਕਹਿੰਦਾ ਫਿਰ ਤੁਰਿਆ ਫਿਰ।''ਗੱਲ ਕੀ ਹਰ ਪਾਸੇ ਹਰ ਦਫ਼ਤਰ ਵਿਚ ਹੇਠੋਂ ਲੈ ਕੇ ਉਪਰ ਤਕ, ਸਵੇਰ ਤੋਂ ਸ਼ਾਮ ਤਕ ਇਕੋ ਹੀ ਗੱਲ ਕਿ ਰਿਸ਼ਵਤਖੋਰੀ ਨਾਲ, ਰੁਪਏ ਕਿਸ ਤਰ੍ਹਾਂ ਬਣਾਏ ਜਾਣ। ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਜਦੋਂ ਸਾਡੇ ਆਧਾਰ ਕਾਰਡ ਨੂੰ ਸਾਡੇ ਹਰ ਚੀਜ਼ ਨਾਲ ਜੋੜ ਦਿਤਾ ਤਾਂ ਮੈਂ ਸਮਝਦਾ ਹਾਂ ਕਿ ਹੋਰ ਕਿਸੇ ਸ਼ਨਾਖ਼ਤ ਦੀ ਅੱਜ ਦੇ ਸਮੇਂ ਅੰਦਰ ਜ਼ਰੂਰਤ ਤਕਰੀਬਨ ਖ਼ਤਮ ਹੀ ਹੋ ਗਈ ਹੈ। ਸ਼ਗਨ ਸਕੀਮ ਲਈ ਵੈਸੇ ਵੀ ਰਾਸ਼ਨ ਕਾਰਡ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰਹੀ। ਫਿਰ ਵੀ ਜੇਕਰ ਕੋਈ ਲੋੜ ਪੈਂਦੀ ਹੈ ਤਾਂ ਉਸ ਆਦਮੀ ਕੋਲੋਂ ਹਲਫ਼ੀਆ ਬਿਆਨ ਜਾਂ ਸਵੈ-ਘੋਸ਼ਣਾ ਪੱਤਰ ਲਿਆ ਜਾ ਸਕਦਾ ਹੈ। ਅਜਿਹਾ ਇਸ ਲਈ ਨਹੀਂ ਕੀਤਾ ਜਾਂਦਾ ਕਿਉਂ ਕਿ ਦਫ਼ਤਰ ਆਏ ਹੋਏ ਆਦਮੀ ਦੀ ਜੇਬ ਤੇ ਡਾਕਾ ਜੂ ਮਾਰਨ ਹੋਇਆ ਜਾਵੇ। ਰਿਸ਼ਵਤਖ਼ੋਰੀ ਅੱਜ ਦੇ ਸਮੇਂ ਅੰਦਰ ਸਾਡੀ ਨਸ ਨਸ ਵਿਚ ਧਸ ਚੁੱਕੀ ਹੈ ਜਿਸ ਨਾਲ ਅਸੀ ਦੂਜੇ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਪੈਸੇ ਲੈਣਾ ਅਪਣਾ ਜਨਮ ਸਿੱਧ ਅਧਿਕਾਰ ਸਮਝਣ ਲੱਗ ਪਏ ਹਾਂ।
ਇਹ ਤਾਂ ਸੀ ਸਿਰਫ਼ ਇਕ ਦਫ਼ਤਰ ਤੇ ਇਕ ਬਜ਼ੁਰਗ ਦੀ ਕਹਾਣੀ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅੰਦਰ ਸਾਡੇ ਦੇਸ਼ ਵਿਚ ਅਜਿਹੀਆਂ ਰਿਸ਼ਵਤਖ਼ੋਰੀ ਦੀਆਂ ਘਟਨਾਵਾਂ ਲੱਖਾਂ ਦੀ ਗਿਣਤੀ ਵਿਚ ਵਾਪਰ ਰਹੀਆਂ ਹਨ। ਸਾਡੀਆਂ ਸਰਕਾਰਾਂ ਸਵੇਰ ਤੋਂ ਸ਼ਾਮ ਤਕ ਰਿਸ਼ਵਤਖ਼ੋਰੀ ਵਿਰੁਧ ਸਿਰਫ਼ ਅਪਣੇ ਫੋਕੇ ਬਿਆਨ ਦਾਗਣ ਵਿਚ ਮਸਰੂਫ਼ ਹਨ ਪਰ ਭ੍ਰਿਸ਼ਟਾਚਾਰ ਉਨ੍ਹਾਂ ਦੇ ਨੱਕ ਥੱਲੇ ਲਗਾਤਾਰ ਵੇਲ ਵਾਂਗ ਵੱਧ ਫੁੱਲ ਰਿਹਾ ਹੈ ਜਿਸ ਨੂੰ ਉਹ ਭਲੀ-ਭਾਂਤ ਜਾਣਦੀਆਂ ਅਤੇ ਸਮਝਦੀਆਂ ਹਨ ਕਿਉਂਕਿ ਇਸ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਸਾਡੇ ਕਾਫ਼ੀ ਨੇਤਾ ਲੋਕ ਗੱਲ ਤਕ ਡੁੱਬ ਚੁੱਕੇ ਹਨ। ਅੱਜ ਮੇਰੇ ਦੇਸ਼ ਦੀ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ, ਜੋ ਕਿ ਅਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਉਤੇ ਬਿਤਾ ਕੇ ਅਪਣੇ ਆਪ ਨੂੰ ਬਹੁਤ ਪੜ੍ਹੇ-ਲਿਖੇ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਦੱਸਣ ਲਈ ਖ਼ਰਚ ਕਰ ਰਹੀ ਹੈ, ਨੂੰ ਇਸ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਦੇਸ਼ ਵਿਆਪੀ ਲਹਿਰ ਚਲਾ ਕੇ ਉਸ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਸਖ਼ਤ ਜ਼ਰੂਰਤ ਹੈ। ਨਾਲ ਨਾਲ ਮੈਂ ਅਪਣੇ ਦੇਸ਼ ਦੀਆਂ ਧਾਰਮਕ ਅਤੇ ਸਮਾਜਕ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਤਕ ਅਸੀ ਇਸ ਭ੍ਰਿਸ਼ਟਾਚਾਰ ਦੀਆਂ ਮਜ਼ਬੂਤ ਕੰਧਾਂ ਦੀਆਂ ਨੀਹਾਂ ਨੂੰ ਕਮਜ਼ੋਰ ਕਰਨ ਲਈ ਅਪਣਾ ਯੋਗਦਾਨ ਪਾ ਕੇ ਢਾਹੁਣ ਦੀ ਤਿਆਰੀ ਨਹੀਂ ਕਰਦੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਤਾਂ ਅਸੀ ਵੀ ਸੱਭ ਇਸ ਲਈ ਜ਼ਰੂਰ ਜ਼ਿੰਮੇਵਾਰ ਬਣੇ ਰਹਾਂਗੇ। ਜੇਕਰ ਅੱਜ ਅਸੀ ਅਪਣੇ ਦੇਸ਼ ਨੂੰ ਰਿਸ਼ਵਤਖ਼ੋਰੀ ਦੇ ਚੁੰਗਲ ਵਿਚੋਂ ਕਢਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਰਤ ਦੇਸ਼ ਦੀ ਸਿਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਕੇ ਉੱਪਰ ਚੁਕਣਾ ਹੋਵੇਗਾ। ਇਸ ਦੀ ਜਿਊਂਦੀ ਜਾਗਦੀ ਮਿਸਾਲ ਮੈਨੂੰ ਮੇਰੇ ਲਿਖਣ ਦੀ ਕਲਾ ਦੇ ਉਸਤਾਦ ਕੋਲੋਂ ਸੁਣਨ ਨੂੰ ਮਿਲੀ। ਉਨ੍ਹਾਂ ਦੇ ਸਕੇ ਤਾਏ ਦਾ ਲੜਕਾ ਕਾਫ਼ੀ ਸਮੇਂ ਤੋਂ ਅਮਰੀਕਾ ਵਿਚ ਪੱਕੇ ਤੌਰ ਤੇ ਰਹਿ ਰਿਹਾ ਸੀ ਅਤੇ ਉਸ ਦੇ ਬੱਚੇ ਅਮਰੀਕਾ ਦੇ ਜੰਮਪਲ ਹਨ। ਜਦੋਂ ਉਸ ਲੜਕੇ ਦਾ ਬਾਪ ਅਮਰੀਕਾ ਅਪਣੇ ਲੜਕੇ ਦੇ ਪ੍ਰਵਾਰ ਨੂੰ ਮਿਲਣ ਗਿਆ ਤਾਂ ਇਕ ਦਿਨ ਉਸ ਦੀ ਪੋਤਰੀ ਅਪਣੇ ਦਾਦਾ ਜੀ ਨੂੰ ਬਾਜ਼ਾਰ ਤੋਂ ਸਾਮਾਨ ਖ਼ਰੀਦਣ ਇਸ ਲਈ ਨਾਲ ਲੈ ਕੇ ਗਈ ਕਿ ਉਹ ਅਪਣੇ ਦਾਦੇ ਨੂੰ ਬਾਜ਼ਾਰ ਦੀ ਸੈਰ ਕਰਾਵੇਗੀ। ਉਸ ਪੋਤਰੀ ਦੀ ਉਮਰ ਤਕਰੀਬਨ 10-12 ਸਾਲ ਹੀ ਸੀ।
ਸਟੋਰ ਵਿਚੋਂ ਉਨ੍ਹਾਂ ਨੇ ਇਕ ਟਮਾਟਰ ਦੀ ਚਟਣੀ ਦੀ ਬੋਤਲ ਖ਼ਰੀਦਣੀ ਸੀ। ਦਾਦਾ ਜੀ ਥੋੜੇ ਬਜ਼ੁਰਗ ਹੋਣ ਕਰ ਕੇ ਉਨ੍ਹਾਂ ਕੋਲੋਂ ਬੋਤਲ ਵੇਖਣ ਲਗਿਆਂ ਫ਼ਰਸ਼ ਤੇ ਡਿੱਗ ਕੇ ਟੁੱਟ ਗਈ। ਉਨ੍ਹਾਂ ਦੀ ਪੋਤਰੀ ਨੇ ਅਪਣੇ ਦਾਦਾ ਜੀ ਨੂੰ ਕਿਹਾ ਕਿ ਤੁਰਤ ਪਹਿਲਾਂ ਟੁੱਟੀ ਬੋਤਲ ਦੇ ਪੈਸੇ ਕੈਸ਼ ਕਾਊਂਟਰ ਤੇ ਜਮ੍ਹਾਂ ਕਰਵਾਉ। ਪਰ ਦਾਦਾ ਭਾਰਤੀ ਸਭਿਆਚਾਰ ਦਾ ਹੋਣ ਕਰ ਕੇ ਕਹਿਣ ਲੱਗਾ ਕਿ ਬਾਅਦ ਵਿਚ ਸਾਰੇ ਸਾਮਾਨ ਦੇ ਨਾਲ ਇਕੱਠੇ ਜਮ੍ਹਾਂ ਕਰਵਾ ਦਿਆਂਗੇ। ਪਰ ਪੋਤਰੀ ਦੀ ਸਿਖਿਆ ਪ੍ਰਣਾਲੀ ਦਾ ਸਾਡੇ ਮੁਲਕ ਨਾਲੋਂ ਫ਼ਰਕ ਹੋਣ ਕਰ ਕੇ ਉਸ ਨੇ ਕਿਹਾ, ''ਦਾਦਾ ਜੀ ਤੁਸੀ ਚੀਟਿੰਗ ਕਰ ਰਹੇ ਹੋ।'' ਦੋਸਤੋ ਇਕੱਲਾ ਮੈਂ ਨਹੀਂ ਚਾਹੁੰਦਾ ਕਿ ਸਿਖਿਆ ਪ੍ਰਣਾਲੀ ਬਾਹਰਲੇ ਮੁਲਕਾਂ ਦੀ ਤਰਜ਼ ਤੇ ਹੋਵੇ, ਸਾਰੇ ਦੇਸ਼ ਦੇ ਨਾਗਰਿਕ ਚਾਹੁੰਦੇ ਹਨ। ਗੱਲ ਫਿਰ ਮੁੜ ਕੇ ਆਉਂਦੀ ਹੈ, 'ਬਿੱਲੀ ਦੇ ਗਲ ਟੱਲੀ ਬੰਨ੍ਹੇ ਕੌਣ।'ਜੇਕਰ ਅਸੀ ਸਾਰੇ ਰਲ ਮਿਲ ਕੇ ਬਿੱਲੀ ਦੇ ਗੱਲ ਟੱਲੀ ਬੰਨ੍ਹਣ ਵਿਚ ਕਾਮਯਾਬ ਹੋ ਗਏ ਤਾਂ ਸਮਝੋ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਇਹ ਧਾਰਮਕ ਗੁਰੂ ਦੇਸ਼ ਭ੍ਰਿਸ਼ਟਾਚਾਰ ਦੇ ਇਸ ਬੂਟੇ ਨੂੰ ਪੁੱਟਣ ਵਿਚ ਦੇਰ ਨਹੀਂ ਲਾਵੇਗਾ। ਇਥੇ ਮੈਂ ਇਕ ਗੱਲ ਕਹਿਣੀ ਚਾਹਾਂਗਾ ਕਿ ਜੋ ਲੋਕ ਰਿਸ਼ਵਤਖ਼ੋਰੀ ਦੇ ਇਸ ਕਾਲੇ ਧਨ ਨੂੰ ਲਿਜਾ ਕੇ ਅਪਣੇ ਪ੍ਰਵਾਰ ਅੰਦਰ ਮਹਿੰਗੀਆਂ ਸੁੱਖ ਸਹੂਲਤਾਂ ਅੱਜ ਮਾਣਨ ਵਿਚ ਗ਼ਲਤਾਨ ਹਨ। ਉਹ ਦਿਨ ਜਦੋਂ ਬਾਬਾ ਨਾਨਕ ਦੀ ਸਿਖਿਆ ਅਨੁਸਾਰ ਹੱਕ ਦੀ ਕਮਾਈ ਰੋਟੀ ਵਿਚੋਂ ਦੁੱਧ ਤੇ ਮਲਿਕ ਭਾਗੋ ਦੇ ਛੱਤੀ ਪਦਾਰਥਾਂ ਵਿਚੋਂ ਲੋਕਾਂ ਦੇ ਚੂਸੇ ਲਹੂ ਦੀ ਧਾਰਾ ਨਿਕਲਦੀ ਸੀ, ਇਹ ਲੋਕਾਂ ਦੇ ਦਿਲਾਂ ਨੂੰ ਦੁਖਾਂ ਕੇ ਇਕੱਠੇ ਕੀਤੇ, ਰੁਪਏ ਭਾਰਤੀ ਸਭਿਆਚਾਰ, ਵੇਦਾਂ, ਸੰਤਾਂ-ਮਹਾਤਮਾਵਾਂ ਅਨੁਸਾਰ ਉਸ ਦੀ ਔਲਾਦ ਨੂੰ ਅਤੇ ਖ਼ੁਦ ਨੂੰ ਅਜਿਹੀਆਂ ਭਿਆਨਕ ਬਿਮਾਰੀਆਂ ਦੇ ਰੂਪ ਵਿਚ ਭੁਗਤਾਨ ਕਰਨਾ ਪੈਦਾ ਹੈ। ਫਿਰ ਉਸ ਸਮੇਂ ਡਾਕਟਰ ਕਹਿੰਦਾ ਹੈ, ਜਨਾਬ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਬੱਸ ਕਸਰਤ ਕਰੋ, ਸੈਰ ਕਰੋ।ਇਸ ਭ੍ਰਿਸ਼ਟਾਚਾਰ ਦੇ ਦੈਂਤ ਨੂੰ ਸਾਡੇ ਦੇਸ਼ ਦੇ ਰਾਜਨੇਤਾ ਅਤੇ ਅਫ਼ਸਰਸ਼ਾਹ ਰਲ ਕੇ ਲਗਾਤਾਰ ਛੇਤੀ ਤੇ ਵੱਡਾ ਕਰਨ ਲਈ ਅਪਣਾ ਅਹਿਮ ਯੋਗਦਾਨ ਪਾ ਰਹੇ ਹਨ, ਜਿਸ ਨੂੰ ਸਮਝਣ ਲਈ ਅਸੀ ਬਹੁਤ ਦੇਰ ਕਰ ਚੁੱਕੇ ਹਾਂ। ਮੈਂ ਮਾਣਯੋਗ ਚੀਫ਼ ਜਸਟਿਸ ਸੁਪਰੀਮ ਕੋਰਟ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਦੀਆਂ ਜੱਦੀ ਅਤੇ ਬਾਅਦ ਵਿਚ ਟੇਢੇ ਢੰਗ ਨਾਲ ਰਲਮਿਲ ਕੇ ਬਣਾਈਆਂ ਜਾਇਦਾਦਾਂ ਦੇ ਅੰਕੜੇ ਮੰਗ ਕੇ ਯੋਗ ਕਾਰਵਾਈ ਕਰਦੇ ਹੋਏ ਸਾਰਾ ਸੱਚ ਦੇਸ਼ ਦੀ ਜਨਤਾ ਸਾਹਮਣੇ ਜਨਤਕ ਕਰਨਾ ਚਾਹੀਦਾ ਹੈ ਤਾਕਿ ਅੱਗੇ ਤੋਂ ਕੋਈ ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।ਅੱਜ ਦੇ ਇਸ ਹਾਈਟੈਕ ਜ਼ਮਾਨੇ ਅੰਦਰ ਮੇਰੇ ਦੇਸ਼ ਦਾ ਚੌਥਾ ਸਤੰਭ ਕਿਹਾ ਜਾਣ ਵਾਲਾ ਮੀਡੀਆ ਭ੍ਰਿਸ਼ਟਾਚਾਰ ਦੀ ਮਜ਼ਬੂਤ ਕੰਧ ਨੂੰ ਢਾਹੁਣ ਲਈ ਦੇਸ਼ ਦੇ ਅਵਾਮ ਨਾਲ ਰਲ ਕੇ ਕੰਮ ਕਰੇ ਤਾਕਿ ਸਾਡੇ ਦੇਸ਼ ਨੂੰ ਸਿਆਸਤਦਾਨਾਂ ਦੇ ਚੁੰਗਲ ਵਿਚੋਂ ਬਾਹਰ ਕੱਢ ਕੇ ਆਜ਼ਾਦ ਕੀਤਾ ਜਾ ਸਕੇ। ਜੇਕਰ ਅਜਿਹਾ ਹੋ ਜਾਵੇ ਤਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਕਰਤਾਰ ਸਿੰਘ ਸਰਾਭੇ ਦੇ ਸੁਪਨਿਆਂ ਦਾ ਦੇਸ਼ ਬਣਨ ਵਿਚ ਕੋਈ ਬਹੁਤਾ ਸਮਾਂ ਲੱਗੇਗਾ। ਮੇਰੇ ਦੇਸ਼ ਦੀ ਨੌਜਵਾਨ ਪੀੜ੍ਹੀ ਜਲਦ ਇਸ ਮਸਲੇ ਲਈ ਲੋਕ ਲਹਿਰ ਬਣਾਉਣ ਲਈ ਅੱਗੇ ਆਵੇਗੀ ਤੇ ਲੋਕਤੰਤਰ ਹੋਰ ਮਜ਼ਬੂਤੀ ਨਾਲ ਅੱਗੇ ਵਧਣ ਲਈ ਸਾਨੂੰ ਉਤਸ਼ਾਹਿਤ ਕਰੇਗਾ। ਸੋ ਆਉ ਮੇਰੇ ਦੇਸ਼ ਵਾਸੀਉ ਆਪਾਂ ਸਾਰੇ ਰਲ ਮਿਲ ਮੇਰੇ ਦੇਸ਼ ਨੂੰ ਰਿਸ਼ਵਤਖੋਰੀ ਦੇ ਇਸ ਕਲੰਕ ਤੋਂ ਮੁਕਤੀ ਦਿਵਾਉਣ ਲਈ ਅਪਣਾ ਅਪਣਾ ਯੋਗਦਾਨ ਪਾਈਏ।

SHARE ARTICLE
Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement