
ਭਾਰਤੀ ਸਭਿਅਤਾ ਦਾ ਸੁਨਹਿਰੀ ਯੁੱਗ ਵਿਕਰਮਾਦਿਤਿਆ ਕਾਲ ਤੋਂ ਸ਼ੁਰੂ ਹੁੰਦਾ ਹੈ। ਇਸ ਘਰਾਣੇ ਦਾ ਸੱਭ ਤੋਂ ਪ੍ਰਤਾਪੀ ਸ਼ਾਸਕ ਵਿਕਰਮਾਦਿਤਿਆ-ਪਹਿਲਾ ਹੋਇਆ ਹੈ ਜਿਸ ਨੇ 57 ਈਸਾ ਪੂਰਵ ਤੋਂ 15 ਈਸਾ ਪੂਰਵ ਤਕ ਸੱਤਾ ਸੰਭਾਲੀ। ਪਰਜਾ ਹਿਤੈਸ਼ੀ ਹੋਣ ਕਰ ਕੇ ਉਸ ਦਾ ਅਸਲੀ ਨਾਂ ਸਮੇਂ ਦੀਆਂ ਤਹਿਆਂ ਹੇਠ ਦੱਬ ਗਿਆ। ਉਪਾਧੀ ਵਿਕਰਮਾਦਿਤਿਆ ਪਛਾਣ ਬਣੀ। ਉਸ ਦੇ ਨੌਂ ਰਤਨਾਂ ਵਿਚੋਂ ਇਕ ਅਮਰ ਸਿੰਘ ਰਚਿਤ 'ਅਮਰ ਨਾਟਯਮ' ਤੋਂ ਪਤਾ ਲਗਦਾ ਹੈ ਕਿ ਇਕ ਰਾਤ ਮਹਾਰਾਜਾ ਕਿਤੋਂ ਲੰਘ ਰਿਹਾ ਸੀ। ਉਸ ਨੇ ਵੇਖਿਆ ਕਿ ਘਰਾਂ ਦੇ ਬੰਦ ਦਰਵਾਜ਼ੇ ਅਤੇ ਗਲੀ-ਮੁਹੱਲਿਆਂ ਵਿਚ ਸ਼ਸਤਰਧਾਰੀ ਪਹਿਰੇਦਾਰ ਬਣੇ ਖੜੇ ਸਨ। ਰਾਜ ਅੰਦਰ ਇਸ ਤੋਂ ਪਹਿਲਾਂ ਦਰਵਾਜ਼ੇ ਬੰਦ ਕਰਨ ਦੀ ਨੌਬਤ ਕਦੇ ਨਹੀਂ ਸੀ ਆਈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਘਰਾਂ ਵਿਚੋਂ ਕੀਮਤੀ ਸਾਮਾਨ ਚੋਰੀ ਹੋ ਜਾਂਦਾ ਹੈ। ਛੇਤੀ ਹੀ ਇਨ੍ਹਾਂ ਵਿਗੜੇ ਹਾਲਾਤ ਉਤੇ ਕਾਬੂ ਪਾ ਲਿਆ ਗਿਆ।ਪਹਿਲੇ ਵਿਕਰਮਾਦਿਤਿਆ ਦਾ ਪੜਪੋਤਾ ਚੰਦਰ ਗੁਪਤ ਵਿਕਰਮਾਦਿਤਿਆ ਸੀ, ਜਿਸ ਦੀ ਵਡਿਆਈ ਚੀਨੀ ਯਾਤਰੂ ਫ਼ਾਹਿਯਾਨ ਨੇ ਰਜਵੇਂ ਸ਼ਬਦਾਂ ਵਿਚ ਕੀਤੀ। ਚੀਨੀ ਮਹਿਮਾਨ ਲਿਖਦਾ ਹੈ, ''ਗੰਗਾ ਦੀ ਉੱਤਰੀ ਘਾਟੀ (ਚੰਦਰ ਗੁਪਤਾ ਦੀ ਹਕੂਮਤ) ਵਾਲੇ ਲੋਕ ਖ਼ੁਸ਼ਹਾਲ ਹਨ। ਘਰਾਂ ਨੂੰ ਕੋਈ ਤਾਲਾ ਨਹੀਂ ਲਾਉਂਦਾ। ਬੂਹੇ-ਬਾਰੀਆਂ ਖੁੱਲ੍ਹੇ ਰਹਿੰਦੇ ਹਨ।'' ਕਈ ਵਾਰ ਇੰਜ ਵੀ ਹੋਇਆ ਕਿ ਕੀਮਤੀ ਵਸਤਾਂ ਦੂਜੇ ਦੇ ਘਰ ਪਹੁੰਚਾ ਦਿਤੀਆਂ ਗਈਆਂ ਤਾਂ ਜਿੰਦਰਿਆਂ ਦੀ ਜ਼ਰੂਰਤ ਮਹਿਸੂਸ ਹੋਈ। ਇਸ ਕਾਲ ਦੇ ਮੁਢਲੇ ਅਤੇ ਅਣਘੜਤ ਤਾਲੇ ਪਟਨਾ (ਜੋ ਪਾਟਲੀਪੁੱਤਰ ਨਾਂ ਹੇਠ ਚੰਦਰਗੁਪਤ ਦੀ ਰਾਜਧਾਨੀ ਰਿਹਾ) ਦੇ ਅਜਾਇਬ ਘਰ ਵਿਚ ਸਾਂਭੇ ਹੋਏ ਹਨ। ਅਰਲ ਜਾਂ ਮੋਹਲੇ ਵੰਨਗੀ ਦੀ ਲੱਕੜ ਨੂੰ ਦਰਵਾਜ਼ੇ ਦੇ ਪਿਛਿਉਂ ਖੋਖਲੀ ਕੰਧ ਵਿਚੋਂ ਲੰਘਾਇਆ ਜਾਂਦਾ, ਜੋ ਲੋੜ ਪੈਣ ਤੇ ਅੱਗੇ-ਪਿੱਛੇ ਸਰਕਾਈ ਜਾ ਸਕਦੀ ਸੀ। ਚੰਦਰਗੁਪਤ ਦੇ ਦਰਬਾਰ 'ਚ ਆਏ ਯੂਨਾਨੀ ਰਾਜਦੂਤ ਮੈਗਸਥਨੀਜ਼ ਨੇ ਹਾਸੇ ਭਰਪੂਰ ਬਾਤ ਲਿਖੀ ਹੈ ਕਿ 'ਕਰਾੜ (ਖੱਤਰੀ), ਸ਼ਾਹੂਕਾਰ ਬਾਣੀਏ ਲੋਕ ਕਿਵਾੜ 'ਚ ਗਰਦਭ ਲਿੰਗ ਆਕਾਰ ਦੀ ਲੱਕੜ ਫਸਾ ਕੇ ਸੌਂਦੇ ਹਨ। ਕਿਸੇ ਦੀ ਕੀ ਮਜਾਲ ਕਿ ਮਾਇਆ ਵਾਲੀ ਤਿਜੋਰੀ ਚੋਰੀ ਕਰੇ।'ਸਾਡੇ ਮੁਲਕ ਵਿਚ ਮਾਣਕ ਜਿੰਦਰਿਆਂ ਦਾ ਰੁਝਾਨ ਜਾਂ ਮਜਬੂਰੀ ਵੱਸ ਜ਼ਰੂਰਤ ਮੁਗ਼ਲਾਂ ਦੇ ਹਮਲਿਆਂ ਕਰ ਕੇ ਹੋਈ। ਬਾਬਰ ਦੀ ਫ਼ੌਜ ਵਿਚ ਬਹੁ ਗਿਣਤੀ ਲੁਟੇਰਿਆਂ ਦੀ ਸੀ। ਧਾੜਵੀਆਂ ਨੇ ਰੱਜ ਕੇ ਜ਼ੁਲਮ ਢਾਹੇ, ਲੁੱਟ-ਖਸੁੱਟ ਕੀਤੀ। ਦੇਸ਼ ਵਾਸੀਆਂ, ਖ਼ਾਸ ਕਰ ਕੇ ਪੰਜਾਬੀਆਂ ਨੇ ਮੁਕਾਬਲਾ ਕੀਤਾ। ਜਾਨ-ਮਾਲ ਅਤੇ ਪੱਤ ਦੀ ਰਾਖੀ ਦੇ ਮੱਦੇਨਜ਼ਰ ਜਿੰਦਰੇ ਦੀ ਕਾਢ ਤੇ ਹੱਥ ਅਜ਼ਮਾਏ। 'ਜ਼ਰੂਰਤ ਖੋਜ ਦੀ ਮਾਂ ਹੈ' ਪੰਜਾਬ ਨੇ ਸੱਚ ਕਰ ਵਿਖਾਇਆ। ਜਿੰਦਰਿਆਂ ਦੀ ਬਣਤਰ ਵਿਗਾੜ ਜਾਂ ਥੁੜ ਕਰ ਕੇ ਧਰਤੀ ਜਿੰਦਰੇ ਅਤੇ ਕੰਧ ਜਿੰਦਰੇ ਹੋਂਦ ਵਿਚ ਆਏ। ਮਾਮੂਲੀ ਲਾਗਤ ਅਤੇ ਜਟਕਾ ਤਰੀਕਾ ਭਾਰਤ-ਪਾਕਿ ਵੰਡ ਸਮੇਂ ਸਾਹਮਣੇ ਆਇਆ। ਪੰਜਾਬੀ ਲੋਕ, ਖ਼ਾਸ ਕਰ ਕੇ ਸ਼ਾਹੂਕਾਰ ਅਤੇ ਕੰਜੂਸ, ਅਪਣਾ ਕੀਮਤੀ ਸਾਮਾਨ, ਚਾਂਦੀ ਦੇ ਸਿੱਕੇ, ਗਹਿਣੇ ਆਦਿ ਕੰਧਾਂ 'ਚ ਚਿਣ ਦਿੰਦੇ ਜਾਂ ਧਰਤੀ ਹੇਠਾਂ ਦੱਬ ਦਿੰਦੇ ਸਨ। ਇਕ ਸਮਝੌਤੇ ਤਹਿਤ ਭਾਰਤ ਵਾਸੀ ਪਾਕਿਸਤਾਨ ਤੋਂ ਅਤੇ ਪਾਕਿਸਤਾਨੀ ਭਾਰਤੀ ਸ਼ਹਿਰਾਂ, ਪਿੰਡਾਂ ਵਿਚ ਦਬਿਆ ਪੈਸਾ ਸ਼ਨਾਖ਼ਤੀ ਤੱਥ ਮੁਹਈਆ ਕਰਵਾ ਕੇ ਮਾਲਕ ਸਵੀਕਾਰੇ ਗਏ। ਅਦਲਾ-ਬਦਲੀ ਦੀ ਮਿਆਦ, ਨਿਰਧਾਰਤ ਕੀਤੀ ਗਈ। 1957 ਤਕ 'ਜਬ ਖ਼ੁਦਾ ਦੇਤਾ ਹੈ ਤੋ ਛੱਪਰ ਫਾੜ ਕਰ ਦੇਤਾ ਹੈ' ਅਖਾਣ ਕੰਜੂਸਾਂ ਦੀ ਦੇਣ ਹੈ।ਵੈਸੇ ਜਿੰਦਰਾ ਕ੍ਰਾਂਤੀ ਦੇ ਫੱਲ-ਸਰੂਪ ਪੰਜਾਬ ਅੰਦਰ ਅਠਾਰਵੀਂ ਸਦੀ ਦੇ ਸ਼ੁਰੂ ਵਿਚ ਰੋਪੜ ਦੇ ਅਸਥਾਨ ਤੇ ਪਹਿਲਾ ਕਾਰਖ਼ਾਨਾ ਸਥਾਪਤ ਹੋਇਆ। ਇਥੋਂ ਦੇ ਰੋਪੜੀ ਜਿੰਦਰੇ ਘਰਾਂ ਦੇ ਰਾਖੇ ਬਣੇ। ਕਿਹਾ ਜਾਂਦਾ ਹੈ ਕਿ ਦਸੰਬਰ, 1831 ਦੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਵਾਇਸਰਾਏ ਲਾਰਡ ਵਿਲੀਅਮ ਬੈਂਟਿੰਗ ਵਿਚਾਲੇ ਮੁਲਾਕਾਤ ਸਮੇਂ ਲਾਰਡ ਵਲੋਂ ਸੁਝਾਈ ਗਈ ਤਜਵੀਜ਼ ਮਹਾਰਾਜੇ ਨੇ ਖਿੜੇ ਮੱਥੇ ਸਵੀਕਾਰੀ। ਇਥੋਂ ਦਾ ਬਣਿਆ 1850 ਈਸਵੀ ਦਾ ਜਿੰਦਰਾ ਰੋਪੜ ਦੇ ਜਿਸ ਦੁਕਾਨਦਾਰ ਤੋਂ ਖ਼ਰੀਦਿਆ ਗਿਆ, ਉਸ ਨੇ ਅਪਣੇ ਦਾਦਾ ਤੋਂ ਸੁਣੀ ਇਹ ਗੱਲ ਲੇਖਕ ਦੇ ਕੰਨਾਂ 'ਚ ਪਾਈ ਕਿ ਸਤਲੁਜ ਜੰਗ (1842-46) 'ਚ ਹਾਰ ਖਾ ਚੁੱਕੇ ਸਿੰਘਾਂ-ਸੂਰਮਿਆਂ ਨੂੰ ਰੋਪੜੀ ਕਾਢ ਡੰਡਾ ਬੇੜੀਆਂ ਨਾਲ ਜਕੜ ਕੇ ਕਾਲੇ ਪਾਣੀ ਡਕਿਆ ਗਿਆ। ਇੰਜ ਰੋਪੜ ਦਾ ਇਤਿਹਾਸ ਕਾਲੇ ਕਾਰਨਾਮਿਆਂ ਨਾਲ ਵੀ ਜੁੜਿਆ ਹੋਇਆ ਹੈ।ਮੁਗ਼ਲਾਂ ਦੀ ਆਮਦ ਦਾ ਸੰਤਾਪ ਪੰਜਾਬ ਨੇ ਹੰਢਾਇਆ ਹੀ ਦਿੱਲੀ ਅਤੇ ਰਾਜਸਥਾਨ ਵੀ ਅਛੂਤੇ ਨਾ ਰਹੇ। ਇਨ੍ਹੀਂ ਦਿਨੀਂ ਦਿੱਲੀ ਦੀ ਕਾਜ਼ੀ ਹੌਜ਼ ਮੁਕਾਮ ਤੇ ਜਿੰਦਰਿਆਂ ਦੀ ਕਲਾ ਉਤੇ ਹੱਥ ਅਜ਼ਮਾਏ ਗਏ ਕਿਉਂਕਿ ਖਪਤ ਵੱਧ ਸੀ। ਸੋ ਅਲੀਗੜ੍ਹ ਤੇ ਟੇਕ ਰੱਖੀ ਗਈ। ਦੂਜਾ, ਧਾੜਵੀਆਂ ਦੇ ਡਰੋਂ ਦਿੱਲੀ ਦੇ ਬਹੁਤੇ ਕਾਰੀਗਰ ਮੇਰਠ ਜਾਂ ਅਲੀਗੜ੍ਹ ਜਾ ਵਸੇ ਸਨ। ਉਨ੍ਹਾਂ ਦੀ ਬਦੌਲਤ ਮੌਜੂਦਾ ਸਮੇਂ ਅਲੀਗੜ੍ਹ ਦੇ 150 ਕਿਸਮ ਦੇ ਤਾਲਿਆਂ ਦੀ 150 ਤੋਂ ਵੀ ਵੱਧ ਦੇਸ਼ਾਂ ਵਿਚ ਚੜ੍ਹਤ ਹੈ।ਜਿਥੋਂ ਤਕ ਰਾਜਸਥਾਨੀ ਜਿੰਦਰਿਆਂ ਦਾ ਸਵਾਲ ਹੈ, ਮੇਵਾੜਪਾ ਤੇ ਭਰਤਰੀ (ਜਿਸ ਨੇ ਜੈਨ ਮੱਤ ਦਾ ਪ੍ਰਸਿੱਧ ਨਗਰ ਭਰਤਪੁਰ ਵਸਾਇਆ), ਇਸ ਦੇ ਜਾਨਸ਼ੀਨ ਅਲਟੂ ਨੇ ਰਾਜਸਥਾਨ ਨੂੰ ਤਿੰਨ ਸੌਗਾਤਾਂ ਬਖ਼ਸ਼ੀਆਂ ਸਨ। ਇਨ੍ਹਾਂ ਵਿਚੋਂ ਪਹਿਲੀ ਲੱਕੜ ਦੀ ਡੰਡੀ ਵਾਲੀ ਤਕੜੀ, ਦੂਜੀ ਭਰਤਪਾਤ ਦੇ ਵੱਟੇ ਅਤੇ ਤੀਜੀ ਸੀ ਮੇਵਾੜੀ ਜਿੰਦਰੇ। ਸਮਾਂ ਪਾ ਕੇ ਅਲਵਰ, ਕੋਟਾ, ਬੂੰਦੀ, ਜੈਪੁਰੀ ਅਤੇ ਉਦੈਪੁਰੀ ਜਿੰਦਰੇ ਘਰਾਂ ਦੀ ਪਸੰਦ ਬਣੇ। ਇਹ ਜਿੰਦਰੇ ਰੋਪੜੀ ਅਤੇ ਅਲੀਗੜ੍ਹੀ ਜਿੰਦਰਿਆਂ ਵਾਂਗ ਗੋਲ, ਚਪਟੇ ਜਾਂ ਪਾਨ-ਪੱਤਾ ਢਾਂਚੇ ਦੇ ਨਾ ਹੋ ਕੇ ਸਬਜ਼ੀ ਵਾਲੀ ਤੋਰੀ ਦੇ ਆਕਾਰ ਦੇ ਅਤੇ ਇਕ ਇਕ ਗਜ਼ ਲੰਬਾਈ ਦੇ ਸਨ। ਇਨ੍ਹਾਂ ਦੀਆਂ ਚਾਬੀਆਂ ਦੀ ਲੰਬਾਈ ਸਵਾ ਗਜ਼ ਤੋਂ ਵੀ ਵੱਧ ਸੀ।
ਭਾਵ ਕਿ ਦਾੜ੍ਹੀ ਤੋਂ ਮੁੱਛਾਂ ਲੰਮੀਆਂ। ਤੋਰੀਨੁਮਾ ਇਨ੍ਹਾਂ ਜਿੰਦਰਿਆਂ ਦਾ ਸਮਾਂ ਨੌਵੀਂ ਸਦੀ ਦਾ ਹੈ। ਕੁੱਝ ਲੋਕ ਇਨ੍ਹਾਂ ਨੂੰ ਅਲਟੂ ਜਿੰਦਰਾ ਪਛਾਣ ਦਿੰਦੇ ਹਨ। ਭੱਟਾਂ ਦਾ ਗੀਤ 'ਕਿਲ੍ਹਾ ਪਲਟੂ, ਅਲਟੂ ਨਾ ਪਲਟੂ', ਪਲਟੂ ਜਿੰਦਰਿਆਂ ਦੀ ਮਜ਼ਬੂਤੀ ਦਰਸਾਉਂਦਾ ਹੈ। ਚਿਤੌੜਗੜ੍ਹ ਅਤੇ ਉਦੈਪੁਰ ਦੇ ਸਿਟੀ ਪੈਲੇਸ ਵਿਚ ਅਲਟੂ ਯੁੱਗ (951-975 ਈ.) ਦੇ ਅਤੇ ਬਾਅਦ ਦੇ ਰਾਣੇ-ਮਹਾਰਾਣਿਆਂ ਦੇ ਜਿੰਦਰੇ ਸਾਂਭੇ ਗਏ ਹਨ। ਇਨ੍ਹਾਂ ਵਿਚੋਂ ਕਈ ਚਾਂਦੀ ਦੇ ਹਨ ਜੋ ਪੰਸੇਰੀ-ਪੰਸੇਰੀ ਵਜ਼ਨੀ ਹਨ। ਕਿਹਾ ਜਾਂਦਾ ਹੈ ਕਿ ਚਾਂਦੀ ਦੇ ਜਿੰਦਰੇ ਮਹਾਰਾਣਾ ਲਾਖਾ ਦੇ ਸਮੇਂ (1382-1414 ਈ.) ਦੀ ਮਗਰਾ ਦੀ ਖਾਣ ਤੋਂ ਪ੍ਰਾਪਤ ਚਾਂਦੀ ਤੋਂ ਬਣੇ ਹਨ। ਇਨ੍ਹਾਂ ਸਤਰਾਂ ਦੇ ਲੇਖਕ ਨੇ ਚਾਂਦੀ ਦੀ ਪਰਤ 'ਚ ਮੜ੍ਹੀਆਂ ਸੋਨੇ ਦੀਆਂ ਮੇਖਾਂ ਵਾਲਾ ਪੰਸੇਰੀ ਜਿੰਦਰਾ ਬਣਾਇਆ, ਜਿਸ ਨੂੰ 2016 ਨੂੰ ਕੁਰੂਕੁਸ਼ੇਤਰ 'ਚ ਗੀਤਾ ਉਤਸਵ ਮੌਕੇ ਵਿਖਾਇਆ ਗਿਆ ਸੀ। ਜਿੰਦਰੇ ਦੀ ਕੀਮਤ ਤਿੰਨ ਲੱਖ ਦਰਸਾਈ ਗਈ। ਘੱਟ ਤੋਂ ਘੱਟ ਚਾਰ ਖ਼ਰੀਦਦਾਰ ਕਲਾ ਤੇ ਰੀਝੇ। ਕਲਾ ਅਤੇ ਧਰੋਹਰ ਵਿਕਾਊ ਨਹੀਂ ਹੁੰਦੇ, ਸੋ ਖ਼ਰੀਦਦਾਰ ਖ਼ਾਲੀ ਹੱਥ ਮੁੜੇ।ਗ਼ੁਲਾਮੀ ਵੇਲੇ 'ਇਨਕਲਾਬ ਜ਼ਿੰਦਾਬਾਦ', 'ਰੰਗ ਦੇ ਬਸੰਤੀ ਚੋਲਾ', 'ਸਰਫ਼ਰੋਸ਼ੀ ਕੀ ਤਮੰਨਾ' ਦੇ ਪਰਵਾਨੇ, 'ਆਜ਼ਾਦੀ ਹਮਾਰਾ ਜਨਮ ਸਿੱਧ ਅਧਿਕਾਰ' ਅਤੇ 'ਤੁਮ ਮੁਝੇ ਖ਼ੂਨ ਦੋ ਮੈਂ ਤੁਮਹੇਂ ਆਜ਼ਾਦੀ ਦੂੰਗਾ' ਨਾਹਰਿਆਂ ਰਾਹੀਂ ਆਜ਼ਾਦੀ ਮੰਗਣ ਵਾਲਿਆਂ ਨੂੰ ਹਥਕੜੀ ਰੂਪੀ ਜਿੰਦਰੇ ਲਗਾ ਕੇ ਚੁੱਪ ਕਰਵਾਉਣ ਦੇ ਕਾਲੇ ਕਾਨੂੰਨ ਪਾਸ ਹੋਏ। ਪਰ ਮਰਜ਼ੀ ਦੇ ਮਾਲਕ ਮਰਜੀਵੜੇ, ਦੜ ਵੱਟਣ ਵਾਲੇ ਨਹੀਂ ਸਨ। ਹੈਰਾਨੀ ਹੈ ਕਿ ਆਜ਼ਾਦੀ ਦੇ ਸਮੇਂ 'ਚ ਵੀ ਰਾਸ਼ਟਰਵਾਦ ਦਾ ਦੈਂਤ ਕਲਮਾਂ ਨੂੰ ਜਿੰਦਰੇ ਜੜਨ ਦੀ ਬੇਹੁਦਾ ਸੋਚ ਪਾਲ ਬੈਠਾ ਹੈ। ਜਿੰਦਰਿਆਂ ਸਬੰਧੀ ਕਈ ਅਖਾਣ ਵੀ ਪ੍ਰਚਲਿਤ ਹੋਏ:-
'ਬਾਪੂ ਦੇ ਕੰਨ ਵਿਚ ਬੇਬੇ ਦਾਸਤਾਨ ਕਹਿ ਗਈ,
ਹੁਣ ਸਾਡੀ ਨਾ ਲੋੜ ਪੁੱਤਰਾਂ ਦੀ ਸ਼ਰਮ ਲਹਿ ਗਈ।'
ਬਾਪੂ ਬੇਬੇ ਦੇ ਹੀ ਬੂਹੇ ਭੰਨੇ, ਲੱਗੇ ਰੋਪੜੀ ਅਲੀਗੜ੍ਹੀ ਜਿੰਦਰੇ,
ਕਲਯੁਗ ਵਿਚ ਪੈਦਾ ਹੋਏ ਕੈਸੇ ਕੈਸੇ ਪੁੱਤਰ ਚੰਦਰੇ।
ਬਜ਼ੁਰਗਾਂ ਨੂੰ ਘਰਾਂ ਦੇ ਜਿੰਦਰੇ ਕਹਿ ਕੇ ਉਨ੍ਹਾਂ ਦਾ ਮਾਣ-ਤਾਣ ਵਡਿਆਇਆ ਜਾਣਾ, ਉਹ ਤਹਿਜ਼ੀਬ ਅੱਜ ਗੁਮ ਹੈ। ਬੀਤੇ ਯੁਗਾਂ 'ਚ ਧਾੜਵੀਆਂ ਦੀ ਆਮਦ ਕਾਰਨ ਜਿੰਦਰਿਆਂ ਦਾ ਸਹਾਰਾ ਲਿਆ ਗਿਆ। ਅੱਜ ਅਪਣੇ ਜਾਇਆਂ ਦੇ ਧੜਿਆਂ ਤੋਂ ਬਚਾਅ ਲਈ ਅਲਟੂ ਤੋਂ ਵੀ ਸੌ ਦਰਜੇ ਆਲ੍ਹਾ ਜਿੰਦਰੇ ਨਾਕਾਮਯਾਬ ਹਨ। ਜਿੰਦਰੇ ਜੋਰੀ ਚੀਖ਼ ਰਹੇ ਹਨ 'ਖ਼ਾਕੀ ਦੇ ਚਹੇਤੇ ਸ਼ਾਤਰ ਦਿਮਾਗ਼ ਸਾਹਮਣੇ ਸ਼ਰੀਫ਼ ਦੀ ਕੀ ਵੁੱਕਤ ਹੈ?