ਸਪੋਕਸਮੈਨ ਦਾ ਮਿੱਤਰ, ਮੱਦਾਹ, ਹਮਦਰਦ ਤੇ ਸੱਚਾ ਸਾਥੀ ਖ਼ੁਸ਼ਵੰਤ ਸਿੰਘ!

By : GAGANDEEP

Published : Dec 1, 2022, 8:10 am IST
Updated : Dec 1, 2022, 10:52 am IST
SHARE ARTICLE
photo
photo

ਔਖੇ ਵੇਲੇ ਜਿਨ੍ਹਾਂ ਹਸਤੀਆਂ ਨੇ ਸਾਡਾ ਹੌਸਲਾ ਬਣਾਈ ਰਖਿਆ

 

ਇਸ ਹਫ਼ਤੇ ਦੀ ਨਿਜੀ ਡਾਇਰੀ ਲਿਖਣ ਲਈ ਕਾਗ਼ਜ਼ ਪੈੱਨ ਚੁੱਕੇ ਹੀ ਸਨ ਕਿ ਖ਼ਬਰ ਆ ਗਈ ਕਿ ਸਿੱਖਾਂ ਦੇ ਹੁਣ ਤਕ ਦੇ, ਦੁਨੀਆਂ ਭਰ ਵਿਚ, ਸੱਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਲੇਖਕ ਤੇ ਪੱਤਰਕਾਰ, ਖ਼ੁਸ਼ਵੰਤ ਸਿੰਘ ਨੇ ਸਵਾਸ ਤਿਆਗ ਦਿਤੇ ਹਨ। ਖ਼ੁਸ਼ਵੰਤ ਸਿੰਘ ਨੂੰ ‘ਦੇਸੀ’ ਨਜ਼ਰ ਨਾਲ ਵੇਖਿਆਂ, ਉਹ ਹੋਰ ਤਰ੍ਹਾਂ ਨਜ਼ਰ ਆਉਂਦਾ ਹੈ ਪਰ ਅੰਤਰ-ਰਾਸ਼ਟਰੀ ਨਜ਼ਰ ਨਾਲ ਵੇਖੀਏ ਤਾਂ ਉਹ ਰੱਬ ਦਾ ਇਕ ਅਜਿਹਾ ਆਜ਼ਾਦ ਬੰਦਾ ਲਗਦਾ ਹੈ ਜੋ ਅਪਣੇ ਅੰਦਰ ਦੀ ਗੱਲ, ਪੂਰੀ ਆਜ਼ਾਦੀ ਨਾਲ ਤੇ ਖੁਲ੍ਹ ਕੇ ਕਹਿ ਸਕਣ ਵਾਲਾ ਪਹਿਲਾ ਸਿੱਖ ਲੇਖਕ ਸੀ ਤੇ ਉਸ ਦੀ ਇਸ ਬੇਬਾਕੀ ਨੂੰ ਅੰਤਰ-ਰਾਸ਼ਟਰੀ ਭਾਈਚਾਰੇ ਨੇ ਵੀ ਤਾੜੀਆਂ ਮਾਰ ਕੇ ਸਲਾਹਿਆ। ਮੈਂ ਬੜੇ ਸਿੱਖ ਵਿਦਵਾਨਾਂ ਨੂੰ ਮਿਲਿਆ ਹਾਂ ਜੋ ਲਿਖਦੇ ਕੁੱਝ ਹੋਰ ਹਨ ਤੇ ਮੰਨਦੇ ਕੁੱਝ ਹੋਰ। ਜੇ ਉਨ੍ਹਾਂ ਨੂੰ ਪੁਛਦਾ ਹਾਂ ਕਿ ਸੱਚ ਲਿਖਦੇ ਕਿਉਂ ਨਹੀਂ ਤਾਂ ਭਾਈ ਕਾਨ੍ਹ ਸਿੰਘ ਨਾਭਾ ਦੀ ਤਰ੍ਹਾਂ ਹੀ ਕਹਿ ਦੇਂਦੇ ਹਨ ਕਿ ਉਹ ਬੁਰਛਿਆਂ ਤੋਂ ਡਰਦੇ, ਸੱਚ ਲਿਖ ਨਹੀਂ ਸਕਦੇ। ਖ਼ੁਸ਼ਵੰਤ ਸਿੰਘ ਇਕੱਲਾ ਸਿੱਖ ਮੈਂ ਵੇਖਿਆ ਹੈ ਜੋ ਬਿਨਾਂ ਡਰੇ, ਅੰਦਰ ਦਾ ਸੱਚ, ਝੂਠ ਦੀ ਪਾਣ ਚੜ੍ਹਾਏ ਬਗ਼ੈਰ, ਬੋਲ ਵੀ ਸਕਦਾ ਸੀ ਤੇ ਲਿਖ ਵੀ ਸਕਦਾ ਸੀ।

ਜਵਾਨ ਉਮਰੇ ਜਦ ਉਸ ਨੇ 1947 ਦੀ ਦੇਸ਼-ਵੰਡ ਨੂੰ ਬਿਆਨ ਕਰਦੀ ਪੁਸਤਕ ‘ਟਰੇਨ ਟੂ ਪਾਕਿਸਤਾਨ’ ਲਿਖੀ ਤਾਂ ਇਸ ਵਿਚ ਹਰ ਗੱਲ ਉਸ ਬੇਬਾਕੀ ਨਾਲ ਲਿਖੀ ਜੋ ਉਸ ਸਮੇਂ ‘ਬੇਸ਼ਰਮੀ’ ਅਤੇ ‘ਨਾਮਾਕੂਲੀਅਤ’ ਸਮਝੀ ਜਾਂਦੀ ਸੀ। ਖ਼ੁਸ਼ਵੰਤ ਸਿੰਘ ਨੂੰ ਨੰਗੇ ਤੋਂ ਨੰਗਾ ਸੱਚ ਬਿਆਨ ਕਰਨ ਲਗਿਆਂ ਸ਼ਰਮ ਮਹਿਸੂਸ ਨਹੀਂ ਸੀ ਹੁੰਦੀ -- ਨੰਗੇ ਝੂਠ ਨੂੰ ਵੇਖ ਕੇ ਜ਼ਰੂਰ ਹੁੰਦੀ ਸੀ।  ਨੌਜੁਆਨ ਖ਼ੁਸ਼ਵੰਤ ਨੇ, ‘ਟਰੇਨ ਟੂ ਪਾਕਿਸਤਾਨ’ ਦੀ ਪਹਿਲੀ ਕਾਪੀ ਝਕਦੇ ਝਕਦੇ ਅਪਣੀ ਮਾਂ ਨੂੰ ਪੇਸ਼ ਕੀਤੀ ਤੇ ਅਪਣੀ ਰਾਏ ਦੇਣ ਲਈ ਕਿਹਾ। ਮਾਂ ਨੇ ਕਿਤਾਬ ਪੜ੍ਹੀ ਜਿਸ ਵਿਚ ਸਾਰਾ ਸੱਚ ‘ਨੰਗੇ’ ਰੂਪ ਵਿਚ ਬਿਆਨ ਕੀਤਾ ਗਿਆ ਸੀ ਤੇ ਉਹ ਹੱਸ ਕੇ, ਹਲਕੀ ਥਪਕੀ ਮਾਰਦੀ ਹੋਈ ਬੋਲੀ, ‘‘ਬਦਮਾਸ਼ ਹੋ ਗਿਐ ਮੇਰਾ ਪੁੱਤਰ!’’ ਮਾਂ ਨੂੰ ਪੁਸਤਕ ਤਾਂ ਚੰਗੀ ਲੱਗੀ ਸੀ ਪਰ ਉਨ੍ਹਾਂ ਦੇ ਪ੍ਰਵਾਰ ਵਿਚ ਔਰਤ-ਮਰਦ ਦੇ ਸਬੰਧਾਂ ਬਾਰੇ ਇਸ ਤਰ੍ਹਾਂ ਖੁਲ੍ਹ ਕੇ ਨਾ ਕਦੇ ਕਿਸੇ ਨੇ ਗੱਲ ਕੀਤੀ ਸੀ, ਨਾ ਲਿਖਿਆ ਹੀ ਸੀ। ਮਾਂ ਦੇ ਮੂੰਹ ’ਚੋਂ ਨਿਕਲੇ ਸ਼ਬਦ ‘ਬਦਮਾਸ਼ ਹੋ ਗਿਐ ਮੇਰਾ ਪੁੱਤਰ’ ਸੁਣ ਕੇ, ਖ਼ੁਸ਼ਵੰਤ ਦਾ ਹੌਸਲਾ ਵੱਧ ਗਿਆ ਕਿਉਂਕਿ ਉਹ ਆਸ ਕਰ ਰਿਹਾ ਸੀ ਕਿ ਮਾਂ ਉਸ ਨੂੰ ਖ਼ੂਬ ਡਾਂਟੇਗੀ। ਉਸ ਮਗਰੋਂ ਖ਼ੁਸ਼ਵੰਤ ਨੇ ਸਾਰੀ ਉਮਰ, ਜੋ ਵੇਖਿਆ ਤੇ ਮਹਿਸੂਸ ਕੀਤਾ, ਉਸ ਸੱਭ ਨੂੰ ਨੰਗੇ ਚਿੱਟੇ ਰੂਪ ਵਿਚ ਹੀ ਬਿਆਨ ਕੀਤਾ ਤੇ ਕੋਈ ਪ੍ਰਵਾਹ ਨਾ ਕੀਤੀ ਕਿ ਕੋਈ ਕੀ ਆਖੇਗਾ।

ਖ਼ੁਸ਼ਵੰਤ ਸਿੰਘ ਨੇ ਹਰ ਤਰ੍ਹਾਂ ਦੇ ਸੱਚ ਨੂੰ ਪੇਸ਼ ਕਰਨ ਸਮੇਂ, ਪਰਦੇ ਬਿਲਕੁਲ ਨਾ ਪਾਏ ਪਰ ਚਰਚਾ, ਔਰਤ-ਮਰਦ ਸਬੰਧਾਂ ਵਾਲੇ ਸੱਚ ਬਾਰੇ ਹੀ ਹੋਈ ਤੇ ਹੋਈ ਵੀ ਬਹੁਤ ਜ਼ਿਆਦਾ। ਉਂਜ ਉਸ ਨੇ ਗੁਰਬਾਣੀ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ ਤੇ ਸਿੱਖ ਇਤਿਹਾਸ ਬਾਰੇ ਵੀ ਕਈ ਨਾਯਾਬ ਕਿਤਾਬਾਂ ਲਿਖੀਆਂ ਤੇ ਇਹ ਵੀ ਵਾਰ ਵਾਰ ਲਿਖਿਆ ਕਿ ਉਹ ਅਪਣੇ ਸਿੱਖ ਹੋਣ ਨੂੰ ਵੱਡੇ ਫ਼ਖ਼ਰ ਵਾਲੀ ਗੱਲ ਸਮਝਦਾ ਹੈ। ਜਦ ਉਸ ਦੇ ਨੌਜੁਆਨ ਬੇਟੇ ਨੇ ਕੇਸ ਕਟਵਾ ਲਏ ਤਾਂ ਖ਼ੁਸ਼ਵੰਤ ਨੇ ਲਿਖਿਆ ਕਿ ਉਹ ਕਈ ਦਿਨ ਤਕ ਸੌਂ ਨਹੀਂ ਸੀ ਸਕਿਆ ਤੇ ਚੱਜ ਨਾਲ ਰੋਟੀ ਨਹੀਂ ਸੀ ਖਾ ਸਕਿਆ। ਪਰ ਇਸ ਸੱਭ ਦੇ ਬਾਵਜੂਦ, ਉਸ ਨੇ ਇਹ ਕਹਿਣੋਂ ਕਦੇ ਝਿਜਕ ਮਹਿਸੂਸ ਨਾ ਕੀਤੀ ਕਿ ਉਸ ਨੂੰ ਰੱਬ ਦੀ ਹੋਂਦ ਬਾਰੇ ਪੱਕਾ ਕੁੱਝ ਨਹੀਂ ਪਤਾ। ਉਹ ਅਕਸਰ ਉਨ੍ਹਾਂ ਲੋਕਾਂ ਨੂੰ ਬੁਲਾਉਂਦਾ ਰਹਿੰਦਾ ਜੋ ਉਸ ਨੂੰ ਯਕੀਨ ਦਿਵਾ ਸਕਣ ਕਿ ਰੱਬ ਦੀ ਹੋਂਦ ਇਕ ਸਚਮੁਚ ਦਾ ਸੱਚ ਹੈ ਤੇ ਨਿਰੀ ਕਲਪਨਾ ਨਹੀਂ। ਵੱਖ ਵੱਖ ਧਰਮਾਂ ਦੇ ਵੱਡੇ ਵੱਡੇ ਵਿਦਵਾਨ ਆ ਕੇ ਉਸ ਅੱਗੇ ਦਲੀਲਾਂ ਦੇ ਢੇਰ ਲਾ ਦੇਂਦੇ ਰਹੇ। ਉਹ ਬਹਿਸ ਨਹੀਂ ਸੀ ਕਰਦਾ ਸਗੋਂ ਚੁਪਚਾਪ ਸੁਣ ਲੈਂਦਾ ਸੀ ਤੇ ਅਖ਼ੀਰ ਤੇ ਹੌਲੀ ਜਹੀ ਕਹਿ ਦੇਂਦਾ ਸੀ, ‘‘ਤੁਹਾਡੀਆਂ ਗੱਲਾਂ ਸੁਣਨ ਮਗਰੋਂ ਵੀ ਮੇਰਾ ਰੱਬ ਬਾਰੇ ਵਿਸ਼ਵਾਸ ਉਥੇ ਦਾ ਉਥੇ ਹੀ ਹੈ ਜਿਥੇ ਇਹ ਪਹਿਲਾਂ ਸੀ।’’  ਤਾਂ ਕੀ ਖ਼ੁਸ਼ਵੰਤ ਸਿੰਘ ਨਾਸਤਕ ਸੀ? ਨਹੀਂ, ਇਹ ਵੀ ਠੀਕ ਨਹੀਂ। ਪੂਰਨ ਸੱਚ ਦੇ ਕਈ ਪੱਖ ਹੁੰਦੇ ਹਨ। ਅਸੀ ਇਕੋ ਪੱਖ ਵੇਖ ਕੇ ਫ਼ੈਸਲਾ ਦੇ ਦੇਣ ਦੇ ਆਦੀ ਬਣੇ ਹੋਏ ਹਾਂ। ਪਿਛਲੇ ਮਹੀਨੇ ਹੀ ਅਰਥਾਤ ਮੌਤ ਤੋਂ ਕੁੱਝ ਦਿਨ ਪਹਿਲਾਂ, ਉਸ ਦਾ ਜਨਮ ਦਿਨ, ਉਸ ਦੇ ਪ੍ਰੇਮੀਆਂ ਵਲੋਂ, ਹਰ ਵਾਰ ਵਾਂਗ, ਕਸੌਲੀ ਵਿਚ ਮਨਾਇਆ ਗਿਆ। ਕਸੌਲੀ, ਖ਼ੁਸ਼ਵੰਤ ਸਿੰਘ ਦਾ ਸੱਭ ਤੋਂ ਚਹੇਤਾ ਪਹਾੜੀ ਅਸਥਾਨ ਸੀ ਤੇ ਉਹ ਹਰ ਸਾਲ ਇਥੇ ਆ ਕੇ ਕੁੱਝ ਹਫ਼ਤੇ ਜ਼ਰੂਰ ਠਹਿਰਦਾ ਸੀ। ਕਸੌਲੀ ਵਿਖੇ ਉਸ ਦੇ ਜਨਮ ਦਿਨ ਦੇ ਇਸ ਸਮਾਗਮ ਵਿਚ ਕੁੱਝ ਦਿਨ ਪਹਿਲਾਂ ਉਸ ਦਾ ਜੋ ਅੰਤਮ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ, ਉਸ ਵਿਚ ਹੋਰ ਗੱਲਾਂ ਦੇ ਨਾਲ ਨਾਲ, ਇਹ ਵੀ ਕਿਹਾ ਗਿਆ ਸੀ: 

‘‘ਮੈਨੂੰ ਇਹ ਵੇਖ ਕੇ ਬੜਾ ਦੁਖ ਹੁੰਦਾ ਹੈ ਕਿ ਸਿੱਖ ਨੌਜੁਆਨ ਕੇਸਾਂ ਨੂੰ ਤਿਲਾਂਜਲੀ ਦੇ ਰਹੇ ਹਨ। ਕੇਸਾਂ ਤੋਂ ਬਿਨਾਂ, ਸਿੱਖੀ ਦੀ ਪਹਿਚਾਣ ਖ਼ਤਮ ਹੋ ਜਾਏਗੀ। ਕੇਸਾਂ ਨੂੰ ਬਚਾਉਣ ਲਈ ਸਿੱਖਾਂ ਨੂੰ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ।’’ 
ਪੂਰਾ ਸੱਚ ਬੋਲਣ ਵਾਲਿਆਂ ਨੂੰ ਸਮਝਣਾ ਬੜਾ ਔਖਾ ਹੁੰਦਾ ਹੈ। ਉਹ ਇਕ ਸੱਚ ਬੋਲ ਰਹੇ ਹੁੰਦੇ ਹਨ ਤਾਂ ਲਗਦਾ ਹੈ, ਉਹ ਬੜੇ ਚੰਗੇ ਤੇ ਸੁਲਝੇ ਹੋਏ ਵਿਦਵਾਨ ਹਨ ਪਰ ਜਿਉਂ ਹੀ ਦੂਜਾ ਸੱਚ ਬੋਲਦੇ ਹਨ ਤਾਂ ਪਹਿਲਾਂ ਤਾਰੀਫ਼ ਕਰ ਰਹੇ ਲੋਕਾਂ ਨੂੰ ਹੀ ਲੱਗਣ ਲਗਦਾ ਹੈ ਕਿ ਇਹ ਤਾਂ ਬਹੁਤ ਬੁਰਾ ਆਦਮੀ ਹੈ ਤੇ ਗ਼ਲਤ ਗੱਲਾਂ ਕਰ ਕੇ ਮਨੁੱਖਤਾ ਨੂੰ ਕੁਰਾਹੇ ਪਾਉਣ ਵਾਲਾ ਬੰਦਾ ਹੈ। ਦੁਨੀਆਂ ਦੇ ਸਾਰੇ ਉਹ ਮਨੁੱਖ ਜੋ ਸੱਚ ਨੂੰ ‘ਕਪੜਿਆਂ’ ਵਿਚ ਢੱਕ ਕੇ ਗੱਲ ਕਰਨ ਦੀ ਅਹਿਤਿਆਤ ਨਹੀਂ ਵਰਤਦੇ, ਉਨ੍ਹਾਂ ਪ੍ਰਤੀ, ਦੁਨੀਆਂ ਦੇ ਲੋਕਾਂ ਦੀ ਰਾਏ ਵੀ ਡਗਮਗਾਂਦੀ ਰਹਿੰਦੀ ਹੈ ਤੇ ਇਕ ਥਾਂ ਟਿਕ ਨਹੀਂ ਸਕਦੀ। ਹਰ ਸੱਚ ਨੂੰ ਨੰਗੇ ਚਿੱਟੇ ਰੂਪ ਵਿਚ ਬਿਆਨ ਕਰਨ ਵਾਲਿਆਂ ਨੂੰ ਇਨ੍ਹਾਂ ਗਰਮ ਸਰਦ ਹਵਾਵਾਂ ਦੇ ਥਪੇੜੇ ਖਾਣੇ ਹੀ ਪੈਂਦੇ ਹਨ।
ਆਪ੍ਰੇਸ਼ਨ ਬਲੂ-ਸਟਾਰ ਤੇ ਖ਼ੁਸ਼ਵੰਤ ਸਿੰਘ
ਬੇਸ਼ੱਕ ਕੱਟੜਪੰਥੀਏ, ਖ਼ੁਸ਼ਵੰਤ ਸਿੰਘ ਵਿਚ, ਬੜੇ ਸਾਰੇ ਐਬ ਲੱਭ ਲੈਂਦੇ ਹਨ ਜੋ ਉਨ੍ਹਾਂ ਨੂੰ ਇਕ ਸੰਸਾਰ-ਪ੍ਰਸਿੱਧ ਸਿੱਖ ਵਿਦਵਾਨ ਵਿਰੁਧ ਬੋਲਣ ਤੇ ਕੁੱਝ ਕਹਿਣ ਜੋਗਾ ਮਸਾਲਾ ਤਾਂ ਦੇ ਦੇਂਦੇ ਹਨ ਪਰ ਉਹ ਕਦੇ ਨਹੀਂ ਦਸਦੇ ਕਿ ਖ਼ੁਸ਼ਵੰਤ 
ਸਿੰਘ ਪਹਿਲਾ ਸਿੱਖ ਵਿਦਵਾਨ ਸੀ ਜਿਸ ਨੇ 1984 ਵਿਚ, ਅਪਣੀ ਮਰਜ਼ੀ 
ਨਾਲ ਤੇ ਬਗ਼ੈਰ ਕਿਸੇ ਦੇ ਆਖੇ, ਬਲੂ-ਸਟਾਰ ਆਪ੍ਰੇਸ਼ਨ ਦੇ ਰੋਸ ਵਜੋਂ ਅਪਣਾ ਪਦਮ ਸ਼੍ਰੀ ਵਾਪਸ ਕੀਤਾ ਸੀ ਹਾਲਾਂਕਿ ਮੈਨੂੰ ਨਿਜੀ ਤੌਰ ’ਤੇ ਪਤਾ ਹੈ, ਇਕ ਹੋਰ ਸੱਜਣ ਜਿਸ ਨੇ ਵੀ ਅਪਣਾ ਸਨਮਾਨ ਵਾਪਸ ਕੀਤਾ ਸੀ, ਉਸ ਨੇ ਬਹੁਤ ਸਾਰੀਆਂ ਗੰਦੀਆਂ ਗਾਲਾਂ ਸੁਣਨ ਮਗਰੋਂ ਤੇ ਸਿੱਖਾਂ ਦੇ ਭਾਰੀ ਦਬਾਅ ਹੇਠ ਆ ਕੇ, ਵਾਪਸ ਕੀਤਾ ਸੀ।
ਅਕਾਲੀ ਤੇ ਖ਼ੁਸ਼ਵੰਤ ਸਿੰਘ

ਮਾ. ਤਾਰਾ ਸਿੰਘ - ਸੰਤ ਫ਼ਤਿਹ ਸਿੰਘ ਲੜਾਈ ਵਿਚ ਜਦ ਮਾਸਟਰ ਜੀ ਹਾਰ ਕੇ ਗੁਪਤਵਾਸ ਵਿਚ ਚਲੇ ਗਏ ਤਾਂ ਕੇਂਦਰ ਨੇ ਸੰਤ ਫ਼ਤਿਹ ਸਿੰਘ ਨੂੰ ਮੁਲਾਕਾਤ ਦਾ ਸਮਾਂ ਦੇਣ ਤੋਂ ਹੀ ਇਨਕਾਰ ਕਰ ਦਿਤਾ। ਉਸ ਸਮੇਂ ਕੁੱਝ ਸਿੱਖਾਂ ਨੇ ਮਾ. ਤਾਰਾ ਸਿੰਘ ਦੇ ਗੁਪਤਵਾਸ ਵਿਚ ਜਾ ਕੇ, ਉਨ੍ਹਾਂ ਨੂੰ ਬੜਾ ਅਬਾ ਤਬਾ ਬੋਲਿਆ ਤੇ ਕਿਹਾ ਕਿ ਉਹ ਕੌਮ ਨੂੰ ਫ਼ਤਿਹ ਸਿੰਘ ਵਰਗੇ ਅਨਾੜੀ ਦੇ ਹਵਾਲੇ ਕਰ ਕੇ, ਅਪਣੀਆਂ ਜ਼ੁੰਮੇਵਾਰੀਆਂ ਤੋਂ ਨਾ ਭੱਜਣ। ਮਾਸਟਰ ਜੀ ਅਖ਼ੀਰ ਮੰਨ ਤਾਂ ਗਏ ਪਰ ਸ਼ਰਤ ਰੱਖੀ ਕਿ ਖ਼ੁਸ਼ਵੰਤ ਸਿੰਘ ਨਾਲ ਸਲਾਹ ਕੀਤੀ ਜਾਏ। ਅਖ਼ੀਰ ਫ਼ੈਸਲਾ ਹੋਇਆ ਕਿ ਮਾਸਟਰ ਜੀ ਦਿੱਲੀ ਵਿਚ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਕੇਂਦਰ ਨੂੰ ਧਮਕੀ ਦੇਣਗੇ ਤੇ ਖ਼ੁਸ਼ਵੰਤ ਸਿੰਘ ਇਸ ਪ੍ਰੈੱਸ ਕਾਨਫ਼ਰੰਸ ਦੀ ਆਪ ਅਗਵਾਈ ਕਰਨਗੇ। ਗੁਰਦਵਾਰਾ ਰਕਾਬ ਗੰਜ ਵਿਖੇ ਪ੍ਰੈੱਸ ਕਾਨਫ਼ਰੰਸ ਦੀ ਸਾਰੀ ਕਾਰਵਾਈ ਖ਼ੁਸ਼ਵੰਤ ਸਿੰਘ ਨੇ ਆਪ ਚਲਾਈ। ਮਾਸਟਰ ਜੀ ਨੇ ਐਲਾਨ ਕੀਤਾ ਕਿ ਪੰਜਾਬੀ ਸੂਬਾ ਸਾਡੀ ਆਖ਼ਰੀ ਮੰਜ਼ਲ ਕਦੇ ਵੀ ਨਹੀਂ ਸੀ ਤੇ ਅਸੀ ਅਗਲੇ ਟੀਚੇ ਦਾ ਐਲਾਨ ਛੇਤੀ ਹੀ ਕਰਾਂਗੇ ਜਿਸ ਨਾਲ ਸਿੱਖ ਬਰਾਬਰ ਦੇ ਸ਼ਹਿਰੀ ਬਣ ਕੇ ਰਹਿ ਸਕਣਗੇ। ਸਰਕਾਰ ਹਿਲ ਗਈ ਤੇ ਉਸੇ ਦਿਨ ਸੰਤ ਫ਼ਤਿਹ ਸਿੰਘ ਨੂੰ ਗੱਲਬਾਤ ਲਈ ਸੱਦਾ ਭੇਜ ਦਿਤਾ। ਖ਼ੁਸ਼ਵੰਤ ਸਿੰਘ, ਸਿੱਖਾਂ ਦੀ ਬਿਹਤਰੀ ਲਈ ਸਦਾ ਫ਼ਿਕਰਮੰਦ ਰਹਿੰਦਾ ਸੀ ਪਰ ਬੀਤੇ ਯੁਗ ਦੇ ‘ਜਥੇਦਾਰਾਂ’ ਨੂੰ ਉਹ ਕੁੱਝ ਨਹੀਂ ਸੀ ਸਮਝਦਾ ਤੇ ਚਾਹੁੰਦਾ ਸੀ ਕਿ ਪੜ੍ਹੇ ਲਿਖੇ ਤੇ ਦੂਰ-ਅੰਦੇਸ਼ ਸਿੱਖ, ਰਾਜਨੀਤੀ ਵਿਚ ਅੱਗੇ ਆਉਣ।

ਸ਼ੇਰ ਸਿੰਘ ਸ਼ੇਰ ਨੂੰ ਪਦਮ ਸ਼੍ਰੀ
ਸ਼ੇਰ ਸਿੰਘ ਸ਼ੇਰ ਆਲ ਇੰਡੀਆ ਰੇਡੀਉ ਦਾ ਅਸਿਸਟੈਂਟ ਡਾਇਰੈਕਟਰ ਰਹਿ ਚੁੱਕਾ ਸੀ, ਕਈ ਕਿਤਾਬਾਂ ਲਿਖ ਚੁੱਕਾ ਸੀ ਤੇ ਕੱਟੜ ਸਿੱਖ ਹੁੰਦਾ ਹੋਇਆ ਵੀ ਚਾਹੁੰਦਾ ਸੀ ਕਿ ਭਾਰਤ ਸਰਕਾਰ ਉਸ ਨੂੰ ਪਦਮ ਸ਼੍ਰੀ ਦਾ ਖ਼ਿਤਾਬ ਦੇਵੇ। ਭਾਰਤ ਸਰਕਾਰ ਨੇ ਉਸ ਦੀ ਹਰ ਬੇਨਤੀ ਠੁਕਰਾ ਦਿਤੀ। ਇਕ ਦਿਨ ਉਹ ਖ਼ੁਸ਼ਵੰਤ ਸਿੰਘ ਦੇ ਘਰ ਜਾ ਬੈਠਾ ਤੇ ਬੋਲਿਆ, ‘‘ਤੇਰਾ ਦਾਦਾ ਤੇ ਮੇਰਾ ਦਾਦਾ ਇਕੱਠੇ ਖੇਡਦੇ ਰਹੇ ਸਨ। ਅਸੀ ਇਕੋ ਇਲਾਕੇ ਦੇ ਜੰਮਪਲ ਹਾਂ। ਤੈਨੂੰ ਪਦਮਸ਼੍ਰੀ ਮਿਲ ਗਿਆ ਹੈ, ਮੈਨੂੰ ਨਾਂਹ ਕਰ ਦਿਤੀ ਗਈ ਹੈ। ਮੈਨੂੰ ਅਫ਼ਸਰਾਂ ਨੇ ਦਸਿਆ ਹੈ, ਤੂੰ ਕਹੇਂ ਤਾਂ ਇੰਦਰਾ ਗਾਂਧੀ ਨਾਂਹ ਨਹੀਂ ਕਰ ਸਕਦੀ। ਹੁਣ ਮੈਂ ਧਰਨਾ ਮਾਰ ਕੇ ਤੇਰੇ ਘਰ ਬੈਠਣ ਆਇਆ ਹਾਂ। ਮੈਨੂੰ ਪਦਮ ਸ਼੍ਰੀ ਦਿਵਾ ਨਹੀਂ ਤਾਂ ਮੈਂ ਇਥੋਂ ਨਹੀਂ ਜਾਵਾਂਗਾ।’’

ਖ਼ੁਸ਼ਵੰਤ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਤੇ ਸ਼ੇਰ ਸਿੰਘ ਸ਼ੇਰ ਨੂੰ ਪਦਮ ਸ਼੍ਰੀ ਦਿਵਾ ਕੇ ਉਥੋਂ ਭੇਜਿਆ। ਪਦਮ ਸ਼੍ਰੀ ਮਿਲਣ ਤਕ ਸ਼ੇਰ ਸਿੰਘ, ਅਪਣੀਆਂ ਕੁੰਡੀਆਂ ਮੁੱਛਾਂ ਨੂੰ ਤਾਅ ਦਈ, ਸੁਜਾਨ ਸਿੰਘ ਪਾਰਕ ਵਿਚਲੇ ਖ਼ੁਸ਼ਵੰਤ ਸਿੰਘ ਦੇ ਘਰ ਹੀ ਟਿਕਿਆ ਰਿਹਾ। ਇਹ ਗੱਲ ਮੈਨੂੰ ਸ਼ੇਰ ਸਿੰਘ ਸ਼ੇਰ ਨੇ ਆਪ ਸੁਣਾਈ।
ਸਪੋਕਸਮੈਨ ਤੇ ਖ਼ੁਸ਼ਵੰਤ ਸਿੰਘ
ਖ਼ੁਸ਼ਵੰਤ ਸਿੰਘ ਮੈਨੂੰ ਜਾਂ ਮੇਰੇ ਪਰਚੇ ਨੂੰ ਪੜ੍ਹਦਾ ਹੈ ਤੇ ਇਸ ਨੂੰ ਗੰਭੀਰਤਾ ਨਾਲ ਲੈਂਦਾ ਹੈ, ਇਸ ਦਾ ਪਤਾ ਪਹਿਲੀ ਵਾਰ ਮੈਨੂੰ 1972 ਵਿਚ ਲੱਗਾ ਜਦ ਮੈਨੂੰ ‘ਯੰਗ ਸਿੱਖ’ ਪਰਚਾ ਸ਼ੁਰੂ ਕੀਤਿਆਂ, ਅਜੇ ਦੋ ਸਾਲ ਹੀ ਹੋਏ ਸਨ। ਖ਼ੁਸ਼ਵੰਤ ਸਿਘ ਨੇ ਆਪ ਮੈਨੂੰ ਚਿੱਠੀ ਲਿਖੀ, ਪਰਚੇ ਦੀ ਤਾਰੀਫ਼ ਕੀਤੀ ਤੇ ਕੁੱਝ ਸੁਝਾਅ ਵੀ ਦਿਤੇ। ਮੈਂ ਉਸ ਵੇਲੇ 30 ਕੁ ਸਾਲ ਦਾ ਹੀ ਸੀ। ਏਨੇ ਵੱਡੇ ਬੰਦੇ ਦੀ ਚਿੱਠੀ ਦਾ ਜਵਾਬ ਕਿਹੜੇ ਲਫ਼ਜ਼ਾਂ ਵਿਚ ਦੇਵਾਂ, ਇਸ ਅਸਮੰਜਸ ’ਚੋਂ ਹੀ ਮੈਂ ਬਾਹਰ ਨਾ ਨਿਕਲ ਸਕਿਆ ਤੇ ਸਮਾਂ ਬੀਤ ਗਿਆ। ਖ਼ੁਸ਼ਵੰਤ ਸਿੰਘ ‘ਇਲਸਟਰੇਟਿਡ ਵੀਕਲੀ ਆਫ਼ ਇੰਡੀਆ’ ਦਾ ਐਡੀਟਰ ਬਣ ਕੇ ਬੰਬਈ ਚਲਾ ਗਿਆ। ਇਕ ਦਿਨ ‘ਇਲਸਟਰੇਟਿਡ ਵੀਕਲੀ ਆਫ਼ ਇੰਡੀਆ’ ਵਿਚ ਪੰਜਾਬੀ ਅਖ਼ਬਾਰਾਂ ਤੇ ਪਰਚਿਆਂ ਬਾਰੇ ਇਕ ਲੇਖ ਛਪਿਆ। ਪਰਚਿਆਂ ਵਿਚੋਂ ਪ੍ਰੀਤਲੜੀ ਤੋਂ ਲੈ ਕੇ ਨਾਗਮਣੀ ਤਕ ਹਰ ਮਹੱਤਵਪੂਰਨ ਪਰਚੇ ਬਾਰੇ ਦੋ ਦੋ ਚਾਰ ਚਾਰ ਸਤਰਾਂ ਵਿਚ ਜ਼ਿਕਰ ਸੀ। ਮੈਂ ਸੋਚਿਆ ਵੀ ਨਹੀਂ ਸੀ ਕਿ ਸਾਡੇ ਦੋ ਢਾਈ ਸਾਲ ਪੁਰਾਣੇ ਪਰਚੇ ‘ਯੰਗ ਸਿੱਖ’ ਦਾ ਜ਼ਿਕਰ ਵੀ ਇਸ ਵਿਚ ਹੋਵੇਗਾ। ਪਰ ਉਸ ਲੇਖ ਵਿਚ ਸੱਭ ਤੋਂ ਚੰਗਾ ਪਰਚਾ ਸਾਡੇ ਪਰਚੇ ਨੂੰ ਹੀ ਦਸਿਆ ਗਿਆ ਸੀ: 
‘‘ਚੰਡੀਗੜ੍ਹ ਤੋਂ ਇਕ ਨੌਜੁਆਨ ਜੋੜੀ ਵਲੋਂ ਕਢਿਆ ਜਾ ਰਿਹਾ ‘ਯੰਗ ਸਿੱਖ’, ਹੁਣ ਤਕ ਦਾ ਸੱਭ ਤੋਂ ਵਧੀਆ ਪੰਜਾਬੀ ਪਰਚਾ ਆਖਿਆ ਜਾ ਸਕਦਾ ਹੈ।’’ (2ut Young Sikh, a Punjabi montly, is by far, the best Punjabi publication, being brought out by a young couple from 3handigarh.)
ਲੇਖ, ‘ਈਕੋਨਾਮਿਕ ਟਾਈਮਜ਼’ ਦੇ ਸਤਿੰਦਰ ਸਿੰਘ ਨੇ ਲਿਖਿਆ ਸੀ। ਸਤਿੰਦਰ ਸਿੰਘ ਨਾਲ ਦਿੱਲੀ ਕਨਾਟ ਪਲੇਸ ਦੇ ‘ਕਾਫ਼ੀ ਹਾਊਸ’ ਵਿਚ ਕਈ ਵਾਰ ਮੁਲਾਕਾਤ ਹੋ ਜਾਂਦੀ ਸੀ। ਉਸ ਨੇ ਦਸਿਆ ਕਿ ਖ਼ੁਸ਼ਵੰਤ ਸਿੰਘ, ਮੇਰੀ ਤੇ ਮੇਰੇ ਪਰਚੇ ਦੀ ਬਹੁਤ ਤਾਰੀਫ਼ ਕਰਦਾ ਹੈ। ਮੈਂ ਕਈ ਵਾਰ ਖ਼ੁਸ਼ਵੰਤ ਸਿੰਘ ਨੂੰ ਮਿਲ ਕੇ ਉਸ ਦਾ ਧਨਵਾਦ ਕਰਨ ਬਾਰੇ ਮਨ ਬਣਾਇਆ ਪਰ ਜਦੋਂ ਵੀ ਜਾਣ ਲਈ ਤਿਆਰ ਹੁੰਦਾ, ਕੋਈ ਨਾ ਕੋਈ ਕਾਰਨ ਬਣ ਜਾਂਦਾ ਤੇ ਮੈਂ ਕਦੇ ਵੀ ਖ਼ੁਸ਼ਵੰਤ ਸਿੰਘ ਨੂੰ ਮਿਲਣ ਲਈ ਨਾ ਜਾ ਸਕਿਆ। 
ਜਦ 2004 ਵਿਚ ‘ਪੁਜਾਰੀਵਾਦ’ ਨੇ ਮੇਰੇ ਵਿਰੁਧ ਹੁਕਮਨਾਮਾ ਜਾਰੀ ਕਰ ਦਿਤਾ ਤਾਂ ਕੋਈ ਵੀ ਵਿਦਵਾਨ ਮੇਰੀ ਮਦਦ ਲਈ ਨਾ ਬਹੁੜਿਆ। ਬਾਅਦ ਵਿਚ ਉਹ ਮੈਨੂੰ ਕਹਿੰਦੇ ਰਹੇ ਕਿ ‘‘ਵਿਚੋਂ ਅਸੀ ਤੇਰੇ ਨਾਲ ਹਾਂ ਤੇ ਤੇਰੀ ਲੜਾਈ ਦੀ ਪੂਰੀ ਹਮਾਇਤ ਕਰਦੇ ਹਾਂ ਪਰ ਤੂੰ ਬਹਾਦਰ ਹੈਂ, ਜਿੱਤ ਲਵੇਂਗਾ -- ਅਸੀ ਕੁੱਝ ਮਜਬੂਰੀਆਂ ਕਾਰਨ ਖੁਲ੍ਹ ਕੇ ਤੇਰੇ ਨਾਲ ਖੜੇ ਨਹੀਂ ਹੋ ਸਕਦੇ ਕਿਉਂਕਿ ਇਹ ਪੁਜਾਰੀ ਲੋਕ ਬੜੇ ਜ਼ਾਲਮ, ਬੇਰਹਿਮ ਤੇ ਭੂਤਰੇ ਹੋਏ ਲੋਕ ਹੁੰਦੇ ਨੇ ਤੇ ਸਾਡੇ ਕੋਲ ਇਨ੍ਹਾਂ ਨਾਲ ਆਢਾ ਲਾਉਣ ਦੀ ਹਿੰਮਤ ਨਹੀਂ ਹੈ।’’ 
ਉਸ ਵਕਤ ਵੱਡੇ ਨਾਂ ਵਾਲੇ ਸਿੱਖਾਂ ਵਿਚੋਂ ਖ਼ੁਸ਼ਵੰਤ ਸਿੰਘ ਇਕੱਲਾ ਹੀ ਨਿਤਰਿਆ ਜਿਸ ਨੇ ਨਾ ਕੇਵਲ ਚਿੱਠੀ ਲਿਖ ਕੇ ਹੀ ਹੌਸਲਾ ਅਤੇ ਸਾਥ ਦਿਤਾ ਸਗੋਂ ਬਿਨਾਂ ਮੈਨੂੰ ਦੱਸੇ,  ਅਪਣੇ ਸਿੰਡੀਕੇਟਿਡ ਕਾਲਮ, ‘‘ਮੈਲਿਸ ਟੂਵਰਡਜ਼ ਵਨ ਐਂਡ ਆਲ’ ਹੇਠ ਹਿੰਦੁਸਤਾਨ ਦੇ ਸਾਰੇ ਵੱਡੇ ਅਖ਼ਬਾਰਾਂ ਵਿਚ ਇਕ ਲੇਖ ਲਿਖਿਆ ਜਿਸ ਦਾ ਅਨੁਵਾਨ ਸੀ, ‘‘ਸਾਡੇ ਅਪਣੇ ਤਾਲਿਬਾਨ’’। ਇਸ ਵਿਚ ਉਸ ਨੇ ਲਿਖਿਆ ਕਿ: 
‘‘ਪੰਜਾਬ ਦੇ ਸਿੱਖਾਂ ਨੂੰ ਵੀ ‘ਮਰਿਆਦਾ’ ਦੇ ਆਪੇ ਬਣੇ ਰਖਵਾਲਿਆਂ ਹੱਥੋਂ ਕਾਫ਼ੀ ਨੁਕਸਾਨ ਸਹਿਣਾ ਪਿਆ ਹੈ। ਬੀਤੇ ਵਿਚ ਤਖ਼ਤਾਂ ਦੇ ‘ਜਥੇਦਾਰ’ ਹੁਕਮਨਾਮੇ ਜਾਰੀ ਕਰ ਕੇ ਉਨ੍ਹਾਂ ਲੋਕਾਂ ਨੂੰ ਛੇਕ ਦੇਂਦੇ ਰਹੇ ਹਨ ਜਿਨ੍ਹਾਂ ਨੂੰ ਉਹ ਪਹਿਲਾਂ ‘ਤਨਖ਼ਾਹੀਏ’ ਕਰਾਰ ਦੇਂਦੇ ਹਨ। ਉਨ੍ਹਾਂ ਦੇ ਇਨ੍ਹਾਂ ਫ਼ਤਵਿਆਂ ਦੇ ਸ਼ਿਕਾਰ ਹੋਣ ਵਾਲਿਆਂ ਵਿਚ ਬੂਟਾ ਸਿੰਘ, ਸੁਰਜੀਤ ਸਿੰਘ ਬਰਨਾਲਾ ਤੇ ਉਹ ਸਿੱਖ ਵਿਦਵਾਨ ਵੀ ਸ਼ਾਮਲ ਸਨ ਜਿਨ੍ਹਾਂ ਦੀਆ ਲਿਖਤਾਂ, ਇਨ੍ਹਾਂ ਨੂੰ ਇਤਰਾਜ਼ਯੋਗ ਲਗਦੀਆਂ ਸਨ। 
ਤਾਜ਼ਾ ਸ਼ਿਕਾਰ, ਸਪੋਕਸਮੈਨ ਦੇ ਐਡੀਟਰ, ਜੋਗਿੰਦਰ ਸਿੰਘ ਹੋਏ ਹਨ। ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਤਾਕਤਾਂ ਨੂੰ ਚੁਨੌਤੀ ਦੇਣ ਦੀ ਜੁਰਅਤ ਵਿਖਾਈ ਸੀ। ਉਨ੍ਹਾਂ ਨੂੰ ਪੰਜ ਜਥੇਦਾਰਾਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਤੇ ਜਦ ਉਹ ਪੇਸ਼ ਨਾ ਹੋਏ ਤਾਂ ਉਨ੍ਹਾਂ ਨੂੰ ਛੇਕ ਦਿਤਾ ਗਿਆ। ਚੰਗੇ ਭਾਗਾਂ ਨੂੰ ਜੋਗਿੰਦਰ ਸਿੰਘ ਹੁਰਾਂ ਦੇ ਪਾਠਕਾਂ ਦਾ ਘੇਰਾ ਕਾਫ਼ੀ ਵੱਡਾ ਹੈ। ਉਨ੍ਹਾਂ ਨੇ ਇਸ ਫ਼ਤਵੇ ਦੀ ਕੋਈ ਪ੍ਰਵਾਹ ਨਹੀਂ ਕੀਤੀ।’’ 
‘ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ’ ਅਨੁਵਾਨ ਹੇਠ ਇਹ ਅੰਗਰੇਜ਼ੀ ਲੇਖ, ਵੱਖ ਵੱਖ ਭਾਸ਼ਾਵਾਂ ਦੇ ਅਖ਼ਬਾਰਾਂ ਵਿਚ, ਸਾਰੇ ਦੇਸ਼ ਵਿਚ ਛਪਿਆ। ਪੰਜਾਬੀ ਵਿਚ ‘ਅਜੀਤ’ ਤੇ ‘ਜੱਗਬਾਣੀ’ ਵਿਚ ਵੀ ਖ਼ੁਸ਼ਵੰਤ ਸਿੰਘ ਦਾ ਇਹ ਲੇਖ ਛਪਿਆ ਪਰ ਦੁਹਾਂ ਨੇ ‘ਸਪੋਕਸਮੈਨ’ ਬਾਰੇ ਜ਼ਿਕਰ ਵਾਲੇ ਪੈਰੇ ਕਟ ਕੇ ਲੇਖ ਛਾਪਿਆ। ਖ਼ੁਸ਼ਵੰਤ ਸਿੰਘ ਨੇ ਮੈਨੂੰ ਜਿਹੜੀ ਨਿਜੀ ਚਿੱਠੀ ਲਿਖੀ, ਉਸ ਵਿਚ ਲਿਖਿਆ : 
49-ਈ, ਸੁਜਾਨ ਸਿੰਘ ਪਾਰਕ,
ਨਵੀਂ ਦਿੱਲੀ-110003
23 ਮਾਰਚ, 2004
    ਪਿਆਰੇ ਜੋਗਿੰਦਰ ਸਿੰਘ ਜੀ, ਤੁਹਾਨੂੰ ‘ਛੇਕੇ ਜਾਣ’ ਤੋਂ ਪਹਿਲਾਂ ਤੇ ਮਗਰੋਂ ਦੇ ਵਿਵਾਦ ਦਾ ਮੈਂ ਚੰਗੀ ਤਰ੍ਹਾਂ ਪਿੱਛਾ ਕਰਦਾ ਰਿਹਾ ਹਾਂ। ਮੈਂ ਇਨ੍ਹਾਂ ਬਗ਼ੈਰ ਜੱਥੇ ਵਾਲੇ ‘ਜਥੇਦਾਰਾਂ’ ਨੂੰ ਉਸ ਤਰ੍ਹਾਂ ਹੀ ਕੋਈ ਮਹੱਤਵ ਨਹੀਂ ਦੇਂਦਾ ਜਿਵੇਂ ਮੈਂ ਮੁੱਲਾ ਲੋਕਾਂ ਵਲੋਂ ਜਾਰੀ ਕੀਤੇ ਫ਼ਤਵਿਆਂ ਨੂੰ ਕੋਈ ਮਹੱਤਵ ਨਹੀਂ ਦੇਂਦਾ। ਇਨ੍ਹਾਂ ’ਚੋਂ ਮੱਧ-ਯੁਗੀ ਸੋਚ ਝਲਕਦੀ ਹੈ, ਜਿਵੇਂ ਕਿ ਤੁਸੀ ਅਪਣੇ ਕਾਲਮਾਂ ਵਿਚ ਲਿਖਦੇ ਰਹਿੰਦੇ ਹੋ। ਜਿੰਨੇ ਜ਼ਿਆਦਾ ਸਮੇਂ ਤਕ ਉਹ ਇਸ ’ਤੇ ਅੜੇ ਰਹਿਣਗੇ, ਓਨਾ ਜ਼ਿਆਦਾ ਉਹ ਅਕਾਲ ਤਖ਼ਤ ਦਾ ਰੁਤਬਾ ਘਟਾਉਣਗੇ।
ਚੜ੍ਹਦੀ ਕਲਾ ਵਿਚ ਰਹੋ!
ਤੁਹਾਡਾ,
(ਖ਼ੁਸ਼ਵੰਤ ਸਿੰਘ)
ਮੈਂ ‘ਹੁਕਮਨਾਮੇ’ ਨੂੰ ਅਦਾਲਤ ਵਿਚ ਚੁਨੌਤੀ ਦੇ ਦਿਤੀ। ਖ਼ੁਸ਼ਵੰਤ ਸਿੰਘ ਨੇ ਗਵਾਹੀ ਦੇਣ ਲਈ ਤੁਰਤ ਹਾਂ ਕਰ ਦਿਤੀ। ਕੇਸ ਲਟਕਦਾ ਰਿਹਾ। ਹਾਈ ਕੋਰਟ ਦੇ ਹੁਕਮਾਂ ਕਾਰਨ, ਪਿਛਲੇ ਦੋ ਤਿੰਨ ਮਹੀਨੇ ਤੋਂ, ਕੇਸ ਦੀ ਸੁਣਵਾਈ ਵਿਚ ਤੇਜ਼ੀ ਆਈ। ਮੈਂ ਖ਼ੁਸ਼ਵੰਤ ਸਿੰਘ ਨੂੰ ਟੈਲੀਫ਼ੋਨ ਕੀਤਾ। ਉਨ੍ਹਾਂ ਦੀ ਬੇਟੀ ਨੇ ਦਸਿਆ, ‘‘ਉਹ ਗੱਲ ਕਰਨ ਦੀ ਹਾਲਤ ਵਿਚ ਨਹੀਂ ਹਨ। ਤੁਸੀ ਚਿੱਠੀ ਲਿਖ ਕੇ ਭੇਜ ਦਿਉ, ਮੈਂ ਉਨ੍ਹਾਂ ਦਾ ਜਵਾਬ ਤੁਹਾਨੂੰ ਭੇਜ ਦਿਆਂਗੀ।’’ 
ਤੇ ਅੱਜ ਖ਼ੁਸ਼ਵੰਤ ਸਿੰਘ ਬੀਤੇ ਸਮੇਂ ਦਾ ਸੱਚ ਬਣ ਗਿਆ ਹੈ ਜਿਸ ਨੂੰ ਹੁਣ ਮਾਤ-ਲੋਕ ਵਿਚ ਨਹੀਂ ਵੇਖਿਆ ਜਾ ਸਕਦਾ -- ਸਿਵਾਏ ਉਸ ਦੀਆਂ 
ਲਿਖਤਾਂ ਵਿਚੋਂ। ਮੇਰਾ ਉਹ 1972 ਤੋਂ ਦੋਸਤ, ਮੱਦਾਹ, ਹਮਦਰਦ ਤੇ ਸਾਥੀ ਚਲਿਆ ਆ ਰਿਹਾ ਹੈ। ਹਰ ਔਖੇ ਵੇਲੇ ਮੈਂ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਸੀ ਕਿ ਹੋਰ ਕੋਈ ਆਏ ਨਾ ਆਏ, ਖ਼ੁਸ਼ਵੰਤ ਤਾਂ ਮੇਰੀ ਮਦਦ ਤੇ ਆਏਗਾ ਹੀ ਆਏਗਾ -- ਇਸ ਗੱਲ ਦੇ ਬਾਵਜੂਦ ਕਿ ਅਸੀ ਜ਼ਿੰਦਗੀ ਵਿਚ ਇਕ ਵਾਰ ਵੀ, ਇਕ ਦੂਜੇ ਨੂੰ ਆਹਮੋ ਸਾਹਮਣੇ ਹੋ ਕੇ ਨਹੀਂ ਸੀ ਮਿਲੇ। ਉਹ ਮੇਰੀ ਹਰ ਲਿਖਤ ਬੜੇ ਪਿਆਰ ਨਾਲ ਤੇ ਧਿਆਨ ਨਾਲ ਪੜ੍ਹਦਾ ਸੀ ਤੇ ਦੂਜਿਆਂ ਤੋਂ ਪੁਛਦਾ ਰਹਿੰਦਾ ਸੀ ਕਿ ਮੈਂ ਘਬਰਾਇਆ ਤਾਂ ਨਹੀਂ? ਫਿਰ ਆਪ ਹੀ ਕਹਿ ਦੇਂਦਾ ਸੀ, ‘‘ਮੈਂ ਉਹਨੂੰ ਵੇਖਿਆ ਤਾਂ ਨਹੀਂ ਪਰ ਮੈਨੂੰ ਲਗਦੈ, ਸਾਡੇ ’ਚੋਂ ਉਹੀ ਇਕ ਬੰਦਾ ਰਹਿ ਗਿਐ ਜਿਹੜਾ ਅੰਤ ਤਕ ਡਟਿਆ ਰਹੇਗਾ ਤੇ ਡੋਲੇਗਾ ਨਹੀਂ।’’
ਖ਼ੁਸ਼ਵੰਤ ਸਿੰਘ ਨਾਲ ਮੇਰੀ ਨੇੜਤਾ ਸ੍ਰੀਰਾਂ ਦੀ ਸ੍ਰੀਰਾਂ ਨਾਲ ਨੇੜਤਾ ਨਹੀਂ ਸੀ -- ਦਿਲਾਂ ਦੀ ਦਿਲਾਂ ਨਾਲ ਨੇੜਤਾ ਸੀ ਤੇ ਇਕ ਦਿਨ ਵੀ ਫਿੱਕੀ ਨਹੀਂ ਸੀ ਪਈ। ਅਲਵਿਦਾ ਖ਼ੁਸ਼ਵੰਤ ਸਿੰਘ! ਜਿਊਂਦੇ ਰਹਿਣ ਤੇਰੇ ਵਰਗੇ ਮਿੱਤਰ ਜੋ ਨਾ ਮਿਲ ਕੇ ਵੀ, ਉਮਰ ਭਰ ਲਈ ਨੇੜਤਾ ਬਣਾਈ ਰਖਦੇ ਹਨ ਤੇ ਜਿਊਂਦੀ ਰਹੇ ਤੇਰੀ ਮਹਿਕ -- ਫੁੱਲ ਮੋਇਆ, ਖ਼ੁਸ਼ਬੂ ਨਾ ਮੋਈ!! 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement