ਸ. ਜੋਗਿੰਦਰ ਸਿੰਘ ਜੀ ਹਮੇਸ਼ਾ ਲਿਖਦੇ ਆਏ ਹਨ ਕਿ ਸਾਡੀ ਅਖ਼ਬਾਰ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਚੱਲ ਰਹੀ ਹੈ....
ਅੱਜ ਉਹ ਇਤਿਹਾਸਕ ਦਿਹਾੜਾ ਹੈ ਜਦ, ਮਾਇਆਧਾਰੀਆਂ, ਗੋਲਕਧਾਰੀਆਂ ਤੇ ਸੱਤਾਧਾਰੀਆਂ ਦੀਆਂ ਹਜ਼ਾਰ ਕੋਸ਼ਿਸ਼ਾਂ ਦੇ ਬਾਵਜੂਦ, ਅਸੀ ‘ਰੋਜ਼ਾਨਾ ਸਪੋਕਸਮੈਨ’ ਕੱਢਣ ’ਚ ਕਾਮਯਾਬ ਹੋਏ ਸੀ। ਪਹਿਲੇ ਦੋ ਸਾਲਾਂ ਵਿਚ ਭਾਵੇਂ ਤੁਹਾਡਾ ‘ਸਪੋਕਸਮੈਨ’ ‘ਡਾਢਿਆਂ’ ਦੇ ਜਬਰ-ਜ਼ੁਲਮ ਦਾ ਸ਼ਿਕਾਰ ਲਗਾਤਾਰ ਬਣਿਆ ਰਿਹਾ ਪਰ ਇਹ ਕੋਈ ਨਹੀਂ ਕਹਿ ਸਕਦਾ ਕਿ ਇਹ ਕਿਸੇ ਹੋਰ ਨਾਲੋਂ ਹਲਕਾ, ਮਾੜਾ ਜਾਂ ਕਮਜ਼ੋਰ ਲਗਦਾ ਹੈ।
ਸਾਡੇ ਹਜ਼ਾਰਾਂ ਨਹੀਂ, ਲੱਖਾਂ ਪਾਠਕ, ਜੋ ਵਿਦੇਸ਼ਾਂ ਵਿਚ ਬੈਠੇ ਵੀ ‘ਇੰਟਰਨੈੱਟ’ ਤੇ ਅਖ਼ਬਾਰ ਪੜ੍ਹ ਲੈਂਦੇ ਨੇ, ਉਨ੍ਹਾਂ ਦੀ ਹਾਲਤ ਵੀ ਇਹ ਹੈ ਕਿ ਜੇ ਵੈੱਬਸਾਈਟ ’ਤੇ ਮਾੜੀ ਜਹੀ ਖ਼ਰਾਬੀ ਵੀ ਆ ਜਾਵੇ ਤੇ ਅਖ਼ਬਾਰ ਨੂੰ ਉਹ ਇੰਟਰਨੈੱਟ ’ਤੇ ਨਾ ਵੇਖ ਸਕਣ ਤਾਂ ਸਾਡਾ ਬੁਰਾ ਹਾਲ ਕਰ ਦਿੰਦੇ ਹਨ ਤੇ ਮਿੰਟ-ਮਿੰਟ ਬਾਅਦ ਸਾਨੂੰ ਯਾਦ ਕਰਵਾਉਂਦੇ ਨੇ ਕਿ ‘‘ਸਪੋਕਸਮੈਨ ਪੜ੍ਹੇ ਬਗ਼ੈਰ ਸਾਨੂੰ ਨੀਂਦ ਨਹੀਂ ਆ ਰਹੀ। ਜਲਦੀ ਖ਼ਰਾਬੀ ਠੀਕ ਕਰਵਾਉ।
ਅਸੀ ਤਾਂ ਪ੍ਰਚਾਰ ਉਤੇ ਇਕ ਪੈਸਾ ਵੀ ਨਹੀਂ ਖ਼ਰਚਿਆ। ਇਸ ਦੇ ਬਾਵਜੂਦ ਜੇ ਅੱਜ ਸਪੋਕਸਮੈਨ ਦੁਨੀਆਂ ਭਰ ਦੇ ਪੰਜਾਬੀ-ਪ੍ਰੇਮੀਆਂ ਵਿਚ ਸੱਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਅਖ਼ਬਾਰ ਬਣ ਗਿਆ ਹੈ ਤਾਂ ਇਸ ਦਾ ਕਾਰਨ ਜਾਣਨ ਲਈ, ਮੈਂ ਵੀ ਕਈ ਵਾਰ ਅਪਣੇ ਦਿਲ ਨੂੰ ਟਟੋਲਿਆ ਹੈ। ਅਸੀ ਤਾਂ ਉਹ ਛੋਟੇ ਜਹੇ ‘ਕੀਟ ਪਤੰਗੇ’ ਸੀ ਜਿਨ੍ਹਾਂ ਦੀ ਜੇਬ ਵਿਚ ਥੋੜੇ ਪੈਸੇ ਵੇਖ ਕੇ, 2005 ਵਿਚ ਸਪੋਕਸਮੈਨ ਦੇ ਦੋਖੀਆਂ ਨੇ ਭੰਗੜਾ ਪਾਉਣ ਵਾਲੇ ਅੰਦਾਜ਼ ਵਿਚ ਐਲਾਨ ਕੀਤੇ ਸਨ, ‘‘ਅਕਾਲ ਤਖ਼ਤ ਦੇ ਆਦੇਸ਼ਾਂ ਮਗਰੋਂ ਜੇ ਇਹ ਅਖ਼ਬਾਰ ਤਿੰਨ ਮਹੀਨੇ ਵੀ ਚਲ ਗਿਆ ਤਾਂ ਸਾਡਾ ਨਾਂ ਬਦਲ ਦੇਣਾ।’’
‘ਰੋਜ਼ਾਨਾ ਸਪੋਕਸਮੈਨ’ ਵੱਡੀ ਕੁਰਬਾਨੀ ਨਾਲ ਹੋਂਦ ਵਿਚ ਆਇਆ ਹੈ। ਜਦ ਮੇਰਾ ਵਿਆਹ ਸ. ਜੋਗਿੰਦਰ ਸਿੰਘ ਜੀ ਨਾਲ ਹੋਇਆ ਤਾਂ ਸਾਰੇ ਕਹਿੰਦੇ ਸਨ ਕਿ ਕੁੜੀ ਕਰੋੜਪਤੀ ਘਰਾਣੇ ਵਿਚ ਚਲੀ ਗਈ ਹੈ ਤੇ ਉਥੇ ਰਾਜ ਕਰੇਗੀ। ਘਰ ਵਿਚ ਸੱਭ ਕੁੱਝ ਸੀ ਪਰ ਮੇਰਾ ਘਰ ਵਾਲਾ (ਸ. ਜੋਗਿੰਦਰ ਸਿੰਘ) ਦੁਨੀਆਂ ਤੋਂ ਬੇਪ੍ਰਵਾਹ, ਅਪਣੇ ਹੀ ਖ਼ਿਆਲਾਂ ਵਿਚ ਮਸਤ ਰਹਿਣ ਵਾਲਾ, ਹਰ ਵੇਲੇ ਪੜ੍ਹਦੇ, ਲਿਖਦੇ ਜਾਂ ਸੋਚਦੇ ਰਹਿਣ ਵਾਲਾ ਬੰਦਾ ਨਿਕਲਿਆ। ਮੈਂ ਸੋਚਿਆ ਸੀ, ‘ਹਨੀਮੂਨ’ ਲਈ ਸਵਿਟਜ਼ਰਲੈਂਡ ਲੈ ਕੇ ਜਾਵੇਗਾ, ਸੈਰ ਕਰਾਏਗਾ ਪਰ ਪੂਰੇ ਵੀਹ ਸਾਲ ਤਾਂ ਉਸ ਨੇ ਸ਼ਿਮਲਾ ਤਕ ਨਾ ਵਿਖਾਇਆ ਜੋ ਚੰਡੀਗੜ੍ਹ ਦੇ ਸੱਭ ਤੋਂ ਨੇੜੇ ਦਾ ਪਹਾੜੀ ਸਥਾਨ ਹੈ। ਨਾ ਹੋਟਲ ਜਾਣ ਦਾ ਸ਼ੌਕ, ਨਾ ਕਲੱਬ ਦਾ, ਨਾ ਮਹਿਫ਼ਲਾਂ ਵਿਚ ਜਾਣ ਦਾ। ਘਰ ਛੱਡਣ ਲਗਿਆਂ ਮਾਪਿਆਂ ਕੋਲੋਂ ਇਕ ਪੈਸਾ ਵੀ ਨਾ ਲਿਆ।
ਮਾਪਿਆਂ ਨੂੰ ਕਹਿਣ ਲੱਗੇ, ‘‘ਮੈਂ ਚੰਡੀਗੜ੍ਹ ਜਾ ਕੇ ਵਕਾਲਤ ਸ਼ੁਰੂ ਕਰਨ ਦਾ ਫ਼ੈਸਲਾ ਕੀਤੈ। ਮੈਨੂੰ ਤੁਹਾਡੇ ਵਪਾਰ ਵਿਚ ਕੋਈ ਦਿਲਚਸਪੀ ਨਹੀਂ, ਨਾ ਮੈਂ ਕੋਈ ਪੈਸਾ ਹੀ ਲਵਾਂਗਾ। ਮੈਂ ਅਪਣੇ ਪੈਰਾਂ ’ਤੇ ਖੜਾ ਹੋਣਾ ਚਾਹਾਂਗਾ।’’ ਹਾਈ ਕੋਰਟ ਵਿਚ ਆ, ਪ੍ਰੈਕਟਿਸ ਸ਼ੁਰੂ ਕਰ ਦਿਤੀ। ਥੋੜੇ ਦਿਨਾਂ ਵਿਚ ਹੀ ਚੰਗਾ ਨਾਂ ਚਲ ਪਿਆ ਤੇ ਜਸਟਿਸ ਮੇਲਾ ਰਾਮ ਸ਼ਰਮਾ ਕਹਿਣ ਲੱਗੇ, ‘‘ਏਨੀ ਛੇਤੀ ਤੁਹਾਡੀ ਲਿਖਤ (ਡਰਾਫ਼ਟਿੰਗ) ਦੀ ਧੂਮ ਮੱਚ ਗਈ ਏ ਕਿ ਜੱਜ ਵੀ ਪੁੱਛਣ ਲੱਗ ਪਏ ਨੇ ਕਿ ਇਹ ਨਵਾਂ ਵਕੀਲ ਕੌਣ ਏ। ਇਸੇ ਤਰ੍ਹਾਂ ਡਟੇ ਰਹੋ। ਦਸਾਂ ਸਾਲਾਂ ਬਾਅਦ ਤੁਹਾਡਾ ਜੱਜ ਬਣਨਾ ਪੱਕਾ। ਬੇਸ਼ੱਕ ਮੇਰੇ ਕੋਲੋਂ ਲਿਖਵਾ ਲਉ।’’
ਪਰ ਸ. ਜੋਗਿੰਦਰ ਸਿੰਘ ਦੇ ਦਿਲ ਵਿਚ ਕੋਈ ਹੋਰ ਤੂਫ਼ਾਨ ਮੱਚਿਆ ਹੋਇਆ ਸੀ। ਅਗਲੇ ਦਿਨ ਹਾਈ ਕੋਰਟ ਹੀ ਨਾ ਗਏ। ਦੋ ਦਿਨ ਮੰਜੇ ’ਤੇ ਲੇਟੇ ਸੋਚਦੇ ਰਹੇ। ਅਖ਼ੀਰ, ਮੈਂ ਦਿਲ ਦੀ ਗੱਲ ਪੁੱਛ ਹੀ ਲਈ। ਕਹਿਣ ਲੱਗੇ, ‘‘ਮਾਪਿਆਂ ਦਾ ਘਰ ਇਹ ਝੂਠ ਬੋਲ ਕੇ ਛਡਿਆ ਸੀ ਕਿ ਮੈਂ ਵਕਾਲਤ ਕਰਨੀ ਏ। ਉਦੋਂ ਵੀ ਮੇਰਾ ਮਨ ਇਹੀ ਸੀ ਕਿ ਚੰਡੀਗੜ੍ਹ ਜਾ ਕੇ ਇਕ ਵਧੀਆ ਮੈਗਜ਼ੀਨ ਸ਼ੁਰੂ ਕਰਾਂਗਾ। ਵਕਾਲਤ ਵਿਚ ਚਾਰ ਪੰਜ ਸਾਲ ਲਾ ਕੇ ਮੈਗਜ਼ੀਨ ਜੋਗਾ ਪੈਸਾ ਤਾਂ ਇਕੱਠਾ ਹੋ ਜਾਏਗਾ ਪਰ ਮੇਰੇ ਵਿਚ ਏਨਾ ਸਬਰ ਨਹੀਂ ਹੈ। ਪਹਿਲਾਂ ਮੈਂ ਸੋਚਿਆ ਸੀ ਕਿ ਚੰਡੀਗੜ੍ਹ ਜਾ ਕੇ ਇਕ ਦੋ ਚੰਗੇ ਮਿੱਤਰਾਂ ਕੋਲੋਂ ਪੈਸਾ ਉਧਾਰਾ ਫੜ ਲਵਾਂਗਾ ਤੇ ਮੈਗਜ਼ੀਨ ਸ਼ੁਰੂ ਕਰ ਲਵਾਂਗਾ। ਪਰ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਕੋਲੋਂ ਪੈਸੇ ਮੰਗਣ ਦਾ ਹੌਸਲਾ ਨਹੀਂ ਪੈ ਰਿਹਾ। ਉਹ ਮੈਨੂੰ ਬੜੇ ਅਮੀਰ ਬਾਪ ਦਾ ਪੁੱਤਰ ਸਮਝਦੇ ਨੇ ਤੇ ਮੈਂ ਉਨ੍ਹਾਂ ਨੂੰ ਇਸ ਛੋਟੇ ਜਿਹੇ ਮਕਾਨ ਵਿਚ ਨਹੀਂ ਲਿਆਉਣਾ ਚਾਹੁੰਦਾ। ਮਾਪਿਆਂ ਕੋਲੋਂ ਪੈਸਾ ਮੰਗ ਕੇ ਛੋਟਾ ਨਹੀਂ ਬਣਨਾ ਕਿਉਂਕਿ ਉਹ ਤਾਂ ਕਾਰਖ਼ਾਨੇਦਾਰ ਦੇ ਪੁੱਤਰ ਵਲੋਂ ਇਕ ਅਖ਼ਬਾਰ ਜਾਂ ਮੈਗਜ਼ੀਨ ਸ਼ੁਰੂ ਕਰਨ ਨੂੰ ਇਕ ਬਹੁਤ ਹਲਕਾ ਕੰਮ ਸਮਝਦੇ ਨੇ। ਇਨ੍ਹਾਂ ਸੋਚਾਂ ਵਿਚ ਹੀ ਕੋਈ ਫ਼ੈਸਲਾ ਨਹੀਂ ਕਰ ਪਾ ਰਿਹਾ......।’’
ਮੈਂ ਅੰਦਰ ਗਈ ਤੇ ਪੇਕਿਆਂ ਤੇ ਸਹੁਰਿਆਂ ਵਲੋਂ ਪਾਏ ਗਏ ਗਹਿਣਿਆਂ ਦਾ ਬੈਗ ਚੁੱਕ ਲਿਆਈ ਤੇ ਉਨ੍ਹਾਂ ਦੇ ਹਵਾਲੇ ਕਰਦਿਆਂ ਕਿਹਾ, ‘‘ਕਿਸੇ ਕੋਲੋਂ ਕੁੱਝ ਮੰਗਣ ਦੀ ਲੋੜ ਨਹੀਂ। ਜੇ ਵਕਾਲਤ ਵਿਚ ਤੁਹਾਡਾ ਦਿਲ ਨਹੀਂ ਲੱਗ ਰਿਹਾ ਤੇ ਮੈਗਜ਼ੀਨ ਕੱਢ ਕੇ ਹੀ ਸ਼ਾਂਤੀ ਮਿਲ ਸਕਦੀ ਹੈ ਤਾਂ ਜਾਉ ਇਨ੍ਹਾਂ ਨੂੰ ਵੇਚ ਕੇ ਕੰਮ ਸ਼ੁਰੂ ਕਰ ਦਿਉ।’’
ਇਸ ਤਰ੍ਹਾਂ ਜਿਹੜਾ ਸਫ਼ਰ ਮੈਗਜ਼ੀਨ ਤੋਂ ਸ਼ੁਰੂ ਹੋ ਕੇ ਅੱਜ ਅਖ਼ਬਾਰ ਤਕ ਪਹੁੰਚਿਆ ਹੈ, ਉਸ ਦੀ ਨੀਂਹ ਉਸ ਪਿਆਰ ਨਾਲ ਰੱਖੀ ਗਈ ਸੀ ਜੋ ਮਾਂ-ਬਾਪ ਅਪਣੇ ਵਿਹੜੇ ਵਿਚੋਂ ਬੇਟੀ ਨੂੰ ਵਿਦਾ ਕਰਨ ਲਈ ਉਸ ਦੀ ਝੋਲੀ ਵਿਚ ਸੋਨੇ ਦੇ ਰੂਪ ਵਿਚ ਪਾਉਂਦੇ ਹਨ (ਔਖ-ਸੌਖ ਵੇਲੇ ਲਈ) ਤੇ ਸਹੁਰੇ ‘ਜੀਅ ਆਇਆਂ’ ਕਹਿਣ ਲਈ ਉਸ ਉਤੋਂ ਵਾਰ ਦੇਂਦੇ ਹਨ।
ਮੇਰੇ ਪਤੀ ਸ. ਜੋਗਿੰਦਰ ਸਿੰਘ ਦੀ ਕਲਮ ਦਾ ਜ਼ੋਰ ਸ਼ੁਰੂ ਤੋਂ ਹੀ ਮੰਨਿਆ ਜਾਣ ਲੱਗਾ ਸੀ ਤੇ ਕਈ ਵਜ਼ੀਰ ਵੀ ਆ ਕੇ ਚਾਹੁਣ ਲੱਗੇ ਕਿ ਇਹ ਉਨ੍ਹਾਂ ਬਾਰੇ ਵੀ ਲਿਖਣ ਪਰ ਉਹ ਅੱਗੋਂ ਇਸ ਤਰ੍ਹਾਂ ਪੇਸ਼ ਆਉਂਦੇ ਜਿਵੇਂ ਖ਼ੁਦ ਕੋਈ ਕਰੋੜਪਤੀ ਹੋਣ ਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੀ ਨਾ ਹੋਵੇ। 30-32 ਸਾਲਾਂ ਵਿਚ ਉਨ੍ਹਾਂ ਨੇ ਕਿਸੇ ਵੀ ਵਜ਼ੀਰ ਦੇ ਦਫ਼ਤਰ ਜਾਂ ਘਰ ਜਾ ਕੇ ਨਹੀਂ ਵੇਖਿਆ ਹੋਣਾ ਤੇ ਇਹ ਅਪਣੇ-ਆਪ ਵਿਚ ਇਕ ਰੀਕਾਰਡ ਹੈ। ਕਿਸੇ ਹਾਕਮ ਕੋਲੋਂ ਅਪਣੇ ਲਈ ਜਾਂ ਅਖ਼ਬਾਰ ਲਈ ਕੁੱਝ ਲੈਣ ਦੀ ਤਾਂ ਗੱਲ ਕਰਨ ਦੀ ਲੋੜ ਵੀ ਮਹਿਸੂਸ ਨਹੀਂ ਹੋਣੀ ਚਾਹੀਦੀ। ਪਰਚਾ ਘਾਟਾ ਪਾਈ ਜਾ ਰਿਹਾ ਸੀ ਤੇ ਬੈਂਕ ਕੋਲੋਂ ਕਰਜ਼ਾ ਲੈ ਕੇ ਚਲਾਈ ਜਾ ਰਹੇ ਸੀ। ਇਕ ਦਿਨ ਮੈਂ ਹੀ ਕਿਹਾ, ‘‘ਚਲੋ ਤੁਸੀ ਕਿਸੇ ਕੋਲੋਂ ਮੰਗਣਾ ਨਹੀਂ ਤਾਂ ਨਾ ਮੰਗੋ ਪਰ ਜੇ ਕੋਈ ਆਪ ਦੇਣ ਦੀ ਪੇਸ਼ਕਸ਼ ਕਰੇ ਤਾਂ ਵੀ ਤੁਸੀ ਉਸ ਪੇਸ਼ਕਸ਼ ਦਾ ਲਾਭ ਕਿਉਂ ਨਹੀਂ ਉਠਾਂਦੇ?’’
ਬੋਲੇ, ‘‘ਬਸ ਜਦ ਕੋਈ ਮੇਰੇ ਕੋਲੋਂ ਅਪਣੇ ਹੱਕ ’ਚ ਲਿਖਵਾਉਣ ਲਈ ਮੇਰੀ ਮਦਦ ਕਰਨ ਦੀ ਪੇਸ਼ਕਸ਼ ਕਰਦਾ ਹੈ ਤਾਂ ਮੈਨੂੰ ਅੱਗ ਲੱਗ ਜਾਂਦੀ ਏ ਤੇ ਲਗਦੈ ਇਹ ਮੈਨੂੰ ਖ਼ਰੀਦਣ ਲਈ ਆਇਐ। ਜਦ ਕੋਈ ਨਿਸ਼ਕਾਮ ਹੋ ਕੇ, ਪਰਚੇ ਦੀ ਮਦਦ ਕਰਨ ਲਈ ਆਇਆ ਤਾਂ ਮੈਂ ਉਸ ਨਾਲ ਹੋਰ ਤਰ੍ਹਾਂ ਨਾਲ ਪੇਸ਼ ਆਵਾਂਗਾ।’’
ਉਹ ਵੀ ਇਕ ਆ ਗਿਆ। ਮੈਂਬਰ ਪਾਰਲੀਮੈਂਟ ਤੇ ਪ੍ਰਸਿੱਧ ਲੇਖਕ ਗਿ: ਗੁਰਮੁਖ ਸਿੰਘ ਮੁਸਾਫ਼ਰ। ਮੁਸਾਫ਼ਰ ਜੀ ਵੀ ਉਨ੍ਹਾਂ ਦੀਆਂ ਲਿਖਤਾਂ ਪੜ੍ਹ-ਪੜ੍ਹ ਉਨ੍ਹਾਂ ਦੇ ਬਹੁਤ ਨੇੜੇ ਆ ਗਏ ਸਨ। ਜਦ ਵੀ ਚੰਡੀਗੜ੍ਹ ਆਉਂਦੇ, ਪਹਿਲਾਂ ਸਾਨੂੰ ਮਿਲਦੇ। ਉਨ੍ਹਾਂ ਨੂੰ ਛੇਤੀ ਹੀ ਸਮਝ ਆ ਗਈ ਕਿ ਬਾਹਰ ਭਾਵੇਂ ਲੋਕ ਬਹੁਤ ਗੱਲਾਂ ਕਰ ਰਹੇ ਸੀ ਪਰ ਪਰਚਾ ਬਹੁਤ ਘਾਟਾ ਪਾ ਰਿਹਾ ਸੀ। ਇਕ ਦਿਨ ਸਵੇਰੇ ਸੱਤ ਵਜੇ ਆ ਗਏ ਤੇ ਬੋਲੇ, ‘‘ਜੋਗਿੰਦਰ ਸਿੰਘ ਜੀ, ਉਠੋ, ਦਸਤਾਰ ਰੱਖੋ ਤੇ ਤਿਆਰ ਹੋ ਜਾਉ। ਮੈਂ ਅੱਜ ਕੁੱਝ ਸੋਚ ਕੇ ਆਇਆਂ। ਇਸ ਤਰ੍ਹਾਂ ਪਰਚਾ ਕਿੰਨਾ ਚਿਰ ਚਲਦਾ ਰੱਖ ਸਕੋਗੇ? ਇਸ ਨੂੰ ਬਚਾਣਾ ਵੀ ਜ਼ਰੂਰੀ ਏ ਪਰ ਤੁਸੀ ਕਿਸੇ ਨੂੰ ਕਹਿਣਾ ਵੀ ਨਹੀਂ। ਅੱਜ ਮੈਂ ਤੁਹਾਡੇ ਵਲੋਂ ਮੁੱਖ ਮੰਤਰੀ ਨੂੰ ਆਪ ਆਖਾਂਗਾ ਤੇ ਪੱਕੇ ਆਰਡਰ ਕਰਵਾ ਕੇ ਆਵਾਂਗਾ। ਤੁਸੀ ਬਸ ਮੇਰੇ ਨਾਲ ਚਲ ਪਉ।’’
ਮੇਰੇ ਪਤੀ ਅਪਣੀ ਥਾਂ ਤੋਂ ਹਿੱਲੇ ਵੀ ਨਾ। ਸੋਚਾਂ ਵਿਚ ਪੈ ਗਏ। ਮੁਸਾਫ਼ਰ ਜੀ ਫਿਰ ਬੋਲੇ, ‘‘ਤੁਸੀ ਸੋਚਾਂ ਵਿਚ ਨਾ ਪਵੋ ਤੇ ਦਸਤਾਰ ਸਿਰ ’ਤੇ ਰੱਖੋ। ਤੁਸੀ ਕੁੱਝ ਨਹੀਂ ਕਹਿਣਾ। ਸਾਰੀ ਗੱਲ ਮੈਂ ਆਪੇ ਕਰਾਂਗਾ।’’ ਸ. ਜੋਗਿੰਦਰ ਸਿੰਘ ਨੇ ਚੁੱਪ ਤੋੜੀ ਤੇ ਬੋਲੇ, ‘‘ਗਿਆਨੀ ਜੀ, ਰੱਬ ਨੇ ਮੈਨੂੰ ਫ਼ਕੀਰੀ ਦਿਤੀ ਹੈ। ਇਸ ਫ਼ਕੀਰ ਨੂੰ ਹੁਣ ਮੰਗਤਾ ਬਣਾ ਕੇ ਹਾਕਮਾਂ ਦੀ ਸਰਦਲ ’ਤੇ ਲਿਜਾਣਾ ਚਾਹੁੰਦੇ ਹੋ? ਇਸ ਨਾਲੋਂ ਤਾਂ ਚੰਗਾ ਇਹੀ ਰਹੇਗਾ ਕਿ ਮੈਂ ਮਾਪਿਆਂ ਦੀ ਸਰਦਲ ’ਤੇ ਜਾ ਡਿੱਗਾਂ ਜਾਂ ਹਾਈ ਕੋਰਟ ਵਿਚ ਫਿਰ ਤੋਂ ਕੰਮ ਸ਼ੁਰੂ ਕਰ ਦਿਆਂ ...।’’
ਉਨ੍ਹਾਂ ਨੇ ਗੱਲ ਅਜੇ ਪੂਰੀ ਵੀ ਨਹੀਂ ਸੀ ਕੀਤੀ ਕਿ ਮੁਸਾਫ਼ਰ ਜੀ ਨੇ ਪੁੱਤਰਾਂ ਵਰਗੇ ਇਸ ਬੰਦੇ ਦੇ ਗੋਡੇ ਫੜ ਲਏ (ਕੋਈ ਬੜਾ ਮਹਾਨ ਆਦਮੀ ਹੀ ਇਸ ਤਰ੍ਹਾਂ ਕਰ ਸਕਦੈ) ਤੇ ਬੋਲੇ, ‘‘ਮੈਨੂੰ ਮਾਫ਼ ਕਰਿਉ ਜੋਗਿੰਦਰ ਸਿੰਘ ਜੀ। ਮੈਂ ਸਚਮੁਚ ਅੱਜ ਪਾਪ ਕਰਨ ਚਲਿਆ ਸੀ। ਤੁਹਾਨੂੰ ਅਮੀਰ ਘਰ ਵਿਚ ਪੈਦਾ ਕਰ ਕੇ ਵੀ ਜਿਸ ਵਾਹਿਗੁਰੂ ਨੇ ਫ਼ਕੀਰੀ ਦਿਤੀ ਹੈ, ਉਹ ਵਾਹਿਗੁਰੂ ਹੀ ਤੁਹਾਨੂੰ ਕੁੱਝ ਦੇ ਸਕਦਾ ਹੈ, ਹੋਰ ਕੋਈ ਨਹੀਂ। ਤੁਹਾਡੇ ਵਰਗੇ ਰੱਬ ਦੇ ਬੰਦੇ, ਹਾਕਮਾਂ ਦੇ ਦਰ ’ਤੇ ਜਾਣ ਲਈ ਨਹੀਂ ਪੈਦਾ ਹੁੰਦੇ।’’
ਇਸ ਦੌਰਾਨ ਸੰਘਰਸ਼ ਦਾ ਦੌਰ ਅਸੀ ਕਿਸ ਤਰ੍ਹਾਂ ਕਟਿਆ, ਇਸ ਬਾਰੇ ਪੁਛਣਾ ਹੋਵੇ ਤਾਂ ਮੇਰੀ ਵੱਡੀ ਬੇਟੀ ਨੂੰ ਪੁੱਛੋ। ਉਹ ਹੁਣ ਵੀ ਕਹਿੰਦੀ ਹੈ, ‘‘ਸਾਡੇ ਪਾਪਾ ਕੋਲ ਮਹਿੰਗੀ ਤੋਂ ਮਹਿੰਗੀ ਕਿਤਾਬ ਖ਼ਰੀਦਣ ਲਈ ਪੈਸੇ ਤਾਂ ਬਹੁਤ ਸਨ ਪਰ ਸਾਡੇ ਲਈ ਕੁੱਝ ਨਹੀਂ ਸੀ। ਅਸੀ ਅਪਣੀ ਮਾਂ ਨੂੰ ਸਾਰੀ ਉਮਰ ਭਾਂਡੇ ਮਾਂਜਦਿਆਂ ਤੇ ਫ਼ਰਸ਼ ਸਾਫ਼ ਕਰਦਿਆਂ ਹੀ ਵੇਖਿਐ। ਜਦ ਕਦੇ ਅਸੀ ਬਾਹਰ ਜਾਣ ਲਈ ਵੀ ਜ਼ਿੱਦ ਕੀਤੀ ਤਾਂ 22 ਸੈਕਟਰ ਦੇ ਇਕ ਢਾਬੇ ’ਚ ਲਿਜਾ ਕੇ ਰੋਟੀ ਖਵਾ ਦਿਤੀ ਜਾਂ ਪਿੰਜੌਰ ਗਾਰਡਨ ਲੈ ਗਏ ਬੱਸ।’’
ਇਹ ਨਹੀਂ ਕਿ ਇਹ ਕੰਜੂਸ ਸਨ। ਕਿਤਾਬਾਂ ਖ਼ਰੀਦਣ ’ਤੇ ਬਹੁਤ ਖ਼ਰਚ ਕਰਦੇ ਸਨ ਤੇ ਜਾਂ ਫਿਰ ਕੋਈ ਗ਼ਰੀਬ, ਦੁਖੀ ਮਿਲ ਜਾਂਦਾ ਤਾਂ ਉਸ ਦੀ ਦਿਲ ਖੋਲ੍ਹ ਕੇ ਮਦਦ ਕਰ ਦੇਂਦੇ। ਸੋ, ਬਹੁਤ ਘਾਟਾ ਪਾ ਚੁੱਕਣ ਮਗਰੋਂ, ਅਖ਼ੀਰ ਸਾਡਾ ਮੈਗਜ਼ੀਨ (ਪੰਜ ਪਾਣੀ) ਬੰਦ ਹੋ ਗਿਆ। ਸਾਰਿਆਂ ਦੇ ਜ਼ੋਰ ਦੇਣ ਤੇ, ਫਿਰ ਵਪਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਸਾਡੀ ਸਾਖ ਚੰਗੀ ਸੀ, ਇਸ ਲਈ ਬਹੁਤ ਲੋਕਾਂ ਨੇ ਪੈਸਾ ਉਧਾਰ ਦੇ ਦਿਤਾ ਤਾਕਿ ਵਪਾਰ ਸ਼ੁਰੂ ਕਰ ਸਕੀਏ। ਜੇ.ਪੀ.ਸੀ. ਲਿਮਟਿਡ ਕੰਪਨੀ ਇਸ ਤਰ੍ਹਾਂ ਸ਼ੁਰੂ ਹੋਈ। 50 ਲੱਖ ਦਾ ਕਰਜ਼ਾ ਪੀ.ਐਫ਼.ਸੀ. ਨੇ ਵੀ ਦੇ ਦਿਤਾ। 2 ਕਰੋੜ ਨਾਲ ਸ਼ੁਰੂ ਹੋਈ ਕੰਪਨੀ, ਅਖ਼ੀਰ ਬਹੁਤ ਵੱਡੀ ਬਣ ਗਈ ਪਰ ਸ. ਜੋਗਿੰਦਰ ਸਿੰਘ ਨੂੰ ਅਮੀਰੀ ਤਾਂ ਜਿਵੇਂ ਰਾਸ ਹੀ ਨਹੀਂ ਆਉਂਦੀ। ਫਿਰ ਤੋਂ ਅਖ਼ਬਾਰ ਕੱਢਣ ਦਾ ਭੂਤ ਉਨ੍ਹਾਂ ਉਤੇ ਸਵਾਰ ਹੋ ਗਿਆ। ਸ. ਹੁਕਮ ਸਿੰਘ ਵਲੋਂ 1953 ਵਿਚ ਸ਼ੁਰੂ ਕੀਤਾ ‘ਸਪੋਕਸਮੈਨ’ ਵਿਕ ਰਿਹਾ ਸੀ। ਉਨ੍ਹਾਂ ਨੇ ਲੈ ਲਿਆ ਤੇ ਮੈਗਜ਼ੀਨ ਦੇ ਰੂਪ ’ਚ ਪੰਜਾਬੀ ਤੇ ਅੰਗਰੇਜ਼ੀ ’ਚ ਸਪੋਕਸਮੈਨ ਸ਼ੁਰੂ ਕਰ ਦਿਤਾ। ਫਿਰ ਸਫ਼ਰ ਸ਼ੁਰੂ ਹੋ ਗਿਆ ਰੋ²ਜ਼ਾਨਾ ਅਖ਼ਬਾਰ ਵਲ ਵਧਣ ਦਾ। ਇਕ ਦਿਨ ਅਚਾਨਕ ਮੈਨੂੰ ਤੇ ਅਪਣੀਆਂ ਦੁਹਾਂ ਬੇਟੀਆਂ ਨੂੰ ਕੋਲ ਬਿਠਾ ਕੇ ਕਹਿਣ ਲੱਗੇ, ‘‘ਇਹ ਜੋ ਸਾਰੀ ਜਾਇਦਾਦ ਬਣਾਈ ਹੈ, ਇਹ ਅਖ਼ਬਾਰ ਨੂੰ ਸਮਰਪਤ ਕਰਨਾ ਚਾਹੁੰਦਾ ਹਾਂ। ਤੁਹਾਨੂੰ ਕੁੱਝ ਨਹੀਂ ਮਿਲੇਗਾ। ਹੈ ਕਿਸੇ ਨੂੰ ਕੋਈ ਇਤਰਾਜ਼?’’
ਬੇਟੀਆਂ ਦਾ ਜਵਾਬ ਸੀ, ‘‘ਸਾਨੂੰ ਤੁਹਾਡੀ ਕਿਸੇ ਗੱਲ ’ਤੇ ਕੋਈ ਇਤਰਾਜ਼ ਨਹੀਂ ਪਰ ਅਸੀ ਤੁਹਾਨੂੰ ਸਾਰੀ ਉਮਰ ਅਪਣੀ ਕੌਮ ਲਈ ਸੰਘਰਸ਼ ਕਰਦੇ ਹੀ ਵੇਖਿਆ ਹੈ। ਹੁਣ ਜਾ ਕੇ ਸੌਖਾ ਹੋ ਸਕੇ ਹੋ। ਅਸੀ ਚਾਹੁੰਦੇ ਹਾਂ ਕਿ ਹੁਣ ਤੁਸੀ ਅਪਣੀ ਮਿਹਨਤ ਦਾ ਫੱਲ ਆਪ ਖਾਉ। ਕੌਮ ਨੇ ਪਹਿਲਾਂ ਵੀ ਤੁਹਾਡਾ ਕਦੇ ਮਾਣ ਸਤਿਕਾਰ ਨਹੀਂ ਕੀਤਾ ਤੇ ਅੱਜ ਸਾਰਾ ਕੁੱਝ ਦੇ ਦਿਉਗੇ ਤਾਂ ਵੀ ਇਸ ਨੇ ਤੁਹਾਡੇ ਬਾਰੇ ਕਦੇ ਚੰਗਾ ਨਹੀਂ ਸੋਚਣਾ। ਬਾਕੀ ਤੁਸੀ ਵੇਖ ਲਉ।’’
ਸ. ਜੋਗਿੰਦਰ ਸਿੰਘ ਦਾ ਜਵਾਬ ਸੀ, ‘‘ਇਤਿਹਾਸ ਵਿਚ, ਜਿਸ ਕਿਸੇ ਨੇ ਵੀ ਨਵੀਂ ਤੇ ਇਨਕਲਾਬੀ ਗੱਲ ਕੀਤੀ, ਉਸ ਨੂੰ ਜੁੱਤੀਆਂ ਹੀ ਪਈਆਂ। ਮੇਰੀ ਕਿਸਮਤ ’ਚ ਵੀ ਇਹੀ ਕੁੱਝ ਲਿਖਿਐ। ਪਰ ਮੈਂ ਅਪਣੇ ਜੀਵਨ ਦੀ ਸਾਰੀ ਕਮਾਈ ਕੇਵਲ ਅਪਣੀ ਅੰਤਰ-ਆਤਮਾ ਦੀ ਆਵਾਜ਼ ਸੁਣ ਕੇ ਅਰਪਣ ਕਰਨਾ ਚਾਹੁੰਦਾ ਹਾਂ, ਕਿਸੇ ਮਾਣ ਸਤਿਕਾਰ ਲਈ ਨਹੀਂ।’
’ਦੁਨੀਆਂ ਨੇ ਵੇਖਿਆ, ਸ. ਜੋਗਿੰਦਰ ਸਿੰਘ ਅਪਣੇ ਫ਼ੈਸਲੇ ਤੋਂ ਨਾ ਹਿੱਲੇ ਤੇ ਦੁਹਾਂ ਕੁੜੀਆਂ ਦੇ ਵਿਆਹ ਇਸ ਤਰ੍ਹਾਂ ਹੋ ਗਏ ਕਿ ਮੁੰਡੇ ਵਾਲੇ ਵੇਖਣ ਆਏ ਤੇ ਉਸੇ ਦਿਨ ਵਿਆਹ ਕੇ ਨਾਲ ਵੀ ਲੈ ਗਏ। ਦੋਵੇਂ ਘਰ ਏਨੇ ਚੰਗੇ ਮਿਲੇ ਕਿ ਦੁਹਾਂ ਨੇ ਹੀ ਸਾਡਾ ਕੁੱਝ ਨਾ ਖ਼ਰਚ ਹੋਣ ਦਿਤਾ। ਅਗਲੀ ਕਹਾਣੀ ਦਾ ਸੱਭ ਨੂੰ ਪਤਾ ਹੈ। ਅਖ਼ਬਾਰ ਸ਼ੁਰੂ ਹੋ ਗਈ ਤੇ ਇਸ ਨੇ ਤਹਿਲਕਾ ਵੀ ਮਚਾ ਦਿਤਾ ਪਰ ਦੋਖੀਆਂ ਨੇ ਇਸ ਦਾ ਵਿਰੋਧ ਕਰਨਾ ਨਾ ਛਡਿਆ। ਬਹੁਤ ਵਾਰੀ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈ ਜਿਸ ਦੇ ਪੱਖ ਵਿਚ ਸਪੋਕਸਮੈਨ ਦੇ ਸਮੂਹ ਪਾਠਕਾਂ ਤੇ ਸਹਿਯੋਗੀਆਂ ਨੇ ਇਕ ‘ਰੋਸ ਮਾਰਚ’ ਵੀ ਕਢਿਆ ਸੀ। ਜਿਸ ਸਮੇਂ ਅਖ਼ਬਾਰ ਨੂੂੰ ਨਿਰੰਤਰ ਜਾਰੀ ਰੱਖਣ ਬਾਰੇ ਸੋਚਿਆ ਜਾ ਰਿਹਾ ਸੀ, ਉਸ ਸਮੇਂ ਸ. ਜੋਗਿੰਦਰ ਸਿੰਘ ਅਪਣੇ ਅਗਲੇ ਟੀਚੇ ‘ਉੱਚਾ ਦਰ ਬਾਬੇ ਨਾਨਕ ਦਾ’ ਬਾਰੇ ਵੀ ਅਖ਼ਬਾਰ ’ਚ ਲਗਾਤਾਰ ਬੇਨਤੀਆਂ ਕਰਦੇ ਆ ਰਹੇ ਸਨ। ਉਨ੍ਹਾਂ ਦੀ ਮਿਹਨਤ ਤੇ ਪਾਠਕਾਂ ਨੂੰ ਕੀਤੀਆਂ ਬੇਨਤੀਆਂ ਦਾ ਨਤੀਜਾ ਇਹ ਨਿਕਲਿਆ ਕਿ 14 ਅਪ੍ਰੈਲ 2024 ਨੂੰ ‘ਉੱਚਾ ਦਰ ਬਾਬੇ ਨਾਨਕ ਦਾ ਤਿਆਰ ਕਰ ਕੇ, ਰੂਹਾਨੀਅਤ ਦਾ ਇਹ ਦਰ ਲੋਕਾਂ ਨੂੰ ਅਰਪਿਤ ਕਰ ਦਿਤਾ।
ਛੋਟੀ ਬੇਟੀ ਨਿਮਰਤ ਕੌਰ ਅਪਣੇ ਪਾਪਾ ਦਾ ਹਰ ਸੁਪਨਾ ਪੂਰਾ ਕਰਨ ਲਈ ਬਹੁਤ ਮਿਹਨਤ ਕਰ ਰਹੀ ਹੈ। ਉਹ ਸ. ਜੋਗਿੰਦਰ ਸਿੰਘ ਦਾ ਅਗਲਾ ਸੁਪਨਾ ਜੋ ‘ਟੀਵੀ ਚੈਨਲ’ ਸ਼ੁਰੂ ਕਰਨ ਦਾ ਸੀ, ਉਸ ਨੂੰ ਬਹੁਤ ਜਲਦੀ ਪੂਰਾ ਕਰਨ ਜਾ ਰਹੀ ਹੈ। ਨਿਮਰਤ ਚਾਹੁੰਦੀ ਹੈ ਕਿ ਸ. ਜੋਗਿੰਦਰ ਸਿੰਘ ਨੇ ਜਿਹੜੇ ਸੁਪਨੇ ਵੇੇਖੇ ਸਨ, ਉਹ ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰੇ ਕਰ ਵਿਖਾਏ। ਖ਼ੈਰ, ‘ਸਪੋਕਸਮੈਨ ਦੇ ਪਾਠਕਾਂ ਨੂੰ ਵਧਾਈਆਂ, ਵਧਾਈਆਂ ਤੇ ਲੱਖ-ਲੱਖ ਵਧਾਈਆਂ ਕਿ ਬਾਬੇ ਨਾਨਕ ਦੀ ਕਿ੍ਰਪਾ ਅਤੇ ਤੁਹਾਡੇ ਸਿਰੜ ਸਦਕਾ, 19 ਸਾਲਾਂ ਵਿਚ ਉਨ੍ਹਾਂ ਟੀਸੀਆਂ ’ਤੇ ਤੁਹਾਡਾ ਅਖ਼ਬਾਰ ਪਹੁੰਚ ਗਿਆ ਹੈ ਜਿਨ੍ਹਾਂ ਨੂੰ ਛੂਹਣ ਬਾਰੇ ਅਸੀ ਵੀ ਕਦੇ ਕਿਆਸ ਵੀ ਨਹੀਂ ਸੀ ਕੀਤਾ। ( ਮੈਡਮ ਜਗਜੀਤ ਕੌਰ)