
ਜਨਰੇਟਰ ਬਿਜਲੀ ਪੈਦਾ ਕਰਦਾ ਹੈ ਤੇ ਜੱਫੀ ਪਿਆਰ ਪੈਦਾ ਕਰਦੀ ਹੈ ਜੋ ਸ੍ਰੀਰ ਨੂੰ ਹੀ ਨਹੀਂ, ਆਤਮਾ ਨੂੰ ਵੀ ਠੰਢ ਪਾ ਦੇਂਦੀ ਹੈ।
ਅਸੀ ਛੋਟੇ ਹੁੰਦਿਆਂ ਤੋਂ ਇਕੋ ਗੱਲ ਸੁਣਦੇ ਆ ਰਹੇ ਸੀ ਕਿ ਸਦਾ ਇਕ ਦੂਜੇ ਨਾਲ ਮਿਲ ਕੇ ਰਹੋ ਤੇ ਇਕ ਦੂਜੇ ਨੂੰ ਮਿਲੋ ਤਾਂ ਘੁਟ ਕੇ ਜੱਫੀ ਪਾ ਕੇ ਮਿਲੋ ਕਿਉਂਕਿ ਜੱਫੀ ਪਿਆਰ ਦੀ ਮਾਂ ਹੁੰਦੀ ਹੈ। ਕਿਉਂ? ਕਿਉਂਕਿ ਜੱਫੀ ਪਾਉਣ ਵਾਲਿਆਂ ਦੇ ਦਿਲ, ਇਕ ਦੂਜੇ ਨੂੰ ਕਲਾਵੇ ਵਿਚ ਲੈ ਲੈਂਦੇ ਹਨ ਤਾਂ ਉਸ ਸਮੇਂ ਤਕ ਪ੍ਰੇਮ ਦੀ ਚੁੱਪ ਭਾਸ਼ਾ ਦਿਲਾਂ ਵਿਚ ਗੂੰਜਦੀ ਰਹਿੰਦੀ ਹੈ ਜਦ ਤਕ ਜੱਫੀ ਖੁਲ੍ਹਦੀ ਨਹੀਂ।
Corona Case
ਅੰਗਰੇਜ਼ ਲੋਕ ‘ਆਈ ਲਵ ਯੂ’ ਕਹਿ ਕੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ ਪਰ ਸਾਡੀ ਇਕ ਜੱਫੀ ਮੂੰਹੋਂ ਕੁੱਝ ਵੀ ਕਹਿਣ ਦੀ ਲੋੜ ਹੀ ਨਹੀਂ ਰਹਿਣ ਦੇਂਦੀ ਤੇ ਜੱਫੀ ਅਪਣੀ ਖ਼ਾਮੋਸ਼ ਜ਼ਬਾਨ ਵਿਚ ਦੋ ਦਿਲਾਂ ਨੂੰ ਕਹਿ ਰਹੀ ਹੁੰਦੀ ਏ ‘‘ਤੂੰ ਪਿੱਛੇ ਨਾ ਹਟੀਂ, ਮੇਰਾ ਪਿਆਰ ਸਦਾ ਲਈ ਏਸੇ ਤਰ੍ਹਾਂ ਬਣਿਆ ਰਹੇਗਾ। ਉਹ ਸ਼ਬਦ ਮੇਰੇ ਕੋਲ ਨਹੀਂ ਜਿਨ੍ਹਾਂ ਰਾਹੀਂ ਮੈ ਦਸ ਸਕਾਂ, ਮੈਂ ਤਨੂੰ ਕਿੰਨਾ ਪਿਆਰ ਕਰਦਾ/ਕਰਦੀ ਹਾਂ।’’
corona virus
ਜਿੰਨਾ ਪਿਆਰ ਗੂੜ੍ਹਾ ਹੋਵੇ, ਓਨਾ ਹੀ ਦਿਲ ਕਰਦਾ ਹੈ ਕਿ ਜੱਫੀ ਖੁਲ੍ਹੇ ਹੀ ਨਾ। ਅੱਖਾਂ ’ਚੋਂ ਕਈ ਵਾਰ ਪਾਣੀ ਵੀ ਛਲਕ ਰਿਹਾ ਹੁੰਦਾ ਹੈ, ਜ਼ਬਾਨ ਖ਼ਾਮੋਸ਼ ਹੁੰਦੀ ਹੈ ਪਰ ਜੱਫੀ ਤੋਂ ਵੱਖ ਹੋਣ ਨੂੰ ਦਿਲ ਨਹੀਂ ਕਰਦਾ। ਹਾਂ, ਹੋਰ ਗੱਲਾਂ ਵਾਂਗ, ਕਈ ਵਾਰ ਐਵੇਂ ਰਸਮ ਪੂਰੀ ਕਰਨ ਲਈ ਵੀ ਜੱਫੀ ਪਾਈ ਜਾਂਦੀ ਹੈ ਪਰ ਉਦੋਂ ਦਿਲ ਨਹੀਂ ਮਿਲ ਰਹੇ ਹੁੰਦੇ, ਕੇਵਲ ਸ੍ਰੀਰ ਹੀ ਮਿਲ ਰਹੇ ਹੁੰਦੇ ਹਨ। ਇਨ੍ਹਾਂ ਰਸਮੀ ਜੱਫੀਆਂ ਨੂੰ ਛੱਡ ਦਿਉ ਤਾਂ ਅਸਲ ਜੱਫੀ ਸਾਡੇ ਸੱਚੇ ਪਿਆਰ ਦੀ ਹੀ ਨਿਸ਼ਾਨੀ ਮੰਨੀ ਜਾਂਦੀ ਹੈ ਤੇ ਹਜ਼ਾਰ ‘ਆਈ ਲਵ ਯੂ’ ਤੇ ਸ਼ੇਅਰ-ਓ-ਸ਼ਾਇਰੀ ਇਕ ਪਾਸੇ ਇਕੱਠੇ ਹੋ ਜਾਣ, ਤਾਂ ਵੀ ਦੂਜੇ ਪਾਸੇ ਇਕ ਸੱਚੀ ਜੱਫੀ, ਪਿਆਰ ਪੈਦਾ ਕਰਨ ਦਾ ਵੱਡਾ ‘ਜਨਰੇਟਰ’ ਸਾਬਤ ਹੁੰਦੀ ਹੈ। ਜਨਰੇਟਰ ਬਿਜਲੀ ਪੈਦਾ ਕਰਦਾ ਹੈ ਤੇ ਜੱਫੀ ਪਿਆਰ ਪੈਦਾ ਕਰਦੀ ਹੈ ਜੋ ਸ੍ਰੀਰ ਨੂੰ ਹੀ ਨਹੀਂ, ਆਤਮਾ ਨੂੰ ਵੀ ਠੰਢ ਪਾ ਦੇਂਦੀ ਹੈ।
Corona Virus
ਪਰ ਕੋਰੋਨਾ ਦਾ ਜਿੰਨ ਜਾਂ ਭੂਤ, ਸੱਭ ਤੋਂ ਵੱਧ ਸਾਡੀ ਜੱਫੀ ਨੂੰ ਨਫ਼ਰਤ ਕਰਦਾ ਹੈ। ਉਹ ਕਹਿੰਦਾ ਹੈ, ‘‘ਖ਼ਬਰਦਾਰ ਜੇ ਜੱਫੀ ਪਾਈ, ਮੈਂ ਤੁਹਾਨੂੰ ਆ ਫੜਾਂਗਾ ਤੇ ਦੁਖ ਦੇਵਾਂਗਾ।’’ ਇਹ ਜਿੰਨ ਭੂਤ ਇਥੇ ਹੀ ਨਹੀਂ ਰੁਕਦਾ, ਲੋਕਾਂ ਦੇ ਦਿਲਾਂ ਵਿਚ ਏਨਾ ਡਰ ਪਾ ਦਿਤਾ ਹੈ ਇਸ ਨੇ ਕਿ ਜੇ ਕੋਈ ਰਿਸ਼ਤੇਦਾਰ ਕੋਰੋਨਾ ਕਾਰਨ ਮਰ ਵੀ ਜਾਵੇ ਤਾਂ ਘਰ ਵਾਲੇ ਉਸ ਦਾ ਸਸਕਾਰ ਵੀ ਕਰਨ ਨਹੀਂ ਜਾਂਦੇ ਅਤੇ ਮਰਨ ਵਾਲੇ ਦੇ ਰਿਸ਼ਤੇਦਾਰ ਮਿੱਤਰ ਉਸ ਦੇ ਘਰ ਵਾਲਿਆਂ ਤੋਂ ਵੀ ਦੂਰ ਭੱਜਣ ਲਗਦੇ ਹਨ। ਬੀਮਾਰੀਆਂ ਪਹਿਲਾਂ ਵੀ ਹੁੰਦੀਆਂ ਸਨ, ਲੱਗ ਵੀ ਜਾਂਦੀਆਂ ਸਨ ਤੇ ਦਵਾਈ ਅੰਦਰ ਜਾਣ ਤੇ, ਭੱਜ ਵੀ ਜਾਂਦੀਆਂ ਸਨ। ਬੜੀਆਂ ਭਲੀਆਂਮਾਣਸ ਬਿਮਾਰੀਆਂ ਸਨ ਨਾ ਉਹ, ਭਲੇ ਵੇਲੇ ਸਨ ਨਾ ਉਹ। ਬੰਦੇ ਵੀ ਭਲੇ ਲੋਕ ਤੇ ਉਨ੍ਹਾਂ ਨੂੰ ਲੱਗਣ ਵਾਲੀਆਂ ਬੀਮਾਰੀਆਂ ਵੀ ਸਾਊ ਜਹੀਆਂ। ਥੋੜੀ ਦੇਰ ਅਪਣਾ ਜ਼ੋਰ ਵਿਖਾ ਕੇ ਚਲੀਆਂ ਜਾਂਦੀਆਂ ਸਨ।
Corona Virus
ਹੁਣ ਤਾਂ ਕੈਂਸਰ ਹੋਵੇ ਜਾਂ ਕੋਰੋਨਾ, ਪਿੱਛਾ ਹੀ ਨਹੀਂ ਛਡਦੀਆਂ ਤੇ ਬੰਦੇ ਨੂੰ ਨਾਲ ਲਿਜਾ ਕੇ ਹੀ ਸ਼ਾਂਤ ਹੁੰਦੀਆਂ ਹਨ। ਪਰ ਕੋਰੋਨਾ ਤਾਂ ਸੱਭ ਤੋਂ ਵੱਡੀ ਭੁਤਣੀ ਹੈ। ਕਿਸੇ ਨੂੰ ਲੱਗਣ ਤੋਂ ਪਹਿਲਾਂ ਵੀ ਉਸ ਅੰਦਰ ਡਰ ਪੈਦਾ ਕਰੀ ਰਖਦੀ ਹੈ ਤੇ ਦੂਰ ਰਹਿ ਕੇ ਵੀ ਸੱਭ ਨੂੰ ਇਹੀ ‘ਹੁਕਮਨਾਮੇ’ ਭੇਜਦੀ ਰਹਿੰਦੀ ਹੈ ਕਿ:‘‘ਖ਼ਬਰਦਾਰ! ਇਕ ਦੂਜੇ ਤੋਂ ਦੂਰ ਹੋ ਕੇ ਰਹਿਣਾ। ਕਿਸੇ ਨਾਲ ਨੇੜਤਾ ਨਹੀਂ ਬਣਾਉਣੀ। ਦੂਰ ਦੂਰ ਰਹਿਣਾ। ਮੂੰਹ ਕੱਜ ਕੇ ਗੱਲ ਕਰਨੀ। ਮੈਨੂੰ ਮੇਲ-ਜੋਲ ਅਤੇ ਪਿਆਰ ਚੰਗੇ ਨਹੀਂ ਲਗਦੇ। ਜੱਫੀ ਤੋਂ ਤਾਂ ਮੈਨੂੰ ਸਖ਼ਤ ਨਫ਼ਰਤ ਹੈ। ਜਿਹੜੇ ਵੀ ਇਕ ਦੂਜੇ ਦੇ ਨੇੜੇ ਹੋਣ ਦਾ ਯਤਨ ਕਰਨਗੇ, ਉਨ੍ਹਾਂ ਸੱਭ ਨੂੰ ਮੈਂ ਖਾ ਜਾਵਾਂਗੀ। ਮੇਰੇ ਤੋਂ ਡਰ ਕੇ ਰਹੋ।
Corona virus
ਆਪਸੀ ਪ੍ਰੇਮ-ਪਿਆਰ, ਜੱਫੀਆਂ ਜੁੱਫੀਆਂ ਤੇ ਇਕੱਠ ਕਰਨ ਦੀ ਗੱਲ ਭੁਲ ਜਾਉ। ਮੇਰੀ ਤਰ੍ਹਾਂ ਇਕੱਲੇ ਰਹਿ ਕੇ, ਯਾਰਾਂ ਮਿਤਰਾਂ ਤੋਂ ਦੂਰ ਰਹਿ ਕੇ ਜੀਣਾ ਸਿਖੋ ਨਹੀਂ ਤਾਂ ਖਾ ਜਾਵਾਂਗੀ ਸਾਰਿਆਂ ਨੂੰ।’’ ਮੈਂ ਸਾਰੀ ਉਮਰ ਅਜਿਹੀ ਹਾਲਤ ਕਦੇ ਨਹੀਂ ਵੇਖੀ ਜਦ ਨਾ ਕੋਈ ਕਿਸੇ ਨੂੰ ਘਰ ਬੁਲਾਉਂਦਾ ਹੈ, ਨਾ ਆਪ ਕਿਸੇ ਦੇ ਘਰ ਜਾਂਦਾ ਹੈ। ਜੇ ਮੈਨੂੰ ਵੀ ਕੋਈ ਅਣਜਾਣ ਬੰਦਾ ਮਿਲਣ ਆ ਜਾਏ ਤਾਂ ਬੱਚੇ ਮੈਨੂੰ ਰੋਕ ਦੇਂਦੇ ਹਨ ਕਿ, ‘‘ਤੁਸੀ ਨਹੀਂ ਮਿਲਣਾ, ਕੀ ਪਤਾ ਕੋਰੋਨਾ ਦਾ ਮਰੀਜ਼ ਹੀ ਹੋਵੇ।’’ ਬੱਚਿਆਂ ਨੂੰ ਅਪਣੀ ਘੱਟ ਤੇ ਮੇਰੀ ਚਿੰਤਾ ਜ਼ਿਆਦਾ ਰਹਿੰਦੀ ਹੈ।
Corona Virus
ਹਰ ਘਰ ਵਿਚ ਹੀ ਇਸ ਤਰ੍ਹਾਂ ਹੋ ਰਿਹਾ ਹੈ। ਕੋਈ ਮਿਲਣ ਆ ਜਾਏ ਤਾਂ ਖ਼ੁਸ਼ੀ ਕਿਸੇ ਨੂੰ ਨਹੀਂ ਹੁੰਦੀ ਤੇ ਚਿੰਤਾ ਦੀਆਂ ਲਕੀਰਾਂ ਮੱਥੇ ਤੇ ਦਿੱਸਣ ਲਗਦੀਆਂ ਹਨ। ਕੀ ਅਗਲੇ ਨੇ ਕੁੱਝ ਖੋਹ ਲੈਣਾ ਹੈ? ਨਹੀਂ, ਜੋ ਉਸ ਨੇ ਤੁਹਾਨੂੰ ਦੇ ਦੇਣਾ ਹੈ (ਬੀਮਾਰੀ), ਉਸੇ ਦੀ ਸੋਚ ਕੇ ਹੀ ਡਰ ਲੱਗਣ ਲੱਗ ਜਾਂਦਾ ਹੈ। ਕੇਹੇ ਵਕਤ ਆ ਗਏ ਹਨ। ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਉਣ ਦੇ ਯਤਨ ਤਾਂ ਅਜੇ ਅੱਧੇ ਅਧੂਰੇ ਚਲ ਰਹੇ ਸਨ। ਕੁੱਝ ਸਾਲ ਇਸੇ ਤਰ੍ਹਾਂ ‘ਕੋਰੋਨਾ ਰਾਜ’ ਰਿਹਾ ਤਾਂ ਮਨੁੱਖ, ਸੱਚਮਚ ਹੀ ਰਲ ਮਿਲ ਕੇ ਰਹਿਣਾ ਤੇ ਜੱਫੀਆਂ ਪਾ ਕੇ ਮਿਲਣਾ ਹੀ ਭੁੱਲ ਜਾਏਗਾ। ਰੱਬ ਖ਼ੈਰ ਕਰੇ!
Corona Virus
ਉੱਚਾ ਦਰ ਬਾਬੇ ਨਾਨਕ ਦਾ
‘ਉੱਚਾ ਦਰ ਬਾਬੇ ਨਾਨਕ ਦਾ’ ਦੇ ਮੈਂਬਰਾਂ ਨੂੰ ਵੰਗਾਰ ਪਾਈ ਸੀ ਕਿ ਉਹ ਸਾਰੇ ਹੀ ਅਪਣੀ ਜਿੰਮੇਵਾਰੀ ਨਿਭਾਉਣ ਤੇ ਹਜ਼ਾਰ-1200 ਮੈਂਬਰ ਵੀ 50-50 ਹਜ਼ਾਰ ਤੇ ਇਕ ਇਕ ਲੱਖ ਉੱਚਾ ਦਰ ਨੂੰ ਸ਼ੁਰੂ ਕਰਨ ਲਈ ਕੱਢ ਦੇਣ ਤਾਂ ਉੱਚਾ ਦਰ ਤੁਰਤ ਚਾਲੂ ਹੋ ਸਕਦਾ ਹੈ। ਮੈਂਬਰਾਂ ਦਾ ਤਾਂ ਇਹ ਫ਼ਰਜ਼ ਵੀ ਬਣਦਾ ਹੈ। ਪਰ ਉਹ ਅਪਣਾ ਫ਼ਰਜ਼ ਪੂਰਾ ਕਰਨ ਤੋਂ ਜਿਵੇਂ ਭੱਜ ਰਹੇ ਹਨ, ਸੋਚਣਾ ਪਵੇਗਾ ਕਿ ਮੈਂਬਰਸ਼ਿਪ ਜਾਰੀ ਰੱਖਣ ਦਾ ਸਾਰਾ ਮਾਮਲਾ ਹੀ ਫਿਰ ਤੋਂ ਕਿਉਂ ਨਾ ਵਿਚਾਰਿਆ ਜਾਵੇ? ਹਾਲਾਤ ਠੀਕ ਹੋ ਲੈਣ ਤਾਂ ਇਸ ਬਾਰੇ ਜ਼ਰੂਰ ਵਿਚਾਰ ਕੀਤੀ ਜਾਵੇਗੀ। ਜੇ ਬੱਚਾ ਵੀ ਅਪਣੀ ਜਿੰਮੇਵਾਰੀ ਪੂਰੀ ਨਾ ਕਰੇ ਤਾਂ ਬਾਪ ਉਸ ਨੂੰ ਫ਼ਾਰਖ਼ੱਤੀ ਦੇ ਕੇ ਘਰੋਂ ਬੇਦਖ਼ਲ ਕਰ ਦੇਂਦਾ ਹੈ। ਜੇ ਮੈਂਬਰ ਅਪਣੀ ਸੰਸਥਾ ਦੀ ਪ੍ਰਵਾਹ ਹੀ ਨਾ ਕਰਨ ਤਾਂ ਉਨ੍ਹਾਂ ਨੂੰ ਤਾਕਤਾਂ ਕਿਉਂ ਦਿਤੀਆਂ ਜਾਣ? ਠੰਢੇ ਦਿਲ ਨਾਲ ਸਾਰੇ ਮਸਲੇ ਤੇ ਖੁਲ੍ਹ ਕੇ ਵਿਚਾਰ ਕੀਤੀ ਜਾਵੇਗੀ।
Ucha Dar Babe Nanak Da
ਇਸ ਵੇਲੇ ਮੈਂ ਸਾਰੇ ਨਾਨਕ-ਨਾਮ ਲੇਵਾ ਸਿੱਖਾਂ ਨੂੰ ਕਹਾਂਗਾ ਕਿ ਸਫ਼ਾ 7 ’ਤੇ ਪੜ੍ਹ ਲਉ ਕਿ ਉੱਚਾ ਦਰ ਵਿਚ ਕੀ ਹੋਵੇਗਾ। ਕੀ ਦੁਨੀਆਂ ਭਰ ਵਿਚ ਅਜਿਹਾ ਕੁੱਝ ਵਿਖਾਉਣ ਵਾਲਾ ਹੋਰ ਕੋਈ ਸਥਾਨ ਮਿਲ ਸਕਦਾ ਹੈ? ਕੀ ਕੋਈ ਹੋਰ ਸਥਾਨ ਤੁਹਾਡੀ ਅਗਲੀ ਪੀੜ੍ਹੀ (ਨੌਜੁਆਨਾਂ) ਨੂੰ ਉਹ ਕੁੱਝ ਦੇ ਸਕਦੀ ਹੈ ਜੋ ‘ਉੱਚਾ ਦਰ’ ਦੇ ਸਕਦਾ ਹੈ? ਜੇ ਹਾਂ ਤਾਂ ਦੱਸੋ ਕਿਥੇ ਹੈ? ਜੇ ਨਹੀਂ ਤਾਂ ਇਸ ਨੂੰ ਸ਼ੁਰੂ ਕਰਨ ਲਈ ਅਪਣਾ ਹਿੱਸਾ ਪਾਉਣ ਵਿਚ ਦੇਰੀ ਨਾ ਕਰੋ। ਸਫ਼ਾ 7 ਪੜ੍ਹੋ ਤੇ ਅੱਜ ਹੀ ਕੂਪਨ ਭਰ ਕੇ ਜ਼ਿੰਮੇਵਾਰੀ ਨਿਭਾਉੇ। ਜੋਗਿੰਦਰ ਸਿੰਘ