ਜਦੋਂ ਮੈਨੂੰ ਤੇ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਜੰਮੂ ਦੇ ਸਮਾਗਮ ਵਿਚ ਸ਼ਾਮਲ ਹੋਣੋਂ ਸਰਕਾਰੀ....
Published : Jan 16, 2019, 9:56 am IST
Updated : Jan 16, 2019, 9:56 am IST
SHARE ARTICLE
Sardar Joginder Singh And Gurbaksh Singh Kala Afghana during a function
Sardar Joginder Singh And Gurbaksh Singh Kala Afghana during a function

ਜਦੋਂ ਮੈਨੂੰ ਤੇ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਜੰਮੂ ਦੇ ਸਮਾਗਮ ਵਿਚ ਸ਼ਾਮਲ ਹੋਣੋਂ ਸਰਕਾਰੀ ਹੁਕਮਾਂ ਨਾਲ ਰੋਕ ਦਿਤਾ ਗਿਆ! ......

11 ਅਪ੍ਰੈਲ, 2004 ਨੂੰ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਚੰਡੀਗੜ੍ਹ ਆਏ। ਸਾਰੇ ਪੰਜਾਬ ਵਿਚੋਂ, ਹਜ਼ਾਰਾਂ ਸਿੱਖ, ਸਪੋਕਸਮੈਨ ਦੇ ਸੱਦੇ ਉਤੇ ਚੰਡੀਗੜ੍ਹ ਆਏ ਤੇ ਉਨ੍ਹਾਂ ਨੇ ਸ. ਕਾਲਾ ਅਫ਼ਗ਼ਾਨਾ ਦਾ ਸ਼ਾਨਦਾਰ ਸਵਾਗਤ ਕੀਤਾ। ਉਥੇ ਹੀ ਜੰਮੂ ਕਸ਼ਮੀਰ ਤੋਂ ਆਏ ਉਤਸ਼ਾਹੀ ਸਪੋਕਸਮੈਨ-ਪ੍ਰੇਮੀਆਂ ਨੇ ਐਲਾਨ ਕੀਤਾ ਕਿ 25 ਅਪ੍ਰੈਲ ਨੂੰ, ਪੁਜਾਰੀਆਂ ਵਲੋਂ ਛੇਕੇ ਗਏ ਦੋਹਾਂ ਸਿੱਖਾਂ (ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਤੇ ਐਡੀਟਰ ਸਪੋਕਸਮੈਨ) ਨੂੰ ਜੰਮੂ ਵਿਚ ਸਨਮਾਨਤ ਕੀਤਾ ਜਾਵੇਗਾ ਤੇ ਵਿਸ਼ਾਲ ਸਮਾਗਮ ਕੀਤਾ ਜਾਵੇਗਾ। 24 ਅਪ੍ਰੈਲ ਨੂੰ ਸ਼ਾਮ 5 ਵਜੇ ਅਸੀ ਤਿਆਰ ਹੋ ਕੇ, ਦਰਵਾਜ਼ੇ ਬੰਦ ਕਰ ਹੀ ਰਹੇ ਸੀ ਕਿ ਟੈਲੀਫ਼ੋਨ ਦੀ ਘੰਟੀ ਖੜਕੀ।

ਟੈਲੀਫ਼ੋਨ ਸੁਣਿਆ ਤਾਂ ਦੂਜੇ ਪਾਸੇ ਤੋਂ ਪ੍ਰਿੰਸੀਪਲ ਨਰਿੰਦਰ ਸਿੰਘ ਕਹਿ ਰਹੇ ਸਨ, ''ਤੁਸੀ ਅਜੇ ਜੰਮੂ ਵਲ ਚਾਲੇ ਤਾਂ ਨਹੀਂ ਪਾਏ?'' ''ਕਾਰ ਵਿਚ ਬੈਠਣ ਹੀ ਲਗੇ ਸੀ ਕਿ ਤੁਹਾਡਾ ਫ਼ੋਨ ਆ ਗਿਆ'', ਅਸੀ ਦਸਿਆ। ''ਤਾਂ ਫਿਰ ਰੁਕ ਜਾਉ ਕਿਉਂਕਿ ਹੁਣੇ ਹੁਣੇ ਡੀ.ਸੀ. ਦਾ ਲਿਖਤੀ ਹੁਕਮ ਆ ਗਿਆ ਹੈ ਕਿ ਤੁਹਾਨੂੰ ਜੰਮੂ ਵਿਚ ਕਿਸੇ ਵੀ ਸਮਾਗਮ ਵਿਚ ਸ਼ਾਮਲ ਨਹੀਂ ਹੋਣ ਦਿਤਾ ਜਾਏਗਾ, ਨਾ ਹੀ ਸ. ਕਾਲਾ ਅਫ਼ਗ਼ਾਨਾ ਨੂੰ। ਹੋ ਸਕਦੈ ਤੁਹਾਨੂੰ ਜੰਮੂ ਵਿਚ ਦਾਖ਼ਲ ਹੁੰਦਿਆਂ, ਗ੍ਰਿਫ਼ਤਾਰ ਵੀ ਕਰ ਲੈਣ, ਇਸ ਲਈ ਤੁਸੀ ਅਜੇ ਨਾ ਹੀ ਆਉ'', - ਇਹ ਸਲਾਹ ਪ੍ਰਿੰਸੀਪਲ ਨਰਿੰਦਰ ਸਿੰਘ ਦੇ ਰਹੇ ਸਨ। 

ਸਾਡੇ ਕੋਲ ਹੋਰ ਕੋਈ ਚਾਰਾ ਹੀ ਨਾ ਰਿਹਾ ਕਿ ਅਸੀ ਅਪਣਾ ਸਮਾਨ ਖੋਲ੍ਹ ਕੇ, ਅੰਦਰ ਰਖ ਦਈਏ ਤੇ ਜੰਮੂ ਜਾਣ ਦੀ ਗੱਲ ਸੋਚਣੀ ਬੰਦ ਕਰ ਦਈਏ। ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਪਾਬੰਦੀ ਲੱਗਣ ਤੋਂ ਇਕ ਦਿਨ ਪਹਿਲਾਂ ਹੀ ਪਹੁੰਚ ਗਏ ਸਨ। ਉੁਨ੍ਹਾਂ ਦੇ ਮਾਣ ਵਿਚ ਕੋਈ ਸਮਾਗਮ ਤਾਂ ਨਾ ਕੀਤਾ ਜਾ ਸਕਿਆ ਪਰ ਵੱਖ ਵੱਖ ਘਰਾਂ ਵਿਚ ਲਿਜਾ ਕੇ, ਉਨ੍ਹਾਂ ਨੂੰ ਉਥੇ ਜੁੜੇ ਲੋਕਾਂ ਨਾਲ ਅਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ। ਹੁਣੇ ਦੋ ਦਿਨ ਪਹਿਲਾਂ, ਪ੍ਰੋ. ਦਰਸ਼ਨ ਸਿੰਘ ਜੰਮੂ ਜਾ ਕੇ ਕੀਰਤਨ ਕਰ ਆਏ ਪਰ ਇਸ ਵਾਰ, ਨਾ ਤਾਂ ਡੀ. ਸੀ. ਨੇ ਕੋਈ ਹੁਕਮ ਕਢਿਆ ਤੇ ਨਾ ਸ਼੍ਰੋਮਣੀ ਕਮੇਟੀ ਨੇ ਕੋਈ ਚਾਰਾਜੋਈ ਕੀਤੀ।

ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਨਾਲ, ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਅਤੇ 'ਐਡੀਟਰ ਸਪੋਕਸਮੈਨ' ਉਤੇ ਜੰਮੂ ਕਸ਼ਮੀਰ ਵਿਚ ਕਿਸੇ ਵੀ ਜਨ-ਸਮਾਗਮ ਵਿਚ ਸ਼ਾਮਲ ਹੋਣ 'ਤੇ ਪਾਬੰਦੀ ਲਾ ਦਿਤੀ ਗਈ। ਇਹ ਪਾਬੰਦੀ ਸ਼੍ਰੋਮਣੀ ਕਮੇਟੀ, ਅੰਮ੍ਰਿਤਸਰ ਵਾਲਿਆਂ ਨੇ, ਜੰਮੂ ਕਸ਼ਮੀਰ ਸਰਕਾਰ ਤਕ ਪਹੁੰਚ ਕਰ ਕੇ ਲਗਵਾਈ।Orders 

ਕੀ ਕਾਲਾ ਅਫ਼ਗ਼ਾਨਾ ਤੇ ਜੋਗਿੰਦਰ ਸਿੰਘ ਜ਼ਿਆਦਾ ਖ਼ਤਰਨਾਕ ਸਨ ਜਾਂ ਕੋਈ ਹੋਰ ਗੱਲ ਹੈ? ਇਸ ਸਮੇਂ ਮਾਸਕ ਸਪੋਕਸਮੈਨ (ਮਈ, 2004) ਵਿਚ ਛਪੀ ਰਿਪੋਰਟ ਪਾਠਕਾਂ ਦੇ ਧਿਆਨ ਗੋਰਚੇ ਦੁਬਾਰਾ ਪੇਸ਼ ਕਰ ਰਿਹਾ ਹਾਂ। ਪਾਠਕ ਆਪੇ ਅਨੁਮਾਨ ਲਗਾ ਲੈਣ। 11 ਅਪ੍ਰੈਲ ਨੂੰ ਭਾਰਤ ਭਰ ਵਿਚੋਂ ਹਜ਼ਾਰਾਂ ਪਾਠਕ ਚੰਡੀਗੜ੍ਹ ਪੁੱਜੇ। ਉਥੇ ਮੌਜੂਦ ਜੰਮੂ ਕਸ਼ਮੀਰ ਦੇ ਸਿੰਘਾਂ ਨੇ ਫ਼ੈਸਲਾ ਕੀਤਾ ਕਿ ਉਹ 25 ਅਪ੍ਰੈਲ ਨੂੰ ਜੰਮੂ ਵਿਚ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਅਤੇ ਸ. ਜੋਗਿੰਦਰ ਸਿੰਘ ਸਪੋਕਸਮੈਨ ਨੂੰ ਇਕ ਵਿਸ਼ੇਸ਼ ਸਮਾਗਮ ਵਿਚ ਸਨਮਾਨ ਪੱਤਰ ਦੇਣਗੇ।

ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੇ ਤੁਰਤ ਪ੍ਰਵਾਨਗੀ ਦੇ ਦਿਤੀ ਪਰ ਅਪਣੇ ਰੁਝੇਵਿਆਂ ਕਾਰਨ ਸ. ਜੋਗਿੰਦਰ ਸਿੰਘ ਨੇ ਸੋਚਣ ਲਈ ਕੁੱਝ ਸਮਾਂ ਮੰਗਿਆ। ਉਧਰ ਜੰਮੂ ਪੁਜਦਿਆਂ ਹੀ 'ਸਪੋਕਸਮੈਨ' ਦੇ ਪ੍ਰੇਮੀ ਸਿੰਘਾਂ ਨੇ ਟੀਵੀ ਅਤੇ ਹੋਰ ਸਾਧਨਾਂ ਰਾਹੀਂ ਇਹ ਸੂਚਨਾ ਦੇ ਦਿਤੀ ਕਿ ਉਪ੍ਰੋਕਤ ਦੋਵੇਂ ਹਸਤੀਆਂ ਸਨਮਾਨ ਸਮਾਰੋਹ ਵਿਚ ਪੁੱਜ ਰਹੀਆਂ ਹਨ। 20 ਅਪ੍ਰੈਲ ਨੂੰ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਕਰਤਾ-ਧਰਤਾ ਸਰਗਰਮ ਹੋ ਗਏ ਤੇ 'ਪੁਜਾਰੀਵਾਦ' ਦੀਆਂ ਹਮਾਇਤੀਆਂ ਸ਼ਕਤੀਆਂ ਨੂੰ ਜੰਮੂ ਵਿਚ ਲਾਮਬੰਦ ਕਰਨ ਲੱਗ ਪਏ।

ਗੁਰਦਵਾਰਿਆਂ ਵਿਚੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾਣ ਲਗੀਆਂ ਕਿ 25 ਅਪ੍ਰੈਲ ਦੇ ਸਮਾਰੋਹ ਵਿਚ ਕੋਈ ਸਿੱਖ ਸ਼ਾਮਲ ਨਾ ਹੋਵੇ। ਅਗਲੇ ਦਿਨ ਸ਼੍ਰੋਮਣੀ ਕਮੇਟੀ ਦੀਆਂ ਜੀਪਾਂ, ਵੈਨਾਂ ਘੁੰਮ ਫਿਰ ਕੇ ਸੜਕਾਂ 'ਤੇ ਪ੍ਰਚਾਰ ਕਰਨ ਲਗੀਆਂ ਤੇ ਫਿਰ ਨਾਲ ਲਗਦੇ ਪਿੰਡਾਂ ਵਿਚ ਵੀ ਪਹੁੰਚ ਗਈਆਂ। ਉਸ ਤੋਂ ਅਗਲੇ ਦਿਨ ਅੰਮ੍ਰਿਤਸਰ ਤੋਂ ਲਿਆਂਦੇ ਸ. ਕਾਲਾ ਅਫ਼ਗ਼ਾਨਾ ਅਤੇ ਸ. ਜੋਗਿੰਦਰ ਸਿੰਘ ਉਤੇ ਚਿੱਕੜ ਸੁੱਟਣ ਵਾਲੇ ਕਿਤਾਬਚੇ ਹਜ਼ਾਰਾਂ ਦੀ ਗਿਣਤੀ ਵਿਚ ਵੰਡੇ ਜਾਣ ਲੱਗੇ। ਆਖ਼ਰੀ ਹਥਿਆਰ ਵਜੋਂ ਇਹ ਧਮਕੀਆਂ ਵੀ ਦਿਤੀਆਂ ਜਾਣ ਲਗੀਆਂ ਕਿ ''ਖ਼ੂਨ ਖ਼ਰਾਬਾ ਹੋ ਜਾਏਗਾ'' ਅਤੇ ''ਸਮਾਰੋਹ ਨਹੀਂ ਹੋਣ ਦਿਤਾ ਜਾਵੇਗਾ।''

Certificate of honor Gurbaksh Singh Kala AfghanaCertificate of honor Gurbaksh Singh Kala Afghana

ਏਨਾ ਕੁੱਝ ਕਰਨ ਦੇ ਬਾਅਦ ਵੀ, ਭਰੋਸੇਯੋਗ ਵਸੀਲਿਆਂ ਅਨੁਸਾਰ, ਇਕ ਦਿਨ ਪਹਿਲਾਂ ਸੀ.ਆਈ.ਡੀ. ਨੇ ਰੀਪੋਰਟ ਦਿਤੀ ਕਿ ਸ੍ਰੀਨਗਰ, ਪੁਣਛ, ਊਧਮਪੁਰ ਆਦਿ ਤੋਂ ਜੱਥੇ ਤਿਆਰ ਹੋ ਕੇ ਚਲਣ ਵਾਲੇ ਸਨ ਤੇ 10 ਹਜ਼ਾਰ ਦੇ ਕਰੀਬ ਸਿੱਖ 'ਸਨਮਾਨ ਸਮਾਰੋਹ' ਵਿਚ ਸ਼ਾਮਲ ਹੋਣ ਲਈ ਤਿਆਰ ਹੋ ਚੁੱਕੇ ਸਨ। ਸ਼੍ਰੋਮਣੀ ਕਮੇਟੀ ਅਤੇ ਜੰਮੂ ਵਿਚਲੇ 'ਪੁਜਾਰੀਵਾਦ' ਦੇ ਹਾਮੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉੁਨ੍ਹਾਂ 'ਸਮਝੌਤੇ' ਦੀ ਗੱਲ ਛੇੜਦਿਆਂ ਇਹ ਮੰਗ ਕਰ ਦਿਤੀ ਕਿ 25 ਦਾ ਸਮਾਰੋਹ ਰੱਦ ਕਰ ਦਿਤਾ ਜਾਏ ਤੇ ਫਿਰ ਕਿਸੇ ਦਿਨ ਕਰ ਲਿਆ ਜਾਏ।

ਪ੍ਰਿੰਸੀਪਲ ਨਰਿੰਦਰ ਸਿੰਘ ਦੀ ਅਗਵਾਈ ਹੇਠ 24 ਅਪ੍ਰੈਲ ਨੂੰ ਦੁਪਹਿਰ ਤਿੰਨ ਵਜੇ ਫ਼ੈਸਲਾ ਕੀਤਾ ਗਿਆ ਕਿ ਸਨਮਾਨ ਸਮਾਰੋਹ 25 ਨੂੰ ਹੀ ਹੋਵੇਗਾ ਤੇ ਉਸ ਵਿਚ 10 ਹਜ਼ਾਰ ਸਿੰਘ ਸ਼ਾਮਲ ਹੋਣਗੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਿਆਸੀ ਮਾਲਕਾਂ ਅਤੇ ਪੁਜਾਰੀਵਾਦ ਦੇ ਹਾਮੀਆਂ ਲਈ ਮੋਹਾਲੀ (26 ਅਕਤੂਬਰ, 2003) ਅਤੇ ਚੰਡੀਗੜ੍ਹ (11 ਅਪ੍ਰੈਲ, 2004) ਮਗਰੋਂ ਸਿੰਘਾਂ ਦਾ ਏਨਾ ਵੱਡਾ ਇਕੱਠ ਜੰਮੂ ਵਿਚ ਵੇਖਣਾ ਅਸਹਿ ਹੋ ਗਿਆ। ਸਿੰਘਾਂ ਨੂੰ ਤਾਂ ਉਹ ਭਰਮਾ ਨਾ ਸਕੇ ਪਰ ਘਬਰਾਹਟ ਵਿਚ ਆ ਕੇ ਉਹ ਸਿਆਸਤਦਾਨਾਂ (ਆਰ.ਐਸ.ਐਸ.) ਦੇ ਪੈਰਾਂ 'ਤੇ ਜਾ ਡਿੱਗੇ ਤੇ ਸ਼ਾਮ 7 ਵਜੇ ਇਕ ਪੁਲਿਸ ਅਧਿਕਾਰੀ ਡਿਪਟੀ ਕਮਿਸ਼ਨਰ ਦਾ ਹੁਕਮ ਲੈ ਆਇਆ

ਕਿ ਸਨਮਾਨ ਸਮਾਰੋਹ ਲਈ ਪਹਿਲਾਂ ਦਿਤੀ ਗਈ ਆਗਿਆ ਵਾਪਸ ਲਈ ਜਾਂਦੀ ਹੈ ਤੇ ਸ. ਕਾਲਾ ਅਫ਼ਗ਼ਾਨਾ, ਸ. ਜੋਗਿੰਦਰ ਸਿੰਘ ਉਤੇ ਪਾਬੰਦੀ ਲਗਾਈ ਜਾਂਦੀ ਹੈ ਕਿ ਉਹ ਜੰਮੂ ਜ਼ਿਲ੍ਹੇ ਅੰਦਰ ਕੋਈ ਸਮਾਗਮ ਨਾ ਕਰਨ। ਹੁਕਮ ਵਿਚ ਕਿਹਾ ਗਿਆ ਕਿ ਅਜਿਹਾ ਹੁਕਮ ਇਸ ਲਈ ਜਾਰੀ ਕੀਤਾ ਗਿਆ ਕਿਉਂਕਿ ਡੀ.ਸੀ. ਕੋਲ ਲਿਖਤੀ ਤੌਰ 'ਤੇ ਪ੍ਰਾਰਥਨਾ ਕੀਤੀ ਗਈ ਹੈ ਕਿ ਸ. ਕਾਲਾ ਅਫ਼ਗ਼ਾਨਾ ਅਤੇ ਸ. ਜੋਗਿੰਦਰ ਸਿੰਘ ਦੇ ਫ਼ੀਊਚਰ ਪੈਕ ਹਾਇਰ ਸੈਕੰਡਰੀ ਸਕੂਲ ਦੇ ਸਮਾਰੋਹ ਵਿਚ ਸ਼ਾਮਲ ਹੋਣ ਨਾਲ ਕੁੱਝ ਲੋਕਾਂ ਦੇ ਜਜ਼ਬਾਤ ਨੂੰ ਠੇਸ ਲੱਗੇਗੀ ਤੇ ਅਮਨ ਕਾਨੂੰਨ ਦਾ ਮਸਲਾ ਖੜਾ ਹੋ ਜਾਏਗਾ।

ਉਧਰ ਕਸ਼ਮੀਰ ਦੇ ਗੁਰਮਤਿ-ਪ੍ਰੇਮੀ ਸਿੱਖਾਂ ਨੇ ਇਸ ਧੱਕੇਸ਼ਾਹੀ ਵਿਰੁਧ ਡਾਢਾ ਰੋਸ ਪ੍ਰਗਟ ਕੀਤਾ ਤੇ ਮੱਤ ਪ੍ਰਗਟ ਕੀਤਾ ਕਿ ਜਦ ਲੱਖਾਂ ਰੁਪਏ ਦਾ ਖ਼ਰਚਾ ਕਰ ਕੇ, ਪੁਜਾਰੀਵਾਦ ਦੇ ਹਮਾਇਤੀਆਂ ਨੇ ਪੂਰਾ ਇਕ ਹਫ਼ਤਾ ਸ. ਕਾਲਾ ਅਫ਼ਗ਼ਾਨਾ ਤੇ ਸ. ਜੋਗਿੰਦਰ ਸਿੰਘ ਵਿਰੁਧ ਧੂਆਂਧਾਰ ਪ੍ਰਚਾਰ ਕਰ ਲਿਆ ਸੀ ਤੇ ਗੁਰਦਵਾਰਾ ਸਾਧਨਾਂ ਦੀ ਸ਼ਰੇਆਮ ਦੁਰਵਰਤੋਂ ਕਰ ਲਈ ਸੀ (ਦੂਜੀ ਧਿਰ ਵਲੋਂ ਉਨ੍ਹਾਂ ਨੂੰ ਬਿਲਕੁਲ ਨਹੀਂ ਸੀ ਰੋਕਿਆ ਗਿਆ, ਨਾ ਕੋਈ ਜਵਾਬੀ ਪ੍ਰਚਾਰ ਹੀ ਕੀਤਾ ਗਿਆ ਸੀ) ਤਾਂ ਹੁਣ ਉੁਨ੍ਹਾਂ ਨੂੰ ਜਿਗਰਾ ਵੱਡਾ ਕਰ ਕੇ, ਦੂਜੀ ਧਿਰ ਨੂੰ ਵੀ ਲੋਕਾਂ ਸਾਹਮਣੇ ਅਪਣੀ ਗੱਲ ਕਹਿਣ ਦੇਣੀ ਚਾਹੀਦੀ ਸੀ ਤੇ ਵੇਖ ਲੈਣਾ ਚਾਹੀਦਾ ਸੀ

ਕਿ ਉੁਨ੍ਹਾਂ ਦੇ ਬੇਰੋਕ ਅਤੇ ਧੂਆਂਧਾਰ ਪ੍ਰਚਾਰ ਦੇ ਬਾਵਜੂਦ, ਕਿੰਨੇ ਸਿੱਖ ਹਨ ਜੋ ਅਜੇ ਵੀ ਸ. ਕਾਲਾ ਅਫ਼ਗ਼ਾਨਾ, 'ਸਪੋਕਸਮੈਨ' ਅਤੇ ਸ. ਜੋਗਿੰਦਰ ਸਿੰਘ ਦੇ ਸਟੈਂਡ ਨੂੰ ਠੀਕ ਸਮਝਦੇ ਹਨ। ''ਜਜ਼ਬਾਤ ਨੂੰ ਠੇਸ ਲੱਗਣ'' ਵਾਲੀ ਦਲੀਲ ਨੂੰ ਪੂਰੀ ਤਰ੍ਹਾਂ 'ਮਨਘੜਤ' ਦਸਦੇ ਹੋਏ ਕਸ਼ਮੀਰੀ ਸਿੱਖਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਲੋਕਾਂ ਦੇ ਜਜ਼ਬਾਤ ਨੂੰ 'ਗੁਰਬਿਲਾਸ ਪਾਤਸ਼ਾਹੀ-6' ਵਰਗੀ ਗੁਰੂ-ਨਿੰਦਾ ਨਾਲ ਭਰਪੂਰ ਪੁਸਤਕ ਨੂੰ ਪੜ੍ਹ ਕੇ ਠੇਸ ਨਹੀਂ ਪੁੱਜੀ, ਉੁਨ੍ਹਾਂ ਦੇ ਜਜ਼ਬਾਤ ਨੂੰ ਸ. ਗੁਰਬਖ਼ਸ਼ ਸਿੰਘ ਅਤੇ ਸ. ਜੋਗਿੰਦਰ ਸਿੰਘ ਦੇ ਮੂੰਹੋਂ ਖ਼ਾਲਸ ਗੁਰਮਤਿ ਦੀਆਂ ਗੱਲਾਂ ਸੁਣ ਕੇ ਕਿਉਂ ਠੇਸ ਲਗਣੀ ਸੀ?

Certificate of honor Joginder SinghCertificate of honor Joginder Singh

ਇਸ ਦਲੀਲ ਦੇ ਸਹਾਰੇ ਤਾਂ ਉਹ ਕਿਸੇ ਵੀ ਗੁਰਮਤਿ ਸਮਾਗਮ ਨੂੰ ਰੋਕਣ ਵਿਚ ਕਾਮਯਾਬ ਹੋ ਜਾਣਗੇ ਕਿਉਂਕਿ ਉੁਨ੍ਹਾਂ ਨੂੰ ਅਸਲ ਖ਼ਤਰਾ ਖ਼ਾਲਸ ਗੁਰਮਤਿ ਤੋਂ ਹੈ ਜੋ ਉਨ੍ਹਾਂ ਨੂੰ ਗੁਰਦਵਾਰਿਆਂ ਅੰਦਰ ਮਨਮਾਨੀਆਂ ਕਰਨੋਂ ਅਤੇ ਆਰ.ਐਸ.ਐਸ. ਦੇ ਹੁਕਮਾਂ ਨੂੰ ਲਾਗੂ ਕਰਨ ਦੀ ਆਗਿਆ ਨਹੀਂ ਦੇਵੇਗੀ ਜਿਸ ਕਾਰਨ ਉੁਨ੍ਹਾਂ ਦਾ ਹਲਵਾ ਮਾਂਡਾ ਚਲਣਾ ਬੰਦ ਹੋ ਜਾਵੇਗਾ। ਕਸ਼ਮੀਰੀ ਸਿੱਖਾਂ ਦਾ ਕਹਿਣਾ ਸੀ ਕਿ ਸਾਡੇ ਪੁਜਾਰੀ ਅੰਮ੍ਰਿਤਸਰ ਵਿਚ ਬੈਠ ਕੇ, ਸਿੱਖਾਂ ਅਤੇ ਸਿੱਖੀ ਨਾਲ ਖਿਲਵਾੜ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਤਾ ਲਗਣਾ ਚਾਹੀਦਾ ਹੈ ਕਿ ਸਿੱਖ ਉਨ੍ਹਾਂ ਦੇ ਕੁਕਰਮਾਂ ਨੂੰ ਕਿਸ ਨਫ਼ਰਤ ਦੀ ਅੱਖ ਨਾਲ ਵੇਖਦੇ ਹਨ।

ਜੰਮੂ ਵਿਚ 10 ਹਜ਼ਾਰ ਸਿੱਖਾਂ ਦੇ ਇਸ ਇਕੱਠ ਨੇ ਪੁਜਾਰੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੀਆਂ ਅੱਖਾਂ ਖੋਲ੍ਹ ਦੇਣੀਆਂ ਸਨ। ਉਹ ਕਿਉਂਕਿ ਸੱਚ ਨਾਲ ਦੋ-ਚਾਰ ਹੋਣੋਂ ਘਬਰਾਉਂਦੇ ਹਨ, ਇਸ ਲਈ 'ਜਜ਼ਬਾਤ ਨੂੰ ਠੇਸ ਲੱਗਣ' ਦਾ ਝੂਠਾ ਬਹਾਨਾ ਘੜ ਕੇ ਉਹ ਸਮਾਗਮ ਤੋਂ ਕੁੱਝ ਘੰਟੇ ਪਹਿਲਾਂ ਹੀ ਐਡਮਨਿਸਟਰੇਸ਼ਨ ਦੇ ਪੈਰੀਂ ਪੈ ਕੇ, ਏਨੇ ਵੱਡੇ ਇਕੱਠ ਦਾ ਸਾਹਮਣਾ ਕਰਨ ਤੋਂ ਬਚਣ ਦਾ ਰਾਹ ਲੱਭਣ ਲੱਗ ਪਏ। ਹੋਰ ਕੋਈ ਰਾਹ ਨਾ ਵਿਖਾਈ ਦੇਣ ਤੇ ਉੁਨ੍ਹਾਂ ਨੇ ਆਰ.ਐਸ.ਐਸ. ਅਤੇ ਅਫ਼ਸਰਸ਼ਾਹੀ ਦੇ ਪੈਰ ਫੜ ਲਏ। ਕਸ਼ਮੀਰੀ ਸਿੱਖ ਪੁਛਦੇ ਹਨ ਕਿ ਕੀ ਪੁਜਾਰੀਵਾਦ ਦੇ ਹਮਾਇਤੀਆਂ ਨੂੰ ਯਕੀਨ ਹੋ ਗਿਆ ਸੀ

ਕਿ ਉਨ੍ਹਾਂ ਦੇ ਹਫ਼ਤੇ ਭਰ ਦੇ ਧੂਆਂਧਾਰ ਪ੍ਰਚਾਰ ਦੇ ਬਾਵਜੂਦ, ਜੰਮੂ ਕਸ਼ਮੀਰ ਦੇ ਸਿੱਖ, ਅਕਾਲ ਤਖ਼ਤ ਦੇ ਪੁਜਾਰੀਆਂ ਦੇ ਕਿਸੇ 'ਹੁਕਮਨਾਮੇ' ਦੀ ਪ੍ਰਵਾਹ ਨਹੀਂ ਕਰਨਗੇ ਤੇ ਸ. ਗੁਰਬਖ਼ਸ਼ ਸਿੰਘ, ਸ. ਜੋਗਿੰਦਰ ਸਿੰਘ ਦਾ ਭਰਵਾਂ ਸਵਾਗਤ ਕਰਨਗੇ? ਉਨ੍ਹਾਂ ਨੂੰ ਸ਼ਾਇਦ ਇਹ ਵੀ ਯਕੀਨ ਹੋ ਗਿਆ ਸੀ ਕਿ 'ਗੁਰੂ-ਪੰਥ' ਪੁਜਾਰੀਆਂ ਦੇ ਅਖੌਤੀ 'ਹੁਕਮਨਾਮਿਆਂ' ਨੂੰ ਰੱਦ ਕਰਨ ਦਾ ਅਪਣਾ ਅੰਤਮ ਨਿਰਣਾ ਸੁਨਾਉਣ ਜਾ ਰਿਹਾ ਸੀ। ਜੋ ਵੀ ਹੈ, 'ਪੁਜਾਰੀਵਾਦ' ਦੇ ਹਮਾਇਤੀਆਂ ਨੇ ਗੁਰਮਤਿ ਨਾਲ ਜੁੜੇ ਹੋਏ ਸਿਦਕਵਾਨ ਸਿੱਖਾਂ ਦੇ ਇਕੱਠ ਨੂੰ ਰੋਕਣ ਲਈ ਜਿਵੇਂ ਗ਼ੈਰ-ਸਿੱਖ ਅਫ਼ਸਰਸ਼ਾਹੀ ਅਤੇ ਆਰ.ਐਸ.ਐਸ. ਦੇ ਲੀਡਰਾਂ ਦੇ ਕਦਮਾਂ ਉਤੇ ਅਪਣਾ ਸਿਰ ਜਾ ਸੁਟਿਆ,

ਉਸ ਨੇ ਇਨ੍ਹਾਂ ਦੇ ਅਸਲੀ ਚਿਹਰੇ ਬੇਨਕਾਬ ਕਰ ਦਿਤੇ ਹਨ। ਕਸ਼ਮੀਰੀ ਸਿੱਖਾਂ ਅਨੁਸਾਰ, ਜੋ ਲੋਕ ਸਿੱਖਾਂ ਨੂੰ ਜੁੜ ਬੈਠਣ ਤੋਂ ਰੋਕਣ ਲਈ ਵੀ ਸਰਕਾਰੀ ਮਦਦ ਲੈਂਦੇ ਹਨ, ਉਹ ਤਾਂ ਸਿੱਖ ਅਖਵਾਉਣ ਦੇ ਵੀ ਹੱਕਦਾਰ ਨਹੀਂ ਕਿਉਂਕਿ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਆਪਸ ਵਿਚ ਕਿੰਨੇ ਵੀ ਲੜ ਝਗੜ ਕਿਉਂ ਨਾ ਰਹੇ ਹੋਣ, ਉਹ ਕਿਸੇ ਰੁੱਸੇ ਹੋਏ ਸਿੱਖ ਗੁਟ ਦਾ ਇਕੱਠ ਰੋਕਣ ਲਈ ਸਰਕਾਰੀ ਮਦਦ ਲੈਣਾ ਪਾਪ ਸਮਝਦੇ ਹਨ। ਜੰਮੂ ਦੇ ਜਿਨ੍ਹਾਂ ਗੁਰਦਵਾਰਾ ਪ੍ਰਬੰਧਕਾਂ ਨੇ ਸਿੱਖਾਂ ਦਾ ਇਕੱਠ ਰੋਕਣ ਲਈ ਸਰਕਾਰ ਨੂੰ ਦਰਖ਼ਾਸਤ ਦਿਤੀ, ਉਹ ਯਕੀਨਨ ਗੁਰੂ-ਪੰਥ ਦੇ 'ਤਨਖ਼ਾਹੀਏ' ਹਨ ਤੇ ਉਨ੍ਹਾਂ ਨੂੰ ਭਾਰੀ ਦੰਡ ਲਾਇਆ ਜਾਣਾ ਚਾਹੀਦਾ ਹੈ।

ਇਸ ਦੌਰਾਨ ਆਲ ਜੇ.ਐਂਡ.ਕੇ. ਇੰਟਿਲੈਕਚੂਅਲ ਫ਼ੋਰਮ ਨੇ ਐਡਮਨਿਸਟਰੇਸ਼ਨ ਵਲੋਂ ਸਿੱਖਾਂ ਦੇ ਇਕੱਠ ਉਤੇ ਪਾਬੰਦੀ ਲਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਕ ਗੁਟ ਦੇ ਕਹਿਣ ਤੇ ਅਤੇ ਦੂਜੀ ਧਿਰ ਦਾ ਪੱਖ ਸੁਣੇ ਬਗ਼ੈਰ ਹੀ, ਸਿੱਖਾਂ ਨੂੰ ਅਪਣੇ ਧਾਰਮਕ ਮਸਲਿਆਂ ਬਾਰੇ ਵਿਚਾਰ ਚਰਚਾ ਕਰਨੋਂ ਰੋਕ ਕੇ ਜੰਮੂ ਐਡਮਨਿਸਟਰੇਸ਼ਨ ਨੇ ਪੱਖਪਾਤੀ ਰਵਈਆ ਧਾਰਨ ਕੀਤਾ ਹੈ ਜੋ ਲੋਕ-ਰਾਜੀ ਪ੍ਰੰਪਰਾਵਾਂ ਦੇ ਉਲਟ ਹੈ ਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਖ਼ਾਹਮਖ਼ਾਹ ਦਾ ਦਖ਼ਲ ਹੈ। 24 ਦੀ ਸਵੇਰ ਨੂੰ ਕਾਨਫ਼ਰੰਸ ਬਾਰੇ ਐਡਮਨਿਸਟਰੇਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਸੀ

ਪਰ ਅੰਮ੍ਰਿਤਸਰ ਅਤੇ ਦਿੱਲੀ ਦੀਆਂ ਹਦਾਇਤਾਂ ਅਨੁਸਾਰ 24 ਦੀ ਸ਼ਾਮ ਨੂੰ ਮਿਲੀ ਚਿੱਠੀ ਉਪਰ ਉਸੇ ਵੇਲੇ ਆਰਡਰ ਜਾਰੀ ਕਰ ਕੇ ਪੱਖਪਾਤੀ ਕਾਰਵਾਈ ਕੀਤੀ ਗਈ ਹੈ ਜੋ ਬਿਨਾਂ ਸੋਚੇ ਸਮਝੇ ਕੀਤੀ ਕਾਰਵਾਈ ਹੀ ਲਗਦੀ ਹੈ ਤੇ ਜੇ ਮਾਮਲਾ ਸੁਪ੍ਰੀਮ ਕੋਰਟ ਵਿਚ ਲਿਜਾਇਆ ਜਾਵੇ ਤਾਂ ਜੰਮੂ ਐਡਮਨਿਸਟਰੇਸ਼ਨ ਲਈ ਜਵਾਬ ਦੇਣਾ ਔਖਾ ਹੋ ਜਾਵੇਗਾ।
(ਰੋਜ਼ਾਨਾ ਸਪੋਕਸਮੈਨ ਦੇ 28 ਫ਼ਰਵਰੀ, 2010 ਦੇ ਪਰਚੇ 'ਚੋਂ ਲੈ ਕੇ ਦੁਬਾਰਾ ਪ੍ਰਕਾਸ਼ ਕੀਤਾ ਜਾ ਰਿਹਾ ਹੈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement