
ਇਹਨਾਂ ਨਾਲੋਂ ਤਾਂ ਭਗਵੰਤ ਮਾਨ ਹੀ ਪੰਜਾਬੀ ਮਾਂ ਦਾ ਚੰਗਾ ਪੁੱਤਰ ਸਾਬਤ ਹੋਇਆ
ਸ਼੍ਰੋਮਣੀ ਕਮੇਟੀ ਪੰਥ ਦੀ ਸੱਭ ਤੋਂ ਵੱਡੀ ਧਾਰਮਕ ਸੰਸਥਾ ਵਜੋਂ ਕਾਇਮ ਕੀਤੀ ਗਈ ਸੀ ਤੇ ਅਕਾਲੀ ਦਲ ਨੂੰ ਇਸ ਤੋਂ ਬਾਅਦ ਇਕ ਸਿਆਸੀ ਪਾਰਟੀ ਵਜੋਂ ਹੋਂਦ ਵਿਚ ਲਿਆਂਦਾ ਗਿਆ ਸੀ। ਦੋਹਾਂ ਦੇ ਦਫ਼ਤਰ ਇਕੋ ਵਿਹੜੇ ਵਿਚ ਰੱਖੇ ਗਏ ਸਨ ਤਾਕਿ ਦੋਵੇਂ ਸਿੱਖਾਂ ਅਤੇ ਸਿੱਖੀ ਪ੍ਰਤੀ ਸੁਚੇਤ ਰਹਿਣ ਤੇ ਸਿੱਖਾਂ ਦੀ ਸਿਆਸੀ ਪਾਰਟੀ ਕਦੇ ਵੀ ਧਰਮ ਤੋਂ ਜਾਂ ਸਿੱਖੀ ਤੋਂ ਦੂਰ ਨਾ ਜਾਵੇ। ਅਕਾਲ ਤਖ਼ਤ ਦੇ ਕਥਿਤ ‘ਜਥੇਦਾਰਾਂ’ ਨੂੰ ਅੱਜ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ 50ਵਿਆਂ-60ਵਿਆਂ ਤਕ ਸਾਰੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਬਾਕੀ ਮੁਲਾਜ਼ਮਾਂ ਨਾਲ, ਲਾਈਨ ਵਿਚ ਲੱਗ ਕੇ ਤਨਖ਼ਾਹਾਂ ਲਿਆ ਕਰਦੇ ਸਨ। ਜਦ ਸਿਆਸਤਦਾਨਾਂ ਨੇ ਇਨ੍ਹਾਂ ਨੂੰ ਅਪਣੇ ਲਈ ਵਰਤਣ ਦਾ ਕੰਮ ਤੇਜ਼ ਕਰ ਦਿਤਾ ਤਾਂ ਇਨ੍ਹਾਂ ਨੂੰ ਬਾਕੀ ਮੁਲਾਜ਼ਮਾਂ ਤੋਂ ਵੱਖ ਕਰ ਕੇ ਉੱਚਾ ਰੁਤਬਾ ਦੇ ਦਿਤਾ ਗਿਆ। ‘ਜਥੇਦਾਰ’ ਬਣਾਏ ਕੌਣ ਜਾਂਦੇ ਸਨ? ਉਹੀ ਮੁਲਾਜ਼ਮ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜੱਚ ਜਾਂਦੇ ਸਨ।
ਮੈਨੂੰ ਯਾਦ ਹੈ, ਪੰਜਾਬ ਦੇ ਇਕ ਵੱਡੇ ‘ਤਖ਼ਤ’ ਦੇ ‘ਜਥੇਦਾਰ’ ਸਾਹਿਬ ਸਪੋਕਸਮੈਨ ਦੇ ਦਫ਼ਤਰ ਵਿਚ ਮੈਨੂੰ ਮਿਲਣ ਲਈ ਆਏ। ਉਹਨੀਂ ਦਿਨੀਂ ਅਖ਼ਬਾਰਾਂ ਵਿਚ ਜਥੇਦਾਰਾਂ ਨਾਲ ਸਬੰਧਤ ਬੜੀਆਂ ਮਾੜੀਆਂ ਖ਼ਬਰਾਂ ਛੱਪ ਰਹੀਆਂ ਸਨ ਜਿਨ੍ਹਾਂ ਨੂੰ ਪੜ੍ਹ ਕੇ ਸਿੱਖਾਂ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਰਿਹਾ ਸੀ। ਸੋ ਮੈਂ ਜਥੇਦਾਰ ਸਾਹਿਬ ਨੂੰ ਪੁਛ ਹੀ ਲਿਆ, ‘‘ਜਥੇਦਾਰ ਸਾਹਬ, ਇਹ ਕੀ ਕਰ ਰਹੇ ਨੇ ਸਾਡੇ ਜਥੇਦਾਰ? ਮੈਨੂੰ ਤਾਂ ਆਪ ਬੜੀ ਸ਼ਰਮ ਆ ਰਹੀ ਐ....’’
ਜਵਾਬ ਵਿਚ ਜਥੇਦਾਰ ਸਾਹਿਬ ਨੇ ਜੋ ਸ਼ਬਦ ਮੈਨੂੰ ਕਹੇ, ਉਹ ਅੱਜ ਵੀ ਹੂਬਹੂ ਮੇਰੇ ਕੰਨਾਂ ਵਿਚ ਗੂੰਜਦੇ ਲਗਦੇ ਨੇ, ‘‘ਸਰਦਾਰ ਜੋਗਿੰਦਰ ਸਿੰਘ ਜੀ, ਤੁਸੀ ਸਾਡੇ ਕੋਲੋਂ ਬਹੁਤੀ ਆਸ ਕਿਉਂ ਲਾ ਬੈਠੇ ਓ? ਅਸੀ ਬਹੁਤੇ ਤਾਂ ਅਰਦਾਸੀਆਂ ਵਜੋਂ ਹੀ ਭਰਤੀ ਹੁੰਦੇ ਆਂ ਸ਼੍ਰੋਮਣੀ ਕਮੇਟੀ ਵਿਚ ਤੇ ਫਿਰ ਪ੍ਰਧਾਨ ਜੀ ਦੁਆਲੇ ਘੀਸੀਆਂ ਕਰਨ ਲੱਗ ਜਾਨੇ ਆਂ ਤੇ ਬੇਨਤੀਆਂ ਕਰਨ ਲੱਗ ਜਾਨੇ ਆਂ ਕਿ ਸਾਨੂੰ ਤਰੱਕੀ ਦੇ ਦਿਉ, ਸਾਨੂੰ ਕੋਈ ਵੱਡਾ ਅਹੁਦਾ ਦੇ ਦਿਉ ਜੀ.... ਇਸ ਤਰ੍ਹਾਂ ਕਰਦੇ ਕਰਦੇ ਕਈਆਂ ਦਾ ਹੱਥ ਜਥੇਦਾਰੀ ’ਤੇ ਵੀ ਪੈ ਜਾਂਦੈ, ਹੋਰ ਅਸੀ ਕੋਈ ਸਿੱਖ ਧਰਮ ਬਾਰੇ ਖੋਜ ਕਰ ਕੇ ਜਾਂ ਵੱਡਾ ਮਾਅਰਕਾ ਮਾਰ ਕੇ ਥੋੜਾ ਈ ਜਥੇਦਾਰ ਬਣਦੇ ਹਾਂ....?’’
ਗੁਰਚਰਨ ਸਿੰਘ ਟੌਹੜਾ ਦੇ ਵੇਲੇ ਤੋਂ ਬਣੇ ‘ਪ੍ਰਧਾਨਾਂ’ ਨੂੰ ਵੀ ਨੇੜਿਉਂ ਵੇਖਣ ਦਾ ਮੌਕਾ ਮੈਨੂੰ ਮਿਲਿਆ ਹੈ। ਕਿਸੇ ਵਿਚ ਬਾਦਲਾਂ ਅੱਗੇ ਸੱਚ ਬੋਲਣ ਦੀ ਜੁਰਅਤ ਹੀ ਨਹੀਂ ਸੀ ਹੁੰਦੀ। ਸ. ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ, ਦੋ ਹੀ ਅਕਾਲੀ ਲੀਡਰ ਸਨ ਜੋ ਬਾਦਲਾਂ ਨੂੰ ਅਪਣੀ ਗੱਲ ਸੁਣਾ ਤਾਂ ਲੈਂਦੇ ਸਨ ਪਰ ਅਖ਼ੀਰ ਚਲਦੀ ਬਾਦਲਾਂ ਦੀ ਹੀ ਸੀ। ਅਕਾਲ ਤਖ਼ਤ ਦੇ ਜਥੇਦਾਰਾਂ ਬਾਰੇ ਮੈਂ ਤਾਂ ਹਰ ਇਕ ਦਾ ਪੂਰਾ ਵੇਰਵਾ ਲਿਖ ਕੇ, ਕਈ ਸਾਲ ਪਹਿਲਾਂ ਪੁਛਿਆ ਸੀ ਕਿ ਇਨ੍ਹਾਂ ਲੋਕਾਂ ਦੇ ਹੁੰਦਿਆਂ ਕਿਹੜਾ ਹੈ ਜੋ ਸਮਝਦੈ ਕਿ ਇਨ੍ਹਾਂ ਹੱਥੋਂ ਸਿੱਖਾਂ ਤੇ ਸਿੱਖੀ ਦਾ ਕੁੱਝ ਭਲਾ ਵੀ ਹੋ ਜਾਏਗਾ? ਸੱਭ ਨੇ ਵੇਖ ਹੀ ਲਿਆ ਹੈ ਕਿ ਕਿਵੇਂ ਸਾਡੇ ‘ਜਥੇਦਾਰ’ ਬਾਦਲਾਂ ਦੇ ਘਰ ਜਾ ਕੇ ਉਨ੍ਹਾਂ ਤੋਂ ਹੁਕਮ ਲੈਂਦੇ ਸਨ ਤੇ ਕਿਵੇਂ ਉਨ੍ਹਾਂ ਨੇ ਸੌਦਾ ਸਾਧ ਨੂੰ, ਬਾਦਲਾਂ ਦਾ ਹੁਕਮ ਮੰਨ ਕੇ, ਅੱਧੇ ਮਿੰਟ ਵਿਚ, ਬਿਨਾ ਪੇਸ਼ ਹੋਇਆਂ, ਦੋਸ਼-ਮੁਕਤ ਵੀ ਕਰ ਦਿਤਾ ਤੇ ਫਿਰ ਅਪਣਾ ‘ਹੁਕਮਨਾਮਾ’ ਵਾਪਸ ਵੀ ਲੈ ਲਿਆ।
ਚਲੋ ਬਾਕੀ ਗੱਲਾਂ ਛੱਡ ਕੇ, ਇਸ ਵੇਲੇ ਇਹ ਹੀ ਦਸ ਦੇਣ ਕਿ ਕੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਾਲਿਆਂ ਦਾ ਇਹ ਫ਼ਰਜ਼ ਨਹੀਂ ਸੀ ਬਣਦਾ ਕਿ ਅਕਾਲੀ ਦਲ ਨੂੰ ‘ਪੰਜਾਬੀ’ ਪਾਰਟੀ ਬਣਾਉਣ ਵਾਲਿਆਂ ਨੂੰ ਸੱਦ ਕੇ ਪੁਛਦੇ ਕਿ ਇਹ ਕਰਨ ਦਾ ਅਧਿਕਾਰ ਤੁਹਾਨੂੰ ਕਿਸ ਨੇ ਦਿਤਾ ਹੈ? ਜਦ ਉਹ ਅਕਾਲੀ ਦਲ ਦਾ ਦਫ਼ਤਰ ਅੰਮ੍ਰਿਤਸਰੋਂ ਚੁਕ ਕੇ ਚੰਡੀਗੜ੍ਹ ਲਿਜਾ ਰਹੇ ਸਨ ਤਾਂ ਇਹ ਕਹਿਣਾ ਇਨ੍ਹਾਂ ਦਾ ਫ਼ਰਜ਼ ਨਹੀਂ ਸੀ ਬਣਦਾ ਕਿ ਪੰਥ ਨੇ ਇਹ ਪਾਰਟੀ, ਸੋਚ ਸਮਝ ਕੇ ਸ਼੍ਰੋਮਣੀ ਕਮੇਟੀ ਦੇ ਵਿਹੜੇ ਵਿਚ ਰੱਖਣ ਦੀ ਵਿਉਂਤ ਬਣਾਈ ਸੀ ਤੇ ਤੁਸੀ ਕੌਣ ਹੁੰਦੇ ਓ ਇਸ ਨੂੰ ਇਥੋਂ ਉਧਾਲ ਕੇ ਲਿਜਾਣ ਵਾਲੇ? ਪੰਥ ਦੀ ਪਾਰਟੀ ਹੈ ਤੇ ਪੰਥ ਹੀ ਅਕਾਲ ਤਖ਼ਤ ਉਤੇ ਜੁੜ ਕੇ ਕੋਈ ਫ਼ੈਸਲਾ ਲੈ ਸਕਦਾ ਹੈ। ਨਹੀਂ, ਕੋਈ ਕੁਸਕਿਆ ਤਕ ਨਾ।
‘ਪ੍ਰਧਾਨ’ ਅਤੇ ‘ਜਥੇਦਾਰ’ ਤਾਂ ਬਾਦਲਾਂ ਦੇ ਲਿਫ਼ਾਫ਼ਿਆਂ ਵਿਚੋਂ ਨਿਕਲਣ ਲੱਗ ਪਏ ਸਨ। ਤੇ ਅਕਾਲੀ ਦਲ ਅੰਦਰ ਬੈਠੇ, ਪੰਥ ਨੂੰ ਦਿਲੋਂ ਪ੍ਰਣਾਏ ਅਕਾਲੀ ਫਿਰ ਵੀ ਚੁਪ ਕਰੀ ਕਿਉਂ ਬੈਠੇ ਰਹੇ? ਕੀ ਉਨ੍ਹਾਂ ਦਾ ਕੁੱਝ ਫ਼ਰਜ਼ ਨਹੀਂ ਸੀ ਬਣਦਾ? ਜਿਸ ਤਰ੍ਹਾਂ ਮੁਗ਼ਲ ਆਉਂਦੇ ਸਨ ਤੇ ਇਥੋਂ ਸਾਡੀਆਂ ਕੁੜੀਆਂ ਚੁੱਕ ਕੇ ਲੈ ਜਾਂਦੇ ਸਨ ਪਰ ਸਿੱਖਾਂ ਦੀ ਆਮਦ ਤੋਂ ਪਹਿਲਾਂ, ਕੋਈ ਮੁੱਕਾ ਵੀ ਨਹੀਂ ਸੀ ਉਲਾਰਦਾ, ਉਸੇ ਤਰ੍ਹਾਂ ਅਕਾਲੀ ਦਲ ਨੂੰ ਉਧਾਲ ਕੇ ਚੰਡੀਗੜ੍ਹ ਲਿਜਾਣ ਵੇਲੇ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਵਾਲਿਆਂ ਤੇ ਸੱਚੇ ਸੁੱਚੇ ਅਕਾਲੀਆਂ ਦੀ ਚੁੱਪੀ ਵੀ ਕੋਈ ਘੱਟ ਵੱਡਾ ਪਾਪ ਨਹੀਂ ਸੀ। ਸਾਰੇ ਹੀ ਪੰਥ ਪ੍ਰਤੀ ਅਪਣੀ ਜ਼ਿੰਮੇਵਾਰੀ ਭੁਲਾ ਚੁੱਕੇ ਸੀ। ਹੁਣ ਵੀ ਭਲੇ ਸਿੱਖਾਂ ਅਤੇ ਸਪੋਕਸਮੈਨ ਦੀ ਹਾਲ ਦੁਹਾਈ ਉਨ੍ਹਾਂ ਨੂੰ ਨਹੀਂ ਸੁਣਾਈ ਦੇਂਦੀ। ਪੱਥਰ ਦੇ ਬੁੱਤ ਬਣੇ ਹੋਏ ਨੇ! ਕਿਉਂ ਨਹੀਂ ਹੁਕਮ ਜਾਰੀ ਕਰਦੇ ਕਿ ਅਕਾਲ ਤਖ਼ਤ ਨੂੰ ਤੁਰਤ ਅੰਮ੍ਰਿਤਸਰ ਲਿਆ ਕੇ ਇਸ ਦਾ ਪੰਥਕ ਖ਼ਾਸਾ ਬਹਾਲ ਕਰੋ ਨਹੀਂ ਤਾਂ....! ਅਜਿਹਾ ਕਦੇ ਨਹੀਂ ਕਰਨਗੇ ਕਿਉਂਕਿ ਇਹ ਨਿਜ-ਪ੍ਰਸਤ ਬਣ ਚੁੱਕੇ ਹਨ ਤੇ ਪੰਥ-ਪ੍ਰਸਤੀ ਨੂੰ ਕਦੋਂ ਦੀ ਤਿਲਾਂਜਲੀ ਦੇ ਚੁੱਕੇ ਹਨ।
ਹੁਣੇ ਹੁਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਲੱਗੇ ਹਰ ਬੋਰਡ ਉਤੇ ਪੰਜਾਬੀ ਵਿਚ ਲਿਖਣਾ ਲਾਜ਼ਮੀ ਹੈ ਤੇ ਜਿਹੜਾ 21 ਤਕ ਅਜਿਹਾ ਨਹੀਂ ਕਰੇਗਾ, ਉਸ ਨੂੰ ਜੁਰਮਾਨਾ ਕੀਤਾ ਜਾਏਗਾ। ਇਸੇ ਤਰ੍ਹਾਂ ਅੰਗਰੇਜ਼ੀ ਸਕੂਲਾਂ ਵਿਚ ਜੇ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਜੁਰਮਾਨਾ ਕਰਨ ਦੀ ਕੋਈ ਸ਼ਿਕਾਇਤ ਮਿਲੀ ਤਾਂ ਸਕੂਲ ਦੀ ਮਾਨਤਾ ਰੱਦ ਕਰ ਦਿਤੀ ਜਾਏਗੀ। ਅਕਾਲੀਆਂ ਨੇ ਵੀ ਪੰਜਾਬ ਤੇ ਰਾਜ ਕੀਤਾ ਪਰ ਉਨ੍ਹਾਂ ਨੂੰ ਤਾਂ ਕਦੇ ਪੰਜਾਬੀ ਦੇ ਹੱਕ ਵਿਚ ਕੁੱਝ ਕਰਨ ਦੀ ਗੱਲ ਨਾ ਸੁੱਝੀ। ਜੇ ਸੁੱਝੀ ਤਾਂ ਇਹ ਕਿ ਅਕਾਲੀ ਵਜ਼ੀਰ ਤੋਤਾ ਸਿੰਘ ਨੇ ਇਹ ਐਲਾਨ ਕਰ ਦਿਤਾ ਕਿ ਸਕੂਲਾਂ ਵਿਚ ਪਹਿਲੀ ਤੋਂ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਕਰ ਦਿਤੀ ਜਾਏਗੀ।
ਕਿਸੇ ਅਕਾਲੀ ਵਜ਼ੀਰ ਨੇ ਪੰਜਾਬੀ-ਪ੍ਰੇਮ ਦਾ ਕੋਈ ਸਬੂਤ ਤਾਂ ਨਾ ਦਿਤਾ ਪਰ ਅੰਗਰੇਜ਼ੀ-ਪ੍ਰੇਮ ਦਾ ਜ਼ਰੂਰ ਦੇ ਦਿਤਾ। ਇਹਨਾਂ ਨਾਲੋਂ ਤਾਂ ਫਿਰ ਭਗਵੰਤ ਸਿੰਘ ਮਾਨ ਹੀ ਚੰਗਾ ਨਿਕਲਿਆ ਜਿਸ ਨੇ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਬਣਾਉਣ ਦਾ ਮਤਲਬ ਏਨੀ ਛੇਤੀ ਸਮਝ ਲਿਆ ਤੇ ਪੰਜਾਬੀ ਭਾਸ਼ਾ ਪ੍ਰਤੀ ਗ਼ੈਰਾਂ ਵਾਲਾ ਰਵਈਆ ਧਾਰਨ ਕਰਨ ਵਾਲਿਆਂ ਦੇ ਸਿਰ ਤੇ ਫ਼ਟਾਫ਼ਟ ਕਾਨੂੰਨੀ ਤਲਵਾਰ ਵੀ ਲਟਕਾ ਦਿਤੀ। ਅਕਾਲੀ ਤਾਂ ਅਜਿਹਾ ਕਰਨ ਦੀ ਗੱਲ ਕਦੀ ਸੋਚ ਵੀ ਨਹੀਂ ਸਨ ਸਕਦੇ। ਉਹ ਕੇਵਲ ਵਜ਼ੀਰੀਆਂ ਮਾਣਨ ਤਕ ਹੀ ‘ਅਕਾਲੀ’ ਹਨ, ਅੱਗੇ ਪਿੱਛੇ ਖ਼ਾਲਸ ਵਪਾਰੀ!