ਸਰਦਾਰ ਮਨੋਹਰ ਸਿੰਘ ਗਿੱਲ ਦਾ ਸੱਭ ਤੋਂ ਪਸੰਦੀਦਾ ਅਖਬਾਰ ਕਿਹੜਾ ਸੀ? 
Published : Oct 22, 2023, 7:38 am IST
Updated : Oct 22, 2023, 7:42 am IST
SHARE ARTICLE
 Which was the most favorite newspaper of Sardar Manohar Singh Gill?
Which was the most favorite newspaper of Sardar Manohar Singh Gill?

ਲੇਖਕ ਦਾ ਕਾਫ਼ੀ ਸਾਲ ਪਹਿਲਾਂ ‘ਸਪੋਕਸਮੈਨ’ ਅਖ਼ਬਾਰ ’ਚ ਇਕ ਲੇਖ ਛਪਿਆ ਸੀ ਜਿਸ ਦਾ ਸਿਰਲੇਖ ਸੀ ‘ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਕੌਣ?’

ਪੰਜਾਬ ਵਿਚ ਤਿੰਨ ਗਿੱਲ ਬੜੇ ਚਰਚਿਤ ਰਹੇ ਹਨ। ਸ. ਲਛਮਣ ਸਿੰਘ ਗਿੱਲ, ਸ. ਮਨੋਹਰ ਸਿੰਘ ਗਿੱਲ ਤੇ ਕੰਵਰਪਾਲ ਸਿੰਘ ਗਿੱਲ। ਜਦੋਂ ਵੀ ਪੰਜਾਬ ਬਾਰੇ ਗੱਲ ਹੁੰਦੀ ਹੈ ਤਾਂ ਇਨ੍ਹਾਂ ਦਾ ਜ਼ਿਕਰ ਕਿਤੇ ਨਾ ਕਿਤੇ ਜ਼ਰੂਰ ਆ ਜਾਂਦਾ ਹੈ। ਲਛਮਣ ਸਿੰਘ ਗਿੱਲ ਵਲੋਂ ਪੰਜਾਬੀ ਭਾਸ਼ਾ ਨੂੰ ਜੋ ਸਤਿਕਾਰ ਦਿਤਾ ਗਿਆ ਉਹ ਉਸ ਤੋਂ ਬਾਅਦ ਕਿਸੇ ਵੀ ਮੁੱਖ ਮੰਤਰੀ ਦੇ ਹਿੱਸੇ ਨਹੀਂ ਆਇਆ।

ਸ. ਮਨੋਹਰ ਸਿੰਘ ਗਿੱਲ ਨੇ ਪੰਜਾਬ ’ਚ ਸੜਕਾਂ ਦਾ ਜਾਲ ਤੇ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਕੀਤੇ। ਜਿੱਥੋਂ ਤਕ ਕੇਪੀਐਸ ਗਿੱਲ ਦੇ ਨਾਂ ਦੀ ਗੱਲ ਹੈ, ਉਸ ਨੇ ਖਾੜਕੂਵਾਦ ਦੌਰਾਨ ਸਿੱਖ ਨੌਜਵਾਨਾਂ ਦਾ ਜੋ ਘਾਣ ਕਰਵਾਇਆ, ਉਹ ਸਦੀਆਂ ਤਕ ਸਿੱਖ ਕੌਮ ਨੂੰ ਯਾਦ ਰਹੇਗਾ। ਇਸੇ ਕਰ ਕੇ ਉਸ ਨੂੰ ਬੁੱਚੜ ਗਿੱਲ ਵੀ ਕਿਹਾ ਜਾਂਦੈ ਤੇ ਬੁੱਚੜ ਗਿੱਲ ਨਾਂ ਦੀ ਕਿਤਾਬ ਵੀ ਉਨ੍ਹਾਂ ਬਾਰੇ ਲਿਖੀ ਗਈ ਹੈ।

Manohar singh Gill

Manohar singh Gill

ਪਿਛਲੇ ਦਿਨੀਂ ਲੇਖਕ ਦੀ ਸ. ਮਨੋਹਰ ਸਿੰਘ ਗਿੱਲ ਨਾਲ ਖੁਲ੍ਹੀ ਗੱਲਬਾਤ ਹੋਈ ਜਿਸ ਵਿਚ  ਉਨ੍ਹਾਂ ਨੇ ਪੰਜਾਬ ਲਈ ਕੀ ਕੁੱਝ ਕੀਤਾ, ਉਸ ਬਾਰੇ ਵਿਸਥਾਰ ’ਚ ਦਸਿਆ। ਦਾਸ ਵਲੋਂ ਉਹ ਪਾਠਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਲੇਖਕ ਦੀ ਗਿੱਲ ਸਾਹਿਬ ਨਾਲ ਜਾਣ ਪਛਾਣ ਕਿਵੇਂ ਹੋਈ?
ਲੇਖਕ ਦਾ ਕਾਫ਼ੀ ਸਾਲ ਪਹਿਲਾਂ ‘ਸਪੋਕਸਮੈਨ’ ਅਖ਼ਬਾਰ ’ਚ ਇਕ ਲੇਖ ਛਪਿਆ ਸੀ ਜਿਸ ਦਾ ਸਿਰਲੇਖ ਸੀ ‘ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਕੌਣ?’ ਗਿੱਲ ਸਾਹਿਬ ਨੇ ਉਹ ਲੇਖ ਪੜ੍ਹ ਕੇ ਪਹਿਲਾਂ ਸਨਿੱਚਰਵਾਰ ਰਾਤ ਨੂੰ ਫ਼ੋਨ ਕੀਤਾ ਜੋ ਕਿਸੇ ਕਾਰਨ ਦਾਸ ਨਾ ਸੁਣ ਸਕਿਆ। ਉਨ੍ਹਾਂ ਨੇ ਅਗਲੇ ਦਿਨ ਐਤਵਾਰ ਗਿਆਰਾਂ ਵਜੇ ਫ਼ੋਨ ਕੀਤਾ। ਜਦੋਂ ਦਾਸ ਨੇ ਫ਼ੋਨ ਚੁਕਿਆ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਸੀ ‘‘ਤੈਨੂੰ ਪਤਾ ਹੈ ਮੈਂ ਕੌਣ ਬੋਲ ਰਿਹਾ ਹਾਂ?’’ 

ਦਾਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕੌਣ ਬੋਲ ਰਹੇ ਹੋ ਕਿਉਂਕਿ ਦਾਸ ਦੀ ਉਨ੍ਹਾਂ ਨਾਲ ਪਹਿਲਾਂ ਕਦੀ ਗੱਲਬਾਤ ਨਹੀਂ ਸੀ ਹੋਈ। ਪਰ ਉਨ੍ਹਾਂ ਦਾ ਨਾਂ ਤਾਂ ਪਤਾ ਹੀ ਸੀ ਕਿਉਂਕਿ ਗਿੱਲ ਸਾਹਿਬ ਪੰਜਾਬ ਦੇ ਵਧੀਕ ਮੁੱਖ ਸਕੱਤਰ, ਸਕੱਤਰ ਕੇਂਦਰ ਸਰਕਾਰ, ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ, ਕੇਂਦਰੀ ਖੇਡ ਮੰਤਰੀ ਤੇ ਬਾਰਾਂ ਸਾਲ ਰਾਜ ਸਭਾ ਦੇ ਮੈਂਬਰ ਵੀ ਰਹੇ।

ਉਨ੍ਹਾਂ ਦਿਨਾਂ ਵਿਚ ਵੀ ਉਹ ਰਾਜ ਸਭਾ ਦੇ ਮੈਂਬਰ ਸਨ। ਉਨ੍ਹਾਂ ਨੇ ਫ਼ੋਨ ’ਤੇ ਕਿਹਾ, ‘‘ਮੈਂ ਸ. ਮਨੋਹਰ ਸਿੰਘ ਗਿੱਲ ਬੋਲ ਰਿਹਾ ਹਾਂ।’’ ਗਿੱਲ ਸਾਹਿਬ ਜਦੋਂ ਗੱਲ ਕਰਦੇ ਸੀ ਤਾਂ ਉਹ ਠੇਠ ਮਾਝੇ ਦੀ ਬੋਲੀ ਵਿਚ ਕਰਦੇ ਸੀ। ਜਦੋਂ ਉਹ ਕਹਿੰਦੇ ‘‘ਭਾਊ ਪਹਿਲਾਂ ਮੇਰੀ ਗੱਲ ਸੁਣ’’, ਤਾਂ ਇੰਜ ਲਗਦਾ ਸੀ ਜਿਵੇਂ ਅਸੀਂ ਕਿਸੇ ਸੱਥ ’ਚ ਬੈਠੇ ਹੋਏ ਗੱਲ ਕਰ ਰਹੇ ਹੋਈਏ। ਉਨ੍ਹਾਂ ਦਾ ਗੱਲ ਕਰਨ ਦਾ ਲਹਿਜਾ ਬਿਲਕੁਲ ਮਾਝੇ ਵਾਲਾ ਸੀ।

ਜਦੋਂ ਕੋਈ ਐਡੇ ਵੱਡੇ ਅਹੁਦੇ ਤੇ ਰਿਹਾ ਆਦਮੀ ਤੁਹਾਨੂੰ ਟੈਲੀਫ਼ੋਨ ਕਰੇ ਤਾਂ ਹੈਰਾਨੀ ਹੋਣੀ ਤਾਂ ਕੁਦਰਤੀ ਹੈ। ਦਾਸ ਨੇ ਉਨ੍ਹਾਂ ਨੂੰ ‘ਸਤਿ ਸ੍ਰੀ ਅਕਾਲ’ ਬੁਲਾਈ ਤੇ ਗੱਲਬਾਤ ਅੱਗੇ ਵਧਾਈ। ਉਨ੍ਹਾਂ ਨੇ ਮੈਨੂੰ ਕਿਹਾ, ‘‘ਮੈਂ ਤੇਰਾ ‘ਸਪੋਕਸਮੈਨ’ ਅਖ਼ਬਾਰ ’ਚ ਲੇਖ ਪੜਿ੍ਹਆ ਸੀ ਤੇ ਮੈਂ ਤੈਨੂੰ ਵਧਾਈ ਦੇਣੀ ਚਾਹੁੰਦਾ ਸੀ।’’ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਪੰਜਾਬੀ ਦੀ ਸਿਰਫ਼ ‘ਸਪੋਕਸਮੈਨ’ ਅਖ਼ਬਾਰ ਹੀ ਲਗਵਾਈ ਹੋਈ ਹੈ ਕਿਉਂਕਿ ਇਹ ਅਖ਼ਬਾਰ ਸਚਾਈ ਲਿਖਦਾ ਹੈ। ਉਨ੍ਹਾਂ ਨੇ ਕਿਹਾ ਕਿ ਤੂੰ ਲੇਖ ਵਿਚ ਸਚਾਈ ਬਿਆਨ ਕੀਤੀ ਹੈ।

ਉਨ੍ਹਾਂ ਨੇ ਅਪਣੇ ਫ਼ੰਡ ’ਚੋਂ ਮੇਰੇ ਪਿੰਡ ਨੂੰ ਛੇ ਲੱਖ ਰੁਪਏ ਤੇ ਮੇਰੇ ਕਹਿਣ ’ਤੇ ਮੇਰੇ ਰਿਸ਼ਤੇਦਾਰ ਦੇ ਪਿੰਡ ਨੂੰ ਵੀ ਦੋ ਲੱਖ ਰੁਪਏ ਸ਼ਮਸ਼ਾਨਘਾਟ ਬਣਾਉਣ ਲਈ ਦਿਤੇ। ਉਸ ਤੋਂ ਬਾਅਦ ਉਨ੍ਹਾਂ ਨੇ ਦਾਸ ਨਾਲ ਕਈ ਵਾਰ ਗੱਲਬਾਤ ਕੀਤੀ। ਇਸ ਤਰ੍ਹਾਂ ਸਾਡਾ ਆਪਸ ’ਚ ਫ਼ੋਨ ਰਾਹੀਂ ਗੱਲਬਾਤ ਦਾ ਸਿਲਸਿਲਾ ਚਲਦਾ ਰਿਹਾ। ਜਦੋਂ ਕੋਰੋਨਾ ਪੂਰੇ ਜ਼ੋਰਾਂ ਤੇ ਚੱਲ ਰਿਹਾ ਸੀ ਤਾਂ ਉਨ੍ਹਾਂ ਵਲੋਂ ਮੈਨੂੰ ਸਪੈਸ਼ਲ ਫ਼ੋਨ ਕਰ ਕੇ ਹਾਲ ਚਾਲ ਪੁਛਿਆ ਅਤੇ ਮੈਨੂੰ ਕੋਰੋਨਾ ਤੋਂ ਬਚਣ ਲਈ ਸਾਵਧਾਨ ਰਹਿਣ ਲਈ ਵੀ ਕਿਹਾ।

ਸ. ਲਛਮਣ ਸਿੰਘ ਗਿੱਲ ਬਾਰੇ, ਗਿੱਲ ਸਾਹਿਬ ਦੇ ਵਿਚਾਰ 
ਗਿੱਲ ਸਾਹਿਬ ਨੇ ਮੈਨੂੰ ਦਸਿਆ ਕਿ ਉਹ ਸ. ਲਛਮਣ ਸਿੰਘ ਗਿੱਲ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਹ ਲਛਮਣ ਸਿੰਘ ਗਿੱਲ ਦੀਆਂ ਲੀਹਾਂ ’ਤੇ ਚੱਲ ਕੇ ਹੀ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਸ. ਲਛਮਣ ਸਿੰਘ ਗਿੱਲ ਨੇ ਅਪਣੇ ਥੋੜੇ ਜਹੇ ਸਮੇਂ ਵਿਚ ਅਜਿਹੇ ਮਹਾਨ ਕੰਮ ਕੀਤੇ, ਉਹ ਦਸ-ਦਸ ਸਾਲ ਤੇ ਪੰਦਰਾਂ ਸਾਲ ਰਹੇ ਮੁੱਖ ਮੰਤਰੀ ਵੀ ਨਹੀਂ ਕਰ ਸਕੇ।

ਗਿੱਲ ਸਾਹਿਬ ਨੇ ਦਸਿਆ ਕਿ ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾਉਣ ਲਈ ਸਿਰਫ਼ ਇਕ ਲਾਈਨ ਦਾ ਮਤਾ ਲਿਆਂਦਾ ਤੇ ਉਸ ਨੂੰ ਪਾਸ ਕਰਵਾਇਆ। ਪਰ ਅਫ਼ਸੋਸ ਉਸ ਤੋਂ ਬਾਅਦ ਜਿੰਨੇ ਵੀ ਮੁੱਖ ਮੰਤਰੀ ਬਣੇ ਉਹ ਪੰਜਾਬੀ ਭਾਸ਼ਾ ਦਫ਼ਤਰਾਂ ’ਚ ਲਾਗੂ ਕਰਨ ਵਿਚ ਅਸਫ਼ਲ ਰਹੇ। ਗਿੱਲ ਸਾਹਿਬ ਕਹਿੰਦੇ ਸਨ ਕਿ ਲਛਮਣ ਸਿੰਘ ਗਿੱਲ ਅਪਣੇ ਪਿੰਡ ਤੋਂ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਸੜਕਾਂ ਬਣਾਉਣ ਵਾਲੇ ਮੁੱਖ ਇੰਜੀਨੀਅਰ ਨੂੰ ਸਦਿਆ ਤੇ ਉਸ ਨੂੰ ਕਿਹਾ ਕਿ ਪੰਦਰਾਂ ਦਿਨਾਂ ਬਾਅਦ ਮੈਂ ਅਪਣੇ ਪਿੰਡ ਜਾਣਾ ਹੈ।

Lachhman Singh Gill

Lachhman Singh Gill

ਉਸ ਦਿਨ ਤਕ ਮੇਰੇ ਪਿੰਡ ਦੀ ਸੜਕ ਬਣਨੀ ਚਾਹੀਦੀ ਹੈ। ਉਨ੍ਹਾਂ ਠੀਕ ਪੰਦਰਵੇਂ ਦਿਨ ਉਸ ਸੜਕ ਦਾ ਉਦਘਾਟਨ ਕੀਤਾ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਵੀ ਕੇਂਦਰ ਸਰਕਾਰ ਨਾਲ ਜੋੜਨ ਦਾ ਕੰਮ ਸ. ਲਛਮਣ ਸਿੰਘ ਗਿੱਲ ਵਲੋਂ ਕੀਤਾ ਗਿਆ ਸੀ। ਗਿੱਲ ਸਾਹਿਬ ਦਾ ਕਹਿਣਾ ਸੀ ਕਿ ਉਹ ਸ. ਲਛਮਣ ਸਿੰਘ ਦੇ ਕੰਮ ਕਰਨ ਤੋਂ ਇੰਨੇ ਪ੍ਰਭਾਵਤ ਹੋਏ ਕਿ ‘‘ਮੈਂ ਉਨ੍ਹਾਂ ਦੇ ਪੂਰਨਿਆਂ ’ਤੇ ਚਲਣ ਦਾ ਫ਼ੈਸਲਾ ਕਰ ਲਿਆ ਜਿਸ ਨੂੰ ਅਖ਼ੀਰ ਤਕ ਨਿਭਾਇਆ ਵੀ।’’

ਗਿੱਲ ਸਾਹਿਬ ਦਾ ਬਤੌਰ ਡਿਪਟੀ ਕਮਿਸ਼ਨਰ ਦਾ ਸਫ਼ਰ
ਸ. ਮਨੋਹਰ ਸਿੰਘ ਗਿੱਲ 1958 ਆਈ.ਏ.ਐਸ. ਅਫ਼ਸਰ ਬਣ ਗਏ ਅਤੇ ਉਹ ਸਾਂਝੇ ਪੰਜਾਬ ’ਚ ਲਾਹੌਲ ਸਪੀਤੀ ਅਤੇ ਹੋਰ ਕਈ ਜ਼ਿਲ੍ਹਿਆਂ ’ਚ ਡੀਸੀ ਰਹੇ। ਉਹ ਦਸਦੇ ਹਨ ਕਿ ਜਦੋਂ 1965 ਵਿਚ ਭਾਰਤ ਪਾਕਿਸਤਾਨ ਦੀ ਜੰਗ ਹੋਈ ਉਦੋਂ ਉਹ ਅੰਬਾਲੇ ਦੇ ਡਿਪਟੀ ਕਮਿਸ਼ਨਰ ਸਨ। ਅੰਬਾਲੇ ’ਚ ਫ਼ੌਜ ਦੀ ਬਹੁਤ ਵੱਡੀ ਛਾਉਣੀ ਤੋਂ ਇਲਾਵਾ ਉੱਥੇ ਹਵਾਈ ਸੈਨਾ ਦਾ ਵੀ ਅੱਡਾ ਹੈ, ਜਿਸ ਕਾਰਨ ਉਨ੍ਹਾਂ ’ਤੇ ਬੜੀ ਵੱਡੀ ਜ਼ਿੰਮੇਵਾਰੀ ਸੀ, ਜਿਹੜੀ ਉਨ੍ਹਾਂ ਨੇ ਬੜੀ ਮਿਹਨਤ ਨਾਲ ਨਿਭਾਈ ਜਿਸ ਕਾਰਨ ਉਨ੍ਹਾਂ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਗਈ। ਜਦੋਂ 1966 ’ਚ ਪੰਜਾਬ ਹਰਿਆਣਾ ਦੀ ਵੰਡ ਹੋਈ ਤਾਂ ਉਨ੍ਹਾਂ ਨੇ ਪੰਜਾਬ ਵਿਚ ਰਹਿਣ ਨੂੰ ਪਹਿਲ ਦਿਤੀ।

ਗਿੱਲ ਸਾਹਿਬ ਨੇ ਦਸਤਾਰ ਕਦੋਂ ਸਜਾਉਣੀ ਸ਼ੁਰੂ ਕੀਤੀ 
ਜਦੋਂ ਮੇਰੇ ਵਲੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਜਦੋਂ ਤੁਸੀਂ 1986 ’ਚ ਵਰਲਡ ਬੈਂਕ ਤੋਂ ਵਾਪਸ ਆਏ ਸੀ ਤਾਂ ਤੁਹਾਨੂੰ ਪ੍ਰੈੱਸ ਵਾਲਿਆਂ ਨੇ ਸਵਾਲ ਕੀਤਾ ਸੀ ਕਿ ਤੁਸੀ ਅਮਰੀਕਾ ਤੋਂ ਕੀ ਲੈ ਕੇ ਆਏ ਹੋ ਤਾਂ ਤੁਸੀ ਕਿਹਾ ਸੀ ਕਿ ਮੈਂ ਉਥੋਂ ਦਸਤਾਰ ਲੈ ਕੇ ਆਇਆ ਹਾਂ। ਤੁਸੀ ਉਸ ਬਾਰੇ ਦੱਸੋ ਤਾਂ ਗਿੱਲ ਸਾਹਿਬ ਕਹਿਣ ਲੱਗੇ ਕਿ ‘‘ਮੈਂ ਪਹਿਲਾਂ ਕੇਸ ਨਹੀਂ ਰੱਖੇ ਹੋਏ ਸੀ

ਪਰ ਜਦੋਂ ਮੈਂ ਅਮਰੀਕਾ ਗਿਆ ਤਾਂ ਉੱਥੇ ਜਦੋਂ ਗੁਰਦੁਆਰਾ ਸਾਹਿਬ ਜਾਂਦਾ ਤਾਂ ਮੈਨੂੰ ਸਿਰ ’ਤੇ ਰੁਮਾਲ ਬੰਨ੍ਹ ਕੇ ਜਾਣਾ ਪੈਂਦਾ ਸੀ। ਇਕ ਦਿਨ ਮੈਂ ਫ਼ੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਦਸਤਾਰ ਸਜਾ ਕੇ ਜਾਣਾ ਹੈ ਕਿਉਂਕਿ ਮੈਂ ਮਝੈਲ ਜੱਟ ਸਿੱਖ ਸੀ ਤੇ ਦਸਤਾਰ ਸਿੱਖ ਦੀ ਪਛਾਣ ਹੈ।’’

ਪੰਜਾਬ ’ਚ ਸੜਕਾਂ ਦਾ ਜਾਲ ਵਿਛਾਉਣ ਵਿਚ ਯੋਗਦਾਨ
ਗਿੱਲ ਸਾਹਿਬ ਕਹਿੰਦੇ ਹਨ ਮੈਂ ਜਦੋਂ ਵਿਦੇਸ਼ਾਂ ’ਚ ਜਾਂਦਾ ਤਾਂ ਉੱਥੇ ਹਰ ਪਿੰਡ ਸੜਕ ਨਾਲ ਜੁੜਿਆ ਹੋਇਆ ਵੇਖਦਾ ਸੀ। ਮੇਰੇ ਵੀ ਦਿਲ ਵਿਚ ਆਉਂਦਾ ਕਿ ਅਸੀ ਵੀ ਅਪਣੇ ਪਿੰਡਾਂ ਨੂੰ ਸੜਕਾਂ ਨਾਲ ਜੋੜਨ ਦਾ ਕਾਰਜ ਕਰੀਏ। ਜਦੋਂ ਮੈਂ 1986 ਵਿਚ ਵਰਲਡ ਬੈਂਕ ਤੋਂ ਵਾਪਸ ਆਇਆ ਤਾਂ ਉਸ ਵੇਲੇ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਸਨ।

file photo

 

ਇਕ ਦਿਨ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਵੀ ਅਪਣੇ ਪਿੰਡਾਂ ਨੂੰ ਸੜਕਾਂ ਨਾਲ ਜੋੜਨਾ ਚਾਹੀਦਾ ਹੈ। ਪਰ ਜਦੋਂ ਬਰਨਾਲਾ ਸਾਹਿਬ ਸੜਕਾਂ ਬਣਾਉਣ ਲਈ ਮਹਿਕਮੇ ਦੇ ਸਕੱਤਰ ਅਤੇ ਮੁੱਖ ਇੰਜੀਨੀਅਰ ਨੂੰ ਸਦਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਫ਼ੰਡ ਨਹੀਂ ਹਨ। ਇਸ ਕਰ ਕੇ ਅਸੀ ਸੜਕਾਂ ਨਹੀਂ ਬਣਾ ਸਕਦੇ। ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਅਤੇ ਮੈਂ ਫ਼ੈਸਲਾ ਕੀਤਾ ਕਿ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਪੰਜਾਬ ਵਿਚ ਸੜਕਾਂ ਦਾ ਜਾਲ ਵਿਛਾ ਦਿਆਂਗਾ।

ਗਿੱਲ ਸਾਹਿਬ ਦੇ ਗਵਰਨਰ ਰੇਅ ਨਾਲ ਸਬੰਧਾਂ ’ਤੇ ਚਰਚਾ
ਕੇਂਦਰ ਸਰਕਾਰ ਵਲੋਂ 11 ਮਈ 1987 ਨੂੰ ਬਰਨਾਲਾ ਸਰਕਾਰ ਨੂੰ ਭੰਗ ਕਰ ਦਿਤਾ ਗਿਆ। ਹੁਣ ਪੰਜਾਬ ਦਾ ਰਾਜ ਭਾਗ ਸਿੱਧਾ ਗਵਰਨਰ ਰੇਅ ਕੋਲ ਆ ਗਿਆ ਸੀ। ਰੇਅ ਦੀ ਰਾਜੀਵ ਗਾਂਧੀ ਨਾਲ ਸਿੱਧੀ ਗੱਲਬਾਤ ਸੀ। ਇਸ ਕਰ ਕੇ ਰਾਜੀਵ ਗਾਂਧੀ ਰੇਅ ਦੀ ਬਹੁਤ ਮੰਨਦਾ ਸੀ। ਜਦੋਂ ਰੇਅ ਨੇ ਮੇਰਾ ਕੰਮਕਾਜ ਵੇਖਿਆ ਤਾਂ ਉਹ ਬਹੁਤ ਪ੍ਰਭਾਵਤ ਹੋਇਆ। 

(ਬਾਕੀ ਵੇਖੋ ਕਲ ਸੋਮਵਾਰ ਦੇ ਪਰਚੇ ਵਿਚ)

ਇਸ ਤੋਂ ਇਲਾਵਾ ਰੇਅ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਕਦੀ ਮੇਰੇ ਤੋਂ ਕਿਤਾਬ ਲੈ ਲੈਂਦੇ ਤੇ ਕਦੇ ਮੈਂ ਉਨ੍ਹਾਂ ਤੋਂ ਕਿਤਾਬ ਲੈ ਲੈਂਦਾ। ਗਵਰਨਰ ਸਾਹਿਬ ਨੂੰ ਇਕ ਅਜਿਹੇ ਸਿੱਖ ਅਫ਼ਸਰ ਦੀ ਲੋੜ ਸੀ ਜਿਹੜਾ ਰੋਹਬਦਾਰ ਵੀ ਹੋਵੇ ਅਤੇ ਹੇਠਲੇ ਅਫ਼ਸਰਾਂ ਤੋਂ ਵੀ ਕੰਮ ਕਰਵਾ ਸਕਦਾ ਹੋਵੇ। ਗਿੱਲ ਸਾਹਿਬ ਕਹਿੰਦੇ ਹਨ ਕਿ ਮੈਂ ਸ. ਲਛਮਣ ਸਿੰਘ ਗਿੱਲ ਤੋਂ ਅਫ਼ਸਰਾਂ ਨੂੰ ਹਿੱਕ ਕੇ ਕੰਮ ਕਰਵਾਉਣਾ ਸਿਖਿਆ ਹੋਇਆ ਸੀ। ਮੈਨੂੰ ਰੇਅ ਸਾਹਿਬ ਨੇ ਕਿਹਾ ਕਿ ਮੈਂ ਤੈਨੂੰ ਵਿਤ ਕਮਿਸ਼ਨਰ ਵਿਕਾਸ ਲਗਾਉਣ ਲਗਿਆਂ ਹਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ।

ਮੈਂ ਕਿਹਾ ਕਿ ਮੈਂ ਤਾਂ ਕੰਮ ਕਰਨਾ ਹੈ ਜਿੱਥੇ ਮਰਜ਼ੀ ਲਗਾ ਦਿਉ। ਉਨ੍ਹਾਂ ਮੈਨੂੰ ਵਿੱਤ ਕਮਿਸ਼ਨਰ ਵਿਕਾਸ ਲਗਾ ਦਿਤਾ। ਉਨ੍ਹਾਂ ਦਿਨਾਂ ’ਚ ਵਿੱਤ ਕਮਿਸ਼ਨਰ ਵਿਕਾਸ, ਵਿਕਾਸ ਨਾਲ ਸਬੰਧਤ ਸਾਰੇ ਵਿਭਾਗਾਂ ਦਾ ਮੁਖੀ ਹੁੰਦਾ ਸੀ। ਸਰਕਾਰ ਨਾ ਹੋਣ ਕਾਰਨ ਵਿੱਤ ਕਮਿਸ਼ਨਰ ਵਿਕਾਸ ਕੋਲ ਮੰਤਰੀ ਦੀਆਂ ਸ਼ਕਤੀਆਂ ਵੀ ਹੁੰਦੀਆਂ ਸੀ। ਹੁਣ ਮੈਂ ਸਹਿਕਾਰਤਾ, ਖੇਤੀ ਤੇ ਹੋਰ ਵਿਕਾਸ ਨਾਲ ਸਬੰਧਤ ਵਿਭਾਗਾਂ ਦਾ ਮੁਖੀ ਸੀ।

ਇਹ ਮੇਰੇ ਲਈ ਕਿਸਾਨਾਂ ਤੇ ਆਮ ਲੋਕਾਂ ਦੀ ਮਦਦ ਕਰਨ ਦਾ ਸੁਨਹਿਰੀ ਮੌਕਾ ਸੀ ਕਿਉਂਕਿ ਮੰਡੀ ਬੋਰਡ ਦਾ ਮੈਂ ਚੇਅਰਮੈਨ ਸੀ, ਮੈਨੂੰ ਪਤਾ ਲੱਗਾ ਕਿ ਮੰਡੀ ਬੋਰਡ ਕੋਲ ਫ਼ੰਡ ਹਨ। ਮੰਡੀ ਬੋਰਡ ਦਾ ਚੇਅਰਮੈਨ ਹੋਣ ਕਰ ਕੇ ਮੇਰੇ ਵਲੋਂ ਮੰਡੀ ਬੋਰਡ ਦੇ ਫ਼ੰਡਾਂ ਨੂੰ ਸੜਕਾਂ ਬਣਾਉਣ ਤੇ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਸੀ। ਪਰ ਮੰਡੀ ਬੋਰਡ ਦੇ ਫ਼ੰਡਾਂ ਦੀ ਵਰਤੋਂ ਕਰਨ ਲਈ ਗਵਰਨਰ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਸੀ।

ਇਹ ਮਨਜ਼ੂਰੀ ਲੈਣ ਲਈ ਮੈਂ ਕਿਸਾਨਾਂ ਦੀਆਂ ਪਿੰਡਾਂ ’ਚ ਸਭਾਵਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਇਨ੍ਹਾਂ ਸਭਾਵਾਂ ’ਚ ਕਿਸਾਨ ਵੱਡੀ ਗਿਣਤੀ ਵਿਚ ਆਉਣ ਲੱਗੇ ਜਿਸ ਕਾਰਨ ਮੈਂ ਕਈ ਵਾਰ ਘਰ ਵੀ ਦੇਰ ਨਾਲ ਪਹੁੰਚਣ ਲੱਗਾ। ਮੇਰੀ ਘਰਵਾਲੀ ਤੇ ਮੇਰੀਆਂ ਲੜਕੀਆਂ ਮੇਰੇ ਨਾਲ ਲੜਦੀਆਂ ਕਿ ਜੇਕਰ ਤੁਹਾਨੂੰ ਕੁੱਝ ਹੋ ਗਿਆ ਤਾਂ ਅਸੀ ਕੀ ਕਰਾਂਗੀਆਂ? ਕਿਉਂਕਿ ਉਨ੍ਹਾਂ ਦਿਨਾਂ ’ਚ ਖਾੜਕੂਵਾਦ ਸਿਖਰ ’ਤੇ ਸੀ ਤੇ ਖਾੜਕੂਆਂ ਨੂੰ ਬਦਨਾਮ ਕਰਨ ਲਈ ਕਈ ਲੋਕਾਂ ਨੂੰ ਮਾਰਿਆ ਜਾ ਚੁੱਕਾ ਸੀ। ਇਕ ਦਿਨ ਮੈਂ ਕਾਫ਼ੀ ਲੇਟ ਹੋ ਗਿਆ ਤੇ ਮੇਰੀ ਗੱਡੀ ਨੂੰ ਸੀਆਰਪੀ ਵਾਲਿਆਂ ਨੇ ਘੇਰ ਲਿਆ।

ਮੇਰੇ ਡਰਾਈਵਰ ਨੇ ਉਨ੍ਹਾਂ ਨੂੰ ਦਸਿਆ ਕਿ ਗਿੱਲ ਸਾਹਿਬ ਹਨ ਤੇ ਜਦੋਂ ਉਨ੍ਹਾਂ ਨੇ ਬੈਟਰੀ ਮਾਰੀ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਇਹ ਗਿੱਲ ਸਾਹਿਬ ਨਹੀਂ ਹਨ। ਮੈਂ ਅੰਦਰ ਬੈਠਿਆਂ ਕਿਹਾ ਕਿ ਮੈਂ ਬੰਦੂਕ ਵਾਲਾ ਗਿੱਲ ਨਹੀਂ ਹਾਂ, ਮੈਂ ਕਲਮ ਨਾਲ ਲਿਖਣ ਵਾਲਾ ਗਿੱਲ ਹਾਂ। ਮੈਂ ਮੰਡੀ ਬੋਰਡ ਦੇ ਫ਼ੰਡਾਂ ਦੀ ਵਰਤੋਂ ਕਰਨ ਦੀ ਗਵਰਨਰ ਤੋਂ ਮਨਜ਼ੂਰੀ ਲੈਣ ਲਈ ਇਕ ਤਰਤੀਬ ਸੋਚੀ ਜਿਹੜੀ ਕਾਮਯਾਬ ਰਹੀ। ਮੈਂ ਮੋਰਿੰਡੇ ਲਾਗੇ ਇਕ ਕਿਸਾਨ ਰੈਲੀ ਰਖੀ ਜਿਸ ’ਚ ਸ਼ਾਮਲ ਹੋਣ ਲਈ ਗਵਰਨਰ ਸਾਹਿਬ ਨੂੰ ਵੀ ਸੱਦਿਆ ਗਿਆ।

ਜਦੋਂ ਮੈ ਅਤੇ ਗਵਰਨਰ ਸਾਹਿਬ ਰੈਲੀ ’ਚ ਪਹੁੰਚੇ ਤਾਂ ਉੱਥੇ ਲੋਕਾਂ ਦਾ ਬੜਾ ਵੱਡਾ ਇਕੱਠ ਸੀ ਜਿਸ ਨੂੰ ਵੇਖ ਕੇ ਗਵਰਨਰ ਸਾਹਿਬ ਬੜੇ ਖ਼ੁਸ਼ ਹੋਏ। ਮੈਂ ਉੱਥੇ ਲੋਕਾਂ ਸਾਹਮਣੇ ਭਾਸ਼ਣ ਦਿੰਦਿਆਂ ਕਿਹਾ, ‘‘ਕਿਸਾਨ ਭਰਾਉ! ਮੈਂ ਚਾਹੁੰਦਾ ਹਾਂ ਕਿ ਮੰਡੀਆਂ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ ਜਾਵੇ। ਮੈਨੂੰ ਪਤਾ ਹੈ ਜਦੋਂ ਤੁਸੀ ਅਪਣੀ ਫ਼ਸਲ ਗੱਡਿਆਂ ਜਾਂ ਟਰੈਕਟਰਾਂ ’ਤੇ ਮੰਡੀ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਾਡੀ ਮਜਬੂਰੀ ਹੈ ਕਿ ਸਾਡੇ ਕੋਲ ਫ਼ੰਡ ਨਹੀਂ ਹਨ।

ਪਰ ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਮੰਡੀ ਬੋਰਡ ਕੋਲ ਫ਼ੰਡ ਹਨ। ਤੁਸੀ ਗਵਰਨਰ ਸਾਹਿਬ ਨੂੰ ਬੇਨਤੀ ਕਰੋ ਕਿ ਇਹ ਸਾਨੂੰ ਮੰਡੀ ਬੋਰਡ ਦੇ ਫ਼ੰਡਾਂ ਨੂੰ ਸੜਕਾਂ ਬਣਾਉਣ ’ਤੇ ਖ਼ਰਚ ਕਰਨ ਦੀ ਮਨਜ਼ੂਰੀ ਦੇਣ। ਗਿੱਲ ਸਾਹਿਬ ਕਹਿੰਦੇ ਹਨ ਕਿ ਗਵਰਨਰ ਸਾਹਿਬ ਨੇ ਉਸੇ ਵੇਲੇ ਮਨਜ਼ੂਰੀ ਦੇਣ ਦਾ ਐਲਾਨ ਕਰ ਦਿਤਾ। ਜਦੋਂ ਮੈਂ ਅਗਲੇ ਦਿਨ ਅਪਣੇ ਦਫ਼ਤਰ ਗਿਆ ਤਾਂ ਸੱਭ ਤੋਂ ਪਹਿਲਾਂ ਮੈਂ ਮੰਡੀ ਬੋਰਡ ਇੰਜੀਨੀਅਰਿੰਗ ਵਿਭਾਗ ਦੇ ਐਸੀ.ਈ ਸਰਦਾਰ ਗੁਰਮ ਨੂੰ ਬੁਲਾਇਆ ਕਿ ਅਸੀ ਹੁਣ ਹਰ ਪਿੰਡ ਨੂੰ ਮੰਡੀ ਨਾਲ ਜੋੜਨ ਲਈ ਪੱਕੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਨਾ ਹੈ।

ਗੁਰਮ ਸਾਹਿਬ ਬਹੁਤ ਹੀ ਮਿਹਨਤੀ, ਇਮਾਨਦਾਰ ਤੇ ਵਧੀਆ ਅਫ਼ਸਰ ਸਨ। ਉਨ੍ਹਾਂ ਕਿਹਾ ਕਿ ਸਰ ਇਹ ਸੜਕਾਂ ਰਾਜਸਥਾਨ ਦੇ ਮਜ਼ਦੂਰ ਨਹੀਂ ਬਣਾ ਸਕਦੇ, ਇਸ ਲਈ ਸਾਨੂੰ ਵੱਡੀ ਮਸ਼ੀਨਰੀ, ਲੁਕ ਅਤੇ ਬਜਰੀ ਮਿਕਸ ਕਰਨ ਵਾਲੇ ਪਲਾਂਟ ਲਗਾਉਣੇ ਪੈਣਗੇ। ਅਸੀਂ ਫਿਰ ਵੱਡੀ ਮਸ਼ੀਨਰੀ ਖ਼ਰੀਦੀ ਤੇ ਵੱਡੇ ਪਲਾਂਟ ਲਗਾਏ ਜਿਸ ਨਾਲ ਅਸੀਂ ਸੜਕਾਂ ਬਣਾਉਣ ’ਚ ਸਫ਼ਲ ਹੋ ਸਕੇ। ਗਿੱਲ ਸਾਹਿਬ ਨੇ ਦਸਿਆ ਕਿ ਜਦੋਂ ਮੈਂ 1988 ’ਚ ਕੇਂਦਰ ਵਿਚ ਗਿਆ, ਉਸ ਵੇਲੇ ਤਕ ਅੱਸੀ ਪ੍ਰਤੀਸ਼ਤ ਸੜਕਾਂ ਬਣ ਗਈਆਂ ਸਨ।

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੰਡ ਮਿੱਲਾਂ ਦਾ ਨਿਰਮਾਣ ਕਰਾਉਣਾ
ਗਿੱਲ ਸਾਹਿਬ ਕਹਿੰਦੇ ਹਨ ਕਿ ਪੰਜਾਬ ’ਚ ਝੋਨੇ ਦੀ ਫ਼ਸਲ ਬੀਜਣ ਕਾਰਨ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਸੀ ਜਿਸ ਨੂੰ ਬਚਾਉਣ ਲਈ ਫ਼ਸਲਾਂ ਦਾ ਫ਼ਸਲੀਕਰਨ ਕਰਨਾ ਬਹੁਤ ਜ਼ਰੂਰੀ ਸੀ। ਇਸ ਵਾਸਤੇ ਗੰਨੇ ਦੀ ਫ਼ਸਲ ਨੂੰ ਉਤਸ਼ਾਹਤ ਕਰਨ ਲਈ ਪੰਜਾਬ ’ਚ ਖੰਡ ਮਿਲਾਂ ਦਾ ਜਾਲ ਵਿਛਾਇਆ ਗਿਆ ਕਿਉਂਕਿ ਗੰਨੇ ਦੀ ਫ਼ਸਲ ’ਤੇ ਬਹੁਤ ਘੱਟ ਪਾਣੀ ਖ਼ਰਚ ਹੁੰਦਾ ਹੈ ਪਰ ਅਫ਼ਸੋਸ ਕਿ ਖੰਡ ਮਿੱਲਾਂ ਵਲੋਂ ਕਿਸਾਨਾਂ ਨੂੰ ਗੰਨੇ ਅਦਾਇਗੀ ਠੀਕ ਸਮੇਂ ਤੇ ਨਾ ਹੋਣ ਕਾਰਨ ਬਹੁਤ ਸਾਰੀਆਂ ਖੰਡ ਮਿੱਲਾਂ ਬੰਦ ਹੋ ਗਈਆਂ ਹਨ। 

ਕਿਸਾਨ ਮੰਡੀਆਂ ਲਗਾਉਣ ਦੀ ਪ੍ਰੰਪਰਾ ਸ਼ੁਰੂ ਕਰਨ
ਗਿੱਲ ਸਾਹਿਬ ਵਲੋਂ ਕਿਸਾਨਾਂ ਨੂੰ ਸਬਜ਼ੀਆਂ ਤੇ ਫਲਾਂ ਨੂੰ ਵੇਚਣ ਲਈ ਅਪਣੀਆਂ ਮੰਡੀਆਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਦਾ ਖ਼ਿਆਲ ਸੀ ਕਿ ਜਿੱਥੇ ਕਿਸਾਨਾਂ ਨੂੰ ਅਪਣੀ ਸਬਜ਼ੀਆਂ ਤੇ ਫੱਲ ਵੇਚਣ ਦਾ ਮੌਕਾ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਨਕਦ ਪੈਸੇ ਮਿਲਗੇ ਤੇ ਉਨ੍ਹਾਂ ਦੀ ਆਮਦਨ ’ਚ ਵਾਧਾ ਹੋਵੇਗਾ ਉੱਥੇ ਖਪਤਕਾਰਾਂ ਨੂੰ ਸਸਤੇ ਮੁੱਲ ’ਤੇ ਤਾਜ਼ੀਆਂ ਸਬਜ਼ੀਆਂ ਤੇ ਫੱਲ ਮਿਲ ਸਕਣਗੇ। ਪਰ ਦੁੱਖ ਇਸ ਗੱਲ ਦਾ ਹੈ ਕਿ ਮੰਡੀਆਂ ਵੀ ਹੁਣ ਭਈਆ ਮੰਡੀਆਂ ਬਣ ਗਈਆਂ ਹਨ। 

ਖੇਤੀ ਨਾਲ ਸਬੰਧਤ ਵਿਦਿਆਰਥੀਆਂ ਲਈ ਨਵੀਆਂ ਨੌਕਰੀਆਂ ਦੇ ਰਾਹ ਖੋਲ੍ਹਣੇ
ਗਿੱਲ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਨੂੰ ਖੇਤੀ ਨਾਲ ਸਬੰਧਤ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਇਕ ਯੂਨੀਅਨ ਮਿਲੀ ਜਿਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੇਤੀ ਨਾਲ ਸਬੰਧਤ ਪੜ੍ਹਾਈ ਕਰਨ ਤੋਂ ਬਾਅਦ ਨੌਕਰੀਆਂ ਨਹੀਂ ਮਿਲਦੀਆਂ ਕਿਉਂਕਿ ਖੇਤੀ ਵਿਭਾਗ ਤੋਂ ਬਗ਼ੈਰ ਹੋਰ ਕੋਈ ਮਹਿਕਮਾ ਉਨ੍ਹਾਂ ਨੂੰ ਭਰਤੀ ਨਹੀਂ ਕਰਦਾ। ਗਿੱਲ ਸਾਹਿਬ ਨੇ ਸਾਰੇ ਵਿਭਾਗਾਂ ਨੂੰ ਹੁਕਮ ਕਰ ਦਿਤੇ ਕਿ ਸਾਰੇ ਵਿਭਾਗ ਰਵਾਇਤੀ ਯੋਗਤਾ ਨਾਲ ਖੇਤੀ ਵਿਸ਼ੇ ਨੂੰ ਵੀ ਬਰਾਬਰ ਦੇ ਮੌਕੇ ਦਿਤੇ ਜਾਣ ਦਾ ਪ੍ਰਬੰਧ ਕੀਤਾ ਜਾਵੇ। ਜਿਸ ਨਾਲ ਖੇਤੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

ਪੰਜਾਬ ’ਚ ਨਾਈਪਰ ਤੇ ਪਲਾਸਟਿਕ ਸੰਸਥਾ ਦੀ ਸਥਾਪਨਾ ਕੀਤੀ
ਗਿੱਲ ਸਾਹਿਬ ਨੂੰ 1988 ’ਚ ਰੇਅ ਦਿੱਲੀ ਕੇਂਦਰ ’ਚ ਲੈ ਗਏ ਜਿੱਥੇ ਉਨ੍ਹਾਂ ਨੂੰ ਸਕੱਤਰ ਪੈਟਰੋ ਕੈਮੀਕਲ ਨਿਯੁਕਤ ਕੀਤਾ ਗਿਆ। ਗਿੱਲ ਸਾਹਿਬ ਨੇ ਦਸਿਆ ਕਿ ਉਸ ਤੋਂ ਪਹਿਲੇ ਜਿੰਨੇ ਵੀ ਅਧਿਕਾਰੀ ਕੇਂਦਰ ’ਚ ਜਾਂਦੇ ਸੀ, ਉਨ੍ਹਾਂ ਨੂੰ ਵਧੀਕ ਜਾਂ ਸੰਯੁਕਤ ਸਕੱਤਰ ਲਗਾਇਆ ਜਾਂਦਾ ਸੀ ਪਰ ਉਨ੍ਹਾਂ  ਨੂੰ ਸਿੱਧਾ ਹੀ ਸਕੱਤਰ ਲਗਾਇਆ ਗਿਆ। ਗਿੱਲ ਸਾਹਿਬ ਜਿਹੜੇ ਵੀ ਅਹੁਦੇ ’ਤੇ ਰਹੇ ਉਥੋਂ  ਉਹ ਹਮੇਸ਼ਾ ਪੰਜਾਬ ਲਈ ਕੁੱਝ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ।

ਗਿੱਲ ਸਾਹਿਬ ਕਹਿੰਦੇ ਹਨ ਕਿ ਮੁਹਾਲੀ ’ਚ ਫਾਰਮਾਸਿਊਟੀਕਲ ਨਾਈਪਰ ਸੰਸਥਾ ਜਿਹੜੀ ਸਥਾਪਤ ਕੀਤੀ ਗਈ ਹੈ। ਉਹ ਬੰਗਲੌਰ ’ਚ ਲਗਣੀ ਸੀ ਪਰ ਉਹ ਮੋਹਾਲੀ ’ਚ ਲੈ ਕੇ ਆਏ। ਅੰਮ੍ਰਿਤਸਰ ’ਚ ਸਥਾਪਤ ਕੀਤਾ ਗਿਆ ਪਲਾਸਟਿਕ ਪੌਲੀਟੈਕਨਿਕ ਸੰਸਥਾ ਵੀ ਕਿਸੇ ਦੂਜੇ ਰਾਜ ’ਚ ਸਥਾਪਤ ਹੋਣੀ ਸੀ, ਉਹ ਵੀ ਉਹ ਅੰਮ੍ਰਿਤਸਰ ਵਿਚ ਲੈ ਕੇ ਆਏ।

ਇਸ ਤੋਂ ਇਲਾਵਾ ਉਨ੍ਹਾਂ ਨੇ ਅਪਣੇ ਪਿੰਡ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਵੱਖ ਵੱਖ ਵਿਭਾਗਾਂ ਜਿਵੇਂ ਨੇਵੀ ਪੁਲੀਸ ਅਤੇ ਵੱਖ ਵੱਖ ਬੈਕਾਂ ’ਚ ਨੌਕਰੀਆਂ ਤੇ ਲਗਾਇਆ। ਗਿੱਲ ਸਾਹਿਬ ਜਦੋਂ ਖੇਡ ਮੰਤਰੀ ਤੇ ਰਾਜ ਸਭਾ ਦੇ ਮੈਂਬਰ ਰਹੇ ਤਾਂ ਉਨ੍ਹਾਂ ਨੇ ਐਮਪੀ ਫ਼ੰਡ ’ਚੋਂ  ਖਿਡਾਰੀਆਂ, ਸਕੂਲਾਂ, ਸ਼ਮਸ਼ਾਨਘਾਟਾਂ, ਲਾਇਬ੍ਰੇਰੀਆਂ, ਹੋਰ ਵੱਖ-ਵੱਖ ਸੰਸਥਾਵਾਂ ਨੂੰ ਦਿਲ ਖੋਲ੍ਹ ਕੇ ਬਿਨਾਂ ਕਿਸੇ ਕਮਿਸ਼ਨ ਲੈਣ ਦੇ ਪੈਸੇ ਦਿਤੇ।

ਗਿੱਲ ਸਾਹਿਬ ਨੇ ਪੰਜਾਬੀ ਲੇਖਕਾਂ ਦੇ ਪਿੰਡਾਂ ਨੂੰ ਵੀ ਉਨ੍ਹਾਂ ਦੇ ਨਾਮ ਤੇ ਪੈਸੇ ਦਿਤੇ। ਲੇਖਕ ਦੇ ਪਿੰਡ ਨੂੰ ਵੀ ਉਨ੍ਹਾਂ ਛੇ ਲੱਖ ਰੁਪਏ ਤੇ ਮੇਰੇ ਇਕ ਰਿਸ਼ਤੇਦਾਰ ਦੇ ਪਿੰਡ ਨੂੰ ਵੀ ਦੋ ਲੱਖ ਰੁਪਏ ਦਿਤੇ। ਗਿੱਲ ਸਾਹਿਬ ਅਪਣੀ ਮਾਂ ਬੋਲੀ ਦਾ ਏਨਾ ਸਤਿਕਾਰ ਕਰਦੇ ਹਨ। ਉਹ ਰੋਜ਼ਾਨਾ ਪੰਜਾਬੀ ਸਪੋਕਸਮੈਨ ਅਖ਼ਬਾਰ ਪੜ੍ਹਦੇ ਹਨ ਤੇ ਜਿਹੜੇ ਲੇਖ ਉਨ੍ਹਾਂ ਨੂੰ ਚੰਗੇ ਲਗਦੇ ਉਨ੍ਹਾਂ ਲੇਖਕਾਂ ਨੂੰ ਉਹ ਫ਼ੋਨ ਕਰ ਕੇ ਉਨ੍ਹਾਂ ਨੂੰ ਹੋਰ ਲਿਖਣ ਲਈ ਉਤਸ਼ਾਹਤ ਵੀ ਕਰਦੇ।

ਕਾਫ਼ੀ ਸਾਲ ਪਹਿਲਾ ਪਾਕਿਸਤਾਨੀ ਫ਼ੌਜੀ ਸਾਡੇ ਦੇਸ਼ ਦੇ ਦੋ ਫ਼ੌਜੀ ਨੌਜਵਾਨਾਂ ਦੇ ਸਿਰ ਵੱਢ ਕੇ ਲੈ ਗਏ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀ ਅਖ਼ਬਾਰ ’ਚ ਲੇਖ ਲਿਖੋ ਕਿ ਸਰਕਾਰ ਵਲੋਂ ਫ਼ੌਜੀ ਜਵਾਨਾਂ ਨੂੰ ਜਿਹੜੀਆਂ ਸਹੂਲਤਾਂ ਦਿਤੀਆਂ ਜਾਣੀਆਂ ਨੇ ਉਹ ਉਨ੍ਹਾਂ ਦੇ ਵਾਰਸਾਂ ਨੂੰ ਦੇਣ ਦੇ ਲਿਖਤੀ ਹੁਕਮ ਕਰੇ ਕਿਉਂਕਿ ਸਰਕਾਰ ਐਲਾਨ ਕਰ ਦਿੰਦੀ ਹੈ ਤੇ ਬਾਅਦ ’ਚ ਉਹ ਵਿਚਾਰੇ ਦਫ਼ਤਰਾਂ ਵਿਚ ਰੁਲਦੇ ਫਿਰਦੇ ਹਨ। ਦਾਸ ਨੇ ਸਪੋਕਸਮੈਨ ਅਖ਼ਬਾਰ ’ਚ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ ‘‘ਸ਼ਹੀਦਾਂ ਨੂੰ ਐਲਾਨਾਂ ਦੀ ਨਹੀਂ, ਅਮਲਾਂ ਦੀ ਲੋੜ ਹੈ’’ ਜਿਸ ਦੀ ਕਾਪੀ ਗਿੱਲ ਸਾਹਿਬ ਨੂੰ ਵੀ ਭੇਜੀ ਗਈ। 

ਸਰਦਾਰ ਭਗਤ ਸਿੰਘ ਦੀ ਫ਼ੋਟੋ ਪਾਰਲੀਮੈਂਟ ’ਚ ਲਗਾਉਣ ਦਾ ਸਿਹਰਾ ਵੀ ਗਿੱਲ ਸਾਹਿਬ ਨੂੰ ਜਾਂਦਾ ਹੈ। ਗਿੱਲ ਸਾਹਿਬ ਕਹਿੰਦੇ ਹਨ ਕਿ ਜਦੋਂ ਮੈਂ ਐਮਪੀ ਬਣ ਕੇ ਪਾਰਲੀਮੈਂਟ ’ਚ ਗਿਆ ਅਤੇ  ਪਾਰਲੀਮੈਂਟ  ਦੀ ਗੈਲਰੀ ’ਚ ਲਗੀਆਂ ਫ਼ੋਟੋਆਂ ਵੇਖੀਆਂ ਤਾਂ ਉਨ੍ਹਾਂ ’ਚ ਇਕ ਵੀ ਸਿੱਖ ਦੀ ਫ਼ੋਟੋ ਨਹੀਂ ਸੀ ਜਿਸ ਨੂੰ ਵੇਖ ਕੇ ਮੈਨੂੰ ਬਹੁਤ ਦੁਖ ਹੋਇਆ ਕਿ ਦੇਸ਼ ਦੀ ਆਜ਼ਾਦੀ ਵਿਚ ਪਚਾਸੀ ਪ੍ਰਤੀਸ਼ਤ ਸ਼ਹੀਦੀਆਂ ਸਿੱਖਾਂ ਨੇ ਦਿਤੀਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਸਿੱਖਾਂ ਨੇ ਕੱਟੀਆਂ, ਜਾਇਦਾਦਾਂ ਕੁਰਕ ਸਿੱਖਾਂ ਨੇ ਕਰਵਾਈਆਂ ਅਤੇ ਪੁਲੀਸ ਤਸ਼ੱਦਦ ਸਹਿਣ ਸਿੱਖਾਂ ਨੇ ਕੀਤਾ ਪਰ ਇਕ ਵੀ ਸਿੱਖ ਦੀ ਫ਼ੋਟੋ ਪਾਰਲੀਮੈਂਟ ਗੈਲਰੀ ’ਚ ਨਹੀਂ ਲੱਗੀ ਹੋਈ।

ਉਸ ਦਿਨ ਮੈਂ ਫ਼ੈਸਲਾ ਕਰ ਲਿਆ ਕਿ ਪਾਰਲੀਮੈਂਟ ’ਚ ਸਿੱਖ ਦੀ ਫ਼ੋਟੋ ਜ਼ਰੂਰ ਲਗਵਾਂਵਾਂਗਾ ਅਤੇ ਮੈਂ ਸ. ਭਗਤ ਸਿੰਘ ਦੀ ਆਦਮ ਕੱਦ ਫ਼ੋਟੋ ਲਗਾਉਣ ’ਚ ਕਾਮਯਾਬ ਹੋਇਆ। ਗੱਲ ਕਾਹਦੀ ਕਿ ਸ. ਮਨੋਹਰ ਸਿੰਘ ਗਿੱਲ ਦੀਆਂ ਪੰਜਾਬ ਲਈ ਏਨੀਆਂ ਪ੍ਰਾਪਤੀਆਂ ਹਨ ਕਿ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਅਖ਼ੀਰ ਵਿਚ ਲੇਖਕ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਗਿੱਲ ਸਾਹਿਬ ਨੂੰ ਤੰਦਰੁਸਤ, ਲੰਮੀ ਉਮਰ ਅਤੇ ਚੜ੍ਹਦੀ ਕਲਾ ’ਚ ਰੱਖਣ ਤਾਕਿ ਉਹ ਪੰਜਾਬ ਦੀ ਸੇਵਾ ਕਰਦੇ ਰਹਿਣ। ਬਾਕੀ ਉਨ੍ਹਾਂ ਵਲੋਂ ਪੰਜਾਬ ਦੀਆਂ ਕੀਤੀਆਂ ਸੇਵਾਵਾਂ ਬਾਰੇ ਬਾਅਦ ’ਚ ਲਿਖਾਂਗਾ।  


    

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement