
ਤੇ ਇਸ ਨੂੰ ਛੇਤੀ ਸ਼ੁਰੂ ਕਰਨ ਲਈ ਮੈਂ ਵੀ ਕੋਈ ਸੇਵਾ ਕਰ ਸਕਦਾਂ? (3)
ਉਪਰੋਕਤ ਵਿਸ਼ੇ ਤੇ ਮੈਂ ਦੋ ਕਿਸਤਾਂ ਲਿਖੀਆਂ ਤੇ ਫਿਰ ਸੋਚਿਆ, ਰੁਕ ਕੇ ਵੇਖ ਤਾਂ ਲਵਾਂ, ਕਿਸੇ ਤੇ ਕੋਈ ਅਸਰ ਹੋਇਆ ਵੀ ਹੈ ਕਿ ਨਹੀਂ? ਕੇਵਲ ਇਕ ਪਾਠਕ ਨੇ 50 ਹਜ਼ਾਰ ਦਾ ਚੈੱਕ ਭੇਜਿਆ ਤੇ ਚਿੱਠੀ ਵਿਚ ਦੁਖ ਪ੍ਰਗਟ ਕੀਤਾ ਕਿ ਕੌਮ ਦੀ ਆਨ ਸ਼ਾਨ ਬਹਾਲ ਕਰਨ ਖ਼ਾਤਰ, ਪ੍ਰਬੰਧਕਾਂ ਨੇ ਤਾਂ ਲੰਮਾ ਸੰਘਰਸ਼ ਕੀਤਾ ਪਰ ਦੂਜੇ ਸਿੱਖਾਂ ਨੇ ਕਦਰ ਤਾਂ ਕੀ ਪਾਉਣੀ ਸੀ, ਸਪੋਕਸਮੈਨ ਦੇ ਪਾਠਕਾਂ ਤੇ ‘ਉੱਚਾ ਦਰ’ ਦੇ ਮੈਂਬਰਾਂ ਵਿਚੋਂ ਵੀ ਇਕ ਦੋ ਫ਼ੀ ਸਦੀ ਨੂੰ ਛੱਡ ਕੇ,ਬਾਕੀ ਸਾਰਿਆਂ ਨੇ ਚੁੱਪੀ ਹੀ ਧਾਰਨ ਕੀਤੀ ਰੱਖੀ।
ਯਕੀਨਨ ਉਦੋਂ ਦਿਲ ਟੁਟ ਜਾਂਦਾ ਸੀ ਜਦ ਉਧਾਰੀ ਰਕਮ ਵਾਪਸ ਕਰਨ ਲਈ ਜ਼ਿੱਦ ਕਰਨ ਵਾਲਿਆਂ ਨੂੰ ਕਿਹਾ ਜਾਂਦਾ ਕਿ ਉਹ ਉੱਚਾ ਦਰ ਬਣ ਕੇ ਚਾਲੂ ਹੋਣ ਤਕ ਤਾਂ ਇੰਤਜ਼ਾਰ ਕਰ ਲੈਣ ਕਿਉਂਕਿ ਅੱਧ ਵਿਚਕਾਰੋਂ ਪੈਸਾ ਖਿੱਚਣ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਤੁਹਾਨੂੰ ਕੌਮੀ ਸੰਸਥਾ ਦੇ ਬਣਨ ਜਾਂ ਨਾ ਬਣਨ ਵਿਚ ਦਿਲਚਸਪੀ ਹੀ ਕੋਈ ਨਹੀਂ ਤੇ ਸਿਰਫ਼ ਅਪਣੇ ਥੋੜ੍ਹੇ ਜਿਹੇ ਪੈਸਿਆਂ ਵਿਚ ਹੀ ਦਿਲਚਸਪੀ ਰਖਦੇ ਹੋ!
Ucha Dar Babe Nanak Da
ਜਵਾਬ ਵਿਚ ਉਹ ਸੱਜਣ, ਸਾਰੀ ਸ਼ਰਮ ਲਾਹ ਕੇ ਕਹਿ ਦੇਂਦੇ, ‘ਹਾਂ, ਸੱਚੀ ਗੱਲ ਐ, ਸਾਨੂੰ ਉੱਚਾ ਦਰ ਵਿਚ ਕੋਈ ਦਿਲਚਸਪੀ ਨਹੀਂ ਜੀ। ਸਾਨੂੰ ਸਾਡੇ ਪੈਸਿਆਂ ਤੇ ਸੂਦ ਵਿਚ ਹੀ ਦਿਲਚਸਪੀ ਜੇ। ਉਹ ਸਾਨੂੰ ਵਾਪਸ ਕਰ ਦਿਉ ਬੱਸ, ਹੋਰ ਤੁਸੀ ‘ਉੱਚਾ ਦਰ’ ਬਣਾਉ ਨਾ ਬਣਾਉ, ਇਹ ਤੁਹਾਡਾ ਕੰਮ।’’ ਇਕ ਸੱਜਣ ਜੋ ਹਰ ਵਾਰ ਮੇਰੀ ਤਾਰੀਫ਼ ਦੇ ਪੁਲ ਬੰਨਿ੍ਹਆ ਕਰਦੇ ਸੀ, ਇਕ ਦਿਨ ਦਫ਼ਤਰ ਆਏ ਤੇ ਸਾਰੇ ਪੈਸੇ ਵਾਪਸ ਮੰਗਣ ਲੱਗੇ। ਅਸੀ ਕਿਹਾ,‘‘ਤੁਹਾਡੇ ਤੋਂ ਤਾਂ ਅਸੀ ਵੱਡੀ ਕੁਰਬਾਨੀ ਦੀ ਆਸ ਰਖਦੇ ਸੀ ਪਰ ਤੁਸੀ ਤਾਂ ਏਨੀ ਛੇਤੀ ਕਾਹਲੇ ਪੈ ਗਏ ਹੋ। ਇਸ ਤਰ੍ਹਾਂ ਕੋਈ ‘ਕੌਮੀ ਜਾਇਦਾਦ’ ਕਿਵੇਂ ਬਣੇਗੀ? ਹੁਣ ਤਕ ਵੀ ਤੁਹਾਡੇ ਕੋਲ ਅਜਿਹਾ ਕੁੱਝ ਨਹੀਂ ਜਿਸ ਨੂੰ ਵੇਖਣ ਲਈ ਦੁਨੀਆਂ ਦੇ ਲੋਕ ਆਉਣ ਤੇ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰਨ....।’’
Ucha dar babe nanak da
ਉਹ ਚੁਪਚਾਪ ਮੇਰੀ ਗੱਲ ਸੁਣਦੇ ਰਹੇ ਤੇ ਅਖ਼ੀਰ ਬੋਲੇ,‘‘ਸੁਣ ਲਈ ਏ ਜੀ ਤੁਹਾਡੀ ਵੀ ਗੱਲ। ਤੁਸੀ ਠੀਕ ਕਹਿੰਦੇ ਹੋਵੇਗੇ ਪਰ ਮੇਰੀ ਕੋਈ ਦਿਲਚਸਪੀ ਨਹੀਂ ਜੀ ਇਨ੍ਹਾਂ ਗੱਲਾਂ ਵਿਚ। ਤੁਸੀ ਦਫ਼ਤਰ ਨੂੰ ਆਖੋ, ਮੇਰੇ ਪੈਸੇ ਵਾਪਸ ਕਰ ਦੇਣ।’’ਮੈਂ ਆਖ਼ਰੀ ਤਰਲੇ ਵਜੋਂ ਕਿਹਾ,‘‘ਉੱਚਾ ਦਰ ਸਖ਼ਤ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ। ਇਸ ਦੀ ਏਨੀ ਕੁ ਸੇਵਾ ਤਾਂ ਤੁਸੀ ਕਰ ਹੀ ਸਕਦੇ ਹੋ ਕਿ ਅਸਲ ਰਕਮ ਲੈ ਲਉ ਤੇ ਵਿਆਜ ਛੱਡ ਦਿਉ। ਬਾਬੇ ਨਾਨਕ ਦਾ ਕੰਮ ਹੈ, ਜੇ ਵਿਆਜ ਨਾ ਲਿਆ ਤਾਂ ਕੀ ਨੁਕਸਾਨ ਹੋ ਜਾਏਗਾ? ਅਸਲ ਰਕਮ ਤਾਂ ਤੁਹਾਨੂੰ ਮਿਲ ਹੀ ਰਹੀ ਹੈ।’’
ਉਹ ਖਿੱਝ ਕੇ ਬੋਲੇ,‘‘ਨਾ ਜੀ ਨਾ, ਸੂਦ ਪਹਿਲਾਂ, ਅਸਲ ਬਾਅਦ ਵਿਚ! ਤੁਸੀ ਸੁਣਿਆ ਨਹੀਂ, ਬਜ਼ੁਰਗ ਕਹਿੰਦੇ ਸੀ, ਮੂਲ ਨਾਲੋਂ ਸੂਦ ਪਿਆਰਾ ਹੁੰਦਾ ਹੈ? ਨਾ ਜੀ, ਸੂਦ ਤਾਂ ਇਕ ਪੈਸਾ ਨਹੀਂ ਛੱਡਾਂਗਾ।’’ ਮੈਂ ਕਿਹਾ,‘‘ਸਰਦਾਰ ਸਾਹਿਬ, ਫਿਰ ਅਸਲ ਵਿਚੋਂ ਹੀ ਜੋ ਠੀਕ ਸਮਝੋ, ਉੱਚਾ ਦਰ ਲਈ ਦੇ ਦੇਣਾ।’’ ਉਹ ਖਸਿਆਨੀ ਹਾਸੀ ਹਸਦੇ ਹੋਏ ਕਹਿਣ ਲਗੇ,‘‘ਜਿਹੜਾ ਸੂਦ ਵਿਚੋਂ ਨਹੀਂ ਦੇ ਸਕਦਾ, ਉਸ ਤੋਂ ਅਸਲ ਮੰਗਦੇ ਹੋ? ਬੜੇ ਭੋਲੇ ਹੋ ਸਰਦਾਰ ਸਾਹਬ!’’ ਮੇਰੇ ਗਿਲੇ ਤਾਂ ਪਾਠਕਾਂ ਅਤ ਮੈਂਬਰਾਂ ਪ੍ਰਤੀ ਹਜ਼ਾਰ ਹੋਣਗੇ ਕਿਉਂਕਿ ਇਨ੍ਹਾਂ ਤੋਂ ਵਾਰ ਵਾਰ ਪ੍ਰਵਾਨਗੀ ਲੈ ਕੇ ਹੀ ਮੈਂ ਏਨੇ ਵੱਡੇ ਕੰਮ ਨੂੰ ਹੱਥ ਪਾਇਆ ਸੀ ਵਰਨਾ ਅਖ਼ਬਾਰ ਦੀ ਸਰਕਾਰ ਅਤੇ ਪੁਜਾਰੀਵਾਦ ਨਾਲ ਲੜਾਈ ਨੇ ਹੀ ਸਾਨੂੰ ਫਾਂਗ ਕਰ ਦਿਤਾ ਹੋਇਆ ਸੀ ਤੇ ਸਰਕਾਰ ਨੇ ਵੀ ਪੂਰੀ ਵਾਹ ਲਾਈ ਹੋਈ ਸੀ ਕਿ ਕਿਸੇ ਵੀ ਪਾਸਿਉਂ ਇਕ ਪੈਸਾ ਵੀ ਸਪੋਕਸਮੈਨ ਦੀ ਬੁਘਣੀ ਵਿਚ ਨਾ ਜਾ ਸਕੇ।
Rozana Spokesman
ਸੋ ਜੇ ਪਾਠਕ ਤੇ ਮੈਂਬਰ ਮੈਨੂੰ ਯਕੀਨ ਨਾ ਦਿਵਾਉਂਦੇ ਕਿ ਉਹ ਉੱਚਾ ਦਰ ਨੂੰ ਕੋਈ ਕਮੀ ਨਹੀਂ ਆਉਣ ਦੇਣਗੇ ਤਾਂ ਮੈਂ ਕਦੇ ਵੀ ਇਸ ਨੂੰ ਹੱਥ ਨਹੀਂ ਸੀ ਪਾਉਣਾ। ਮਗਰੋਂ ਜਦ ਪਾਠਕ ਤੇ ਮੈਂਬਰ ਵਿਟਰ ਗਏ ਤਾਂ ਮੇਰੇ ਲਈ ਮਰਨ ਵਾਲੀ ਹਾਲਤ ਹੋ ਗਈ। ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਹਾਲਤ ਸੀ। ਨਾ ਖਾ ਸਕੇ, ਨਾ ਛੱਡ ਸਕੇ। ਪਰ ਰੋ ਰੋ ਕੇ, ਅਸੀ ਉਸ ਮਾਲਕ ਦੀ ਰਜ਼ਾ ਅਨੁਸਾਰ, ਕੰਮ ਪੂਰਾ ਕਰ ਹੀ ਲਿਆ ਹੈ।
ਉਂਜ ਮੈਂ ਸੋਚਦਾ ਹਾਂ, ਪਿਛਲੇ ਚਾਰ-ਪੰਜ ਸਾਲ, ਮੈਂ ਮੰਗ ਮੰਗ ਕੇ ਤੇ ਕਰਜ਼ੇ ਚੁਕ ਚੁਕ ਕੇ ਕੰਮ ਜਾਰੀ ਨਾ ਰਖਦਾ ਤਾਂ ਮੈਂਬਰਾਂ ਤੇ ਪਾਠਕਾਂ ਦੀ ਬੇਰੁਖ਼ੀ ਨੇ ਤਾਂ ਇਸ ਨੂੰ ਜੰਗਲ ਬੇਲਾ ਬਣਾ ਦੇਣਾ ਸੀ ਕਿਉਂਕਿ ਸਾਲ ਛੇ ਮਹੀਨੇ ਵੀ ਅਜਿਹੀ ਵੱਡੀ ਥਾਂ ਵਲ ਧਿਆਨ ਕੋਈ ਨਾ ਦੇਵੇ ਤਾਂ ਉਹ ਜੰਗਲ ਬੀਆਬਾਨ ਵਿਚ ਤਬਦੀਲ ਹੋ ਜਾਂਦੀ ਹੈ। ਚਲੋ ਜ਼ਿੰਦਾ ਸਾਂ ਤਾਂ ਸੰਭਾਲ ਲਿਆ। ਜਦ ਮਰ ਜਾਵਾਂਗਾ ਤਾਂ ਕੀ ਮੇਰੇ ਪਿੱਛੋਂ ਵੀ ਪਾਠਕਾਂ ਤੇ ਮੈਂਬਰਾਂ ਦੀ ਬੇਰੁਖ਼ੀ ਇਸੇ ਤਰ੍ਹਾਂ ਜਾਰੀ ਰਹੇਗੀ? ਮਤਲਬ ਸਾਡੀ ਸਾਰੀ ਉਮਰ ਦੀ ਘਾਲਣਾ ਖੂਹ ਖਾਤੇ ਪੈ ਜਾਏਗੀ? ਇਸ ਨੂੰ ਬਚਾਉਣ, ਇਸ ਦੀ ਸੇਵਾ ਕਰਨ ਤੇ ਇਸ ਨੂੰ ਹਮੇਸ਼ਾ ਲਈ ਤਾਜ਼ਾਤਰ ਰੱਖਣ ਲਈ ਕੋਈ ਅੱਗੇ ਨਹੀਂ ਆਵੇਗਾ? ਜਿਨ੍ਹਾਂ ਲਈ ਪੈਸਾ ਹੀ ਸੱਭ ਕੁੱਝ ਹੁੰਦਾ ਹੈ, ਉਹ ਏਨੀ ਮਹਾਨ ਕੌਮੀ ਯਾਦਗਾਰ ਦੀ ਕੀ ਪ੍ਰਵਾਹ ਕਰਨਗੇ? ਇਸ ਦੀ ਸੇਵਾ ਸੰਭਾਲ ਉਤੇ ਹੀ ਸਾਲ ਵਿਚ ਇਕ ਕਰੋੜ ਲੱਗ ਜਾਂਦਾ ਹੈ।
Ucha Dar Babe Nanak Da
ਸਰਕਾਰੀ ਸ਼ਰਤਾਂ ਪੂਰੀਆਂ ਕਰਨ ਲਈ ਅਜੇ ਤਿੰਨ ਚਾਰ ਕਰੋੜ ਹੋਰ ਚਾਹੀਦਾ ਹੈ ਵਰਨਾ ਅਸੀ ਤਾਂ ਜੋ ਦੇਣਾ ਸੀ, ਤਿਆਰ ਕਰ ਦਿਤਾ ਹੈ। ਮੇਰੀ ਉਪਰ ਵਰਣਤ ਚਿੰਤਾ ਨੂੰ ਜਿਹੜੇ ਪਾਠਕ/ਮੈਂਬਰ ਠੀਕ ਨਹੀਂ ਸਮਝਦੇ, ਉਹ ਅਗਲੇ 15 ਦਿਨਾਂ ਵਿਚ ਨਿਤਰ ਵਿਖਾਉਣ। ਇਕ ਇਕ ਲੱਖ ਹੀ ਭੇਜ ਦੇਣ (ਉਧਾਰ ਜਾਂ ਦਾਨ ਵਜੋਂ ਜਿਵੇਂ ਵੀ ਠੀਕ ਸਮਝਣ) ਮੈਨੂੰ ਇਕ ਵਾਰ ਫਿਰ ਪਤਾ ਲੱਗ ਜਾਵੇਗਾ ਕਿ ਕਿੰਨੇ ਪਾਠਕ/ਮੈਂਬਰ/ਹਮਦਰਦ ਬਾਕੀ ਹਨ ਜੋ ਏਨੀ ਮਹਾਨ ਤੇ ਵੱਡੀ ਸੰਸਥਾ ਨੂੰ ਸੰਭਾਲੀ ਰੱਖਣ ਪ੍ਰਤੀ ਸੰਜੀਦਾ ਹਨ ਤੇ ਮੈਨੂੰ ਮਰਨ ਲਗਿਆਂ ਚਿੰਤਾ ਨਹੀਂ ਕਰਨੀ ਚਾਹੀਦੀ। ਜਵਾਬ ਦਿਉਗੇ? ਮੈਂ ਉਡੀਕਾਂਗਾ।