ਅਕਾਲੀ ਬਣੇ ਦਿੱਲੀ ਤਖ਼ਤ ਦੇ ਵਕੀਲ!
Published : Apr 26, 2020, 4:30 pm IST
Updated : Apr 26, 2020, 4:30 pm IST
SHARE ARTICLE
File Photo
File Photo

ਬਚਪਨ ਵਿਚ ਅਕਾਲੀਆਂ ਦੇ ਹੱਕ ਵਿਚ ਸੜਕਾਂ ਉਤੇ ਨਿਕਲ ਕੇ ਮੁੰਡਿਆਂ ਦੀ ਢਾਣੀ ਨਾਹਰੇ ਮਾਰਦੀ ਹੁੰਦੀ ਸੀ

ਬਚਪਨ ਵਿਚ ਅਕਾਲੀਆਂ ਦੇ ਹੱਕ ਵਿਚ ਸੜਕਾਂ ਉਤੇ ਨਿਕਲ ਕੇ ਮੁੰਡਿਆਂ ਦੀ ਢਾਣੀ ਨਾਹਰੇ ਮਾਰਦੀ ਹੁੰਦੀ ਸੀ, 'ਜਿੱਤੇਗਾ ਬਈ ਜਿੱਤੇਗਾ, ਤੀਰ ਕਮਾਨ ਜਿੱਤੇਗਾ।' ਮੈਂ ਵੀ ਉਸ ਢਾਣੀ ਵਿਚ ਸ਼ਾਮਲ ਹੁੰਦਾ ਸੀ। ਉਦੋਂ ਅਕਾਲੀਆਂ ਦਾ ਚੋਣ ਨਿਸ਼ਾਨ 'ਤੀਰ ਕਮਾਨ' ਹੋਇਆ ਕਰਦਾ ਸੀ। ਵੱਡੇ ਹੋਣ ਤਕ ਕਿਸੇ ਵੀ ਪਾਰਟੀ ਦੇ ਬਹੁਤਾ ਨੇੜੇ ਨਾ ਹੋ ਕੇ, ਆਜ਼ਾਦ ਖ਼ਿਆਲ ਰਹਿਣ ਦਾ ਨਿਸ਼ਚਾ ਤਾਂ ਕਰ ਲਿਆ ਪਰ ਬਚਪਨ ਦੇ ਦਿਨਾਂ ਦੇ ਅਸਰ ਹੇਠ, ਅਕਾਲੀਆਂ ਨੂੰ ਪੰਥ ਦੇ ਹੱਕ ਵਿਚ ਮੋਰਚੇ ਲਾਉਂਦਿਆਂ, ਜੇਲ੍ਹੀਂ ਜਾਂਦਿਆਂ ਤੇ ਪੰਥ ਦੀ ਆਜ਼ਾਦ ਹਸਤੀ ਦੇ ਹੱਕ ਵਿਚ ਧੂੰਆਂਧਾਰ ਬਿਆਨਬਾਜ਼ੀ ਕਰਦਿਆਂ ਵੇਖਣ ਦੀ ਮੇਰੀ ਦਿਲਚਸਪੀ ਬਣੀ ਰਹੀ। ਸ਼ਾਇਦ ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਂ ਜ਼ਿੰਦਗੀ ਭਰ, ਕਿਸੇ ਵੀ ਪਾਰਟੀ ਦੇ ਹੱਕ ਵਿਚ ਵੋਟ ਨਹੀਂ ਪਾਈ।

ਸ਼ੁਰੂ ਸ਼ੁਰੂ ਵਿਚ ਮੈਂ ਵੋਟ ਪਾਉਣ ਚਲਾ ਜਾਂਦਾ ਸੀ ਪਰ ਵੋਟ ਸਿਰਫ਼ ਉਸ ਉਮੀਦਵਾਰ ਨੂੰ ਹੀ ਪਾਉਂਦਾ ਸੀ ਜਿਸ ਨੂੰ ਮੈਂ ਕਦੇ ਵੇਖਿਆ ਵੀ ਨਹੀਂ ਸੀ ਹੁੰਦਾ ਤੇ ਏਨਾ ਹੀ ਜਾਣਦਾ ਸੀ ਕਿ ਇਹ ਉਮੀਦਵਾਰ ਜਿੱਤੇ ਭਾਵੇਂ ਹਾਰੇ, ਪਰ ਹੈ ਇਹ ਸਾਰੇ ਉਮੀਦਵਾਰਾਂ ਨਾਲੋਂ ਈਮਾਨਦਾਰ ਤੇ ਸਿਆਣਾ ਬੰਦਾ। ਸੋ ਮੇਰਾ ਵੋਟ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਕਦੇ ਵੀ ਨਹੀਂ ਮਿਲ ਸਕਿਆ, ਕੇਵਲ 'ਸੱਭ ਤੋਂ ਚੰਗੇ' ਉਮੀਦਵਾਰ ਨੂੰ ਹੀ ਮਿਲਦਾ ਰਿਹਾ ਹੈ। ਕਹਿਣ ਦੀ ਲੋੜ ਨਹੀਂ ਕਿ ਮੇਰੀ ਪਸੰਦ ਦਾ ਉਮੀਦਵਾਰ ਹਮੇਸ਼ਾ ਹਾਰ ਜਾਇਆ ਕਰਦਾ ਸੀ ਤੇ ਉਸ ਦੀ ਜ਼ਮਾਨਤ ਵੀ ਅਕਸਰ ਜ਼ਬਤ ਹੋ ਜਾਇਆ ਕਰਦੀ ਸੀ ਜਿਸ ਤੋਂ ਮੇਰਾ ਇਹ ਵਿਸ਼ਵਾਸ ਪੱਕੇ ਤੋਂ ਗੂੜ੍ਹਾ ਪੱਕਾ ਹੁੰਦਾ ਗਿਆ ਕਿ ਚੋਣਾਂ ਵਾਲੇ ਲੋਕ-ਰਾਜ ਵਿਚ, ਚੰਗਾ ਬੰਦਾ ਕਦੇ ਚੋਣ ਨਹੀਂ ਜਿੱਤ ਸਕਦਾ। ਨਤੀਜੇ ਵਜੋਂ ਪਿਛਲੇ 25 ਸਾਲਾਂ ਵਿਚ ਮੈਂ ਅਪਣੀ ਵੋਟ ਦੀ ਕਦੇ ਵਰਤੋਂ ਹੀ ਨਹੀਂ ਕੀਤੀ।

File photoFile photo

ਪਰ ਚੋਣਾਂ ਦੇ ਦਿਨਾਂ ਨੂੰ ਛੱਡ ਕੇ ਮੇਰੀ ਦਿਲਚਸਪੀ, ਬਚਪਨ ਦੇ ਸੰਸਕਾਰਾਂ ਕਾਰਨ, ਇਹ ਵੇਖਣ ਵਿਚ ਜ਼ਰੂਰ ਬਣੀ ਰਹਿੰਦੀ ਸੀ ਕਿ 'ਪੰਥ' ਦੀ ਸੱਚੀ ਸੇਵਾ ਕਰਨ ਵਾਲੇ ਜਾਂ ਕਰਨੀ ਚਾਹੁਣ ਵਾਲੇ ਕਿੰਨੇ ਕੁ ਅਕਾਲੀ ਬਾਕੀ ਰਹਿ ਗਏ ਹਨ? 1966 ਤੋਂ ਪਹਿਲਾਂ ਅਰਥਾਤ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਸਾਰੇ ਅਕਾਲੀ 'ਪੰਥ ਸੇਵਕ' ਹੀ ਲਗਦੇ ਸਨ। ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਮੈਂ ਮਾਪਿਆਂ ਦੇ ਘਰ, ਪੰਜਾਬ ਤੋਂ ਦੂਰ ਹੀ ਰਹਿੰਦਾ ਸੀ। ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਕਹਿਣ ਨੂੰ ਤਾਂ ਮੈਂ ਪੰਜਾਬ ਦੀ ਰਾਜਧਾਨੀ ਵਿਚ ਆ ਕੇ ਰਹਿਣ ਲੱਗ ਪਿਆ ਸੀ ਪਰ ਉਦੋਂ ਤੋਂ ਲੈ ਕੇ ਇਹ ਅਜੇ ਤਕ ਯੂ.ਟੀ. (ਕੇਂਦਰ ਸ਼ਾਸਤ ਇਲਾਕਾ) ਹੀ ਬਣੀ ਹੋਈ ਹੈ ਤੇ ਪੰਜਾਬ ਦੀ ਰਾਜਧਾਨੀ ਹੋਣ ਦੇ ਬਾਵਜੂਦ, ਪੰਜਾਬ ਦਾ ਇਸ ਉਤੇ ਹੱਕ ਹੀ ਕੋਈ ਨਹੀਂ ਮੰਨਦਾ।

ਪਰ ਚੰਡੀਗੜ੍ਹ ਆ ਕੇ ਅਕਾਲੀਆਂ ਦੇ ਸਿਰਮੌਰ ਆਗੂਆਂ ਨੂੰ ਰੱਜ ਕੇ ਵੇਖਿਆ ਜ਼ਰੂਰ (ਜੋ ਉਦੋਂ ਤਕ 'ਮੋਰਚਿਆਂ ਵਾਲੇ ਅਕਾਲੀਆਂ' ਤੋਂ ਹੱਟ ਕੇ 'ਸੱਤਾਧਾਰੀ ਅਕਾਲੀ' ਬਣ ਚੁੱਕੇ ਸਨ ਤੇ ਇਸ ਰੂਪ ਵਿਚ ਹੀ ਜਦ ਇਨ੍ਹਾਂ ਨੂੰ ਨੇੜਿਉਂ ਵੇਖਿਆ ਤਾਂ ਬਚਪਨ ਤੋਂ ਮਨ ਵਿਚ ਅਕਾਲੀਆਂ ਦਾ ਬਣਿਆ ਆ ਰਿਹਾ 'ਪੰਥਕ ਅਕਸ' ਢਹਿ ਢੇਰੀ ਹੋ ਗਿਆ। ਇਹ ਤਾਂ ਐਲਾਨੀਆਂ ਇਹ ਗੱਲ ਕਹਿਣ ਵਾਲੇ ਹਨ ਕਿ ''ਸਾਨੂੰ ਤਾਂ ਜੀ ਗੁਰਬਾਣੀ ਤੇ ਧਰਮ ਦੀ ਬਾਹਲੀ ਸਮਝ ਕੋਈ ਨਹੀਂ ਜੇ।'' 'ਪੰਥ' ਸ਼ਬਦ ਵੀ ਇਹ ਸਿਰਫ਼ ਸਟੇਜਾਂ 'ਤੇ ਹੀ ਵਰਤਦੇ ਹਨ। ਨਿਜੀ ਗੱਲਬਾਤ ਵਿਚ ''ਮੈਨੂੰ ਕੀ ਮਿਲੇਗਾ'' ਤੇ ਜਾਤ-ਪਾਤ ਹੀ ਇਨ੍ਹਾਂ ਦਾ ਅਸਲ 'ਧਰਮ' ਹਰ ਕਿਸੇ ਨੂੰ ਪ੍ਰਤੱਖ ਨਜ਼ਰ ਆ ਜਾਂਦਾ ਹੈ। ਵਜ਼ੀਰੀ ਹਾਸਲ ਕਰਨ ਲਈ ਇਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਰਹਿੰਦੇ ਵੇਖੇ ਤੇ 'ਸਿਧਾਂਤ' ਨਾਂ ਦੀ ਤਾਂ ਗੱਲ ਹੀ ਇਨ੍ਹਾਂ ਦੇ ਕਦੇ ਨੇੜੇ ਨਹੀਂ ਢੁਕਦੀ ਵੇਖੀ।

ਫਿਰ ਵੀ ਮਨ ਉਤੇ ਬਚਪਨ ਦੇ ਪਏ ਅਸਰ ਹੇਠ, ਅਕਾਲੀਆਂ ਵਾਲੇ ਪਾਸਿਉਂ 'ਪੰਥ' ਦੀ ਗੱਲ ਸੁਣਨ ਦਾ ਚਸਕਾ ਹੁਣ ਤਕ ਕਾਇਮ ਹੈ ਤੇ ਇਹ ਜਾਣਨ ਦੀ ਫ਼ਜ਼ੂਲ ਜਹੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਕਿਹੜਾ ਕਿਹੜਾ ਅਕਾਲੀ ਬਾਕੀ ਰਹਿ ਗਿਆ ਹੈ ਜੋ ਅਜੇ ਵੀ ਅਪਣੀ ਪੰਥ-ਪ੍ਰਸਤੀ ਦਾ ਵਿਖਾਵਾ ਕਰਨ ਨੂੰ ਹੀ ਤਿਆਰ ਮਿਲ ਸਕਦਾ ਹੋਵੇ। ਹੁਣ ਤਾਂ 'ਸੱਤਾਧਾਰੀ' ਅਕਾਲੀਆਂ ਨੂੰ 'ਪੰਥ-ਪ੍ਰਸਤੀ' ਦਾ ਝੂਠਾ ਸੱਚਾ ਵਿਖਾਵਾ ਕਰਨਾ ਵੀ ਭੁਲਦਾ ਜਾ ਰਿਹਾ ਹੈ ਕਿਉਂਕਿ ਕਦੇ ਵਰ੍ਹੇ ਛਿਮਾਹੀਂ ਹੀ ਜਿਹੜੀ ਗੱਲ ਕਰਨੀ ਹੋਵੇ, ਉਹ ਰੇਤ ਦੀ ਦੀਵਾਰ ਵਾਂਗ, ਬਣਦਿਆਂ ਹੀ ਨਾਲ ਨਾਲ ਭੁਰਨੀ ਵੀ ਸ਼ੁਰੂ ਹੋ ਜਾਂਦੀ ਹੈ।

ਅੱਜ ਦੇ ਅਕਾਲੀਆਂ ਦੀ 'ਪੰਥਕ ਨੀਤੀ' ਬਾਰੇ ਸੱਭ ਕੁੱਝ ਜਾਣਦਿਆਂ ਹੋਇਆਂ ਵੀ ਉਨ੍ਹਾਂ ਦੇ ਖੇਮੇ ਵਿਚੋਂ ਪੰਥ ਲਈ ਹੂਕ ਸੁਣਨ ਦੀ ਤਾਂਘ ਤੇ ਕਮਜ਼ੋਰੀ ਤੋਂ ਛੁਟਕਾਰਾ ਨਹੀਂ ਪਾ ਸਕਿਆ ਅਤੇ ਅੱਜ ਮੈਂ ਅਕਾਲੀਆਂ ਦੇ ਵੱਡੇ ਲੀਡਰਾਂ ਵਲ ਵੇਖਦਾ ਹਾਂ ਤਾਂ ਲਗਦਾ ਹੈ ਕਿ ਅਕਾਲੀ ਰਾਜਨੀਤੀ ਨੂੰ ਸ਼ਾਇਦ ਕੋਰੋਨਾ ਵਾਇਰਸ ਨੇ ਕਾਬੂ ਕਰ ਲਿਆ ਹੈ ਪਰ ਕੋਰੋਨਾ ਦੇ ਮਰੀਜ਼ ਵੀ ਅਖ਼ੀਰ ਤਕ ਬੋਲਦੇ ਚਾਲਦੇ ਤਾਂ ਠੀਕ ਹੀ ਹਨ। ਇਨ੍ਹਾਂ ਦੇ ਮੂੰਹ 'ਚੋਂ ਤਾਂ ਹੁਣ ਪੰਥ ਤੇ ਪੰਜਾਬ ਦੇ ਹੱਕ ਵਿਚ ਗੱਲ ਵੀ ਨਹੀਂ ਨਿਕਲਦੀ। ਤਾਂ ਕੀ 'ਅਕਾਲੀ ਰਾਜਨੀਤੀ' ਨੂੰ ਲਕਵਾ ਮਾਰ ਗਿਆ ਹੈ? ਇਹੀ ਲਗਦਾ ਹੈ।

ਕਿੰਨੇ ਹੀ ਅਕਾਲੀ ਦਲ ਹਨ। ਕੋਈ ਬੋਲ ਨਹੀਂ ਰਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ ਪੈਸਾ, ਪੰਜਾਬ ਨੂੰ ਨਾ ਦੇ ਕੇ, ਪੰਜਾਬ ਨਾਲ ਧੱਕਾ ਕਰ ਰਹੀ ਹੈ। ਪੰਜਾਬ ਸਰਕਾਰ ਕਹਿੰਦੀ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਇਸ ਔਖੇ ਸਮੇਂ ਵੀ ਨਿਆਂ ਨਹੀਂ ਕਰ ਰਹੀ ਤੇ ਜੀ.ਐਸ.ਟੀ. ਦਾ ਜਿਹੜਾ ਹਿੱਸਾ ਪੰਜਾਬ ਨੂੰ ਦੇਣਾ ਬਣਦਾ ਸੀ, ਉਸ 'ਚੋਂ ਵੀ 4400 ਕਰੋੜ ਦੇਣ ਵਲ ਹੀ ਨਹੀਂ ਆ ਰਹੀ, ਹੋਰ ਤਾਂ ਇਸ ਨੇ ਕੀ ਦੇਣਾ ਹੈ? ਜਿਹੜਾ ਤੁਹਾਡਾ ਬਣਦਾ ਕਾਨੂੰਨੀ ਹੱਕ ਵੀ ਨਾ ਦੇਵੇ, ਉਹ ਤੁਹਾਨੂੰ 'ਮਦਦ' ਕੀ ਦੇਵੇਗਾ? ਚਲੋ ਇਹ ਤਾਂ ਸ਼ੁਰੂ ਤੋਂ ਇਸੇ ਤਰ੍ਹਾਂ ਹੁੰਦਾ ਆਇਆ ਹੈ ਤੇ ਜਵਾਬ ਵਿਚ ਅਕਾਲੀ ਕਿੰਨੇ ਜੋਸ਼ ਨਾਲ ਕੇਂਦਰ ਨੂੰ ਭਬਕਾਂ ਮਾਰਿਆ ਕਰਦੇ ਸਨ,

File photoFile photo

ਉਹ ਵੀ ਮੈਨੂੰ ਸੱਭ ਯਾਦ ਹੈ। ਪਰ ਅੱਜ ਦੇ 'ਅਕਾਲੀ' ਤਾਂ ਸਗੋਂ ਕੇਂਦਰ ਦੇ ਵਕੀਲ ਬਣੇ ਹੋਏ ਹਨ ਤੇ ਕਹਿੰਦੇ ਹਨ ਕਿ ਕੇਂਦਰ ਤਾਂ ਬਹੁਤ ਦੇਂਦਾ ਹੈ ਪਰ ਪੰਜਾਬ ਸਰਕਾਰ ਹੀ ਉਸ ਦੀ ਠੀਕ ਵਰਤੋਂ ਨਹੀਂ ਕਰਦੀ। ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਚੀਕਦੇ ਹਨ ਕਿ ਸਾਨੂੰ ਤਾਂ ਇਕ ਧੇਲੇ ਦੀ 'ਮਦਦ' ਨਹੀਂ ਦਿਤੀ ਗਈ। ਜਵਾਬ ਕੇਂਦਰ ਨਹੀਂ ਦੇਂਦਾ ਪਰ ਬੀਬੀ ਹਰਸਿਮਰਤ ਕੌਰ ਫ਼ਾਈਲਾਂ ਖੋਲ੍ਹ ਕੇ ਦਸਣ ਬੈਠ ਜਾਂਦੇ ਹਨ ਕਿ ਫ਼ਲਾਣੇ ਵੇਲੇ ਏਨੇ ਟਕੇ ਪੰਜਾਬ ਨੂੰ 'ਮਦਦ ਵਜੋਂ' ਭੇਜੇ ਗਏ। ਖਿੱਝੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਹਿੰਦੇ ਹਨ ਕਿ ਬੀਬੀ ਜੀ, ਇਹ ਟਕੇ ਪੰਜਾਬ ਦੀ ਪਿਛਲੇ ਸਾਲ ਦੀ ਜੀ.ਐਸ.ਟੀ. ਸੀ ਜੋ ਲਟਕਾ ਲਟਕਾ ਕੇ ਹੁਣ ਦਿਤੀ ਗਈ ਹੈ ਪਰ ਕੋਰੋਨਾ ਵਿਰੁਧ ਲੜਾਈ ਲੜਨ ਲਈ ਸਾਨੂੰ ਧੇਲਾ ਵੀ ਨਹੀਂ ਦਿਤਾ ਗਿਆ।

ਉਹ ਕਹਿੰਦੇ ਹਨ, ''ਤੁਸੀ ਮਦਦ ਦੀ ਗੱਲ ਛੱਡੋ, ਪੰਜਾਬ ਦਾ ਹੱਕ ਬਣਦਾ ਜੀ.ਐਸ.ਟੀ. ਦਾ 4400 ਕਰੋੜ ਹੀ ਇਸ ਵੇਲੇ ਅਪਣੇ 'ਭਾਈਵਾਲਾਂ' ਕੋਲੋਂ ਦਿਵਾ ਦਿਉ, ਬੜੇ ਧਨਵਾਦੀ ਹੋਵਾਂਗੇ।'' ਪੰਜਾਬ ਦਾ ਕਾਨੂੰਨੀ ਤੌਰ ਤੇ ਬਣਦਾ 4400 ਕਰੋੜ ਤਾਂ ਦਿਵਾ ਨਹੀਂ ਸਕਦੇ ਪਰ ਪਿਛਲੇ ਸਾਲ ਦੀ ਜੀ.ਐਸ.ਟੀ. ਦੀ ਬਕਾਇਆ ਰਕਮ ਨੂੰ ਮਦਦ ਕਿਵੇਂ ਕਹਿ ਰਹੇ ਹੋ? ਕੋਈ ਸੱਚਾ ਅਕਾਲੀ ਤਾਂ ਪੰਜਾਬ ਨਾਲ ਧੱਕਾ ਹੁੰਦਾ ਵੇਖ ਕੇ ਇਸ ਤਰ੍ਹਾਂ ਨਹੀਂ ਕਰ ਸਕਦਾ, ਸਿਆਸੀ ਕਤਾਰਬੰਦੀ ਭਾਵੇਂ ਕੁੱਝ ਵੀ ਹੋਵੇ।
ਮੈਂ ਜ਼ਿੰਦਗੀ ਵਿਚ ਬੜੀਆਂ ਪਾਰਟੀਆਂ ਤੇ ਬੜੇ ਲੀਡਰਾਂ ਨੂੰ ਬਦਲਦਿਆਂ ਵੇਖਿਆ ਹੈ ਪਰ ਜਿਸ ਤਰ੍ਹਾਂ ਅਕਾਲੀਆਂ ਨੂੰ ਬਦਲਦਿਆਂ ਵੇਖਿਆ ਹੈ, ਹੋਰ ਕਿਸੇ ਨੂੰ ਨਹੀਂ ਵੇਖਿਆ।

ਮੁਕਾਬਲਾ ਕਰਦਾ ਹਾਂ ਤਾਂ ਕਈ ਕਾਂਗਰਸੀ, 'ਆਪ' ਵਾਲੇ ਤੇ ਹੋਰ, ਸੱਤਾਧਾਰੀ ਅਕਾਲੀਆਂ ਨਾਲੋਂ ਜ਼ਿਆਦਾ ਪੰਥਕ, ਜ਼ਿਆਦਾ ਪੱਕੇ ਸਿੱਖ ਤੇ ਜ਼ਿਆਦਾ ਪੱਕੇ ਪੰਜਾਬ ਪ੍ਰਸਤ ਲਗਦੇ ਹਨ। ਜਦ ਅਕਾਲੀ ਪੰਜਾਬ ਵਿਚ ਸਰਗਰਮ ਸਨ, ਉਦੋਂ ਵੀ ਕੇਂਦਰ ਪੰਜਾਬ ਨਾਲ ਵਿਤਕਰਾ ਕਰਦਾ ਸੀ ਤੇ ਅੱਜ ਵੀ ਕਰੀ ਜਾ ਰਿਹਾ ਹੈ। ਪਰ ਉਸ ਵੇਲੇ ਅਕਾਲੀ ਜਿਵੇਂ ਗਰਜਦੇ ਸਨ ਤੇ ਅੱਜ ਕੇਂਦਰ ਦੇ ਹੱਕ ਵਿਚ ਜਿਵੇਂ ਬੋਲ ਰਹੇ ਹਨ, ਉਸ ਨੂੰ ਵੇਖ ਕੇ ਸਿਰ ਚਕਰਾਉਣ ਲੱਗ ਪੈਂਦਾ ਹੈ।

File photoFile photo

ਉਦੋਂ ਅਕਾਲੀ, ਹੋਰ ਗੱਲਾਂ ਤੋਂ ਪਿੱਛੇ ਹੱਟ ਵੀ ਜਾਂਦੇ ਸਨ (ਜਿਵੇਂ ਅਨੰਦਪੁਰ ਮਤੇ ਤੋਂ ਜਾਂ ਜੂਨ '84 ਦੇ ਘੱਲੂਘਾਰੇ ਦੀ ਜਾਂਚ ਪੜਤਾਲ ਆਦਿ ਤੋਂ) ਪਰ ਪੰਜਾਬ ਦੇ ਵਕੀਲ ਫਿਰ ਵੀ ਬਣੇ ਰਹਿੰਦੇ ਸਨ। ਪਰ ਅੱਜ ਤਾਂ ਅਕਾਲੀ, ਵਿਤਕਰਾ ਕਰਨ ਵਾਲਿਆਂ ਦੇ ਵਕੀਲ ਬਣਨ ਵਿਚ ਵੀ ਕੋਈ ਬੁਰਾਈ ਨਹੀਂ ਸਮਝਦੇ। ਮੇਰੇ ਜਹੇ ਬੰਦੇ ਲਈ ਤਾਂ ਇਹ ਸੋਚ ਸਕਣਾ ਵੀ ਨਾਮੁਮਕਿਨ ਸੀ ਜੋ ਮੈਂ ਸਾਖਿਆਤ ਹੁੰਦਾ ਵੇਖ ਰਿਹਾ ਹਾਂ। ਇਕ ਸਦੀ ਤੋਂ ਅਕਾਲੀ, ਦਿੱਲੀ ਤਖ਼ਤ ਨਾਲ ਲੜ ਲੜ ਕੇ ਹੀ ਪੰਜਾਬ ਦੇ ਹਾਕਮ ਤਕ ਬਣ ਸਕੇ ਸਨ।

ਜਦ ਤੋਂ ਉਹ ਦਿੱਲੀ ਤਖ਼ਤ ਦੇ ਨੇੜੇ ਹੋਏ ਹਨ (ਪੰਜਾਬ ਦੀਆਂ ਸਾਰੀਆਂ ਮੁੱਖ ਮੰਗਾਂ ਲਟਕਦੀਆਂ ਛੱਡ ਕੇ) ਉਹ ਅਪਣੇ ਲੋਕਾਂ ਤੋਂ ਦੂਰ ਹੀ ਹੋਏ ਹਨ। ਕੀ ਨਵਾਂ ਰੋਲ ਉਨ੍ਹਾਂ ਨੂੰ ਮੁੜ ਤੋਂ ਅਪਣੇ ਲੋਕਾਂ ਦੀ ਸੇਵਾ (ਹਕੂਮਤ) ਕਰਨ ਦਾ ਫਿਰ ਕਦੇ ਮੌਕਾ ਲੈਣ ਦੇਵੇਗਾ? ਬੇਸ਼ੱਕ ਅੱਜ ਦੇ ਅਕਾਲੀ ਲੀਡਰਾਂ ਨੂੰ ਆਲੋਚਨਾ ਬਿਲਕੁਲ ਚੰਗੀ ਨਹੀਂ ਲਗਦੀ ਪਰ ਇਹ ਆਲੋਚਨਾ ਨਹੀਂ, ਕੇਵਲ ਇਕ ਨਿੱਕਾ ਜਿਹਾ ਸਵਾਲ ਹੈ। ਮੈਂ ਉਨ੍ਹਾਂ ਨੂੰ 25-30 ਸਾਲਾਂ ਵਿਚ ਜਿੰਨੇ ਵੀ ਨੇਕ ਸੁਝਾਅ ਦਿਤੇ, ਉਨ੍ਹਾਂ ਨੇ ਕਦੇ ਵੀ ਪ੍ਰਵਾਨ ਨਹੀਂ ਕੀਤੇ ਪਰ ਸਮੇਂ ਨੇ ਦਸ ਦਿਤਾ ਹੈ ਕਿ ਮੈਂ ਜੋ ਵੀ ਸੁਝਾਅ ਦਿਤਾ ਸੀ, ਈਮਾਨਦਾਰੀ ਨਾਲ ਦਿਤਾ ਸੀ ਜੋ ਸੌ ਫ਼ੀ ਸਦੀ ਦਰੁਸਤ ਸਾਬਤ ਹੋਇਆ। ਪਿਛਲੇ 15-20 ਸਾਲ ਦੀਆਂ ਸਪੋਕਸਮੈਨ ਦੀਆਂ ਫ਼ਾਈਲਾਂ ਖੋਲ੍ਹ ਕੇ ਵੇਖ ਲਉ, ਕੀ ਮੇਰਾ ਇਕ ਵੀ ਸੁਝਾਅ ਗ਼ਲਤ ਸਾਬਤ ਹੋਇਆ?

File photoFile photo

ਹੁਣ ਵੀ ਈਮਾਨਦਾਰੀ ਨਾਲ ਕਹਿ ਰਿਹਾ ਹਾਂ ਇਹ ਦਿੱਲੀ ਤਖ਼ਤ ਦੇ ਵਕੀਲ ਬਣਨ ਵਾਲਾ ਰੋਲ, ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ ਤੇ ਖੱਪਾ ਭਰਨ ਲਈ ਪੰਥ ਨੂੰ ਫਿਰ ਕੋਈ ਨਵੀਂ ਅੰਗੜਾਈ ਲੈਣੀ ਪਵੇਗੀ। ਕਦੋਂ ਇਹ ਕਰੇਗਾ, ਰੱਬ ਹੀ ਜਾਣਦਾ ਹੈ। ਮੈਂ ਕੇਵਲ ਅਪਣਾ ਫ਼ਰਜ਼ ਪੂਰਾ ਕਰ ਰਿਹਾ ਹਾਂ¸ਵੇਲੇ ਸਿਰ ਸੱਚ ਸੁਣਾਉਣ ਦਾ। ਪੰਜਾਬ ਵਿਚ 'ਅਕਾਲੀ ਦਲ' (ਬਾਦਲ) ਅੱਜ ਤਿੰਨ ਬੰਦਿਆਂ ਦਾ 'ਦਲ' ਬਣ ਕੇ ਰਹਿ ਗਿਆ ਹੈ ਅਰਥਾਤ ਜੋ ਉਹ ਕਹਿੰਦੇ ਹਨ, ਉਹੀ ਅਕਾਲੀ ਦਲ ਦਾ ਫ਼ੁਰਮਾਨ ਬਣ ਜਾਂਦਾ ਹੈ।

ਇਹ ਤਿੰਨੇ ਹਨ ¸ ਸ. ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਸ. ਬਿਕਰਮ ਸਿੰਘ ਮਜੀਠੀਆ। ਤਿੰਨੇ ਨਵੀਂ ਪੋਚ ਦੇ ਲੀਡਰ ਹਨ। ਤਿੰਨੇ ਹੀ ਆਲੋਚਨਾ ਸੁਣਨ ਦੇ ਆਦੀ ਨਹੀਂ। ਝੱਟ ਗੁੱਸੇ ਹੋ ਜਾਂਦੇ ਹਨ। ਉਨ੍ਹਾਂ ਨੂੰ ਅਪਣੀ ਗੱਲ ਸੁਣਾ ਸਕਣ ਵਾਲਾ ਚੌਥਾ 'ਅਕਾਲੀ' ਪਾਰਟੀ ਵਿਚ ਕੋਈ ਰਹਿ ਨਹੀਂ ਗਿਆ। ਸੱਭ ਉਨ੍ਹਾਂ ਦੀ ਸੁਣਨ ਤੇ ਸੁਣ ਕੇ ਸਿਰ ਝੁਕਾਅ ਦੇਣ ਵਾਲੇ ਹੀ ਰਹਿ ਗਏ ਹਨ। ਅੰਦਰੋਂ ਨਾ ਸਹੀ, ਇਨ੍ਹਾਂ ਤਿੰਨਾਂ ਨੂੰ ਹੀ ਅਗਰ ਬਾਹਰੋਂ ਸੱਚ ਸੁਣਨ ਦੀ ਆਦਤ ਪੈ ਜਾਏ ਤਾਂ 'ਅਕਾਲੀ ਦਲ' ਲਈ ਚੰਗੇ ਦਿਨ ਫਿਰ ਤੋਂ ਆ ਵੀ ਸਕਦੇ ਹਨ ਕਿਉਂਕਿ ਇਨ੍ਹਾਂ ਤਿੰਨਾਂ ਕੋਲ ਸੂਝ ਸਿਆਣਪ ਤਾਂ ਹੈ ਤੇ ਪੰਜਾਬ ਨੂੰ ਨੰਬਰ ਇਕ ਸਟੇਟ ਬਣਾਉਣ ਦੀ ਸਮਰੱਥਾ ਵੀ ਹੈ, ਪਰ ਚਮਚਿਆਂ ਤੇ ਜੀਅ ਹਜ਼ੂਰੀਆਂ ਦੀ ਵਲਗਣ ਤੋਂ ਬਾਹਰ ਨਿਕਲ ਕੇ ਸੱਚ ਜਾਣਨ ਦੀ ਜਾਚ ਇਨ੍ਹਾਂ ਨੂੰ ਨਹੀਂ ਆਉਂਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement