
ਰਾਹੁਲ ਗਾਂਧੀ ਵਲੋਂ ਛੇੜੀ ਬਹਿਸ ਵਿਚ ਕਿਸੇ ਸਿਆਸਤਦਾਨ ਨੇ ਇਕ-ਦੋ ਹੋਰ ਆਜ਼ਾਦੀ ਸੰਗਰਾਮੀਆਂ ਦੇ ਨਾਂ ਵੀ ਲੈ ਦਿਤੇ ਕਿ ਉਨ੍ਹਾਂ ਨੇ ਵੀ ਅੰਗਰੇਜ਼ ਤੋਂ ਮਾਫ਼ੀ ਮੰਗੀ ਸੀ।
ਰਾਹੁਲ ਗਾਂਧੀ ਨੂੰ ਇਹ ਗੱਲ ਕਹਿਣ ਵਿਚ ਰਹਿ-ਰਹਿ ਕੇ ਸਵਾਦ ਆਉਂਦਾ ਹੈ ਕਿ ਆਰ.ਐਸ.ਐਸ. ਹਿੰਦੂ ਮਹਾਂ ਸਭਾ ਦਾ ਬਾਨੀ ‘ਵੀਰ ਸਾਵਰਕਰ’ ਅੰਡੇਮਾਨ ਜੇਲ੍ਹ ਵਿਚ ਰਹਿ ਕੇ ਏਨਾ ਦੁਖੀ ਹੋ ਗਿਆ ਸੀ ਕਿ ਅਖ਼ੀਰ ਉਸ ਨੇ ਅੰਗਰੇਜ਼ ਸਰਕਾਰ ਕੋਲੋਂ ਮਾਫ਼ੀ ਮੰਗ ਕੇ ਰਿਹਾਈ ਹਾਸਲ ਕੀਤੀ ਸੀ। ਹੁਣ 17 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਸਾਵਰਕਰ ਵਿਰੁਧ ਅਪਣਾ ਦੋਸ਼ ਉਨ੍ਹਾਂ ਫਿਰ ਤੋਂ ਦੁਹਰਾਇਆ ਤੇ ਨਾਲ ਹੀ ਅੰਗਰੇਜ਼ ਨੂੰ ਉਸ ਵਲੋਂ ਲਿਖੀ ਚਿੱਠੀ ਵੀ ਅਖ਼ਬਾਰਾਂ ਵਾਲਿਆਂ ਸਾਹਮਣੇ ਲਹਿਰਾ ਦਿਤੀ ਜਿਸ ਦੇ ਅੰਤ ਵਿਚ ਲਿਖੇ ਇਨ੍ਹਾਂ ਲਫ਼ਜ਼ਾਂ ਉਤੇ ਖ਼ਾਸ ਧਿਆਨ ਕੇਂਦਰਿਤ ਕਰਵਾਇਆ ਜੋ ਇਸ ਤਰ੍ਹਾਂ ਸਨ :
‘‘ਸਰ ਮੈਂ ਅਧੀਨਗੀ ਨਾਲ ਆਪ ਦਾ ਬਹੁਤ ਹੀ ਵਫ਼ਾਦਾਰ ਨੌਕਰ (ਸਰਵੈਂਟ) ਬਣੇ ਰਹਿਣ ਦੀ ਆਗਿਆ ਚਾਹੁੰਦਾ ਹਾਂ (9 beg to remain, sir, your most obedient servant-V.4. Sawarkar).’’
ਇਸ ਤੋਂ ਬਾਅਦ ਇਹ ਸਫ਼ਾਈ ਦਿਤੀ ਜਾਣੀ ਸ਼ੁਰੂ ਹੋ ਗਈ ਕਿ ਅੰਡੇਮਾਨ ਦੀ ‘ਕਾਲਾ ਪਾਣੀ ਜੇਲ੍ਹ’ ਵਿਚ ਤਸੀਹੇ ਝਲਣੇ ਕੋਈ ਖ਼ਾਲਾ ਜੀ ਦਾ ਵਾੜਾ ਤਾਂ ਨਹੀਂ ਸੀ। ਬਹੁਤ ਹੀ ਗ਼ੈਰ-ਮਨੁੱਖੀ ਹਾਲਾਤ ਸਨ ਕਾਲਾ ਪਾਣੀ ਜੇਲ੍ਹ ਦੇ ਜਿਨ੍ਹਾਂ ਬਾਰੇ ਸੁਣ ਕੇ ਵੀ ਦਿਲ ਕੰਬ ਉਠਦਾ ਹੈ। ਸਫ਼ਾਈ ਦੇਣ ਵਾਲਿਆਂ ਦਾ ਕਹਿਣਾ ਸੀ ਕਿ ਅਜਿਹੇ ਹਾਲਾਤ ਵਿਚ ਰਹਿ ਕੇ ਜ਼ਿੰਦਗੀ ਖ਼ਰਾਬ ਕਰਨਾ ਤਾਂ ਕੋਈ ਚੰਗਾ ਟੀਚਾ ਨਹੀਂ ਆਖਿਆ ਜਾ ਸਕਦਾ। ਸੋ ਬਾਹਰ ਆਉਣ ਲਈ ਥੋੜਾ ਝੁਕਣਾ ਵੀ ਪਿਆ ਤਾਂ ਕੀ ਮਾੜਾ ਕੀਤਾ?
ਰਾਹੁਲ ਗਾਂਧੀ ਨੇ ਜਵਾਬ ਦਿਤਾ ਕਿ ਆਜ਼ਾਦੀ ਦੀ ਲੜਾਈ ਵਿਚ ਜਦ ਕਾਂਗਰਸ, ਅੰਗਰੇਜ਼ ਵਿਰੁਧ ਲੜਾਈ ਲੜ ਕੇ ਡਾਂਗਾਂ ਖਾ ਰਹੀ ਸੀ ਤਾਂ ਸਾਵਰਕਰ ਤੇ ਉਨ੍ਹਾਂ ਦੇ ਸਾਥੀ ਅੰਗਰੇਜ਼ ਦੇ ‘ਵਫ਼ਾਦਾਰ’ ਬਣ ਕੇ ਉਨ੍ਹਾਂ ਦੀ ਮਦਦ ਕਰ ਰਹੇ ਸਨ।
ਗੱਲ ਇਥੇ ਹੀ ਮੁਕ ਜਾਂਦੀ, ਤਾਂ ਵੀ ਖ਼ੈਰ ਸੀ। ਪਰ ਝਟ ਮਗਰੋਂ ਹੀ ਬੀਜੇਪੀ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਇਲਜ਼ਾਮ ਲਾ ਦਿਤਾ ਕਿ ਜਵਾਹਰ ਲਾਲ ਨਹਿਰੂ ਤਾਂ ਬੜਾ ਬੁਜ਼ਦਿਲ ਨੇਤਾ ਸੀ ਤੇ ਸਤੰਬਰ 1923 ਵਿਚ ਜਦ ਉਸ ਨੂੰ ਨਾਭਾ ਜੇਲ੍ਹ ਵਿਚ ਡੱਕ ਦਿਤਾ ਗਿਆ ਤਾਂ ਦੋ ਹਫ਼ਤਿਆਂ ਵਿਚ ਹੀ ਉਹ ਏਨਾ ਘਬਰਾ ਗਿਆ ਕਿ ਉਸ ਦੇ ਪਿਤਾ ਨੇ ਅੰਗਰੇਜ਼ ਨੂੰ ਪੁੱਤਰ ਵਲੋਂ ਮਾਫ਼ੀਨਾਮਾ ਲਿਖ ਕੇ ਭੇਜਿਆ ਕਿ ਪੁੱਤਰ ਨੂੰ ਜੇਲ੍ਹ ’ਚੋਂ ਰਿਹਾਅ ਕਰਨ ਦੀ ਮਿਹਰਬਾਨੀ ਕਰੋ। ਇਸ ਤਰ੍ਹਾਂ ਮਾਫ਼ੀ ਮੰਗ ਕੇ ਨਹਿਰੂ ਦੀ ਰਿਹਾਈ ਪ੍ਰਾਪਤ ਕੀਤੀ ਗਈ। ਮਾਲਵੀਆ ਦਾ ਕਹਿਣਾ ਸੀ ਕਿ ਦੂਜਿਆਂ ਦੀਆਂ ਕਮੀਆਂ ਵਲ ਵੇਖਣ ਦੀ ਬਜਾਏ, ਅਪਣੇ ਅੰਦਰ ਵੀ ਝਾਤੀ ਮਾਰ ਲਉ ਪਹਿਲਾਂ।
ਰਾਹੁਲ ਗਾਂਧੀ ਵਲੋਂ ਛੇੜੀ ਬਹਿਸ ਵਿਚ ਕਿਸੇ ਸਿਆਸਤਦਾਨ ਨੇ ਇਕ-ਦੋ ਹੋਰ ਆਜ਼ਾਦੀ ਸੰਗਰਾਮੀਆਂ ਦੇ ਨਾਂ ਵੀ ਲੈ ਦਿਤੇ ਕਿ ਉਨ੍ਹਾਂ ਨੇ ਵੀ ਅੰਗਰੇਜ਼ ਤੋਂ ਮਾਫ਼ੀ ਮੰਗੀ ਸੀ। ਪਤਾ ਨਹੀਂ ਕਿਸ ਕਿਸ ਨੇ ਮਾਫ਼ੀ ਮੰਗੀ ਤੇ ਕਿਸ ਕਿਸ ਨੇ ਨਹੀਂ ਕਿਉਂਕਿ ਇਹੋ ਜਹੇ ਸੱਚ ਕਈ ਵਾਰ ਪ੍ਰਗਟ ਹੋਣ ਵਿਚ ਬਹੁਤ ਸਮਾਂ ਵੀ ਲੈ ਜਾਂਦੇ ਹਨ ਤੇ ਪੁਰਾਣੇ ‘ਰਾਜ ਘਰਾਣਿਆਂ’ ਦੇ ਖ਼ਤਮ ਹੋ ਜਾਣ ਤੋਂ ਬਾਅਦ ਹੀ ਪੂਰਾ ਸੱਚ ਸਾਹਮਣੇ ਆਉਣ ਦਿਤਾ ਜਾਂਦਾ ਹੈ। ਕਾਂਗਰਸ ਅਤੇ ਬੀਜੇਪੀ ਅਜੇ ਇਕ ਦੂਜੇ ਦੇ ਰਾਜ਼ ਦੱਸਣ ਤੇ ਲੱਗੇ ਹੋਏ ਹਨ ਪਰ ਸ਼ਾਇਦ 50 ਸਾਲ ਬਾਅਦ ਦੁਹਾਂ ਦੇ ਰਾਜ਼ ਕਿਸੇ ਤੀਜੀ ਤਾਕਤ ਦੇ ਸੱਤਾ ਵਿਚ ਆਉਣ ਮਗਰੋਂ ਹੀ ਖੁਲ੍ਹਣਗੇ।
ਪਰ ਇਕ ਗੱਲ ਦਾ ਮੈਨੂੰ ਯਕੀਨ ਹੈ ਕਿ ਕਿਸੇ ਪੰਜਾਬੀ ਨੇਤਾ, ਖ਼ਾਸ ਤੌਰ ’ਤੇ ਸਿੱਖ ਨੇਤਾ ਵਲੋਂ ਹਾਕਮਾਂ ਕੋਲੋਂ ਚੋਰੀ ਛੁਪੇ ਮਾਫ਼ੀ ਮੰਗਣ ਦੀ ਕੋਈ ਵੀ ਗੱਲ ਪ੍ਰਗਟ ਨਹੀਂ ਕੀਤੀ ਜਾ ਸਕੇਗੀ। ਅੰਡੇਮਾਨ ਦੀ ‘ਕਾਲਾ ਪਾਣੀ’ ਜੇਲ੍ਹ ਦੀ ਗੱਲ ਸ਼ੁਰੂ ਹੋਈ ਸੀ ਤਾਂ ਮੈਂ ਫ਼ਖ਼ਰ ਨਾਲ ਕਹਿ ਸਕਦਾ ਹਾਂ ਕਿ ਉਥੇ ਸਾਡਾ ਇਕ ਸਿਦਕੀ ਸਿੱਖ ਤੇ ਪੰਜਾਬੀ ਲੇਖਕ ਦੀਵਾਨ ਸਿੰਘ ਕਾਲੇਪਾਣੀ ਵੀ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ ਸੀ। ਸ਼ਰਤ ਕੀ ਰੱਖੀ ਗਈ ਸੀ? ਮਾਫ਼ੀ ਮੰਗਣ ਦੀ ਵੀ ਨਹੀਂ ਸਗੋਂ ਏਨੀ ਕੁ ਹੀ ਕਿ ਉਹ ਕਿਉਂਕਿ ਕਵੀ ਸੀ, ਇਸ ਲਈ ਉਥੇ ਜਾਪਾਨ ਦਾ ਕਬਜ਼ਾ ਹੋ ਜਾਣ ਮਗਰੋਂ, ਇਕ ਕਵਿਤਾ ਨਵੇਂ ਹਾਕਮਾਂ ਦੇ ਹੱਕ ਵਿਚ ਲਿਖ ਕੇ ਰੇਡੀਓ ਤੋਂ ਬੋਲ ਦੇਵੇ।
ਪਰ ਸ. ਦੀਵਾਨ ਸਿੰਘ ਕਾਲਾ ਪਾਣੀ ਨੇ ਤਸੀਹੇ ਝਲਣੇ ਤਾਂ ਪ੍ਰਵਾਨ ਕੀਤੇ ਪਰ ਹਾਕਮਾਂ ਦੀ ਸ਼ਰਤ ਨਾ ਮੰਨੀ। ਸ. ਦੀਵਾਨ ਸਿੰਘ ਦੇ ਕੇਸ ਕਟ ਦਿਤੇ ਗਏ, ਜੇਲ੍ਹ ਵਿਚ ਭਾਰੀ ਜ਼ੁਲਮ ਕੀਤਾ ਗਿਆ ਤੇ ਅਖ਼ੀਰ 14 ਜਨਵਰੀ, 1944 ਨੂੰ ਉਸ ਨੂੰ ਸ਼ਹੀਦ ਕਰ ਦਿਤਾ ਗਿਆ ਪਰ ਮਰਦੇ ਦਮ ਤਕ ਨਾ ਉਸ ਨੇ ਮਾਫ਼ੀ ਮੰਗੀ, ਨਾ ਹਾਕਮ ਦੀ ਤਾਰੀਫ਼ ਵਿਚ ਇਕ ਕਵਿਤਾ ਲਿਖਣੀ ਹੀ ਪ੍ਰਵਾਨ ਕੀਤੀ। ਇਹ ਅੰਡੇਮਾਨ ਦੀ ਕਾਲਾਪਾਣੀ ਜੇਲ੍ਹ ਵਿਚ ਹੀ ਹੋਇਆ।
ਇਹੀ ਹਾਲ ਸੀ ਉਸ ਵੇਲੇ ਜਦ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਮਹਾਰਾਣੀ ਜਿੰਦ ਕੌਰ ਅੱਗੇ ਇਕ ਸ਼ਰਤ ਰੱਖੀ ਗਈ ਕਿ ਉਹ ਸਿੱਖ ਫ਼ੌਜਾਂ ਨੂੰ ਅਪੀਲ ਕਰ ਦੇਵੇ ਕਿ ਉਹ ਅੰਗਰੇਜ਼ ਨੂੰ ਸਹਿਯੋਗ ਦੇਣਾ ਸ਼ੁਰੂ ਕਰ ਦੇਣ ਜੋ ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਦਾ ਰਾਜ ਸੰਭਾਲਣਗੇ। ਰਾਣੀ ਜਿੰਦਾਂ ਨੇ ਸ਼ਰਤ ਨਾ ਮੰਨੀ। ਉਸ ਦਾ ਗੁਜ਼ਾਰਾ ਭੱਤਾ ਬੰਦ ਕਰ ਦਿਤਾ ਗਿਆ ਤੇ ਕਿਲ੍ਹੇ ਦੇ ਇਕ ਖੂੰਜੇ ਵਿਚ ਕੈਦ ਕਰ ਦਿਤਾ ਗਿਆ। ਉਸ ਨੇ ਅੰਗਰੇਜ਼ਾਂ ਨੂੰ ਬੜੀਆਂ ਸਖ਼ਤ ਚਿੱਠੀਆਂ ਲਿਖੀਆਂ ਤੇ ਰੋ ਰੋ ਕੇ ਦੋਹਾਂ ਅੱਖਾਂ ਤੋਂ ਅੰਨ੍ਹੀ ਹੋ ਗਈ ਪਰ ਉਸ ਨੇ ਈਨ ਨਾ ਮੰਨੀ ਹਾਲਾਂਕਿ ਅੰਗਰੇਜ਼ ਨੇ ਰਾਣੀ ਜਿੰਦਾਂ ਬਾਰੇ ਸਿੱਖ ਫ਼ੌਜਾਂ ਵਿਚ ਝੂਠਾ ਪ੍ਰਚਾਰ ਫੈਲਾ ਦਿਤਾ ਸੀ ਕਿ ਰਾਣੀ ਅੰਗਰੇਜ਼ਾਂ ਨਾਲ ਮਿਲ ਕੇ ਉਨ੍ਹਾਂ ਦਾ ਰਾਜ ਲਿਆਈ ਹੈ ਤੇ ਸਿੱਖ ਫ਼ੌਜਾਂ ਇਸ ਝੂਠ ਨੂੰ ਸੱਚ ਵੀ ਮੰਨਣ ਲੱਗ ਪਈਆਂ ਸਨ।
ਇਸ ਤੋਂ ਪਹਿਲਾਂ ਅੰਗਰੇਜ਼ ਵਿਰੁਧ ਲੜਦੇ ਪਹਿਲੇ ਸਿੱਖ ਸ਼ਹੀਦ ਭਾਈ ਮਹਾਰਾਜ ਸਿੰਘ ਨੂੰ ਸਿੰਗਾਪੁਰ ਇਕ ਕਾਲ ਕੋਠੜੀ ਵਿਚ ਬੰਦ ਕਰ ਕੇ ਮਾਰ ਦਿਤਾ ਗਿਆ ਕਿਉਂਕਿ ਉਨ੍ਹਾਂ ਨੇ ਅੰਗਰੇਜ਼ ਨੂੰ ਕੱਢ ਕੇ ਦਲੀਪ ਸਿੰਘ ਦਾ ਰਾਜ ਕਾਇਮ ਕਰਨ ਦੀ ਜ਼ਿੱਦ ਨਹੀਂ ਸੀ ਛੱਡੀ। ਅਕਾਲੀ, ਬੱਬਰ ਅਕਾਲੀ, ਗ਼ਦਰ ਪਾਰਟੀ ਦੇ ਕਿਸੇ ਵੀ ਆਗੂ ਨੇ ਅੰਗਰੇਜ਼ ਤੋਂ ਮਾਫ਼ੀ ਨਹੀਂ ਸੀ ਮੰਗੀ। ਸਾਡੀ ਤਰਾਸਦੀ ਇਹ ਹੈ ਕਿ ਅਸੀ ਅਪਣੇ ਮਹਾਨ ਲੀਡਰਾਂ ਨੂੰ ਭੁਲਾ ਦੇਣ ਨੂੰ ਅਪਣੀ ਸ਼ਾਨ ਸਮਝਦੇ ਹਾਂ ਤੇ ਉਨ੍ਹਾਂ ਦੀ ਅਣਖ ਨੂੰ ਸਲਾਮ ਕਹਿਣ ਨੂੰ ਵੀ ਤਿਆਰ ਨਹੀਂ ਹੁੰਦੇ, ਉਨ੍ਹਾਂ ਬਾਰੇ ਲਿਖਦੇ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਇਹ ਖ਼ਿਆਲ ਸਾਡੇ ਮਨ ਵਿਚ ਵਸ ਚੁੱਕਾ ਹੈ ਕਿ ਪੜ੍ਹਨਾ ਤਾਂ ਕਿਸੇ ਨੇ ਹੈ ਨਹੀਂ।