'ਉੱਚਾ ਦਰ' ਪੈਸੇ 'ਮੰਗਣ ਵਾਲੀ' ਹਾਲਤ ਵਿਚੋਂ ਨਿਕਲ ਕੇ ਸਦਾ ਲਈ ਝੋਲੀਆਂ ਭਰ ਕੇ 'ਦੇਣ ਵਾਲਾ ਅਸਥਾਨ'
Published : Apr 29, 2018, 4:13 am IST
Updated : Apr 29, 2018, 4:13 am IST
SHARE ARTICLE
Ucha Dar
Ucha Dar

ਬਣਨ ਕਿਨਾਰੇ ਪੁੱਜ ਜਾਣ ਤੇ ਖ਼ੁਸ਼ ਹੋ ਨਾ?

ਤਾਂ ਫਿਰ .ਖੁਸ਼ੀ ਵਿਚ ਛੱਡੋ ਇਕ ਜੈਕਾਰਾ ਤੇ ਨਿਬੇੜੋ ਬਾਕੀ ਦਾ ਕੰਮ!!
ਪੈਦਾ ਹੋਣ ਤੋਂ ਹੀ ਮਾਂ ਦਾ ਦੁੱਧ ਮੰਗਣ ਤੋਂ ਲੈ ਕੇ ਜਵਾਨੀ ਤਕ ਮਨੁੱਖ ਮੰਗਤਾ ਹੀ ਬਣਿਆ ਰਹਿੰਦਾ ਹੈ। ਉਸ ਮਗਰੋਂ ਸਫ਼ਲ ਉਸੇ ਨੂੰ ਕਿਹਾ ਜਾਂਦਾ ਹੈ ਜਿਸ ਨੇ ਜਿੰਨਾ ਮੰਗਿਆ, ਉਸ ਤੋਂ ਕਈ ਗੁਣਾਂ ਵੱਧ ਸਮਾਜ ਨੂੰ ਵਾਪਸ ਕਰ ਦਿਤਾ। ਸ਼ੁਰੂ ਹੋਣ ਤੋਂ ਪਹਿਲਾਂ ਸਪੋਕਸਮੈਨ ਨੇ ਵੀ ਮੰਗਿਆ ਪਰ ਮਗਰੋਂ ਉਹ ਕੁੱਝ ਦਿਤਾ ਜੋ ਕੋਈ ਵੀ ਅਖ਼ਬਾਰ ਅੱਜ ਤਕ ਨਹੀਂ ਦੇ ਸਕਿਆ। ਉੱਚਾ ਦਰ ਤਾਂ ਸ਼ੁਰੂ ਹੋਣ ਤੋਂ ਪਹਿਲਾਂ ਵੀ 20 ਕਰੋੜ ਦਾ 'ਮੁਨਾਫ਼ਾ' ਪੈਸਾ ਲਾਉਣ ਵਾਲੇ ਪਾਠਕਾਂ ਨੂੰ ਦੇ ਚੁੱਕਾ ਹੈ ਤੇ ਦੁਨੀਆਂ ਵਿਚ ਸਦਾ ਲਈ ਝੋਲੀਆਂ ਭਰ ਕੇ ਦੇਣ ਵਾਲਾ ਅਸਥਾਨ ਬਣ ਕੇ ਸਾਹਮਣੇ ਆ ਰਿਹਾ ਹੈ। ਇਸੇ ਲਈ ਦੁਨੀਆਂ ਭਰ ਵਿਚ ਇਸ ਨੂੰ ਕੰਮ ਕਰਦਿਆਂ ਵੇਖਣ ਦੀ ਚਾਹਤ ਪੈਦਾ ਹੋ ਰਹੀ ਹੈ। ਆਉ ਅੰਤਮ ਗੇੜ ਵਿਚ ਅਪਣੀ ਜ਼ਿੰਮੇਵਾਰੀ ਪੂਰੀ ਕਰੀਏ। 
2005 ਵਿਚ ਅਸੀ 'ਰੋਜ਼ਾਨਾ ਸਪੋਕਸਮੈਨ' ਸ਼ੁਰੂ ਕੀਤਾ ਸੀ। ਸਾਲ ਡੇਢ ਸਾਲ ਅਸੀ ਪਾਠਕਾਂ ਕੋਲੋਂ ਪੈਸਾ ਮੰਗਦੇ ਰਹੇ। ਅਖ਼ਬਾਰ ਸ਼ੁਰੂ ਹੋ ਗਿਆ ਤਾਂ ਫਿਰ ਅਖ਼ਬਾਰ ਨੇ ਮੰਗਿਆ ਨਹੀਂ, ਦਿਤਾ ਹੀ ਦਿਤਾ। ਮੈਨੂੰ ਯਾਦ ਹੈ, ਇੰਗਲੈਂਡ ਵਿਚ ਇਕ ਸਿੱਖ ਕਾਰਖ਼ਾਨੇਦਾਰ ਨੇ ਸਾਡੇ ਮਾਣ ਵਿਚ ਵੱਡੀ ਪਾਰਟੀ ਦਾ ਆਯੋਜਨ ਕੀਤਾ। ਮੈਂ ਅਜਿਹੇ ਸਮਾਗਮਾਂ ਤੇ ਜਾਣੋਂ ਬੜਾ ਡਰਦਾ ਹੁੰਦਾ ਸੀ ਕਿਉਂਕਿ ਮੈਂ ਸਟੇਜ ਉਤੇ ਜਾ ਕੇ ਕਦੇ ਤਕਰੀਰ ਨਹੀਂ ਸੀ ਕੀਤੀ। ਜਦੋਂ ਮੈਨੂੰ ਬੋਲਣ ਲਈ ਕਿਹਾ ਜਾਂਦਾ ਤਾਂ ਮੇਰੀ ਆਵਾਜ਼ ਹੀ ਬੰਦ ਜਹੀ ਹੋ ਜਾਂਦੀ ਤੇ ਮੈਂ ਮਾਫ਼ੀ ਮੰਗ ਕੇ ਬੈਠ ਜਾਂਦਾ। ਉਂਜ ਗੱਲਬਾਤ ਕਰਨ ਸਮੇਂ ਮੈਂ ਕਿਸੇ ਵੱਡੇ ਤੋਂ ਵੱਡੇ ਵਿਦਵਾਨ ਨਾਲ ਵੀ ਬੇਝਿਜਕ ਗੱਲ ਕਰ ਲੈਂਦਾ ਸੀ ਪਰ ਸਟੇਜ ਤੋਂ ਆਵਾਜ਼ ਪੈਂਦਿਆਂ ਹੀ ਮੇਰੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ। 


ਇੰਗਲੈਂਡ ਦੇ ਉਸ ਸਮਾਗਮ ਬਾਰੇ ਵੀ ਮੈਂ ਫ਼ੈਸਲਾ ਕੀਤਾ ਕਿ ਸਿਹਤ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਬੋਲਣ ਲਈ ਕਹਿਣ ਤੇ, ਮਾਫ਼ੀ ਮੰਗ ਲਵਾਂਗਾ। ਇੰਗਲੈਂਡ ਤੇ ਅਮਰੀਕਾ ਦੇ ਕਈ ਗੁਰਦਵਾਰਿਆਂ ਵਿਚ ਜਾ ਕੇ ਮੈਂ ਮਾਫ਼ੀ ਮੰਗ ਲਿਆ ਕਰਦਾ ਸੀ। ਉਨ੍ਹਾਂ ਨੂੰ ਮੇਰੀ ਗੱਲ ਸੁਣ ਕੇ ਯਕੀਨ ਹੀ ਨਹੀਂ ਸੀ ਆਉਂਦਾ ਕਿ ਮੈਨੂੰ ਸਟੇਜ ਤੇ ਬੋਲਣਾ ਨਹੀਂ ਆਉਂਦਾ ਜਾਂ ਸੰਗ ਆਉਂਦੀ ਹੈ। ਅਕਸਰ ਗੁਰਦਵਾਰਾ ਪ੍ਰਬੰਧਕ ਹੱਸ ਕੇ ਕਹਿ ਛਡਦੇ ਸਨ, ''ਤੁਹਾਡੇ ਲੇਖ ਜਿਨ੍ਹਾਂ ਨੇ ਸਪੋਕਸਮੈਨ ਵਿਚ ਪੜ੍ਹੇ ਹੋਏ ਹਨ, ਉਹ ਤਾਂ ਯਕੀਨ ਨਹੀਂ ਕਰ ਸਕਦੇ ਕਿ ਤੁਸੀ ਸਟੇਜ ਤੋਂ ਏਨਾ ਡਰਦੇ ਹੋ।''
ਪਰ ਸਟੇਜ ਤੋਂ ਮੇਰਾ ਡਰਨਾ ਇਕ ਹਕੀਕਤ ਸੀ ਤੇ ਬੜੀ ਦੇਰ ਤਕ ਇਹ ਇਕ ਹਕੀਕਤ ਬਣਿਆ ਹੀ ਰਿਹਾ। ਇਹ ਡਰ ਟੁੱਟਾ ਉਦੋਂ ਜਦੋਂ ਅਮਰੀਕਾ ਦੇ ਇਕ ਗੁਰਦਵਾਰੇ ਵਿਚ ਸਟੇਜ ਸਕੱਤਰ ਨੇ ਐਲਾਨ ਕਰ ਦਿਤਾ ਕਿ ਸਿਹਤ ਠੀਕ ਨਾ ਹੋਣ ਕਰ ਕੇ (ਮੈਂ ਬਿਲਕੁਲ ਠੀਕ ਠਾਕ ਤੇ ਹੱਟਾ ਕੱਟਾ ਸੀ) ਮੈਂ ਤਕਰੀਰ ਨਹੀਂ ਕਰਾਂਗਾ ਤੇ ਫ਼ਤਹਿ ਬੁਲਾ ਕੇ ਬੈਠ ਜਾਵਾਂਗਾ। ਜਦੋਂ ਸਟੇਜ ਸਕੱਤਰ ਮੇਰੀ ਤਾਰੀਫ਼ ਦੇ ਸੋਹਿਲੇ ਗਾਈ ਜਾ ਰਿਹਾ ਸੀ ਤਾਂ ਇਕ ਬਜ਼ੁਰਗ ਮੇਰੇ ਕੋਲ ਆ ਕੇ ਹੇਠਾਂ ਬੈਠ ਗਿਆ ਤੇ ਕਹਿਣ ਲੱਗਾ, ''ਸਰਦਾਰ ਜੋਗਿੰਦਰ ਸਿੰਘ, ਮੈਂ ਇਸ ਗੁਰਦਵਾਰੇ ਦੇ ਪੱਕੇ ਪੰਜ ਪਿਆਰਿਆਂ ਵਿਚੋਂ ਇਕ ਹਾਂ। ਮੈਂ ਤੁਹਾਡਾ ਮੈਗਜ਼ੀਨ ਬੜੇ ਗਹੁ ਨਾਲ ਪੜ੍ਹਦਾ ਹਾਂ। ਬਾਕੀ ਸੱਭ ਕੁੱਝ ਠੀਕ ਹੈ ਪਰ ਤੁਸੀ ਜਿਹੜਾ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੀ ਹਮਾਇਤ ਵਿਚ ਲਿਖਦੇ ਹੋ, ਇਹ ਮੇਰੇ ਕੋਲੋਂ ਜਰਿਆ ਨਹੀਂ ਜਾਂਦਾ, ਇਸ ਲਈ ਜਦੋਂ ਬੋਲਣ ਲਈ ਖੜੇ ਹੋਵੋ ਤਾਂ ਸੱਭ ਤੋਂ ਪਹਿਲਾ ਕੰਮ ਇਹੀ ਕਰਿਉ ਕਿ ਕਾਲਾ ਅਫ਼ਗਾਨਾ ਦੀ ਹਮਾਇਤ ਕਰਨ ਬਦਲੇ ਮਾਫ਼ੀ ਮੰਗ ਲਇਉ। ਜੇ ਮਾਫ਼ੀ ਮੰਗੇ ਬਗ਼ੈਰ, ਇਕ ਵੀ ਲਫ਼ਜ਼ ਬੋਲਿਆ ਤਾਂ ਮੈਂ ਰੌਲਾ ਪਾ ਦਿਆਂਗਾ ਤੇ ਤੁਹਾਨੂੰ ਬੋਲਣ ਨਹੀਂ ਦੇਵਾਂਗਾ।''
ਸਟੇਜ ਸਕੱਤਰ ਵਾਰ ਵਾਰ ਮੈਨੂੰ ਮਾਈਕ ਤੇ ਆਉਣ ਲਈ ਕਹਿ ਰਿਹਾ ਸੀ ਤੇ 'ਪੰਜ ਪਿਆਰਾ ਜੀ' ਮੈਨੂੰ ਧਮਕੀਆਂ ਤੇ ਧਮਕੀਆਂ ਦਈ ਜਾ ਰਹੇ ਸਨ ਤੇ ਉਠਣ ਹੀ ਨਹੀਂ ਸਨ ਦੇ ਰਹੇ। ਖ਼ੈਰ, ਅਖ਼ੀਰ ਉਠਿਆ ਤੇ ਫਿਰ ਅਜਿਹਾ ਬੋਲਣਾ ਸ਼ੁਰੂ ਕੀਤਾ ਕਿ ਰੁਕਣਾ ਚਾਹੁਣ ਤੇ ਵੀ ਅਪਣੇ ਆਪ ਨੂੰ ਰੋਕ ਨਾ ਸਕਿਆ। 'ਪੰਜ ਪਿਆਰਾ ਜੀ' ਸਾਹਮਣੇ ਦਰਵਾਜ਼ੇ ਕੋਲ ਕ੍ਰਿਪਾਨ ਚੁੱਕੀ ਖੜੇ ਸਨ ਤੇ ਮੈਂ ਉਨ੍ਹਾਂ ਦੀ ਮੰਗ ਦਾ ਜਵਾਬ ਦਈ ਜਾ ਰਿਹਾ ਸੀ। ਸੰਗਤ ਜੈਕਾਰੇ ਛੱਡਣ ਲੱਗ ਪਈ ਤੇ 'ਪੰਜ ਪਿਆਰਾ' ਜੀ ਚੁਪਚਾਪ ਖਿਸਕ ਗਏ। ਇਸ ਤਰ੍ਹਾਂ 'ਜਬੇ ਬਾਣ ਲਾਗਿਉ, ਤਬੈ ਰੋਸ ਜਾਗਿਉ' ਅਨੁਸਾਰ ਗੁੱਸੇ ਅਤੇ ਰੋਹ ਨੇ ਮੇਰਾ ਸਟੇਜ ਦਾ ਝਾਕਾ ਵੀ ਲਗਭਗ ਖ਼ਤਮ ਕਰ ਹੀ ਦਿਤਾ।
ਗੱਲ ਸ਼ੁਰੂ ਕੀਤੀ ਸੀ ਇੰਗਲੈਂਡ ਦੇ ਸਿੱਖ ਕਾਰਖ਼ਾਨੇਦਾਰ ਦੀ ਵੱਡੀ ਪਾਰਟੀ ਦੀ। ਉਥੇ ਮਾਸਟਰ ਸੰਤੋਖ ਸਿੰਘ ਕਹਿਣ ਲਗੇ, ''ਫ਼ਿਕਰ ਨਾ ਕਰੋ, ਮੈਂ ਤੁਹਾਡੇ ਵਲੋਂ ਆਪ ਬੋਲ ਲਵਾਂਗਾ ਤੇ ਸੱਭ ਕੁੱਝ ਸਮਝਾ ਦਿਆਂਗਾ।'' ਸ. ਸੰਤੋਖ ਸਿੰਘ ਨੇ ਸਟੇਜ ਤੇ ਆ ਕੇ ਕਿਹਾ, ''ਪਿਛਲੇ ਦੋ ਤਿੰਨ ਸਾਲਾਂ ਵਿਚ ਸਪੋਕਸਮੈਨ ਰਾਹੀਂ ਸ. ਜੋਗਿੰਦਰ ਸਿੰਘ ਨੇ ਮੈਨੂੰ ਜੋ ਕੁੱਝ ਦਿਤਾ ਹੈ, ਉਹ ਮੈਂ ਸਾਰੀ ਉਮਰ ਹੋਰ ਕਿਧਰੋਂ ਨਹੀਂ ਸੀ ਲੈ ਸਕਿਆ। ਇਹ ਪੈਸੇ ਲੈਣ ਲਈ ਇਥੇ ਨਹੀਂ ਆਏ, ਕੇਵਲ ਸਾਨੂੰ ਸਪੋਕਸਮੈਨ ਨਾਲ ਜੋੜਨ ਲਈ ਆਏ ਨੇ। ਜਿਹੜਾ ਸਪੋਕਸਮੈਨ ਨਾਲ ਜੁੜ ਗਿਆ, ਉਹ ਅਪਣਾ ਸੱਭ ਕੁੱਝ ਵੀ ਸਪੋਕਸਮੈਨ ਨੂੰ ਦੇ ਦੇਵੇ ਤਾਂ ਵੀ ਗਵਾਏਗਾ ਕੁੱਝ ਨਹੀਂ, ਕੁੱਝ ਖੱਟੇਗਾ ਹੀ ਖੱਟੇਗਾ ਕਿਉਂਕਿ ਇਹ ਬਾਬੇ ਨਾਨਕ ਦਾ ਗਿਆਨ, ਬਾਬੇ ਨਾਨਕ ਵਾਲੀ ਜੁਰਅਤ, ਜਵਾਂ-ਮਰਦੀ ਨਾਲ ਤੇ ਤਰਕ-ਭਰਪੂਰ ਸ਼ੈਲੀ ਵਿਚ ਪੇਸ਼ ਕਰਦੇ ਹਨ। ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ, ਅਪਣਾ ਤਜਰਬਾ ਬਿਆਨ ਕਰ ਰਿਹਾ ਹਾਂ ਜੋ ਮੈਂ ਆਪ ਹੰਢਾਇਆ ਹੈ।'' ਪੰਡਾਲ ਤਾੜੀਆਂ ਨਾਲ ਗੂੰਜਣ ਲੱਗ ਪਿਆ। ਬਾਬਾ ਨਾਨਕ 37 ਸਾਲ ਦੀ ਉਮਰ ਵਿਚ ਗਿਆਨ ਅਤੇ ਤਰਕ ਨਾਲ ਲੈਸ ਹੋ ਕੇ ਹਿੰਦੂ, ਮੁਸਲਿਮ, ਬੋਧੀ, ਜੈਨੀ, ਯੋਗੀਆਂ, ਸਿੱਧਾਂ ਆਦਿ ਧਰਮ ਦੇ ਆਗੂਆਂ ਨੂੰ ਮਿਲਣ ਲਈ ਉਸ ਯਾਤਰਾ ਤੇ ਨਿਕਲ ਪਏ ਸਨ ਜਿਸ ਨੂੰ ਗ਼ਲਤ ਤੌਰ ਤੇ 'ਉਦਾਸੀਆਂ' ਕਿਹਾ ਗਿਆ ਹੈ ਤੇ ਆਪ ਨੇ ਉਨ੍ਹਾਂ ਨੂੰ ਬੇਬਾਕ ਹੋ ਕੇ ਕਿਹਾ ਕਿ ਧਰਮੀ ਲਿਬਾਸ ਪਹਿਨਣ ਕਰ ਕੇ ਹੀ ਵੱਡੇ ਧਰਮੀ ਅਖਵਾਉਣ ਵਾਲੇ, ਰੱਬ ਬਾਰੇ ਕੁੱਝ ਨਹੀਂ ਜਾਣਦੇ, ਧਰਮੀ ਲਿਬਾਸ ਪਾ ਕੇ ਲੋਕਾਂ ਨੂੰ ਲੁਟਦੇ ਹਨ ਤੇ ਫਿਰ ਗਰਜ ਕੇ ਕਿਹਾ, ''ਛੋਡੀਲੇ ਪਾਖੰਡਾ।'' ਦੁਨੀਆਂ ਵਿਚ ਹੋਰ ਵੀ ਧਰਮੀ ਰਹਿਬਰ ਹੋਏ ਹਨ ਪਰ ਚੇਲਿਆਂ ਵਿਚ ਘਿਰੇ, ਅਪਣੇ ਇਲਾਕੇ ਵਿਚ ਹੀ ਅਪਣੀ ਗੱਲ ਸੁਣਾਂਦੇ ਰਹੇ ਪਰ ਬਾਬੇ ਨਾਨਕ ਤੋਂ ਬਿਨਾਂ ਹੋਰ ਕੋਈ ਰਹਿਬਰ ਨਹੀਂ ਹੋਇਆ ਜੋ ਅਪਣੇ ਪਿੰਡ ਦੇ ਇਕ ਗ਼ੈਰ-ਧਰਮੀ ਗ਼ਰੀਬ ਮੁਸਲਮਾਨ ਰਬਾਬੀ ਨੂੰ ਲੈ ਕੇ, ਦੁਨੀਆਂ ਭਰ ਦੇ ਰਹਿਬਰਾਂ ਕੋਲ ਜਾ ਕੇ, ਉਨ੍ਹਾਂ ਨੂੰ ਸੱਚ ਸੁਣਾਉਣ ਲਈ ਹਰ ਥਾਂ ਨੰਗੇ ਧੜ ਪੁੱਜਾ ਹੋਵੇ ਤੇ ਵੱਡੇ ਤੋਂ ਵੱਡੇ ਧਰਮੀ 'ਦਾਦਿਆਂ' ਨਾਲ ਪੰਗਾ ਲੈ ਕੇ ਸੱਚ ਸੁਣਾਉਣੋਂ ਨਾ ਟਲਿਆ ਹੋਵੇ।ਸ. ਸੰਤੋਖ ਸਿੰਘ ਦੀ ਉਪ੍ਰੋਕਤ ਗੱਲ ਮੈਨੂੰ ਇਹ ਸੋਚ ਕੇ ਯਾਦ ਆ ਗਈ ਕਿ ਮੰਗਤੇ ਤਾਂ ਅਸੀ ਸਾਰੇ ਹੀ ਹਾਂ। ਜਦ ਜਨਮ ਲੈਂਦੇ ਹਾਂ ਤਾਂ ਮਾਂ ਕੋਲੋਂ ਰੋ ਰੋ ਕੇ ਦੁੱਧ ਮੰਗਦੇ ਹਾਂ, ਫਿਰ ਪੈਸੇ ਮੰਗਣ ਲਗਦੇ ਹਾਂ, ਬੂਟ ਮੰਗਣ ਲਗਦੇ ਹਾਂ, ਸੋਹਣੇ ਕਪੜੇ ਮੰਗਣ ਲਗਦੇ ਹਾਂ, ਫਿਰ ਸਕੂਲ ਵਿਚ ਮਾਸਟਰਾਂ ਕੋਲੋਂ ਮੰਗਦੇ ਹਾਂ, ਵੱਡੇ ਹੋ ਕੇ ਨੌਕਰੀ ਮੰਗਦੇ ਹਾਂ, ਰੁਜ਼ਗਾਰ ਮੰਗਦੇ ਹਾਂ, ਕਰਜ਼ਾ ਮੰਗਦੇ ਹਾਂ, ਸਿਫ਼ਾਰਸ਼ ਮੰਗਦੇ ਹਾਂ ਅਰਥਾਤ ਜਦ ਤਕ ਪੈਰ ਕਿਤੇ ਜੰਮ ਨਹੀਂ ਜਾਂਦੇ, ਅਸੀ ਮੰਗਤੇ ਹੀ ਬਣੇ ਰਹਿੰਦੇ ਹਾਂ। ਪਰ ਉਸ ਮਗਰੋਂ ਸਫ਼ਲ ਉਹ ਇਨਸਾਨ ਹੀ ਮੰਨਿਆ ਜਾਂਦਾ ਹੈ ਜਿਸ ਨੇ ਮੰਗਿਆ ਘੱਟ ਹੋਵੇ ਤੇ ਸਮਾਜ ਨੂੰ ਦੇਣ ਜ਼ਿਆਦਾ ਲੱਗ ਪਿਆ ਹੋਵੇ।ਰੋਜ਼ਾਨਾ ਸਪੋਕਸਮੈਨ ਨੇ ਮੰਗਿਆ ਬਹੁਤ ਘੱਟ ਪਰ ਦਿਤਾ ਬਹੁਤ ਜ਼ਿਆਦਾ ਹੈ। 'ਉੱਚਾ ਦਰ' ਦੇ ਰੂਪ ਵਿਚ ਅਪਣੇ ਪਾਠਕਾਂ ਨਾਲ ਰਲ ਕੇ, ਸਪੋਕਸਮੈਨ ਨੇ ਜੋ ਦਿਤਾ ਹੈ, ਕੋਈ ਹੋਰ ਅਖ਼ਬਾਰ, ਪੂਰੇ ਇਤਿਹਾਸ ਵਿਚ ਏਨਾ ਦੇਣ ਬਾਰੇ ਸੋਚ ਵੀ ਨਹੀਂ ਸਕਿਆ। ਉਨ੍ਹਾਂ ਨੇ ਵੱਡੀਆਂ ਜਾਇਦਾਦਾਂ ਬਣਾਈਆਂ, ਤਜੌਰੀਆਂ ਭਰੀਆਂ ਤੇ ਬੰਦ ਵੀ ਹੋ ਗਏ ਪਰ ਛੋਟੀ ਜਹੀ ਨਿਸ਼ਾਨੀ ਵੀ ਪਿੱਛੇ ਨਹੀਂ ਛੱਡ ਗਏ ਜਿਸ ਨੂੰ ਵੇਖ ਕੇ ਪਤਾ ਲੱਗ ਸਕੇ ਕਿ ਇਨ੍ਹਾਂ ਨੇ ਅਪਣੇ ਤੋਂ ਬਾਅਦ ਵੀ ਪੰਜਾਬ ਨੂੰ ਕੁੱਝ ਦੇਂਦੇ ਰਹਿਣ ਦੀ ਗੱਲ ਕਦੇ ਸੋਚੀ ਵੀ ਸੀ।

'ਉੱਚਾ ਦਰ' ਲਈ ਵੀ ਅਸੀ 8 ਸਾਲ ਤੋਂ ਮੰਗਦੇ ਆ ਰਹੇ ਹਾਂ ਪਰ ਮੈਨੂੰ ਇਸ ਗੱਲ ਦੀ ਭਾਰੀ ਖ਼ੁਸ਼ੀ ਹੈ ਕਿ ਇਹ ਅੱਜ ਉਸ ਸਥਾਨ ਦੇ ਨੇੜੇ ਪੁੱਜ ਗਿਆ ਹੈ ਜਿਥੋਂ ਛੇਤੀ ਹੀ ਇਹ ਝੋਲੀਆਂ ਭਰ ਭਰ ਕੇ ਦੇਣਾ ਸ਼ੁਰੂ ਕਰ ਦੇਵੇਗਾ। ਸਾਰੇ ਹੀ ਧਰਮਾਂ ਦੇ ਧਰਮ-ਅਸਥਾਨ ਸਦੀਆਂ ਤੋਂ 'ਲੈਣ ਅਸਥਾਨ' ਬਣੇ ਹੋਏ ਹਨ ਪਰ ਕਿਸੇ ਗ਼ਰੀਬ ਨੂੰ ਲੋੜ ਪੈ ਜਾਵੇ ਤਾਂ ਉਸ ਨੂੰ ਦੇਂਦੇ ਕੁੱਝ ਨਹੀਂ। ਉਹ 'ਮੰਗਤਾ' ਤੇ ਦਾਤਾ ਵਿਚ ਫ਼ਰਕ ਨਹੀਂ ਦਸ ਸਕੇ। 'ਉੱਚਾ ਦਰ' ਤਾਂ ਸ਼ੁਰੂ ਹੋਣ ਤੋਂ ਪਹਿਲਾਂ, ਮੰਗਦਾ ਮੰਗਦਾ ਵੀ 'ਦਾਤਾ' ਬਣਿਆ ਚਲਿਆ ਆ ਰਿਹਾ ਹੈ। ਇਸ ਦੀ ਉਸਾਰੀ ਲਈ ਉਧਾਰਾ ਪੈਸਾ ਦੇਣ ਵਾਲਿਆਂ ਨੂੰ, ਉਸਾਰੀ ਦੌਰਾਨ ਵੀ 20 ਕਰੋੜ ਤੋਂ ਵੱਧ ਦਾ ਵਿਆਜ ਮਿਲ ਚੁਕਿਆ ਹੈ। ਪਰ ਇਸ ਦਾ 'ਦਾਤਾ' ਵਾਲਾ ਅਸਲ ਰੂਪ ਉਦੋਂ ਨਜ਼ਰ ਆਵੇਗਾ ਜਦੋਂ ਜਨਤਾ ਲਈ ਖੋਲ੍ਹ ਦਿਤੇ ਜਾਣ ਮਗਰੋਂ, ਇਸ ਦਾ 100 ਫ਼ੀ ਸਦੀ ਮੁਨਾਫ਼ਾ ਰੱਬ ਦੇ ਹਰ ਲੋੜਵੰਦ ਮਨੁੱਖ ਲਈ ਰਾਖਵਾਂ ਕਰ ਦਿਤਾ ਜਾਏਗਾ¸ਉਸ ਦਾ ਧਰਮ, ਭਾਸ਼ਾ, ਇਲਾਕਾ ਵੇਖੇ ਬਿਨਾਂ। ਇਹੀ ਬਾਬੇ ਨਾਨਕ ਦੇ ਗਿਆਨ ਦਾ ਅਮਲੀ ਝਲਕਾਰਾ ਹੋਵੇਗਾ ਜਿਸ ਨੂੰ ਵੇਖਣ ਲਈ ਦੁਨੀਆਂ ਭਰ ਦੇ ਲੋਕ ਇਥੇ ਆਇਆ ਕਰਨਗੇ। ਉਹ ਪਹਿਲਾਂ ਹੀ ਤਿਆਰੀ ਕਰੀ ਬੈਠੇ ਹਨ। 90% ਕੰਮ ਹੋ ਚੁੱਕਾ ਹੈ ਤੇ 10% ਕੰਮ ਕਰਨ ਲਈ ਬਾਬੇ ਨਾਨਕ ਦੇ ਸੱਚੇ ਸਿੱਖਾਂ ਨੂੰ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਤੇ 15 ਮਈ ਤਕ ਮਿਲਣ ਵਾਲੀਆਂ ਰਿਆਇਤਾਂ ਦਾ ਲਾਭ ਵੀ ਲੈ ਲੈਣਾ ਚਾਹੀਦਾ ਹੈ। 10 ਹਜ਼ਾਰ-ਮੈਂਬਰੀ ਵੱਡਾ ਪ੍ਰਵਾਰ ਸਿਰਜਣ ਦਾ ਸਮਾਂ ਆ ਗਿਆ ਹੈ ਤੇ ਕਿਸੇ ਇਕ ਵੀ ਪਾਠਕ ਨੂੰ ਇਸ ਕੰਮ ਵਿਚ ਹਿੱਸਾ ਪਾਏ ਬਿਨਾਂ ਨਹੀਂ ਰਹਿ ਜਾਣਾ ਚਾਹੀਦਾ।
ਮੈਂ ਬਹੁਤ ਖ਼ੁਸ਼ ਹਾਂ ਕਿ ਅਸੀ ਤੁਸੀ ਸਾਰਿਆਂ ਨੇ 'ਉੱਚਾ ਦਰ' ਨੂੰ ਮੰਗਣ ਵਾਲੇ ਸਥਾਨ ਤੋਂ ਸਦਾ ਲਈ ਦੇਂਦੇ ਰਹਿਣ ਵਾਲਾ ਸਥਾਨ ਅਥਵਾ ਦਾਤਾ ਰੂਪ ਧਾਰਨ ਕਰਨ ਦੇ ਨੇੜੇ ਪੁਜਦਾ ਵੇਖ ਲਿਆ ਹੈ। ਇਸ ਦਾਤਾ ਰੂਪ ਨੂੰ ਵੇਖਣ ਦਾ ਸੁਪਨਾ ਅਸੀ ਬੜੀ ਦੇਰ ਤੋਂ ਵੇਖ ਰਹੇ ਸੀ। ਖ਼ੁਸ਼ੀ ਹੈ ਕਿ ਸ਼ਾਇਦ ਹੁਣ ਅਪਣੇ ਜੀਵਨਕਾਲ ਵਿਚ ਹੀ ਇਹ ਸੂਰਜ ਵੀ ਇਸ ਧਰਤੀ ਉਤੇ ਉਗਦਾ ਵੇਖ ਸਕਾਂਗੇ। 
ਸਾਰਿਆਂ ਦਾ ਸਾਂਝਾ ਫ਼ਰਜ਼ 
J ਸਪੋਕਸਮੈਨ ਦਾ ਕੋਈ ਇਕ ਵੀ ਪਾਠਕ ਨਹੀਂ ਰਹਿ ਜਾਣਾ ਚਾਹੀਦਾ ਜੋ 'ਉੱਚਾ ਦਰ' ਦਾ ਮੈਂਬਰ ਨਾ ਬਣੇ। 15 ਮਈ ਤਕ ਰਿਆਇਤੀ ਚੰਦਾ ਲਾਗੂ ਹੈ। 
J 'ਉੱਚਾ ਦਰ' ਦੇ ਇਸ ਵੇਲੇ 2500 ਮੈਂਬਰ ਹਨ। ਹਰ ਇਕ ਨੂੰ 15 ਮਈ ਤਕ ਇਕ ਮੈਂਬਰ ਹੋਰ ਜ਼ਰੂਰ ਬਣਾ ਦੇਣਾ ਚਾਹੀਦਾ ਹੈ ਪਰ ਹੋਵੇ ਉਹ ਜਿਸ ਨੂੰ ਬਾਬਾ ਨਾਨਕ ਦੇ ਇਨਕਲਾਬੀ ਸਿਧਾਂਤ ਅਤੇ 'ਉੱਚਾ ਦਰ' ਦੇ ਆਦਰਸ਼ਾਂ ਵਿਚ ਅਥਾਹ ਵਿਸ਼ਵਾਸ ਹੋਵੇ। 
J 'ਉੱਚਾ ਦਰ' ਦੇ ਲਾਈਫ਼ ਮੈਂਬਰਾਂ ਨੂੰ ਸਰਪ੍ਰਸਤ ਮੈਂਬਰ ਬਣ ਜਾਣਾ ਚਾਹੀਦਾ ਹੈ ਤੇ ਸਰਪ੍ਰਸਤ ਮੈਂਬਰਾਂ ਨੂੰ ਮੁੱਖ ਸਰਪ੍ਰਸਤ ਮੈਂਬਰ। 15 ਮਈ ਤਕ ਮਿਲਣ ਵਾਲੀਆਂ ਚੰਦੇ ਦੀਆਂ ਰਿਆਇਤਾਂ ਦਾ ਲਾਭ ਉਨ੍ਹਾਂ ਨੂੰ ਵੀ ਮਿਲੇਗਾ। 
J ਜਿਨ੍ਹਾਂ ਦਾ ਉਧਾਰਾ ਪੈਸਾ ਵਾਪਸ ਦੇਣਾ ਹੋ ਗਿਆ ਹੈ, ਉਹ ਹੁਣ ਇਕ ਡੇਢ ਸਾਲ ਤਕ ਜ਼ਰੂਰ ਰੁਕ ਜਾਣ ਕਿਉਂਕਿ ਹੁਣ ਤਾਂ ਅਗਲੇ ਗੁਰਪੁਰਬ ਤੋਂ ਪਹਿਲਾਂ ਇਸ ਨੂੰ ਜਨਤਾ ਲਈ ਖੋਲ੍ਹ ਦੇਣ ਦਾ ਐਲਾਨ ਵੀ ਕਰ ਦਿਤਾ ਗਿਆ ਹੈ ਤੇ ਯੋਜਨਾਬੰਦੀ ਵੀ ਕੀਤੀ ਜਾ ਰਹੀ ਹੈ।  ਵੇਖਣਾ, ਟਰੱਸਟ ਕੋਲੋਂ ਪੈਸਾ ਇਸ ਤੋਂ ਪਹਿਲਾਂ ਮੰਗ ਕੇ ਇਸ ਦੇ ਸ਼ੁਰੂ ਹੋਣ ਵਿਚ ਕੋਈ ਰੁਕਾਵਟ ਨਾ ਬਣਨਾ। ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਤੇ ਔਕੜਾਂ ਝਾਗ ਕੇ ਇਥੇ ਪੁੱਜੇ ਹਾਂ, ਤੇ ਹੁਣ ਸਾਨੂੰ ਥੋੜੇ ਸਬਰ ਦਾ ਦਾਨ ਜ਼ਰੂਰ ਦੇਣਾ ਚਾਹੀਦਾ ਹੈ।
ਸਾਰੇ ਪਾਠਕ, ਇਸ ਆਖ਼ਰੀ ਹੱਲੇ ਵਿਚ, ਏਨਾ ਹੀ ਕਰਨ ਲਈ ਤਿਆਰ ਹੋ ਜਾਣ ਤਾਂ 50 ਸਾਲ ਤਕ ਕੋਈ ਔਕੜ ਇਸ ਦਾ ਰਾਹ ਨਹੀਂ ਰੋਕ ਸਕੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement