ਸ. ਪ੍ਰਕਾਸ਼ ਸਿੰਘ ਬਾਦਲ ਮਗਰੋਂ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਨੂੰ ਸੰਭਾਲਣ ਦੇ ਸਮਰੱਥ ਬਸ਼ਰਤੇ ਕਿ...
Published : Apr 30, 2023, 6:57 am IST
Updated : Apr 30, 2023, 6:57 am IST
SHARE ARTICLE
photo
photo

ਸੁਖਬੀਰ ਤੇ ਹਰਸਿਮਰਤ ਦੇ ਦੁਖ ਵਿਚ ਸ਼ਾਮਲ ਹੁੰਦੇ ਹਾਂ

 

ਸ. ਪ੍ਰਕਾਸ਼ ਸਿੰਘ ਬਾਦਲ ਮੇਰੇ ਤੁਹਾਡੇ ਵਰਗੇ ‘ਆਮ ਆਦਮੀ’ ਨਹੀਂ ਸਨ ਬਲਕਿ ਕੁਦਰਤ ਨੇ ਉਨ੍ਹਾਂ ਨੂੰ ਵੱਡੀਆਂ ਨਿਆਮਤਾਂ ਨਾਲ ਮਾਲਾਮਾਲ ਕੀਤਾ ਹੋਇਆ ਸੀ ਤੇ ਕੁਦਰਤ ਜਿਨ੍ਹਾਂ ਮਨੁੱਖਾਂ ਉਤੇ ਅਪਣੀਆਂ ਨਿਆਮਤਾਂ ਦੀ ਵਰਖਾ ਕਰਦੀ ਹੈ, ਉਹ ਮਰ ਕੇ ਵੀ ਨਹੀਂ ਮਰ ਸਕਦੇ। ਕੀ ਰਾਜਾ ਅਸ਼ੋਕ ਜਾਂ ਮਹਾਰਾਜਾ ਰਣਜੀਤ ਸਿੰਘ ਮਰ ਕੇ ਵੀ ਮਰ ਸਕੇ ਹਨ? ਅੱਜ ਵੀ ਉਨ੍ਹਾਂ ਦੀ ਉਸਤਤ ਵੀ ਹੁੰਦੀ ਹੈ ਤੇ ਆਲੋਚਨਾ ਵੀ। ਕੀ ਗਾਂਧੀ, ਨਹਿਰੂ, ਹਿਟਲਰ ਤੇ ਔਰੰਗਜ਼ੇਬ ਦਾ ਵੀ ਇਹੀ ਹਾਲ ਨਹੀਂ? ਕੁਦਰਤ ਦੀ ‘ਮਿਹਰ’ ਤੋਂ ਬਿਨਾਂ ਨਾ ਕੋਈ ‘ਵੱਡਾ’ ਬਣ ਸਕਦਾ ਹੈ, ਨਾ ਮਰ ਕੇ ਵੀ ਆਲੋਚਨਾ ਅਤੇ ਸਵਾਲਾਂ ਤੋਂ ਛੁਟਕਾਰਾ ਪਾ ਸਕਦਾ ਹੈ। ਰੱਬ ਦੇ ਦਰਬਾਰ ਵਿਚ ਉਸ ਨਾਲ ਕੀ ਸਲੂਕ ਕੀਤਾ ਜਾਂਦਾ ਹੈ, ਕੋਈ ਨਹੀਂ ਜਾਣ ਸਕਦਾ ਪਰ ਮਨੁੱਖਾਂ ਦੇ ਦਰਬਾਰ ਵਿਚ ਤਾਂ ਹਰ ‘ਵੱਡੇ’ ਬੰਦੇ ਦਾ, ਮਨੁੱਖੀ ਛੱਜ ਵਿਚ ਪਾ ਕੇ ਸਦੀਆਂ ਬੀਤ ਜਾਣ ਮਗਰੋਂ ਵੀ ਛਟਿਆ ਜਾਣਾ ਜਾਰੀ ਰਹਿੰਦਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਵੀ ਹੁਣ ਸਮੇਂ ਅਤੇ ਇਤਿਹਾਸਕਾਰਾਂ ਦੇ ਛੱਜ ਵਿਚ ਪੈ ਚੁੱਕੀ ਆਤਮਾ ਬਣ ਚੁੱਕੇ ਹਨ। ਜਿਵੇਂ ਕਿ ਰਵਾਇਤ ਬਣੀ ਹੋਈ ਹੈ, ਅੱਜੇ ਕੁੱਝ ਸਮੇਂ ਲਈ ਵਿਛੜੀ ਆਤਮਾ ਬਾਰੇ ‘ਵਿਵਾਦਮਈ’ ਗੱਲਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਮੈਂ ਵੀ ਇਹੀ ਕਰ ਰਿਹਾ ਹਾਂ।

ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬਹੁਤ ਨੇੜਿਉਂ ਹੋ ਕੇ ਵੇਖਣ ਦਾ ਮੌਕਾ ਮੈਨੂੰ ਮਿਲਿਆ ਹੈ। ਮੌਕਾ ਇਸ ਤਰ੍ਹਾਂ ਮਿਲਿਆ ਕਿ ਇਕ ਆਈ.ਏ.ਐਸ. ਅਫ਼ਸਰ ਨੇ ਮੈਨੂੰ ਕਿਹਾ ਕਿ ਬਾਦਲ ਸਾਹਿਬ ਚਾਹੁੰਦੇ ਨੇ ਕਿ ਉਨ੍ਹਾਂ ਨੂੰ ਕੋਈ ਅਜਿਹਾ ਬੰਦਾ ਮਿਲ ਜਾਏ ਜੋ ਸਿੱਖ ਇਤਿਹਾਸ ਤੇ ਖ਼ਾਸ ਤੌਰ ’ਤੇ ਅਕਾਲੀ ਦਲ ਦੇ ਇਤਿਹਾਸ ਬਾਰੇ ਚੰਗੀ ਵਾਕਫ਼ੀਅਤ ਰਖਦਾ ਹੋਵੇ ਤੇ ਕਿਸਤਵਾਰ ਜਾਣਕਾਰੀ ਉਨ੍ਹਾਂ ਨੂੰ ਦੇਂਦਾ ਰਹੇ ਕਿਉਂਕਿ ਬਾਦਲ ਸਾਹਿਬ ਨੂੰ ਕਿਤਾਬਾਂ ਪੜ੍ਹਨ ਦਾ ਜ਼ਰਾ ਜਿੰਨਾ ਵੀ ਸ਼ੌਕ ਨਹੀਂ ਸੀ ਪਿਆ ਪਰ ਹੁਣ ਉਨ੍ਹਾਂ ਨੂੰ ਸਟੇਜਾਂ ਤੋਂ ਬੋਲਣਾ ਪੈਂਦਾ ਸੀ ਤੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਉਸ ਆਈ.ਏ.ਐਸ. ਅਫ਼ਸਰ ਨੇ ਮੇਰਾ ਨਾਂ ਲੈ ਦਿਤਾ। ‘ਪੰਜ ਪਾਣੀ’ ਘਾਟਾ ਪਾ ਕੇ ਬੰਦ ਹੋ ਚੁੱਕਾ ਸੀ ਤੇ ‘ਸਪੋਕਸਮੈਨ’ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪੀ.ਐਫ਼.ਸੀ ਤੋਂ ਵੱਡਾ ਕਰਜ਼ਾ ਲੈ ਕੇ ਅਪਣੀ ਪ੍ਰੈਸ ਲਗਾ ਰਿਹਾ ਸੀ। ਸੋ ਮੈਂ ਇਕ ਤਰ੍ਹਾਂ ਵਿਹਲਾ ਹੀ ਸੀ, ਇਸ ਲਈ ਮੈਂ ਹਾਂ ਕਰ ਦਿਤੀ।

ਮੇਰੇ ਕੁੱਝ ਹੀ ‘ਲੈਕਚਰਾਂ’ ਨੂੰ ਸੁਣ ਕੇ ਬਾਦਲ ਸਾਹਿਬ ਇਕ ਦਿਨ ਬੋਲੇ, ‘‘ਕਾਕਾ ਜੀ, ਥੋਡੀ ਉਮਰ ਤਾਂ ਬਾਹਲੀ ਨਹੀਂ ਲਗਦੀ ਪਰ ਤੁਸੀਂ ਇਉਂ ਇਤਿਹਾਸ ਸੁਣਾਉਂਦੇ ਓ ਜਿਵੇਂ ਤੁਹਾਡੇ ਸਾਹਮਣੇ ਹੀ ਸੱਭ ਕੁੱਝ ਵਾਪਰਿਆ ਹੋਵੇ।’’ ਉਹ ਦੂਜਿਆਂ ਅੱਗੇ ਵੀ ਮੇਰੀ ਬਹੁਤ ਤਾਰੀਫ਼ ਕਰਦੇ ਸਨ। ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ ਉਨ੍ਹਾਂ ਦੇ ਘਰ ਵਿਚ ਹੀ ਹੁੰਦੀਆਂ ਸਨ ਤੇ ਮੈਂ ਉਠ ਕੇ ਜਾਣ ਲਗਦਾ ਤਾਂ ਕਹਿੰਦੇ, ‘‘ਬੈਠੋ ਬੈਠੋ, ਤੁਸੀ ਕੋਈ ਬੇਗਾਨੇ ਹੋ? ਬੈਠੋਗੇ ਤਾਂ ਸਾਨੂੰ ਕੋਈ ਚੰਗੀ ਗੱਲ ਹੀ ਸਮਝਾਉਗੇ।’’ ਜ਼ਬਰਦਸਤੀ ਬਿਠਾਂਦੇ ਵੀ ਤੇ ਸਾਰਿਆਂ ਸਾਹਮਣੇ ਮੇਰੀ ਤਾਰੀਫ਼ ਵੀ ਬਹੁਤ ਕਰਦੇ। ਅਕਾਲੀ ਲੀਡਰਾਂ ਦੀ ਆਮਦ ਨਾਲ ਮੇਰੇ ਘਰ ਦਾ ਵਿਹੜਾ ਵੀ ਭਰਿਆ ਰਹਿਣ ਲੱਗਾ। ਮੇਰੇ ਨਾਲ ਈਰਖਾ ਕਰਨ ਵਾਲੇ ਵੀ ਪੈਦਾ ਹੋ ਗਏ ਤੇ ਉਨ੍ਹਾਂ ਮੇਰੇ ਅਤੇ ਬਾਦਲ ਸਾਹਿਬ ਵਿਚਕਾਰ ਤਰੇੜਾਂ ਪਾਉਣ ਲਈ ਗੋਂਦਾ ਗੁੰਦਣੀਆਂ ਸ਼ੁਰੂ ਕਰ ਦਿਤੀਆਂ। ਮੈਂ ਉਨ੍ਹਾਂ ਵਲ ਕੋਈ ਧਿਆਨ ਨਾ ਦਿਤਾ ਕਿਉਂਕਿ ਮੇਰਾ ਸਾਰਾ ਧਿਆਨ ਸਪੋਕਸਮੈਨ ਸ਼ੁਰੂ ਕਰਨ ਵਲ ਲੱਗਾ ਹੋਇਆ ਸੀ। 

ਮਗਰੋਂ ਜੋ ਕੁੱਝ ਹੋਇਆ, ਉਸ ਦਾ ਪਾਠਕਾਂ ਨੂੰ ਸੱਭ ਪਤਾ ਹੈ। ਵਿਚੋਲਿਆਂ ਨੇ ਦੋ ਵਾਰ ਬਾਦਲ ਸਾਹਿਬ ਦੀ ਮੇਰੇ ਨਾਲ ‘ਗੁਪਤ ਮੀਟਿੰਗ’ ਕਿਸੇ ਹੋਟਲ ਵਿਚ ਰਖਵਾਈ ਵੀ ਪਰ ਦੋਵੇਂ ਵਾਰ ਰੱਦ ਕਰਨੀ ਪਈ ਕਿਉਂਕਿ ਈਰਖਾਲੂਆਂ ਤਕ ਖ਼ਬਰ ਪਹੁੰਚ ਗਈ ਸੀ ਤੇ ਉਹ ਅਪਣੇ ਕੰਮ ਤੇ ਲੱਗ ਗਏ ਸਨ।

ਪਰ ਫਿਰ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਮਿਲਣ ਦੇ ਕੁੱਝ ਮੌਕੇ ਬਣੇ ਤਾਂ ਉਹ ਦੋਵੇਂ ਬਹੁਤ ਹੀ ਵਖਰੀ ਤਰ੍ਹਾਂ ਦੇ ਲੱਗੇ। ਸੁਖਬੀਰ ਬਾਦਲ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਾ। ਉਸ ਦੀ ਮਾਤਾ (ਬੀਬੀ ਸੁਰਿੰਦਰ ਕੌਰ ਬਾਦਲ) ਦੇ ਚਲਾਣੇ ’ਤੇ ਮੈਂ ਤੇ ਜਗਜੀਤ ਇਕ ਅਕਾਲੀ ਲੀਡਰ ਦੇ ਕਹਿਣ ਤੇ, ਬਾਦਲ ਪਿੰਡ ਗਏ। ਜਦ ਅਸੀ ਘਰ ਦੇ ਦਰਵਾਜ਼ੇ ਕੋਲ ਪੁੱਜੇ ਤਾਂ ਗੇਟ ਉਤੇ ਲੱਗੇ ਮਾਈਕ ਵਿਚੋਂ ਆਵਾਜ਼ ਸੁਣ ਕੇ ਅਸੀ ਹੈਰਾਨ ਹੀ ਰਹਿ ਗਏ। ਸਾਨੂੰ ਲਗਦਾ ਸੀ ਕਿ ਸਾਡੇ ਨਾਲ ਸ਼ਾਇਦ ਕੋਈ ਸਿੱਧੇ ਮੂੰਹ ਗੱਲ ਹੀ ਨਹੀਂ ਕਰੇਗਾ ਪਰ ਮਾਈਕ ਤੋਂ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਸੀ, ‘‘ਪੰਥਕ ਅਖ਼ਬਾਰ ਸਪੋਕਸਮੈਨ ਦੇ ਸੰਸਾਰ-ਪ੍ਰਸਿੱਧ ਐਡੀਟਰ ਸ. ਜੋਗਿੰਦਰ ਸਿੰਘ ਜੀ ਤੇ ਬੀਬੀ ਜਗਜੀਤ ਕੌਰ ਜੀ, ਸਵਰਗੀ ਬੀਬੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਗਏ ਹਨ...।’’

ਅਸੀ ਅੰਦਰ ਚਲੇ ਗਏ। ਪ੍ਰਕਾਸ਼ ਸਿੰਘ ਬਾਦਲ ਨਾਲ ਅਫ਼ਸੋਸ ਕੀਤਾ ਤੇ ਬੈਠ ਗਏ। ਅੱਧਾ ਕੁ ਮਿੰਟ ਬਾਅਦ ਹੀ ਮੇਰੇ ਮੋਢੇ ਨੂੰ ਕਿਸੇ ਨੇ ਥਪਥਪਾਇਆ ਤੇ ਮੇਰੇ ਕੰਨ ਵਿਚ ਦਸਿਆ, ‘‘ਨਾਲ ਦੇ ਕਮਰੇ ਵਿਚ ਸੁਖਬੀਰ ਸਿੰਘ ਬਾਦਲ ਆਪ ਦਾ ਇੰਤਜ਼ਾਰ ਕਰ ਰਹੇ ਨੇ। ਆਪ ਉਧਰ ਆ ਜਾਉ।’’

ਅਸੀ ਉਠ ਕੇ ਸੁਖਬੀਰ ਵਾਲੇ ਕਮਰੇ ਵਿਚ ਚਲੇ ਗਏ। ਉਥੇ ਵੀ 20-25 ਲੋਕ ਬੈਠੇ ਸਨ। ਸੁਖਬੀਰ ਬਾਦਲ ਨੇ ਸਾਰਿਆਂ ਨੂੰ ਬਾਹਰ ਚਲੇ ਜਾਣ ਲਈ ਕਿਹਾ ਤੇ ਦਰਵਾਜ਼ਾ ਬੰਦ ਕਰਨ ਲਈ ਵੀ ਕਹਿ ਦਿਤਾ। ਫਿਰ ਸਾਡੇ ਦੁਹਾਂ ਦੇ  ਗੋਡੀਂ ਹੱਥ ਲਾ ਕੇ ਬੜੇ ਪਿਆਰ ਨਾਲ ਮਿਲੇ। ਨਿਕੀਆਂ ਨਿਕੀਆਂ ਨਿਜੀ ਕਿਸਮ ਦੀਆਂ ਗੱਲਾਂ ਕਰਦਿਆਂ ਬਹੁਤ ਚੰਗਾ ਲੱਗਾ। ਫਿਰ ਫ਼ੋਟੋਗਰਾਫ਼ਰ ਨੂੰ ਬੁਲਾ ਕੇ ਸਾਡੇ ਨਾਲ ਫ਼ੋਟੋ ਖਿਚਵਾਈਆਂ ਗਈਆਂ। ਵਿਦਾਈ ਲੈਣ ਸਮੇਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਇਥੇ ਆ ਕੇ ਕੋਈ ਗ਼ਲਤੀ ਨਹੀਂ ਸੀ ਕੀਤੀ ਤੇ ਜੇ ਨਾ ਆਉਂਦਾ ਤਾਂ ਸ਼ਾਇਦ ਇਕ ਨਵਾਂ ਤਜਰਬਾ ਮਾਣਨੋਂ ਰਹਿ ਜਾਂਦਾ। 

ਇਕ ਵਾਰ ਸੁਖਬੀਰ ਅਪਣੀ ਇਕ ਰਿਸ਼ਤੇਦਾਰ ਦੇ ਘਰ ਮੇਰੀ ਪਤਨੀ ਨੂੰ ਮਿਲ ਪਏ ਤਾਂ ਦੋਹਾਂ ਨੇ ਗੁੱਸੇ ਗਿਲੇ ਭੁਲਾ ਦੇਣੇ ਮੰਨੇ ਤੇ ਸੁਖਬੀਰ ਨੇ ਮੇਰੀ ਪਤਨੀ ਨੂੰ ‘ਮਾਂ’ ਕਹਿ ਕੇ ਬੁਲਾਣਾ ਸ਼ੁਰੂ ਕਰ ਦਿਤਾ। ਫਿਰ ਉਸ ਨੇ ਸਾਡੇ ਘਰ ਵੀ ਆਉਣਾ ਸ਼ੁਰੂ ਕਰ ਦਿਤਾ ਤੇ ਕਹਿ ਕੇ ਆਉਣਾ ਕਿ ‘‘ਮੈਂ ਫ਼ਲਾਣੀ ਚੀਜ਼ ਖਾਵਾਂਗਾ।’’ ਭਾਵੇਂ ਸਾਡੀ ਬਾਦਲ ਸਰਕਾਰ ਨਾਲ ਲੜਾਈ ਚਲ ਰਹੀ ਸੀ ਪਰ ਜਦ ਵੀ ਸੁਖਬੀਰ ਨੇ ਜਗਜੀਤ ਨੂੰ ਫ਼ੋਨ ਕਰਨਾ ਕਿ, ‘‘ਅੱਜ ਸਪੋਕਸਮੈਨ ਵਿਚ ਮੇਰਾ ਬਿਆਨ ਪਹਿਲੇ ਸਫ਼ੇ ਤੇ ਲਗਾ ਦਿਉ’’ ਤਾਂ ਨਾ ਚਾਹੁੰਦੇ ਹੋਏ ਵੀ, ਅਸੀ ਸੁਖਬੀਰ ਹੁਰਾਂ ਨੂੰ ਨਾਂਹ ਨਹੀਂ ਸੀ ਕਰਦੇ। ਫਿਰ ਉਨ੍ਹਾਂ ਦੇ ਸਟਾਫ਼ ਨੇ ਵੀ ਜਗਜੀਤ ਨੂੰ ਫ਼ੋਨ ਕਰਨਾ, ‘‘ਅੱਜ ਇਹ ਖ਼ਬਰ ਸਪੋਕਸਮੈਨ ਦੇ ਪਹਿਲੇ ਪੰਨੇ ਤੇ ਲਗਾਉਣ ਦੀ ਬੇਨਤੀ ਤੁਹਾਡੇ ਪੁੱਤਰ ਨੇ ਕੀਤੀ ਹੈ, ਵੇਖ ਲੈਣਾ।’’ ਜਗਜੀਤ ਨੇ ਵੀ ਜਦੋਂ ਕੋਈ ਕੰਮ ਕਹਿਣਾ, ਸੁਖਬੀਰ ਨੇ ‘ਮਾਂ ਦਾ ਹੁਕਮ’ ਮੰਨ ਕੇ ਤੁਰਤ ਫੁਰਤ ਕਰ ਦੇਣਾ।

ਇਕ ਵਾਰ ਉਸ ਨੇ ਖੁਲ੍ਹ ਕੇ ਮੰਨ ਵੀ ਲਿਆ ਕਿ ‘‘ਮੈਂ ਕਦੇ ਵੀ ਤੁਹਾਡੇ ਵਿਰੁਧ ਨਹੀਂ ਰਿਹਾ ਪਰ ਮੇਰੇ ਬਾਪੂ ਜੀ ਤੁਹਾਡੇ ਵਿਰੁਧ ਹਨ ਕਿਉਂਕਿ ਉਨ੍ਹਾਂ ਦੇ ਨਜ਼ਦੀਕੀ ਲੋਕ ਉਨ੍ਹਾਂ ਨੂੰ ਕਦੀ ਵੀ ਤੁਹਾਡੇ ਨੇੜੇ ਨਹੀਂ ਆਉਣ ਦੇਣਾ ਚਾਹੁੰਦੇ। ਬਾਪੂ ਜੀ ਨਾਲ ਗਿਲੇ ਮੇਰੇ ਖਾਤੇ ਵਿਚ ਨਾ ਪਾਇਆ ਕਰੋ।’’

ਅੱਜ ਸ. ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਦੇ ਦੁਖ ਵਿਚ ਸ਼ਾਮਲ ਹੁੰਦੇ ਹੋਏ ਅਸੀ ਅਰਦਾਸ ਕਰਦੇ ਹਾਂ ਕਿ ਸ. ਸੁਖਬੀਰ ਸਿੰਘ, ਬੀਤੇ ਵਿਚ ਆ ਗਈਆਂ ਖ਼ਰਾਬੀਆਂ ਤੋਂ ਮੁਕਤ ਕਰਵਾ ਕੇ ਪਾਰਟੀ ਨੂੰ ਮੁੜ ਪਹਿਲਾਂ ਵਾਲੀ ਥਾਂ ਅਰਥਾਤ ਪੰਜਾਬ ਦੀ ਨੰਬਰ ਇਕ ਪਾਰਟੀ ਬਣਾਉਣ ਦਾ ਸੰਕਲਪ ਲੈ ਲੈਣ ਤੇ ਲੋਕ ਆਪ ਵਾਜ ਮਾਰ ਕੇ ਆਖਣ ਕਿ ਸੁਖਬੀਰ ਹੀ ਪਿਤਾ ਦਾ ਵਾਰਸ ਬਣਨ ਦਾ ਅਸਲ ਹੱਕਦਾਰ ਹੈ, ਜਿਵੇਂ ਰਾਹੁਲ ਗਾਂਧੀ ਦੇ ਮਾਮਲੇ ਵਿਚ ਹੁੰਦਾ ਅਸੀ ਵੇਖ ਰਹੇ ਹਾਂ। ਕੁੱਝ ਗੱਲਾਂ ਦਾ ਪਸ਼ਚਾਤਾਪ ਵੀ ਜ਼ਰੂਰੀ ਹੋਵੇ ਤਾਂ ਝਿਜਕਣਾ ਨਹੀਂ ਚਾਹੀਦਾ।

ਮੈਂ ਬਾਦਲਾਂ ਦਾ ਦੱਬ ਕੇ ਵਿਰੋਧ ਕੀਤਾ ਹੈ ਪਰ ਈਮਾਨਦਾਰੀ ਨਾਲ ਕਹਿੰਦਾ ਹਾਂ, ਕੋਈ ਹੋਰ ‘ਅਕਾਲੀ’ ਸੁਖਬੀਰ ਦੇ ਮੁਕਾਬਲੇ ਅੱਧਾ, ਪੌਣਾ ਜਾਂ ਚੱਪੇ ਜਿੰਨਾ ਵੀ ਅਕਾਲੀ ਲੀਡਰ ਵਾਲਾ ਕੱਦ ਬੁਤ ਨਹੀਂ ਬਣਾ ਸਕਿਆ। ਕੋਈ ਦਿੱਲੀ ਸਰਕਾਰ ਵਲ ਵੇਖਦਾ ਹੈ ਕਿ ਉਹ ਉਹਨੂੰ ਸ਼੍ਰੋਮਣੀ ਕਮੇਟੀ ਲੈ ਦੇਵੇਗੀ ਤੇ ਕੋਈ ਖ਼ਾਲਿਸਤਾਨੀਆਂ ਦੇ ਸਹਾਰੇ ਲੀਡਰ ਬਣਨਾ ਚਾਹੁੰਦਾ ਹੈ। ਅਜਿਹੇ ਹਾਲਾਤ ਵਿਚ ਮੇਰਾ ਨਿਜੀ ਵਿਚਾਰ ਤੇ ਨਿਜੀ ਤਜਰਬਾ ਇਹੀ ਕਹਿੰਦਾ ਹੈ ਕਿ ਥੋੜੀਆਂ ਜਹੀਆਂ ‘ਦਰੁਸਤੀਆਂ’ ਕਰ ਲਵੇ ਤਾਂ ਸੁਖਬੀਰ ਬਾਦਲ ਫਿਰ ਤੋਂ ਆਜ਼ਾਦ ਅਕਾਲੀ ਪਾਰਟੀ ਕਾਇਮ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ ਤੇ ਨਾਲ ਦੀ ਨਾਲ ਉਹ ਪਿਤਾ ਨਾਲੋਂ ਕਿਤੇ ਜ਼ਿਆਦਾ ਕਾਮਯਾਬ ਮੁੱਖ ਮੰਤਰੀ ਬਣ ਸਕਦਾ ਹੈ ਕਿਉਂਕਿ ਜੋ ਉਸ ਦੇ ਦਿਲ ਵਿਚ ਹੁੰਦਾ ਹੈ, ਉਹੀ ਜ਼ਬਾਨ ਤੇ ਹੁੰਦਾ ਹੈ ਤੇ ਨਿਜੀ ਜੀਵਨ ਵਿਚ ਹਰ ਵਾਅਦਾ ਪੂਰਾ ਕਰਨ ਵਾਲਾ ਉਸ ਤੋਂ ਚੰਗਾ ਸਿਆਸਤਦਾਨ ਮੈਂ ਨਹੀਂ ਵੇਖਿਆ। ਪਿਛਲੇ ਡੇਢ ਸਾਲ ਵਿਚ ਮੇਰੀ ਸੁਖਬੀਰ ਬਾਦਲ ਨਾਲ ਕੋਈ ਗੱਲਬਾਤ ਨਹੀਂ ਹੋਈ, ਇਸ ਲਈ ਇਸ ਤੋਂ ਵੱਧ ਮੈਂ ਕੁੱਝ ਨਹੀਂ ਕਹਿਣਾ ਚਾਹਵਾਂਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement