Ucha Dar Babe Nanak Da : ਆਉ ਹੁਣ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰ ਸਾਰੀ ਦੁਨੀਆਂ ਲਈ ਖੋਲ੍ਹ ਦਈਏ!
Published : Mar 31, 2024, 6:43 am IST
Updated : Mar 31, 2024, 7:23 am IST
SHARE ARTICLE
Ucha Dar Babe Nanak Da
Ucha Dar Babe Nanak Da

Ucha Dar Babe Nanak Da ‘ਉੱਚਾ ਦਰ’ ਗ਼ਰੀਬਾਂ ਦਾ ਉਪਜਾਇਆ ਕ੍ਰਿਸ਼ਮਾ ਹੈ ਇਸ ਸੰਸਾਰ ਦੇ ਸੱਚ ਖੋਜੀਆਂ ਲਈ

Ucha Dar Babe Nanak Da news in punjabi: ਪਿਛਲੇ ਐਤਵਾਰ ਮੈਂ ਪਾਠਕਾਂ ਨੂੰ ਵਾਜ ਮਾਰੀ ਸੀ ਕਿ ਆਉ ਹੁਣ ‘ਉੱਚਾ ਦਰ’ ਦੇ ਦਰ ਸਾਰੀ ਮਨੁੱਖਤਾ ਲਈ ਖੋਲ੍ਹ ਦੇਈਏ! ਬਾਬੇ ਨਾਨਕ ਨੇ ਜੋ ਨਵਾਂ ਫ਼ਲਸਫ਼ਾ ਦਿਤਾ ਸੀ, ਉਹ ਕੇਵਲ ਪੰਜਾਬ ਦੇ ਲੋਕਾਂ ਲਈ ਹੀ ਨਹੀਂ ਸੀ ਸਗੋਂ ਸਾਰੀ ਮਨੁੱਖਤਾ ਲਈ ਸਾਂਝਾ-ਮਾਂਝਾ ਸੰਦੇਸ਼ ਸੀ। ਇਹ ਨਹੀਂ ਕਿ ਕੇਵਲ ਮਨੋਕਲਪਿਤ ਦੇਵੀ ਦੇਵਤਿਆਂ, ਗ੍ਰੰਥਾਂ, ਧਾਰਮਕ ਮੁਖੀਆਂ ਨੂੰ ਮੰਨਣ ਵਾਲਿਆਂ ਜਾਂ ਕਿਸੇ ਖ਼ਾਸ ਧਰਤੀ (ਦੇਸ਼) ਦੇ ਵਸਨੀਕਾਂ ਲਈ ਹੀ ਬਾਬੇ ਨਾਨਕ ਨੇ ਕੋਈ ਖ਼ਾਸ ਸੰਦੇਸ਼ ਦਿਤਾ ਸੀ। ਨਹੀਂ ਉਹ ਹਿੰਦੂ, ਮੁਸਲਿਮ, ਜੈਨੀ, ਬੋਧੀ,  ਜੋਗੀ ਸਮੇਤ ਹਰ ਧਾਰਮਕ ਮੱਤ ਵਾਲੇ ਕੋਲ ਭਾਰਤ ਦੇ ਕੋਨੇ ਕੋਨੇ ਵਿਚ ਹੀ ਨਹੀਂ, ਵਿਦੇਸ਼ੀ ਧਰਤੀਆਂ ’ਤੇ ਵੀ ਪੈਦਲ ਚਲ ਕੇ ਗਏ ਤੇ ਉਨ੍ਹਾਂ ਨੂੰ ਦਸਿਆ ਕਿ ਜਿਸ ਵਿਚਾਰਧਾਰਾ ਦਾ ਪ੍ਰਚਾਰ ਉਹ ‘ਧਰਮ’ ਕਹਿ ਕੇ ਕਰ ਰਹੇ ਹਨ, ਉਹ ਤਾਂ ਧਰਮ ਹੈ ਈ ਨਹੀਂ, ਉਹ ਤਾਂ ਕੇਵਲ ਅੰਧ-ਵਿਸ਼ਵਾਸ ਹੈ, ਕਰਮ-ਕਾਂਡ ਹੈ, ਮਾਇਆ ਬਟੋਰਨ ਲਈ ਕੀਤੀ ਜਾਂਦੀ ਵਿਖਾਵੇ ਦੀ ਪੂਜਾ ਹੈ ਤੇ ਰੱਬ ਨੂੰ ਇਨ੍ਹਾਂ ’ਚੋਂ ਕੋਈ ਚੀਜ਼ ਨਹੀਂ ਭਾਉਂਦੀ। ਜਿਹੜੀ ਚੀਜ਼, ਦੁਨੀਆਂ ਦੇ ਮਾਲਕ ਰੱਬ ਨੂੰ ਨਾ ਭਾਵੇ, ਉਹ ਤਾਂ ‘ਧਰਮ’ ਅਖਵਾ ਹੀ ਨਹੀਂ ਸਕਦੀ।

‘ਧਰਮਾਤਮਾ’ ਅਖਵਾਉਣ ਵਾਲੇ ਬਹੁਤੇ ਲੋਕ ਬਾਬੇ ਨਾਨਕ ਵਲੋਂ ਬੋਲੇ ਸੱਚ ਨੂੰ ਸੁਣ ਕੇ ਲੋਹੇ-ਲਾਖੇ ਹੋ ਜਾਂਦੇ ਤੇ ਕਹਿੰਦੇ, ‘‘ਇਹ ਨਾਨਕ ਤਾਂ ਕੁਰਾਹੀਆ ਹੈ, ਨਾਸਤਕ ਹੈ, ਭੂਤਨਾ ਹੈ ਤੇ ਬੇਤਾਲਾ ਹੈ। ਇਸ ਦੀ ਕੋਈ ਗੱਲ ਨਾ ਸੁਣੋ। ਇਸ ਨੂੰ ਵੱਟੇ ਮਾਰ ਕੇ ਭਜਾ ਦਿਉ।’’ ਪਰ ਕੁੱਝ ਸਿਆਣੇ ਧਰਮੀ ਲੋਕ ਪੁਛ ਵੀ ਲੈਂਦੇ, ‘‘ਬਾਬਾ ਨਾਨਕ, ਫਿਰ ਤੁਹਾਡੀ ਨਜ਼ਰ ਵਿਚ ਧਰਮ ਹੈ ਕੀ? ਕਿਸ ਨੂੰ ਧਰਮ ਕਹਿਣਾ ਚਾਹੀਦਾ ਹੈ? ਜੇ ਕਰਮ-ਕਾਂਡ, ਪੂਜਾ ਅਰਚਾ, ਯੱਗ-ਪਾਠ, ਕਥਾ ਕਹਾਣੀਆਂ, ਦੇਵਤੇ, ਸੰਤ, ਧਰਮਾਤਮਾ, ਸਾਧ ਅਤੇ ਗੁਰੂ ਅਖਵਾਉਣ ਵਾਲਿਆਂ ਆਦਿ ’ਚੋਂ ਕੋਈ ਵੀ ਉਸ ਰੱਬ ਨੂੰ ਪਸੰਦ ਨਹੀਂ ਤਾਂ ਫਿਰ ਕੀ ਕੀਤਾ ਜਾਏ ਜਿਸ ਨਾਲ ਉਹ ਰੱਬ ਖ਼ੁਸ਼ ਹੋ ਜਾਏ?’’
ਬਾਬੇ ਨਾਨਕ ਨੇ ਕਿਹਾ, ‘‘ਪਹਿਲੀ ਗੱਲ ਤਾਂ ਇਹ ਮੰਨ ਲਉ ਕਿ ਜਿਸ ਕਿਸੇ ਨੂੰ ਵੀ ਤੁਸੀ ਪਿਆਰ ਕਰਦੇ ਹੋ, ਉਹ ਸ੍ਰੀਰ ਕਰ ਕੇ ਭਾਵੇਂ ਦੂਰ ਵੀ ਵਿਚਰ ਰਿਹਾ ਹੋਵੇ ਪਰ ਰਹਿੰਦਾ ਉਹ ਤੁਹਾਡੇ ਦਿਲ ਵਿਚ ਹੈ। ਤੁਹਾਨੂੰ ਉਸ ਦੀ ਯਾਦ ਸਤਾਉਣ ਲੱਗ ਪਵੇ ਤਾਂ ਤੁਹਾਡਾ ਦਿਲ ਉਸ ਨੂੰ ਮਿਲਣ ਲਈ ਬਿਹਬਲ ਹੋ ਉਠਦਾ ਹੈ। ਤੁਹਾਡੇ ਸ੍ਰੀਰ ਦੇ ਕਿਸੇ ਹੋਰ ਹਿੱਸੇ ਨੂੰ ਕੁੱਝ ਨਹੀਂ ਹੁੰਦਾ, ਦਿਲ ਵਿਚ ਤੂਫ਼ਾਨ ਉਠਣ ਲਗਦਾ ਹੈ ਕਿ ਜਿਸ ਨੂੰ ਪਿਆਰ ਕਰਦੇ ਹੋ, ਉਹ ਮਿਲੇ ਤਾਂ ਕਿਵੇਂ ਮਿਲੇ ਤੇ ਛੇਤੀ ਕਿਵੇਂ ਮਿਲੇ? ਤੁਹਾਡੇ ਪਿਆਰੇ ਦੇ ਦਿਲ ਵਿਚ ਵੀ ਉਸੇ ਤਰ੍ਹਾਂ ਦੀ ਹਿਲਜੁਲ, ਤੁਹਾਡੇ ਪਿਆਰ ਦੀਆਂ ਤਰੰਗਾਂ ਸਦਕਾ ਸ਼ੁਰੂ ਹੋ ਜਾਂਦੀ ਹੈ ਤੇ ਦੋਹਾਂ ਪਾਸਿਆਂ ਦੀ ਬਿਹਬਲਤਾ ਅੰਤ ਪਿਆਰੇ ਨਾਲ ਮਿਲਾਪ ਕਰਵਾ ਕੇ ਰਹਿੰਦੀ ਹੈ।’’

ਸਵਾਲ ਕੀਤਾ ਗਿਆ, ‘‘ਪਰ ਬਾਬਾ ਨਾਨਕ, ਤੁਹਾਡੇ ਪਿਆਰੇ ਦੇ ਗੁਣ ਹੀ ਤਾਂ ਹੁੰਦੇ ਹਨ ਜਿਨ੍ਹਾਂ ਕਰ ਕੇ ਤੁਸੀ ਉਸ ਨੂੰ ਪਿਆਰ ਕਰਨ ਲਗਦੇ ਹੋ। ਅਪਣੇ ਆਪ ਨੂੰ ਦੇਵੀ ਦੇਵਤੇ, ਸੰਤ, ਸਾਧ ਤੇ ਗੁਰੂ ਅਖਵਾਉਣ ਵਾਲਿਆਂ ਦੀਆਂ ‘ਕਰਾਮਾਤਾਂ’ ਤੇ ਬਰਕਤਾਂ ਵੇਖ ਕੇ ਹੀ ਲੋਕ ਉਨ੍ਹਾਂ ਦੇ ਪਿਛੇ ਲੱਗ ਤੁਰਦੇ ਹਨ। ਫਿਰ ਉਹ ਰੱਬ ਨੂੰ ਕਿਉਂ ਨਹੀਂ ਭਾਉਂਦੇ?’’ ਬਾਬਾ ਨਾਨਕ ਨੇ ਉੱਤਰ ਦਿਤਾ, ‘‘ਅਪਣੇ ਆਪ ਨੂੰ ਪੁਛ ਕੇ ਤਾਂ ਵੇਖਿਉ, ਕੀ ਤੁਸੀ ਜਾਂ ਤੁਹਾਡੇ ਪਿਆਰੇ ਨੇ ਅਪਣੇ ਪਿਆਰੇ ਦੀਆਂ ‘ਕਰਾਮਾਤਾਂ’ ਵੇਖ ਕੇ ਉਸ ਨਾਲ ਪਿਆਰ ਕੀਤਾ ਸੀ ਜਾਂ ਉਸ ਵਲੋਂ ਬਹੁਤ ਕੁੱਝ ਦਿਤੇ ਜਾਣ ਕਰ ਕੇ ਉਸ ਨਾਲ ਪਿਆਾਰ ਕੀਤਾ ਸੀ, ਪਿਆਰ ਦੀਆਂ ਸ਼ਕਤੀਆਂ ਤੇ ਬਰਕਤਾਂ ਨੂੰ ਵੇਖ ਕੇ ਪਿਆਰ ਕੀਤਾ ਸੀ ਜਾਂ ਇਸ ਲਈ ਕੀਤਾ ਸੀ ਕਿ ਉਸ ਨੇ ਤੁਹਾਡੀ ਪੂਜਾ (ਚਮਚਾਗਿਰੀ) ਕੀਤੀ ਸੀ?

ਨਹੀਂ ਸਗੋਂ ਤੁਸੀ ਬਹੁਤੀ ਵਾਰ ਉਸ ਨੂੰ ਹੀ ਪਿਆਰ ਕਰ ਬੈਠਦੇ ਹੋ ਜਿਸ ਕੋਲੋਂ ਤੁਸੀ ਲੈਣਾ ਕੁੱਝ ਨਹੀਂ ਹੁੰਦਾ ਸਗੋਂ ਕੁੱਝ ਦੇਣਾ ਹੀ ਹੁੰਦਾ ਹੈ ਤੇ ਉਹਦੇ ਲਈ ਕੁਰਬਾਨੀ ਹੀ ਕਰਨੀ ਹੁੰਦੀ ਹੈ ਜਿਵੇਂ ਮਾਂ ਅਪਣੇ ਪੁੱਤਰ ਜਾਂ ਧੀ ਨੂੰ ਪਿਆਰ ਕਰਦੀ ਹੈ, ਕੁੱਝ ਲੈਣ ਦੀ ਸੋਚ ਕੇ ਨਹੀਂ ਸਗੋਂ ਬੀਮਾਰ, ਲਾਚਾਰ, ਗ਼ਰੀਬ ਤੇ ਅਪਾਹਜ ਧੀ ਪੁੱਤਰ ਨੂੰ ਸਗੋਂ ਜ਼ਿਆਦਾ ਪਿਆਰ ਕਰਦੀ ਹੈ, ਉਹਦੇ ਲਈ ਸੱਭ ਕੁੱਝ ਕੁਰਬਾਨ ਕਰ ਦੇਣ ਲਈ ਵੀ ਤਿਆਰ ਹੋ ਕੇ ਪਿਆਰ ਕਰਦੀ ਹੈ। ਇਸੇ ਵਿਚ ਹੀ ਸੱਚੇ ਪਿਆਰ ਦਾ ਸਾਰਾ ਭੇਤ ਲੁਕਿਆ ਹੈ। ਇਹ ਨਿਸ਼ਕਾਮ ਤੇ ਸੱਚਾ ਪਿਆਰ ਹੀ ਤੁਹਾਡੇ ਅੰਦਰ ਬੈਠੇ ਰੱਬ ਨੂੰ ਵੀ ਤੁਹਾਡੇ ਪਿਆਰ ਦਾ ਉੱਤਰ ਮਾਂ-ਬਾਪ ਵਾਲਾ ਪਿਆਰ ਦੇਣ ਲਈ ਤਿਆਰ ਕਰ ਦੇਂਦਾ ਹੈ ਤੇ ਤੁਹਾਡੇ ਅੰਦਰ ਉਹ ਖੇੜਾ ਪੈਦਾ ਹੋ ਜਾਂਦਾ ਹੈ ਜੋ ਸਾਰੀ ਦੁਨੀਆਂ ਦੇ ਧਨ ਦੌਲਤ ਨੂੰ ਮਿਲਾ ਕੇ ਵੀ ਉਸ ਤੋਂ ਵੱਡਾ ਖ਼ਜ਼ਾਨਾ ਹੋ ਨਿਬੜਦਾ ਹੈ। ਜ਼ਰਾ ਮਾਂ ਤੋਂ ਵਿਛੜੇ ਬੱਚੇ ਨੂੰ ਪੁੱਛ ਕੇ ਵੇਖੋ, ਮਾਂ ਨੂੰ ਮਿਲ ਕੇ ਉਸ ਨੂੰ ਸਾਰੀ ਦੁਨੀਆਂ ਦੀਆਂ ਖ਼ੁਸ਼ੀਆਂ ਨਾਲੋਂ ਵੱਡੀ ਖ਼ੁਸ਼ੀ ਕਿਉਂ ਮਿਲਦੀ ਹੈ? ਕਿਉਂਕਿ ਪਿਆਰ ਹੀ ਸੱਭ ਤੋਂ ਵੱਡੀ ਬਰਕਤ ਹੈ ਤੇ ਸੱਭ ਤੋਂ ਵੱਡੀ ਕਰਾਮਾਤ ਵੀ।’’

ਬਾਬੇ ਨਾਨਕ ਨੂੰ ਹੋਰ ਵੀ ਬੜੇ ਸਵਾਲ ਪੁੱਛੇ ਗਏ ਕਿ ਹਰ ਬੰਦਾ ਜ਼ਰੂਰੀ ਤਾਂ ਨਹੀਂ, ਕਿਸੇ ਦੂਜੇ ਨੂੰ ਜ਼ਰੂਰ ਹੀ ਪਿਆਰ ਕਰੇ? ਕਈ ਬੰਦੇ ਪਿਆਰ ਕੀਤੇ ਬਿਨਾਂ ਹੀ ਉਮਰ ਗੁਜ਼ਾਰ ਦੇਂਦੇ ਹਨ। ਰੱਬ ਨਾਲ ਪਿਆਰ ਵੀ ਆਪੇ ਤਾਂ ਨਹੀਂ ਪੈ ਜਾਂਦਾ ਜਿਵੇਂ ਮਾਂ ਤੇ ਬੱਚੇ ਦਾ ਪਿਆਰ ਕੁਦਰਤ ਵਲੋਂ ਹੀ ਪੈ ਜਾਂਦਾ ਹੈ। ਫਿਰ ਜੇ ਰੱਬ ਨਾਲ ਵੀ ਆਪੇ ਪਿਆਰ ਨਾ ਪਵੇ ਤਾਂ ਬੰਦਾ ਪੁਜਾਰੀਆਂ, ਕਰਮ-ਕਾਂਡਾਂ, ਮਨੋ-ਕਲਪਿਤ ਦੇਵਤਿਆਂ, ਸਾਧਾਂ, ਸੰਤਾਂ, ਗੁਰੂਆਂ, ਪੀਰਾਂ ਦੇ ਮਗਰ ਲੱਗ ਕੇ ਹੀ ਕੰਮ ਸਵਾਰਨ ਨੂੰ ਸੌਖਾ ਰਾਹ ਸਮਝਣ ਲਗਦਾ ਹੈ ਤੇ ਉਨ੍ਹਾਂ ਦੀਆਂ ਨਕਲੀ ਕਰਾਮਾਤਾਂ ਨੂੰ ਰੱਬੀ ਬਰਕਤਾਂ ਸਮਝਣ ਲੱਗ ਪੈਂਦਾ ਹੈ। ਬਾਬਾ ਨਾਨਕ ਤੁਸੀ ਹੀ ਦੱਸੋ ਫਿਰ ਰੱਬ ਨਾਲ ਪਿਆਰ ਪਾਉਣ ਦਾ ਸੌਖਾ ਰਾਹ ਹੋਰ ਕਿਹੜਾ ਹੈ?

ਇਹੋ ਜਹੇ ਇਕ ਦੋ ਸਵਾਲ ਨਹੀਂ, ਸੈਂਕੜੇ ਸਵਾਲ ਸਨ ਜੋ ਅੱਜ ਵੀ ਮਨੁੱਖ ਅੰਦਰ ਦੋ-ਚਿੱਤੀ ਬਣਾਈ ਰਖਦੇ ਹਨ ਤੇ ਜਿਨ੍ਹਾਂ ਦੇ ਜਵਾਬ ਬਾਬੇ ਨਾਨਕ ਨੇ ਦਿਤੇ ਪਰ ਜੋ ਸਾਰੀ ਦੁਨੀਆਂ ਦੇ ਲੋਕਾਂ ਤਕ 550 ਸਾਲਾਂ ਵਿਚ ਵੀ ਨਹੀਂ ਪਹੁੰਚਾਏ ਜਾ ਸਕੇ। ਸਾਡੇ ਤਨਖ਼ਾਹਦਾਰ ਕਥਾਕਾਰਾਂ ਨੇ ਬਾਬੇ ਨਾਨਕ ਦੇ ਸੌਖੇ ਜਹੇ ਜਵਾਬਾਂ ਉਤੇ ਪੁਜਾਰੀਵਾਦ ਦੇ ਔਖੇ ਪਰ ਸੁਨਹਿਰੀ-ਰੰਗੇ ਪਰਦੇ ਪਾ ਦਿਤੇ ਹੋਏ ਹਨ ਤੇ ਲੋਕਾਂ ਨੂੰ ਬਸ ਏਨਾ ਹੀ ਸਮਝ ਆਉਂਦਾ ਹੈ ਕਿ ਕਥਾਕਾਰ ਨੇ ਗ੍ਰੰਥ ਬਹੁਤ ਵੱਡੇ ਵੱਡੇ ਪੜ੍ਹੇ ਹੋਏ ਹਨ ਪਰ ਬਾਬੇ ਨਾਨਕ ਨੇ ਬਾਣੀ ਵਿਚ ਕਹਿਣਾ ਕੀ ਚਾਹਿਆ ਸੀ, ਉਸ ਤੋਂ ਉਹ ਅਣਜਾਣ ਹੀ ਰਹਿੰਦੇ ਹਨ। ‘ਉੱਚਾ ਦਰ ਬਾਬੇ ਨਾਨਕ ਦਾ’ ਨੇ ਬਹੁਤ ਵੱਡੇ ਟੀਚੇ ਮਿਥੇ ਹਨ ਜਿਨ੍ਹਾਂ ਰਾਹੀਂ ਬਾਬੇ ਦੀ ਬਾਣੀ ਦੇ ਅਸਲ ਅਰਥ ਦੁਨੀਆਂ ਦੀਆਂ 25-30 ਵੱਡੀਆਂ ਭਾਸ਼ਾਵਾਂ ਵਿਚ ਅਨੁਵਾਦੇ ਜਾਣ ਮਗਰੋਂ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਏ ਜਾਣਗੇ।

ਪਰ ‘ਉੱਚਾ ਦਰ’ ਵਿਚ ਕੋਈ ਗੋਲਕ ਨਹੀਂ ਹੋਵੇਗੀ। ਸਵੇਰ ਤੋਂ ਲੈ ਕੇ ਸ਼ਾਮ ਤਕ ਆਈ ਮਾਇਆ ਦਾ ਵੇਰਵਾ ਟੀਵੀ ਉਤੇ ਦੇ ਦਿਤਾ ਜਾਇਆ ਕਰੇਗਾ ਤੇ ਮੈਂਬਰਾਂ ਨੂੰ ਹੱਕ ਹੋਵੇਗਾ ਕਿ ਖ਼ਰਚੇ ਗਏ ਪੈਸੇ  ਬਾਰੇ ਆਪ ਪੜਤਾਲ ਕਰਨ ਤੇ ਇਕ ਖ਼ਾਸ ਢੰਗ ਨਾਲ ਸਵਾਲ ਪੀ ਪੁੱਛਣ। ਪ੍ਰਬੰਧਕ (ਟਰੱਸਟੀ) ਆਪ ਇਕ ਪੈਸਾ ਵੀ ਤਨਖ਼ਾਹ, ਭੱਤੇ ਜਾਂ ਹੋਰ ਕਿਸੇ ਤਰ੍ਹਾਂ ਨਹੀਂ ਲੈਣਗੇ ਤੇ ਨਿਸ਼ਕਾਮ ਸੇਵਾ ਕਰਨਗੇ। ਉੱਚਾ ਦਰ ਦੇ ਟੀਚਿਆਂ ਦੀ ਪ੍ਰਾਪਤੀ ਲਈ ਜ਼ਰੂਰੀ ਖ਼ਰਚਿਆਂ ਤੋਂ ਬਾਅਦ ਸਾਰੇ ਮੁਨਾਫ਼ੇ ਉਤੇ ਗ਼ਰੀਬਾਂ ਤੇ ਲੋੜਵੰਦਾਂ ਦਾ ਹੱਕ  ਹੋਵੇਗਾ ਤੇ ਚਾਲੀ ਮੈਂਬਰੀ ਬੋਰਡ ਪੂਰੀ ਪੜਚੋਲ ਮਗਰੋਂ ਸੱਚੇ ਗ਼ਰੀਬ ਜਾਂ ਲੋੜਵੰਦਾਂ ਦੀ ਲੋੜ ਪੂਰੀ ਕਰੇਗਾ।

‘ਉੱਚਾ ਦਰ’ ਦੇ ਨਨਕਾਣਾ ਬਾਜ਼ਾਰ ਵਿਚੋਂ ਮੈਂਬਰ ਹਰ ਚੀਜ਼ ਜ਼ੀਰੋ ਮੁਨਾਫ਼ੇ ਤੇ ਅਰਥਾਤ ਕੰਪਨੀ ਰੇਟ ਤੇ ਲੈ ਸਕਣਗੇ, ਬਾਜ਼ਾਰ ਵਿਚ ਉਹ ਚੀਜ਼ ਭਾਵੇਂ ਕਿੰਨੀ ਵੀ ਮਹਿੰਗੀ ਵਿਕਦੀ ਹੋਵੇ। ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਪੰਜ ਫ਼ਿਲਮਾਂ ਰਾਹੀਂ ਵੀ ਵੇਖ ਤੇ ਸਮਝ ਸਕੋਗੇ ਤੇ ‘ਚਾਰ ਉਦਾਸੀਆਂ’ ਅਥਵਾ ਚਾਰ ਵੱਡੀਆਂ ਯਾਤਰਾਵਾਂ ਦੇ ਹਰ ਪੜਾਅ ’ਤੇ ਰੁਕ ਕੇ ਤੇ ਪੈਦਲ ਚਲ ਕੇ ਇਸ ਵਿਚ ਸ਼ਾਮਲ ਹੋ ਸਕੋਗੇ। ਭਾਈ ਲਾਲੋ ਦੀ ਬਗ਼ੀਚੀ ’ਚੋਂ ਫਲਾਂ ਦੇ ਮੌਸਮ ਵਿਚ ਮੁਫ਼ਤ ਫੱਲ ਲੈ ਸਕੋਗੇ ਅਤੇ ਕੋਧਰੇ ਦੀ ਰੋਟੀ ਦਾ ਪ੍ਰਸ਼ਾਦ ਤਾਂ ਹਰ ਰੋਜ਼ ਮਿਲੇਗਾ ਹੀ। ਬੱਚਿਆਂ ਲਈ ਵਖਰੀ ਫ਼ਿਲਮ ਹੋਵੇਗੀ ਤੇ ਖੇਡਣ ਲਈ ਸੁੰਦਰ ਝੂਲੇ ਹੋਣਗੇ। ਯਾਤਰੀਆਂ ਨੂੰ ਕੋਈ ਸਮੱਸਿਆ ਆ ਜਾਏ ਤਾਂ ਮੁਫ਼ਤ ਦਵਾਈ ਤੇ ਮੁਫ਼ਤ ਇਲਾਜ, ਅੰਦਰ ਹੀ ‘ਰਾਏ ਬੁਲਾਰ ਸਫ਼ਾਖ਼ਾਨਾ’ ’ਚੋਂ ਮਿਲ ਜਾਏਗਾ। ਤੁਹਾਨੂੰ ਕਿਸੇ ਵੀ ਸਵਾਲ ਦਾ ਜਵਾਬ ਨਾ ਅਹੁੜਦਾ ਹੋਵੇ ਤਾਂ ਕਰਮ ਸਿੰਘ ਹਿਸਟੋਰੀਅਨ ਖੋਜ ਕੇਂਦਰ ਵਿਚ ਜਾ ਕੇ ਅਪਣੇ ਸਵਾਲ ਦਾ ਤਸੱਲੀ-ਬਖ਼ਸ਼ ਜਵਾਬ ਪ੍ਰਾਪਤ ਕਰ ਸਕਦੇ ਹੋ। ਕਿਤਾਬਾਂ ਪੜ੍ਹਨੀਆਂ ਚਾਹੋ ਤਾਂ ਡਾ. ਗੰਡਾ ਸਿੰਘ ਲਾਇਬ੍ਰੇਰੀ ਵਿਚ ਜਾ ਕੇ 5000 ਕਿਤਾਬਾਂ ’ਚੋਂ ਕੋਈ ਮਨ ਪਸੰਦ ਕਿਤਾਬ ਲੈ ਕੇ ਪੜ੍ਹਨ ਲਈ ਬੈਠ ਜਾਉ। ਰਾਤ ਠਹਿਰਨਾ ਚਾਹੁੰਦੇ ਹੋ ਤਾਂ ਬੇਬੇ ਨਾਨਕੀ ਸਰਾਵਾਂ ’ਚ ਸੁਖਦਾਇਕ ਰਿਹਾਇਸ਼ ਉਪਲਭਦ ਹੈ। ਖਾਣ ਪੀਣ ਲਈ ਰੈਸਟੋਰੈਂਟ ਤੇ ਸੰਗਤਾਂ ਦਾ ਢਾਬਾ।

ਮੀਟਿੰਗਾਂ, ਗੋਸ਼ਟੀਆਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਲਈ ਸੁੰਦਰ ‘ਨਾਨਕੀ ਬੈਠਕ’ ਵੀ ਮੌਜੂਦ ਹੈ। ਥੱਕ ਗਏ ਹੋ ਤਾਂ ਹਰੇ ਕਚੂਚ ਫੁੱਲਦਾਰ ਬਗ਼ੀਚਿਆਂ ਤੋਂ ਇਲਾਵਾ ਪਾਣੀ ਦੇ ਫੁਹਾਰੇ ਪੂਰਾ ਸਮਾਂ ਤੁਹਾਨੂੰ ਠੰਢਕ ਪਹੁੰਚਾਉਂਦੇ ਮਿਲਣਗੇ ਤੇ ਘਰੇਲੂ ਖੇਡਾਂ ਖੇਡਣਾ ਚਾਹੋ ਤਾਂ ਕ੍ਰਿਕੇਟ, ਵਾਲੀਬਾਲ, ਚਿੜੀ ਛਿੱਕਾ, ਕੈਰਮ ਬੋਰਡ ਸਮੇਤ ਕਈ ਪੰਜਾਬੀ ਖੇਡਾਂ ਤੁਹਾਡੀ ਥਕਾਵਟ ਲਾਹ ਦੇਣਗੀਆਂ। ਯਾਦ ਰਖਿਉ, ‘ਉੱਚਾ ਦਰ’ ਕਿਸੇ ਅਮੀਰ ਸੰਸਥਾ, ਕੰਪਨੀ ਜਾਂ ਧਨਾਢ ਨੇ ਨਹੀਂ ਉਸਾਰਿਆ ਸਗੋਂ ਸਪੋਕਸਮੈਨ ਦੇ ਸਾਧਾਰਣ ਤੇ ਗ਼ਰੀਬ ਪਾਠਕਾਂ ਦਾ ਕ੍ਰਿਸ਼ਮਾ ਹੈ। ਤੇ ਇਸ ਦੇ ਅਗਲੇ ਟੀਚਿਆਂ ਬਾਰੇ ਸੁਣੋਗੇ ਤਾਂ ਆਖੋਗੇ, ‘‘ਅਸੰਭਵ!!’’ ਹਾਂ ਤੁਸੀ ਇਹੀ ਸ਼ਬਦ ਉਦੋਂ ਵੀ ਉਚਾਰਿਆ ਸੀ ਜਦੋਂ ਖ਼ਾਲੀ ਹੱਥ ਹੋ ਕੇ ਵੀ ਰੋਜ਼ਾਨਾ ਸਪੋਕਸਮੈਨ ਸ਼ੁਰੂ ਕੀਤਾ ਗਿਆ ਸੀ।

ਦੋਖੀ ਵੀ ਕਹਿੰਦੇ ਸੀ -- ‘‘6 ਮਹੀਨੇ ਨਹੀਂ ਚਲ ਸਕੇਗਾ।’’ ਅੱਜ 20 ਸਾਲ ਹੋ ਗਏ ਨੇ ਇਸ ਨੂੰ ਜਲਵਾਗਰ ਹੋਇਆਂ। ਜਦੋਂ ਉੱਚਾ ਸ਼ੁਰੂ ਕੀਤਾ ਸੀ, ਉਦੋਂ ਵੀ ਤੁਸੀ ਕਿਹਾ ਸੀ, ‘‘ਅਸੰਭਵ!!! ਪੈਸੇ ਤਾਂ ਹੈ ਕੋਈ ਨਹੀਂ, ਕਿਵੇਂ ਬਣਾ ਲੈਣਗੇ?’’ ਬਣ ਗਿਐ ਨਾ। ਇਸ ਗ਼ਰੀਬਾਂ ਦੇ ਕ੍ਰਿਸ਼ਮੇ ਦਾ, ਅਮੀਰਾਂ ਦੇ ‘ਮਹਿਲਾਂ’ ਵਰਗੇ ਮੁਨਾਰਿਆਂ ਨਾਲ ਮੁਕਾਬਲਾ ਕਰ ਕੇ ਵੇਖ ਲਉ ਕਿ ਸਮਾਜ ਨੂੰ ਕਿਥੋਂ ਕੀ ਮਿਲਦਾ ਹੈ ਤੇ ਕਿਥੇ ਪੱਥਰਾਂ ਦੀ ਸੁੰਦਰ ਇਮਾਰਤ ਤੋਂ ਬਿਨਾਂ ਕੁੱਝ ਵੀ ਨਹੀਂ ਮਿਲਦਾ। ਇਸ ਦੇ ਅਗਲੇ ਟੀਚੇ ਤਾਂ ਤੁਹਾਨੂੰ ਬਿਲਕੁਲ ਹੀ ਹੈਰਾਨ ਕਰ ਦੇਣ ਵਾਲੇ ਹੋਣਗੇ। ‘ਉੱਚਾ ਦਰ’ ਆਪ ਵੇਖੋ ਤੇ ਇਸ ਦੇ ਅਗਲੇ ਟੀਚੇ ਸਰ ਕਰਨ ਵਿਚ ਭਾਈਵਾਲ ਬਣੋ। ਸੱਭ ਤੋਂ ਵੱਡਾ ਭਾਈਵਾਲ ਤਾਂ ਸਾਡਾ ਰੱਬ ਹੀ ਹੈ ਵਰਨਾ ਅਸੀ ਗ਼ਰੀਬ ਕੀ ਕਰਨ ਜੋਗੇ ਸੀ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement