ਗੁਰਦਵਾਰੇ ਵਿਚ ਸੰਗਤ ਦੀ ਸੇਵਾ ਲਈ ਕੋਈ ਪੱਖਾ ਫੇਰਨ ਲੱਗ ਪਵੇ ਤਾਂ ਉਸ ਨੂੰ ਏਨਾ ਨਹੀਂ ਥਕਾ ਦੇਣਾ ਚਾਹੀਦਾ ਕਿ ਉਹ ਬੇਹੋਸ਼ ਹੋ ਕੇ ਹੀ ਡਿਗ ਪਵੇ...
Published : Nov 14, 2017, 10:00 pm IST
Updated : Nov 14, 2017, 4:30 pm IST
SHARE ARTICLE

ਅਜ਼ਮਾਏ ਹੋਏ ਮਿੱਤਰਾਂ ਦੀ ਸੂਚੀ ਖ਼ਾਲੀ ਹੁੰਦੀ ਜਾ ਰਹੀ ਹੈ...
ਮੈਂ ਬਚਪਨ ਤੋਂ ਹੀ ਅਕਸਰ ਬੀਮਾਰ ਹੋ ਜਾਇਆ ਕਰਦਾ ਸੀ | ਸਕੂਲ ਕਾਲਜ ਦੇ ਦਿਨਾਂ ਵਿਚ ਕੋਈ ਸਾਲ ਅਜਿਹਾ ਯਾਦ ਨਹੀਂ ਜਦੋਂ ਮੈਂ ਮਹੀਨਾ ਪੰਦਰਾਂ ਦਿਨ ਤੇਜ਼ ਬੁਖ਼ਾਰ ਕਾਰਨ, ਮੰਜੇ ਤੇ ਨਾ ਪਿਆ ਹੋਵਾਂ | ਅਜਿਹਾ ਕੋਈ ਬੁਖ਼ਾਰ ਨਹੀਂ ਜਿਸ ਨੇ ਮੈਨੂੰ ਮੰਜੇ ਤੇ, ਭਰ ਜਵਾਨੀ ਵਿਚ ਵੀ ਨਾ ਡੇਗਿਆ ਹੋਵੇ | ਦਵਾਈਆਂ ਲੈਂਦਾ ਹੀ ਰਹਿੰਦਾ ਸੀ | ਬੜਾ ਤਜਰਬਾ ਹੈ ਮੈਨੂੰ ਟਾਈਫ਼ਾਈਡ, ਵਾਇਰਲ, ਮਲੇਰੀਆ ਵਰਗੇ ਵੱਡੇ-ਵੱਡੇ ਨਾਵਾਂ ਵਾਲੇ ਬੁਖ਼ਾਰਾਂ ਦਾ | ਪਰ ਪਿਛਲੇ ਇਕ ਮਹੀਨੇ ਤੋਂ ਜਿਹੜਾ ਚਿਕਨਗੁਨੀਆ ਬੁਖ਼ਾਰ ਦਾ ਕੌੜਾ ਤਜਰਬਾ ਹੋਇਆ ਹੈ, ਪਹਿਲਾਂ ਕਦੇ ਨਹੀਂ ਸੀ ਹੋਇਆ | ਇਸ ਬੁਖ਼ਾਰ ਨੂੰ 'ਹੱਡ ਤੋੜ' ਬੁਖ਼ਾਰ ਕਹਿੰਦੇ ਹਨ ਤੇ ਸ੍ਰੀਰ ਦਾ ਕੋਈ ਅੰਗ ਅਜਿਹਾ ਨਹੀਂ ਰਹਿੰਦਾ ਜਿਸ ਦਾ ਜੋੜ ਹਿਲ ਨਾ ਗਿਆ ਹੋਵੇ | ਕਮਜ਼ੋਰੀ ਤਾਂ ਏਨੀ ਹੋ ਜਾਂਦੀ ਹੈ ਕਿ ਲਗਦਾ ਹੈ ਕਦੇ ਠੀਕ ਹੀ ਨਹੀਂ ਹੋਵੇਗੀ | ਮੈਂ ਦਿਲ ਦਾ ਆਪ੍ਰੇਸ਼ਨ ਕਰਵਾਉਣ ਮਗਰੋਂ ਵੀ ਹਸਪਤਾਲ ਦੇ ਬਿਸਤਰੇ ਤੇ ਬੈਠ ਕੇ ਚਿੱਠੀ ਲਿਖਣ ਦੇ ਬਹਾਨੇ, ਸੰਪਾਦਕੀ ਲਿਖ ਕੇ ਅਖ਼ਬਾਰ ਨੂੰ ਭੇਜ ਦਿਆ ਕਰਦਾ ਸੀ ਪਰ ਹੁਣ 5 ਮਿੰਟ ਕਲਮ ਚਲਾਉਣ ਨਾਲ ਹੀ ਬੁਖ਼ਾਰ ਮੁੜ ਤੋਂ ਹੁੰਦਾ ਲਗਦਾ ਹੈ ਤੇ ਡਾਕਟਰ 'ਮੁਕੰਮਲ ਆਰਾਮ' ਦੀਆਂ ਝਿੜਕਾਂ ਦੇਣ ਲਗਦੇ ਹਨ | ਇਸ ਖ਼ਤਰਨਾਕ ਤੇ ਮਹਾਂਬਲੀ ਡੇਂਗੂ ਜਮ੍ਹਾਂ ਚਿਕਨਗੁਨੀਆ ਬੁਖ਼ਾਰ ਨੇ ਜਿਥੇ ਮੈਨੂੰ ਪੜ੍ਹਨੋਂ ਲਿਖਣੋਂ ਰੋਕ ਦਿਤਾ, ਉਥੇ ਤਿੰਨ ਪੁਰਾਣੇ ਮਿਹਰਬਾਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਵੀ ਮੈਨੂੰ ਉਨ੍ਹਾਂ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣੋਂ ਰੋਕ ਲਿਆ | ਮੈਨੂੰ ਮੰਜੇ ਤੋਂ ਹੇਠਾਂ ਉਤਰਨ ਵੀ ਨਹੀਂ ਸੀ ਦਿਤਾ ਜਾਂਦਾ ਕਿਉਾਕਿ ਮਾੜੀ ਜਹੀ ਖੇਚਲ ਨਾਲ, ਇਹ ਮੁੜ ਵੀ ਹੋ ਸਕਦਾ ਹੈ ਤੇ ਵਿਗੜ ਵੀ ਸਕਦਾ ਹੈ | ਗਲੋਅ ਦਾ ਪਾਣੀ ਪੀ ਕੇ ਤੇ ਦਵਾਈ ਦੀਆਂ ਗੋਲੀਆਂ ਖਾ ਖਾ ਕੇ ਜਾਂ ਟੁੱਟੇ ਭੱਜੇ ਸ੍ਰੀਰ ਦੀਆਂ ਦਰਦਾਂ ਸਹਿ ਸਹਿ ਕੇ ਸਾਰਾ ਦਿਨ ਲੇਟੇ ਰਹਿਣਾ ਪੈਂਦਾ ਸੀ | ਵੇਖੋ ਇਕ ਮੱਛਰ ਕਿਵੇਂ ਆਦਮੀ ਨੂੰ ਨਿਢਾਲ ਤੇ ਨਿਕੰਮਾ ਬਣਾ ਛਡਦਾ ਹੈ | ਜਿਨ੍ਹਾਂ ਮਿਹਰਬਾਨਾਂ ਨੇ ਇਸ ਸਮੇਂ ਦੌਰਾਨ ਸੰਸਾਰ ਤੋਂ ਵਿਦਾਈ ਲੈ ਲਈ, ਉਹ ਸਨ ਲੰਡਨ ਦੇ ਜਸਟਿਸ ਮੋਤਾ ਸਿੰਘ, ਚੰਡੀਗੜ੍ਹ ਦੇ ਪੁਰਾਣੇ ਅਕਾਲੀ ਲੀਡਰ ਸ. ਜੋਗਿੰਦਰ ਸਿੰਘ ਸਾਹਣੀ ਤੇ ਹਿਮਾਚਲ ਦੇ ਸਾਬਕਾ ਡੀ.ਜੀ.ਪੀ. (ਡਾਇਰੈਕਟਰ ਜਨਰਲ ਪੁਲਿਸ) ਸ. ਇੰਦਰਜੀਤ ਸਿੰਘ ਸੋਢੀ | ਜਦ ਮੈਂ 20 ਸਾਲ ਪਹਿਲਾਂ ਇੰਗਲੈਂਡ ਗਿਆ ਤਾਂ ਸਿੱਖ ਜੱਜ ਤੇ ਕਾਨੂੰਨਦਾਨ ਜਸਟਿਸ ਮੋਤਾ ਸਿੰਘ ਦਾ ਬਹੁਤ ਨਾਂ ਬਣਿਆ ਹੋਇਆ ਸੀ | ਮੇਰੇ ਵਾਕਫ਼ ਨਹੀਂ ਸਨ ਪਰ ਮੈਂ ਸਿੱਧਾ ਹੀ ਟੈਲੀਫ਼ੋਨ ਕਰ ਲਿਆ ਤੇ ਦਸਿਆ ਕਿ ਮੈਂ ਸਪੋਕਸਮੈਨ ਦਾ ਐਡੀਟਰ ਹਾਂ | ਬੜੀ ਗਰਮਜੋਸ਼ੀ ਨਾਲ ਮਿਲੇ ਤੇ ਕਹਿਣ ਲੱਗੇ, 'ਕਲ ਐਤਵਾਰ ਹੈ, ਘਰ ਆਉ, ਪ੍ਰਸ਼ਾਦ ਰਲ ਕੇ ਛਕਾਂਗੇ |' ਬੜੇ ਖ਼ੂਬਸੂਰਤ ਇਲਾਕੇ ਵਿਚ ਖ਼ੂਬਸੂਰਤ ਘਰ ਸੀ ਪਰ ਅੰਦਰ ਇਕ ਨਿਮਾਣਾ ਜਿਹਾ ਜੋੜਾ, ਮੇਰੀ ਇੰਤਜ਼ਾਰ ਕਰ ਰਿਹਾ ਸੀ | ਖਾਣਾ ਖਾਂਦੇ ਸਮੇਂ ਤੇ ਮਗਰੋਂ ਬਹੁਤ ਸਾਰੀਆਂ ਗੱਲਾਂ ਕੀਤੀਆਂ | ਜਦ ਮੈਂ ਬਾਹਰ ਨਿਕਲਿਆ ਤਾਂ ਲਗਦਾ ਸੀ, ਅਸੀ ਬੜੇ ਪੁਰਾਣੇ ਮਿੱਤਰ ਹੋਈਏ | ਅਗਲੇ ਦਿਨ ਮੈਂ ਇਕ ਗੁਰਦਵਾਰੇ ਵਿਚ ਗਿਆ ਹੋਇਆ ਸੀ ਤਾਂ ਜਸਟਿਸ ਮੋਤਾ ਸਿੰਘ ਨੇ ਪਿੱਛੋਂ ਆ ਕੇ ਜੱਫ਼ੀ ਪਾ ਲਈ | ਉਥੋਂ ਦੇ ਜੱਜ ਵੀ, ਕੋਰਟ ਤੋਂ ਬਾਹਰ ਕੋਈ ਫੂੰ ਫਾਂ ਨਹੀਂ ਕਰਦੇ, ਆਮ ਇਨਸਾਨਾਂ ਨਾਲ ਆਮ ਇਨਸਾਨਾਂ ਵਾਂਗ ਹੀ ਮਿਲਦੇ ਸਨ | ਅਪਣੀ ਅਫ਼ਸਰੀ ਸ਼ਾਨ, ਮੋਢੇ ਉਤੇ ਚੁਕ ਕੇ ਨਹੀਂ ਫਿਰਦੇ | ਇੰਗਲੈਂਡ ਦੇ ਕਾਨੂੰਨਦਾਨਾਂ ਵਿਚ ਉਨ੍ਹਾਂ ਦਾ ਬੜਾ ਚੰਗਾ ਨਾਂ ਸੀ ਪਰ ਪਤਾ ਨਹੀਂ ਉਨ੍ਹਾਂ ਬਾਰੇ ਕੋਈ ਕਿਤਾਬ ਕਿਉਾ ਨਹੀਂ ਲਿਖੀ ਗਈ |


ਦੂਜੇ ਮਿਹਰਬਾਨ ਸਨ ਸ. ਜੋਗਿੰਦਰ ਸਿੰਘ ਸਾਹਣੀ | ਜਦ ਮੈਂ 1970 ਵਿਚ ਪੱਕੇ ਤੌਰ ਤੇ ਚੰਡੀਗੜ੍ਹ ਵਿਚ ਰਹਿਣ ਲਈ ਆਇਆ ਤਾਂ ਸ. ਜੋਗਿੰਦਰ ਸਿੰਘ ਸਾਹਣੀ ਇਥੋਂ ਦੇ ਬੜੇ ਮੰਨੇ ਪ੍ਰਮੰਨੇ ਅਕਾਲੀ ਲੀਡਰ ਸਨ ਭਾਵੇਂ 'ਸਾਹਣੀ ਟੈਂਟ ਹਾਊਸ' ਉਨ੍ਹਾਂ ਦੇ ਵਪਾਰ ਦਾ ਅੱਡਾ ਸੀ ਤੇ 22 ਸੈਕਟਰ ਵਿਚ ਟੈਂਟ ਹਾਊਸ ਵਿਚ ਹੀ ਮਿਲਦੇ ਸਨ | ਮੈਂ ਕਈ ਸਾਲਾਂ ਤੋਂ 'ਜਥੇਦਾਰ' ਅਖ਼ਬਾਰ ਵਿਚ ਲੇਖ ਲਿਖਦਾ ਆ ਰਿਹਾ ਸੀ, ਇਸ ਲਈ ਮੇਰੇ ਨਾਂ ਤੋਂ ਬਹੁਤ ਲੋਕ ਵਾਕਫ਼ ਸਨ, ਭਾਵੇਂ ਉਨ੍ਹਾਂ ਨੇ ਮੈਨੂੰ ਵੇਖਿਆ ਹੋਇਆ ਨਹੀਂ ਸੀ | ਸ. ਜੋਗਿੰਦਰ ਸਿੰਘ ਸਾਹਣੀ ਨੂੰ ਜਿਉਾ ਹੀ ਅਪਣਾ ਨਾਂ ਦਸਿਆ, ਉਹ ਕੁਰਸੀ ਤੋਂ ਉਛਲ ਪਏ ਤੇ ਮੈਨੂੰ ਜੱਫੀ ਵਿਚ ਲੈ ਕੇ ਬੋਲੇ, ''ਓਹੋ, ਤੁਸੀ ਹੋ ਅਖ਼ਬਾਰ ਵਿਚ ਲਿਖਣ ਵਾਲੇ ਸ. ਜੋਗਿੰਦਰ ਸਿੰਘ? ਮੈਨੂੰ ਤਾਂ ਤੁਹਾਡੇ ਪ੍ਰਸ਼ੰਸਕਾਂ ਦੀਆਂ ਸੈਂਕੜੇ ਚਿੱਠੀਆਂ ਆਉਾਦੀਆਂ ਰਹਿੰਦੀਆਂ ਨੇ | ਲੋਕ ਸਮਝਦੇ ਨੇ ਕਿ ਲੇਖ ਮੈਂ ਹੀ ਲਿਖਦਾ ਹਾਂ | ਤੁਹਾਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ |''
ਅਖ਼ੀਰ ਤਕ ਸਾਡਾ ਪਿਆਰ ਕਾਇਮ ਰਿਹਾ ਤੇ ਜਦੋਂ ਵੀ ਮਿਲਦੇ 'ਰੋਜ਼ਾਨਾ ਸਪੋਕਸਮੈਨ' ਦੇ ਉਚ ਸਟੈਂਡਰਡ ਦੀ ਗੱਲ ਜ਼ਰੂਰ ਕਰਦੇ ਤੇ ਕਹਿੰਦੇ, ''ਮੈਂ ਅਪਣੀ ਜ਼ਿੰਦਗੀ ਵਿਚ ਬੜੇ ਪੰਜਾਬੀ ਅਖ਼ਬਾਰ ਪੜ੍ਹੇ ਨੇ ਪਰ ਜੋ ਤਸੱਲੀ ਸਪੋਕਸਮੈਨ ਨੂੰ ਪੜ੍ਹ ਕੇ ਮਿਲਦੀ ਏ, ਪਹਿਲਾਂ ਕਿਸੇ ਅਖ਼ਬਾਰ ਨੂੰ ਪੜ੍ਹ ਕੇ ਨਹੀਂ ਮਿਲੀ, ਨਾ ਹੀ ਹੁਣ ਕੋਈ ਦੂਜਾ ਅਖ਼ਬਾਰ ਤਸੱਲੀ ਕਰਵਾ ਸਕਦਾ ਹੈ |'' ਦੋ ਮਹੀਨੇ ਪਹਿਲਾਂ ਕਿਸੇ ਭੋਗ ਤੇ ਮਿਲੇ ਤਾਂ ਕਹਿਣ ਲੱਗੇ, ''ਇਕ ਵਾਰ ਮੇਰੇ ਘਰ ਦਰਸ਼ਨ ਦੇ ਕੇ ਇਕੱਠਿਆਂ ਖਾਣਾ ਖਾਣ ਦੀ ਰੀਝ ਪੂਰੀ ਕਰ ਦਿਉ, ਬੜੀ ਖ਼ੁਸ਼ੀ ਹੋਵੇਗੀ |'' ਮੈਂ ਇਸ ਪਿਆਰ-ਭਿੱਜੇ ਸੱਦੇ ਨੂੰ ਝੱਟ ਪ੍ਰਵਾਨ ਕਰ ਲਿਆ ਪਰ ਮੰਜੇ ਤੇ ਪਿਆਂ ਨੂੰ ਖ਼ਬਰ ਮਿਲੀ ਕਿ ਉਹ ਤਾਂ ਸੰਸਾਰ ਤੋਂ ਵਿਦਾਈ ਵੀ ਲੈ ਗਏ ਹਨ | ਕਾਫ਼ੀ ਦੇਰ ਤਕ ਲੇਟਿਆ ਲੇਟਿਆ, ਉਨ੍ਹਾਂ ਦੀਆਂ ਗੱਲਾਂ ਯਾਦ ਕਰਦਾ ਰਿਹਾ | ਜਾਣ ਵਾਲੇ ਤੀਜੇ ਮਿਹਰਬਾਨ ਸਨ, ਹਿਮਾਚਲ ਦੇ ਸਾਬਕਾ ਡੀ.ਜੀ.ਪੀ. (ਡਾਇਰੈਕਟਰ ਜਨਰਲ ਪੁਲਿਸ) ਸ. ਇੰਦਰਜੀਤ ਸਿੰਘ ਸੋਢੀ ਜਿਨ੍ਹਾਂ ਦੇ ਗਵਾਂਢ ਵਿਚ ਸੈਕਟਰ 11 ਵਿਚ ਕੁੱਝ ਸਮਾਂ ਰਹਿਣ ਨੂੰ ਮਿਲਿਆ | ਸ਼ਰਾਬ ਨੂੰ ਕਦੇ ਹੱਥ ਨਹੀਂ ਸੀ ਲਾਉਾਦੇ, ਉੱਚਾ ਬੋਲਣਾ ਤਾਂ ਜਾਣਦੇ ਹੀ ਨਹੀਂ ਸਨ ਤੇ ਬੋਲਦੇ ਸਨ ਤਾਂ ਲਗਦਾ ਸੀ ਜਿਵੇਂ ਕੋਈ ਰੱਬ ਨੂੰ ਪਹੁੰਚਿਆ ਬੰਦਾ ਬੋਲਦਾ ਹੈ | ਕੋਈ ਅੰਦਾਜ਼ਾ ਨਹੀਂ ਸੀ ਲਗਾ ਸਕਦਾ ਕਿ ਉਹ ਏਨੇ ਵੱਡੇ ਪੁਲਿਸ ਅਫ਼ਸਰ ਹਨ | ਉਸ ਵੇਲੇ ਉਹ ਸ਼ਿਮਲੇ ਵਿਚ ਹਿਮਾਚਲ ਦੇ ਡੀ.ਜੀ.ਪੀ. ਲੱਗੇ ਹੋਏ ਸਨ | ਅਸੀ ਇਕ ਦਿਨ ਕਿਹਾ ਸ਼ਿਮਲੇ ਜਾਣਾ ਹੈ, ਕਿਹੜੇ ਹੋਟਲ ਵਿਚ ਠਹਿਰਨਾ ਚਾਹੀਦਾ ਹੈ? ਬੋਲੇ, ''ਸ਼ਿਮਲੇ ਆਉ, ਸਾਰਾ ਪ੍ਰਬੰਧ ਕਰ ਦਿਆਂਗੇ |''ਸ਼ਿਮਲੇ ਗਏ ਤਾਂ ਉਨ੍ਹਾਂ ਨੇ ਪੁਲਿਸ ਅਫ਼ਸਰ ਭੇਜ ਕੇ ਸਾਨੂੰ ਅਪਣੀ ਆਲੀਸ਼ਾਨ ਸਰਕਾਰੀ ਕੋਠੀ ਵਿਚ ਬੁਲਾ ਲਿਆ ਤੇ ਕਹਿਣ ਲੱਗੇ, ''ਤੁਸੀ ਹੋਰ ਕਿਸੇ ਥਾਂ ਠਹਿਰਨ ਦੀ ਸੋਚ ਕਿਵੇਂ ਸਕਦੇ ਹੋ?'' ਉਨ੍ਹਾਂ ਦੀ ਸਰਦਾਰਨੀ, ਉਨ੍ਹਾਂ ਤੋਂ ਵੀ ਜ਼ਿਆਦਾ ਹਲੀਮੀ ਵਾਲੀ, ਸੇਵਾ ਕਰਨ ਵਾਲੀ ਤੇ ਅਫ਼ਸਰੀ ਸ਼ਾਨ, ਫ਼ੂੰ ਫਾਂ ਤੋਂ ਅਣਭਿੱਜ ਆਮ ਗੁਰਸਿੱਖ ਸਰਦਾਰਨੀ ਨਿਕਲੀ | ਅਸੀ ਸ਼ਿਮਲੇ ਤੋਂ ਪਰਤੇ ਤਾਂ ਇਹੀ ਯਾਦਾਂ ਲੈ ਕੇ ਆਏ ਕਿ ਅਸੀ ਕਿਸੇ ਸ਼ਾਹੀ ਮਹਿਲ ਵਿਚ ਸ਼ਾਹੀ ਮਹਿਮਾਨ ਵਜੋਂ ਰਹਿ ਕੇ ਆਏ ਹਾਂ ਜਿਥੇ ਮਹਿਮਾਨਾਂ ਦੀ ਸੇਵਾ ਨੌਕਰਾਂ ਚਾਕਰਾਂ ਕੋਲੋਂ ਨਹੀਂ ਕਰਵਾਈ ਜਾਂਦੀ ਸਗੋਂ ਰਾਜਾ ਰਾਣੀ ਆਪ ਨਿਮਾਣੇ ਸਿੱਖਾਂ ਵਾਂਗ, ਸੇਵਾ ਕਰ ਕੇ ਖ਼ੁਸ਼ ਹੁੰਦੇ ਸਨ | ਦੋਵੇਂ ਪਤੀ-ਪਤਨੀ ਥੋੜੇ ਦਿਨਾਂ ਦੇ ਵਕਫ਼ੇ ਮਗਰੋਂ ਹੀ ਸੰਸਾਰ ਛੱਡ ਗਏੇ | ਬੀਮਾਰੀ ਕਾਰਨ ਮੈਂ ਅੰਤਮ ਰਸਮਾਂ ਵਿਚ ਤਾਂ ਸ਼ਾਮਲ ਨਾ ਹੋ ਸਕਿਆ ਪਰ ਜਦ ਕਿਸੇ ਚੰਗੇ ਬੰਦੇ ਤੇ ਚੰਗੇ ਜੋੜੇ ਦੀ ਗੱਲ ਹੋਵੇਗੀ ਤਾਂ ਮੈਨੂੰ ਇਸ ਵੱਡੇ ਪੁਲਿਸ ਅਫ਼ਸਰ ਤੇ ਇਸ ਗੁਰਮੁਖ ਜੋੜੇ ਦੀ ਯਾਦ ਜ਼ਰੂਰ ਆਇਆ ਕਰੇਗੀ | ਏਨੇ ਚੰਗੇ ਸਨ ਕਿ ਮਹਿਸੂਸ ਹੀ ਕੀਤਾ ਜਾ ਸਕਦਾ ਸੀ, ਕਲਮ ਨਹੀਂ ਬਿਆਨ ਕਰ ਸਕਦੀ | ਮੈਨੂੰ ਖ਼ੁਸ਼ੀ ਹੈ ਕਿ ਸਪੋਕਸਮੈਨ ਨੇ ਮੈਨੂੰ ਬਹੁਤ ਹੀ ਚੰਗੇ ਤੇ ਗੁਰਮੁਖ ਲੋਕਾਂ ਦਾ ਪਿਆਰ ਮਾਣਨ ਦਾ ਮੌਕਾ ਦਿਤਾ ਪਰ ਦੁਖ ਹੁੰਦਾ ਹੈ, ਇਹ ਸੋਚ ਕੇ ਕਿ ਸਾਰੇ ਚੰਗੇ ਲੋਕ, ਇਕ ਇਕ ਕਰ ਕੇ ਜਾ ਰਹੇ ਹਨ ਤੇ ਮੈਨੂੰ ਅਪਣੇ ਅਜ਼ਮਾਏ ਹੋਏ ਮਿੱਤਰਾਂ ਦੀ ਸੂਚੀ ਖ਼ਾਲੀ ਹੁੰਦੀ ਨਜ਼ਰ ਆ ਰਹੀ ਹੈ | ਛੋਟੇ ਹੁੰਦਿਆਂ ਗੁਰਦਵਾਰੇ ਜਾਈਦਾ ਸੀ ਤਾਂ ਬਿਜਲੀ ਦੇ ਪੱਖੇ ਨਹੀਂ ਸੀ ਲੱਗੇ ਹੁੰਦੇ | ਦੀਵਾਨ ਭਰਿਆ ਹੁੰਦਾ ਸੀ ਤੇ ਗਰਮੀ ਵਿਚ ਸੰਗਤਾਂ ਪਸੀਨੇ ਵਿਚ ਗੜੁੱਚ ਹੋ ਕੇ ਵੀ ਕੀਰਤਨ, ਵਖਿਆਨ ਤੇ ਕਵੀ ਦਰਬਾਰਾਂ ਦਾ ਅਨੰਦ ਮਾਣਦੀਆਂ ਹੁੰਦੀਆਂ ਸਨ | ਉਹਨੀਂ ਦਿਨੀਂ, ਦੀਵਾਨ ਦੇ ਕੋਨੇ-ਕੋਨੇ ਵਿਚ ਵੱਡੇ-ਵੱਡੇ 4-5 ਫ਼ੁਟੇ ਪੱਖੇ ਪਏ ਹੁੰਦੇ ਸਨ | ਸੰਗਤ ਵਿਚੋਂ ਹੀ ਕੋਈ ਉਠ ਕੇ ਪੱਖਾ ਫੇਰਨ ਦੀ ਸੇਵਾ ਸ਼ੁਰੂ ਕਰ ਦੇਂਦਾ | ਇਸ ਨਾਲ ਪਸੀਨਾ ਵਹਾ ਰਹੀਆਂ ਸੰਗਤਾਂ ਨੂੰ ਬੜਾ ਆਰਾਮ ਮਿਲਦਾ | ਪਰ ਇਕ ਬੰਦਾ 10 ਮਿੰਟ ਤੋਂ ਵੱਧ ਸਮੇਂ ਲਈ ਵੱਡਾ ਪੱਖਾ ਨਹੀਂ ਫੇਰ ਸਕਦਾ | ਮੈਨੂੰ ਯਾਦ ਹੈ ਕਿ ਦੂਜਿਆਂ ਦਾ ਪਸੀਨਾ ਸੁਕਾਉਣ ਵਾਲੇ, ਆਪ ਜ਼ੋਰ-ਜ਼ੋਰ ਨਾਲ ਪੱਖਾ ਫੇਰਨ ਸਮੇਂ, ਪਸੀਨੇ ਵਿਚ ਨੁਚੜ ਰਹੇ ਹੁੰਦੇ ਸਨ | ਸੇਵਾ ਕਰਨ ਵਾਲੇ ਦੀ ਦਸ਼ਾ ਵੇਖ ਕੇ, ਫਿਰ ਸੰਗਤ ਵਿਚੋਂ ਹੀ ਕੋਈ ਹੋਰ ਸੱਜਣ ਉਠ ਕੇ, ਪੱਖਾ ਆਪ ਫੜ ਲੈਂਦਾ ਤੇ ਪਹਿਲੇ ਥੱਕ ਚੁੱਕੇ ਸਿੰਘ ਨੂੰ ਆਰਾਮ ਕਰਵਾ ਦੇਂਦਾ | ਮੈਨੂੰ ਯਾਦ ਹੈ ਕਿ ਕਈ ਵਾਰ, ਪੱਖਾ ਫੇਰਨ ਵਾਲਾ ਸਿੰਘ ਏਨਾ ਥੱਕ ਜਾਂਦਾ ਕਿ ਸਾਫ਼ ਨਜ਼ਰ ਆ ਰਿਹਾ ਹੁੰਦਾ ਸੀ ਕਿ ਉਹ ਹੁਣ ਹੋਰ ਸੇਵਾ ਕਰਨ ਦੀ ਹਾਲਤ ਵਿਚ ਨਹੀਂ - ਪਰ ਦੀਵਾਨ ਵਿਚੋਂ ਪੱਖੇ ਦੀ ਸੇਵਾ ਲੈਣ ਵਾਲਾ ਕੋਈ ਦੂਜਾ ਸਿੱਖ ਉਠਦਾ ਨਜ਼ਰ ਨਾ ਆਉਾਦਾ | ਇਕ ਵਾਰ ਇਸੇ ਤਰ੍ਹਾਂ ਪੱਖਾ ਫੇਰਨ ਵਾਲਾ ਸਿੰਘ ਅੱਧਾ ਘੰਟਾ ਪੱਖਾ ਫੇਰ-ਫੇਰ ਕੇ ਬੇਹੋਸ਼ ਹੋ ਗਿਆ ਕਿਉਾਕਿ ਸੇਵਾ ਕਰਨ ਲਈ ਕੋਈ ਹੋਰ ਸਿੰਘ ਉਠ ਨਹੀਂ ਸੀ ਰਿਹਾ ਤੇ ਪੱਖਾ ਜ਼ਮੀਨ ਉਤੇ ਰੱਖ ਕੇ, ਸੇਵਾ ਬੰਦ ਕਰਨੀ, ਸੰਗਤ ਦੀ ਨਿਰਾਦਰੀ ਸਮਝੀ ਜਾਂਦੀ ਸੀ | 'ਉੱਚਾ ਦਰ ਬਾਬੇ ਨਾਨਕ ਦਾ' ਦੀ ਪੱਖਾ ਫੇਰਨ ਦੀ ਸੇਵਾ ਮੈਂ ਸੰਭਾਲੀ ਸੀ ਤਾਂ ਉਸ ਵੇਲੇ ਹੀ ਸਪੱਸ਼ਟ ਕਰ ਦਿਤਾ ਸੀ ਕਿ ਸਰਕਾਰਾਂ, ਵਜ਼ੀਰਾਂ ਤੇ ਅਮੀਰਾਂ ਦੀ ਮਦਦ ਬਿਨਾਂ, ਕਿਸੇ ਇਕ ਬੰਦੇ ਲਈ ਏਨਾ ਵੱਡਾ ਕੰਮ ਕਰਨਾ ਨਾਮੁਮਕਿਨ ਹੈ | ਮੈਂ ਸਪੱਸ਼ਟ ਕਿਹਾ ਕਿ ਅੱਧੇ ਖ਼ਰਚੇ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਮੇਰੀ ਪਰ ਬਾਕੀ ਅੱਧੇ ਦੀ ਜ਼ਿੰਮੇਵਾਰੀ ਪਾਠਕ ਲੈਣ ਨੂੰ ਤਿਆਰ ਹੋਣ ਤਾਂ ਕੰਮ ਸ਼ੁਰੂ ਕਰੀਏ | ਪਾਠਕਾਂ ਨੇ ਦੋਵੇਂ ਹੱਥ ਖੜੇ ਕਰ ਕੇ ਕਿਹਾ ਕਿ ਅੱਧੇ ਦੀ ਕੀ, ਉਹ ਤਾਂ ਪੂਰੇ ਖ਼ਰਚੇ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਅਪਣੇ ਉਪਰ ਲੈਣ ਨੂੰ ਤਿਆਰ ਹਨ | ਮੈਂ ਕਿਹਾ, 'ਅੱਧੀ ਤੋਂ ਨਾ ਭੱਜ ਜਾਣਾ, ਅੱਧੀ ਜ਼ਿੰਮੇਵਾਰੀ ਤਾਂ ਮੈਂ ਲੈ ਹੀ ਲਈ ਹੈ | ਜੇ ਤੁਸੀ ਅੱਧੀ ਜ਼ਿੰਮੇਵਾਰੀ ਤੋਂ ਵੀ ਭੱਜ ਗਏ ਤਾਂ ਬੜੀ ਮੁਸ਼ਕਲ ਬਣ ਜਾਏਗੀ |' ਉਹੀ ਗੱਲ ਹੋਈ | ਪਾਠਕਾਂ ਦਾ ਜੋਸ਼ ਵੇਖ ਕੇ ਮੈਨੂੰ ਲਗਦਾ ਸੀ ਕਿ ਮੈਂ ਪਿੱਛੇ ਰਹਿ ਜਾਣਾ ਹੈ ਤੇ ਪਾਠਕਾਂ ਨੇ ਮੇਰੇ ਤੋਂ ਅੱਗੇ ਲੰਘ ਜਾਣਾ ਹੈ | ਪਰ ਹੋਇਆ ਇਸ ਤੋਂ ਐਨ ਉਲਟ | 6-7 ਸਾਲ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਅਪੀਲਾਂ ਵੀ ਉਨ੍ਹਾਂ ਨੂੰ ਇਕ ਚੌਥਾਈ ਹਿੱਸੇ ਤੋਂ ਅੱਗੇ ਨਹੀਂ ਲਿਜਾ ਸਕੀਆਂ | ਮੈਂ ਐਲਾਨ ਕੀਤਾ ਹੋਇਆ ਸੀ ਕਿ ਜਿਸ ਦਿਨ ਪਾਠਕਾਂ ਦਾ ਅੱਧ ਪੂਰਾ ਹੋ ਗਿਆ, ਮੈਂ 'ਉੱਚਾ ਦਰ' ਵਿਚ ਉਨ੍ਹਾਂ ਨੂੰ ਬਰਾਬਰ ਦਾ ਹਿੱਸੇਦਾਰ ਬਣਾ ਲਵਾਂਗਾ ਤੇ ਪ੍ਰਬੰਧ ਵਿਚ ਵੀ ਉਨ੍ਹਾਂ ਨੂੰ ਬਰਾਬਰੀ ਤੇ ਲਿਆ ਬਿਠਾਵਾਂਗਾ | ਪਰ ਮੈਂ ਕਿਉਾਕਿ ਪੱਖਾ ਝਲਦਾ ਝਲਦਾ ਥੱਕ ਗਿਆ ਸੀ, ਇਸ ਲਈ ਇਕ ਚੌਥਾਈ ਹਿੱਸਾ ਮਿਲਣ ਤੇ ਹੀ ਅਦਾਲਤੀ ਕਾਰਵਾਈ ਕਰ ਦਿਤੀ ਤੇ ਦੋ ਪੜਾਵਾਂ ਵਿਚ ਸਾਰੇ 'ਉੱਚਾ ਦਰ' ਦੀ ਮਾਲਕੀ, ਪਾਠਕਾਂ (ਮੈਂਬਰਾਂ) ਨੂੰ ਦੇਣ ਦਾ ਪ੍ਰਬੰਧ ਕਰ ਦਿਤਾ ਤੇ ਉਸ ਵਿਚ ਇਹ ਵੀ ਲਿਖਵਾ ਦਿਤਾ ਕਿ ਅਖ਼ਬਾਰ ਦਾ ਹਿੱਸਾ ਛੇਤੀ ਤੋਂ ਛੇਤੀ ਖ਼ਤਮ ਕਰ ਕੇ, ਪੂਰੀ ਮਾਲਕੀ ਮੈਂਬਰਾਂ ਨੂੰ ਦੇਣੀ ਹੈ | ਅਖ਼ਬਾਰ ਅਪਣਾ ਹਿੱਸਾ, ਕੇਵਲ ਤੇ ਕੇਵਲ ਟੀ.ਵੀ. ਚੈਨਲ ਸ਼ੁਰੂ ਕਰਨ ਲਈ ਲਗਾ ਦੇਵੇਗਾ, ਆਪ ਨਹੀਂ ਰੱਖੇਗਾ | ਮਕਸਦ ਇਹੀ ਸੀ ਕਿ ਮੈਂਬਰ ਉਤਸ਼ਾਹਤ ਹੋ ਕੇ ਕੁਲ ਮੈਂਬਰਸ਼ਿਪ ਨੂੰ 10 ਹਜ਼ਾਰ ਤਕ ਲਿਜਾਣ ਦਾ ਟੀਚਾ ਸਰ ਕਰਨ ਲਈ ਸੇਵਾ ਦਾ ਪੱਖਾ ਮੇਰੇ ਕੋਲੋਂ ਫੜ ਕੇ ਆਪ ਝੁਲਾਉਣ ਜਾਂ ਫੇਰਨ ਲੱਗ ਜਾਣ ਤੇ ਮੈਂ ਥੋੜਾ ਜਿਹਾ ਆਰਾਮ ਕਰਨ ਮਗਰੋਂ 'ਉੱਚਾ ਦਰ' ਦੇ ਅੰਦਰ ਵਿਖਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਤਿਆਰੀ ਵਿਚ ਜੁਟ ਜਾਵਾਂ ਅਥਵਾ ਨਾਨਕ-ਬਾਣੀ ਦੀ ਵਿਆਖਿਆ ਵਾਲੇ ਕੰਮ ਵਿਚ ਖੁਭ ਜਾਵਾਂ | ਹੋ ਸਕਦਾ ਹੈ, ਪਹਿਲਾਂ ਕੋਈ ਸੋਚਦਾ ਹੋਵੇ ਕਿ ਪਤਾ ਨਹੀਂ, ਉੱਚਾ ਦਰ ਬਣਨਾ ਵੀ ਹੈ ਜਾਂ ਐਵੇਂ ਗੱਪ ਛੱਡ ਦਿਤੀ ਗਈ ਹੈ | ਹੋ ਸਕਦਾ ਹੈ, ਪਹਿਲਾਂ ਕੋਈ ਇਹ ਵੀ ਸੋਚਦਾ ਹੋਵੇ ਕਿ ਇਹ ਅਪਣੀ ਜਾਇਦਾਦ ਬਣਾ ਰਿਹਾ ਹੈ ਤੇ ਐਵੇਂ 'ਕੌਮੀ ਜਾਇਦਾਦ' ਦੀ ਗੱਲ ਹੀ ਕਰਦਾ ਹੈ | ਪਰ ਹੁਣ ਤਾਂ 75-80 ਫ਼ੀ ਸਦੀ 'ਕੌਮੀ ਜਾਇਦਾਦ' ਬਣ ਵੀ ਚੁੱਕੀ ਹੈ ਤੇ ਉਸ ਦਾ ਮਾਲਕ ਕੌਣ ਹੈ, ਇਸ ਦਾ ਫ਼ੈਸਲਾ ਵੀ ਹੋ ਗਿਆ ਹੈ | ਮੈਂ ਤਾਂ ਅਪਣਾ ਇਕ ਪੈਸੇ ਜਿੰਨਾ ਹਿੱਸਾ ਵੀ ਇਸ ਵਿਚ ਨਹੀਂ ਰਖਿਆ | ਮੈਂ ਪ੍ਰੇਸ਼ਾਨ ਹਾਂ ਕਿ ਮੇਰੀਆਂ ਥੱਕ ਚੁਕੀਆਂ ਬਾਹਵਾਂ ਨੂੰ ਆਰਾਮ ਦੇਣ ਲਈ, ਹੁਣ 'ਮਾਲਕ' ਬਣਾਏ ਗਏ ਦੋ ਢਾਈ ਹਜ਼ਾਰ ਮੈਂਬਰਾਂ ਤੇ ਦੂਜੇ ਪਾਠਕਾਂ ਵਿਚੋਂ ਕੋਈ ਪੱਖਾ ਫੜਨ ਲਈ ਅੱਗੇ ਕਿਉਾ ਨਹੀਂ ਆ ਰਿਹਾ?

ਪੱਖਾ ਫੜਨ ਦਾ ਮਤਲਬ ਕੀ ਹੈ?
(1) ਪੱਖਾ ਫੜਨ ਦਾ ਮਤਲਬ ਤਾਂ ਇਕੋ ਹੀ ਹੈ ਕਿ 15 ਕਰੋੜ ਦੀ ਕਮੀ ਦੂਰ ਕਰਨ ਦੀ ਜ਼ਿੰਮੇਵਾਰੀ ਕੌਣ ਲਵੇਗਾ? ਇਕ ਤਰੀਕਾ ਤਾਂ ਜਗਾਧਰੀ ਦੇ ਸ. ਮਨਜੀਤ ਸਿੰਘ ਨੇ ਸੁਝਾਅ ਦਿਤਾ ਹੈ ਕਿ ਬਾਬੇ ਨਾਨਕ ਦੇ ਸੌ ਦੋ ਸੌ ਕੁਰਬਾਨੀ ਵਾਲੇ ਸਿੱਖ ਮਨ ਵਿਚ ਧਾਰ ਲੈਣ ਕਿ ਉਨ੍ਹਾਂ ਨੇ ਹੁਣ 6-8 ਮਹੀਨਿਆਂ ਵਿਚ 'ਉੱਚਾ ਦਰ' ਚਾਲੂ ਕਰ ਕੇ ਰਹਿਣਾ ਹੈ ਤੇ ਸੱਭ ਤੋਂ ਸੌਖਾ ਤਰੀਕਾ ਉਹੀ ਹੈ ਜੋ ਸ. ਮਨਜੀਤ ਸਿੰਘ ਨੇ ਅਪਣਾਇਆ ਹੈ ਕਿ ਦੂਜਿਆਂ ਨੂੰ ਕੁੱਝ ਕਹਿਣ ਤੋਂ ਪਹਿਲਾਂ ਅਪਣੇ ਕੋਲ ਬੈਂਕ ਵਿਚ ਪਏ ਪੈਸੇ 3 ਸਾਲ ਨਿਸ਼ਕਾਮ ਹੋ ਕੇ 'ਉੱਚਾ ਦਰ' ਨੂੰ ਮੁਕੰਮਲ ਕਰਨ ਲਈ ਦੇ ਦਿਤੇ ਤੇ ਹੁਣ ਇਹ ਪੈਸੇ ਉਹ 'ਉੱਚਾ ਦਰ' ਸ਼ੁਰੂ ਹੋਣ ਮਗਰੋਂ ਉਸ ਦੀ 'ਕਮਾਈ' ਵਿਚੋਂ ਲੈ ਲੈਣਗੇ | ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਕਹਿੰਦੇ ਹਨ ਕਿ 'ਉੱਚਾ ਦਰ' ਤੁਰਤ ਬਣਨਾ ਤੇ ਚਾਲੂ ਹੋਣਾ ਚਾਹੀਦਾ ਹੈ, ਉਹ ਸੱਚੇ ਦਿਲੋਂ ਆਪ ਅਪਣੇ ਆਪ ਨੂੰ ਪੁੱਛਣ ਕਿ ਉਹ ਇਸ ਤਰ੍ਹਾਂ ਬਿਨਾਂ ਕੁੱਝ ਗਵਾਏ ਕਿੰਨੀ ਕੁ ਮਾਇਆ 3 ਸਾਲ ਲਈ ਬਾਬੇ ਨਾਨਕ ਦੇ ਚਰਨਾਂ ਵਿਚ ਨਿਸ਼ਕਾਮ ਹੋ ਕੇ ਰੱਖ ਸਕਦੇ ਹਨ?
(2) ਪੱਖਾ ਫੜਨ ਦਾ ਦੂਜਾ ਮਤਲਬ ਹੈ ਕਿ 75 ਪਾਠਕ ਤੁਰਤ ਗਵਰਨਿੰਗ ਕੌਾਸਲ ਦੇ ਮੈਂਬਰ ਬਣ ਜਾਣ |
(3) ਪੱਖਾ ਫੇਰਨ ਦਾ ਤੀਜਾ ਮਤਲਬ ਇਹ ਹੈ ਕਿ ਹਰ ਮੈਂਬਰ ਇਕ ਮੈਂਬਰ ਹੋਰ ਤੁਰਤ ਬਣਾਉਣ ਦਾ ਪ੍ਰਣ ਲਵੇ ਤੇ ਕਾਗ਼ਜ਼ੀ ਕਾਰਵਾਈ ਤਕ ਸੀਮਤ ਰਹਿਣ ਦੀ ਜਾਂ ਪਿਛਲੇ ਕੀਤੇ ਦੀ ਗੱਲ ਕਰੀ ਜਾਣ ਦੀ ਬਜਾਏ ਅੱਜ ਇਕ ਮੈਂਬਰ ਦੇ ਪੈਸੇ, 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਵਿਚ ਤੁਰਤ ਜਮ੍ਹਾਂ ਕਰਵਾ ਦੇਵੇ |
(4) ਪੱਖਾ ਚੁੱਕਣ ਦਾ ਚੌਥਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਪਹਿਲਾਂ ਦਿਤੇ ਪੈਸੇ ਲੈਣੇ ਹਨ, ਉਹ ਪੈਸੇ ਲੈਣੇ 3 ਸਾਲ ਲਈ ਅੱਗੇ ਪਾ ਦੇਣ ਤੇ 'ਉੱਚਾ ਦਰ' ਚਾਲੂ ਹੋਣ ਮਗਰੋਂ, ਇਸ ਦੀ ਕਮਾਈ ਵਿਚੋਂ ਪੈਸੇ ਲੈਣ, ਪਹਿਲਾਂ ਨਹੀਂ | ਧਾਰਮਕ ਕਿਸਮ ਦੇ ਪ੍ਰਾਜੈਕਟਾਂ ਦੇ ਚਾਲੂ ਹੋਣ ਤੋਂ ਪਹਿਲਾਂ ਪੈਸੇ ਨਹੀਂ ਮੰਗੀਦੇ ਕਿਉਾਕਿ ਪਹਿਲਾਂ ਮੰਗਣ ਦਾ ਅਰਥ ਹੁੰਦਾ ਹੈ, ਪ੍ਰਾਜੈਕਟ ਨੂੰ ਅੱਧ ਵਿਚਕਾਰੋਂ ਰੋਕ ਦੇਣਾ |
ਇਨ੍ਹਾਂ ਚਾਰ ਢੰਗਾਂ ਨਾਲ ਹੀ ਸੇਵਾ ਦਾ 'ਪੱਖਾ' ਚੁਕਿਆ ਜਾ ਸਕਦਾ ਹੈ, ਹੋਰ ਕਿਸੇ ਤਰ੍ਹਾਂ ਨਹੀਂ | ਜੇ ਪਾਠਕਾਂ ਤੇ ਬਾਬੇ ਨਾਨਕ ਦੇ ਪ੍ਰੇਮੀਆਂ ਨੇ ਪੱਖਾ ਚੁਕ ਲਿਆ ਤਾਂ 'ਉੱਚਾ ਦਰ' ਵੀ ਸਾਲ ਤੋਂ ਪਹਿਲਾਂ ਚਾਲੂ ਹੋ ਜਾਵੇਗਾ, ਹਰ ਕਿਸੇ ਦਾ ਪੈਸਾ ਵੀ ਠੀਕ ਠਾਕ ਉਸ ਨੂੰ ਮਿਲ ਜਾਵੇਗਾ ਤੇ ਥੋੜੀ ਜਹੀ ਕੁਰਬਾਨੀ ਨਾਲ ਹੀ ਦੁਨੀਆਂ ਦੀ ਬੇਮਿਸਾਲ ਕੌਮੀ ਯਾਦਗਾਰ ਵੀ ਕਾਇਮ ਹੋ ਜਾਏਗੀ ਜੋ ਦੁਨੀਆਂ ਵਿਚ ਤੁਹਾਡਾ ਸੱਭ ਦਾ ਨਾਂ ਰੌਸ਼ਨ ਕਰੇਗੀ | ਪਰ ਜੇ ਸਾਰਾ ਭਾਰ ਮੇਰੇ ਉਤੇ ਹੀ ਪਾਈ ਰਖਿਆ ਗਿਆ ਤਾਂ ਮੈਂ ਤਾਂ ਦਸ ਹੀ ਰਿਹਾ ਹਾਂ ਕਿ ਮੈਂ ਇਕੱਲਾ ਪੱਖਾ ਫੇਰ ਫੇਰ ਕੇ ਥੱਕ ਚੁੱਕਾ ਹਾਂ ਤੇ ਤੁਰਤ ਇਸ ਪੱਖੇ ਨੂੰ ਫੜਨ ਵਾਲੇ ਅੱਗੇ ਨਾ ਆਏ ਤਾਂ ਮੈਂ ਵੀ ਬੇਹੋਸ਼ ਹੋ ਕੇ ਡਿਗ ਪਵਾਂਗਾ (ਜਿਵੇਂ ਉਪਰ ਦੱਸੇ ਅਨੁਸਾਰ, ਦੀਵਾਨ ਵਿਚ ਪੱਖਾ ਫੇਰਨ ਵਾਲਾ ਬੇਹੋਸ਼ ਹੋ ਕੇ ਡਿਗ ਪਿਆ ਸੀ) | ਕੀ ਸਾਰੇ ਤਮਾਸ਼ਾ ਹੀ ਵੇਖਣ ਵਾਲੇ ਹਨ ਜਾਂ ਸੰਗਤ ਦੀ ਸੇਵਾ ਲਈ ਪੱਖਾ ਫੜਨ ਵਾਲੇ ਵੀ ਨਿਤਰਨਗੇ?

SHARE ARTICLE
Advertisement

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM

ਧਾਕੜ ਅਫ਼ਸਰ ਨੇ Akali Dal ਨੂੰ Bye-Bye ਕਹਿ Congress ਕਰ ਲਈ ਜੁਆਇਨ, Raja Warring ਨੇ Dr Lakhbir Singh ਨੂੰ..

06 May 2024 10:33 AM
Advertisement