
ਅਪਣਾ ਸੀ ਜੋ ਬੇਗ਼ਾਨਾ ਹੋ ਗਿਆ
ਅਪਣਾ ਸੀ ਜੋ ਬੇਗ਼ਾਨਾ ਹੋ ਗਿਆ
ਯਾਰ ਨੂੰ ਰੁੱਸੇ ਜ਼ਮਾਨਾ ਹੋ ਗਿਆ।
ਦੋ ਘੜੀ ਤੋਂ ਵੱਧ ਨਾ ਠਹਿਰੀ ਖ਼ੁਸ਼ੀ,
ਅੱਖ ਦਾ ਹੰਝੂ ਫ਼ਸਾਨਾ ਹੋ ਗਿਆ।
ਦਰਦ, ਹੰਝੂ, ਠੋਕਰਾਂ ਕਿੱਦਾਂ ਗਿਣਾ,
ਕੌਲ ਕਿੰਨਾ ਹੈ ਖ਼ਜ਼ਾਨਾ ਹੋ ਗਿਆ।
ਸਰਸਰੀ ਸੀ ਜਦ ਨਜ਼ਰ ਉਸ 'ਤੇ ਪਈ,
ਨਾ ਨਾ ਕਰਦੇ ਦਿਲ ਦੀਵਾਨਾ ਹੋ ਗਿਆ।
ਤੀਰ ਉਸ ਨੇ ਛਡਿਆ ਸੀ ਹੋਰ ਤੇ,
ਮੈਂ ਤਾਂ ਐਵੇਂ ਹੀ ਨਿਸ਼ਾਨਾ ਹੋ ਗਿਆ।
ਦੋਸਤੀ, ਉਲਫ਼ਤ, ਖ਼ੁਸ਼ੀ, ਵਿਸ਼ਵਾਸ ਦਾ,
ਕਾਫ਼ਲਾ ਕਦ ਦਾ ਰਵਾਨਾ ਹੋ ਗਿਆ।
ਜਾਪਦੈ ਉਹ ਪੌਣ ਬਣ ਕੇ ਆ ਗਈ,
ਸ਼ਹਿਰ ਦਾ ਮੌਸਮ ਸੁਹਾਨਾ ਹੋ ਗਿਆ।
ਕੁੱਝ ਦਿਨਾਂ ਦੀ ਖੇਡ ਸੀ 'ਆਕਾਸ਼',
ਪਰ ਉਮਰ ਭਰ ਦਾ ਯਾਰ ਤਾਨਾ ਹੋ ਗਿਆ।