
ਕਿਰਤੀ ਨਾਨਕ ਦਾ ਅੱਜ ਵੀ ਸੌਂਵੇਂ ਭੁੱਖਾ, ਮੁੱਲ ਮਿਹਨਤ ਦਾ ਬੜੀ ਹੈ ਦੂਰ ਗਿਆ।
ਵਿਕਾਸ ਚਲਿਆ ਸ਼ਮਸ਼ਾਨਘਾਟ ਵਲ, ਮਜ਼ਦੂਰਾਂ ਵਲ ਆਉਂਦਿਆਂ ਜੂੜ ਪਿਆ।
ਕਿਰਤੀ ਨਾਨਕ ਦਾ ਅੱਜ ਵੀ ਸੌਂਵੇਂ ਭੁੱਖਾ, ਮੁੱਲ ਮਿਹਨਤ ਦਾ ਬੜੀ ਹੈ ਦੂਰ ਗਿਆ।
ਤੰਗੀ ਹੋਣ ’ਤੇ ਜਿਹੜੇ ਨਾਚੀਜ਼ ਦਿੰਦੇ, ਹਿਸਾਬ ਲਾਉਂਦੇ ਨੇ ਉਹ ਦਿਹਾੜੀਆਂ ਦਾ।
ਸਿਰੀਆਂ ਸੱਪਾਂ ਦੀਆਂ ਫਿਰ ਵੀ ਮਿੱਧੇ ਸੀਰੀ, ਸਿਰ ਟੁੱਟੇ ਹਿਸਾਬ ਸਾਉਣੀਆਂ ਹਾੜੀਆਂ ਦਾ।
ਮੰਡੀ ਰੁਲੇ ਜਾਂ ਕੁਦਰਤ ਕਹਿਰ ਢਾਹਵੇ, ਕਵੀ ਲਿਖਣ ਇਕ ਧਿਰ ਦੇ ਦਰਦ ਨੂੰ ਜੀ।
ਨਜ਼ਰ ਅੰਦਾਜ਼ ਨੇ ਕਰਦੇ ਆਏ ਸਦਾ, ਗ਼ਰੀਬੜੇ ਮਜ਼ਦੂਰ ਸਿਰੜੀ ਮਰਦ ਨੂੰ ਜੀ।
ਮੁਸੀਬਤ ਆਈ ਤੋਂ ਮਜ਼ਦੂਰ ਨੇ ਸਾਥ ਦਿੰਦੇ, ਮਜ਼ਦੂਰਾਂ ਵਾਰੀ ਕਿਉਂ ਵਖਰੇ ਹੋਣ ਨਾਅਰੇ।
ਕਿਰਤ ਅਪਣੀ ਨਾਲ ਹੀ ਕਰਨ ਗੁਜ਼ਾਰਾ, ਸੁਣਦਾ ਕੋਈ ਨਾ ਇਨ੍ਹਾਂ ਦੇ ਦਰਦ ਭਾਰੇ।
ਜਿਹੜੇ ਲੁੱਟਣ ਵਿਕਾਸ ਦੇ ਨਾਂ ਉੱਤੇ, ਸਿਰ ਨੱਪੀਏ ਉਹਨਾਂ ਲੁਟੇਰਿਆਂ ਦਾ।
ਮਸ਼ਾਲਾਂ ਬਾਲ ਕੇ ਤੁਰੀਏ ਘਰੋਂ ਆਪਾਂ, ਜ਼ੁਲਮ ਹੋਰ ਨਹੀਂ ਸਹਿਣਾ ਹਨੇਰਿਆਂ ਦਾ।
ਰੋਟੀ ਛੱਡ ਕੇ ਸਿਖਿਆ ਕਰੋ ਹਾਸਲ, ਲੁੱਟ ਅਪਣੀ ਨੂੰ ਜੇ ਤੁਸਾਂ ਨੇ ਰੋਕਣਾ ਏ।
ਦੈਂਤ ਮਾਰ ਕੇ ਰੂੜੀਵਾਦੀ ਰੀਤਾਂ ਵਾਲਾ, ਅੱਗ ਗਿਆਨ ਦੀ ਵਿਚ ਹੀ ਝੋਕਣਾ ਏ।
- ਜਸਵੰਤ ਗਿੱਲ ਸਮਾਲਸਰ। ਮੋਬਾਈਲ : 97804-51878