
ਚਿੱਟਾ ਰੰਗ ਪ੍ਰਤੀਕ ਸੁੱਚਮ-ਸਾਦਗੀ ਦਾ, ਅੱਜ ਚਿੱਟੇ ਤੇ ਰਿਹਾ ਨਾ ਮਾਣ ਲੋਕੋ..........
ਚਿੱਟਾ ਰੰਗ ਪ੍ਰਤੀਕ ਸੁੱਚਮ-ਸਾਦਗੀ ਦਾ, ਅੱਜ ਚਿੱਟੇ ਤੇ ਰਿਹਾ ਨਾ ਮਾਣ ਲੋਕੋ,
ਚਿੱਟਾ ਪਹਿਨ ਕੇ ਚਿੱਟੇ ਦਾ ਵਪਾਰ ਕਰਦੇ, ਚਿੱਟੇ ਰੰਗ ਦੀ ਨਵੀਂ ਏ ਪਹਿਚਾਣ ਲੋਕੋ,
ਚਿੱਟਾ ਰੰਗ ਗਭਰੂਆਂ ਦੀ ਬਲੀ ਮੰਗੇ, ਜਵਾਨੀਆਂ ਦਾ ਪਾ ਰਿਹਾ ਏ ਘਾਣ ਲੋਕੋ,
ਚਿੱਟਾ ਲੈ ਗਿਆ ਮਾਂ ਕੋਲੋਂ ਲਾਲ ਉਸ ਦਾ, ਵੇਖਿਆ ਜਾਂਦਾ ਨੀ ਪੁੱਤਰਾਂ ਦਾ ਜਾਣ ਲੋਕੋ,
ਭੈਣ ਤੋਂ ਭਰਾ ਤੇ ਯਾਰ ਤੋਂ ਯਾਰ ਖੋਂਹਦਾ, ਚਿੱਟਾ ਲੈ ਗਿਆ ਦੂਰ ਹਾਣ ਤੋਂ ਹਾਣ ਲੋਕੋ,
ਚਿੱਟਾ ਮਾਰਦਾ ਹੈ ਬੇ-ਆਈ ਮੌਤ ਭੈੜੀ, ਸੌਖੇ ਨਿਕਲਦੇ ਨਾ ਦੇਹੀ ਵਿਚੋਂ ਪ੍ਰਾਣ ਲੋਕੋ,
ਰੰਗ ਤਾਂ ਦੁੱਧ, ਦਹੀਂ, ਮੱਖਣੀ ਦਾ ਵੀ ਚਿੱਟਾ, ਛੱਡ ਦਿਤਾ ਇਸ ਚਿੱਟੇ ਦਾ ਖਾਣ ਲੋਕੋ,
ਸਾਡੇ ਰੰਗਲੇ ਪੰਜਾਬ ਦੇ ਅੱਜ ਰੰਗ ਉੱਡੇ, ਇਕੱਲੇ ਚਿੱਟੇ ਨਾਲ ਹੋ ਰਹੀ ਹੈ ਪਛਾਣ ਲੋਕੋ।
-ਪ੍ਰਵੀਨ ਸ਼ਰਮਾ (ਰਾਉਂਕੇ ਕਲਾਂ), ਸੰਪਰਕ : 94161-68044