
ਜਲ੍ਹਿਆਂ ਵਾਲੇ ਬਾਗ਼ 'ਚ ਨਜ਼ਰ ਘੁਮਾਈ ਊਧਮ ਨੇ, ਮੁੱਠੀ ਵਟ ਕੇ ਰਾਖ ਦੀ ਮੱਥੇ ਲਾਈ ਊਧਮ ਨੇ,
ਜਲ੍ਹਿਆਂ ਵਾਲੇ ਬਾਗ਼ 'ਚ ਨਜ਼ਰ ਘੁਮਾਈ ਊਧਮ ਨੇ, ਮੁੱਠੀ ਵਟ ਕੇ ਰਾਖ ਦੀ ਮੱਥੇ ਲਾਈ ਊਧਮ ਨੇ,
ਕਹਿੰਦਾ ਭਜਣਾ, ਭੱਜ ਲੈ, ਅਲਖ਼ ਮੁਕਾ ਕੇ ਛੱਡਾਂਗਾ, ਸੁਣ ਓਡਵਾਇਰਾ ਤੇਰੀ ਭਾਜੀ ਲਾਹ ਕੇ ਛੱਡਾਂਗਾ।
ਉਮਰ ਨਿਆਣੀ ਨਾ ਜਾਣੀ ਮੈਂ ਅੱਗ ਦਾ ਸੂਰਜ ਹਾਂ, ਭਾਂਬੜ ਅੰਦਰ ਮੱਚਦੇ ਮੈਂ ਇਕ ਮਘਦਾ ਸੂਰਜ ਹਾਂ,
ਤੇਰੀ ਹਸਤੀ ਪੈਰਾਂ ਤਕ ਹਿਲਾ ਕੇ ਛੱਡਾਂਗਾ, ਸੁਣ ਓਡਵਾਇਰਾ ਤੇਰੀ ਭਾਜੀ ਲਾਹ ਕੇ ਛੱਡਾਂਗਾ।
ਭਗਤ ਸਿੰੰਘ ਦਾ ਸਾਥੀ ਕਿੰਝ ਮੈਂ ਜ਼ੁਲਮ ਸਹਾਰਾਂਗਾ, ਵੈਰੀ ਸੂਲੀ ਟੰਗਣ ਲਈ ਮੈਂ ਸੌ ਤਨ ਵਾਰਾਂਗਾ,
ਬੋਝ ਉਠਾਈ ਫਿਰਦਾਂ ਵੇਖ ਚੁਕਾ ਕੇ ਛੱਡਾਂਗਾ, ਸੁਣ ਓਡਵਾਇਰਾ ਤੇਰੀ ਭਾਜੀ ਲਾਹ ਕੇ ਛੱਡਾਂਗਾ।
ਤਰਸ ਰਤਾ ਨਾ ਕੀਤਾ ਬੱਚੇ ਬਿਰਧ ਜਵਾਨਾਂ ਤੇ, ਛੱਲੀਆਂ ਵਾਂਗਰ ਭੁੰਨੇ ਗੋਲੀ ਚੱਲੀ ਨਾਦਾਨਾਂ ਤੇ,
ਅੰਬਰਸਰ ਦੀ ਹਿੱਕ ਦਾ ਦਰਦ ਸੁਣਾ ਕੇ ਛੱਡਾਂਗਾ, ਸੁਣ ਓਡਵਾਇਰਾ ਤੇਰੀ ਭਾਜੀ ਲਾਹ ਕੇ ਛੱਡਾਂਗਾ।
ਮੇਰੀ ਅੱਖ 'ਚ ਸ਼ੋਲੇ ਦਹਿਕਣ ਉੱਠ ਉੱਠ ਬਹਿੰਦਾ ਹਾਂ, ਖਬਰੇ ਕੱਦ ਤੂੰ ਮਿਲਣੈ ਇਹ ਗੱਲ ਖ਼ੁਦ ਨੂੰ ਕਹਿੰਦਾ ਹਾਂ,
ਸਿੰਘ ਪੰਜਾਬੀ ਹੁੰਦੇ ਕੀ ਸਮਝਾ ਕੇ ਛੱਡਾਂਗਾ, ਸੁਣ ਓਡਵਾਇਰਾ ਤੇਰੀ ਭਾਜੀ ਲਾਹ ਕੇ ਛੱਡਾਂਗਾ।
ਤੇਰੇ ਨਾਂ ਦੀ ਗੋਲੀ ਲੈ ਪਿਸਟਲ ਵਿਚ ਭਰ ਲਈ ਆ, ਸ਼ੀਸ਼ੇ ਮੁਹਰੇ ਖੜ ਕੇ ਵਿਚ ਕਿਤਾਬੇ ਧਰ ਲਈ ਆ, ਟੋਨੀ
ਲੰਡਨ ਵਿਚ ਪਟਾਕੇ ਪਾ ਕੇ ਛੱਡਾਂਗਾ, ਸੁਣ ਓਡਵਾਇਰਾ ਤੇਰੀ ਭਾਜੀ ਲਾਹ ਕੇ ਛੱਡਾਂਗਾ।
-ਯਸ਼ਪਾਲ 'ਮਿੱਤਵਾ', ਸੰਪਰਕ : 98764-98603