
ਪਿੰਡ ਦਾ ਵਿਕਾਸ ਤਾਂ ਕਰਵਾਇਆ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਕਮੀਆਂ
ਚੰਡੀਗੜ੍ਹ: ਲੋਕਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਵਲੋਂ ਲਗਭੱਗ 2 ਹਜ਼ਾਰ ਦੀ ਆਬਾਦੀ ਵਾਲਾ ਪਿੰਡ ਢੰਡੀ ਕਦੀਮ ਗੋਦ ਲਿਆ ਗਿਆ ਸੀ। 'ਸਪੋਕਸਮੈਨ ਟੀਵੀ’ ਦੀ ਟੀਮ ਵਲੋਂ ਪਿੰਡ ਦਾ ਦੌਰਾ ਕਰਨ 'ਤੇ ਪਿੰਡ ਵਾਸੀਆਂ ਨੇ ਪਿੰਡ ਦੇ ਮੌਜੂਦਾ ਹਾਲਾਤਾਂ, ਵਿਕਾਸ ਅਤੇ ਸੁਵਿਧਾਵਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ਼ੇਰ ਸਿੰਘ ਘੁਬਾਇਆ ਵਲੋਂ ਪਿੰਡ ਨੂੰ ਗੋਦ ਲੈਣ ਮਗਰੋਂ ਪਿੰਡ ਦਾ ਵਿਕਾਸ ਤਾਂ ਕਰਵਾਇਆ ਗਿਆ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਕਮੀਆਂ ਰਹਿੰਦੀਆਂ ਹਨ ਜਿਨ੍ਹਾਂ ਕਰ ਕੇ ਪਿੰਡ ਵਾਸੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ੇਰ ਸਿੰਘ ਘੁਬਾਇਆ ਨੇ ਪਿੰਡ ਦੇ ਵਿਕਾਸ ਲਈ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਹਨ ਪਰ ਪਿੰਡ ਵਿਚ ਗੰਦਗੀ ਦਾ ਨਿਪਟਾਰਾ ਕਰਨ ਲਈ ਸੁਵਿਧਾਵਾਂ ਨਹੀਂ ਹਨ ਤੇ ਸਕੂਲ ਨੀਵਾਂ ਹੋਣ ਕਾਰਨ ਮੀਂਹ ਦੇ ਪਾਣੀ ਦਾ ਨਿਕਾਸ ਪੁਖ਼ਤਾ ਢੰਗ ਨਾਲ ਨਹੀਂ ਹੁੰਦਾ। ਪਿੰਡ ਦੇ ਸਰਕਾਰੀ ਸਕੂਲ ਦਾ ਦੌਰਾ ਕਰਨ ’ਤੇ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਦੀ ਮੁਰੰਮਤ ਹੋਣ ਵਾਲੀ ਹੈ ਤੇ ਸਕੂਲ ਵਿਚ ਮੀਂਹ ਦੇ ਦਿਨਾਂ ਵਿਚ ਪਾਣੀ ਭਾਰੀ ਮਾਤਰਾ ਵਿਚ ਖੜ੍ਹ ਜਾਂਦਾ ਹੈ।
ਸਕੂਲ ਵਿਚ ਗਰਾਉਂਡ ਦਾ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਪੀਣ ਯੋਗ ਪਾਣੀ ਦਾ ਪ੍ਰਬੰਧ ਹੈ ਜਿਸ ਕਾਰਨ ਸਕੂਲ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਲੋਕਾਂ ਨੇ ਨਾਲ ਹੀ ਦਸਿਆ ਕਿ ਉਹ ਸ਼ੇਰ ਸਿੰਘ ਘੁਬਾਇਆ ਵਲੋਂ ਕਰਵਾਏ ਗਏ ਕੰਮਾਂ ਤੋਂ ਖ਼ੁਸ਼ ਹਨ ਤੇ ਉਨ੍ਹਾਂ ਨੇ ਪਿੰਡ ਢੰਡੀ ਕਦੀਮ ਗੋਦ ਲੈਣ ਤੋਂ ਬਾਅਦ ਵਿਕਾਸ ਵਜੋਂ ਉੱਚਾ ਚੁੱਕਣ ਲਈ ਅਪਣਾ ਫਰਜ਼ ਨਿਭਾਇਆ ਹੈ।