International Labour Day 2024: ਕਿਰਤੀ ਮਜ਼ਦੂਰਾਂ ਦੇ ਸੰਘਰਸ਼ ਨੂੰ ਸਲਾਮ
Published : May 1, 2024, 11:56 am IST
Updated : May 1, 2024, 11:56 am IST
SHARE ARTICLE
Salute to the struggle of laborers
Salute to the struggle of laborers

ਪਹਿਲੀ ਮਈ ਦੇ ਕੁੁਰਬਾਨੀਆਂ ਭਰੇ ਇਤਿਹਾਸਕ ਦਿਹਾੜੇ ਨੂੰ ਦੁੁਨੀਆਂ ਭਰ ਦੇ ਕਿਰਤੀ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ ਦਿਵਸ ਵਜੋਂ ਮਨਾਉਂਦੇ ਹਨ।

International Labour Day 2024: ‘‘ਉਠ ਜਾਗ ਕਿਰਤੀਆ ਜਾਗ,
ਤੂੰ ਕਰ ਲੈ ਤਗੜਾ ਜੇਰਾ,
ਚੱਲ ਮਿਸ਼ਾਲਾਂ ਬਾਲ ਕੇ,
ਇਥੇ ਵਧ ਰਿਹਾ ਜ਼ੁਲਮ ਅੰਧੇਰਾ’’

ਪਹਿਲੀ ਮਈ ਦੇ ਕੁੁਰਬਾਨੀਆਂ ਭਰੇ ਇਤਿਹਾਸਕ ਦਿਹਾੜੇ ਨੂੰ ਦੁੁਨੀਆਂ ਭਰ ਦੇ ਕਿਰਤੀ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ  ਦਿਵਸ ਵਜੋਂ ਮਨਾਉਂਦੇ ਹਨ। ਬਹੁੁਤ ਲੰਮੇ ਸਮੇਂ ਤੋਂ ਇਹ ਕਿਰਤੀਆਂ ਦਾ ਕੌਮਾਂਤਰੀ ਤਿਉਹਾਰ ਬਣ ਚੁੱਕੈ ਕਿਉਂਕਿ ਇਸ ਦੇ ਪਿੱਛੇ ਉਨ੍ਹਾਂ ਦੇ ਅਪਣੇ ਕੀਤੇ ਕੰਮ ਦੀ ਰਾਖੀ ਦੇ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਜੋ ਲਗਾਤਾਰ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਘੋਲ ਚਲਦਾ ਰਹੇਗਾ ਜਦੋਂ ਤਕ ਕੰਮ ਕਰਨ ਵਾਲੇ ਅਪਣੇ ਹੱਕਾਂ ਨੂੰ ਪ੍ਰਾਪਤ ਕਰ ਕੇ ਸੁੱੁਖ ਦੀ ਰੋਟੀ ਨਾ ਖਾਣ ਲੱਗ ਪੈਣ। ਜਦੋਂ ਤਕ ਹਰ ਪੱਖੋਂ ਸਮਾਨਤਾ-ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਨਹੀਂ ਹੋ ਜਾਂਦੀ। ਗੱਲ ਬਹੁੁਤ ਪੁੁਰਾਣੀ ਨਹੀਂ, ਸਵਾ ਕੁੁ ਸਦੀ ਪੁੁਰਾਣੀ ਹੈ ਜਦੋਂ ਮਜ਼ਦੂਰਾਂ ਨੂੰ ਸਿਰਫ਼ ਕੰਮ ਕਰਨ ਜੋਗੇ ਹੀ ਸਮਝਿਆ ਜਾਂਦਾ ਸੀ। ਉਨ੍ਹਾਂ ਦੇ ਜੀਵਨ ਤੇ ਖ਼ਾਹਿਸ਼ਾਂ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ ਸੀ। ਅਠਾਰਾਂ-ਵੀਹ ਘੰਟੇ ਰੋਜ਼ਾਨਾ ਕੰਮ ਕਰਨਾ ਬਹੁੁਤ ਸਾਰਿਆਂ ਦਾ ਨਸੀਬ ਬਣ ਚੁੱਕਾ ਸੀ।

ਖਾਣ-ਪੀਣ, ਸੌਣ-ਪੈਣ ਜਾਂ ਜ਼ਿੰਦਗੀ ਜੀਊਣ ਜੋਗਾ ਸਮਾਂ ਹੀ ਕੌਣ ਦਿੰਦਾ ਸੀ ਉਨ੍ਹਾਂ ਨੂੰ। ਜਦੋਂ ਪਾਣੀ ਗਲ ਤੋਂ ਉਪਰ ਚਲਾ ਜਾਵੇ ਤਾਂ ਮਨੁੱਖ ਜੀਊਣ ਲਈ ਚਾਰਾ ਕਰਦਾ ਹੈ। ਮਜ਼ਦੂਰਾਂ ਦੀ ਅਜਿਹੀ ਸਥਿਤੀ ਦੇ ਸਬੰਧ ’ਚ ਮਾਈਕਲ ਸ਼ਾਅਦ ਦੇ ਸ਼ਬਦ ਚੇਤੇ ਕਰਨੇ ਚਾਹੀਦੇ ਹਨ ‘‘ਲੱਖਾਂ ਮਜ਼ਦੂਰ ਭੁੱਖੇ ਮਰ ਰਹੇ ਹਨ ਤੇ ਉਹ ਅਵਾਰਾਗਰਦਾਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਅਜਿਹੀ ਸਥਿਤੀ ’ਚ ਸਭ ਤੋਂ ਜ਼ਾਹਿਲ ਉਜਰਤੀ ਗ਼ੁੁਲਾਮ ਵੀ ਸੋਚਣਾ ਸ਼ੁੁਰੂ ਕਰ ਦਿੰਦੈ। ਸਾਂਝੀ ਮੁੁਸੀਬਤ ਉਨ੍ਹਾਂ ਨੂੰ ਸਪੱਸ਼ਟ ਕਰ ਦਿੰਦੀ ਹੈ ਕਿ ਉਹ ਹਰ ਹੀਲੇ ਇਕੱਠੇ ਹੋਣ ਤੇ ਉਹ ਹੋ ਜਾਂਦੇ ਹਨ।” ਇਹ ਸੀ ਉਦੋਂ ਦੇ ਮਜ਼ਦੂਰਾਂ ਦੀ ਸਥਿਤੀ ਤੇ ਜਾਗ੍ਰਿਤ ਮਜ਼ਦੂਰਾਂ ਅੰਦਰ ਨਵੀਂ ਪਣਪ ਰਹੀ ਸੋਚ। ਜਦੋਂ ਸਰਮਾਏਦਾਰਾਂ ਨੇ ਮਜ਼ਦੂਰਾਂ ’ਤੇ ਅਸਹਿ ਤੇ ਅਕਹਿ ਜ਼ੁੁਲਮ ਕਰਨੇ ਜਾਰੀ ਰੱਖੇ ਤਾਂ ਕਾਮਿਆਂ ਨੇ ਛੋਟੇ ਛੋਟੇ ਗਰੁੱਪਾਂ ਰਾਹੀਂ ਸੋਚਣਾ ਸ਼ੁੁਰੂ ਕੀਤਾ ਕਿ ਅਜਿਹੀ ਜ਼ਾਲਮ ਸਥਿਤੀ ’ਚ ਜੀਊਣ ਦਾ ਸਬੱਬ ਕਿਵੇਂ ਬਣੇ, ਕਿਵੇਂ ਉਹ ਅਪਣੇ ਬਾਲ-ਬੱਚੇ ਪਾਲਣ ਆਦਿ । ਕੁੁਦਰਤੀ ਹੀ ਉਨ੍ਹਾਂ ਨੇ ਅਪਣੇ ਕਦਮ ਮਜ਼ਦੂਰ ਏਕੇ ਵਲ ਵਧਾਏ। 1881 ਵਾਲੇ ਦਹਾਕੇ ’ਚ ਮਜ਼ਦੂਰਾਂ ਨੇ ਅਪਣੇ ਆਪ ਨੂੰ 12 ਘੰਟੇ ਦੀ ਕੰਮ ਦਿਹਾੜੀ ਨੂੰ 8 ਘੰਟੇ ਦੀ ਦਿਹਾੜੀ ਦੀ ਮੰਗ ਦੁੁਆਲ਼ੇ ਜਥੇਬੰਦ ਕਰਨਾ ਸ਼ੁੁਰੂ ਕਰ ਦਿਤਾ। ਉਂਜ ਭਾਵੇਂ ਇਹ ਮੰਗ 1866 ਤੋਂ ਉੱਠੀ ਸੀ ਜਿਸ ਦਾ ਲਗਾਤਾਰ ਪ੍ਰਚਾਰ ਹੁੰਦਾ ਰਿਹਾ। 1885 ਤਕ 8 ਘੰਟੇ ਕੰਮ ਦੀ ਦਿਹਾੜੀ ਵਾਲੀ ਮੰਗ ਹਰ ਕਿਸੇ ਦੀ ਜ਼ੁੁਬਾਨ ’ਤੇ ਚੜ੍ਹ ਗਈ ਤੇ ਜਨਤਕ ਰੂਪ ਧਾਰ ਗਈ ਸੀ। ਅਮਰੀਕਾ ਦੇ ਸਾਰੇ ਵੱਡੇ ਸਨਅਤੀ ਕੇਂਦਰਾਂ ’ਚ ਮੁੁਜ਼ਾਹਰੇ ਹੋਏ। ਫਿਰ 1886 ਦੇ ਸ਼ੁੁਰੂ ਤੋਂ ਹੀ ਅਮਰੀਕਾ ਦੇ ਇਕ ਸਿਰੇ ਤੋਂ ਦੂਜੇ ਸਿਰੇ ਭਾਵ ਨਿਊਯਾਰਕ ਤੋਂ ਸਾਨਫਰਾਂਸਿਸਕੋ ਤਕ ਆਮ ਮੁੁਜ਼ਾਹਰੇ ਹੋਏ ਪਰ ਸੰਘਰਸ਼ ਦਾ ਕੇਂਦਰ ਸ਼ਹਿਰ ਸ਼ਿਕਾਗੋ ਸੀ।

ਪਹਿਲੀ ਮਈ 1886 ਨੂੰ ਸ਼ਿਕਾਗੋ ਦੀ ਹੇਅ ਮਾਰਕੀਟ ਦੇ ਦੁੁਆਲੇ ਕਾਮੇ ਇਕੱਠੇ ਹੋਏ। ਇਸ ਦਿਨ 80 ਹਜ਼ਾਰ ਮਜ਼ਦੂਰਾਂ ਨੇ ਅਪਣੀਆਂ ਮੰਗਾਂ ਦੇ ਨਾਅਰਿਆਂ ਨਾਲ ਸ਼ਹਿਰ ਦੀਆਂ ਸੜਕਾਂ ਗੂੰਜਣ ਲਾ ਦਿਤੀਆਂ। ਇਹ ਮੁੁਜ਼ਾਹਰੇ ਦੋ ਦਿਨ ਜਾਰੀ ਰਹੇ ਪਰ ਤਿੰਨ ਮਈ ਨੂੰ ਪੁੁਲੀਸ ਨੇ ਬਿਨਾਂ ਕਿਸੇ ਭੜਕਾਹਟ ਦੇ ਤੇ ਬਿਨਾਂ ਕਿਸੇ ਵਾਰਨਿੰਗ ਤੋਂ ਹੱਕ ਮੰਗਦੇ ਨਿਹੱਥੇ ਮਜ਼ਦੂਰਾਂ ’ਤੇ ਗੋਲੀ ਚਲਾ ਦਿਤੀ ਜਿਸ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਜਖ਼ਮੀ ਹੋ ਗਏ। 4 ਮਈ ਨੂੰ ਪੁੁਲੀਸ ਵਲੋਂ ਹੋਏ ਇਸ ਵਹਿਸ਼ੀ ਜਬਰ ਵਿਰੁਧ ਸ਼ਹਿਰ ਦੇ ਕੇਂਦਰੀ ਚੌਕ ’ਚ ਰੈਲੀ ਹੋਈ। ਇਸ ਰੈਲੀ ’ਚ ਕਿਸੇ ਹੜਤਾਲ ਤੋੜਨ ਵਾਲੇ ਸਰਕਾਰੀ ਏਜੰਟ ਨੇ ਭੜਕਾਹਟ ਪੈਦਾ ਕਰਨ ਵਾਸਤੇ ਬੰਬ ਸੁੱਟ ਦਿਤਾ। ਇਕ ਪੁਲਿਸ ਵਾਲਾ ਮਾਰਿਆ ਗਿਆ ਤੇ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸਰਕਾਰ ਨੇ ਮੌਕਾ ਤਾੜ ਕੇ ਮਜ਼ਦੂਰਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਤੇ ਬਹੁੁਤ ਸਾਰੀਆਂ ਗ੍ਰਿਫ਼ਤਾਰੀਆਂ ਕੀਤੀਆਂ। ਆਖ਼ਰ ਝੂਠੇ ਤੇ ਬੇਈਮਾਨ ਸਰਕਾਰੀ ਅਧਿਕਾਰੀਆਂ ਨੇ ਭਾੜੇ ਦੇ ਟੱਟੂ ਪੈਸੇ ਨਾਲ ਖ਼ਰੀਦ ਕੇ ਇਨ੍ਹਾਂ ਪੁਲਿਸ ਟਾਊਟਾਂ ਨੂੰ ਮਜ਼ਦੂਰਾਂ ਵਿਰੁਧ ਗਵਾਹਾਂ ਦੇ ਰੂਪ ’ਚ ਪੇਸ਼ ਕਰ ਕੇ ਘੜੇ ਘੜਾਏ ਫ਼ਤਵਿਆਂ ਰਾਹੀਂ ਬਿਨਾਂ ਦੋਸ਼ੀ ਸਾਬਤ ਹੋਇਆਂ 7 ਬੇਕਸੂਰ ਮਜ਼ਦੂਰ ਆਗੂਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿਤੀ।

ਇਹ ਆਗੂ ਸਨ, ਆਗਸਤ ਸਪਾਈਜ਼, ਸੈਮੂਅਲ ਫੀਲਡਨ, ਅਲਬਰਟ ਪਾਰਸਨਜ਼, ਮਾਈਕਲ ਸ਼ਵਾਬ, ਲੂਈ ਕਿੰਗ, ਅਡੌਲਫ ਫਿਸ਼ਰ ਤੇ ਜਾਰਜ ਐਂਗਲ। ਇਕ ਹੋਰ ਆਗੂ ਆਸਕਰ ਨੀਬੇ ਨੂੰ ਕੁੱਝ ਸਾਲਾਂ ਦੀ ਕੈਦ ਦੀ ਸਜ਼ਾ ਸੁੁਣਾਈ ਗਈ ਸੀ। ਪਿਛੋਂ ਫੀਲਡਜ਼ ਅਤੇ ਸ਼ਾਅਬ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਉਮਰ ਕੈਦ ’ਚ ਬਦਲਿਆ ਗਿਆ। ਲੂਈ ਕਿੰਗ ਦੀ ਜੇਲ੍ਹ ’ਚ ਹੀ ਮੌਤ ਹੋ ਗਈ ਸੀ। 11 ਨਵੰਬਰ 1887 ਨੂੰ ਅਲਬਰਟ ਪਾਰਸਨ, ਔਗਸਤ ਸਪਾਈਸ, ਜਾਰਜ ਏਂਜਲ ਤੇ ਅਡੋਲਫ ਫਿਸ਼ਰ ਨੂੰ ਫਾਂਸੀ ’ਤੇ ਲਟਕਾ ਦਿਤਾ ਗਿਆ। ਉਨ੍ਹਾਂ ਸੂਰਮਿਆਂ ਨੇ ਅਪਣੀਆਂ ਜਾਨਾਂ ਅਪਣੇ ਲੋਕਾਂ ਤੇ ਅਪਣੇ ਕਾਜ਼ ਨੂੰ ਭੇਟ ਕਰ ਦਿਤੀਆਂ। ਸਰਬ ਸਾਂਝੇ ਆਦਰਸ਼ ਨੂੰ ਪ੍ਰਣਾਏ ਹੋਏ ਦੂਜਿਆਂ ਵਾਸਤੇ ਜਾਨਾਂ ਵਾਰਨ ਵਾਲੇ ਰਹਿੰਦੀ ਦੁੁਨੀਆਂ ਤਕ ਯਾਦ ਰਹਿਣਗੇ। ਯਾਦ ਰਹਿਣਗੇ ਫਾਂਸੀ ਦੇ ਤਖ਼ਤੇ ਵਲ ਵਧਦਿਆਂ ਸਪਾਈਜ਼ ਦੇ ਕਹੇ ਅੰਤਮ ਸ਼ਬਦ ਵੀ ਕਿ ‘‘ਇਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ, ਸਾਡੇ ਸ਼ਬਦਾਂ ਨਾਲੋਂ ਵੀ ਵੱਧ ਬੋਲੇਗੀ।” ਉਹ ਚੁੱਪ ਅੱਜ ਬੋਲਦੀ ਹੈ।

ਦੂਜੀ ਕੌਮਾਂਤਰੀ ਕਾਂਗਰਸ ਨੇ 1889 ਵਿਚ ਪਹਿਲੀ ਮਈ ਨੂੰ ਮਜ਼ਦੂਰਾਂ ਦੇ ਇਕਮੁੱਠਤਾ ਦਿਵਸ ਦੇ ਤੌਰ ’ਤੇ ਮਨਾਉਣ ਦਾ ਫ਼ੈਸਲਾ ਲਿਆ। 1890 ਤੋਂ ਪਹਿਲੀ ਮਈ ਦਾ ਦਿਹਾੜਾ ਸ਼ਹੀਦਾਂ ਦੀ ਯਾਦ ਵਜੋਂ ਸੰਸਾਰ ਪੱਧਰ ’ਤੇ ਮਨਾਇਆ ਜਾਂਦਾ ਹੈ ਜੋ ਮਜ਼ਦੂਰਾਂ ਦੀ ਕੌਮਾਂਤਰੀ ਸਾਂਝ ਨੂੰ ਤਕੜਿਆ ਕਰਦੈ। ਦੁੁਨੀਆਂ ਭਰ ’ਚ ਇਕ-ਦੋ ਦੇਸ਼ਾਂ ਨੂੰ ਛੱਡ ਕੇ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਹਰ ਥਾਵੇਂ ਲੋਕ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕਰਦੇ ਹਨ। ਭਾਰਤ ’ਚ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ 1923 ਨੂੰ ਹੋਈ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਕਾਵੇਲੂ ਚੇਟਯਾਰ ਨੇ ਕੀਤੀ ਸੀ। ਭਾਰਤ ਸਮੇਤ ਦੁਨੀਆਂ ਦੇ ਕਰੀਬ 80 ਦੇਸ਼ਾਂ ’ਚ ਮਜ਼ਦੂਰ ਦਿਵਸ ਨੂੰ ਰਾਸ਼ਟਰੀ ਛੁੱਟੀ ਦੇ ਰੂਪ ’ਚ ਮਨਾਇਆ ਜਾਣ ਲੱਗਾ। ਇਹ ਸਭ ਕਾਮਯਾਬੀ ਤਗੜੇ ਦਿਲ ਰਖਿਆਂ ਤੇ ਮਜ਼ਦੂਰ ਆਗੂਆਂ ਵਲੋਂ ਹੌਂਸਲੇ ਨਾ ਛੱਡਣ ਕਾਰਨ ਹੋਈ ਜਿਸ ਬਾਰੇ ਇਕ ਕਵੀ ਦੇ ਬੋਲ ਹਨ ਕਿ  ‘ਪੈਰਾਂ ਵਿਚ ਛਾਲੇ ਪੈ ਗਏ, ਸਾਡੇ ਪੈਂਡੇ ਬੜੇ ਲਮੇਰੇ। ਫਿਰ ਵੀ ਆਪਾਂ ਦਿਲ ਨਾ ਛੱਡਿਆ ਸਾਡੇ ਤਗੜੇ ਵੇਖੋ ਜ਼ੇਰੇ।’

ਪਰ ਅੱਜ ਪਹਿਲੇ ਸਮਿਆਂ ਨਾਲੋਂ ਸੰਸਾਰ ਸਥਿਤੀ ਹੀ ਨਹੀਂ ਮਜ਼ਦੂਰਾਂ ਦੀ ਹਾਲਤ ਵੀ ਬਦਲੀ ਹੈ ਤੇ ਇੱਥੇ ਸਰਮਾਏਦਾਰੀ ਦੇ ਖਾਸੇ ਬਾਰੇ ਦੁੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਦੇ ਵਿਚਾਰ ਚੇਤੇ ਕਰਨੇ ਬਹੁੁਤ ਸਾਰਥਕ ਹਨ। ਮਾਰਕਸ ਨੇ ਲਿਖਿਆ ਸੀ, ‘‘ਸਰਮਾਏਦਾਰੀ ਜਿੱਥੇ ਵੀ ਹੋਂਦ ’ਚ ਆਈ ਹੈ ਉੱਥੇ ਹੀ ਇਸ ਨੇ ਜਗੀਰੂ, ਪਿਤਾ-ਪੁੁਰਖੀ ਤੇ ਆਦਰਸ਼ਕ ਪੇਂਡੂ ਰਿਸ਼ਤਿਆਂ ਨੂੰ ਤਬਾਹ ਕਰ ਦਿਤਾ। ਇਸ ਨੇ ਬੜੀ ਬੇਰਹਿਮੀ ਨਾਲ ਮਨੁੱਖ ਨੂੰ ਅਪਣੇ ਕੁੁਦਰਤੀ ਵਡੇਰਿਆਂ ਨਾਲ ਜੋੜਨ ਵਾਲੀਆਂ ਜਗੀਰੂ ਤੰਦਾਂ ਨੂੰ ਤਾਰ-ਤਾਰ ਕਰ ਦਿਤਾ ਹੈ। ਇਸ ਨੇ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਨੂੰ ਨੰਗੇ ਚਿੱਟੇ ਸੁੁਆਰਥ ਤੇ ਪੈਸੇ ਦੀ ਕਦੇ ਨਾ ਪੂਰੀ ਹੋਣ ਵਾਲੀ ਭੁੱਖ ’ਤੇ ਨਿਰਭਰ ਕਰ ਦਿਤਾ ਹੈ ਭਾਵ ਮਨੁੱਖ ਨੂੰ ਘੋਰ ਸੁੁਆਰਥੀ ਬਣਾ ਦਿਤਾ ਹੈ ਤੇ ਪੈਸੇ ਲਈ ਹੜਬਾ ਦਿਤਾ ਹੈ। ਬੜੀ ਮਹਿੰਗੀ ਕੀਮਤ ਤਾਰ ਕੇ ਪ੍ਰਾਪਤ ਕੀਤੀਆਂ ਮਨੁੱਖੀ ਅਜ਼ਾਦੀਆਂ ਨੂੰ ਖ਼ਤਮ ਕੀਤਾ ਜਾ ਰਿਹੈ।  ਸਰਮਾਏਦਾਰੀ ਨੇ ਹੁੁਣ ਤਕ ਨੇਕ ਸਮਝੇ ਜਾਂਦੇ ਅਨੇਕ ਕਿੱਤਿਆਂ ਦੀ ਪਵਿੱਤਰਤਾ ਨੂੰ ਖ਼ਤਮ ਕਰ ਦਿਤੈ। ਪੁੁਜਾਰੀ, ਕਵੀ (ਸਾਹਿਤਕਾਰ), ਸਾਇੰਸਦਾਨ, ਡਾਕਟਰ, ਵਕੀਲ ਆਦਿ ਧਨ ਕਮਾਉਣ ਦੀਆਂ ਮਸ਼ੀਨਾਂ ਬਣ ਗਏ ਹਨ। ਸਰਮਾਏਦਾਰੀ ਨੇ ਮਨੁੱਖੀ ਰਿਸ਼ਤਿਆਂ ’ਚੋਂ ਮਨੁੱਖੀ ਜਜ਼ਬਿਆਂ ਨੂੰ ਖ਼ਤਮ ਕਰ ਕੇ ਇਨ੍ਹਾਂ ਰਿਸ਼ਤਿਆਂ ਨੂੰ ਸਿਰਫ਼ ਮਾਇਕ ਰਿਸ਼ਤਿਆਂ ਤਕ ਸੀਮਤ ਕਰ ਦਿਤਾ ਹੈ।”

ਇਹ ਬਿਲਕੁਲ ਸੱਚ ਹੈ ਕਿ ਕਿਰਤੀ ਲੋਕਾਂ ਨੇ ਹਮੇਸ਼ਾ ਹੀ ਮੁਲਕ ਦੇ ਵਿਕਾਸ ’ਚ ਅਪਣੀ ਸਮਰੱਥਾਂ ਤੋਂ ਵੱਧ ਯੋਗਦਾਨ ਪਾਇਆ ਹੈ। ਸਾਡੇ ਦੇਸ਼ ਦੇ ਅੰਨ-ਭੰਡਾਰ ਭਰਨ ਲਈ ਕਿਸਾਨਾਂ ਦੇ ਨਾਲ ਹੀ ਖੇਤ ਮਜ਼ਦੂਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਪਰ ਉਨ੍ਹਾਂ ਦੇ ਪ੍ਰਵਾਰਾਂ ਨੂੰ ਸਰਕਾਰਾਂ/ਜ਼ਿਮੀਂਦਾਰਾਂ ਵਲੋਂ ਕੋਈ ਤਵੱਜੋ ਨਾ ਦੇ ਕੇ ਨਕਾਰਿਆ ਜਾਂਦਾ ਹੈ। ਕਿਰਤੀ ਲੋਕਾਂ ਨੇ ਹੀ ਵੱਡੀਆਂ ਵੱਡੀਆਂ ਇਮਾਰਤਾਂ, ਮੌਲ-ਕੰਪਲੈਕਸ, ਫ਼ੈਕਟਰੀਆਂ, ਬਣਾਏ ਤੇ ਕਾਰਖ਼ਾਨਿਆਂ ’ਚ ਜਨਤਕ ਵਰਤੋਂ ਦਾਂ ਹਰ ਸਮਾਨ ਅਪਣੇ ਹੱਥੀ ਬਣਾਇਆ, ਵੱਡੇ ਵੱਡੇ ਮੰਦਰ ਅਤੇ ਹੋਰ ਧਾਰਮਕ ਸਥਾਨ ਬਣਾਏ ਪਰ ਅਫ਼ਸੋਸ ਕਿ ਨਾ ਉਨ੍ਹਾਂ ਨੂੰ ਪੇਟ ਭਰ ਅਨਾਜ ਮਿਲਦਾ ਹੈ ਤੇ ਨਾ ਹੀ ਆਮ ਵਰਤੋਂ ਦੀਆਂ ਲੋੜੀਂਦੀਆਂ ਫ਼ੈਕਟਰੀ ’ਚ ਬਣੀਆਂ ਚੀਜ਼ਾਂ ਮਿਲਦੀਆਂ ਹਨ। ਹੋਰ ਤਾਂ ਹੋਰ ਜਿਹੜੇ ਧਾਰਮਕ ਅਸਥਾਨ ਉਨ੍ਹਾਂ ਨੇ ਅਪਣੇ ਹੱਥੀ ਬਣਾਏ ਉਨ੍ਹਾਂ ’ਚ (ਖ਼ਾਸਕਰ ਮੰਦਰਾਂ ’ਚ) ਉਨ੍ਹਾਂ ਨੂੰ ਨੀਂਵੀਂ ਜਾਤੀ ਕਹਿ ਕੇ ਵੜਨ ਨਹੀਂ ਦਿਤਾ ਜਾਂਦਾ ਸਗੋਂ ਮੰਦਰਾਂ ਦੀ ਮਰਿਆਦਾ ਸਮਝਾਈ ਜਾਂਦੀ ਹੈ ਜਿਸ ਕਾਰਨ ਇਨ੍ਹਾਂ ਕਿਰਤੀਆਂ ਦੇ ਦਿਲਾਂ ’ਚੋਂ ਇਹ ਹੂੁਕ ਨਿਕਲਦੀ ਹੈ ਕਿ : ‘ਮੱਤ ਮੁਝੇ ਬਤਾ ਯੇ ਮੰਦਰ ਔਰ ਮਸਜਿਦ ਕੇ ਰਸੂਖ ਕੀ ਕਹਾਨੀ, ਮੈਂ ਮਜ਼ਦੂਰ ਹੂੰ, ਪਤਾ ਨਹੀਂ ਕਿਤਨੇ ਭਗਵਾਨ ਔਰ ਅੱਲਾਹ ਕੇ ਘਰ ਇਨ ਹਾਥੋਂ ਸੇ ਬਨਾਏ ਹੈ ਮੈਨੇ।’

ਵੇਖਿਆ ਜਾਵੇ ਤਾਂ ਅੱਜ ਮੁਨਾਫ਼ਾ ਉਨ੍ਹਾਂ ਨੂੰ ਮਿਲ ਰਿਹਾ ਹੈ  ਜਿਹੜੇ ਵਿਹਲੜ ਬਣ ਕੇ ਅਜ਼ਾਦੀ ਦੀ ਲਹਿਰ ਵੇਲੇ ਅੰਗਰੇਜ਼ਾਂ ਦੇ ਬੁੂਟ ਚਟਦੇ ਰਹੇ, ਅਜ਼ਾਦੀ ਉਪ੍ਰੰਤ ਕੌਮਾਂਤਰੀ ਸਰਮਾਏਦਾਰਾਂ ਨਾਲ ਰਲ ਕੇ ਸੋਨੇ ਦੀ ਚਿੜੀ ਨੂੰ ਦੋਹੇ ਹੱਥੀਂ ਲੁੁਟਦੇ ਰਹੇ ਤੇ ਅਜੇ ਵੀ ਲੁੱਟੀ ਜਾ ਰਹੇ ਹਨ। ਭਾਰਤ ਅੰਦਰ ਲੋਕ ਰਾਜ ਦੇ ਹੁੰਦਿਆਂ ਬਹੁਤ ਸਾਰੇ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ ਜੋ ਸਾਰੇ ਹੀ ਇਨ੍ਹਾਂ ਕਿਰਤੀਆਂ ਵਿਰੁਧ ਵਰਤੇ ਜਾਂਦੇ ਹਨ ਜੋ ਅਪਣੀਆਂ ਹੱਕੀ ਮੰਗਾਂ ਲਈ ਘੋਲਾਂ ਤੇ ਹੜਤਾਲਾਂ ’ਚ ਨਿਤਰਦੇ ਹਨ। ਭਾਰਤੀ ਡੈਮੋਕ੍ਰੇਸੀ ਨੂੰ ਵਾਰ-ਵਾਰ ਡਾਂਗੋਕ੍ਰੇਸੀ ਨਾਲ ਹੱਕਿਆ ਜਾ ਰਿਹੈ। ਅੱਜ 21ਵੀਂ ਸਦੀ ’ਚ ਵੀ। ਕੀ ਇਹ ਸਭ ਮਜ਼ਦੂਰ ਵਿਰੋਧੀ ਤਾਣਾ ਬਾਣਾ ਹੀ ਭਾਰਤੀ ਲੋਕ ਰਾਜ ਹੈ? ਸੋ ਅਜਿਹੇ ਹਾਲਾਤ ’ਚ ਗ਼ਰੀਬ ਕਿਰਤੀਆਂ ਨੂੰ ਸਲਾਹ ਹੈ ਕਿ ਇਕਜੁੱਟ ਰਹੋ, ਚੌਕੰਨੇ ਰਹੋ, ਸੰਭਲ ਕੇ ਚੱਲੋ, ਇੱਥੇ ਥਾਂ ਥਾਂ ਤੇ ਵਿਤਕਰਾ ਹੈ, ਥਾਂ ਥਾਂ ਤੇ ਜ਼ੁਲਮਾਂ ਤੇ ਬੇਇਨਸਾਫ਼ੀ ਦਾ ਹਨੇਰਾ ਹੈ। ਇੱਥੇ ਇਕ ਕ੍ਰਾਂਤੀਕਾਰੀ ਕਵੀ ਦੇ ਸ਼ਬਦ ਵੀ ਯਾਦ ਰੱਖਣ ਯੋਗ ਹਨ : ‘‘ਮਸ਼ਾਲਾਂ ਬਾਲ ਕੇ ਚਲਣਾਂ ਜਦੋਂ ਤਕ ਰਾਤ ਬਾਕੀ ਹੈ, ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਸਾਥੀ ਚਲਦੇ ਰਹਿਣਾ ਨਹੀਂ ਛੱਡਣਾ ਜੇਰਾ, ਅਪਣੀਆਂ ਜਿੱਤਾਂ ਦੀ ਆਉਣੀਂ ਅਜੇ ਪ੍ਰਭਾਤ ਬਾਕੀ ਹੈ, ਮਸ਼ਾਲਾਂ ਬਾਲ ਕੇ ਚਲਣਾਂ ਜਦੋਂ ਤਕ ਰਾਤ ਬਾਕੀ ਹੈ।’’

ਦਲਬੀਰ ਸਿੰਘ ਧਾਲੀਵਾਲ
ਮੋ: 86993-22704

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement