
ਗੁਰਬਾਣੀ ਦੀ ਰੌਸ਼ਨੀ ’ਚ ਸੁਣੋ ਸਿੱਖ ਵਿਦਵਾਨ ਸ. ਜੋਗਿੰਦਰ ਸਿੰਘ ਦੇ ਵਿਚਾਰ
Is it mandatory to appear when summoned by Sri Akal Takht Sahib?: ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨਾਲ 2022 ’ਚ ਕੀਤੇ ਵਿਚਾਰ-ਵਟਾਂਦਰੇ ਦੌਰਾਨ ਰੋਜ਼ਾਨਾ ਸਪੋਕਸਮੈਨ ਦੀ ਪ੍ਰਬੰਧਕੀ ਸੰਪਾਦਕ ਨਿਮਰਤ ਕੌਰ ਵਲੋਂ ਕੀਤੇ ਸਵਾਲ-ਜਵਾਬ ਦੇ ਕੁੱਝ ਅਹਿਮ ਅੰਸ਼।
ਨਿਮਰਤ ਕੌਰ : ਹਮੇਸ਼ਾ ਮਨ ਵਿਚ ਇਕ ਸਵਾਲ ਵਾਰ–ਵਾਰ ਉਠਦਾ ਰਹਿੰਦਾ ਹੈ ਕਿ ਜਦੋਂ ਅਕਾਲ ਤਖ਼ਤ ਤੋਂ ਬੁਲਾਵਾ ਆਉਂਦਾ ਹੈ ਤਾਂ ਕੀ ਉਥੇ ਜਾਣਾ ਗ਼ਲਤ ਹੈ? ਕੀ ਅਕਾਲ ਤਖ਼ਤ ਸਾਹਿਬ ਸਾਡਾ ਸੁਪਰੀਮ ਕੋਰਟ ਨਹੀਂ ਹੈ? ਜਿਵੇਂ ਅਸੀਂ ਕਿਸੇ ਜੱਜ ਨੂੰ ਨਾਂਹ ਨਹੀਂ ਕਰ ਸਕਦੇ ਤੇ ਪੇਸ਼ੀ ’ਤੇ ਹਾਜ਼ਰ ਹੋਣਾ ਹੀ ਪੈਂਦਾ ਹੈ। ਸੋ ਇਸ ਸਿਸਟਮ ’ਤੇ ਜੋ ਗੁਰਬਾਣੀ ਕਹਿੰਦੀ ਹੈ, ਅਸਲ ਵਿਚ ਉਸ ’ਚ ਕੀ ਅੰਤਰ ਹੈ?
ਜਵਾਬ - ਮੈਂ ਵੀ ਬੜੇ ਲੋਕਾਂ ਨੂੰ ਕਹਿੰਦਿਆਂ ਸੁਣਿਆ ਹੈ ਕਿ ਅਕਾਲ ਤਖ਼ਤ ਸਾਹਿਬ ਸਾਡੀ ਕੋਰਟ ਹੈ। ਮੈਂ ਸਮਝਦਾ ਹਾਂ ਕਿ ਇਹ ਬਿਲਕੁਲ ਗ਼ਲਤ ਹੈ। ਗੁਰਦੁਆਰਾ ਕੋਰਟ ਨਹੀਂ ਹੁੰਦੀ, ਗੁਰਦੁਆਰਾ ਗੁਰੂ ਦਾ ਘਰ ਹੁੰਦਾ ਹੈ। ਉਥੇ ਤੁਸੀਂ ਗੁਰੂ ਦੇ ਲੜ ਲੱਗਣ ਜਾਂਦੇ ਹੋ, ਤੁਸੀਂ ਅਕਾਲ ਪੁਰਖ ਨੂੰ ਮਿਲਣ ਜਾਂਦੇ ਹੋ ਭਾਵ ਉਸ ਅਕਾਲ ਪੁਰਖ ਨੂੰ ਮਿਲਣ ਦਾ ਰਸਤਾ ਲੱਭਦੇ ਹੋ। ਲੋਕਾਂ ਨੂੰ ਉਥੇ ਜਾ ਕੇ ਬੜੀ ਸ਼ਾਂਤੀ ਮਿਲਦੀ ਹੈ। ਸੋ ਉਸ ਨੂੰ ਜੇਲ ਅਤੇ ਕੋਰਟ ਨਾ ਬਣਾਉ। ਉਥੇ ਕੋਰਟ ਕਚਿਹਰੀ ਦਾ ਕੰਮ ਨਹੀਂ ਹੋਣਾ ਚਾਹੀਦਾ।
ਹੁਣ ਤਕ ਹੋਇਆ ਕੀ, ਹਿੰਦੁਸਤਾਨ ਵਿਚ ਸੈਂਕੜੇ ਸਾਲਾਂ ਤੋਂ ਬ੍ਰਾਹਮਣ ਨੇ ਮੰਦਰ ਵਿਚ ਅਪਣੀ ਕੋਰਟ ਵੀ ਬਣਾਈ ਹੋਈ ਸੀ। ਉਸ ਨੇ ਜੋ ਕੋਰਟ ਬਣਾਈ ਸੀ, ਉਸ ਦੀ ਤਾਕਤ ਵੇਦਾਂ ਤੋਂ ਲਈ ਹੋਈ ਸੀ। ਰਿਗਵੇਦ ਕਹਿੰਦਾ ਹੈ ਕਿ ਪ੍ਰਮਾਤਮਾ ਨੇ ਮੱਥੇ ਦੇ ਮਾਸ ਨਾਲ ਬ੍ਰਾਹਮਣ ਬਣਾਇਆ ਹੈ। ਬਾਹਾਂ ਦੇ ਮਾਸ ਨਾਲ ਖੱਤਰੀ ਬਣਾਏ, ਪੇਟ ਦੇ ਮਾਸ ਨਾਲ ਬਾਣੀਏ (ਵਪਾਰੀ) ਬਣਾਏ, ਪੈਰਾਂ ਦੇ ਮਾਸ ਨਾਲ ਸ਼ੂਦਰ ਬਣਾਏ। ਉਨ੍ਹਾਂ ਅਨੁਸਾਰ ਬ੍ਰਾਹਮਣ ਸਾਰਿਆਂ ਤੋਂ ਉੱਚਾ ਹੈ। ਬਾਕੀ ਤਿੰਨਾਂ ਨੂੰ ਉਹ ਜੋ ਮਰਜ਼ੀ ਕਹਿ ਸਕਦਾ ਹੈ, ਕਰਵਾ ਸਕਦਾ ਹੈ। ਉਨ੍ਹਾਂ ਕੋਲੋਂ ਸੇਵਾਵਾਂ ਲੈ ਸਕਦਾ ਹੈ, ਉਨ੍ਹਾਂ ਕੋਲੋਂ ਜੋ ਦਿਲ ਕਰੇ ਕੰਮ ਕਰਵਾ ਸਕਦਾ ਹੈ। ਸ਼ੂਦਰ ਨੂੰ ਕਿਹਾ ਤੂੰ ਛੋਟੇ ਕੰਮ ਕਰਨੇ ਹਨ। ਵੈਸ਼ ਨੂੰ ਕਿਹਾ ਤੂੰ ਕਮਾ ਕੇ ਮੈਨੂੰ ਦੇਣਾ ਹੈ। ਖੱਤਰੀ ਨੂੰ ਕਿਹਾ ਜਦ ਲੋਕ ਲੜ ਪੈਣ ਤਾਂ ਤੂੰ ਬਚਾਅ ਕਰਨਾ ਹੈ। ਉਹ ਅਪਣੇ ਆਪ ਨੂੰ ਸਭ ਤੋਂ ਉੱਚਾ ਇਨਸਾਨ, ਰਿਗਵੇਦ ਨੂੰ ਕੋਰਟ ਕਰ ਕੇ ਦਸਦਾ ਹੈ ਅਤੇ ਲੋਕਾਂ ਨੇ ਇਨ੍ਹਾਂ ਗੱਲਾਂ ਨੂੰ ਮੰਨਿਆ ਵੀ ਹੈ ਕਿਉਂਕਿ ਧਰਮ ਬਾਰੇ ਜੋ ਕਹਿ ਦੇਵੋ, ਲੋਕ ਮੰਨ ਹੀ ਲੈਂਦੇ ਹਨ ਕਿ ਕੀ ਪਤਾ ਇਹ ਜੋ ਕਹਿੰਦਾ ਹੈ, ਉਹੀ ਠੀਕ ਹੋਵੇ। ਸਦੀਆਂ ਤੋਂ ਉਹ ਰਿਗਵੇਦ ਦੀ ਗੱਲ ਨੂੰ ਲੈ ਕੇ ਅਪਣੀ ਸਰਬ-ਉੱਚਤਾ ਬਣਾਈ ਬੈਠਾ ਹੈ। ਉਹ ਜੋ ਕੰਮ ਕਰਵਾਉਣਾ ਚਾਹੁੰਦਾ ਸੀ, ਕਰਵਾ ਲੈਂਦਾ ਸੀ। ਉਹ ਸਰਬ ਸ੍ਰੇਸ਼ਟ ਸ਼ਕਤੀਮਾਨ ਸੀ, ਉਸ ਤੋਂ ਉਪਰ ਹੋਰ ਕੋਈ ਚੀਜ਼ ਨਹੀਂ ਸੀ।
ਹੁਣ ਸਾਡੇ ਧਰਮ ਵਿਚ ਤਾਂ ਬਾਬੇ ਨਾਨਕ ਨੇ ਕਿਹਾ ਕਿ ਕੋਈ ਛੋਟਾ ਵੱਡਾ ਹੁੰਦਾ ਹੀ ਨਹੀਂ, ਇਹ ਤਾਂ ਬਰਾਬਰੀ ਦਾ ਧਰਮ ਹੈ। ਇਸ ਵਿਚ ਦੂਜੀ ਗੱਲ ਕੋਈ ਨਹੀਂ ਕੀਤੀ। ਜਦੋਂ ਬਾਬੇ ਨਾਨਕ ਨੂੰ ਇਕ ਸੱਜਣ ਨੇ ਕਿਹਾ ਕਿ ਬਾਬਾ ਨਾਨਕ ਤੁਸੀ ਹਰ ਵੇਲੇ ਬਰਾਬਰ ਦੀ ਗੱਲ ਕਰਦੇ ਹੋ, ਹੁਣ ਤੁਸੀਂ ਹੀ ਦੱਸੋ ਵਿਸ਼ਨੂੰ ਭਗਵਾਨ ਕਿਥੇ ਤੇ ਮੈਂ ਕਿਥੇ? ਤਾਂ ਬਾਬਾ ਨਾਨਕ ਨੇ ਕਿਹਾ ਕਿ ਤੂੰ ਉਸ ਦੇ ਬਰਾਬਰ ਹੈ ਕਿਉਂਕਿ ਅਕਾਲ ਪੁਰਖ ਦੇ ਸਾਹਮਣੇ ਤੁਹਾਡੀ ਕੋਈ ਦੋ ਰਾਏ ਨਹੀਂ ਹੁੰਦੀ। ਉਹ ਤੁਹਾਡੇ ਕੰਮਾਂ ਨੂੰ ਦੇਖੇਗਾ, ਪਤਾ ਨਹੀਂ ਤੂੰ ਉਸ ਤੋਂ ਵੱਡਾ ਹੋਵੇ। ਸੋ ਇਸ ਤਰ੍ਹਾਂ ਦੇ ਸਵਾਲ-ਜਵਾਬ ਬਾਬਾ ਨਾਨਕ ਜੀ ਕਰਦੇ ਹੁੰਦੇ ਸੀ। ਸਾਡਾ ਧਰਮ ਬਰਾਬਰੀ ਦਾ ਹੈ। ਹੁਣ ਉਥੇ ਜਾ ਕੇ ਕੌਣ ਕਹਿ ਸਕਦਾ ਹੈ ਕਿ ਮੈਂ ਤੈਨੂੰ ਛੇਕ ਸਕਦਾ ਹਾਂ।
ਸਵਾਲ - ਕੀ ਕਿਸੇ ਨੂੰ ਸਜ਼ਾ ਦੇਣ ਦਾ ਹੱਕ ਹੈ?
ਜਵਾਬ- ਨਹੀਂ, ਕਿਸੇ ਨੂੰ ਸਜ਼ਾ ਦੇਣ ਦਾ ਕੋਈ ਹੱਕ ਨਹੀਂ ਹੁੰਦਾ। ਗੱਲ 2003 ਦੀ ਹੈ ਜਦ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਗਿਆ। ਅਸੀ ਉਥੇ ‘ਵਰਲਡ ਸਿੱਖ ਕਨਵੈਨਸ਼ਨ’ ਬੁਲਾਈ ਸੀ। ਪੂਰੀ ਦੁਨੀਆਂ ਤੋਂ ਉਥੇ ਸਿੱਖ ਆਏ ਪਰ ਇਨ੍ਹਾਂ ਪੁਜਾਰੀਆਂ ਨੇ ਕਿਹਾ ਕਿ ਅਸੀ ਇਹ ਨਹੀਂ ਹੋਣ ਦਿਆਂਗੇ, ਅਸੀ ਖ਼ੂਨ ਦੀਆਂ ਨਦੀਆਂ ਵਹਾ ਦਿਆਂਗੇ। ਇਸ ਨੂੰ ਅਕਾਲ ਤਖ਼ਤ ਲਈ ਚੁਣੌਤੀ ਦਸਿਆ ਗਿਆ। ਪਰ ਅਸੀ ਤਾਂ ਸਿਧਾਂਤ ਦੀ ਗੱਲ ਸਪੱਸ਼ਟ ਕਰਨਾ ਚਾਹੁੰਦੇ ਸੀ। ਤੁਸੀ ਦੱਸੋ ਇਹ ਜੋ ਸੱਭ ਹੋ ਰਿਹਾ ਹੈ, ਕੀ ਸਾਡਾ ਧਰਮ ਇਸ ਦੀ ਆਗਿਆ ਦਿੰਦਾ ਹੈ? ਇਹ ਤਾਂ ਬ੍ਰਾਹਮਣ ਦੀ ਨਕਲ ਕਰ ਰਹੇ ਹਨ। ਉਸ ਸਮੇਂ ਇਕ ਮਤਾ ਪਾਸ ਕੀਤਾ ਗਿਆ ਕਿ ਇਹ ਸਾਰਾ ਕੁੱਝ ਗ਼ਲਤ ਹੈ, ਇਹ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਅਕਾਲ ਤਖ਼ਤ ਸੁਪ੍ਰੀਮ ਹੈ, ਇਹ ਸਾਡੀ ਪ੍ਰਭੂਸੱਤਾ ਦੀ ਨਿਸ਼ਾਨੀ ਹੈ। ਸਾਨੂੰ ਬਾਬਾ ਨਾਨਕ, ਜੋ ਪ੍ਰਭੂਸੱਤਾ ਦੇ ਗਏ ਸੀ, ਇਹ ਉਸ ਦੀ ਨਿਸ਼ਾਨੀ ਹੈ। ਇਹ ਕਿਸੇ ਨੂੰ ਛੇਕ ਨਹੀਂ ਸਕਦੇ। ਇਹ ਜੋ ਹੋ ਰਿਹਾ ਹੈ, ਗ਼ਲਤ ਹੋ ਰਿਹਾ ਹੈ। ਫਿਰ ਉਨ੍ਹਾਂ ਨੇ ਦੂਜਾ ਮਤਾ ਪਾਸ ਕੀਤਾ ਕਿ ਕੋਈ ਵੀ ਸਿੱਖ ਉਥੇ ਨਾ ਜਾਇਆ ਕਰੇ। ਜਦੋਂ ਇਹ ਮਤਾ ਪੇਸ਼ ਹੋਇਆ ਤੇ ਕੁੱਝ ਬੰਦੇ ਜੋ ਸਟੇਜ ’ਤੇ ਚੜ੍ਹ ਗਏ ਸੀ। ਉਨ੍ਹਾਂ ਕਿਹਾ ਕਿ ਅਗਲਾ ਵਾਰ ਜੋਗਿੰਦਰ ਸਿੰਘ ’ਤੇ ਹੋਣਾ ਹੈ ਕਿਉਂਕਿ ਉਸ ਸਮੇਂ ਜ਼ਿਆਦਾ ਬੋਲਣ ਵਾਲਿਆਂ ’ਚੋਂ ਸਿਰਫ਼ ਮੈਂ ਹੀ ਅੱਗੇ ਸੀ। ਕਿਉਂਕਿ ਉਥੇ 80 ਫ਼ੀ ਸਦੀ ਜਿਹੜੇ ਲੋਕ ਆਏ ਸੀ, ਉਹ ਸਪੋਕਸਮੈਨ ਦੇ ਪਾਠਕ ਸਨ। ਇਸ ਕਰ ਕੇ ਕਿਹਾ ਗਿਆ ਕਿ ਅਗਲਾ ਵਾਰ ਤੁਹਾਡੇ ਉਤੇ ਹੋਣਾ ਹੈ। ਮੈਨੂੰ ਕਿਹਾ ਗਿਆ ਕਿ ਸਟੇਜ ’ਤੇ ਆ ਕੇ ਐਲਾਨ ਕਰੋ ਕਿ ਜਦੋਂ ਤੁਹਾਨੂੰ ਛੇਕਣ ਵਾਸਤੇ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਜਾਵੇਗਾ ਤਾਂ ਤੁਸੀ ਉਥੇ ਨਹੀਂ ਜਾਉਗੇ। ਮੈਂ ਖੜੇ ਹੋ ਕੇ ਕਿਹਾ ਕਿ ਜੋ ਮਤਾ ਇਥੇ ਪਾਇਆ ਗਿਆ ਹੈ, ਮੈਂ ਉਸ ’ਤੇ ਕਾਇਮ ਰਹਾਂਗਾ, ਇਹ ਮਤਾ ਠੀਕ ਹੈ ਅਤੇ ਸਿਧਾਂਤ ਮੁਤਾਬਕ ਹੈ।
ਮੈਨੂੰ ਮਹੀਨੇ ਬਾਅਦ ਨੋਟਿਸ ਆ ਗਿਆ ਤੇ ਪੇਸ਼ ਹੋਣ ਲਈ ਕਿਹਾ ਗਿਆ। ਮੈਂ ਉਨ੍ਹਾਂ ਨੂੰ ਪੁਛਿਆ, ‘‘ਮੈਨੂੰ ਬੁਲਾਉਣ ਦੀ ਤੁਹਾਨੂੰ ਇਹ ਪਾਵਰ ਗੁਰਬਾਣੀ ਵਿਚੋਂ, ਗੁਰਦੁਆਰਿਆਂ ਵਿਚੋਂ ਜਾਂ ਸਿੱਖ ਰਹਿਤ ਮਰਿਆਦਾ ’ਚੋਂ ਭਾਵ ਕਿਥੋਂ ਮਿਲੀ ਹੈ?’’ ਉਨ੍ਹਾਂ ਨੇ ਜਵਾਬ ਦੇਣ ਦੀ ਬਜਾਏ ਕਿਹਾ ਕਿ ‘‘ਇਹ ਤਾਂ ਸਾਨੂੰ ਚੈਲੰਜ ਕਰ ਰਿਹਾ ਹੈ।’’ ਫਿਰ ਉਨ੍ਹਾਂ ਨੇ ਮੈਨੂੰ ਸਿੱਖ ਪੰਥ ’ਚੋਂ ਛੇਕ ਦਿਤਾ।
ਸਵਾਲ – ਤੁਸੀ ਜਿਹੜੀ ‘ਵਰਲਡ ਸਿੱਖ ਕਨਵੈਸ਼ਨ’ ਬੁਲਾਈ ਸੀ, ਉਸ ਵਿਚ ਇਕ ਦੂਜੇ ਲਈ ਮਤਾ ਪਾਸ ਕਰਨ ਦੀ ਤਾਕਤ ਕਿਥੋਂ ਆਉਂਦੀ ਹੈ?
ਜਵਾਬ – ਉਹ ਲੋਕ ਮੈਨੂੰ ਆ ਕੇ ਵੀ ਕਹਿ ਸਕਦੇ ਸੀ ਕਿ ਸਾਡੇ ਵਿਚਾਰ ਇਹ ਹਨ। ਅਸੀ ‘ਵਰਲਡ ਸਿੱਖ ਕਨਵੈਸ਼ਨ’ ਬੁਲਾਈ ਸੀ, ਉਹ ਅਕਾਲ ਤਖ਼ਤ ਵਿਰੁਧ ਨਹੀਂ ਸੀ। ਉਸ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਸੀ।
ਸਵਾਲ – ਜਿਹੜਾ ਵੀ ਸਿੱਖ ਉਥੇ ਆਇਆ, ਉਨ੍ਹਾਂ ਨੇ ਮਤਾ ਪਾ ਦਿਤਾ ਕਿ ਹਰ ਸਿੱਖ ਬਰਾਬਰ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਕੋਈ ਆਗੂ ਨਹੀਂ ਤੇ ਨਾ ਹੀ ਕੋਈ ਜਥੇਦਾਰ?
ਜਵਾਬ – ਸਾਰੇ ਬੜੇ ਸਿਆਣੇ ਸੀ, ਸਿੱਖ ਮਿਸ਼ਨਰੀ ਕਾਲਜ ਦੇ 500 ਮੁੰਡੇ ਵੀ ਉਥੇ ਆਏ ਹੋਈ ਸੀ। 6 ਬਸਾਂ ਭਰ ਕੇ ਅਕਾਲ ਤਖ਼ਤ ਸਾਹਿਬ ਪਹੁੰਚੀਆਂ ਸਨ।
ਸਵਾਲ – ਪਰ, ਕੀ ਤੁਸੀ ਸਾਰਿਆਂ ਨੂੰ ਇਕ ਪਲੇਟਫ਼ਾਰਮ ’ਤੇ ਬਿਠਾ ਦਿਤਾ?
ਜਵਾਬ – ਸਾਰੇ ਬਰਾਬਰ ਸੀ ਪਰ ਕੁੱਝ ਵੱਖਵਾਦੀ ਸੋਚ ਵਾਲੇ ਵੀ ਉਥੇ ਆਏ ਹੋਏ ਸੀ। ਮੈਂ ਉਨ੍ਹਾਂ ਨੂੰ ਟੋਕਾ-ਟਾਕੀ ਵੀ ਕੀਤੀ ਸੀ ਕਿ ਤੁਸੀਂ ਉਥੇ ਨਾ ਆਵੋ, ਤੁਸੀ ਰਾਜਨੀਤਕ ਬੰਦੇ ਹੋ ਤੇ ਇਥੇ ਗ਼ੈਰ-ਰਾਜਨੀਤਕ ਬੰਦੇ ਹੀ ਆ ਸਕਦੇ ਹਨ।
ਸਵਾਲ – ਕੀ ਆਮ ਸਿੱਖ ਤੇ ਜਥੇਦਾਰ ’ਚ ਕੋਈ ਅੰਤਰ ਨਹੀਂ ਹੈ?
ਜਵਾਬ – ਨਹੀਂ, ਕੋਈ ਅੰਤਰ ਨਹੀਂ ਹੈ।
ਸਵਾਲ – ਤਾਂ ਫਿਰ ਗ਼ਲਤੀ ਕੌਣ ਤੈਅ ਕਰੇਗਾ ਤੇ ਸਜ਼ਾ ਕੌਣ ਦੇਵੇਗਾ?
ਜਵਾਬ – ਪੁਰਾਣੇ ਜ਼ਮਾਨੇ ਵਿਚ ਕੋਰਟਾਂ ਨਹੀਂ ਸਨ ਹੁੰਦੀਆਂ। ਜਦੋਂ ਤੋਂ ਪੁਜਾਰੀਆਂ ਨੇ ਇਹ ਪਾਵਰਾਂ ਲਈਆਂ, ਉਦੋਂ ਵੀ ਕੋਰਟਾਂ ਨਹੀਂ ਸਨ ਹੁੰਦੀਆਂ। ਪ੍ਰੰਤੂ ਹੁਣ ਤਾਂ ਕੋਰਟਾਂ ਬਣ ਗਈਆਂ ਹਨ। ਉਸ ਸਮੇਂ ਸਾਰੇ ਪਾਸੇ ਅਨਪੜ੍ਹਤਾ ਸੀ। ਪੁਜਾਰੀ ਨੂੰ ਸੱਭ ਤੋਂ ਸਿਆਣਾ ਬੰਦਾ ਮੰਨਿਆ ਜਾਂਦਾ ਸੀ। ਇਸ ਕਰ ਕੇ ਸਾਰੇ ਕਹਿੰਦੇ ਸੀ ਕਿ ਇਸ ਤੋਂ ਫ਼ੈਸਲਾ ਕਰਵਾ ਲਿਆ ਜਾਵੇ। ਪ੍ਰੰਤੂ ਹੁਣ ਤਾਂ ਇਨ੍ਹਾਂ ਸਿਆਣਿਆ ਤੋਂ ਇਲਾਵਾ ਵੀ ਕਈ ਸਿਆਣੇ ਆਮ ਲੋਕਾਂ ਵਿਚ ਬੈਠੇ ਹਨ।
ਈਸਾਈਆਂ ਵਿਚ ਪਹਿਲਾਂ ਪੋਪ ਦਾ ਨਾਂ ਲਿਆ ਜਾਂਦਾ ਸੀ ਪਰ ਹੁਣ ਤਾਂ ਉਸ ਦੀ ਗੱਲ ਵੀ ਕੋਈ ਨਹੀਂ ਕਰਦਾ। ਪੋਪ ਤਾਂ ਇਕ ਰਸਮੀ ਜਿਹਾ ਹੈੱਡ ਬਣਾ ਦਿਤਾ ਹੈ, ਜਿਵੇਂ ਰਾਸ਼ਟਰਪਤੀ ਹੈ। ਉਸ ਦੇ ਨਾਂ ’ਤੇ ਸਾਰਾ ਕੁੱਝ ਹੁੰਦਾ ਹੈ ਪਰ ਉਹ ਕਿਸੇ ਨੂੰ ਛੇਕ ਨਹੀਂ ਸਕਦਾ। ਹੁਣ ਕੋਰਟਾਂ ਹਨ ਤੇ ਹੁਣ ਕੋਰਟਾਂ ’ਚ ਜਾਣਾ ਪੈਂਦਾ ਹੈ ਕਿਉਂਕਿ ਉਥੇ ਦਲੀਲ ਹੈ, ਅਪੀਲ ਹੈ ਅਤੇ ਵਕੀਲ ਹੈ। ਮੈਂ ਦੱਸਣਾ ਚਹਾਂਗਾ ਕਿ ਪਹਿਲੀ ਗੱਲ ਇਹ ਹੈ ਕਿ ਕਸਾਈਆਂ ਨੇ ਇਸ ਨੂੰ ਕਿਵੇਂ ਖ਼ਤਮ ਕੀਤਾ। ਪੋਪ ਸੱਭ ਤੋਂ ਪੁਰਾਣਾ ਬੜਾ ਪਾਵਰ ਫੁਲ ਪੁਜਾਰੀ ਮੰਨਿਆ ਜਾਂਦਾ ਸੀ। ਪੋਪ ਨੇ ਬੜੀਆਂ ਮਨ ਆਈਆਂ ਕੀਤੀਆਂ। ਪੈਸੇ ਲੈ ਕੇ ਕਿਸੇ ਨੂੰ ਇਹ ਹੁਕਮਨਾਮਾ ਦੇ ਦਿਤਾ, ਕਿਸੇ ਨੂੰ ਕਿਹਾ ਇੰਨੇ ਪੈਸੇ ਦੇ ਦੇਵੋ, ਤੇਰੀ ਸਵਰਗ ਵਿਚ ਸੀਟ ਬੁੱਕ ਹੋ ਜਾਵੇਗੀ, ਉਹ ਸਾਰੇ ਕੰਮ ਕਰਦਾ ਸੀ।
ਇਕ ਜਰਮਨ ’ਚ ਮਾਰਟਿਨ ਲੂਥਰ ਪੋਪ ਦੇ ਮਾਤਹਤ ਕੰਮ ਕਰਦਾ ਸੀ, ਉਸ ਨੇ ਕਿਹਾ ਕਿ ਇਹ ਤਾਂ ਈਸਾਈ ਧਰਮ ਨੂੰ ਖ਼ਤਮ ਕਰਨ ਵਾਲੀ ਗੱਲ ਹੋ ਗਈ ਹੈ। ਪੋਪ ਤਾਂ ਨਵਾਂ ਧਰਮ ਬਣ ਜਾਵੇਗਾ। ਕ੍ਰਾਇਸਸ ’ਚ ਇਹ ਗੱਲਾਂ ਕਿਥੇ ਕਹੀਆਂ ਗਈਆਂ ਹਨ। ਬਾਈਬਲ ਵਿਚ ਇਹ ਗੱਲਾਂ ਕਿਥੇ ਹਨ? ਉਸ ਨੇ ਘਰ ਦੇ ਬਾਹਰ ਫ਼ੁਰਮਾਨ ਲਿਖ ਕੇ ਲਗਾ ਦਿਤਾ ਕਿ ਇਹ ਕਾਰਨ ਹਨ, ਇਸ ਲਈ ਇਸ ਨੂੰ ਬੰਦ ਕੀਤਾ ਜਾਵੇ। ਤੂੰ ਇਹ ਕੰਮ ਬੰਦ ਕਰ ਨਹੀਂ ਤਾਂ ਈਸਾਈਅਤ ਖ਼ਤਮ ਹੋ ਜਾਵੇਗੀ। ਈਸਾਈਅਤ ਨੂੰ ਖ਼ਤਰਾ ਇਸ ਕਰ ਕੇ ਵੀ ਹੋ ਗਿਆ ਸੀ ਕਿਉਂਕਿ ਇਸਲਾਮ ਬੜੀ ਤੇਜ਼ੀ ਨਾਲ ਫੈਲ ਰਿਹਾ ਸੀ। ਮਾਰਟਿਨ ਲੂਥਰ ਨੇ ਤਾਂ ਈਸਾਈਅਤ ਦੀ ਭਲਾਈ ਲਈ ਇਹ ਸੱਭ ਕੱੁਝ ਕਹਿ ਦਿਤਾ ਸੀ ਪਰ ਪੋਪ ਨੇ ਉਸ ਨੂੰ ਛੇਕ ਦਿਤਾ ਤੇ ਉਸ ਪਿਛੇ ਬੰਦੇ ਲਗਾ ਦਿਤੇ ਕਿ ਇਸ ਨੂੰ ਫੜ ਕੇ ਲਿਆਉ। ਉਸ ਦੇ ਦੋਸਤਾਂ ਨੇ ਉਸ ਨੂੰ ਪਿੰਡ ਵਿਚ ਛੁਪਾ ਲਿਆ। ਖ਼ੈਰ! ਕਾਫ਼ੀ ਲੰਮੀ ਲੜਾਈ ਮਗਰੋਂ ਪੋਪ ਦੀਆਂ ਪਾਵਰਾਂ ਖ਼ਤਮ ਕਰ ਦਿਤੀਆਂ ਗਈਆਂ ਤੇ ਹੁਣ ਉਸ ਦੀ ਕੋਈ ਪਾਵਰ ਨਹੀਂ। (ਚਲਦਾ)