ਧਰਤੀ ਦੀ ਨਾਯਾਬ ਫ਼ਬੀਲੀ ਅਮਾਨਤ ਕਸ਼ਮੀਰ (ਸ਼੍ਰੀਨਗਰ)
Published : Oct 1, 2023, 2:23 pm IST
Updated : Oct 1, 2023, 2:23 pm IST
SHARE ARTICLE
Earth's Rarest Fossil Deposit Kashmir (Srinagar)
Earth's Rarest Fossil Deposit Kashmir (Srinagar)

ਲਖਣਪੁਰ ਵਿਖੇ ਜੰਮੂ ਦਾ ਬੈਰੀਅਰ ਹੈ

ਬਟਾਲਾ ਤੋਂ ਪ੍ਰਸਿੱਧ ਸਾਹਿਤਕਾਰ ਅਤੇ ਸਾਹਿਤਕ ਫ਼ੋਟੋਗ੍ਰਾਫਰ ਜਨਾਬ ਹਰਭਜਨ ਸਿੰਘ ਬਾਜਵਾ ਦਾ ਫ਼ੋਨ ਆਇਆ ਕਿ ਕਸ਼ਮੀਰ ਚਲਣੈ? ਮੈਂ ਝੱਟ ਦੀ ਹਾਂ ਕਰ ਦਿਤੀ। ਸਾਡੇ ਨਾਲ ਪ੍ਰਸਿੱਧ ਸ਼ਾਇਰ ਜਨਾਬ ਜਸਵੰਤ ਹਾਂਸ, ਸੁੱਚਾ ਸਿੰਘ ਰੰਧਾਵਾ, ਸੁਖਦੇਵ ਸਿੰਘ ਕਾਹਲੋਂ, ਸੰਤੋਖ ਸਿੰਘ ਸਮਰਾ ਤੇ ਅਮਰਜੀਤ ਸਿੰਘ ਵੀ ਤਿਆਰ ਹੋ ਗਏ।
ਲੰਮੇ ਸਫ਼ਰ ’ਤੇ ਮਹਿੰਗੇ ਸ਼ਹਿਰ ਜਾਣਾ ਹੋਵੇ ਤਾਂ ਇਕ ਗਰੁੱਪ ਜ਼ਰੂਰ ਚਾਹੀਦਾ ਹੈ।

ਇਸ ਨਾਲ ਪੈਸਾ ਵੀ ਬਚਦਾ ਹੈ ਅਤੇ ਮਨੋਰੰਜਨ ਵੀ ਚੋਖਾ ਹੁੰਦਾ ਹੈ ਕਿਉਂਕਿ ਟੈਕਸੀ ਵਿਚ ਲਗਭਗ 7 ਬੰਦੇ ਹੀ ਬੈਠ ਸਕਦੇ ਹਨ। ਅਸੀਂ ਸਵੇਰੇ 9 ਵਜੇ ਦੇ ਕਰੀਬ ਸਾਰੇ ਦੋਸਤ ਗੁਰਦਾਸਪੁਰ ਦੇ ਬੱਸ ਸਟੈਂਡ ਤੋਂ ਬੱਸ ਲੈ ਕੇ ਜੰਮੂ ਵਲ ਰਵਾਨਾ ਹੋ ਗਏ। ਮੈਂ ਦੱਸਣਾ ਚਾਹੁੰਦਾ ਹਾਂ ਕਿ ਗੁਰਦਾਸਪੁਰ ਸ਼ਹਿਰ ਦਾ ਨਾਂ ਬਾਬਾ ਗੁਰੀਆ ਤੋਂ ਪ੍ਰਚਲਤ ਹੋਇਆ। ਬਾਬਾ ਗੁਰੀਆ ਦਾ ਪ੍ਰਵਾਰ ਹੀ ਗੁਰਦਾਸਪੁਰ ਦੇ ਪਹਿਲੇ ਨਿਵਾਸੀਆਂ ‘ਚੋਂ ਸੀ। ਗੁਰਦਾਸਪੁਰ ਦੀ ਹੱਦ ਪਾਕਿਸਤਾਨ ਦੀ ਹੱਦ ਨਾਲ ਲਗਦੀ ਹੈ। ਗੁਰਦਾਸਪੁਰ ਦੇ ਆਸ-ਪਾਸ ਅਨੇਕਾਂ ਇਤਿਹਾਸਕ ਤੇ ਧਾਰਮਕ ਸਥਾਨ ਵੇਖਣਯੋਗ ਹਨ।

 

ਗੁਰਦਾਸਪੁਰ ਤੋਂ ਅਸੀਂ ਸਰਨੇ ਅਤੇ ਮਾਧੋਪੁਰ ’ਚੋਂ ਲੰਘਦੇ ਹੋਏ ਜੰਮੂ ਵਲ ਵਧਦੇ ਗਏ। ਕਸਬਾ ਸਰਨਾ ਇਕ ਅਜਿਹਾ ਸਥਾਨ ਹੈ ਜਿਥੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਵਾਹਨਾਂ ਦਾ ਸੰਗਮ ਹੁੰਦਾ ਹੈ। ਸਰਨਾ ਤੋਂ ਹੋ ਕੇ ਹੀ ਵਾਹਨ ਜੰਮੂ-ਕਸ਼ਮੀਰ ਤੋਂ ਹਿਮਾਚਲ ਜਾਂਦੇ ਹਨ। ਤੁਸੀਂ ਪਠਾਨਕੋਟ ਤੋਂ ਵੀ ਜੰਮੂ-ਕਸ਼ਮੀਰ ਜਾਂ ਹਿਮਾਚਲ ਜਾ ਸਕਦੇ ਹੋ। ਮਾਧੋਪੁਰ ਕਸਬੇ ਦੇ ਬਾਗ਼ ਅਤੇ ਨਹਿਰ ਦੇ ਨਜ਼ਾਰੇ ਵੇਖਣ ਵਾਲੇ ਹਨ। ਨਹਿਰ ਦੇ ਕਿਨਾਰੇ ਸਰਕਾਰੀ ਹੋਟਲ ਹੈ ਅਤੇ ਪ੍ਰਾਈਵੇਟ ਹੋਟਲ ਵੀ ਹਨ। ਮਾਧੋਪੁਰ ਦੇ ਨਾਲ ਰਾਵੀ ਦਰਿਆ ਵਹਿੰਦਾ ਹੈ। ਰਾਵੀ ਦਰਿਆ ਦੇ ਇਕ ਪਾਸੇ ਪੰਜਾਬ ਦੀ ਹੱਦ ਹੈ ਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਹੱਦ ਹੈ। ਮਾਧੋਪੁਰ ਟੱਪਦੇ ਹੀ ‘ਪ੍ਰੀ-ਪੇਡ’ ਮੋਬਾਈਲ ਫ਼ੋਨ ਬੰਦ ਹੋ ਜਾਂਦੇ ਹਨ।

ਰਾਵੀ ਦਰਿਆ ਪਾਰ ਕਰਦਿਆਂ ਹੀ ਕੁੱਝ ਮਿੰਟਾਂ ਤੋਂ ਬਾਅਦ ਲਖਣਪੁਰ ਅਤੇ ਸਾਂਭਾ ਕਸਬੇ ਆ ਜਾਂਦੇ ਹਨ। ਲਖਣਪੁਰ ਵਿਖੇ ਜੰਮੂ ਦਾ ਬੈਰੀਅਰ ਹੈ। ਬੈਰੀਅਰ ਪਾਰ ਕਰਦੇ ਹੀ ਇਥੇ ਬੱਸਾਂ ਤੇ ਹੋਰ ਵਾਹਨ ਖੜੇ ਹੁੰਦੇ ਹਨ, ਜਿਥੇ ਲੋਕ ਚਾਹ ਪਾਣੀ ਤੇ ਨਾਸ਼ਤਾ ਆਦਿ ਕਰ ਸਕਦੇ ਹਨ। ਇਸ ਸਥਾਨ ਦੇ ਵੜੇ ਭੱਲੇ, ਪਕੌੜੇ ਬਹੁਤ ਸਵਾਦੀ ਤੇ ਮਸ਼ਹੂਰ ਹਨ। ਅਨੇਕਾਂ ਹੀ ਪ੍ਰਵਾਰ ਇਸ ਕੰਮ ’ਚੋਂ ਅਪਣੇ ਪ੍ਰਵਾਰ ਪਾਲ ਰਹੇ ਹਨ।

ਇਸ ਤੋਂ ਬਾਅਦ ਅਨੇਕਾਂ ਹੀ ਪੁੱਲ ਪਾਰ ਕਰਦੇ ਹੋਏ ਅਸੀਂ ਲਗਭਗ ਤਿੰਨ ਘੰਟਿਆਂ ਤੋਂ ਬਾਅਦ ਜੰਮੂ ਪਹੁੰਚ ਗਏ। ਜੰਮੂ ਬੱਸ ਸਟੈਂਡ ਦੇ ਬਾਹਰ ਅਨੇਕਾਂ ਹੀ ਟੈਕਸੀਆਂ ਵਾਲੇ ਮਿਲ ਜਾਂਦੇ ਹਨ। ਅਸੀਂ ਟੈਕਸੀ ਡਰਾਈਵਰਾਂ ਨਾਲ ਗੱਲਬਾਤ ਕੀਤੀ ਤੇ ਜੰਮੂ ਤੋਂ ਕਸ਼ਮੀਰ ਦਾ ਰੇਟ ਤੈਅ ਕਰਨ ਲੱਗ ਪਏ। ਇਸ ਸਥਾਨ ਤੋਂ ਟੈਕਸੀ ਸਸਤੀ ਮਿਲ ਜਾਂਦੀ ਹੈ ਕਿਉਂਕਿ ਜੋ ਡਰਾਈਵਰ ਕਸ਼ਮੀਰ ਤੋਂ ਸਵਾਰੀ ਲੈ ਕੇ ਆਉਂਦੇ ਹਨ, ਉਹ ਫਿਰ ਖ਼ਾਲੀ ਨਹੀਂ ਜਾਂਦੇ, ਸਵਾਰੀ ਲੈ ਕੇ ਹੀ ਜਾਂਦੇ ਹਨ।

ਇਸ ਕਰ ਕੇ ਟੈਕਸੀ ਸਸਤੀ ਪੈਂਦੀ ਹੈ। ਲਗਭਗ ਤਿੰਨ ਹਜ਼ਾਰ ਵਿਚ 7 ਸੀਟਾਂ ਵਾਲੀ ਟੈਕਸੀ ਕਰ ਲਈ। ਨੀਮ ਪਹਾੜੀ ਇਲਾਕੇ ਦਾ ਨਜ਼ਾਰਾ ਵੇਖਦੇ ਹੋਏ ਟੈਕਸੀ ਸਰਪਟ ਦੌੜਨ ਲੱਗੀ। ਕਈ ਸੁਰੰਗਾਂ ਲੰਘਦੇ ਹੋਏ ਟੈਕਸੀ ਹਵਾ ਨਾਲ ਗੱਲਾਂ ਕਰਦੀ ਜਾ ਰਹੀ ਸੀ। ਪਤਨੀ ਟਾਪ ਦੀ ਸੱਭ ਤੋਂ ਵੱਡੀ ਸੁਰੰਗ ਲਗਭਗ 9 ਕਿਲੋਮੀਟਰ ਲੰਬੀ ਸੁਰੰਗ ਦਾ ਨਜ਼ਾਰਾ ਕਮਾਲ ਦਾ ਹੈ। ਇਸ ਸੁਰੰਗ ਨੂੰ ਪਾਰ ਕਰਦਿਆਂ ਲਗਭਗ 6 ਮਿੰਟ ਲਗਦੇ ਹਨ। ਅਸੀਂ ਰਸਤੇ ’ਚੋਂ ਕਿਸੇ ਹੋਟਲ ਤੋਂ ਖਾਣਾ ਖਾ ਕੇ ਰਾਤ ਨੂੰ ਲਗਭਗ 8 ਵਜੇ ਦੇ ਕਰੀਬ ਡੱਲ ਝੀਲ ਸਾਹਮਣੇ ਤੁਲੀ ਹੋਟਲ ਵਿਚ ਪਹੁੰਚ ਗਏ।

ਜਦੋਂ ਵੀ ਕਸ਼ਮੀਰ ਜਾਉ ਕੋਸ਼ਿਸ਼ ਕਰੋ ਕਿ ਕਮਰਾ ਡੱਲ ਝੀਲ ਦੇ ਸਾਹਮਣੇ ਵਾਲੇ ਹੋਟਲਾਂ ਵਿਚ ਹੀ ਲਿਆ ਜਾਏ। ਡੱਲ ਝੀਲ ਦੇ ਨਾਲ ਲਗਦੀ ਸੜਕ ਦੇ ਨਾਲ-ਨਾਲ ਹੋਟਲ ਹੀ ਹੋਟਲ ਹਨ। ਤੁਲੀ ਹੋਟਲ ਵਿਚ ਸਾਨੂੰ ਇਕ ਕਮਰਾ ਲਗਭਗ ਨੌਂ ਸੌ ਰੁਪਏ ਵਿਚ ਮਿਲ ਗਿਆ। ਅਸੀਂ ਤਿੰਨ ਕਮਰੇ ਲੈ ਲਏ। ਰਾਤ ਖਾਣਾ ਖਾਣ ਤੋਂ ਬਾਅਦ ਗੱਪ ਸ਼ੱਪ ਮਾਰ ਕੇ ਸਵੇਰੇ ਤੜਕੇ ਅਸੀਂ ਡੱਲ ਝੀਲ ਦੀਆਂ ਮਨਮੋਹਕ ਤਸਵੀਰਾਂ ਕੈਮਰੇ ਵਿਚ ਕੈਦ ਕੀਤੀਆਂ। ਅਸੀਂ ਘੁੰਮਣ ਫਿਰਨ ਦਾ ਸਾਰਾ ਪ੍ਰੋਗਰਾਮ ਬਣਾ ਲਿਆ। ਡੱਲ ਝੀਲ ਵਿਚ ਸ਼ਿਕਾਰੇ ਵਿਚ ਘੁੰਮਣ ਦਾ ਪ੍ਰੋਗਰਾਮ ਆਪਸ ਵਿਚ ਤੈਅ ਕਰ ਲਿਆ। 

ਅਸੀਂ ਕਸ਼ਮੀਰ ਵਿਚ ਲਗਭਗ ਇਕ ਹਫ਼ਤਾ ਠਹਿਰੇ। ਕਸ਼ਮੀਰ ਦੇ ਆਸ-ਪਾਸ ਜਾਂ ਦੂਰ ਦੁਰਾਡੇ ਦੇ ਸ਼ਹਿਰ ਵੇਖਣ ਲਈ ਜਾਂਦੇ ਤਾਂ ਕਿਰਾਏ ’ਤੇ ਟੈਕਸੀ ਲੈ ਲੈਂਦੇ। ਇਕ ਟੈਕਸੀ ਲਗਭਗ ਦੋ-ਢਾਈ ਹਜ਼ਾਰ ਰੁਪਏ ਵਿਚ ਪੈਂਦੀ ਸੀ। ਕਸ਼ਮੀਰ ਦੇ ਸਾਰੇ ਮੁਗ਼ਲ-ਬਾਗ਼, ਪਹਿਲਗਾਮ, ਪ੍ਰਸਿੱਧ ਸ਼ੰਕਰਚਾਰੀਆ ਮੰਦਰ, ਗੁਰਦੁਆਰੇ, ਗੁਲ ਮਰਗ, ਸੋਨ ਮਰਗ ਅਤੇ ਕਈ ਹੋਰ ਖ਼ੂਬਸੂਰਤ ਸਥਾਨਾਂ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ।

ਛੈਲ ਛਬੀਲਾ ਰੰਗ ਰੰਗੀਲਾ ਅਤੇ ਸੁੰਦਰਤਾ ਦਾ ਇਨਸਾਈਕਲੋਪੀਡੀਆ ਹੈ ਕਸ਼ਮੀਰ। ਕਸ਼ਮੀਰ ਦੀ ਵਿਸ਼ਵ ਪ੍ਰਸਿੱਧ ਡੱਲ ਝੀਲ ਰੁਜ਼ਗਾਰਦਾਤੀ ਹੈ। ਬੈਕੁੰਠ ਦੀ ਪਰਿਭਾਸ਼ਾ, ਅਦਭੁਤ ਕਰਿਸ਼ਮਾ, ਧਾਰਮਕ ਸਥਾਨ। ਕਸ਼ਮੀਰ ਦੀ ਧਰਤੀ ਨੂੰ ਕੁਦਰਤ ਨੇ ਦੁਲਹਨ ਵਾਂਗ ਸ਼ਿੰਗਾਰਿਆ ਹੈ। ਕੁਦਰਤ ਏਥੇ ਸਾਹਿਤ ਬਖ਼ਸ਼ਦੀ ਹੈ। ਸੁੰਦਰਤਾ ਦੇ ਵੱਖ-ਵੱਖ ਗਹਿਣਿਆਂ ਨਾਲ ਮਾਲਾਮਾਲ। ਕੁਦਰਤ ਇਥੇ ਹਜ਼ਾਰਾਂ ਹੀ ਖ਼ੂਬਸੂਰਤ ਰੰਗਾਂ ਨੂੰ  ਧਰਤੀ ’ਤੇ ਅਲੰਕਾਰ ਕਰਦੀ ਹੋਈ ਵਸੀਅਤ ਲਿਖਦੀ ਹੈ। ਪ੍ਰਤੀਕ ਬਿੰਬ, ਤਸ਼ਬੀਹਾਂ, ਉਪਮਾ ਆਦਿ ਕੁਦਰਤ ਦੀ ਰਚਨਾ ਦਾ ਹੀ ਸਰੂਪ ਹਨ। ਕਸ਼ਮੀਰ ਦੀ ਧਰਤੀ ਅਦਭੁਤ ਕੀਮਤੀ ਫ਼ਸਲਾਂ ਦੀ ਜਨਮ-ਦਾਤੀ ਹੈ।

ਆਯੁਰਵੈਦ ਦੀ ਮੂਲ ਜੜ੍ਹ ਹੈ ਇਸ ਧਰਤੀ ਦੀ ਬਨਸਪਤੀ। ਕੁਦਰਤ ਦੀ ਕੋਈ ਭਾਸ਼ਾ ਨਹੀਂ ਹੁੰਦੀ, ਪਰ ਇਸ ਨੂੰ ਹਰ ਪ੍ਰਾਣੀ ਮਹਿਸੂਸ ਕਰ ਸਕਦਾ ਹੈ। ਕਸ਼ਮੀਰ ਵਿਖੇ ਜਦ ਕੁਦਰਤ ਸੁੰਦਰ ਬਰਫ਼ੀਲੀਆਂ ਪਹਾੜੀਆਂ ਉਪਰ ਦਸਤਖ਼ਤ ਕਰਦੀ ਹੈ ਤਾਂ ਵਾਤਾਵਰਣ ਵਿਚ ਠੰਢਕ ਅਪਣੇ ਜਲਵੇ ਦਾ ਮਜ਼ਾ ਦੇ ਦਿੰਦੀ ਹੈ। ਕਸ਼ਮੀਰ ਵਿਖੇ ਡੱਲ ਝੀਲ ਸੱਭ ਤੋਂ ਖ਼ੂਬਸੂਰਤ ਵਿਸ਼ਵ ਪ੍ਰਸਿੱਧ ਵੇਖਣ ਵਾਲਾ ਸਥਾਨ ਮੰਨਿਆ ਜਾਂਦਾ ਹੈ ਜਿਥੇ ਕੁਦਰਤ ਨੇ ਹਰ ਸੈਅ ਵਿਚ ਸੁੰਦਰਤਾ ਭਰ ਕੇ ਪਰਮਾਤਮਾ ਦੇ ਰੂਪ ਦਾ ਇਕ ਹਿੱਸਾ ਅਲੰਕਾਰ ਕਰ ਦਿਤਾ ਹੈ।

ਖ਼ੂਬਸੂਰਤੀ ਦੇ ਲਾਸਾਨੀ ਸਥਾਨ ਤੇ ਕੁਦਰਤ ਅਪਣੇ ਗੁਲਫ਼ਾਮ ਅਭਿਵਾਦਨ ਵਿਚ ‘ਜੀ ਆਇਆਂ’ ਕਹਿੰਦੀ ਪ੍ਰਤੀਤ ਹੁੰਦੀ ਹੈ। ਡੱਲ ਝੀਲ ਦਾ ਪਾਣੀ ਕਈ ਰੰਗਾਂ ਵਿਚ ਅਪਣੇ ਰੂਪ ਬਦਲਦਾ ਹੈ। ਕੁਦਰਤ ਦਾ ਅਦਭੁਤ ਰੂਪਮਾਨ ਅਨੁਪਮ ਨਜ਼ਾਰਾ। ਕੁਦਰਤ ਜਿਵੇਂ ਖ਼ੂਬਸੂਰਤ ਤੇ ਦਿਲ ਨੂੰ ਛੂਹ ਜਾਣ ਵਾਲੀਆਂ ਵੱਖ-ਵੱਖ ਵਿਧਾਵਾਂ ਵਿਚ ਦ੍ਰਿਸ਼ਾਵਲੀਆਂ ਦਾ ਸਾਹਿਤ ਲਿਖ ਰਹੀ ਹੋਵੇ।

ਸਾਫ਼ ਪਾਣੀ ਦੀ ਇਹ ਭਾਰਤ ਦੀ ਸੱਭ ਤੋੋਂ ਵੱਡੀ ਝੀਲ ਹੈ ਅਤੇ ਵਿਸ਼ਵ ਪ੍ਰਸਿੱਧ ਹੈ। ਇਸ ਦੀ ਕੁਲ ਲੰਬਾਈ 8 ਕਿਲੋਮੀਟਰ ਅਤੇ ਚੌੜਾਈ 4 ਕਿਲੋਮੀਟਰ ਹੈ। ਡੱਲ ਝੀਲ ਨੂੰ ਸ਼੍ਰੀਨਗਰ ਸ਼ਹਿਰ ਦਾ ਦਿਲ ਵੀ ਕਿਹਾ ਜਾਂਦਾ ਹੈ। ਇਸੇ ਝੀਲ ਦੇ ਉਪਰ, ਝੀਲ ਦੇ ਨਾਲ-ਨਾਲ ਮੁਗ਼ਲ ਬਾਗ਼ ਸ਼ੋਭਾਏਮਾਨ ਹਨ। ਡੱਲ ਦੇ ਚਾਰੇ ਪਾਸੇ ਉਚੇ ਉਚੇ ਹਰਿਆਲੀ ਭਰੇ ਪਹਾੜ ਇਵੇਂ ਪ੍ਰਤੀਤ ਹੁੰਦੇ ਹਨ ਜਿਵੇਂ ਲੋਕਾਂ ਨੂੰ ਸ਼ੁਭ ਕਾਮਨਾ ਦੇ ਨਾਲ ਆਸ਼ੀਰਵਾਦ ਦੇ ਰਹੇ ਹੋਣ। ਇਹ ਪ੍ਰਾਚੀਨ ਡੱਲ ਝੀਲ ਅੱਜ ਦੀ ਆਧੁਨਿਕਤਾ ਦੇ ਪਹਿਰਾਵੇ ਵਿਚ ਕਸ਼ਮੀਰ ਦੀ ਸਭਿਅਤਾ ਨੂੰ ਅਮੀਰ ਕਰਨ ਵਿਚ ਹਮੇਸ਼ਾ ਤਤਪਰ ਰਹਿੰਦੀ ਹੈ।

ਸਵੇਰੇ ਸ਼ਾਮ ਹਵਾ ਵਿਚ ਹਲਕੀ ਸੁਰਸੁਰੀ ਜਿਸਮ ਵਿਚ ਇਕ ਅਲੌਕਿਕ ਆਨੰਦ ਦਾ ਅਹਿਸਾਸ ਦਿੰਦੀ ਹੋਈ ਪ੍ਰਤੀਤ ਹੁੰਦੀ ਹੈ। ਰਾਤ ਦੇ ਸਮੇਂ ਸ਼ਿਕਾਰੇ (ਬੇੜੀ) ਵਿਚ ਬੈਠ ਕੇ ਘੁੰਮਣ ਦਾ ਅਪਣਾ ਹੀ ਨਜ਼ਾਰਾ ਹੁੰਦਾ ਹੈ। ਰਾਤ ਦੇ ਸਮੇਂ ਚਮਚਮਾਂਦੀ ਰੌਸਨੀ ਵਿਚ ਚੰਦਰਮੇ ਦੀ ਠੰਢੀ ਲੋਅ ਵਿਚ ਸਾਰੀ ਝੀਲ ਦੁਲਹਨ ਵਾਂਗੂ ਸਜੀ ਲਗਦੀ ਹੈ। ਰਾਤ ਸਮੇਂ ਜਗਦੀ ਝੀਲ ਨੂੰ  ‘ਗੋਲਡਨ ਲੇਕ’ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਰਾਤ ਨੂੰ  ਝੀਲ ਵਿਚ ਪੈਂਦੀ ਰੌਸਨੀ ਇੰਝ ਪ੍ਰਤੀਤ ਹੁੰਦੀ ਹੈ ਜਿਵੇਂ ਸਾਰਾ ਪਾਣੀ ਹੀ ਜਗ-ਮਗ ਜਗ-ਮਗ ਰੌਸਨੀ ਦੇ ਰਿਹਾ ਹੋਵੇ। ਇਸ ਝੀਲ ਦੇ ਨਾਲ ਹੋਰ ਕਈ ਝੀਲਾਂ ਪੈਂਦੀਆਂ ਹਨ ਜੋ ਇਸ ਦਾ ਇਕ ਹਿੱਸਾ ਬਣੀਆਂ ਹਨ, ਜਿਸ ਤਰ੍ਹਾਂ ‘ਲੈਟਸ ਲੇਕ’, ‘ਗੁਲਫ਼ਾਮ ਲੇਕ’ ਅਤੇ ਹੋਰ ਕਈ ਝੀਲਾਂ।

ਝੀਲ ਵਿਚ ਥੋੜ੍ਹੀ ਦੂਰ ਸੱਜੇ ਖ਼ੱਬੇ ਬਹੁਤ ਵੱਡੀ ਮਾਰਕੀਟ ਬਣੀ ਹੋਈ ਹੈ। ਸਾਰੀ ਬੇੜੀ ਸਥਿਰ ਮਾਰਕੀਟ ਹੈ। ਵੱਡੇ ਆਕਾਰ ਦੀਆਂ ਬੇੜੀਆਂ ਵਿਚ ਅਪਣਾ ਹੀ ਮਜ਼ਾ ਹੁੰਦਾ ਹੈ ਜਿਵੇਂ ਮਨੁੱਖ ਜੰਨਤ ਵਿਚ ਉਤਰ ਆਇਆ ਹੋਵੇ। ਝੀਲ ਦੇ ਪਾਣੀ ਵਿਚ ਹੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਵੀ ਪੈਦਾ ਕੀਤੀਆਂ ਜਾਂਦੀਆਂ ਹਨ।  ਇਸ ਨੂੰ ‘ਵੈਜੀਟੇਬਲ ਲੈਂਡ’ ਕਹਿੰਦੇ ਹਨ। ਝੀਲ ਵਿਚਲੇ ਬਾਜ਼ਾਰ ਨੂੰ ਮੀਨਾ ਬਾਜ਼ਾਰ ਕਹਿੰਦੇ ਹਨ।

ਇਹ ਲਗਭਗ 25 ਕਿਲੋਮੀਟਰ ਲੰਮਾ ਹੈ। ਇਸ ਝੀਲ ਵਿਚ ਵੈਜੀਟੇਬਲ ਲੈਂਡ ਵਿਚ ਟਮਾਟਰ, ਕੱਦੂ, ਖੀਰਾ, ਖ਼ਰਬੂਜ਼ਾ ਆਦਿ ਸਬਜ਼ੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਇਸ ਸਾਰੀ ਝੀਲ ਨੂੰ ਵੇਖਣ ਲਈ ਲਗਭਗ ਦੋੋ ਦਿਨ ਲਗਦੇ ਹਨ। ਇਸ ਝੀਲ ਦੇ ਨਜਦੀਕ ਹੀ ਜਬਰਵਾਨ ਅਤੇ ਮਹਾਂਦੇਵ ਪਰਬਤ ਹਨ। ਪਹਾੜਾਂ ਦੀਆਂ ਚੋਟੀਆਂ ਉਪਰ ਸਾਰਾ ਸਾਲ ਬਰਫ਼ ਪਈ ਰਹਿੰਦੀ ਹੈ।

ਡੱਲ ਝੀਲ ਦੇ ਨਜ਼ਦੀਕ ਪਰੀ ਮਹਿਲ ਅਤੇ ਸੈਂਟਰ ਹੋਟਲ ਸਾਫ਼ ਨਜ਼ਰ ਆਉਂਦੇ ਹਨ। ਝੀਲ ਦੇ ਠੀਕ ਵਿਚਕਾਰ ਚਾਰ ਚਿਨਾਰ ਦਾ ਛੋਟਾ ਜਿਹਾ ਟਾਪੂ ਅਪਣੀ ਸੁੰਦਰਤਾ ਦਾ ਪਰਿਚੇ ਦਿੰਦਾ ਨਜ਼ਰ ਆਉਂਦਾ ਹੈ ਜਿਸ ਵਿਚ ਖ਼ੂਬਸੂਰਤ ਬਾਗ਼ ਅਪਣੀ ਪ੍ਰਤਿਭਾ ਦਰਸਾਉਂਦਾ ਨਜ਼ਰ ਆਉਂਦਾ ਹੈ। ਚਾਰ ਚਿਨਾਰ ਨੂੰ  ਵੇਖਣ ਲਈ ਕੇਵਲ ਸ਼ਿਕਾਰੇ ਉਪਰ ਹੀ ਜਾਇਆ ਜਾ ਸਕਦਾ ਹੈ।  ਨਹਿਰੂ ਪਾਰਕ ਜਾਣ ਲਈ ਵੀ ਸ਼ਿਕਾਰੇ ਦੀ ਜ਼ਰੂਰਤ ਪੈਂਦੀ ਹੈ। ਲਾਲ ਚੌਂਕ ਤੋਂ ਇਹ ਝੀਲ ਲਗਭਗ ਢਾਈ ਕਿਲੋਮੀਟਰ ਦੂਰ ਪੈਂਦੀ ਹੈ ਅਤੇ ਡੱਲ ਗੇਟ ਤੋਂ ਸ਼ੁਰੂ ਹੁੰਦੀ ਹੈ।

ਹਾਊਸ ਬੋਟਸ ਤਾਂ ਇਸ ਝੀਲ ਦੀ ਸੁੰਦਰਤਾ ਨੂੰ  ਜੰਨਤ ਦਾ ਦਰਜਾ ਦੇਣ ਦੀ ਗਵਾਹੀ ਭਰਦੇ ਹਨ। ਖ਼ੂਬਸੂਰਤ, ਸਾਜ ਸਜਾ ਨਾਲ ਸੰਵਰੇ, ਖ਼ੂਬਸੂਰਤ ਰੰਗ ਬਰੰਗੇ, ਦਿਲਕਸ਼ ਆਧੁਨਿਕ ਨਿਰਮਾਣ ਸ਼ੈਲੀ ਵਿਚ ਬਣੇ ਹਾਊਸ ਬੋਟਸ ਵਾਕਈ ਜੰਨਤ ਦਾ ਦੂਜਾ ਨਾਂ ਹਨ। ਇਹ ਖ਼ੂਬਸੂਰਤ ਹਾਊਸ ਬੋਟਸ ਝੀਲ ਦੇ ਕਿਨਾਰੇ ਕਿਨਾਰੇ ਇਕ ਲੰਮੀ ਲਾਈਨ ਵਿਚ ਖੜੇ ਯਾਤਰੀਆਂ ਦਾ ਸੈਲਾਨੀਆਂ ਦਾ ਖ਼ਾਮੋਸ਼ ਸਵਾਗਤ ਕਰਦੇ ਮਹਿਸੂਸ ਹੁੰਦੇ ਹਨ। ਕਮਰੇ ਅਤੇ ਸਹੂਲਤਾਂ ਹਾਊਸ ਬੋਟ ਦੇ ਆਕਾਰ ਤੇ ਬਣਾਵਟ ਉਪਰ ਨਿਰਭਰ ਕਰਦੇ ਹਨ।

ਇਕ ਹਾਊਸ ਬੋਟ ਵਿਚ ਦਸ ਤੋਂ ਬਾਰਾਂ ਵਿਅਕਤੀ ਰਹਿ ਸਕਦੇ ਹਨ। ਹਾਊਸ ਬੋਟ ਤਕ ਜਾਣ ਲਈ ਮਾਲਿਕ ਸ਼ਿਕਾਰਾ ਭੇਜਦੇ ਹਨ ਜਿਸ ਦਾ ਕਿਰਾਇਆ ਹਾਊਸ ਬੋਟ ਵਿਚ ਸ਼ਾਮਲ ਹੁੰਦਾ ਹੈ। ਸ਼ਾਮ ਨੂੰ  ਹਾਊਸ ਬੋਟ ਦੀ ਬਾਲਕਨੀ ਜਾਂ ਛੱਤ ਉਪਰ ਬੈਠ ਕੇ ਡੱਲ ਝੀਲ ਦਾ ਨਜ਼ਾਰਾ ਲਿਆ ਜਾ ਸਕਦਾ ਹੈ। ਇਥੋਂ ਫ਼ੋਟੋਗ੍ਰਾਫ਼ੀ ਦਾ ਅਪਣਾ ਹੀ ਲੁਤਫ਼ ਹੁੰਦਾ ਹੈ। ਰਾਤ ਦਾ ਨਜ਼ਾਰਾ ਤਾਂ ਕਮਾਲ ਦਾ ਹੁੰਦਾ ਹੈ। ਕਿਸੇ ਜੰਨਤ ਦਾ ਅਹਿਸਾਸ ਪ੍ਰਤੀਤ ਹੁੰਦਾ ਹੈ। ਕੱੁਝ ਘਰ ਵੀ ਹਾਊਸ ਬੋਟ ਵਿਚ ਲੋਕਾਂ ਨੇ ਬਣਾਏ ਹੋਏ ਹਨ ਜਿਨ੍ਹਾਂ ਦਾ ਸਾਰਾ ਜੀਵਨ ਇਨ੍ਹਾਂ ਵਿਚ ਹੀ ਨਿਕਲ ਜਾਂਦਾ ਹੈ।

ਝੀਲ ਵਿਚ ਬੋਟਨੁਮਾ ਦੁਕਾਨਾਂ ਤੋਂ ਹਰ ਚੀਜ਼ ਮਿਲ ਜਾਂਦੀ ਹੈ ਜਿਸ ਤਰ੍ਹਾਂ ਕਸ਼ਮੀਰੀ ਕਲਾ ਦੀਆਂ ਚੀਜ਼ਾਂ, ਕਸ਼ਮੀਰੀ ਸ਼ਾਲ, ਕਾਲੀਨ, ਕੇਸਰ ਅਤੇ ਪੇਪਰਕਾਸੀ ਦਾ ਸਾਮਾਨ ਦੁਕਾਨਦਾਰ ਸ਼ਿਕਾਰੇ ਵਿਚ ਭਰ ਕੇ ਤੁਹਾਡੇ ਹਾਊਸ ਬੋਟ ਵਿਚ ਹੀ ਆ ਜਾਂਦੇ ਹਨ। ਸ਼ਿਕਾਰਿਆ ਵਿਚ ਹੀ ਸਾਮਾਨ ਮਿਲਦਾ ਹੈ ਜੋ ਤੈਰਦੇ ਸ਼ਿਕਾਰਿਆਂ ਵਿਚ ਵੇਚਿਆ ਜਾਂਦਾ ਹੈ। ਡੱਲ ਝੀਲ ਵਿਚ ਲਗਭਗ 300 ਕੁਦਰਤੀ ਝਰਨੇ ਫੁੱਟਦੇ ਹਨ ਜੋ ਅਪਣੇ ਆਪ ਜ਼ਮੀਨ ਵਿਚੋਂ ਫੁੱਟਦੇ ਹਨ। ਝੀਲ ਵਿਚ ਅਨੇਕਾਂ ਹੀ ਤਰਤੀਬਮਈ ਦਿਲਕਸ਼ ਫ਼ੁਆਰਿਆਂ ਦਾ ਨਜ਼ਾਰਾ ਵੀ ਵੇਖਣਯੋਗ ਹੁੰਦਾ ਹੈ ਜੋ ਡੱਲ ਝੀਲ ਦੇ ਆਸ ਪਾਸ ਅਤੇ ਇਸ ਅੰਦਰ ਸੁੰਦਰ ਦ੍ਰਿਸ਼ਾਵਲੀਆਂ ਦਾ ਅਦਭੁੱਤ ਨਜ਼ਾਰਾ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਜੰਨਤ ਦੇ ਮਾਲਕ ਨੇ ਕਿਸੇ ਹਰਕਾਰੇ ਦੇ ਹੱਥ ਜੰਨਤ ਕਸ਼ਮੀਰ ਵਿਖੇ ਭੇਜ ਦਿਤੀ ਜਾਵੇ।

ਕਸ਼ਮੀਰ ਵਿਖੇ ਅਨੇਕਾਂ ਸਥਾਨ ਵੇਖਣਯੋਗ ਹਨ ਖ਼ਾਸ ਕਰ ਕੇ, ਮੁਗ਼ਲ ਬਾਗ਼, ਚਸ਼ਮੇਸ਼ਾਹੀ ਬਾਗ਼, ਨਿਸਾਤ ਬਾਗ਼, ਸ਼ਾਲੀਮਾਰ ਬਾਗ ਅਤੇ 90 ਕਿਲੋਮੀਟਰ ਪਹਿਲਗਾਮ ਚੰਦਨਵਾੜੀ, ਗੁਲ ਮਰਗ, ਸੋਨ ਮਰਗ, ਅੱਲਾ ਪਤਰੀ ਬੇਤਾਬ ਵੈਲੀ ਪਹਾੜ, ਆੜੂ ਵੈਲੀ, ਟੂਲਿਪ ਬਾਗ਼ ਅਤੇ ਕਈ ਵੈਲੀਆਂ ਵੇਖਣ ਯੋਗ ਹਨ।
ਇਸ ਦੇ ਆਸ ਪਾਸ ਤੇ ਕੱੁਝ ਦੂਰੀ ਉਪਰ ਵੇਖਣ ਵਾਲੇ ਅਨੇਕਾਂ ਹੀ ਸਥਾਨ ਹਨ : ਹਜ਼ਰਤ ਮਸਜਿਦ, ਸ਼ੰਕਰਚਾਰੀਆ ਮੰਦਰ, ਹਰੀ ਪਰਬਤ ਕਿਲ੍ਹਾ, ਹਾਰਵਨ ਬਾਗ਼, ਪਰੀ ਮਹਿਲ, ਜਾਮਾ ਮਸਜਿਦ, ਹਨੂਮਾਨ ਮੰਦਰ, ਪਾਮਪਰ (ਕੇਸਰ ਵਾਲੀ ਜ਼ਮੀਨ), ਮਟਨ

 ਜੇਸ਼ਠ ਮਾਤਾ ਮੰਦਰ, ਖੀਰ ਭਵਦੀ ਮੰਦਰ, ਅੱਛਾਬਲ, ਯੁਸਮਰਗ, ਤੰਗ ਮਰਗ, ਅਵਾਂਤਪੁਰ, ਨੂਨ-ਕੂਨ, ਸੋਨਾ ਮਰਗ ਤੋਂ ਇਲਾਵਾ ਅਨੇਕਾਂ ਧਾਰਮਕ ਸਥਾਨ ਵੇਖਣਯੋਗ ਹਨ। ਕਸ਼ਮੀਰ ਵਿਖੇ ਇਕ ਬਹੁਤ ਵੱਡਾ ਗੁਰਦੁਆਰਾ ਹੈ ਬਰਜਲਾ ਬਾਗਾ, ਸ਼ਹੀਦ ਬੂੰਗਾ ਗੁਰਦੁਆਰਾ (ਹੋਲੀ ਸਿਟੀ ਰਾਮ ਤੀਰਥ ਰੋਡ)। ਇਸ ਗੁਰਦੁਆਰੇ ਵਿਚ ਸੈਲਾਨੀ ਤਿੰਨ ਦਿਨਾਂ ਤਕ ਮੁਫ਼ਤ ਰਹਿ ਸਕਦੇ ਹਨ।     

ਕਸ਼ਮੀਰ ਵਿਖੇ ਅਨੇਕਾਂ ਹੀ ਸਥਾਨ ‘ਨਾਗ’ ਦੇ ਨਾਂ ਨਾਲ ਪ੍ਰਸਿੱਧ ਹਨ ਜਿਸ ਤਰ੍ਹਾਂ ਵੈਰੀ ਨਾਗ, ਅਨੰਤ ਨਾਗ ਆਦਿ। ਕਸ਼ਯਪ ਤੋਂ ਬਾਅਦ ਸੂਰਜ ਗੱਦੀ ਉਪਰ ਬੈਠਾ। ਇਸ ਦੇ ਭਰਾ ਅਪਣੇ ਸੌਤੋਲੇ ਭਰਾਵਾਂ ਨੀਲ, ਪਦਮ ਅਤੇ ਸਾਂਖ ਨੂੰ ਕਰੋਧੀ ਸੁਭਾਅ ਹੋਣ ਦੇ ਕਾਰਨ ਨਾਗ ਕਹਿ ਕੇ ਬੁਲਾਉਣ ਲੱਗੇ ਅਤੇ ਇਸ ਨੂੰ ਸਤੀ ਸਰਸ (ਕਸ਼ਮੀਰ) ਦਾ ਇਲਾਕਾ ਦੇ ਕੇ ਅਲੱਗ ਕਰ ਦਿਤਾ।

ਅੱਜ ਵੀ ਕਸ਼ਮੀਰ ਦੇ ਚਸ਼ਮਿਆਂ ਦਾ ਨਾਂ ਇਨ੍ਹਾਂ ਦੇ ਨਾਂ ਉਪਰ ਪ੍ਰਸਿੱਧ ਹਨ ਜਿਵੇਂ ਵੈਰੀ ਨਾਗ, ਅਨੰਤ ਨਾਗ ਆਦਿ।
ਭਾਰਤ ਦਾ ਤਾਜ ਕਿਹਾ ਜਾਣ ਵਾਲਾ ਕਸ਼ਮੀਰ ਅਪਣੇ ਗੌਰਵਮਈ ਇਤਿਹਾਸ ਅਤੇ ਕੁਦਰਤੀ ਖ਼ੂਬਸੂਰਤੀ ਨਾਲ ਖੈਰ ਖਵਾਹੀ ਦਿੰਦਾ ਹੋਇਆ ਵਿਸ਼ਵ ਭਰ ਵਿਚ ਸੈਲਾਨੀਆਂ ਦਾ ਪਸੰਦੀਦਾ ਗੁਲਫ਼ਾਮ ਸਥਾਨ ਹੈ।

ਈਸਾ ਪੂਰਵ ਤੀਜੀ ਸ਼ਤਾਬਦੀ ਵਿਚ ਸਮਰਾਟ ਅਸ਼ੋਕ ਨੇ ਕਸ਼ਮੀਰ ਵਿਚ ਬੁੱਧ ਧਰਮ ਦਾ ਪ੍ਰਚਾਰ ਕੀਤਾ। ਬਾਅਦ ਵਿਚ ਮਹਾਰਾਜਾ ਕਨਿਸ਼ਕ ਨੇ ਇਸ ਦੀਆਂ ਜੜ੍ਹਾਂ ਹੋਰ ਮਜ਼ਬੂਤ ਕੀਤੀਆਂ। ਤੇਰ੍ਹਵੀਂ ਸ਼ਤਾਬਦੀ ਵਿਚ ਕਸ਼ਮੀਰ ਉਤੇ ‘ਹੂਣਾਂ’ ਦਾ ਅਧਿਕਾਰ ਰਿਹਾ। ਕਸ਼ਮੀਰ ਦੇ ਹਿੰਦੂ ਰਾਜਿਆਂ ਵਿਚ ਲਲਿਤਾ ਦਿਤਯ ਸੱਭ ਤੋਂ ਪ੍ਰਸਿੱਧ ਰਾਜਾ ਹੋਇਆ। ਇਥੇ ਇਸਲਾਮ ਦਾ ਆਗਮਨ 13ਵੀਂ ਅਤੇ 14ਵੀਂ ਸਦੀ ਵਿਚ ਹੋਇਆ ਹੈ ਅਤੇ 63 ਸਾਲਾਂ ਤਕ ਇਸ ਰਾਜ ਉਤੇ ਪਠਾਣਾਂ ਦਾ ਸ਼ਾਸਨ ਰਿਹਾ।

ਬਾਅਦ ਵਿਚ ਡੋਗਰਾ ਸ਼ਾਸਕ ਰਾਜਾ ਮਾਲਦੇਵ ਨੇ ਕਈ ਇਲਾਕੇ ਜਿੱਤ ਕੇ ਅਪਣੇ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਪੰਜਾਬ ਦੇ ਸ਼ਾਸਕ ਰਾਜਾ ਰਣਜੀਤ ਸਿੰਘ ਨੇ ਇਸ ਨੂੰ ਅਪਣੇ ਰਾਜ ਵਿਚ ਮਿਲਾ ਲਿਆ। ਇਸ ਤੋਂ ਬਾਅਦ ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਦੀ ਭਾਰਤੀ ਸੰਘ ਦੇ ਇਕ ਸਮੂਹ ਉਪਰ ਦਸਤਖ਼ਤ ਕੀਤੇ।

ਜੰਮੂ ਕਸ਼ਮੀਰ ਰਾਜ ਦੀ ਲਗਭਗ 80 ਫ਼ੀ ਸਦੀ ਜਨਸੰਖਿਆ ਖੇਤੀਬਾੜੀ/ਬਾਗ਼ਬਾਨੀ (ਕਾਸ਼ਤਕਾਰੀ) ਉਪਰ ਨਿਰਭਰ ਹੈ। ਇਥੇ ਬੋਲੀ ਜਾਣ ਵਾਲੀ ਪ੍ਰਮੱਖ ਭਾਸ਼ਾ ਉਰਦੂ ਹੈ ਅਤੇ ਕਸ਼ਮੀਰੀ, ਡੋਗਰੀ, ਹਿੰਦੀ, ਪੰਜਾਬੀ, ਲੱਦਾਖੀ ਆਦਿ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ।
ਲਗਭਗ 1,01,387 ਵਰਗ ਕਿਲੋਮੀਟਰ ਖੇਤਰਫਲ ਵਿਚ ਫੈਲਿਆ ਇਹ ਰਾਜ ਸੈਲਾਨੀਆਂ ਦੀ ਦ੍ਰਿਸ਼ਟੀ ਵਿਚ ਬੇਹੱਦ ਮਹੱਤਵਪੂਰਨ, ਅਦਭੁੱਤ ਸਥਾਨ ਹੈ। ਇਥੇ ਮੁਗ਼ਲ ਬਾਦਸ਼ਾਹਾਂ ਦੁਆਰਾ ਨਿਰਮਿਤ ਬਾਗ਼ ਬਗੀਚੇ ਅਪਣੀ ਅਦਭੁਤ ਸੁੰਦਰਤਾ ਲਈ ਵਿਸ਼ਵ ਪ੍ਰਸਿੱਧ ਹਨ। ਇਸ ਕਰ ਕੇ ਲੱਦਾਖ ਸਥਿੱਤ ਬੁੱਧ ਮੰਦਰ ਅਤੇ ਮਠ ਸਥਾਪਤ ਕਲਾ ਦੀ ਬੈਕੁੰਠ ਦਰਸ਼ੀ ਮਿਸਾਲ ਹੈ।
ਕੁਦਰਤੀ ਖ਼ੂਬਸੂਰਤੀ ਨਾਲ ਮਾਲਾਮਾਲ ਇਥੋਂ ਦੀਆਂ ਮਨੋਹਰ ਵਾਦੀਆਂ ਨੂੰ  ਵੇਖ ਕੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਇਸ ਨੂੰ ਧਰਤੀ ਉਪਰ ਸਵਰਗ ਦਾ ਨਾਂ ਦਿਤਾ ਸੀ। ਦੁਧੀਆ ਦ੍ਰਿਸ਼ਾਵਲੀਆਂ, ਅਦਭੁਤ ਮਨਮੋਹਣੀਆਂ ਵਾਦੀਆਂ ਵਿਚ ਆ ਕੇ ਕਿਸੇ ਦਾ ਵੀ ਤਨ ਮਨ ਭਾਵ-ਵਿਭੋਰ ਹੋਏ ਬਿਨਾ ਨਹੀਂ ਰਹਿੰਦਾ। ਬਰਫ਼ ਨਾਲ ਭਰੀਆਂ ਪਹਾੜੀਆਂ, ਝਰਨੇ, ਹਰੇ ਭਰੇ ਬਾਗ਼, ਚਮਕਦੀਆਂ ਝੀਲਾਂ, ਚਿਨਾਰ ਦੇ ਰੁੱਖ ਅਤੇ ਅਨੇਕਾਂ ਪ੍ਰਕਾਰ ਦੇ ਫਲ, ਫੁੱਲ, ਚਾਰ ਸੌ ਸਾਲ ਪੁਰਾਣੇ ਰੁੱਖ, ਨਾਗਿਨ ਝੀਲ ਇਸ ਦੀ ਸੁੰਦਰਤਾ ਨੂੰ  ਚਾਰ ਚੰਨ ਲਗਾ ਰਹੇ ਹਨ।

ਸੂਫ਼ੀ ਸੰਤਾਂ ਦੀਆਂ ਅਨੇਕਾਂ ਪਵਿੱਤਰ ਦਰਗਾਹਾਂ, ਜੈਨ ੳਲਦੀਨ ਸ਼ਾਹ ਜ਼ੈਰਤ (ਰਿਸ਼ੀ ਸੀ), ਮਹਿਜੂਰ ਦਾ ਕਬਰਿਸਤਾਨ, ਜਾਮੀਆ ਮਸਜ਼ਿਦ, ਹਜ਼ਰਤ ਬਲ, ਹਿੰਦੂਆਂ ਤੇ ਸਿੱਖਾਂ ਦੇ ਤੀਰਥ ਸਥਾਨ ਆਦਿ ਇਸ ਧਰਤੀ ਨੂੰ ਪਵਿੱਤਰਤਾ ਦਿੰਦੇ ਹੋਏ ਆਸ਼ੀਰਵਾਦ ਦੇ ਰਹੇ ਹਨ। ਸ਼੍ਰੀਨਗਰ ਸ਼ਹਿਰ ਜਿਹਲਮ ਨਦੀ ਦੇ ਦੋਵਾਂ ਕਿਨਾਰਿਆਂ ਉਪਰ ਵਸਿਆ ਹੋਇਆ ਹੈ। ਸ਼੍ਰੀਨਗਰ ਨੂੰ  ਵਿਸ਼ੇਸ਼ ਤੌਰ ’ਤੇ ਫਲਾਂ ਫੁੱਲਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ।

ਇਸ ਧਰਤੀ ਉਪਰ ਕੁਦਰਤ ਦੀ ਏਨੀ ਬਖ਼ਸ਼ਿਸ ਹੈ ਕਿ ਅਨੇਕਾਂ ਬਾਗ਼ ਇਸ ਧਰਤੀ ਦੇ ਹਿੱਸੇ ਆਏ ਹਨ। ਖ਼ਾਸ ਕਰ ਕੇ ਸੇਬਾਂ ਦੇ ਕਈ ਕਈ ਮੀਲ ਲੰਮੇ ਬਾਗ਼ ਵਿਸ਼ੇਸ਼ ਤੌਰ ’ਤੇ ਕਈ ਮੀਲ ਲੰਮੀ ‘ਐਪਲ ਵੈਲੀ’ (ਸੇਬ ਘਾਟੀ) ਕਸਬਾ ਕਲਿਆਣ ਵਿਖੇ ਹੈ ਜਿਥੇ ਸਾਰੀ ਧਰਤੀ ਬਾਗ਼ਾਂ ਨੇ ਜੰਨਤ ਬਣਾ ਰੱਖੀ ਹੈ। ਅਖਰੋਟ ਦੇ ਵੱਡੇ ਰੁੱਖਾਂ ਦੇ ਬਾਗ ਤੋਂ ਇਲਾਵਾ ਇਥੇ ਹਰ ਤਰ੍ਹਾਂ ਦਾ ਫਰੂਟ ਹੁੰਦਾ ਹੈ। ਖ਼ਾਸ ਕਰ ਕੇ ਪਾਮ ਕਸਬੇ ਵਿਖੇ ਕੇਸਰ ਦੀ ਖੇਤੀ ਹੁੰਦੀ ਹੈ। ਦੁਨੀਆਂ ਵਿਚ ਇਸ ਸਥਾਨ ਦੀ ਮਹੱਤਤਾ ਹੈ। ਇਹ ਕੇਸਰ ਦੇਸ਼-ਵਿਦੇਸ਼ ਤਕ ਜਾਂਦਾ ਹੈ। ਇਸ ਧਰਤੀ ਨੂੰ ਮਾਲਾ ਮਾਲ ਕੀਤਾ ਹੈ ਕੁਦਰਤ ਨੇ। ਸਾਰਾ ਇਲਾਕਾ ਬਿਲਕੁਲ ਪੱਧਰਾ ਹੈ।

ਕਸ਼ਮੀਰ ਅਪਣੀ ਅਦਭੁਤ ਸੁੰਦਰਤਾ ਨਾਲ ਮਾਲਾਮਾਲ ਹੈ। ਕਿਸੇ ਸਮੇਂ ਇਹ ਭਾਰਤ ਦਾ ਸੱਭ ਤੋਂ ਕਮਾਊ ਸ਼ਹਿਰ ਸੀ। ਦੇਸ਼-ਵਿਦੇਸ਼ ਦੇ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਸੀ। ਇੱਥੇ ਅੱਜਕਲ ਲੋਕ ਮਾਹੌਲ ਨੂੰ  ਵੇਖਦੇ ਹੋਏ ਡਰਦੇ ਨਹੀਂ ਜਾਂਦੇ। ਇਥੋਂ ਦੇ ਲੋਕਾਂ ਦਾ ਵਪਾਰ ਮੱਧਮ ਪੈ ਗਿਆ ਹੈ। ਖ਼ਾਸ ਕਰ ਕੇ ਡੱਲ ਝੀਲ ਦੇ ਸ਼ਿਕਾਰੇ ਤੇ ਹਾਊਸ ਬੋਟਾਂ ਦੀ ਹਾਲਤ ਤਰਸਯੋਗ ਹੋ ਗਈ ਹੈ। ਫ਼ਾਈਵ ਸਟਾਰ ਵਰਗੇ ਹਾਊਸ ਬੋਟਸ ਦਾ ਵੀ ਮਾੜਾ ਹਾਲ ਹੈ। ਟਾਵੇਂ-ਟਾਵੇਂ ਲੋਕ ਹੀ ਇਥੇ ਆਉਂਦੇ ਹਨ। ਬੇਸ਼ੱਕ ਪ੍ਰਸ਼ਾਸਨ ਦੁਆਰਾ ਸੁਰਖਿਆ ਦੇ ਕਰੜੇ ਪ੍ਰਬੰਧ ਹਨ ਪਰ ਮਾਹੌਲ ਤੋਂ ਡਰ ਕੇ ਲੋਕ ਘੱਟ ਹੀ ਜਾਂਦੇ ਹਨ। ਆਮ ਜਨਤਾ ਵਲੋਂ ਸੈਲਾਨੀਆਂ ਦੀ ਪੂਰੀ ਇੱਜ਼ਤ ਹੁੰਦੀ ਹੈ। ਫਿਰ ਵੀ ਕਸ਼ਮੀਰ ਕਸਮੀਰ ਹੀ ਹੈ। ਇਸ ਧਰਤੀ ਦਾ ਅਦਭੁਤ ਬੈਕੁੰਠ।

ਬਲਵਿੰਦਰ ‘ਬਾਲਮ’
ਮੋ. 98156-25409

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement