
ਪਿਛਲੇ ਦਿਨੀਂ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਵਿਚ ਕੱੁਝ ਗ਼ਰੀਬ ਮਾਪਿਆਂ ਦੀਆਂ ਉੱਚ ਵਿਦਿਆ ਪ੍ਰਾਪਤ ਕਰ ਚੁੱਕੀਆਂ ਨੌਜੁਆਨ ਧੀਆਂ ਬੇਰੁਜ਼ਗਾਰੀ ਦੀ ਮਾਰ ਕਾਰਨ
ਪਿਛਲੇ ਦਿਨੀਂ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਵਿਚ ਕੁੱਝ ਗ਼ਰੀਬ ਮਾਪਿਆਂ ਦੀਆਂ ਉੱਚ ਵਿਦਿਆ ਪ੍ਰਾਪਤ ਕਰ ਚੁੱਕੀਆਂ ਨੌਜੁਆਨ ਧੀਆਂ ਬੇਰੁਜ਼ਗਾਰੀ ਦੀ ਮਾਰ ਕਾਰਨ ਅਜਕਲ ਅਪਣੇ ਮਾਪਿਆਂ ਨਾਲ ਰਲ ਕੇ ਝੋਨਾ ਲਗਵਾਉਣ ਲਈ ਮਜਬੂਰ ਹੋ ਰਹੀਆਂ ਹਨ। ਇਸ ਸਾਰੀ ਘਟਨਾ ਦੀ ਵੀਡੀਉ ਵੀ ਸੋਸ਼ਲ ਮੀਡੀਆ ਉਪਰ ਨਸ਼ਰ ਹੋਈ ਅਤੇ ਇਕ ਨਾਮਵਰ ਅਖ਼ਬਾਰ ਦੇ ਪੱਤਰਕਾਰ ਨੇ ਵੀ ਇਨ੍ਹਾਂ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਮੌਕੇ ਤੇ ਕੀਤੀ ਗੱਲਬਾਤ ਦਾ ਵੇਰਵਾ ਅਪਣੀ ਅਖ਼ਬਾਰ ਵਿਚ ਇੰਜ ਛਾਪਿਆ ਕਿ ਇਹ ‘ਖੇਤਾਂ ਦੇ ਪੁੱਤਰ ਬਣੀਆਂ ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਧੀਆਂ ਦੇ ਤੰਗੀ ਤੁਰਸ਼ੀ ਝੱਲ ਰਹੇ ਮਾਪੇ ਨਾ ਚਾਹੁੰਦੇ ਹੋਏ ਵੀ ਅਪਣੀਆਂ ਪੜ੍ਹੀਆਂ ਲਿਖੀਆਂ ਧੀਆਂ ਤੋਂ ਖੇਤਾਂ ਵਿਚ ਝੋਨਾ ਲਗਵਾਉਣ ਲਈ ਮਜਬੂਰ ਹਨ।’
Daughter
ਇਨ੍ਹਾਂ ਵਿਚ ਭੈਣੀ ਛੱਤੇ ਪਿੰਡ ਦੇ ਮਜ਼ਦੂਰ ਪ੍ਰਵਾਰ ਦੀ ਲੜਕੀ ਸਿਮਰਜੀਤ ਕੌਰ ਜੋ ਐਮ.ਏ. ਬੀ.ਐਡ ਦੇ ਨਾਲ ਟੈਟ ਪਾਸ ਹੈ, ਸਰਕਾਰ ਤੋਂ ਨੌਕਰੀ ਨਾ ਮਿਲਣ ਕਾਰਨ ਹੁਣ ਮਾਪਿਆਂ ਵਲੋਂ ਕਰਜ਼ਾ ਚੁੱਕ ਕੇ ਐਮ.ਐੱਡ ਦੀ ਪੜ੍ਹਾਈ ਕੀਤੇ ਜਾਣ ਦੇ ਨਾਲ ਹੀ ਅਪਣੇ ਪ੍ਰਵਾਰ ਨਾਲ ਖੇਤਾਂ ਵਿਚ ਝੋਨਾ ਲੁਵਾ ਰਹੀ ਹੈ। ਉਸ ਦੇ ਤਾਏ ਦੀ ਲੜਕੀ ਅਮਨਦੀਪ ਕੌਰ ਵੀ ਐਮ.ਏ. ਬੀ.ਐੱਡ ਪਾਸ ਹੈ ਤੇ ਮਾਪਿਆਂ ਨਾਲ ਖੇਤਾਂ ਵਿਚ ਅਪਣੀ ਭੈਣ ਵਾਂਗ ਹੀ ਦਿਹਾੜੀ ਕਰ ਰਹੀ ਹੈ। ਪਿੰਡ ਨਰਾਇਣਗੜ੍ਹ ਸੋਹੀਆਂ ਦੇ ਮਜ਼ਦੂਰ ਦੀ ਧੀ ਅਮਰਜੀਤ ਕੌਰ ਐਮ.ਏ. ਪੰਜਾਬੀ ਦੀ ਪੜ੍ਹਾਈ ਕਰ ਰਹੀ ਹੈ
File Photo
ਪਰ ਤਾਲਾਬੰਦੀ ਨੇ ਘਰ ਦੀ ਆਰਥਕਤਾ ਨੂੰ ਭਾਰੀ ਸੱਟ ਮਾਰੀ ਤੇ ਹੁਣ ਉਹ ਅਪਣੇ ਮਾਪਿਆਂ ਨਾਲ ਝੋਨਾ ਲਗਾਉਣ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਮਾਪਿਆਂ ਦੀ ਤੰਗੀ ਤੁਰਸ਼ੀ ਤੇ ਸਰਕਾਰ ਵਲੋਂ ਕੋਈ ਨੌਕਰੀ ਨਾ ਮਿਲਣ ਕਾਰਨ ਅਜਿਹੀ ਮਜ਼ਦੂਰੀ ਕਰਨ ਵਿਚ ਮੈਨੂੰ ਕੋਈ ਹਰਜ ਨਹੀਂ ਤੇ ਇਸ ਤੋਂ ਹੋਈ ਕਮਾਈ ਨਾਲ ਉਹ ਅਪਣੀ ਪੜ੍ਹਾਈ ਦਾ ਖ਼ਰਚਾ ਵੀ ਚੁੱਕੇਗੀ ਤੇ ਪ੍ਰਵਾਰ ਦੀ ਕੁੱਝ ਮਦਦ ਵੀ ਹੋਵੇਗੀ। ਪਿੰਡ ਬੀਹਲਾ ਦੀ ਅਮਨਦੀਪ ਕੌਰ ਬੀ.ਟੈੱਕ ਪਾਸ ਹੈ ਜੋ ਨੌਕਰੀ ਨਾ ਮਿਲਣ ਕਾਰਨ ਮਾਪਿਆਂ ਨਾਲ ਝੋਨਾ ਲੁਆ ਰਹੀ ਹੈ।
Harsimrat Badal
ਅਜਿਹੇ ਤਰਸਯੋਗ ਹਾਲਾਤ ਵਿਚ ਹੀ ਇਕ ਹੋਰ ਬੇਰੁਜ਼ਗਾਰ ਲੜਕੀ ਹੈ ਜੋ ਜੀ.ਐਨ.ਐਮ., ਬੀ.ਐਸ.ਸੀ. ਨਰਸਿੰਗ ਪਾਸ ਹੈ। ਇਹ ਸਾਰਾ ਸੀਨ ਸਾਡੇ ਲੋਕਤੰਤਰੀ ਦੇਸ਼ ਵਿਚ ਅੱਜ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਬਹੁਤ ਦਰਦਨਾਕ ਹੈ। ਬੇਸ਼ਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ‘ਬੇਟੀ ਬਚਾਉ ਤੇ ਬੇਟੀ ਪੜ੍ਹਾਉ’ ਦਾ ਹੋਕਾ ਦਿਤਾ ਜਾ ਰਿਹਾ ਹੈ ਤੇ ਸਾਡੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਵੀ ਇਹ ਨੰਨ੍ਹੀ ਛਾਂ ਅਤੇ ਬੇਟੀ ਬਚਾਉ, ਬੇਟੀ ਪੜ੍ਹਾਉ ਦੇ ਮਿਸ਼ਨ ਦਾ ਨਾਹਰਾ ਤੇ ਪ੍ਰਚਾਰ ਵੀ ਬੜੇ ਸਾਲਾਂ ਤੋਂ ਕੀਤਾ ਜਾ ਰਿਹਾ ਹੈ,
File Photo
ਪਰ ਸਾਡੇ ਗੁਰੂਆਂ ਦੀ ਧਰਤੀ ਪੰਜਾਬ ਵਿਚ ਹਰ ਗ਼ਰੀਬ ਮਜ਼ਦੂਰ ਮਾਂ-ਬਾਪ ਨੇ ਮਿਹਨਤ ਮਜ਼ਦੂਰੀ ਕਰ ਕੇ ਰੁੱਖੀ ਸੁੱਕੀ ਖਾ ਕੇ ਭੁੱਖ ਪਿਆਸ ਝੱਲ ਕੇ ਤੇ ਕਰਜ਼ਾ ਚੁੱਕ ਕੇ ਅਪਣੀਆਂ ਧੀਆਂ ਨੂੰ ਮਹਿੰਗੀ ਪੜ੍ਹਾਈ ਕਰਵਾਉਣ ਦੀ ਹਿੰਮਤ ਕੀਤੀ ਤੇ ਫਿਰ ਅੱਗੋਂ ਇਨ੍ਹਾਂ ਧੀਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਉੱਚ ਡਿਗਰੀਆਂ ਪ੍ਰਾਪਤ ਕਰਨ ਵਿਚ, ਇਸ ਉਮੀਦ ਨਾਲ ਕਿ ਇਸ ਉੱਚ ਯੋਗਤਾ ਨਾਲ ਸਾਨੂੰ ਇਸੇ ਪੱਧਰ ਦੀ ਨੌਕਰੀ ਮਿਲ ਜਾਵੇਗੀ।
File
ਇਵੇਂ ਹੀ ਇਨ੍ਹਾਂ ਧੀਆਂ ਦੇ ਮਾਪੇ ਵੀ ਸੋਚ ਰਹੇ ਸਨ ਕਿ ਸਾਡੀਆਂ ਧੀਆਂ ਚੰਗੀ ਨੌਕਰੀ ਮਿਲਣ ਕਾਰਨ ਕਰਜ਼ਾ ਉਤਾਰਨ ਵਿਚ ਵੀ ਸਹਾਈ ਹੋਣਗੀਆਂ। ਪੜ੍ਹਾਈ ਲਿਖਾਈ ਨਾਲ ਉਨ੍ਹਾਂ ਦੇ ਵਿਆਹ ਬਰਾਬਰ ਦੇ ਪੜ੍ਹੇ ਲਿਖੇ ਨੌਕਰੀ ਲੱਗੇ ਮੁੰਡਿਆਂ ਨਾਲ ਹੋ ਜਾਣਗੇ ਜਿਸ ਨਾਲ ਸਾਡਾ ਇਲਾਕੇ ਵਿਚ ਮਾਣ ਵਧੇਗਾ ਤੇ ਅਸੀ ਸੌਖੇ ਵੀ ਹੋ ਜਾਵਾਂਗੇ। ਪ੍ਰੰਤੂ ਉਨ੍ਹਾਂ ਨੂੰ ਕੀ ਪਤਾ ਸੀ ਕਿ ਸਾਡੀ ਪ੍ਰੇਸ਼ਾਨੀ ਤਾਂ ਸਗੋਂ ਹੋਰ ਵਧੇਗੀ, ਜਦੋਂ ਸਾਡੀਆਂ ਇਹੀ ਧੀਆਂ ਏਨਾ ਪੜ੍ਹ ਲਿਖ ਕੇ ਵੀ ਸਾਡੇ ਸਾਹਮਣੇ ਖੇਤਾਂ ਵਿਚ ਦਿਹਾੜੀ-ਮਜ਼ਦੂਰੀ ਵਜੋਂ ਕੜਕਦੀ ਧੁੱਪ ਤੇ ਤੱਤੇ ਪਾਣੀ ਵਿਚ ਝੋਨਾ ਲਗਾਉਣਗੀਆਂ। ਬਿਲਕੁਲ ਵਿਚਾਰਣਯੋਗ ਦਾਸਤਾਨ ਹੈ ਇਨ੍ਹਾਂ ਮਾਪਿਆਂ ਦੀ।
Rozana Spokesman
ਇਸੇ ਤਰ੍ਹਾਂ ਹੀ ਇਕ ਹੋਰ ਦਰਦਨਾਕ ਦਾਸਤਾਨ ਰੋਜ਼ਾਨਾ ਸਪੋਕਸਮੈਨ ਵਿਚ ਛਪੀ ਹੈ ਕਿ ਪਟਿਆਲੇ ਦੀ ਇਕ ਵੇਟਲਿਫ਼ਟਿੰਗ ਵਿਚ ਰਾਸ਼ਟਰੀ ਪੱਧਰ ਦਾ ਗੋਲਡ ਮੈਡਲ ਪ੍ਰਾਪਤ ਕਰ ਚੁੱਕੀ ਖਿਡਾਰਨ ਅੰਮ੍ਰਿਤ ਕੌਰ ਬੇਰੁਜ਼ਗਾਰੀ ਕਾਰਨ ਗ਼ੁਰਬਤ ਭਰੀ ਜ਼ਿੰਦਗੀ ਬਸਰ ਕਰਦੇ ਹੋਏ ਸਾਈਕਲ ਉਪਰ ਬ੍ਰੈਡ ਤੇ ਦੁਧ ਗਲੀ-ਗਲੀ ਜਾ ਕੇ ਵੇਚ ਰਹੀ ਹੈ। ਅੰਮ੍ਰਿਤ ਕੌਰ ਦਾ ਕਹਿਣਾ ਹੈ ਕਿ ਉਸ ਨੇ ਵੇਟਲੀਫ਼ਟਿੰਗ ਮੁਕਾਬਲਿਆਂ ਵਿਚ ਰਾਸ਼ਟਰੀ ਪੱਧਰ ਦੇ ਸੋਨ ਤਗਮੇ ਹਾਸਲ ਕੀਤੇ ਤਾਂ ਉਸ ਨੂੰ ਅਪਣੇ ਉਜਵਲ ਭਵਿੱਖ ਤੇ ਸਰਕਾਰੀ ਨੌਕਰੀ ਦੀ ਪੂਰੀ ਆਸ ਸੀ, ਜੋ ਪੂਰੀ ਨਾ ਹੋਈ।
ਵਿਆਹ ਹੋਣ ਤੇ ਬੱਚੇ ਹੋਣ ਉਪਰੰਤ ਉਸ ਦੇ ਪਤੀ ਨੇ ਉਸ ਨੂੰ ਝਗੜਾ ਕਰ ਕੇ ਜ਼ਖ਼ਮੀ ਕਰ ਦਿਤਾ ਤੇ ਘਰੋਂ ਕੱਢ ਦਿਤਾ ਜਿਸ ਬਾਬਤ ਪੁਲਿਸ ਕੋਲ ਸ਼ਿਕਾਇਤ ਕਰਨ ਬਾਅਦ ਵੀ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਹੁਣ ਬੇਸਹਾਰਾ ਹੋਣ ਕਰ ਕੇ ਅਪਣੇ ਪੁੱਤਰ ਨਾਲ ਇਹ ਕੰਮ ਕਰਦੀ ਹੈ, ਅਪਣੀ ਤੇ ਅਪਣੇ ਬੱਚਿਆਂ ਦੀ ਰੋਟੀ ਲਈ। ਜਦੋਂ ਉਹ ਸਾਈਕਲ ਉਤੇ ਲੱਦੇ ਸਮਾਨ ਨੂੰ ਅੱਗੇ ਖਿੱਚ ਰਹੀ ਹੁੰਦੀ ਹੈ ਤੇ ਉਸ ਦਾ ਬੱਚਾ ਪੜ੍ਹਾਈ ਕਰਨ ਦੀ ਉਮਰੇ ਬ੍ਰੈੱਡ ਲੈ ਲਉ, ਦੁਧ ਲੈ ਲਉ ਦਾ ਹੋਕਾ ਦਿੰਦਾ ਹੈ ਤਾਂ ਮਨ ਬਹੁਤ ਦੁਖੀ ਹੁੰਦਾ ਹੈ।
girl
ਇਸੇ ਤਰ੍ਹਾਂ ਹੀ ਪਟਿਆਲਾ ਦੇ ਸਮਾਣਾ ਸ਼ਹਿਰ ਦੀ ਹੀ ਇਕ ਹੋਰ ਦਰਦਭਰੀ ਅਜਿਹੀ ਘਟਨਾ ਅਖ਼ਬਾਰ ਵਿਚ ਛਪੀ ਹੈ। ਜਿਥੇ ਇਕ ਗੁਰਸਿੱਖ ਲੜਕੀ ਭੈਣ ਭਰਾ ਅਪਣੇ ਗ਼ਰੀਬ ਪ੍ਰਾਰ ਦੀ ਰੋਜ਼ੀ ਰੋਟੀ ਲਈ ਅਤੇ ਅਪਣੇ ਪੇਟ ਦੀ ਭੁੱਖ ਲਈ ਗਲੀ-ਗਲੀ ਜਾ ਕੇ ਸਾਈਕਲ ਉਪਰ ਪਾਪੜ ਵੇਚ ਰਹੇ ਹਨ। ਅੰਮ੍ਰਿਤਧਾਰੀ ਇਸ ਲੜਕੀ ਜਮਨਾ ਕੌਰ ਨੇ ਪੱਤਰਕਾਰ ਨੂੰ ਦਸਿਆ ਕਿ ਉਹ ਤਿੰਨ ਭੈਣ ਭਰਾ ਹਨ। ਗ਼ਰੀਬੀ ਕਾਰਨ ਉਨ੍ਹਾਂ ਨੂੰ ਕੋਈ ਸਰਕਾਰੀ ਸਹਾਇਤਾ ਨਾ ਮਿਲੀ। ਉਨ੍ਹਾਂ ਕੋਲ ਅਪਣਾ ਮਕਾਨ ਵੀ ਨਹੀਂ ਹੈ। ਉਹ ਇਹ ਕੰਮ ਅਪਣੇ ਪੇਟ ਦੀ ਭੁੱਖ ਮਿਟਾਉਣ ਲਈ ਕਰ ਰਹੇ ਹਨ।
Corona Virus
ਹੈਰਾਨੀ ਤਾਂ ਇਹ ਹੈ ਕਿ ਇਸ ਗ਼ਰੀਬ ਪ੍ਰਵਾਰ ਉਤੇ ਨਾ ਤਾਂ ਕਿਸੇ ਸੱਤਧਾਰੀ ਨੇਤਾ ਨੇ ਅਤੇ ਨਾ ਹੀ ਨੰਨ੍ਹੀ ਛਾਂ ਮਿਸ਼ਨ ਦੀ ਵੱਡੀ ਦਾਅਵੇਦਾਰ ਬੀਬਾ ਬਾਦਲ ਨੇ ਹੀ ਕੋਈ ਬਿਆਨ ਦਿਤਾ ਬਲਕਿ ਕਈ ਸਮਾਜ ਸੇਵੀ ਲੋਕਾਂ ਨੇ ਹੀ ਇਨ੍ਹਾਂ ਲੜਕੀਆਂ ਨਾਲ ਹਮਦਰਦੀ ਵਜੋਂ ਮਦਦ ਦਾ ਭਰੋਸਾ ਦਿਤਾ ਹੈ। ਹੁਣ ਇਸ ਬਾਰੇ ਸਾਡੀ ਸਰਕਾਰ ਦੇ ਨੁਮਾਇੰਦੇ ਇਹ ਸਫ਼ਾਈ ਦੇਣਗੇ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੀ ਮੁਸੀਬਤ ਕਾਰਨ ਆਰਥਕ ਤੰਗੀ ਝੱਲ ਰਹੀ ਹੈ। ਇਸ ਲਈ ਜਨਤਕ ਸਹੂਲਤਾਂ ਤੇ ਬੇਰੁਜ਼ਗਾਰ ਨੌਜੁਆਨਾਂ ਨੂੰ ਨੌਕਰੀ ਦੇਣੀ ਮੁਸ਼ਕਲ ਹੋ ਰਹੀ ਹੈ।
Punjab Government
ਚਲੋ ਇਹ ਗੱਲ ਠੀਕ ਹੈ ਤੇ ਸਾਰੇ ਲੋਕ ਇਸ ਔਖੀ ਘੜੀ ਵਿਚ ਪੰਜਾਬ ਸਰਕਾਰ ਦਾ ਸਾਥ ਵੀ ਦੇ ਰਹੇ ਹਨ, ਪ੍ਰੰਤੂ ਇਹ ਗੱਲ ਸੋਚਣ ਵਾਲੀ ਹੈ ਕਿ ਇਸ ਆਰਥਕ ਤੰਗੀ ਦੌਰਾਨ ਸਰਕਾਰ ਅਪਣੇ ਖ਼ਰਚੇ ਵੀ ਘਟਾਵੇ ਨਾ ਕਿ ਸਿਰਫ਼ ਗ਼ਰੀਬਾਂ ਉਤੇ ਹੀ ਇਸ ਨੂੰ ਲਾਗੂ ਕਰੇ ਕਿਉਂÎਕਿ ਖ਼ਜ਼ਾਨਾ ਖ਼ਾਲੀ ਹੋਣ ਦੀ ਗੱਲ ਤਾਂ ਸਰਕਾਰ ਕੋਰੋਨਾ ਦੇ ਪਹਿਲਾਂ ਤੋਂ ਹੀ ਕਰ ਰਹੀ ਹੈ ਪਰ ਕੋਰੋਨਾ ਤੋਂ ਕੁੱਝ ਦਿਨ ਪਹਿਲਾਂ ਹੀ ਸਰਕਾਰ ਨੇ ਕੁੱਝ ਸਿਆਸੀ ਲੋਕਾਂ ਨੂੰ ਵਿੱਤੀ ਸਹੂਲਤਾਂ ਤੇ ਆਈ.ਏ.ਐਸ. ਪੱਧਰ ਦੇ ਉੱਚ ਅਧਿਕਾਰੀਆਂ ਨੂੰ ਅਪਣੇ ਬੰਗਲਿਆਂ ਵਿਚ ਨਿਜੀ ਨੌਕਰ ਸਰਕਾਰੀ ਤਨਖ਼ਾਹ ਉਤੇ ਰੱਖਣ ਦੀ ਸਹੂਲਤ ਦਾ ਐਲਾਨ ਕੀਤਾ ਸੀ।
Harsimrat Badal
ਇੰਜ ਹੀ ਹੁਣ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨੇ ਕੁੱਝ ਥਾਂਵਾਂ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਸਿਆਸੀ ਆਗੂਆਂ ਦੇ ਪਹਿਲਾਂ ਹੀ ਰੱਜੇ ਪੁੱਜੇ ਚਹੇਤਿਆਂ ਨੂੰ ਲਗਾਇਆ ਹੈ। ਕੀ ਉਪਰੋਕਤ ਲੋਕਾਂ ਦੇ ਰੁਤਬੇ ਹੋਰ ਉੱਚੇ ਕਰਨ ਲਈ ਵਰਤਿਆ ਜਾਂਦਾ ਸਰਕਾਰੀ ਪੈਸਾ ਇਨ੍ਹਾਂ ਬੱਚੇ ਬੱਚੀਆਂ ਦੇ ਰੁਜ਼ਗਾਰ ਲਈ ਨਹੀਂ ਸੀ ਵਰਤਿਆ ਜਾਣਾ ਚਾਹੀਦਾ? ਕੀ ਅਜਿਹੇ ਹਾਲਾਤ ਵਿਚ ਸਾਡੀ ਸਰਕਾਰ ਜਾਂ ਬੀਬਾ ਬਾਦਲ ਜੀ ਅਪਣੇ ਔਰਤਾਂ ਪੱਖੀ ਨਾਹਰੇ ਨੂੰ ਬਦਲ ਕੇ ਹੁਣ ਇਹ ਰੱਖ ਲੈਣਗੇ ਕਿ ‘ਬੇਟੀ ਬਚਾਉ, ਬੇਟੀ ਪੜ੍ਹਾਉ, ਕਰਜ਼ਾਈ ਬਣਾਉ ਤੇ ਫਿਰ ਝੋਨਾ ਲਗਵਾਉ ਜਾਂ ਬ੍ਰੈਡ ਤੇ ਪਾਪੜ ਕਵਾਉ’।
paddy sowing
ਇਹ ਵੀ ਵਿਚਾਰਣਯੋਗ ਹੈ ਕਿ ਝੋਨੇ ਦੀ ਲੁਆਈ ਤਾਂ ਕੁੱਝ ਦਿਨਾਂ ਬਾਅਦ ਖ਼ਤਮ ਹੋ ਜਾਵੇਗੀ ਫਿਰ ਇਹ ਸਾਡੀਆਂ ਝੋਨਾ ਲਗਾਉਂਦੀਆਂ ਬੇਟੀਆਂ ਕੀ ਕਰਨਗੀਆਂ? ਗੱਲ ਸਾਫ਼ ਹੈ ਕਿ ਫਿਰ ਝੋਨੇ ਵਿਚੋਂ ਕੱਖ ਕੱਢਣ ਤੇ ਸਪਰੇਅ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਇਹ ਬੇਰੁਜ਼ਗਾਰ ਬੱਚੀਆਂ ਅਪਣੀ ਰੋਜ਼ੀ ਰੋਟੀ ਲਈ ਇਸ ਕੰਮ ਤੋਂ ਵੀ ਪਿੱਛੇ ਨਹੀਂ ਹਟਣਗੀਆਂ। ਪਰ ਸਪਰੇਅ ਕਰਦਿਆਂ ਦਵਾਈ ਵੀ ਚੜ੍ਹ ਸਕਦੀ ਹੈ ਜਿਸ ਦੇ ਇਲਾਜ ਲਈ ਖ਼ਰਚੇ ਦੀ ਕਮੀ ਕਾਰਨ ਮੌਤ ਦੇ ਮੂੰਹ ਵਿਚ ਜਾਣ ਦਾ ਖ਼ਤਰਾ ਵੀ ਹੈ ਕਿਉਂਕਿ ਕਈ ਪਿੰਡਾਂ ਵਿਚ ਜੱਟ ਸਿੱਖ ਅਖਵਾਉਂਦੇ ਕਿਸਾਨਾਂ ਨੇ ਉੱਚ ਜਾਤੀ ਹੰਕਾਰ ਵਿਚ ਇਹ ਮਤੇ ਪਾਏ ਹਨ ਕਿ ਜੇਕਰ ਕਿਸੇ ਮਜ਼ਦੂਰ ਨੂੰ ਸਪੇਰਅ ਕਰਦਿਆਂ ਦਵਾਈ ਚੜ੍ਹ ਜਾਵੇ ਤਾਂ ਉਸ ਦਾ ਇਲਾਜ ਕਿਸਾਨ ਨਹੀਂ ਕਰਵਾਏਗਾ, ਮਜ਼ਦੂਰ ਖ਼ੁਦ ਹੀ ਇਸ ਇਲਾਜ ਦਾ ਖ਼ਰਚਾ ਤੇ ਨੁਕਸਾਨ ਨੂੰ ਝੱਲੇਗਾ।
Worker
ਸੋ ਅਜਿਹੇ ਔਖੇ ਵੇਲੇ ਖੇਤ ਮਜ਼ਦੂਰਾਂ ਨੂੰ ਵੀ ਆਪਸੀ ਮਦਦ ਲਈ ਇਕਜੁੱਟ ਰਹਿਣਾ ਚਾਹੀਦਾ ਹੈ। ਉਪਰੋਕਤ ਦਸੇ ਤਰਸਯੋਗ ਹਾਲਾਤ ਜੋ ਹਨ, ਇਹ ਸਾਡੇ ਪੰਜਾਬ ਦੇ ਸਭਿਆਚਾਰ ਉਪਰ ਬਹੁਤ ਵੱਡਾ ਕਲੰਕ ਹਨ ਜਿਸ ਬਾਰੇ ਸਾਡੀ ਪੰਜਾਬ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਉਪਰਾਲੇ ਕਰਨੇ ਚਾਹੀਦੇ ਹਨ। ਅੱਜ ਇਨ੍ਹਾਂ ਹਿੰਮਤੀ ਧੀਆਂ ਦੀ ਦਲੇਰੀ ਤੇ ਹੌਂਸਲੇ ਨੂੰ ਸਲਾਮ ਕਰਨਾ ਬਣਦਾ ਹੈ ਕਿ ਇਨ੍ਹਾਂ ਨੇ ਕਿਤੋ ਭੀਖ ਨਹੀਂ ਮੰਗੀ, ਸਗੋਂ ਦ੍ਰਿੜਤਾ ਨਾਲ ਔਖੇ ਸਮੇਂ ਦਾ ਟਾਕਰਾ ਕੀਤਾ ਹੈ।
File Photo
ਇਨ੍ਹਾਂ ਦੀ ਇਸ ਦ੍ਰਿੜਤਾ ਵਿਚੋਂ ਇਹ ਅਵਾਜ਼ ਆਉਂਦੀ ਮਹਿਸੂਸ ਹੋ ਰਹੀ ਹੈ ਕਿ ‘ਮੈਂ ਕੋਈ ਆਟੇ ਦੀ ਚਿੜੀ ਨਹੀਂ, ਕੋਈ ਮੋਮੱਬਤੀ ਦੀ ਗੁੱਡੀ ਨਹੀਂ, ਨਾ ਹੀ ਮੈਂ ਕੂੰਜ ਹਾਂ, ਨਾ ਪੁਕਾਰ ਹਾਂ । ਮੈਂ ਤਾਂ ਜਗ ਰਹੀ ਬਨੇਰਿਆਂ ਉਤੇ ਹਨੇਰਿਆਂ ਲਈ ਵੰਗਾਰ ਹਾਂ’ ਤੇ ‘ਪੈਰਾਂ ਦੇ ਵਿਚ ਛਾਲੇ ਪੈ ਗਏ, ਪੈਂਡੇ ਬੜੇ ਲੰਮੇਰੇ। ਫਿਰ ਵੀ ਸਾਡਾ ਸਫ਼ਰ ਨਾ ਰੁਕਿਆ ਸਾਡੇ ਕਰੜੇ ਕਿੰਨੇ ਜ਼ੇਰੇ। ਇਨ੍ਹਾਂ ਹਾਲਾਤ ਉਪਰ ਇਕ ਕਵੀ ਨੇ ਲਿਖਿਆ ਹੈ ਕਿ, ‘ਹੋਕੇ ਵੀ ਸਵੇਰਾ ਅਜੇ ਹਨੇਰਾ ਨਹੀਂ ਗਿਆ, ਗ਼ਰੀਬ ਦੀ ਬੇਟੀ ਤੇ ਮਜ਼ਦੂਰ ਦੇ ਗੱਲੋਂ ਤੰਗੀਆਂ ਤੇ ਭੁੱਖਾਂ ਦਾ ਅਜੇ ਘੇਰਾ ਨਹੀਂ ਗਿਆ।’
ਸੰਪਰਕ : 86993-22704