ਨਸ਼ੇ ਦੀ ਦਲ-ਦਲ ਵਿਚ ਫਸੇ ਪੰਜਾਬੀਆਂ ਨੂੰ ਕੀ ਕਦੇ ਕੋਈ ਰਾਹਤ ਮਿਲੇਗੀ?
Published : Oct 4, 2018, 11:34 am IST
Updated : Oct 4, 2018, 11:34 am IST
SHARE ARTICLE
Drugs
Drugs

ਪੰਜਾਬ ਤੇ ਪੰਜਾਬੀਆਂ ਦੀ ਅੱਜ ਦੀ ਸਥਿਤੀ ਬਾਰੇ ਪਾਠਕਾਂ ਨੂੰ ਬਹੁਤ ਕੁੱਝ ਪਤਾ ਹੈ........

ਪੰਜਾਬ ਤੇ ਪੰਜਾਬੀਆਂ ਦੀ ਅੱਜ ਦੀ ਸਥਿਤੀ ਬਾਰੇ ਪਾਠਕਾਂ ਨੂੰ ਬਹੁਤ ਕੁੱਝ ਪਤਾ ਹੈ। ਨਸ਼ਿਆਂ ਤੋਂ ਬਿਨਾਂ ਵੀ ਬੇਰੁਜ਼ਗਾਰੀ, ਸਿਹਤ ਸਹੂਲਤਾਂ ਤੋਂ ਸਖਣਾ ਪੰਜਾਬ ਕੂਕਾਂ ਮਾਰ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਸਾਰਾ ਪੰਜਾਬ ਡੋਪ ਟੈਸਟ, ਡੋਪ ਟੈਸਟ ਕਰੀ ਜਾ ਰਿਹਾ ਹੈ, ਜਿਵੇਂ ਕਿ ਡੋਪ ਟੈਸਟ ਕੋਈ ਅਲਾਦੀਨ ਦਾ ਚਿਰਾਗ ਹੋਵੇ, ਜੋ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢ ਲਵੇਗਾ ਜਿਹੜਾ ਕਿ ਅਸਲ ਵਿਚ ਨਹੀਂ ਹੈ। 

ਉਂਜ ਪੰਜਾਬ ਇਕ ਦਲਦਲ ਹੀ ਬਣਿਆ ਹੋਇਆ ਹੈ। ਕਦੇ ਕਿਸਾਨ ਖ਼ੁਦਕੁਸ਼ੀਆਂ, ਕਦੇ ਬਲਾਤਕਾਰ ਵਰਗੀਆਂ ਸ਼ਰਮਨਾਕ ਘਟਨਾਵਾਂ, ਕਦੇ ਰੇਤ ਬਜਰੀ ਮਾਫ਼ੀਆ, ਕਦੇ ਨਸ਼ਾ, ਕਦੇ ਡੋਪ ਟੈਸਟ ਮੀਡੀਆ ਵਿਚ ਸਮੇਂ-ਸਮੇਂ ਸੁਰਖ਼ੀਆਂ ਬਣਦੀਆਂ ਹਨ ਤੇ ਥੋੜੇ ਦਿਨ ਰੌਲਾ ਪੈ ਕੇ ਚੁੱਪ ਹੋ ਜਾਂਦੀਆਂ ਹਨ। ਲੋਕਾਂ ਨੂੰ ਕਦੇ ਕਿਸੇ ਵੀ ਗੱਲ ਦਾ ਹੱਲ ਅਜੇ ਤਕ ਨਹੀਂ ਮਿਲਿਆ। ਹੁਣ ਤਾਂ ਇਸ ਤਰ੍ਹਾਂ ਲੱਗਣ ਲੱਗ ਪਿਆ ਹੈ ਕਿ ਇਹ ਸੱਭ ਕੁੱਝ ਸੋਚੇ ਸਮਝੇ ਤਰੀਕੇ ਨਾਲ ਵਾਰੀ-ਵਾਰੀ ਲੋਕਾਂ ਅੱਗੇ ਪਰੋਸ ਦਿਤਾ ਜਾਂਦਾ ਹੈ ਤਾਕਿ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਹੋ ਜਾਵੇ ਤੇ ਇਹ ਤਰ੍ਹਾਂ-ਤਰ੍ਹਾਂ ਦੇ ਮਾਫ਼ੀਏ ਅਪਣਾ ਕੰਮ ਆਸਾਨੀ ਨਾਲ ਕਰੀ ਜਾਣ। 

ਪਹਿਲਾਂ ਥੋੜੀ ਜਹੀ ਗੱਲ ਆਪਾਂ ਡੋਪ ਟੈਸਟ ਬਾਰੇ ਕਰਾਂਗੇ ਕਿ ਇਹ ਹੈ ਕੀ? ਇਹ ਇਕ ਤਰ੍ਹਾਂ ਦਾ ਸਪੈਸ਼ਲ ਕੈਮੀਕਲ ਟੈਸਟ ਹੈ ਜਿਸ ਨਾਲ ਖ਼ੂਨ ਤੇ ਪਿਸ਼ਾਬ ਟੈਸਟ ਕਰਨ ਤੇ ਪਤਾ ਲਗਦਾ ਹੈ ਕਿ ਇਹ ਆਦਮੀ ਕੁੱਝ ਖ਼ਾਸ ਦਵਾਈਆਂ ਦਾ ਇਸਤੇਮਾਲ ਕਰਦਾ ਹੈ ਜਾਂ ਨਹੀਂ। ਕਈ ਕਿਸਮ ਦੀਆਂ ਦਵਾਈਆਂ ਜੋ ਕਿਸੇ ਮਰੀਜ਼ ਲਈ ਜੀਵਤ ਰਹਿਣ ਲਈ ਜ਼ਰੂਰੀ ਹਨ ਤੇ ਡਾਕਟਰ ਦੀ ਸਲਾਹ ਨਾਲ ਲੈ ਰਿਹਾ ਹੁੰਦਾ ਹੈ, ਸੇਵਨ ਕਰਨ ਨਾਲ ਟੈਸਟ ਪਾਜ਼ੇਟਿਵ ਆ ਜਾਂਦਾ ਹੈ।

ਇਸ ਗੱਲ ਨਾਲ ਸਾਫ਼ ਹੈ ਕਿ ਹਰ ਉਹ ਆਦਮੀ ਜੋ ਇਹ ਟੈਸਟ ਕਰਵਾ ਲਵੇਗਾ ਤੇ ਟੈਸਟ ਪਾਜ਼ੇਟਿਵ ਵੀ ਆ ਜਾਂਦਾ ਹੈ, ਬਗੈਰ ਉਸ ਦਾ ਇਤਿਹਾਸ ਜਾਣਿਆਂ ਨਸ਼ਈ ਘੋਸ਼ਿਤ ਨਹੀਂ ਕੀਤਾ ਜਾ ਸਕਦਾ। ਸਾਨੂੰ ਚੁਣੀ ਹੋਈ ਸਰਕਾਰ ਦੀ ਈਮਾਨਦਾਰੀ ਉਪਰ ਸ਼ੱਕ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੰਮ ਏਨਾ ਅਸਾਨ ਨਹੀਂ ਜਿੰਨਾ ਸਰਕਾਰ ਸਮਝ ਬੈਠੀ ਸੀ। ਪ੍ਰੰਤੂ ਜੋ ਤਰੀਕੇ ਨਸ਼ੇ ਨੂੰ ਖ਼ਤਮ ਕਰਨ ਦੇ ਵਰਤੇ ਜਾ ਰਹੇ ਹਨ, ਉਨ੍ਹਾਂ ਉਪਰ ਵਿਚਾਰ ਕਰਨਾ ਬਣਦਾ ਹੈ। ਇਸ ਵੇਲੇ ਇਹ ਸ਼ੱਕ ਦੇ ਘੇਰੇ ਵਿਚ ਆ ਰਹੇ ਹਨ। 

ਜੇਕਰ ਥੋੜਾ ਪਿਛੇ ਝਾਤ ਮਾਰੀਏ ਤਾਂ ਪੰਜਾਬ ਵਿਚ ਅਫ਼ੀਮ ਤੇ ਸ਼ਰਾਬ ਦੋਹਾਂ ਦੇ ਠੇਕੇ ਹਨ। ਸ਼ਰਾਬ ਨੂੰ ਸਰਕਾਰੀ ਮਾਨਤਾ ਅੱਜ ਤਕ ਮਿਲੀ ਹੋਈ ਹੈ ਪਰ ਅਫ਼ੀਮ ਦੇ ਠੇਕੇ ਬੰਦ ਕਰ ਦਿਤੇ ਗਏ, ਪਰ ਅਫ਼ੀਮ ਦੇ ਪ੍ਰਾਈਵੇਟ ਠੇਕੇਦਾਰ ਹੋਂਦ ਵਿਚ ਆ ਗਏ। ਸਰਹੱਦੀ ਏਰੀਏ ਵਿਚ ਅੱਜ ਵਾਂਗ ਮਿਲੀਭੁਗਤ ਨਾਲ ਇਹ ਕੰਮ ਚਲਦਾ ਰਿਹਾ ਤੇ ਨਸ਼ਿਆਂ ਦਾ ਇਹ ਮੁੱਢ ਉਸ ਸਮੇਂ ਹੀ ਬੱਝ ਗਿਆ ਸੀ। ਉਸ ਵੇਲੇ ਨਾ ਮੀਡੀਆ ਸੀ, ਨਾ ਏਨੀ ਅਬਾਦੀ, ਨਾ ਹੀ ਏਨੀ ਟਰਾਂਸਪੋਰਟ, ਸੋ ਇਹ ਬਿਮਾਰੀ ਫੈਲਣ ਵਿਚ ਸਮਾਂ ਲੱਗਾ। ਦੂਜਾ ਅਫ਼ੀਮ ਦਾ ਨਸ਼ਾ ਖਾ ਕੇ ਆਦਮੀ ਨਾ ਤਾਂ ਮਰਦਾ ਸੀ ਅਤੇ ਨਾ ਹੀ ਗ਼ਲਤ ਕੰਮ ਕਰਦਾ ਸੀ।

ਬਾਕੀ ਹੈਰੋਇਨ, ਚਿੱਟਾ ਹੋਰ ਮਾਰੂ ਨਸ਼ੇ ਅਜੇ ਪੰਜਾਬ ਵਿਚ ਦਾਖ਼ਲ ਨਹੀਂ ਸੀ ਹੋਏ। ਇਨ੍ਹਾਂ ਕਾਰਨਾਂ ਕਰ ਕੇ ਇਸ ਦਾ ਰੌਲਾ ਘੱਟ ਪੈਂਦਾ ਸੀ ਪਰ ਅਫ਼ੀਮ ਦੀ ਬਲੈਕ ਹੁੰਦੀ ਰਹੀ। ਇਹੀ ਪੁਰਾਣੀ ਬਿਮਾਰੀ ਹੌਲੀ-ਹੌਲੀ ਖ਼ਤਰਨਾਕ ਰੂਪ ਧਾਰਨ ਕਰ ਗਈ, ਜੋ ਅੱਜ ਸਾਡੇ ਸਾਹਮਣੇ ਹੈ। ਕਹਿੰਦੇ ਹਨ 18ਵੀਂ ਸਦੀ ਵਿਚ ਅਮਰੀਕਾ ਵਿਚ ਵੀ ਬਹੁਤ ਲੋਕ ਅਫ਼ੀਮ ਦੇ ਆਦੀ ਹੋ ਗਏ। ਸਾਇੰਸਦਾਨਾਂ ਨੇ ਉਸ ਆਦੀਪੁਣੇ ਨੂੰ ਰੋਕਣ ਲਈ ਮਾਰਕਫ਼ੀਨ ਬਣਾਈ ਪਰ ਉਸ ਦੀ ਐਡਿਕਸ਼ਨ ਅਫ਼ੀਮ ਤੋਂ ਜ਼ਿਆਦਾ ਨਿਕਲੀ। ਫਿਰ ਹੈਰੋਇਨ, ਬਰਾਊਨ ਸ਼ੂਗਰ ਆਦਿ ਹੋਂਦ ਵਿਚ ਆਈਆਂ।

ਇਹ ਸਾਰੀਆਂ ਅਫ਼ੀਮ ਤੋਂ ਬਣੀਆਂ ਸਨ, ਪਰ ਅਫ਼ੀਮ ਤੋਂ ਵੱਧ ਖ਼ਤਰਨਾਕ ਨਿਕਲੀਆਂ। ਮੇਰੇ ਕਹਿਣ ਦਾ ਮਤਲਬ ਜਿਉਂ-ਜਿਉਂ ਇਲਾਜ ਕੀਤਾ ਮਰਜ਼ ਵਧਦੀ ਗਈ ਤੇ ਹੌਲੀ-ਹੌਲੀ ਲਾਇਲਾਜ ਹੋ ਨਿਬੜੀ ਤੇ ਸਾਰੀ ਦੁਨੀਆਂ ਵਿਚ ਫੈਲ ਗਈ। ਹੈਰੋਇਨ ਬਾਰੇ ਮੈਂ ਇਕ ਬਹੁਤ ਹੀ ਵਿਸ਼ੇਸ਼ ਗੱਲ ਪਾਠਕਾਂ ਨੂੰ ਦਸਣਾ ਚਾਹੁੰਦਾ ਹਾਂ। ਕਿਸੇ ਵੇਲੇ ਇਸ ਨੂੰ ਬਾਦਸ਼ਾਹਾਂ ਦਾ ਨਸ਼ਾ ਆਖਿਆ ਜਾਂਦਾ ਸੀ। ਪਹਿਲੀ ਡੋਜ਼ ਲੈਣ ਨਾਲ ਆਦਮੀ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਮੇਰੇ ਵਰਗਾ ਹੋਰ ਦੁਨੀਆਂ ਵਿਚ ਹੈ ਹੀ ਨਹੀਂ। ਦੂਜੀ ਡੋਜ਼ ਉਸ ਦਾ ਲੈਣ ਨੂੰ ਸਿਰਫ਼ ਜੀ ਕਰਦਾ ਹੈ।

ਜਦੋਂ ਦੂਜੀ ਡੋਜ਼ ਲੈਂਦਾ ਹੈ ਤਾਂ ਤੀਜੀ ਮੰਗ ਕੇ ਲੈਂਦਾ ਹੈ ਕਿਉਂਕਿ ਦੂਜੀ ਡੋਜ਼ ਉਸ ਨੂੰ ਐਡਿਕਸ਼ਨ ਵਾਲੇ ਪਾਸੇ ਤੋਰ ਦਿੰਦੀ ਹੈ। ਤੀਜੀ ਡੋਜ਼ ਲੈਣ ਉਪਰੰਤ ਉਹ ਪੱਕਾ ਨਸ਼ਈ ਬਣ ਜਾਂਦਾ ਹੈ। ਹੁਣ ਸੁਣੋ ਅਜਕਲ ਕੀ ਹੋ ਰਿਹਾ ਹੈ? ਨਸ਼ਿਆਂ ਦੇ ਸੌਦਾਗਰ ਚੰਗੇ ਭਲੇ ਨੌਜੁਆਨ ਨਾਲ ਦੋਸਤੀ ਪਾ ਕੇ ਪਹਿਲੀ ਡੋਜ਼ ਮੁਫ਼ਤ ਦੇਂਦੇ ਹਨ, ਜਿਵੇਂ ਚਾਰ ਦੋਸਤ ਵਿਆਹ ਵਿਚ ਨਾ ਪੀਣ ਵਾਲੇ ਨੂੰ ਇਕ ਅੱਧਾ ਪੈੱਗ ਲਵਾ ਦੇਂਦੇ ਹਨ। ਦੂਜੀ ਵਾਰ ਉਹ ਅਪਣੇ ਆਕਾ ਤੋਂ ਮੰਗਦਾ ਹੈ। ਫਿਰ ਮੁਫ਼ਤ ਮਿਲ ਜਾਂਦੀ ਹੈ। ਤੀਜੀ ਵੀ ਮੁਫ਼ਤ ਮਿਲ ਜਾਂਦੀ ਹੈ ਪਰ ਚੌਥੀ ਤਕ ਉਹ ਆਦਮੀ ਕੜਿੱਕੀ ਵਿਚ ਫਸ ਚੁਕਿਆ ਹੁੰਦਾ ਹੈ।

ਉਹ ਹਰ ਉਹ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ ਜਿਸ ਨਾਲ ਉਸ ਨੂੰ ਹੈਰੋਇਨ ਮਿਲੇ। ਇਸ ਤੋਂ ਸ਼ੁਰੂ ਹੁੰਦਾ ਹੈ ਉਸ ਦਾ ਨਸ਼ਈ ਝਪਟਮਾਰ, ਚੋਰ, ਮਾਂ-ਪਿਉ ਦਾ ਕਾਤਲ ਬਣਨਾ, ਕਿਉਂਕਿ ਅਪਣੀ ਸ੍ਰੀਰਕ ਲੋੜ ਹੀ ਉਸ ਨੂੰ ਸੱਭ ਤੋਂ ਉਤਮ ਲਗਦੀ ਹੈ। ਇਹ ਹੈ ਹਰ ਉਸ ਨੌਜੁਆਨ ਦੀ ਕਹਾਣੀ ਜੋ ਇਸ ਵਿਚ ਜਾਣੇ ਅਣਜਾਣੇ ਵਿਚ ਫਸ ਚੁਕਿਆ ਹੁੰਦਾ ਹੈ। ਕਸੂਰ ਨੌਜੁਆਨ ਦਾ ਨਹੀਂ, ਉਸ ਪਿੱਛੇ ਕੰਮ ਕਰ ਰਹੇ ਨਸ਼ਿਆਂ ਦੇ ਸੌਦਾਗਰਾਂ ਦਾ ਹੈ। ਅਸੀ ਸਾਰੀ ਬਦਨਾਮੀ ਤੇ ਲਾਹਨਤਾਂ ਉਸ ਨੌਜੁਆਨ ਨੂੰ ਪਾਈ ਜਾਂਦੇ ਹਾਂ ਪਰ ਉਸ ਪਿਛੇ ਲੁਕਿਆ ਸ਼ੈਤਾਨ ਵਪਾਰੀ ਨਜ਼ਰ ਨਹੀਂ ਆ ਰਿਹਾ।

ਬਹੁਤੇ ਨੌਜੁਆਨ ਬੁਰੇ ਨਹੀਂ, ਉਹ ਇਸ ਵਿਚੋਂ ਨਿਕਲਣਾ ਵੀ ਚਾਹੁੰਦੇ ਹਨ ਪਰ ਨਿਕਲ ਨਹੀਂ ਪਾ ਰਹੇ। ਉਹ ਬਾਦਸ਼ਾਹ ਬਣਨ ਦੇ ਚੱਕਰ ਵਿਚ ਭਿਖਾਰੀ ਬਣ ਗਏ।  ਹੁਣ ਆਪਾਂ ਗੱਲ ਕਰਦੇ ਹਾਂ ਇਸ ਨੂੰ ਪੰਜਾਬ ਵਿਚੋਂ ਖ਼ਤਮ ਕਰਨ ਲਈ ਸਰਕਾਰ ਜੋ ਤਰੀਕੇ ਵਰਤ ਰਹੀ ਹੈ। 

1) ਨਸ਼ਾ ਕਰਨ ਵਾਲਿਆਂ ਉਪਰ ਸਖ਼ਤੀ : ਮੇਰੀ ਕਹਾਣੀ ਤਾਂ ਸਾਰੇ ਪਾਠਕ ਸਮਝ ਹੀ ਗਏ ਹੋਣਗੇ। ਇਹ ਛੋਟੇ ਨਸ਼ਈ ਨੌਜੁਆਨ ਮਰੀਜ਼ ਬਣਾਏ ਗਏ ਹਨ। ਇਹ ਬੁਰੇ ਨਹੀਂ ਸਨ, ਜਾਲ ਵਿਚ ਫਸ ਚੁੱਕੇ ਹਨ, ਇਨ੍ਹਾਂ ਉਤੇ ਕੀਤੀ ਸਖ਼ਤੀ ਕਿਸੇ ਕੰਮ ਨਹੀਂ ਆਉਣੀ। ਪੰਜਾਬੀ ਦੀ ਕਹਾਵਤ ਹੈ ਕਿ ''ਚੋਰ ਨਹੀਂ ਚੋਰ ਦੀ ਮਾਂ ਨੂੰ ਮਾਰੋ ਤਾਕਿ ਕੋਈ ਇਹ ਹੋਰ ਚੋਰ ਪੈਦਾ ਨਾ ਕਰੇ।'' ਪਰ ਮਾਂ ਤਾਂ ਲਾਲ ਬੱਤੀ ਵਾਲੀਆਂ ਗੱਡੀਆਂ ਵਿਚ ਘੁੰਮ ਰਹੀ ਹੈ। ਸੋ ਪਿੱਛੇ ਬੈਠੀ ਮਾਂ ਮਤਲਬ ਜਿੰਨਾ ਚਿਰ ਨਸ਼ਿਆਂ ਦੇ ਵਪਾਰੀ ਨੂੰ ਹੱਥ ਨਹੀਂ ਪੈਦਾ, ਇਹ ਮਸਲਾ ਹੱਲ ਹੋਣ ਵਾਲਾ ਨਹੀਂ।

2) ਸਰਕਾਰੀ ਡੀ ਐਡਿਕਸ਼ਨ ਸੈਂਟਰ : ਡੀ ਅਡਿਕਸ਼ੈਨ ਸੈਂਟਰ ਖੋਲ੍ਹ ਕੇ ਕੁੱਝ ਨੌਜੁਆਨਾਂ ਨੂੰ ਬਚਾਇਆ ਗਿਆ ਜਾਂ ਬਚਾਇਆ ਜਾਵੇਗਾ। ਪਰ ਅਜੇ ਤਕ ਇਨ੍ਹਾਂ ਸੈਂਟਰਾਂ ਦਾ ਕੋਈ ਡਾਟਾ ਕਿ ਕਿੰਨੇ ਨੌਜੁਆਨ ਨਸ਼ੇ ਛੱਡ ਚੁੱਕੇ ਹਨ ਕਿਤੇ ਉਪਲੱਬਧ ਨਹੀਂ। ਬਹੁਤੇ ਨੌਜੁਆਨ ਟਰੀਟਮੈਂਟ ਤੋਂ ਬਾਅਦ ਵੀ ਪਹਿਲੀ ਪੁਜ਼ੀਸ਼ਨ ਵਿਚ ਚਲੇ ਜਾਂਦੇ ਹਨ। ਤੁਸੀ ਇਸ ਤਰ੍ਹਾਂ ਕਿੰਨੇ ਕੁ ਸੈਂਟਰ ਖੋਲ੍ਹੋਗੇ?

ਮੈਂ ਵਿਰੋਧਤਾ ਨਹੀਂ ਕਰਦਾ ਪਰ ਪਿਛੋਂ ਨਸ਼ਿਆਂ ਦਾ ਸੋਦਾਗਾਰ ਹੋਰ ਨਵੀਂ ਨਰਸਰੀ ਤਿਆਰ ਕਰ ਦਿੰਦਾ ਹੈ। ਉਹ ਬਿਮਾਰੀ ਫੈਲਾਈ ਜਾਵੇ, ਤੁਸੀ ਕਿੰਨਿਆਂ ਕੁ ਦਾ ਇਲਾਜ ਕਰੋਗੇ? ਪਿੱਛੇ ਦੁਗਣੀ ਫ਼ੌਜ ਹੋਰ ਆ ਜਾਂਦੀ ਹੈ ਜਿੰਨਾ ਚਿਰ ਇਸ ਸੌਦਾਗਰ ਦਾ ਖ਼ਾਤਮਾ ਨਹੀਂ ਹੁੰਦਾ, ਇਹ ਢੰਗ ਬਹੁਤਾ ਚਿਰ ਕਾਰਗਰ ਸਾਬਤ ਨਹੀਂ ਹੋਣ ਵਾਲਾ। 

3) ਅਫ਼ਸਰਾਂ ਦੇ ਤਬਾਦਲੇ : ਸਾਰੀ ਪੁਲਿਸ ਮਾੜੀ ਨਹੀਂ ਪਰ ਬਦਨਾਮ ਬਹੁਤ ਹੈ। ਅਸਲੀਅਤ ਸੱਭ ਨੂੰ ਪਤਾ ਹੈ। ਜਿਸ ਅਫ਼ਸਰ ਦਾ ਰੌਲਾ ਪੈ ਗਿਆ ਬਦਲ ਕੇ ਦੂਜੇ ਜ਼ਿਲ੍ਹੇ ਵਿਚ ਭੇਜ ਦਿਤਾ ਜਾਂਦਾ ਹੈ। ਬਾਬੇ ਨਾਨਕ ਨੇ ਬੁਰਿਆਂ ਨੂੰ ਵਸਦੇ ਰਹਿਣ ਤੇ ਚੰਗਿਆਂ ਨੂੰ ਉੱਜੜ ਜਾਣ ਲਈ ਕਿਹਾ ਸੀ ਕਿ ਚੰਗਿਆਈ ਫੈਲੇ ਬੁਰਾਈ ਸੀਮਤ ਹੋ ਕੇ ਉਥੇ ਹੀ ਖ਼ਤਮ ਹੋ ਜਾਵੇ। ਪਰ ਸਾਡੀ ਨੀਤੀ ਅਨੁਸਾਰ ਅਸੀ ਉਲਟ ਕੀਤਾ। ਪਹਿਲਾਂ ਦੂਜੇ ਜ਼ਿਲ੍ਹੇ ਵਿਚ ਬਿਮਾਰੀ ਫੈਲਾਅ ਦੇਂਦੇ ਹਾਂ।

ਉਸ ਦੀ ਜਗ੍ਹਾ ਜੇਕਰ ਕੋਈ ਭਲਾ ਵੀ ਆ ਜਾਵੇ, ਪੁਰਾਣੇ ਦੀ ਐਸ਼ ਪ੍ਰਸਤੀ ਵੇਖ ਕੇ ਬੁਰਾ ਬਣ ਜਾਂਦਾ ਹੈ। ਸੋ ਨੀਤੀ ਸਜ਼ਾ ਦੇਣ ਦੀ ਚਾਹੀਦੀ ਹੈ ਨਾਕਿ ਤਬਾਦਲੇ ਕਰਨ ਦੀ। ਡਾਕਟਰੀ ਹਿਸਾਬ ਨਾਲ ਵੀ ਜੇਕਰ ਕੋਈ ਖ਼ਾਸ ਬਿਮਾਰੀ ਖ਼ਾਸ ਏਰੀਏ ਵਿਚ ਆ ਜਾਵੇ ਤਾਂ ਉਸ ਜਗ੍ਹਾ ਤੋਂ ਬਾਹਰ ਕਿਸੇ ਵਿਅਕਤੀ ਨੂੰ ਜਾਣ ਨਹੀਂ ਦਿਤਾ ਜਾਂਦਾ ਤੇ ਬਾਹਰੋਂ ਆਉਣ ਵਾਲੇ ਵੀ ਨਹੀਂ ਆ ਸਕਦੇ। ਉਸ ਏਰੀਏ ਵਿਚ ਸਪਰੇਅ ਕਰ ਕੇ ਉਥੇ ਹੀ ਖ਼ਤਮ ਕੀਤਾ ਜਾਂਦਾ ਹੈ। ਇਸ ਲਈ ਬਿਮਾਰੀ ਨੂੰ ਉਸੇ ਵਕਤ ਉਸ ਜਗ੍ਹਾ ਤੇ ਹੀ ਖ਼ਤਮ ਕਰਨ ਦੀ ਲੋੜ ਹੈ। 

4) ਡੋਪ ਟੈਸਟ ਫ਼ਾਰਮੂਲਾ : ਸਰਕਾਰ ਜੀ ਟੈਸਟ ਉਸ ਬਿਮਾਰੀ ਦਾ ਕਰਵਾਇਆ ਜਾਂਦਾ ਹੈ ਜਿਸ ਦਾ ਆਮ ਨੰਗੀਆਂ ਅੱਖਾਂ ਨਾਲ ਪਤਾ ਨਾ ਲੱਗੇ। ਇਹ ਬਿਮਾਰੀ ਤਾਂ ਸੜਕਾਂ ਦੇ ਕੰਢੇ ਸ਼ਰੇਆਮ ਘੁੰਮ ਰਹੀ ਹੈ। ਨੌਜੁਆਨ ਦੀਆਂ ਅੱਖਾਂ ਮੂੰਹ ਉਪਰ ਪਏ ਨੀਲ, ਸੁੱਜੀਆਂ ਹੋਈਆਂ ਨਾੜਾਂ ਅਪਣਾ ਸੱਚ ਬਿਆਨ ਕਰ ਰਹੀਆਂ ਹਨ। ਰਹਿੰਦੀ ਗੱਲ ਸਿਆਸਤਦਾਨ ਆਪ ਡੋਪ ਟੈਸਟ ਕਰਵਾਉਣ ਤਕ ਪੈ ਜਾਂਦੇ ਹਨ। ਭਲਿਉ ਪੁਰਸ਼ੋ ਕੀ ਤੁਹਾਨੂੰ ਕਿਸੇ ਨੇ ਨਸ਼ਈ ਆਖਿਆ ਹੈ? ਕਿਤੇ ''ਚੋਰ ਦੀ ਦਾੜ੍ਹੀ ਵਿਚ ਤਿਨਕਾ'' ਵਾਲੀ ਕਹਾਵਤ ਤਾਂ ਨਹੀਂ? ਅਸੀ ਇਹ ਟੈਸਟ ਕਰਵਾ ਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ?

ਤੁਹਾਡੀ ਜ਼ਿੰਮੇਵਾਰੀ ਸਿਰਫ਼ ਏਨੀ ਨਹੀਂ ਕਿ ਤੁਸੀ ਨਸ਼ੇ ਨਹੀਂ ਕਰਦੇ। ਵੱਡੀ ਜ਼ਿੰਮੇਵਾਰੀ ਤੁਹਾਡੇ ਉਪਰ ਵਿਲਕਦੇ ਪੰਜਾਬ ਦੀ ਹੈ। ਜਿੰਨੀ ਦੇਰ ਤੁਸੀ ਸੌਦਾਗਰਾਂ ਤਕ ਨਹੀਂ ਪਹੁੰਚਦੇ ਤੁਹਾਡੇ ਟੈਸਟਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਜਿਹੜੇ ਤਰੀਕੇ ਨਾਲ ਟੈਸਟਾਂ ਦੀ ਰੇਸ ਲੱਗੀ ਹੈ ਥੋੜੇ ਚਿਰ ਬਾਅਦ ਇਹ ਸਕੈਂਡਲ ਨਾ ਸਾਹਮਣੇ ਆ ਜਾਵੇ ਕਿ ਕਿਸ ਡਾਕਟਰ ਨੇ ਕਿੰਨੇ ਪੈਸੇ ਲੈ ਕੇ ਟੈਸਟ ਠੀਕ ਕੀਤਾ। ਕਿੰਨਾ ਪੈਸਾ ਕਿੱਟਾਂ ਵੇਚਣ ਖ਼ਰੀਦਣ ਵਾਲੇ ਦਲਾਲ ਖਾ ਗਏ। ਫਿਰ ਇਸ ਉਪਰ ਕਮਿਸ਼ਨ ਬੈਠੇਗਾ ਅਤੇ ਪੰਜ ਸਾਲ ਜਾਂ ਸ਼ਾਇਦ ਜ਼ਿਆਦਾ ਸਮਾਂ ਸਰਕਾਰੀ ਖ਼ਰਚੇ ਕਰ ਕੇ ਰੀਪੋਰਟ ਦੇਵੇਗਾ।

ਫਿਰ ਸਰਕਾਰ ਦੀ ਮਰਜ਼ੀ ਉਸ ਨੂੰ ਮੰਨੇ ਜਾਂ ਨਾ ਮੰਨੇ। ਇਸ ਡੋਪ ਟੈਸਟ ਵਿਚੋਂ ਬਸ ਇਹੀ ਕੁੱਝ ਨਿਕਲਣਾ ਹੈ। ਇਸ ਨਾਲ ਨਸ਼ਾ ਖ਼ਤਮ ਨਹੀਂ ਹੋਣ ਵਾਲਾ। ਕਹਿੰਦੇ ਹਨ ਇਕ ਵਾਰ ਇਕ ਜੱਟ ਬਾਣੀਏ ਦੀ ਦੁਕਾਨ ਤੋਂ ਗੁੜ ਲੈਣ ਗਿਆ। ਬਾਣੀਆ ਕਹੇ ''ਗੁੜ ਤਾਂ ਹੈ ਨਹੀਂ ਤੁਸੀ ਏਦਾਂ ਕਰੋ ਲਾਲ ਮਿਰਚ ਲੈ ਜਾਉ।'' ਜੱਟ ਕਹਿੰਦਾ, ''ਮੈਂ ਮਿੱਠੇ ਦੀ ਗੱਲ ਕਰਦਾਂ, ਤੁਸੀ ਮਿਰਚਾਂ ਦੇਈ ਜਾਂਦੇ ਹੋ। ਚਾਹ ਵਿਚ ਕੀ ਮਿਰਚਾਂ ਪਾ ਦੇਵਾਂ? ਲਾਲਾ ਜੀ ਤੁਹਾਡਾ ਦਿਮਾਗ਼ ਤਾਂ ਠੀਕ ਹੈ।'' ਇਸੇ ਤਰ੍ਹਾਂ ਪੰਜਾਬ ਦੇ ਲੋਕ ਨਸ਼ੇ ਦੇ ਸੌਦਾਗਰ ਨੂੰ ਫੜਨ ਲਈ ਕਹਿੰਦੇ ਹਨ ਪਰ ਅਸੀ ਡੋਪ ਟੈਸਟ ਕਰਵਾਉਣ ਤੁਰ ਗਏ ਹਾਂ। ਅਖ਼ੀਰ ਮੈਂ ਅਪਣੀ ਅਤੇ ਲੋਕ ਰਾਏ ਅਨੁਸਾਰ ਕੁੱਝ ਸੁਝਾਅ ਨਸ਼ੇ ਨੂੰ ਖ਼ਤਮ ਕਰਨ ਲਈ ਦੇ ਰਿਹਾ ਹਾਂ।

1. ਹੈਰੋਇਨ ਦੀ ਤਿੰਨ ਡੋਜ਼ ਵਾਲੀ ਕਹਾਣੀ ਸੁਣਾ ਕੇ ਘਰ-ਘਰ ਵਿਚ ਅਪਣੇ ਬੱਚਿਆਂ ਨੂੰ ਸਾਵਧਾਨ ਕਰੋ। ਸਕੂਲਾਂ ਕਾਲਜਾਂ ਵਿਚ ਇਹ ਗੱਲ ਬੱਚਿਆਂ ਦੇ ਦਿਮਾਗ਼ ਵਿਚ ਪਾਉ ਤਾਕਿ ਇਸ ਖ਼ਤਰਨਾਕ ਕੈਮੀਕਲ ਬਾਰੇ ਨੌਜੁਆਨਾਂ ਨੂੰ ਪਤਾ ਲੱਗੇ ਤਾਕਿ ਉਹ ਸ਼ਿਕਾਰੀ ਦੇ ਜਾਲ ਵਿਚ ਨਾ ਫਸਣ। ਇਹ ਕੰਮ ਕੋਈ ਵੀ ਆਮ ਵਿਅਕਤੀ ਕਰ ਸਕਦਾ ਹੈ।

2. ਸਰਕਾਰੀ ਏਜੰਸੀਆਂ ਤੇ ਮੀਡੀਆ ਨਸ਼ੇ ਦੀ ਕੀਮਤ ਵਧਾ ਚੜਾ ਕੇ ਨਾ ਦੱਸੇ। ਮੀਡੀਆ ਉਪਰ ਖ਼ਬਰ ਨੂੰ ਮਿਰਚ ਮੱਸਾਲਾ ਲਗਾ ਕੇ ਉਸ ਦੀ ਕੀਮਤ 20 ਕਰੋੜ ਇਸ ਦਸਦੇ ਹਨ ਜਿਵੇਂ ਸਰਕਾਰ ਨੇ ਇਸ ਦੀ ਐਮ.ਆਰ.ਪੀ. ਤਹਿ ਕੀਤੀ ਹੋਵੇ। ਕੀਮਤਾਂ ਸੁਣ ਕੇ ਬੇਰੁਜ਼ਗਾਰ ਨੌਜੁਆਨ ਉਸ ਵਲ ਖਿਚਿਆ ਜਾਂਦਾ ਹੈ ਤੇ ਇਸ ਵਪਾਰ ਵਿਚ ਪੈਣ ਨੂੰ ਲਲਚਾ ਜਾਂਦਾ ਹੈ ਅਤੇ ਇਸ ਮੱਕੜ ਜਾਲ ਵਿਚ ਫਸ ਜਾਂਦਾ ਹੈ। ਸੋ ਕ੍ਰਿਪਾ ਕਰ ਕੇ ਇਹ ਮਸਾਲੇ ਨਾ ਲਗਾਏ ਜਾਣ, ਇਹ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਮੀਡੀਆ ਇਸ ਦੀ ਮਾਰਕੀਟਿੰਗ ਕਰ ਰਿਹਾ ਹੋਵੇ। 

3. ਸਰਕਾਰ ਨੇ ਸਜ਼ਾ-ਏ-ਮੌਤ ਦੀ ਸਿਫ਼ਾਰਸ਼ ਕੀਤੀ ਹੈ ਪਰ ਜਿਹੜੀਆਂ ਸਜ਼ਾਵਾਂ ਦੀ ਪ੍ਰੋਵਿਜ਼ਨ ਹੈ ਉਹ ਕਿਸ ਨੂੰ ਮਿਲ ਗਈਆਂ? ਸਜ਼ਾ ਹੋਵੇ ਤਾਂ ਸਹੀ ਡਰ ਅੱਗੇ ਭੂਤਨੇ ਵੀ ਨੱਚਣ ਲੱਗ ਜਾਂਦੇ ਹਨ। ਸੋ ਸਜ਼ਾਵਾਂ ਦੇਣ ਲਈ ਵੀ ਈਮਾਨਦਾਰੀ ਦੀ ਲੋੜ ਹੈ। ਸੋ ਅਖ਼ੀਰ ਵਿਚ ਮੇਰੀ ਸਰਕਾਰ ਨੂੰ ਵੀ ਅਪੀਲ ਹੈ ਬੇਰੁਜ਼ਗਾਰੀ ਦਾ ਭੂਤ ਬਹੁਤ ਵੱਡਾ ਬੰਬ ਬਣ ਰਿਹਾ ਹੈ। ਇਸ ਪਾਸੇ ਈਮਾਨਦਾਰੀ ਵਾਲੀ ਸੋਚ ਅਪਣਾ ਕੇ ਰੁਜ਼ਗਾਰ ਸਰਕਾਰੀ ਜਾਂ ਗ਼ੈਰ ਸਰਕਾਰੀ ਉਪਲੱਬਧ ਕਰਵਾਉ ਤਾਕਿ ਨੌਜੁਆਨ ਅਪਣੀ ਜ਼ਿੰਦਗੀ ਬਸਰ ਕਰ ਸਕਣ, ਗਲਤ ਰਸਤੇ ਨਾ ਪੈਣ ਅਤੇ ਨਾ ਹੀ ਡੀ ਐਡਿਕਸ਼ਨ ਸੈਂਟਰ ਖੋਲ੍ਹਣ ਦੀ ਲੋੜ ਪਵੇ।

ਵੋਟਾਂ ਇਸ ਵਿਚ ਰੁਕਾਵਟ ਬਣ ਰਹੀਆਂ ਹਨ, ਸਰਕਾਰ ਸੋਚਦੀ ਹੈ ਜੇ ਸਖ਼ਤੀ ਕੀਤੀ ਤਾਂ ਵੋਟਾਂ ਘੱਟ ਪੈਣਗੀਆਂ। ਪਰ ਅੱਜ ਦੀ ਸਥਿਤੀ ਵਿਚ ਜੋ ਸਖ਼ਤੀ ਨਾਲ ਪੰਜਾਬ ਦੇ ਨੌਜੁਆਨ ਨੂੰ ਬਚਾਵੇਗਾ, ਪੰਜਾਬ ਦੇ ਲੋਕ ਵੋਟਾਂ ਤਾਂ ਕੀ ਉਸ ਨੂੰ ਖ਼ੂਨ ਤਕ ਦੇਣ ਲਈ ਤਿਆਰ ਹਨ। ਜਿਹੜੀ ਸਰਕਾਰ ਨਸ਼ੇ ਖ਼ਤਮ ਕਰਨ ਵਿਚ ਸਖ਼ਤੀ ਕਰੇਗੀ, ਉਹ ਹੀਰੋ ਬਣੇਗੀ। ਆਉਣ ਵਾਲਾ ਸਮਾਂ ਦੱਸੇਗਾ ਕਿ ਹੀਰੋ ਕੌਣ ਬਣਦਾ ਹੈ? ਵਿਲਕਦੇ ਪੰਜਾਬ ਨੂੰ ਕੌਣ ਬਚਾਉਂਦਾ ਹੈ? ਅਕਾਲ ਪੁਰਖ ਸਹਾਈ ਹੋਵੇ। 

ਸੰਪਰਕ : 94173-57156

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement