
ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਦੌਰਾਨ ਵਿਜੈ ਸਾਂਪਲਾ ਨੇ ਸ਼੍ਰੋਮਣੀ ਕਮੇਟੀ 'ਤੇ ਚੁੱਕੇ ਸਵਾਲ
ਚੰਡੀਗੜ੍ਹ (ਪ੍ਰਮੋਦ ਕੌਸ਼ਲ) : ਐਸ.ਜੀ.ਪੀ.ਸੀ ਵਲੋਂ ਆਰ.ਐਸ.ਐਸ ਵਿਰੁਧ ਪਾਸ ਕੀਤੇ ਗਏ ਮਤੇ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਇਸ ਤੇ ਅਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਸ ਮੰਤਵ ਲਈ ਇਨ੍ਹਾਂ ਧਾਰਮਕ ਸੰਸਥਾਵਾਂ ਦੀ ਸਥਾਪਨਾ ਹੋਈ ਉਹ ਉਸ ਮੰਤਵ ਦੀ ਪੂਰਤੀ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੇ ਸਿਆਸੀ ਮੁੱਦਿਆਂ ’ਤੇ ਗੱਲ ਕਰਨੀ ਹੁੰਦੀ ਹੈ ਪਰ ਧਾਰਮਕ ਸੰਸਥਾਵਾਂ ਦੀ ਤਾਂ ਕੋਈ ਮਜਬੂਰੀ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਨੇ ਕਿਹੜਾ ਵੋਟਾਂ ਲੈਣੀਆਂ ਹੁੰਦੀਆਂ।
Vijay Sampla
ਅਜਿਹਾ ਸਭ ਕੁੱਝ ਕਿਸ ਮਜਬੂਰੀ ਵਿਚ ਹੋ ਰਿਹਾ ਹੈ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ‘ਰੋਜ਼ਾਨਾ ਸਪੋਕਸਮੈਨ’ ਨੂੰ ਦਿਤੇ ਅਪਣੇ ਐਕਸਲੂਸਿਵ ਇੰਟਰਵਿਊ ਵਿਚ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਗੁਰੂ ਦਾ ਸਿੱਖ ਬਣ ਗਿਆ ਉਹ ਸਿਰਫ ਸਿੱਖ ਹੁੰਦਾ ਹੈ, ਉਸ ਦੀ ਜਾਤ ਪਾਤ ਕੋਈ ਨਹੀਂ ਹੁੰਦੀ ਪਰ ਅਜਿਹਾ ਨਹੀਂ ਹੈ, ਅਸਕਰ ਹੀ ਸੁਣਨ ਨੂੰ ਮਿਲਦਾ ਹੈ ਕਿ ਇਹ ਜੱਟ ਸਿੱਖ ਨੇ, ਇਹ ਮਜ਼੍ਹਬੀ ਸਿੱਖ ਨੇ, ਅਜਿਹਾ ਨਹੀਂ ਹੋਣਾ ਚਾਹੀਦਾ। ਫਿਰ ਪਿੰਡਾਂ ਵਿਚ ਵੱਖ ਵੱਖ ਜਾਤਾਂ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਹਨ।
SGPC
ਸਾਡੀਆਂ ਧਾਰਮਕ ਸੰਸਥਾਵਾਂ ਨੇ ਤਾਂ ਸਮਾਜ ਵਿਚ ਪਈਆਂ ਵੰਡੀਆਂ ਨੂੰ ਦੂਰ ਕਰ ਕੇ ਸਮਾਜਕ ਸਮਰਸਤਾ ਦਾ ਸੁਨੇਹਾ ਦੇਣਾ ਹੈ ਪਰ ਰਾਜਨੀਤੀ ਨੂੰ ਧਰਮ ਦੇ ਪੱਲੜੇ ਵਿਚ ਤੋਲਣ ਵਾਲਿਆਂ ਨੇ ਹੀ ਸਮਾਜ ਵਿਚ ਵੰਡੀਆਂ ਪਾਈਆਂ ਹਨ। ਐਸ.ਸੀ ਕਮਿਸ਼ਨ ਦੀ ਕਾਰਜਸ਼ੈਲੀ ਦੀ ਗੱਲ ਕਰਦਿਆਂ ਸਾਂਪਲਾ ਨੇ ਕਿਹਾ ਕਿ ਜਿਨ੍ਹਾਂ ਦਾ ਸ਼ੋਸ਼ਣ, ਉਤਪੀੜਣ ਹੁੰਦਾ, ਜ਼ਿਆਦਤੀਆਂ ਹੁੰਦੀਆਂ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹੀ ਕਮਿਸ਼ਨ ਬਣਾਇਆ ਗਿਆ ਹੈ ਜਿੱਥੇ ਕਿਸੇ ਪਾਰਟੀ ਦੀ ਗੱਲ ਨਹੀਂ ਸਗੋਂ ਸਮੁੱਚੇ ਦਲਿਤ ਵਰਗ ਦੀ ਗੱਲ ਹੀ ਕੀਤੀ ਜਾਂਦੀ ਹੈ।
ਦਲਿਤਾਂ ਲਈ ਲਾਗੂ ਸਕੀਮਾਂ ਸਬੰਧਤ ਲੋਕਾਂ ਤਕ ਸਹੀ ਢੰਗ ਨਾਲ ਪਹੁੰਚਦੀਆਂ ਨੇ ਜਾਂ ਨਹੀਂ, ਇਸ ਗੱਲ ਨੂੰ ਵੀ ਕਮਿਸ਼ਨ ਯਕੀਨੀ ਬਣਾਉਂਦਾ ਹੈ ਤਾਂ ਜੋ ਦਲਿਤ ਵਰਗ ਨੂੰ ਕਿਸੇ ਕਿਸਮ ਨਾਲ ਵੀ ਕੋਈ ਪਰੇਸ਼ਾਨੀ ਨਾ ਹੋਵੇ। ਦਲਿਤਾਂ ਤੇ ਹੋਣ ਵਾਲੇ ਅਤਿਆਚਾਰਾਂ ਦੀ ਗੱਲ ਕਰਦਿਆਂ ਸਾਂਪਲਾ ਨੇ ਕਿਹਾ ਕਿ ਜਦੋਂ ਤਕ ਮਾਨਸਿਕਤਾ ਨਹੀਂ ਬਦਲਦੀ ਉਦੋਂ ਤਕ ਪੂਰੀ ਤਰ੍ਹਾਂ ਨਾਲ ਸੁਧਾਰ ਨਹੀਂ ਹੋ ਸਕਦਾ ਇਸ ਲਈ ਜ਼ਰੂਰੀ ਹੈ ਕਿ ਮਾਨਸਿਕਤਾ ਬਦਲੀ ਜਾਵੇ।
Vijay Sampla
ਉਨ੍ਹਾਂ ਕਿਹਾ ਜੋ ਲੋਕ ਦਲਿਤਾਂ ਨਾਲ ਅੱਜ ਵੀ ਮਾੜਾ ਵਿਵਹਾਰ ਕਰਦੇ ਹਨ ਉਨ੍ਹਾਂ ਦੀ ਮਾਨਸਿਕਤਾ ਵਿਚ ਹੀ ਹੰਕਾਰ ਹੋਣ ਕਰ ਕੇ ਅਜਿਹਾ ਹੁੰਦਾ ਹੈ ਅਤੇ ਜਦੋਂ ਤਕ ਮਾਨਸਿਕਤਾ ਠੀਕ ਨਹੀਂ ਉਦੋਂ ਤਕ ਸਮਾਧਾਨ ਵੀ ਨਹੀਂ। ਇਸੇ ਕਰ ਕੇ ਹੀ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਨੇ ਇਸ ਨੂੰ ਸੰਵਿਧਾਨਕ ਦਰਜਾ ਦਿਤਾ ਅਤੇ ਜਦੋਂ ਫਿਰ ਵੀ ਸ਼ੋਸ਼ਣ ਨਹੀਂ ਰੁਕਿਆ ਤੇ ਕਾਨੂੰਨ ਬਣਾਇਆ ਗਿਆ ਤੇ ਜਦੋਂ ਫਿਰ ਵੀ ਸ਼ੋਸ਼ਣ ਦੀਆਂ ਘਟਨਾਵਾਂ ਜਾਰੀ ਰਹੀਆਂ ਤਾਂ ਕਮਿਸ਼ਨ ਬਣਾਇਆ ਗਿਆ। ਸਾਂਪਲਾ ਨੇ ਅਪਣਾ ਨਿਜੀ ਵਾਕਿਆ ਸਾਂਝਾ ਕਰਦਿਆਂ ਦਸਿਆ ਕਿ ਦਲਿਤਾਂ ਨਾਲ ਹੋਣ ਵਾਲੇ ਵਿਤਕਰੇ ਦਾ ਉਹ ਖ਼ੁਦ ਵੀ ਸ਼ਿਕਾਰ ਹੋਏ ਸੀ।
ਉਨਾਂ ਦਸਿਆ ਕਿ ਜਦੋਂ ਉਹ ਸਕੂਲ ਵਿਚ ਪੜ੍ਹਦੇ ਸੀ ਤਾਂ ਕਿਸੇ ਦੇ ਘਰ ਚਲੇ ਗਏ ਜਿਸ ਕਰ ਕੇ ਉਨ੍ਹਾਂ ਨੂੰ ਇਹ ਤਕ ਸੁਣਨਾ ਪਿਆ ਸੀ ਕਿ ‘ਤੂੰ ਸਾਡੇ ਚੌਂਤੇ ’ਤੇ ਕਿਵੇਂ ਆਇਆਂ’। ਪੰਜਾਬ ਦੀ ਗੱਲ ਕਰਦਿਆਂ ਸਾਂਪਲਾ ਨੇ ਕਿਹਾ ਕਿ ਦਲਿਤ ਵਰਗ ਦੀ ਆਬਾਦੀ ਪੰਜਾਬ ਵਿਚ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਸਾਡੇ ਗੁਰੂਆਂ ਨੇ ਹਮੇਸ਼ਾਂ ਹੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਿਆਂ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਸੁਨੇਹਾ ਦਿਤਾ ਪਰ ਦੁੱਖ ਹੁੰਦਾ ਹੈ ਜਦੋਂ ਪੰਜਾਬ ਵਿਚ ਦਲਿਤਾਂ ਤੇ ਅਤਿਆਚਾਰ ਦੀਆਂ ਘਟਨਾਵਾਂ ਆਏ ਦਿਨ ਦੇਖਣ ਤੇ ਸੁਨਣ ਨੂੰ ਮਿਲਦਿਆਂ ਹਨ।
Bhimrao Ramji Ambedkar
ਸਾਂਪਲਾ ਨੇ ਮੋਗਾ ਵਿਖੇ ਦੋ ਸਗੀਆਂ ਭੈਣਾਂ ਦੇ ਹੋਏ ਦਰਦਨਾਕ ਕਤਲ ਦੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਗਿਰਾਵਟ ਦਾ ਪੱਧਰ ਇਸ ਹੱਦ ਤਕ ਜਾ ਪਹੁੰਚਿਆ ਹੈ ਕਿ ਜਿਹੜੇ ਮੁਲਜ਼ਮਾਂ ਨੂੰ ਉਨ੍ਹਾਂ ਦੀ ਇਸ ਘਿਨੌਣੀ ਹਰਕਤ ਲਈ ਲਾਹਣਤਾਂ ਪਾਉਣੀਆਂ ਚਾਹੀਦੀਆਂ ਸੀ ਉਨ੍ਹਾਂ ਨੂੰ ਲਾਹਣਤਾਂ ਦੀ ਥਾਂ ਉਨ੍ਹਾਂ ਦੀ ਵਕਾਲਤ ਕੀਤੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ ਤੇ ਇਹ ਸਾਡਾ ਪੰਜਾਬੀਆਂ ਦਾ ਹਮੇਸ਼ਾਂ ਤੋਂ ਹੀ ਫਲਸਫਾ ਰਿਹਾ ਹੈ ਅਤੇ ਪੰਜਾਬ ਦੀ ਇਹ ਰੀਤ ਰਹੀ ਹੈ ਕਿ ਜੇਕਰ ਅਸੀਂ ਕਿਸੇ ਹੋਰ ਪਿੰਡ ਵੀ ਗਏ ਹਾਂ ਤੇ ਉਥੇ ਸਾਡੇ ਪਿੰਡ ਦੀ ਧੀ ਧਿਆਣੀ ਰਹਿੰਦੀ ਹੋਵੇ ਤਾਂ ਉਸ ਨੂੰ ਆਪਣੀਆਂ ਧੀਆਂ ਵਾਂਗ ਮਿਲ ਕੇ ਆਈਦਾ ਸੀ ਪਰ ਹੁਣ ਸਾਡੀ ਸੰਸਕਿ੍ਰਤੀ ਤੇ ਸਾਡੇ ਸਭਿਆਚਾਰ ਵਿਚ ਗਿਰਾਵਟ ਆਈ ਹੈ।
ਸਾਂਪਲਾ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਜਿਹਾ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰਸ਼ਾਸਨ ਨੂੰ ਵੀ ਇਸ ਬਾਬਤ ਹਦਾਇਤ ਕੀਤੀ ਗਈ ਹੈ ਤਾਂ ਜੋ ਭਵਿਖ ਵਿਚ ਕੋਈ ਅਜਿਹਾ ਨਾ ਕਰੇ। ਉਨ੍ਹਾਂ ਕਿਹਾ ਕਿ ਅੱਜਕਲ ਹਰ ਇਕ ਕੋਲ ਮੋਬਾਈਲ ਹੈ ਤੇ ਉਹ ਸਾਰੇ ਹੀ ਮੀਡੀਆ ਨੇ ਜਿਸ ਕਰ ਕੇ ਅਜਿਹੀਆਂ ਘਟਨਾਵਾਂ ਨੋਟਿਸ ਵਿਚ ਵੀ ਜਲਦੀ ਆ ਜਾਂਦੀਆਂ ਹਨ।
ਉਨ੍ਹਾਂ ਹੁਸ਼ਿਆਰਪੁਰ, ਖੰਨਾ, ਮਾਨਸਾ ਆਦਿ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਰੁਕਣੀਆਂ ਚਾਹੀਦੀਆਂ ਹਨ ਅਤੇ ਇਸ ਦੇ ਲਈ ਕਮਿਸ਼ਨ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਇਸ ਦੇ ਲਈ ਸਿਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਦੀ ਲੋੜ ਤੇ ਵੀ ਜ਼ੋਰ ਦਿਤਾ। ਸਾਂਪਲਾ ਨੇ ਕਿਹਾ ਕਿ ਸਾਡੀ ਸਿਖਿਆ ਵਿਚ ਭਾਈਚਾਰੇ ਦਾ ਸਿਲੇਬਸ ਹੀ ਸ਼ਾਮਲ ਨਹੀਂ, ਭੈਣ ਭਰਾ ਦਾ ਰਿਸ਼ਤਾ ਕੀ ਹੈ?
ਮਾਂ ਪਿਉ ਦਾ ਰਿਸ਼ਤਾ ਕੀ ਅਹਿਮੀਅਤ ਰਖਦਾ ਹੈ? ਪਤੀ ਪਤਨੀ ਦਾ ਰਿਸ਼ਤਾ ਕੱਚੇ ਧਾਗੇ ਵਾਂਗ ਪਵਿੱਤਰ ਹੁੰਦੈ, ਇਹ ਸਭ ਦੱਸਣ ਲਈ ਸਾਡੀਆਂ ਕਿਤਾਬਾਂ ਵਿਚ ਕੋਈ ਸਬਜੈਕਟ ਹੀ ਨਹੀਂ ਤੇ ਜਦੋਂ ਪੜ੍ਹਾਈ ਵਿਚ ਇਹ ਗੱਲਾਂ ਹੀ ਨਹੀਂ ਤਾਂ ਬੱਚਿਆਂ ਨੂੰ ਪਤਾ ਕਿਵੇਂ ਲੱਗੇਗਾ ਕਿ ਸਾਡੇ ਰਿਸ਼ਤਿਆਂ ਦੀ ਅਹਿਮੀਅਤ ਕੀ ਹੈ? ਸਾਂਪਲਾ ਨੇ ਕਿਹਾ ਕਿ ਸਾਡੀ ਪੜ੍ਹਾਈ ਵਿਚ ਤੇ ਹੁਣ ਪੈਸਾ ਹਾਵੀ ਹੋ ਰਿਹਾ ਹੈ ਕਿ ਪੈਸਾ ਕਿਵੇਂ ਕਮਾਉਣਾ ਹੈ?
Education
ਉਨ੍ਹਾਂ ਕਿਹਾ ਕਿ ਜਿੱਥੇ ਪੈਸਾ ਆਵੇਗਾ, ਉਥੇ ਸਵਾਰਥ ਆਵੇਗਾ ਅਤੇ ਜਿੱਥੇ ਸਵਾਰਥ ਆਵੇਗਾ ਉਥੇ ਸੰਸਕਾਰ ਨਹੀਂ ਹੋਣਗੇ ਅਤੇ ਇਹ ਵੀ ਇਕ ਵੱਡਾ ਕਾਰਣ ਹੈ ਕਿ ਸਾਡੀ ਭਾਈਚਾਰਕ ਸਾਂਝ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ, ਉਨ੍ਹਾਂ ਦੇ ਸੰਗਠਨ ਨੇ ਤਾਕਤ ਦਿਤੀ ਹੈ ਕਿ ਉਹ ਅਪਣੇ ਅਤੇ ਅਪਣੇ ਸਮਾਜ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਣ ਅਤੇ ਜੇਕਰ ਉਨ੍ਹਾਂ ਨੂੰ ਤਾਕਤ ਮਿਲੀ ਹੈ ਤੇ ਉਸ ਦਾ ਇਸਤੇਮਾਲ ਵੀ ਉਨ੍ਹਾਂ ਨੂੰ ਕਰਨਾ ਆਉਣਾ ਚਾਹੀਦੈ ਤੇ ਫਿਰ ਅਪਣੇ ਆਪ ਹੀ ਮਸਲੇ ਦਾ ਹੱਲ ਵੀ ਨਿੱਕਲਦੈ।
ਸਾਂਪਲਾ ਨੇ ਅਖੀਰ ਵਿਚ ਮੁੜ ਤੋਂ ਦੁਹਰਾਇਆ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਅਪਣਾ ਫਰਜ਼ ਪਹਿਚਾਣਦੇ ਹੋਏ ਕਿ ਅਸੀਂ ਸਮਾਜ ਨੂੰ ਕੁੱਝ ਦੇਣਾ ਹੈ, ਅਸੀਂ ਦੇਸ਼ ਦੇ ਨਾਗਰਿਕ ਹਾਂ ਇਸ ਗੱਲ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ ਨਾ ਕਿ ਮੇਰਾ ਇਸ ਵਿਚ ਕੀ ਫਾਇਦਾ ਉਸ ਗੱਲ ਨੂੰ ਦੇਖਿਆ ਜਾਵੇ, ਜਦੋਂ ਅਜਿਹਾ ਹੋਵੇਗਾ ਤਾਂ ਹੀ ਭਾਈਚਾਰਾ, ਸੂਬਾ, ਦੇਸ਼ ਮਜ਼ਬੂਤ ਹੋਵੇਗਾ।
National Commission for Scheduled Castes
ਸਾਂਪਲਾ ਨੇ ਦਸਿਆ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ 14 ਅਪ੍ਰੈਲ ਵਾਲੇ ਦਿਨ ਨੈਸ਼ਨਲ ਐਸ.ਸੀ ਕਮਿਸ਼ਨ ਵਲੋਂ ਆਨਲਾਈਨ ਸ਼ਿਕਾਇਤਾਂ ਲੈਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਨਸਾਫ਼ ਲੈਣ ਲਈ ਚਿੱਠੀਆਂ ਦੀ ਪ੍ਰਕਿਰਿਆ ਦੇ ਚਲਦਿਆਂ ਹੋਣ ਵਾਲੀ ਦੇਰੀ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਦਸਿਆ ਕਿ ਇਸ ਆਨਲਾਈਨ ਸ਼ਿਕਾਇਤ ਪ੍ਰਕਿਰਿਆ ਰਾਹੀਂ ਕੋਈ ਵੀ ਆਪਣੀ ਸ਼ਿਕਾਇਤ ਕਮਿਸ਼ਨ ਨੂੰ ਆਨਲਾਈਨ ਭੇਜ ਸਕੇਗਾ ਤੇ ਕਮਿਸ਼ਨ ਉਸ ਤੇ ਕਾਰਵਾਈ ਕਰੇਗਾ।
‘ਰੋਜ਼ਾਨਾ ਸਪੋਕਸਮੈਨ’ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਦੌਰਾਨ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਲਾਸ ਦੇ ਚੇਅਰਮੈਨ ਵਿਜੇ ਸਾਂਪਲਾ।