
ਮੁਠੀ ਭਰ ਸਿੰਘ ਦੁਨੀਆਂ ਦੀ ਬਿਹਤਰੀਨ ਫ਼ੌਜ ਨੂੰ ਰੋਕੀ ਬੈਠੇ ਸਨ
ਅੰਮ੍ਰਿਤਸਰ (ਪਰਮਿੰਦਰ): ਚਾਰ ਜੂਨ ਨੂੰ ਸ਼ੁਰੂ ਹੋਇਆ ਹਮਲਾ ਪੰਜ ਜੂਨ ਨੂੰ ਵੀ ਜਾਰੀ ਰਿਹਾ। ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਮੀਟਿੰਗਾਂ ਦੌਰਾਨ ਕੁੱਝ ਘੰਟਿਆਂ ਵਿਚ ਮੋਰਚਾ ਫ਼ਤਹਿ ਕਰ ਲੈਣ ਦੇ ਦਮਗਜੇ ਮਾਰਨ ਵਾਲੇ ਫ਼ੌਜੀ ਅਧਿਕਾਰੀ ਵੀ ਹੈਰਾਨ ਸਨ। ਮੁਠੀ ਭਰ ਸਿੰਘ ਦੁਨੀਆਂ ਦੀ ਬਿਹਤਰੀਨ ਫ਼ੌਜ ਨੂੰ ਰੋਕੀ ਬੈਠੇ ਸਨ। ਇਸ ਸਾਰੇ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਜਰਨਲ ਅਰੁਣ ਸ੍ਰੀਧਰ ਵੈਦਿਆ ਨੇ ਰਖਿਆ ਵਿਭਾਗ ਕੋਲੋਂ ਉਪਰੇ ਖ਼ਤਮ ਕਰਨ ਲਈ ਟੈਂਕਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ।
june 1984
ਫ਼ੌਜੀ ਅਧਿਕਾਰੀ ਜਰਨਲ ਸੁਬੇਗ ਸਿੰਘ ਦੀ ਯੁਧਨੀਤੀ ਤੋਂ ਹੈਰਾਨ ਸਨ। ਅੰਮ੍ਰਿਤਸਰ ਛਾਉਣੀ ਵਿਚ ਫ਼ੌਜੀ ਅਧਿਕਾਰੀਆਂ ਨੂੰ ਪੰਜਾਬ ਦੇ ਮੋਗਾ ਦੇ ਜੰਮਪਲ ਜਰਨਲ ਕੁਲਦੀਪ ਬਰਾੜ ਨੇ ਕੜਕ ਕੇ ਉਪਰੇ ਦੇ ਹੁਣ ਤਕ ਕਾਮਯਾਬ ਨਾ ਹੋਣ ਦੇ ਕਾਰਨਾਂ ਸਬੰਧੀ ਪੁਛਿਆ ਜਿਸ ਦਾ ਕਿਸੇ ਕੋਲ ਜਵਾਬ ਨਹੀਂ ਸੀ। ਜਰਨਲ ਬਰਾੜ ਖ਼ੁਦ ਸ੍ਰੀ ਦਰਬਾਰ ਸਾਹਿਬ ਦੇ ਐਨ ਸਾਹਮਣੇ ਘੰਟਾ ਘਰ ਮਾਰਕੀਟ ਦੇ ਛੱਤ ’ਤੇ ਮੌਜੂਦ ਸੀ। ਉਧਰ ਨੇੜਲੀਆਂ ਇਮਾਰਤਾਂ ਤੇ ਖ਼ਾਸਕਰ ਹੋਟਲ ਟੈਂਪਲ ਵਿਉ ਤੇ ਵੀ ਫ਼ੌਜੀ ਅਧਿਕਾਰੀ ਖ਼ੁਦ ਸਾਰੇ ਉਪਰੇ ’ਤੇ ਨਜ਼ਰ ਰਖ ਰਹੇ ਸਨ। ਫ਼ੌਜੀਆਂ ਨੂੰ ਸੱਭ ਤੋਂ ਵਧ ਨੁਕਸਾਨ ਬੁੰਗਾ ਰਾਮਗੜ੍ਹੀਆ ਤੇ ਬਣੇ ਮੋਰਚਿਆਂ ਤੋਂ ਹੋ ਰਿਹਾ ਸੀ।
7 June 1984
4 ਜੂਨ ਦਾ ਪੂਰਾ ਦਿਨ ਤੇ ਪੂਰੀ ਰਾਤ ਲੜਨ ਦੇ ਬਾਵਜੂਦ ਸਫ਼ਲਤਾ ਦੂਰ ਦੂਰ ਤਕ ਨਜ਼ਰ ਨਹੀਂ ਸੀ ਆ ਰਹੀ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸਿੰਘ ਨਿਤਾਪ੍ਰਤੀ ਮਰਿਆਦਾ ਨਿਭਾਉਣ ਤੋਂ ਵੀ ਅਸਮਰਥ ਹੁੰਦੇ ਜਾ ਰਹੇ ਸਨ। ਇਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਲੱਗੀ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰ ਰਹੇ ਭਾਈ ਅਵਤਾਰ ਸਿੰਘ ਪਾਰੋਵਾਲ ਵੀ ਗੋਲੀ ਲਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ। ਸ੍ਰੀ ਦਰਬਾਰ ਸਾਹਿਬ ਅੰਦਰ ਦੋ ਗ੍ਰੰਥੀ ਗਿਆਨੀ ਮੋਹਨ ਸਿੰਘ ਤੇ ਗਿਆਨੀ ਪੂਰਨ ਸਿੰਘ ਮੌਜੂਦ ਸਨ। ਰਹਿਰਾਸ ਦੇ ਪਾਠ ਤੋਂ ਬਾਅਦ ਇਹ ਦੋਵੇ ਗ੍ਰੰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਆਸਨ ਕਰ ਕੇ ਉਪਰਲੀ ਮੰਜ਼ਲ ’ਤੇ ਲੈ ਗਏ। ਰਾਤ ਇਕ ਵਜੇ ਫ਼ੌਜ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਟੈਂਕ ਲੈ ਆਈ। ਪ੍ਰਤਖਦਰਸ਼ੀਆਂ ਮੁਤਾਬਕ ਇਨ੍ਹਾਂ ਟੈਂਕਾਂ ਦੀ ਗਿਣਤੀ ਨੋ ਦੇ ਕਰੀਬ ਸੀ।
10 June 1984
ਇਨ੍ਹਾਂ ਵਿਚੋਂ ਇਕ ਟੈਂਕ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਕੋਲ ਜ਼ਮੀਨ ਵਿਚ ਧਸ ਗਿਆ ਤੇ ਇਸ ਟੈਂਕ ਦੀ ਗੋਲਾਬਾਰੀ ਨਾਲ ਕਈ ਮੋਰਚੇ ਢਹਿ ਗਏ। ਇਸ ਟੈਂਕ ਤੋਂ ਨਿਸ਼ਾਨ ਬੰਨ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਗੋਲੇ ਚਲਾਏ ਜਾਂਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਵਿਚ ਵੱਡੇ ਮਘੋਰੇ ਹੋ ਗਏ। ਰਾਤ ਤਿੰਨ ਵਜੇ ਨਿਸ਼ਾਨਾ ਨਾ ਲਗਣ ਕਾਰਨ ਦਰ ਡਿਉੜੀ ਦੀ ਇਕ ਗੁਬੰਦੀ ਵੀ ਢਹਿ ਗਈ। ਸੰਤਾਂ ਦੇ ਮਨ ਵਿਚ ਵੈਰਾਗ ਦੀ ਭਾਵਨਾ ਸੀ। ਉਧਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੂੰਦਰੀ ਹਾਲ ਦੇ ਹਾਲਾਤ ਵੀ ਅਜਿਹੇ ਹੀ ਸਨ।
ਉਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਗੋਵਾਲ, ਅਕਾਲੀ ਦਲ ਦੇ ਆਗੂ ਸ. ਮਨਜੀਤ ਸਿੰਘ ਤਰਨਤਾਰਨੀ, ਬਲਵੰਤ ਸਿੰਘ ਰਾਮੂਵਾਲੀਆ, ਬੀਬੀ ਅਮਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਫ਼ੌਜਾ ਸਿੰਘ ਆਦਿ ਮੌਜੂਦ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸੰਤ ਲੌਗੋਵਾਲ ਨੂੰ ਫ਼ੌਜ਼ ਨੇ ਹਿਰਾਸਤ ਵਿਚ ਲੈ ਗਿਆ ਸੀ। ਜਥੇਦਾਰ ਟੌਹੜਾ ਨੇ ਉਸ ਵੇਲੇ ਫ਼ੌਜੀਆਂ ਦੇ ਨਿਸ਼ਾਨੇ ’ਤੇ ਆਏ ਭਾਈ ਮਨਜੀਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ ਆਦਿ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦਸ ਕੇ ਉਨ੍ਹਾਂ ਦੀ ਜਾਨ ਬਚਾਈ।