
19 ਅਗੱਸਤ 2018 ਦਿਨ ਐਤਵਾਰ ਦਾ ਸੀ। ਉਸ ਦਿਨ ਮੈਂ ਘਰੇਲੂ ਕੰਮਕਾਰ ਰੁਝਿਆ ਵਿਚ ਹੋਇਆ ਸੀ...........
19 ਅਗੱਸਤ 2018 ਦਿਨ ਐਤਵਾਰ ਦਾ ਸੀ। ਉਸ ਦਿਨ ਮੈਂ ਘਰੇਲੂ ਕੰਮਕਾਰ ਰੁਝਿਆ ਵਿਚ ਹੋਇਆ ਸੀ ਜਦੋਂ ਤਕਰੀਬਨ ਸਵਾ ਕੁ 11 ਵਜੇ ਮੈਨੂੰ ਪਿੰਡ ਦੇ ਉਸਾਰੀ ਅਧੀਨ ਸ਼ੈਲਰ ਦੀ ਕੰਧ ਡਿਗਣ ਉਤੇ ਮਜ਼ਦੂਰ ਦੇ ਹੇਠ ਆਉਣ ਦੀ ਖ਼ਬਰ ਮਿਲੀ ਜੋ ਪਿੰਡ ਤੋਂ ਤਕਰੀਬਨ ਇਕ ਕਿਲੋਮੀਟਰ ਦੀ ਦੂਰੀ ਉਤੇ ਬਣ ਰਿਹਾ ਸੀ। ਰਾਹ ਜਾਂਦੇ ਨੇ ਵੇਖਿਆ ਕਿ ਬੱਚੇ, ਬੁਢੇ, ਬੀਬੀਆਂ ਮਦਦ ਲਈ ਜਿਵੇਂ ਸਾਧਨ ਮਿਲੇ, ਲੈ ਕੇ ਭੱਜੇ ਜਾ ਰਹੇ ਸਨ। ਸੱਭ ਦੇ ਦਿਲ ਵਿਚ ਇਕ ਡਰ ਘਰ ਕਰੀ ਬੈਠਾ ਸੀ ਕਿਉਂਕਿ ਮੇਰੇ ਪਿੰਡ ਦੇ 20 ਤੋਂ 25 ਨੌਜਵਾਨ ਇਥੇ ਹੀ ਰੋਜ਼ਾਨਾ ਮਜ਼ਦੂਰੀ ਲਈ ਆਉਂਦੇ ਸਨ।
ਸ਼ੈਲਰ ਵਿਚ ਲਾਗਲੇ ਪਿੰਡ ਫਰੌਰ ਤੇ ਨਵਾਂ ਪਿੰਡ ਤੋਂ ਵੀ ਮਜ਼ਦੂਰ ਕੰਮ ਕਰਦੇ ਸਨ। ਠੇਕੇਦਾਰ ਤੇ ਮਾਲਕ ਧੂਰੀ ਤੋਂ ਸਨ ਤੇ ਠੇਕੇਦਾਰ ਧੂਰੀ ਤੋਂ ਵੀ ਤਕਰੀਬਨ ਦਸ ਕੁ ਬੰਦੇ ਅਪਣੇ ਨਾਲ ਕੰਮ ਉਤੇ ਲਗਾਉਣ ਲਈ ਲੈ ਕੇ ਆਇਆ ਸੀ ਜੋ ਸਾਰੇ ਸ਼ੈਲਰ ਵਿਚ ਹੀ ਰਹਿੰਦੇ ਸੀ। ਕੁੱਲ ਮਿਲਾ ਕੇ ਸ਼ੈਲਰ ਵਿਚ 35 ਤੋਂ 40 ਮਜ਼ਦੂਰ ਕੰਮ ਕਰਦੇ ਸਨ। ਜਦੋਂ ਮੈਂ ਸ਼ੈਲਰ ਪਹੁੰਚਿਆ ਤਾਂ ਮੇਰੇ ਜਾਣ ਤੋਂ ਪਹਿਲਾਂ ਤਕਰੀਬਨ ਸਾਰੇ ਮਜ਼ਦੂਰ ਮਲਬੇ ਵਿਚੋਂ ਕੱਢ ਲਏ ਗਏ ਸਨ। ਪੁਲਿਸ ਵੀ ਉਥੇ ਮੌਜੂਦ ਸੀ। ਪਿੰਡ ਵਾਸੀ ਅਪਣੇ ਵਾਹਨਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ।
ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਅਪਣੀਆਂ ਅੱਖਾਂ ਸਾਹਮਣੇ ਇਹੋ ਜਹੇ ਹਲਾਤ ਵੇਖੇ ਸਨ। ਮੇਰੇ ਸਾਹਮਣੇ ਹੀ ਪੰਜ ਮਜ਼ਦੂਰਾਂ ਦੀਆਂ ਲਾਸ਼ਾਂ ਪਈਆਂ ਸਨ। ਲਾਸ਼ਾਂ ਕੋਲ ਜਾ ਕੇ ਪਤਾ ਲੱਗਾ ਕਿ ਇਨ੍ਹਾਂ ਵਿਚੋਂ ਦੋ ਮੇਰੇ ਪਿੰਡ ਲਖਣਪੁਰ ਦੇ ਸਨ। ਇਕ ਜਗਜੀਤ ਸਿੰਘ ਜੱਗੀ ਤੇ ਦੂਜਾ ਮਨਜੀਤ ਸਿੰਘ ਹੈਪੀ। ਹੈਪੀ ਤਾਂ ਮੇਰਾ ਸਹਿਪਾਠੀ ਸੀ। ਅਸੀ ਪਿੰਡ ਵਿਚ ਇਕੱਠਿਆਂ ਪੜ੍ਹਦੇ ਸੀ। ਬੜਾ ਹਸਮੁੱਖ ਉਤੇ ਟਿੱਚਰ ਮਜ਼ਾਜ ਬੰਦਾ ਮੇਰੇ ਸਾਹਮਣੇ ਸਦਾ ਦੀ ਚੁੱਪੀ ਧਾਰੀ ਪਿਆ ਸੀ। ਹੈਪੀ ਹੋਰੀਂ ਦੋ ਭਰਾ ਸਨ ਤੇ ਦੋ ਭੈਣਾਂ ਦਾ ਉਹ ਛੋਟਾ ਭਰਾ ਸੀ। ਦਿਲ ਕੰਬਾਉ ਗੱਲ ਇਹ ਸੀ ਕਿ ਉਸ ਦੇ ਵਿਆਹ ਨੂੰ ਹਾਲੇ ਸਾਲ ਕੁ ਹੋਇਆ ਸੀ ਤੇ ਉਸ ਦੀ ਪਤਨੀ ਗਰਭਵਤੀ ਸੀ।
ਸ਼ਾਇਦ ਰੱਬ ਨੂੰ ਮੰਨਜ਼ੂਰ ਨਹੀਂ ਸੀ ਕਿ ਉਹ ਅਪਣੇ ਆਉਣ ਵਾਲੇ ਬੱਚੇ ਦਾ ਮੂੰਹ ਵੀ ਵੇਖ ਸਕੇ। ਇਹੀ ਨਹੀਂ ਹੈਪੀ ਦੀ ਮਾਸੀ ਬੇ-ਔਲਾਦ ਸੀ ਉਸ ਨੇ ਹੈਪੀ ਨੂੰ ਅਪਣੇ ਪੁੱਤਰ ਵਾਂਗ ਹੀ ਪਾਲਿਆ ਸੀ। ਇਕੱਲਾ ਹੈਪੀ ਪ੍ਰਵਾਰ ਦੇ ਪੰਜ ਜੀਆਂ ਨੂੰ ਪਾਲ ਰਿਹਾ ਸੀ। ਦੂਜਾ ਵੀਰ ਜੱਗੀ ਬਹੁਤ ਗ਼ਰੀਬ ਕਿਸਾਨ ਦਾ ਪੁੱਤਰ ਸੀ। ਇਸ ਦਾ ਇਕ ਭਰਾ ਕਈ ਸਾਲ ਪਹਿਲਾਂ ਸੜਕ ਹਾਦਸੇ ਕਾਰਨ ਜ਼ਿੰਦਗੀ ਨਾਲ ਜੂਝਦਾ ਰਿਹਾ। ਉਹ ਚੱਲਣ ਫਿਰਨ ਲੱਗਾ। ਮਾੜੇ ਵਕਤ ਨੇ ਜੱਗੀ ਨੂੰ ਮੌਤ ਹਵਾਲੇ ਕਰ ਦਿਤਾ। ਜੱਗੀ ਦੇ ਦੋ ਬੱਚੇ ਸਨ ਇਕ ਲੜਕੀ (8 ਸਾਲ) ਉਤੇ ਛੋਟਾ ਲੜਕਾ (6 ਸਾਲ) ਹੈ। ਦੱਸਣ ਵਾਲੇ ਦਸਦੇ ਹਨ ਕਿ ਉਸ ਦਿਨ 16 ਮਜ਼ਦੂਰ ਕੰਮ ਕਰ ਰਹੇ ਸਨ।
ਜਿਨ੍ਹਾਂ ਵਿਚੋਂ ਚਾਰ ਜ਼ਖ਼ਮੀ ਹੋਏ ਉਤੇ ਕੁੱਲ ਮਿਲਾ ਕੇ ਮਰਨ ਵਾਲਿਆਂ ਦੀ ਗਿਣਤੀ ਛੇ ਸੀ। ਦੋ ਮੇਰੇ ਪਿੰਡ ਦੇ ਦੋ ਫਰੌਰ ਤੋਂ ਸਨ, ਦੋ ਧੂਰੀ ਤੋਂ ਸਨ। ਧੂਰੀ ਕੋਲ ਪਿੰਡ ਮਾਨਾਵਾਲ ਤੋਂ ਹਰਪ੍ਰੀਤ ਸਿੰਘ ਦੀ ਮੌਤ ਹੋਈ ਜਿਸ ਦੀ ਤਿੰਨ ਸਾਲ ਦੀ ਲੜਕੀ ਤੇ ਦੋ ਸਾਲ ਦਾ ਲੜਕਾ ਹੈ। ਮੁਹੱਲਾ ਰਾਮ ਨਗਰ ਧੂਰੀ ਤੋਂ ਦੋ ਸਕੇ ਭਰਾ ਰਾਜਵੀਰ ਸਿੰਘ ਤੇ ਲਖਵੀਰ ਸਿੰਘ ਰਾਜਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਘਰਵਾਲੀ ਗਰਭਵਤੀ ਹੈ। ਉਸ ਦੀ ਤਿੰਨ ਸਾਲ ਦੀ ਲੜਕੀ ਉਤੇ ਇਕ ਡੇਢ ਕੁ ਸਾਲ ਦਾ ਲੜਕਾ ਹੈ। ਫਰੌਰ ਤੋਂ ਮਰਨ ਵਾਲਾ ਰਘਬੀਰ ਸਿੰਘ 45 ਕੁ ਸਾਲ ਦਾ ਸੀ। ਉਸ ਦੀਆਂ ਦੋ ਧੀਆਂ ਵਿਆਹੀਆਂ ਗਈਆਂ ਹਨ ਤੇ ਇਕ ਵੀਹ ਕੁ ਸਾਲ ਦਾ ਮੁੰਡਾ ਹੈ
ਜਿਸ ਉਤੇ ਘਰ ਦੀ ਸਾਰੀ ਕਬੀਲਦਾਰੀ ਦਾ ਬੌਝ ਪੈ ਗਿਆ ਹੈ। ਫਰੌਰ ਤੋਂ ਇਕ ਪ੍ਰਵਾਸੀ ਮਜ਼ਦੂਰ ਰਮੇਸ਼ਵਰ ਜਿਸ ਦੀ ਉਮਰ 35 ਸਾਲ ਸੀ, ਉਹ ਪਿਛਲੇ ਕੁੱਝ ਸਾਲਾਂ ਤੋਂ ਪੱਕੇ ਤੌਰ ਉਤੇ ਪਿੰਡ ਹੀ ਰਹਿ ਰਿਹਾ ਸੀ। ਉਸ ਦੀਆਂ ਦੋ ਧੀਆਂ ਦੋ ਲੜਕੇ ਹਨ। ਵੱਡੀ ਧੀ ਅਜੇ ਪੰਦਰਾਂ ਕੁ ਸਾਲ ਦੀ ਹੈ। ਇਸੇ ਪਿੰਡ ਦਾ ਜ਼ਖ਼ਮੀ ਹੋਏ ਵੀਰ ਭਜਨ ਸਿੰਘ ਦੀ ਲੱਤ ਵਿਚ ਰਾਡ ਪਈ ਜੋ ਉਮਰ ਭਰ ਲਈ ਅਪਾਹਿਜ ਹੋ ਗਿਆ ਹੈ। ਮਰਨ ਵਾਲੇ ਸਾਰੇ ਮਜ਼ਦੂਰ ਵਿਆਹੇ ਹੋਏ ਸਨ। ਜਿਨ੍ਹਾਂ ਦੇ ਪਿਛੋਂ ਪ੍ਰਵਾਰ ਰੁੱਲ ਗਏ। ਇਹੀ ਨਹੀਂ ਮੌਤ ਦੀ ਗਿਣਤੀ ਹਾਦਸੇ ਵਿਚ ਵੱਧ ਵੀ ਸਕਦੀ ਸੀ ਪਰ ਕੁੱਝ ਕਿਸਮਤ ਵਾਲੇ ਸਨ ਜੋ ਉਸ ਦਿਨ ਛੁੱਟੀ ਕਰ ਗਏ।
ਸੱਤ ਨੌਜਵਾਨ ਮੇਰੇ ਪਿੰਡ ਲਖਣਪੁਰ ਦੇ ਉਤੇ ਤਿੰਨ ਨਵੇਂ ਪਿੰਡ ਦੇ ਠੇਕੇਦਾਰ ਨੇ ਕੰਮ ਘੱਟ ਦਾ ਬਹਾਨਾ ਲਗਾ ਕੇ ਵਾਪਸ ਮੋੜ ਦਿਤੇ। ਬਹੁਤਿਆਂ ਨੇ ਕੰਮ ਉਤੇ ਲੱਗਣ ਲਈ ਅੜੀ ਵੀ ਕੀਤੀ ਪਰ ਠੇਕੇਦਾਰ ਦੀ ਨਾਂਹ ਉਨ੍ਹਾਂ ਨੂੰ ਬਚਾ ਗਈ। ਜੱਗੀ ਤੇ ਹੈਪੀ ਨੂੰ ਵਾਪਸ ਮੁੜਨ ਲਈ ਕਿਹਾ ਸੀ। ਪਰ ਉਹ ਕੰਮ ਉਤੇ ਲੱਗ ਰਹੇ। ਇਕ ਹੋਰ ਨੌਜਵਾਨ ਜੋ ਉਨ੍ਹਾਂ ਨੂੰ ਲੰਘਦਾ ਵੈਸੇ ਹੀ ਮਿਲਣ ਚਲਾ ਗਿਆ, ਉਸ ਨੇ ਉਥੇ ਜਾ ਕੇ ਚਾਹ ਵੀ ਪੀਤੀ। ਉਹ ਅਜੇ ਪਿੰਡ ਹੀ ਪਹੁੰਚਿਆ ਸੀ ਕਿ ਹਾਦਸਾ ਵਾਪਰ ਗਿਆ। ਜੇ ਕਿਤੇ ਉਸ ਦਿਨ ਸਾਰੇ ਕੰਮ ਉਤੇ ਲੱਗ ਜਾਂਦੇ ਤਾਂ ਸ਼ਾਇਦ ਮੇਰੇ ਪਿੰਡ ਮੌਤਾਂ ਦੀ ਗਿਣਤੀ ਪੰਦਰਾਂ ਤੋਂ ਵੀ ਵੱਧ ਸਕਦੀ ਸੀ।
ਜੋ ਬੱਚ ਕੇ ਭੱਜਣ ਵਿਚ ਕਾਮਯਾਬ ਹੋਏ ਉਹ ਖੁਸ਼ਕਿਸਮਤ ਸਨ। ਨਹੀਂ ਪੈਂਤੀ ਫੁੱਟ ਉੱਚੀ ਪੰਜਾਹ ਫੁੱਟ ਲੰਮੀ ਕੰਧ ਹੇਠੋਂ ਬਚਣਾ ਮੁਸ਼ਕਲ ਸੀ। ਇਹ ਕੰਧ ਆਖ਼ਰੀ ਹੀ ਰਹਿੰਦੀ ਸੀ। ਇਸ ਤੋਂ ਬਾਅਦ ਇਸ ਉਤੇ ਚਾਦਰਾਂ ਪਾ ਦੇਣੀਆਂ ਸਨ। ਹੇਠ ਨੀਂਹ ਕੋਲ ਮਿੱਟੀ ਨਾਲ ਚਣਾਈ ਕੀਤੀ ਗਈ ਸੀ ਤੇ ਠੇਕੇਦਾਰ ਨੇ ਆਖ਼ਰੀ ਕੰਧ 'ਦੋ ਦਿਨ ਵਿਚ ਤਿਆਰ ਕਰਵਾ ਲਈ ਸੀ ਤਾਕਿ ਪੈੜ ਦਾ ਖ਼ਰਚਾ ਬਚ ਜਾਵੇ। ਉਸ ਨੇ ਇਸ ਨੂੰ ਪਾਣੀ ਲਗਾ ਕੇ ਲਪਾਈ ਲਈ ਤਿਆਰ ਕਰ ਲਿਆ ਸੀ। ਮਾਲਕ ਵੀ ਚਾਹੁੰਦਾ ਸੀ ਕਿ ਇਸ ਵਾਰ ਝੋਨੇ ਦੇ ਸੀਜ਼ਨ ਵਿਚ ਸ਼ੈਲਰ ਵਿਚ ਕੰਮ ਦੀ ਸ਼ੁਰੂਆਤ ਹੋ ਜਾਵੇ। ਨੀਂਹਾਂ ਵਿਚ ਵੀ ਮਿੱਟੀ ਦਾ ਭਰਤ ਨਾ ਪਾਇਆ ਗਿਆ।
ਜੋ ਕਿ ਲੈਵਲ ਅਨੁਸਾਰ ਚਾਰ ਤੋਂ ਪੰਜ ਫ਼ੁਟ ਬਣਦਾ ਸੀ ਜਿਸ ਕਾਰਨ ਇਹ ਕੰਧ ਡਿੱਗ ਗਈ। ਦੂਜੇ ਦਿਨ ਫਰੌਰ ਤੇ ਲਖਣਪੁਰ ਦੇ ਵਾਸੀਆਂ ਨੇ ਸ਼ੈਲਰ ਮਾਲਕ ਨੂੰ ਫੜ ਕੇ ਪੇਸ਼ ਕਰਨ ਲਈ ਕਿਹਾ ਤਾਂ ਪੁਲਿਸ ਇਸ ਮਸਲੇ ਵਿਚ ਬੇਵਸ ਜਹੀ ਨਜ਼ਰ ਆ ਰਹੀ ਸੀ। ਠੇਕੇਦਾਰ ਆਮ ਬੰਦਾ ਉਸੇ ਦਿਨ ਸ਼ਾਮੀ ਫੜ ਕੇ ਨਾਭੇ ਜੇਲ ਭੇਜ ਦਿਤਾ ਜਦੋਂ ਕਿ ਅਮੀਰ ਮਾਲਕ ਪੁਲਿਸ ਦੀ ਪਕੜ ਤੋਂ ਦੂਰ ਸੀ। ਮ੍ਰਿਤਕ ਦੇ ਪ੍ਰਵਾਰ ਵਾਲੇ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾ ਰਹੇ ਸਨ। ਪੁਲਿਸ ਦੀ ਢਿੱਲੀ ਕਾਰਵਾਈ ਤੋਂ ਦੁਖੀ ਦੋਹਾਂ ਪਿੰਡ ਵਾਸੀਆਂ ਨੇ ਚੰਡੀਗੜ੍ਹ ਰੋਡ ਉਤੇ ਧਰਨਾ ਲੱਗਾ ਦਿਤਾ ਜਿਸ ਦੀਆਂ ਲਾਈਵ ਵੀਡਿਉ ਫੇਸਬੁਕ ਉੱਤੇ ਸਰਗਰਮ ਰਹੀਆਂ।
ਇਹ ਧਰਨਾ ਸ਼ਾਮੀ ਪੰਜ ਵਜੇ ਤਕ ਜਾਰੀ ਰਿਹਾ। ਲੋਕਾਂ ਦਾ ਦਰਦ ਗੁੱਸਾ ਬਣ ਕੇ ਪੁਲਿਸ ਤੇ ਸਰਕਾਰ ਉਪਰ ਵਰ੍ਹ ਰਿਹਾ ਸੀ। ਅਖੀਰ ਨੂੰ ਪਿੰਡ ਵਾਸੀਆਂ ਨੇ ਧਰਨਾ ਹਟਾ ਲਿਆ 'ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੁਆਰਾ ਇਕ-ਇਕ ਲੱਖ ਦੀ ਘੋਸ਼ਿਤ ਕੀਤੀ ਰਾਸ਼ੀ ਤੋਂ ਸੰਤੁਸ਼ਟ ਹੋਣਾ ਪਿਆ ਭਾਵੇਂ ਜ਼ਖ਼ਮੀ ਹੋਏ ਮਜ਼ਦੂਰਾਂ ਲਈ ਸਰਕਾਰ ਨੇ ਕੋਈ ਰਕਮ ਜਾਰੀ ਨਹੀਂ ਕੀਤੀ। ਸ਼ੈਲਰ ਮਾਲਕ ਦੇ ਦਿਲ ਵਿਚ ਮ੍ਰਿਤਕ ਪ੍ਰਵਾਰ ਉਨ੍ਹਾਂ ਦੇ ਮਾਸੂਮ ਬੱਚਿਆਂ ਲਈ ਕੋਈ ਦਰਦ ਸਾਹਮਣੇ ਨਹੀਂ ਆਇਆ। ਸੰਪਰਕ : 8872488769