
ਮਨੁੱਖ ਦਾ ਤੀਜਾ ਨੇਤਰ ਅਖਵਾਉਣ ਵਾਲੀ ਵਿਦਿਆ ਦਾ ਪ੍ਰਸਾਰ ਕਰਨ ਵਾਲੇ ਅਧਿਆਪਕਾਂ ਦੀ ਅੱਜ ਜੋ ਤਰਸਯੋਗ ਹਾਲਤ ਪੂਰੇ ਮੁਲਕ ਵਿਚ ਬਣੀ ਹੋਈ ਹੈ
ਮਨੁੱਖ ਦਾ ਤੀਜਾ ਨੇਤਰ ਅਖਵਾਉਣ ਵਾਲੀ ਵਿਦਿਆ ਦਾ ਪ੍ਰਸਾਰ ਕਰਨ ਵਾਲੇ ਅਧਿਆਪਕਾਂ ਦੀ ਅੱਜ ਜੋ ਤਰਸਯੋਗ ਹਾਲਤ ਪੂਰੇ ਮੁਲਕ ਵਿਚ ਬਣੀ ਹੋਈ ਹੈ, ਉਸ ਦੀ ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈ ਉਦਾਹਰਣ ਮਿਲਦੀ ਹੋਵੇ। ਅਧਿਆਪਕ ਵਰਗ ਨੂੰ ਇੱਜ਼ਤ ਨਾ ਦੇਣਾ ਸਮੁੱਚੇ ਦੇਸ਼ ਲਈ ਚਿੰਤਾ ਅਤੇ ਸ਼ਰਮ ਵਾਲੀ ਗੱਲ ਹੈ ਕਿਉਂਕਿ ਸਾਡੇ ਵਧੇਰੇ ਮਹਾਂਪੁਰਸ਼ਾਂ ਅਨੁਸਾਰ ਗੁਰੂ ਬਿਨਾਂ ਮਨੁੱਖ ਹਨੇਰੇ ਵਿਚ ਹੀ ਹੈ। ਸੂਫ਼ੀ ਮੱਤ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮੁਰਸ਼ਿਦ ਬਿਨਾਂ ਸੇਧ ਨਹੀਂ। ਅਸਲ ਵਿਚ ਵਿਦਿਆ ਪ੍ਰਾਪਤੀ ਸਦਕਾ ਹੀ ਮਨੁੱਖ ਦੇ ਬੰਦ ਪਏ ਜ਼ਹਿਨ ਦੇ ਕਿਵਾੜ ਖੁਲ੍ਹਦੇ ਹਨ।
Teacher and students
ਜੇਕਰ ਇਹ ਕਹੀਏ ਕਿ ਇਕ ਪੜ੍ਹੇ-ਲਿਖੇ ਅਤੇ ਅਨਪੜ੍ਹ ਮਨੁੱਖ ਵਿਚ ਦਿਨ-ਰਾਤ ਦਾ ਫ਼ਰਕ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਹਜ਼ਰਤ ਮੁਹੰਮਦ (ਸ) ਦੀ ਇਕ ਹਦੀਸ ਅਨੁਸਾਰ ਜੇਕਰ ਵਿਦਿਆ (ਇਲਮ) ਦੀ ਪ੍ਰਾਪਤੀ ਲਈ ਤੁਹਾਨੂੰ ਚੀਨ ਦਾ ਵੀ ਸਫ਼ਰ ਕਰਨਾ ਪਵੇ ਤਾਂ ਕਰੋ। ਬਾਕੀ ਪਵਿੱਤਰ ਕੁਰਆਨ ਮਜੀਦ ਦੀ ਪਹਿਲੀ ਆਇਤ ਹੀ ਸਾਨੂੰ ਸੱਭ ਨੂੰ ਅਪਣੇ ਰੱਬ ਦੇ ਨਾਂ ਨਾਲ ਪੜ੍ਹਨ ਦਾ ਦਰਸ ਦਿੰਦੀ ਹੈ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਕੌਮਾਂ ਅਤੇ ਦੇਸ਼ਾਂ ਨੇ ਵਿਦਿਆ ਦੇ ਮਹੱਤਵ ਨੂੰ ਸਮਝਿਆ ਹੈ ਅਤੇ ਅਧਿਆਪਕ ਵਰਗ ਨੂੰ ਇੱਜ਼ਤ ਦਿਤੀ, ਉਹੀ ਕੌਮਾਂ ਅੱਗੇ ਵੱਧ ਸਕੀਮਾਂ ਹਨ। ਸੂਫ਼ੀ ਮੱਤ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮੁਰਸ਼ਦ ਬਿਨਾਂ ਸੇਧ ਨਹੀਂ ਮਿਲਦੀ। ਜਿਨ੍ਹਾਂ ਦੇਸ਼ਾਂ ਜਾਂ ਕੌਮਾਂ ਨੇ ਸਿਖਿਆ ਪ੍ਰਦਾਨ ਕਰਨ ਵਾਲੇ ਗੁਰੂਆਂ ਦੀ ਕਦਰ ਕੀਤੀ ਅਤੇ ਸਿਖਿਆ ਦੇ ਮਹੱਤਵ ਨੂੰ ਸਮਝਿਆ, ਉਨ੍ਹਾਂ ਮੁਲਕਾਂ ਅਤੇ ਕੌਮਾਂ ਨੇ ਤਰੱਕੀ ਦੀਆਂ ਨਵੀਆਂ ਸਿਖਰਾਂ ਨੂੰ ਛੋਹਿਆ।
Teachers' Day
ਇਥੇ ਕੁੱਝ ਹੋਰ ਵਿਕਸਤ ਦੇਸ਼ਾਂ ਦੀਆਂ ਵੀ ਮੈਂ ਉਦਾਹਰਣ ਦੇਣਾ ਚਾਹਾਂਗਾ ਜਿਵੇਂ ਅਮਰੀਕਾ ਵਿਚ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਵੀ.ਆਈ.ਪੀ. ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿਚ ਅਪਾਹਜ, ਸਾਇੰਸਦਾਨਾਂ ਦੇ ਨਾਲ-ਨਾਲ ਅਧਿਆਪਕ ਵੀ ਸ਼ਾਮਲ ਹਨ। ਇਸ ਸੰਦਰਭ ਵਿਚ ਜਾਪਾਨ ਦੀ ਉਦਾਹਰਣ ਸਾਡੇ ਲਈ ਕਿਸੇ ਚਾਨਣ ਮੁਨਾਰੇ ਤੋਂ ਘੱਟ ਨਹੀਂ। ਕੁੱਝ ਸਮਾਂ ਪਹਿਲਾਂ ਜਾਪਾਨ ਦੀ ਸਿਖਿਆ ਪ੍ਰਤੀ ਸੰਜੀਦਗੀ ਦੀ ਇਕ ਖ਼ਬਰ ਦੁਨੀਆਂ ਭਰ ਵਿਚ ਫੈਲੀ ਸੀ ਕਿ ਇਕ ਬੱਚੀ ਨੂੰ ਸਕੂਲ ਲਿਜਾਣ ਲਈ ਵਿਸ਼ੇਸ਼ ਰੇਲ ਚਲਦੀ ਹੈ।
Teacher and students
ਜਾਪਾਨ ਰੇਲਵੇ ਨੇ ਉਸ ਰੂਟ ਨਾਲ ਸਬੰਧਤ ਕੋਈ ਸਵਾਰੀ ਨਾ ਮਿਲਣ ਕਰ ਕੇ ਉਸ ਗੱਡੀ ਨੂੰ ਬੰਦ ਕਰਨ ਦੀ ਪ੍ਰਵਾਨਗੀ ਸਰਕਾਰ ਕੋਲੋਂ ਮੰਗੀ ਸੀ, ਪਰ ਸਰਕਾਰ ਨੇ ਇਹ ਸੁਝਾਅ ਰੱਦ ਕਰ ਦਿਤਾ ਅਤੇ ਕਿਹਾ ਕਿ ਜਦੋਂ ਤਕ ਉਸ ਲੜਕੀ ਦੀ ਸਿਖਿਆ ਪੂਰੀ ਨਹੀਂ ਹੋ ਜਾਂਦੀ, ਉਦੋਂ ਤਕ ਇਹ ਗੱਡੀ ਬੰਦ ਨਹੀਂ ਕੀਤੀ ਜਾ ਸਕਦੀ। ਸਰਕਾਰ ਨੇ ਸਗੋਂ ਰੇਲਵੇ ਨੂੰ ਹਦਾਇਤ ਕੀਤੀ ਕਿ ਗੱਡੀ ਦੇ ਆਉਣ ਅਤੇ ਜਾਣ ਦਾ ਸਮਾਂ ਲੜਕੀ ਦੇ ਸਕੂਲ ਆਉਣ-ਜਾਣ ਦੇ ਸਮੇਂ ਮੁਤਾਬਕ ਕੀਤਾ ਜਾਵੇ। ਇਸ ਤੋਂ ਸਰਕਾਰ ਦੀ ਸਿਖਿਆ ਪ੍ਰਤੀ, ਵਿਸ਼ੇਸ਼ ਕਰ ਕੇ ਲੜਕੀਆਂ ਦੀ ਸਿਖਿਆ ਪ੍ਰਤੀ ਗੰਭੀਰਤਾ ਦਾ ਪਤਾ ਲਗਦਾ ਹੈ।ਇਸੇ ਤਰ੍ਹਾਂ ਫ਼ਰਾਂਸ ਦੀ ਅਦਾਲਤ ਵਿਚ ਅਧਿਆਪਕ ਤੋਂ ਇਲਾਵਾ ਕਿਸੇ ਨੂੰ ਵੀ ਕੁਰਸੀ ਪੇਸ਼ ਨਹੀਂ ਕੀਤੀ ਜਾਂਦੀ।
Teacher and students
ਉਥੇ ਹੀ ਕੋਰੀਆ ਇਕ ਅਜਿਹਾ ਮੁਲਕ ਹੈ ਜਿਥੇ ਇਕ ਅਧਿਆਪਕ ਅਪਣਾ ਸ਼ਨਾਖਤੀ ਕਾਰਡ ਵਿਖਾ ਕੇ ਉਹ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਦਾ ਹੈ ਜੋ ਕਿ ਸਾਡੇ ਇਸ ਦੇਸ਼ ਵਿਚ ਕਿਸੇ ਵਜ਼ੀਰ, ਐਮ.ਐਲ.ਏ. ਜਾਂ ਐਮ.ਪੀ. ਨੂੰ ਹਾਸਲ ਹਨ। ਉਪਰੋਕਤ ਤੱਥਾਂ ਦੀ ਰੌਸ਼ਨੀ ਵਿਚ ਇਹ ਗੱਲ ਸਮਝ ਆਉਂਦੀ ਹੈ ਕਿ ਉਕਤ ਸਾਰੇ ਦੇਸ਼ ਸਾਡੇ ਨਾਲੋਂ ਈਮਾਨਦਾਰੀ ਤੇ ਤਰੱਕੀ ਵਿਚ ਕਿਉਂ ਅੱਗੇ ਹਨ ਕਿਉਂਕਿ ਉਨ੍ਹਾਂ ਦੇਸ਼ਾਂ ਵਿਚ ਸਿਖਿਆ ਅਤੇ ਸਿਖਿਆ ਸ਼ਾਸਤਰੀਆਂ ਦੀ ਨਾ ਸਿਰਫ਼ ਕਦਰ ਕੀਤੀ ਜਾਂਦੀ ਹੈ ਬਲਕਿ ਉਨ੍ਹਾਂ ਦੇ ਹੱਕਾਂ ਦੀ ਰਾਖੀ ਨੂੰ ਪਹਿਲ ਦੇ ਆਧਾਰ ਤੇ ਤਰਜੀਹ ਦਿਤੀ ਹੈ।
Teacher and students
ਬਾਕੀ ਜ਼ਿਆਦਾ ਕੁੱਝ ਨਾ ਕਹਿੰਦਾ ਹੋਇਆ ਇਹੋ ਕਹਾਂਗਾ ਕਿ 'ਹਾਥ ਕੰਗਣ ਕੋ ਆਰਸੀ ਕਿਯਾ, ਪੜ੍ਹੇ ਲਿਖੇ ਕੋ ਫ਼ਾਰਸੀ ਕਿਯਾ'। ਸਾਨੂੰ ਹਰਗਿਜ਼ ਨਹੀਂ ਭੁਲਣਾ ਚਾਹੀਦਾ ਕਿ ਜੇਕਰ ਕਿਸੇ ਦੇਸ਼ ਦੀਆਂ ਨੀਹਾਂ ਮਜ਼ਬੂਤ ਹਨ ਤਾਂ ਹੀ ਦੇਸ਼ ਦੀ ਅੱਗੋਂ ਹੋਰ ਉਸਾਰੀ ਵਧੇਰੇ ਆਸਾਨੀ ਅਤੇ ਪੁਖ਼ਤਗੀ ਨਾਲ ਕੀਤੀ ਜਾ ਸਕਦੀ ਹੈ ਪਰ ਜੇਕਰ ਕਿਸੇ ਦੇਸ਼ ਦੀਆਂ ਨੀਹਾਂ ਹੀ ਕਮਜ਼ੋਰ ਹਨ ਤਾਂ ਉਸ ਤੇ ਕਦੇ ਵੀ ਮਜ਼ਬੂਤ ਉਸਾਰੀ ਨਹੀਂ ਹੋ ਸਕਦੀ। ਫ਼ਾਰਸੀ ਦੇ ਪ੍ਰਸਿੱਧ ਕਵੀ ਸ਼ੇਖ ਸਆਦੀ ਨੇ ਕਿੰਨਾ ਸੋਹਣਾ ਕਿਹਾ ਹੈ ਕਿ:
ਖਿਸ਼ਤ-ਏ-ਅੱਵਲ ਚੂੰ ਨਹਿਦ ਮੈਂਮਾਰ ਕੱਜ£
ਤਾ ਸੁਰੱਈਆ ਮੀ ਰੂ ਦੀਵਾਰ ਕੱਜ£
Teacher and students
ਭਾਵ ਸ਼ੇਖ਼ ਸਾਅਦੀ ਦੀਵਾਰ ਦੀ ਉਸਾਰੀ ਕਰਨ ਵਾਲੇ ਮਿਸਤਰੀ ਨੂੰ ਸੰਬੋਧਤ ਹਨ ਕਿ ਤੂੰ ਬੁਨਿਆਦ ਦੀ ਜੋ ਪਹਿਲੀ ਇੱਟ ਹੈ, ਉਸ ਨੂੰ ਬਹੁਤ ਹੀ ਗ਼ੌਰ ਨਾਲ ਵੇਖ-ਭਾਲ ਕੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਕੇ ਲਗਾ, ਜੇਕਰ ਬੁਨਿਆਦ ਵਿਚ ਹੀ ਨੁਕਸ ਰਹਿ ਗਿਆ ਤਾਂ ਭਾਵੇਂ ਦੀਵਾਰ ਨੂੰ ਉਸਾਰਦਿਆਂ-ਉਸਾਰਦਿਆਂ ਚਾਹੇ ਅਸਮਾਨਾਂ ਦੀਆਂ ਬੁਲੰਦੀਆਂ ਤੇ ਦਿਸਦੇ ਸਿਤਾਰਿਆਂ ਦੇ ਝੁੰਡ ਤਕ ਲੈ ਜਾਵੀਂ ਫਿਰ ਵੀ ਉਸ ਵਿਚ ਉਹ ਨੁਕਸ ਬਰਕਰਾਰ ਰਹੇਗਾ। ਇਸੇ ਤਰ੍ਹਾਂ ਇਕ ਅਧਿਆਪਕ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਬੱਚਿਆਂ ਦੀ ਮੁਢਲੀ ਪੜ੍ਹਾਈ ਵਲ ਵਿਸ਼ੇਸ਼ ਧਿਆਨ ਦੇਵੇ, ਤਾਕਿ ਮੁਲਕ ਦਾ ਭਵਿੱਖ ਸੁਰੱਖਿਅਤ ਬਣ ਸਕੇ। ਇਥੇ ਇਹ ਵੀ ਇਕ ਸੱਚਾਈ ਹੈ ਕਿ ਅਧਿਆਪਕ ਵੀ ਤਦ ਹੀ ਅਪਣੇ ਪਾਸ ਪੜ੍ਹਦੇ ਬੱਚਿਆਂ ਉਪਰ ਧਿਆਨ ਦੇ ਪਾਵੇਗਾ ਜਦ ਸਰਕਾਰ ਤੇ ਸਮਾਜ ਉਸ ਦੇ ਹੱਕਾਂ ਦੇ ਨਾਲ-ਨਾਲ ਉਸ ਦੇ ਇੱਜ਼ਤ ਅਤੇ ਅਹਿਤਰਾਮ ਨੂੰ ਯਕੀਨੀ ਬਣਾਵੇਗਾ।