
ਕੁੱਝ ਇਤਿਹਾਸਕਾਰਾਂ ਨੇ ਸ. ਜੱਸਾ ਸਿੰਘ ਨਾਲ ਬੜੀ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਉਸ ਦੀ ਪ੍ਰਤਿਭਾ, ਸ਼ਖ਼ਸੀਅਤ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ....
ਕੁੱਝ ਇਤਿਹਾਸਕਾਰਾਂ ਨੇ ਸ. ਜੱਸਾ ਸਿੰਘ ਨਾਲ ਬੜੀ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਉਸ ਦੀ ਪ੍ਰਤਿਭਾ, ਸ਼ਖ਼ਸੀਅਤ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ 'ਤੇ ਲੜਕੀ ਮਾਰਨ ਦੀ ਤੋਹਮਤ ਲਾਈ ਸੀ। ਕੁੱਝ ਇਹ ਵੀ ਕਹਿੰਦੇ ਹਨ ਕਿ ਸਰਦਾਰ ਜੱਸਾ ਸਿੰਘ ਨੇ ਨਹੀਂ ਉਸ ਦੇ ਪ੍ਰਵਾਰ ਵਾਲਿਆਂ ਨੇ ਮਾਰੀ ਸੀ। ਇਸ ਦੋਸ਼ ਕਾਰਨ ਉਸ ਨੂੰ ਪੰਥ ਵਿਚੋਂ ਛੇਕ ਦਿਤਾ ਗਿਆ ਸੀ, ਇਸ ਲਈ ਉਸ ਨੇ ਅਦੀਨਾ ਬੇਗ ਕੋਲ ਨੌਕਰੀ ਕਰ ਲਈ ਸੀ। ਜਦੋਂ ਮਨੂੰ ਦੇ ਹੁਕਮ ਨਾਲ ਅਦੀਨਾ ਬੇਗ ਦੀ ਫ਼ੌਜ, ਰਾਮ ਰੌਣੀ ਦੇ ਕਿਲ੍ਹੇ ਨੂੰ ਘੇਰਾ ਪਾਉਣ ਵਾਸਤੇ ਆਈ ਸੀ, ਜੱਸਾ ਸਿੰਘ ਵੀ ਉਸ ਵਿਚ ਸ਼ਾਮਲ ਸੀ ਪਰ ਖ਼ਾਲਸੇ ਨੂੰ ਮੁਸੀਬਤ ਵਿਚ ਫਸਿਆ ਵੇਖ ਕੇ ਖ਼ਾਲਸੇ ਨਾਲ ਆ ਮਿਲਿਆ ਸੀ।
ਪੰਥ ਨੇ ਇਸ ਦੀ ਇਹ ਭੁੱਲ ਬਖ਼ਸ਼ ਕੇ ਅਪਣੇ ਨਾਲ ਸ਼ਾਮਲ ਕਰ ਲਿਆ ਸੀ। ਲੜਕੀ ਮਾਰਨ ਦੇ ਦੋ ਹੀ ਕਾਰਨ ਹੋ ਸਕਦੇ ਹਨ। ਪਹਿਲਾ ਹੋ ਸਕਦਾ ਹੈ ਕਿ ਸ਼ਾਇਦ ਉਸ ਵੇਲੇ ਲੜਕੀ ਮਾਰਨ ਦਾ ਆਮ ਰਿਵਾਜ ਹੁੰਦਾ ਹੋਵੇਗਾ ਜਿਸ ਕਾਰਨ ਸਰਦਾਰ ਜੱਸਾ ਸਿੰਘ ਦੇ ਪ੍ਰਵਾਰ ਨੇ (ਕੁੱਝ ਇਤਿਹਾਸਕਾਰਾਂ ਮੁਤਾਬਕ) ਲੜਕੀ ਮਾਰੀ ਹੋਵੇ। ਸਿੱਖ ਪੰਥ ਵਿਚ ਕੁੜੀ ਮਾਰਨੀ ਬਜਰ ਪਾਪ ਮੰਨਿਆ ਜਾਂਦਾ ਹੈ ਜਦਕਿ ਜੱਸਾ ਸਿੰਘ ਦੇ ਘਰ, ਗੁਰਸਿੱਖੀ ਦੀ ਤੀਜੀ ਪੀੜ੍ਹੀ ਚਲ ਰਹੀ ਸੀ ਜਿਵੇਂ ਕਿ ਸਰਦਾਰ ਜੱਸਾ ਸਿੰਘ ਦਾ ਦਾਦਾ, ਜੋ ਕਲਗੀਧਰ ਪਾਤਸ਼ਾਹ ਦਾ ਅਨਿਨ ਸਿੱਖ, ਦਰਬਾਰੀ ਤੇ ਹਜ਼ੂਰ ਸਿੱਖ ਸੀ, ਜਿਸ ਦੀ ਬਹਾਦਰੀ, ਦਲੇਰੀ ਤੇ ਗੁਰਮੁਖਤਾਈ ਵੇਖ ਕੇ
ਦਸਮੇਸ਼ ਪਿਤਾ ਜੀ ਨੇ ਅਸੀਸ ਦੇਂਦਿਆਂ ਆਖਿਆ ਸੀ 'ਹਰਦਾਸ ਸਿੰਘ! ਤੇਰੇ ਖ਼ਾਨਦਾਨ ਵਿਚ ਰਾਜਸੀ ਠਾਠ ਬਣੇ ਰਹਿਣਗੇ।' ਇਸ ਬਾਰੇ ਗਿਆਨੀ ਗਿਆਨ ਸਿੰਘ ਇਉਂ ਵਰਨਣ ਕਰਦੇ ਹਨ। ਇਨ ਕਾ ਬੜਾ ਸਿੰਘ ਹਰਦਾਸ, ਰਹਿਉ ਗੁਰੂ ਗੋਬਿੰਦ ਸਿੰਘ ਪਾਸ। ਮਨ ਤਨ ਧਨ ਕਰ ਸੇਵ ਕਮਾਈ, ਗੁਰ ਬਰ ਦੀਨੋ ਰਾਜ ਲਭਾਈ। ਸਿੰਘ ਭਗਵਾਨ ਤਾਹਿੰ ਸੁਤਭਯੋ, ਅਬਚਲ ਨਗਰ ਗੁਰੂ ਸੰਗ ਰਾਯੋ। ਜੱਬ ਸਤਿਗੁਰ ਨਿਜ ਲੋਕ ਸਿਧਾਰੇ, ਆਕਰ ਉਨ ਪੰਜਾਬ ਮਝਾਰੇ। ਬੰਦੇ ਦੇ ਹੋ ਸੰਗੀ ਨੀਕੇ, ਧਰਮ ਯੁੱਧ ਬਹੁ ਕੀਨੇ ਨੀਕੇ।
ਸ. ਜੱਸਾ ਸਿੰਘ ਦੇ ਪਿਤਾ ਅਤੇ ਬਾਬਾ ਹਰਦਾਸ ਸਿੰਘ ਦੇ ਸਪੁੱਤਰ ਗਿਆਨੀ ਭਗਵਾਨ ਸਿੰਘ ਉਨ੍ਹਾਂ ਵਿਰਲੇ ਵਡਭਾਗੇ ਗੁਰਸਿੱਖਾਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਤਕ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ। ਗਿਆਨੀ ਭਗਵਾਨ ਸਿੰਘ ਜੀ ਨੂੰ ਨਿਤਨੇਮੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਹੋਣ ਕਾਰਨ, ਗਿਆਨੀ ਦੀ ਉਪਾਧੀ ਪ੍ਰਾਪਤ ਹੋਈ ਹੋਵੇ, ਐਸੇ ਮਹਾਨ ਕਿਰਦਾਰ ਵਾਲੇ ਗਿਆਨੀ ਭਗਵਾਨ ਸਿੰਘ ਜੀ ਜੱਸਾ ਸਿੰਘ ਦੇ ਪਿਤਾ ਜਿਨ੍ਹਾਂ ਨੇ ਅਪਣੇ ਬੱਚਿਆਂ ਤੇ ਪ੍ਰਵਾਰ ਨੂੰ ਅਪਣੇ ਵੱਡ ਵਡੇਰਿਆਂ ਦੀਆਂ ਗੱਲਾਂ ਸੁਣਾ ਕੇ ਉਨ੍ਹਾਂ ਦਾ ਬਹਾਦਰੀ ਤੇ ਗੁਰਸਿੱਖੀ ਦਾ
ਜੀਵਨ ਘੜਿਆ ਹੋਵੇ, ਉਸ ਪ੍ਰਵਾਰ ਵਿਚ ਘਰ ਵਿਚ ਕੋਈ ਕੁੜੀ ਮਾਰ ਦੇਵੇ, ਅਸੰਭਵ ਜਿਹੀ ਗੱਲ ਹੈ। ਜਿਸ ਘਰ ਵਿਚ ਗੁਰਸਿੱਖੀ ਦੀ ਤੀਜੀ ਪੀੜ੍ਹੀ ਚਲ ਰਹੀ ਹੋਵੇ, ਗੁਰਸਿੱਖੀ ਵੀ ਐਸੀ ਜਿਸ ਨੇ ਕਲਗੀਧਰ ਦੇ ਚਰਨਾਂ ਤੋਂ ਸਾਰਾ ਜੀਵਨ ਹੀ ਵਾਰ ਦਿਤਾ ਹੋਵੇ, ਉਸ ਘਰ ਵਿਚ ਲੜਕੀ ਮਾਰਨਾ ਸਮਝ ਤੋਂ ਬਾਹਰ ਹੈ।
ਕੁੜੀ ਮਾਰਨ ਬਾਰੇ ਦੂਜੇ ਕਾਰਨ ਦੀ ਗੱਲ ਕਰੀਏ ਤਾਂ ਜਿਥੋਂ ਤਕ ਗ਼ਰੀਬੀ ਦਾ ਸਵਾਲ ਹੈ, ਜਿਹੜਾ ਜੱਸਾ ਸਿੰਘ 15 ਸਾਲ ਦੀ ਉਮਰ (1738) ਵਿਚ ਵੱਲੇ ਪਿੰਡ ਦੀ ਜਗੀਰ ਪਾ ਕੇ ਜਗੀਰਦਾਰ ਤੇ ਰਸਾਲਦਾਰੀ ਦੀ ਪਦਵੀ ਪ੍ਰਾਪਤ ਕਰ ਕੇ ਰਸਾਲਦਾਰ ਬਣ ਗਿਆ ਹੋਵੇ,
ਜਿਸ ਨੇ ਸੁਰਬੀਰਤਾ, ਦਲੇਰੀ ਨਿਡਰਤਾ ਦੇ ਕਾਰਨ ਚੋਖੀ ਮਾਨਤਾ ਪ੍ਰਾਪਤ ਕਰ ਲਈ ਹੋਵੇ, ਉਹ ਗ਼ਰੀਬ ਹੋਵੇ ਨਹੀਂ ਹੋ ਸਕਦਾ। ਜਿਸ ਨੇ ਜ਼ਕਰੀਆ ਖ਼ਾਨ ਦੇ ਮਰਨ ਉਪਰੰਤ ਕਾਫ਼ੀ ਸਮਾਂ ਅਦੀਨਾ ਬੇਗ ਕੋਲ ਰਹਿ ਕੇ ਚੋਖੀ ਜਗੀਰ ਲਈ ਹੋਵੇ, ਜੋ ਜਗੀਰਦਾਰੀ ਕਰ ਰਿਹਾ ਹੋਵੇ, ਉਸ ਦੇ ਘਰ ਵਿਚ ਗ਼ਰੀਬੀ ਹੋਵੇ, ਅਸੰਭਵ ਜਿਹੀ ਗੱਲ ਹੈ। ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਨ੍ਹਾਂ ਇਤਿਹਾਸ ਦੀਆਂ ਕਈ ਕਿਤਾਬਾਂ ਲਿਖੀਆਂ ਹਨ, ਉਹ ਅਪਣੀ ਕਿਤਾਬ (ਖ਼ਾਲਸਾ ਰਾਜ ਦੇ ਉਸਰੀਏ) ਭਾਗ ਦੂਜਾ ਪੰਨਾ 80 ਦੇ ਫ਼ੁਟਨੋਟ ਵਿਚ ਲਿਖਦੇ ਹਨ:
''ਜੱਸਾ ਸਿੰਘ ਦੇ ਕੰਨਿਆ ਮਾਰਨ ਬਾਰੇ ਅਸੀ ਬੜੀ ਖੋਜ ਕੀਤੀ ਹੈ ਪਰ ਸਾਨੂੰ ਕੋਈ ਪ੍ਰਮਾਣਤ ਸਬੂਤ ਇਸ ਦੀ ਤਾਈਦ ਵਿਚ ਨਹੀਂ ਮਿਲਿਆ।'' ਇਸ ਤੋਂ ਇਲਾਵਾ ਪ੍ਰੋ. ਪ੍ਰਿਥੀਪਾਲ ਸਿੰਘ ਜੀ ਕਪੂਰ ਅਪਣੀ ਪੁਸਤਕ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਪੰਨੇ 36 ਦੇ ਫੁਟਨੋਟ ਵਿਚ ਇਉਂ ਲਿਖਦੇ ਹਨ। ''ਇਹ ਗੱਲ ਵਰਨਣਯੋਗ ਹੈ ਕਿ ਮੁਢਲੇ ਲਿਖਾਰੀਆਂ ਨੇ ਇਸ ਦਾ (ਕੁੜੀ ਮਾਰਨ) ਕੋਈ ਜ਼ਿਕਰ ਨਹੀਂ ਕੀਤਾ। ਵਿਸ਼ੇਸ਼ ਕਰ ਕੇ ਅਲੀ-ਉਲ-ਦੀਨ ਨੇ ਅਪਣੀ ਪੁਸਤਕ 'ਇਬਰਤ ਨਾਮਾ' ਵਿਚ ਇਸ ਘਟਨਾ ਬਾਰੇ ਕੁੱਝ ਵੀ ਨਹੀਂ ਲਿਖਿਆ। ਕੇਵਲ ਸਿੱਖਾਂ ਦੇ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਜਿਵੇਂ: ਸਿੱਖ ਤਰਖਾਣ ਜੱਸਾ ਸਿੰਘ ਜੋਇ। ਦੀਨੇ ਸਿੰਘਨ ਛੇ ਥੇ ਸੋਇ।
(ਰਤਨ ਸਿੰਘ, ਪ੍ਰਾਚੀਨ ਪੰਥ ਪ੍ਰਕਾਸ਼ ਪੰਨਾ 314)'' ਉਪਰੋਕਤ ਲਿਖਤ ਦੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਇਹ ਕੇਵਲ ਇਕ ਊਜ ਸੀ, ਜੋ ਜੱਸਾ ਸਿੰਘ ਦੀ ਪ੍ਰਤਿਭਾ ਨੂੰ ਨੀਵਾਂ ਵਿਖਾਉਣ ਲਈ ਘੜੀ ਗਈ ਜਾਪਦੀ ਹੈ। ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਅਪਣੀ ਪੁਸਤਕ 'ਖ਼ਾਲਸਾ ਰਾਜ ਦੇ ਉਸਰਈਏ-ਭਾਗ ਦੂਜਾ' ਪੰਨਾ 78 'ਤੇ ਲਿਖਦੇ ਹਨ: ''ਸੰਨ 1745 ਜ਼ਕਰੀਆ ਖ਼ਾਨ ਸੂਬਾ ਲਾਹੌਰ ਮਰ ਗਿਆ, ਹੁਣ ਅਦੀਨਾ ਬੇਗ ਨੂੰ ਜਲੰਧਰ ਵਿਚ ਅਪਣੀ ਸ਼ਕਤੀ ਵਧਾਉਣ ਦਾ ਸੁਨਹਿਰੀ ਸਮਾਂ ਮਿਲਿਆ। ਇਹ ਬੜਾ ਸਿਆਣਾ ਰਾਜਨੀਤਕ ਹੁਕਮਰਾਨ ਸੀ। ਇਹ ਚੰਗੀ ਤਰ੍ਹਾਂ ਜਾਣਦਾ ਸੀ ਮੇਰੀ ਕਮਾਨ ਤਦ ਹੀ ਚੜ੍ਹੀ ਰਹਿ ਸਕੇਗੀ,
ਜਦ ਖ਼ਾਲਸੇ ਨਾਲ ਮੇਰਾ ਕਿਸੇ ਤਰ੍ਹਾਂ ਮੇਲ ਹੋ ਜਾਏ।'' ਇਸ ਦੀ ਪ੍ਰੋੜਤਾ ਲਈ ਉਹ ਇਨ੍ਹਾਂ ਪੁਸਤਕਾਂ ਦਾ ਹਵਾਲਾ ਦਿੰਦੇ ਹਨ-ਖ਼ਾਲਸਾ ਨਾਮਾ ਦੀਵਾਨ ਬਖਤ ਮੱਲ ਪੰਨਾ 58-97, ਐਚ.ਆਰ. ਗੁਪਤਾ ਹਿਸਟਰੀ ਆਫ਼ ਦੀ ਸਿੱਖਸ ਪੰਨਾ 8, ਹਰੀ ਰਾਮ ਗੁਪਤਾ ਅਦੀਨਾ ਬੇਗ ਖ਼ਾਨ ਪੰਨਾ 18, ਸੋਹਨ ਲਾਲ ਉਸਦਾਤੁਲ ਤਵਾਰੀਖ਼ ਦਫ਼ਤਰ ਇਕ ਪੰਨਾ 128, ਐਨ.ਕੇ. ਸਿਨਹਾ ਰਾਈਜ਼ ਆਫ਼ ਦੀ ਸਿੱਖ ਪਾਵਰ ਬ੍ਰੋਨਸ ਇੰਡੀਆ ਟਰੈਕਟਸ ਪੰਨਾ 13। ਇਧਰ ਖ਼ਾਲਸਾ ਵੀ ਸਮੇਂ ਦੀਆਂ ਰਾਜਸੀ ਚਾਲਾਂ ਵਿਚ ਨਿਪੁੰਨ ਸੀ, ਪੂਰਨ ਪ੍ਰਬੀਨ ਸੀ। ਉਹ ਵੀ ਚਾਹੁੰਦਾ ਸੀ ਲੋੜ ਵਿਚ ਫਸੇ ਹਾਕਮ ਨਾਲ ਮੇਲ ਕਰਨ ਵਿਚ ਹੀ ਭਲਾ ਹੈ।
ਅਪਣੇ ਸਵੈਸਤਿਕਾਰ ਨੂੰ ਮੁੱਖ ਰੱਖ ਕੇ ਮੇਲ ਵਧਾਉਣ ਵਿਚ ਕਿਸੇ ਤਰ੍ਹਾਂ ਦੀ ਹਾਨੀ ਨਹੀਂ। ਇਸ ਤਰ੍ਹਾਂ ਦੋਵਾਂ ਧਿਰਾਂ ਦੀ ਇੱਛਾ ਅਨੁਸਾਰ ਕਈ ਗੱਲਾਂ ਦਾ ਮੂੰਹ ਸਾਹਮਣੇ ਫ਼ੈਸਲਾ ਕਰਨ ਲਈ ਖ਼ਾਲਸੇ ਵਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਿਚੋਲਾ ਥਾਪ ਕੇ ਨਵਾਬ ਅਦੀਨਾ ਬੇਗ ਖ਼ਾਨ ਕੋਲ, ਸ਼ਰਤਾਂ ਤੈਅ ਕਰਨ ਲਈ ਜਲੰਧਰ ਭੇਜਿਆ ਗਿਆ (ਪੁਸਤਕ ਹਵਾਲਾ, 'ਖ਼ਾਲਸਾ ਰਾਜ ਦੇ ਉਸਰਈਏ ਭਾਗ ਦੂਜਾ' ਪੰਨਾ 78-79, ਹਰੀ ਰਾਮ ਗੁਪਤਾ ਅਦੀਨਾ ਬੇਗ ਖ਼ਾਨ ਸਫ਼ਾ 53, ਮੈਲਕਮ ਸਕੈਚਿਜ਼ ਆਫ਼ ਦੀ ਸਿੱਖਜ਼ ਪੰਨਾ 92, ਹਵਾਲਾ ਅਦੀਨਾ ਬੇਗ ਪੰਨਾ 44) ਇਸ ਅਤਿ ਦੀ ਜ਼ਿੰਮੇਵਾਰੀ ਦੇ ਕੰਮ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਐਸੀ
ਸੁਚੱਜਤਾ ਨਾਲ ਸਿਰੇ ਚਾੜ੍ਹਿਆ ਕਿ ਅਦੀਨਾ ਬੇਗ ਖ਼ਾਨ, ਆਪ ਦੀ ਸਿਆਣਪ ਤੇ ਨੀਤੀ ਭਰੀ ਬੋਲਚਾਲ ਦੇ ਢੰਗਾਂ ਨੂੰ ਸੁਣ ਕੇ ਹੈਰਾਨ ਰਹਿ ਗਿਆ। ਨਵਾਬ ਉਤੇ ਅਪਣੀ ਸੁੱਘੜਤਾ ਦਾ ਐਨਾ ਪ੍ਰਭਾਵ ਪਿਆ ਕਿ ਉਸ ਨੇ ਸਰਦਾਰ ਜੱਸਾ ਸਿੰਘ ਨੂੰ ਆਖਿਆ ਜੇ ਆਪ, ਸਣੇ ਸਵਾਰਾਂ ਦੇ ਸਾਡੇ ਨਾਲ ਮਿਲ ਕੇ ਰਹਿਣਾ ਚਾਹੋ ਤਾਂ ਆਪ ਨੂੰ ਅਪਣੀ ਇੱਛਾ ਅਨੁਸਾਰ ਜਗੀਰ ਦਿਤੀ ਜਾਵੇਗੀ। ਜੱਸਾ ਸਿੰਘ ਨੇ ਇਸ ਬਾਰੇ ਪੰਥ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਲਈ ਨਵਾਬ ਤੋਂ ਮੋਹਲਤ ਮੰਗੀ। ਉਸ ਨੇ ਆ ਕੇ ਪੰਥ ਦੇ ਮੁਖੀਆਂ ਸਾਹਮਣੇ ਇਹ ਮਾਮਲਾ ਰਖਿਆ। ਪੰਥਕ ਆਗੂਆਂ ਨੇ ਇਸ ਗੱਲ ਨੂੰ ਦੂਰ ਦ੍ਰਿਸ਼ਟੀ ਨਾਲ ਵਿਚਾਰਿਆ ਉਨ੍ਹਾਂ ਨੂੰ ਇਸ ਵਿਚ ਸੱਭ ਤਰ੍ਹਾਂ ਦਾ
ਪੰਥ ਦਾ ਲਾਭ ਦਿਸਿਆ। ਪਹਿਲਾ ਲਾਭ ਤਾਂ ਪ੍ਰਤੱਖ ਇਹ ਸੀ ਕੀ ਨਾਜ਼ਮ ਨਾਲ ਮੇਲ ਹੋ ਜਾਣ ਨਾਲ ਖ਼ਾਲਸੇ ਉਪਰ ਹੋ ਰਹੀਆਂ ਸਖ਼ਤੀਆਂ ਕੁੱਝ ਸਮੇਂ ਰੁਕ ਜਾਣਗੀਆਂ। ਦੂਜਾ ਇਸ ਸਮੇਂ ਤੋਂ ਲਾਭ ਉਠਾ ਕੇ ਖ਼ਾਲਸੇ ਨੂੰ ਵਧਣ-ਫੁੱਲਣ ਦਾ ਖਾਸਾ ਸਮਾਂ ਮਿਲ ਜਾਵੇਗਾ। ਤੀਜਾ ਹਾਕਮ ਦੇ ਦਰਬਾਰ ਵਿਚ ਅਪਣੇ ਆਦਮੀਆਂ ਦੇ ਰਹਿਣ ਨਾਲ ਵੈਰੀਆਂ ਦੀਆਂ ਚਾਲਾਂ ਤੇ ਸੋਚਾਂ ਦਾ ਪਤਾ ਲਗਦਾ ਰਹੇਗਾ। ਉਨ੍ਹਾਂ ਦੇ ਬਚਾਅ ਦਾ ਪ੍ਰਬੰਧ ਖ਼ਾਲਸਾ ਸਮੇਂ ਸਿਰ ਕਰ ਲਿਆ ਕਰੇਗਾ। ਇਸ ਤੋਂ ਛੁਟ ਲੋੜ ਪੈਣ 'ਤੇ ਪੰਥ ਜ਼ਰੂਰੀ ਸਮਝੇਗਾ ਕਿ ਹਕੂਮਤ ਨਾਲ ਹੋਰ ਮੇਲ ਨਹੀਂ ਰਖਣਾ ਤਾਂ ਉਸੇ ਦਿਨ ਹੀ ਇਹ ਸਬੰਧ ਉਨ੍ਹਾਂ ਨਾਲੋਂ ਤੋੜ ਲਿਆ ਜਾਵੇਗਾ।
ਉਪਰੋਕਤ ਵਿਚਾਰਾਂ ਅਨੁਸਾਰ ਸਰਦਾਰ ਜੱਸਾ ਸਿੰਘ ਨੂੰ ਪੰਥ ਵਲੋਂ ਅਦੀਨਾ ਬੇਗ ਕੋਲ ਰਹਿਣ ਦੀ ਪ੍ਰਵਾਨਗੀ ਮਿਲ ਗਈ। ਉਹ ਅਪਣੇ ਸਵਾਰਾਂ ਸਮੇਤ ਅਦੀਨਾ ਬੇਗ ਪਾਸ ਰਹਿ ਪਿਆ। ਇਸ ਤੋਂ ਨਵਾਬ ਨੇ ਆਪ ਨੂੰ ਚੋਖੀ ਜਗੀਰ ਦੋਆਬੇ ਵਿਚ ਦਿਤੀ। ਇਹ ਸਿਲਸਿਲਾ ਕੋਈ ਤਿੰਨ ਕੁ ਸਾਲ ਨਿਭਦਾ ਰਿਹਾ। (ਹਵਾਲਾ ਖ਼ਾਲਸਾ ਰਾਜ ਦੇ ਉਸਰੀਏ ਭਾਗ ਦੂਜਾ ਸਫ਼ਾ 79) ਇਸ ਤੋਂ ਇਲਾਵਾ ਗਿਆਨੀ ਗਿਆਨ ਸਿੰਘ ਜੀ ਦੀ ਪੁਸਤਕ ਸ਼ਮਸ਼ੇਰ ਖ਼ਾਲਸਾ, ਜੋ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਛਪੀ ਹੈ, ਉਸ ਦੇ ਪੰਨਾ 234 'ਤੇ ਇਸ ਬਾਰੇ ਇਉਂ ਲਿਖਿਆ ਹੈ:
''ਜਦ ਅਦੀਨਾ ਬੇਗ ਦੁਆਬਾ ਬਿਸਤ ਜਲੰਧਰ ਦੇ ਹਾਕਮ ਨੇ ਜ਼ੋਰ ਫੜਿਆ ਅਤੇ ਨਿਤਾਪ੍ਰਤੀ ਉਹਦਾ ਸਿੰਘਾਂ ਨਾਲ ਭੇੜ ਰਹਿਣ ਲੱਗਾ। ਤਦ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਨੂੰ ਅਪਣਾ ਵਕੀਲ ਬਣਾ ਕੇ ਅਦੀਨਾ ਬੇਗ ਪਾਸ ਭੇਜਿਆ। ਸਰਦਾਰ ਜੱਸਾ ਸਿੰਘ ਦੀ ਹੁਸ਼ਿਆਰੀ, ਦਾਨਾਈ, ਤੇ ਸਜੀਵੀ ਛਬੀਲੀ ਸ਼ਕਲ ਵੇਖ ਕੇ ਅਦੀਨਾ ਬੇਗ ਏਨਾ ਪ੍ਰਸੰਨ ਹੋਇਆ ਕਿ ਇਕ ਵੱਡੇ ਇਲਾਕੇ ਦਾ ਸਰਦਾਰ ਬਣਾ ਦਿਤਾ। ਮੁੱਦਤ ਤਕ ਇਹ ਉਥੇ ਰਿਹਾ। ਜਦ ਰਾਮਗੜ੍ਹ ਅੰਮ੍ਰਿਤਸਰ ਵਿਚ ਸਿੱਖਾਂ ਦਾ ਮੀਰ ਮੁਅੰਯੁਨਲ (ਮੀਰ ਮਨੂੰ) ਦੇ ਨਾਲ ਟਾਕਰਾ ਹੋਇਆ ਤਦ ਜੱਸਾ ਸਿੰਘ ਅਦੀਨਾ ਬੇਗ ਤੋਂ ਅੱਡ ਹੋ ਕੇ ਝੱਟ ਖ਼ਾਲਸੇ ਨਾਲ ਆ ਮਿਲਿਆ।''
ਪ੍ਰੋ. ਪ੍ਰਿਥੀਪਾਲ ਸਿੰਘ ਜੀ ਕਪੂਰ ਅਪਣੀ ਪੁਸਤਕ ਦੇ ਪੰਨੇ 40-41 'ਤੇ ਲਿਖਦੇ ਹਨ: ''ਜਿਥੇ ਅਦੀਨਾ ਬੇਗ ਅਪਣੀ ਗ਼ਰਜ਼ ਲਈ ਜੱਸਾ ਸਿੰਘ ਨੂੰ ਵਰਤਣਾ ਚਾਹੁੰਦਾ ਸੀ ਉਥੇ ਜੱਸਾ ਸਿੰਘ ਅਪਣੀ ਚਾਲ ਤੇ ਸੀ। ਆਮ ਖ਼ਿਆਲ ਹੈ ਕਿ ਅਦੀਨਾ ਬੇਗ ਕੋਲ ਮੁਲਾਜ਼ਮਤ ਕਰ ਕੇ ਉਹ ਸਿੱਖਾਂ ਵਿਰੁਧ ਮੁਸਲਮਾਨਾਂ ਦੇ ਇਰਾਦਿਆਂ 'ਤੇ ਸਾਜ਼ਸ਼ਾਂ ਤੇ ਮੁਗਲਈ ਫ਼ੌਜ ਦੇ ਲੜਾਈ ਦੇ ਤਰੀਕਿਆਂ ਤੋਂ ਜਾਣੂ ਹੋਣਾ ਚਾਹੁੰਦਾ ਸੀ। ਸ਼ਾਇਦ ਉਸ ਦਾ ਇਹ ਖ਼ਿਆਲ ਹੋਵੇ ਕਿ ਮੁਗ਼ਲਾਂ ਵਿਚ ਰਹਿ ਕੇ ਉਹ ਅਪਣੀ ਕੌਮ ਦੀ ਵਧੀਕ ਸੇਵਾ ਕਰ ਸਕੇਗਾ। ਦੀਵਾਨ ਕੌੜਾ ਮੱਲ ਦੀ ਮਿਸਾਲ ਉਸ ਦੇ ਸਾਹਮਣੇ ਸੀ। ਉਹ ਮੀਰ ਮਨੂੰ ਦਾ ਮੰਨਿਆ ਪ੍ਰਮੰਨਿਆ ਵਿਸ਼ਵਾਸੀ ਵਜ਼ੀਰ ਸੀ।
ਪਰ ਇਸ 'ਤੇ ਵੀ ਸਿੱਖ ਉਸ ਨੂੰ ਅਪਣਾ ਮਿੱਤਰ ਤੇ ਸ਼ੁਭਚਿੰਤਕ ਮੰਨਦੇ ਤੇ ਉਸ ਦੀ ਇੱਜ਼ਤ ਕਰਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਸਰਦਾਰ ਜੱਸਾ ਸਿੰਘ ਨੇ ਅਪਣੇ ਜਥੇ ਦੇ ਸੱਭ ਸਿੰਘਾਂ ਸਮੇਤ ਅਦੀਨਾ ਬੇਗ ਕੋਲ ਮੁਲਾਜ਼ਮਤ ਕਰਨ ਦਾ ਫ਼ੈਸਲਾ ਕਰ ਲਿਆ। (ਪੁਸਤਕ ਹਵਾਲਾ, ਸਰਦਾਰ ਜੱਸਾ ਸਿੰਘ ਬਿਨੋਦ ਪੰਨਾ 44, ਖ਼ਜ਼ਾਨ ਸਿੰਘ, ਹਿਸਟਰੀ ਐਂਡ ਫ਼ਿਲਾਸਫ਼ੀ ਔਫ਼ ਦੀ ਸਿੱਖ ਰਿਲੀਜਨ ਭਾਗ ਪਹਿਲਾ ਪੰਨਾ 284)'' ਅਦੀਨਾ ਬੇਗ ਕੋਲੋਂ ਨੌਕਰੀ ਛੱਡਣ ਬਾਰੇ ਪੁਸਤਕ 'ਖ਼ਾਲਸਾ ਰਾਜ ਦੇ ਉਸਰਈਏ ਭਾਗ ਦੂਜਾ' ਦੇ ਪੰਨਾ 79 'ਤੇ ਇਉਂ ਲਿਖਿਆ ਹੈ:
''ਸੰਨ 1748 ਦੇ ਅਕਤੂਬਰ ਵਿਚ ਪੰਥਕ ਆਗੂਆਂ ਨੂੰ ਅਦੀਨਾ ਬੇਗ ਦੀ ਨਿਗਾਹ ਖ਼ਾਲਸੇ ਵਲ ਕੁੱਝ ਵਿੰਗੀ ਦਿਸੀ ਇਸ ਪਰ ਰਾਮਰੌਣੀ ਦੇ ਖ਼ਾਲਸੇ ਵਲੋਂ ਸਰਦਾਰ ਜੱਸਾ ਸਿੰਘ ਨੂੰ ਹੁਕਮਨਾਮਾ ਪੁੱਜਾ ਕਿ ਆਪ ਦੋਆਬੇ ਦੇ ਹਾਕਮ ਨਾਲ (ਅਦੀਨਾ ਬੇਗ) ਮੇਲ ਨਾ ਰੱਖੋ। ਖ਼ਾਲਸੇ ਦੀ ਇਸ ਇੱਛਾ ਅਨੁਸਾਰ ਆਪ ਨੇ ਉਸੇ ਦਿਨ ਹੀ ਨਵਾਬ ਅਦੀਨਾ ਬੇਗ ਨਾਲੋਂ ਅਪਣਾ ਸਬੰਧ ਤੋੜ ਲਿਆ ਅਤੇ ਸਣੇ ਅਪਣੇ ਜੁਆਨਾਂ ਨਾਲ ਅੰਮ੍ਰਿਤਸਰ ਪਹੁੰਚ ਕੇ ਅਪਣੇ ਵੀਰਾਂ ਨਾਲ ਮਿਲ ਗਏ। ਇਥੇ ਖ਼ਾਲਸੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੈਰੀਆਂ ਦੇ ਟਾਕਰੇ ਲਈ ਰਣ ਵਿਚ ਉਤਰ ਪਏ। (ਹਵਾਲਾ ਐਚ ਆਰ ਗੁਪਤਾ, ਹਿਸਟਰੀ ਆਫ਼ ਦੀ ਸਿੱਖਜ਼ ਪੰਨਾ 61)''
ਇਸ ਉਪਰੋਕਤ ਲਿਖਤ ਤੋਂ ਇਹ ਸਾਬਤ ਹੁੰਦਾ ਹੈ ਕਿ ਨਾ ਤਾਂ ਸਰਦਾਰ ਜੱਸਾ ਸਿੰਘ ਨੇ ਲੜਕੀ ਮਾਰੀ ਸੀ ਤੇ ਨਾ ਹੀ ਪੰਥ ਖ਼ਾਲਸੇ ਨੇ ਇਸ ਅਪਰਾਧ ਕਰ ਕੇ ਉਸ ਨੂੰ ਛੇਕਿਆ ਸੀ। ਉਹ ਪੰਥ ਦੀ ਸਹਿਮਤੀ ਨਾਲ ਹੀ ਅਦੀਨਾ ਬੇਗ ਕੋਲ ਨੌਕਰ ਹੋਇਆ ਸੀ ਤੇ ਪੰਥ ਦੇ ਹੁਕਮਾਂ ਨਾਲ ਹੀ ਉਹ ਨੌਕਰੀ ਛੱਡ ਕੇ ਰਾਮ ਰੌਣੀ ਦੇ ਖ਼ਾਲਸੇ ਨਾਲ ਆ ਮਿਲਿਆ ਸੀ। ਸਰਦਾਰ ਜੱਸਾ ਸਿੰਘ ਦੇ ਜੀਵਨ ਬਾਰੇ ਹੋਰ ਵਿਸਥਾਰ ਨਾਲ ਜਾਣਨ ਲਈ ਮੇਰੀ ਪੁਸਤਕ 'ਸੇਵਕ ਗਾਵੈ ਢਾਡੀ ਵਾਰਾਂ' ਪੜ੍ਹਨੀ ਜੀ। ਇਹ ਕਿਤਾਬ 208 ਸਫ਼ੇ ਦੀ ਹੈ ਜਿਸ ਵਿਚ ਗਿਆਰਾਂ ਪ੍ਰਸੰਗ ਵਾਰਤਕ (ਲੈਕਚਰ) ਤੇ ਢਾਡੀ ਵਾਰਾਂ ਸਮੇਤ ਲਿਖੇ ਗਏ ਹਨ।
ਪੁਸਤਕ ਖ਼ਰੀਦਣ ਲਈ ਮਿਲੋ: ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ ਅੰਮ੍ਰਿਤਸਰ
ਲਾਹੌਰ ਬੁਕਸ਼ਾਪ ਨੇੜੇ ਸੁਸਾਇਟੀ ਸਿਨੇਮਾ ਘੰਟਾ ਘਰ ਲੁਧਿਆਣਾ
ਗਿਆਨੀ ਅਜੀਤ ਸਿੰਘ ਸੇਵਕ (ਢਾਡੀ ਪ੍ਰਚਾਰਕ) ਲੁਧਿਆਣਾ
ਸੰਪਰਕ : 98728-95809