Operation Blue Star: ਆਪ੍ਰੇਸ਼ਨ ਬਲਿਊ ਸਟਾਰ ਤੇ ਉਸ ਉਪ੍ਰੰਤ ਵਾਪਰਿਆ ਉਹ ਭਿਅੰਕਰ ਖ਼ੂਨੀ ਸਾਕਾ ਸੀ ਜਿਸ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿਤਾ,
Operation Blue Star News in punjabi : ਕੁਝ ਦਿਨ ਪਹਿਲਾਂ ਇਕ ਜਾਣੇ ਪਛਾਣੇ ਸੀਨੀਅਰ ਪੱਤਰਕਾਰ ਨੇ ਮੁਹਾਲੀ ਵਿਖੇ ਵਾਪਰੇ ਰਾਕੇਟ ਲਾਂਚਰ ਗ੍ਰਨੇਡ ਹਮਲੇ ਬਾਰੇ ਮੇਰੀ ਇੰਟਰਵਿਊ ਉਪ੍ਰੰਤ ਆਪ੍ਰੇਸ਼ਨ ਬਲਿਊ ਸਟਾਰ ਵਾਲਾ ਮੁੱਦਾ ਛੇੜ ਲਿਆ ਤੇ ਪੁੱਛਣ ਲੱਗਾ ਕਿ ਤੁਸੀ ਸੰਨ 1984 ਵਿਚ ਕਿਥੇ ਸੀ? ਜਦੋਂ ਮੈਂ ਅਜੇ ਅਪਣੀ ਤੋਪਖ਼ਾਨੇ ਦੀ ਮਸ਼ਹੂਰ ਯੂਨਿਟ (ਜ਼ਿਆਦਾਤਰ ਸਿੱਖ ਫ਼ੌਜੀ) 51 ਮਾਉਂਟੇਨ ਰੈਜੀਮੈਂਟ (ਹੁਣ ਮੀਡੀਅਮ) ਦਾ ਨਾਮ ਲਿਆ ਤਾਂ ਫਿਰ ਇਸ ਵੈੱਬਸਾਈਟ ਚੈਨਲ ਸੰਚਾਲਨ ਕਰਨ ਵਾਲੇ ਜਗਿਆਸੂ ਨੇ ਮੈਨੂੰ ਤੁਰਤ ਟੋਕਦਿਆਂ ਹੈਰਾਨਗੀ ਭਰੇ ਲਹਿਜੇ ’ਚ ਪੁਛਿਆ ਕਿ ਇਹ ਨੰਬਰ ਤਾਂ ਤੁਹਾਡੇ ਮੋਬਾਈਲ ਦੇ ਆਖ਼ਰ ਵਿਚ ਵੀ ਹੈ? ‘‘ਹਾਂ ਜੀ, ਇਸ ਲੱਕੀ ਨੰਬਰ ਨਾਲ ਬਹੁਤ ਸਾਰੇ ਕਾਰਜ ਜੁੜੇ ਹੋਏ ਹਨ। ਸੰਨ 1971 ਦੀ ਜੰਗ ਸਮੇਂ ਜਦੋਂ ਫ਼ਿਫ਼ਟੀ ਫ਼ਸਟ ਨੇ ਪਾਕਿਸਤਾਨੀ ਫ਼ੌਜ ਨੂੰ ਭੜਥੂ ਪਾਇਆ ਤਾਂ ਪਾਕਿਸਤਾਨ ਨੇ ਰੇਡੀਓ ’ਤੇ ਕਿਹਾ ਕਿ ਇਹ ਤਾਂ ਯੂਨਿਟ ਨਹੀਂ ਬਲਕਿ ਬ੍ਰਿਗੇਡ ਆ ਗਿਆ ਹੈ। ਫਿਰ ਤਾਂ ਇਹ ਪੱਤਰਕਾਰ ਹੋਰ ਵੀ ਉਤਾਵਲਾ ਹੋ ਗਿਆ ਤੇ ਕਹਿਣ ਲੱਗਾ ਕਿ ‘‘ਮੈਂ ਇਨ੍ਰਾਂ ਦੋਵਾਂ ਵਿਸ਼ਿਆਂ ’ਤੇ ਤੁਹਾਡੀ ਇੰਟਰਵਿਊ ਲੈਣਾ ਚਾਹੁੰਦਾ ਹਾਂ ਪਰ ਕਿਸੇ ਹੋਰ ਨਾਲ ਇਸ ਬਾਰੇ ਜ਼ਿਕਰ ਨਾ ਕਰਨਾ।’’ ਖ਼ੈਰ ਮੈਂ ਸੋਚਿਆ ਕਿ ਇਸ ਵਿਸ਼ੇ ਨੂੰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ’ਚ ਇਸ ਬਾਰੇ ਲੇਖ ਕਿਉਂ ਨਾ ਲਿਖਿਆ ਜਾਵੇ।
ਆਪ੍ਰੇਸ਼ਨ ਬਲਿਊ ਸਟਾਰ ਤੇ ਉਸ ਉਪ੍ਰੰਤ ਵਾਪਰਿਆ ਉਹ ਭਿਅੰਕਰ ਖ਼ੂਨੀ ਸਾਕਾ ਸੀ ਜਿਸ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿਤਾ, ਫ਼ੌਜੀ ਵਰਦੀ ਵਿਚ ਸਿੱਖ ਅਫ਼ਸਰ ਤੇ ਜਵਾਨ ਕਸੂਤੀ ਕੁੜਿੱਕੀ ਵਿਚ ਫਸ ਗਏ। ਇਕ ਪਾਸੇ ਉਨ੍ਹਾਂ ਦੀ ਧਾਰਮਕ ਆਸਥਾ ਤੇ ਪਵਿੱਤਰ ਪੂਜਨੀਕ ਅਸਥਾਨ ’ਤੇ ਹਮਲਾ ਅਤੇ ਦੂਜੇ ਪਾਸੇ ਫ਼ੌਜੀ ਡਿਊਟੀ। ਸਿੱਖ ਪਲਟਨਾਂ ਵਿਸ਼ੇਸ਼ ਤੌਰ ’ਤੇ ਫ਼ੌਜੀ ਅਫ਼ਸਰਾਂ ਅਤੇ ਕਈ ਸੁਰੱਖਿਆ ਬਲਾਂ ਦੇ ਸਿੱਖ ਅਧਿਕਾਰੀਆਂ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਗੰਭੀਰ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਸਾਕਾ ਨੀਲਾ ਤਾਰਾ ਬਾਰੇ ਤਾਂ ਬੀਤੇ 38 ਵਰਿ੍ਹਆਂ ਦੌਰਾਨ ਬਹੁਤ ਸਾਰੀਆਂ ਪੁਸਤਕਾਂ ਛਪੀਆਂ ਤੇ ਲੇਖ ਵੀ ਲਿਖੇ ਜਾਂਦੇ ਰਹੇ। ਇਸ ਲੇਖ ਵਿਚ ਕੇਵਲ ਅਕੱਥ ਘਟਨਾਵਾਂ ਜੋ ਕਿ ਫ਼ੌਜ ਨਾਲ ਸਬੰਧਤ ਹਨ ਅਤੇ ਕਈ ਹੱਡ-ਬੀਤੀਆਂ ਤੇ ਆਧਾਰਤ ਹਨ ਜਿਨ੍ਹਾਂ ਦਾ ਪ੍ਰਭਾਵ ਸਿੱਖ ਫ਼ੌਜੀਆਂ, ਵਿਸ਼ੇਸ਼ ਤੌਰ ’ਤੇ ਸਿੱਖ ਪਲਟਨਾਂ ਤੇ ਸਿੱਖ ਸੈਂਟਰ ’ਚ ਵੀ ਤਲਖ਼ੀ ਵਾਲਾ ਮਾਹੌਲ ਪੈਦਾ ਹੋਇਆ, ਗੋਲੀ ਕਾਂਡ ਵੀ ਵਾਪਰੇ ਤੇ ਕੁੱਝ ਬੈਰਕਾਂ ਛੱਡ ਕੇ ਸਚਖੰਡ ਹਰਿਮੰਦਰ ਸਾਹਿਬ ਵਲ ਨੂੰ ਕੂਚ ਕਰ ਗਏ, ਕੁੱਝ ਰਸਤੇ ਵਿਚ ਪੁਲਿਸ/ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਮਾਰੇ ਵੀ ਗਏ। ਜੋ ਫੜੇ ਗਏ ਉਨ੍ਹਾਂ ਨੂੰ ਸੀਖਾਂ ਪਿੱਛੇ ਸਜ਼ਾ ਭੁਗਤਣੀ ਪਈ, ਇਨ੍ਹਾਂ ਸਾਰੇ ਪਹਿਲੂਆਂ ’ਤੇ ਇਸ ਲੇਖ ’ਚ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
ਹੱਡ-ਬੀਤੀ : ਸੰਨ 1983-84 ਵਿਚ 51 ਮਾਊਂਟੇਨ ਰੈਜੀਮੈਂਟ ਜਿਸ ਦੀਆਂ ਦੋ ਸਬ-ਯੂਨਿਟਾਂ (ਬੈਟਰੀਆਂ) ਸਿੱਖ ਤੇ ਇਕ ਡੋਗਰਾ ਸੀ ਤੇ ਹੈੱਡਕੁਆਟਰ ਮਿਲਿਆ ਜੁਲਿਆ ਸੀ ਜੋ ਕਿ ਪੁੰਛ (ਜੰਮੂ-ਕਸ਼ਮੀਰ) ਵਿਖੇ ਤਾਇਨਾਤ ਸੀ। ਮੈਂ ਬਤੌਰ ਲੈਫ. ਕਰਨਲ (ਬਾਅਦ ’ਚ ਕਰਨਲ) ਉਸ ਦੀ ਕਮਾਨ ਕਰ ਰਿਹਾ ਸੀ। ਇਸ ਤੋਂ ਪਹਿਲਾਂ ਸੰਨ 1971 ਦੀ ਭਾਰਤ-ਪਾਕਿਸਤਾਨ ਦੀ ਜੰਗ ਸਮੇਂ ਉਰੀ-ਹਾਜੀਪੀਰ ਦੇ ਇਲਾਕੇ ’ਚ ਇਸੇ ਯੂਨਿਟ ’ਚ ਆਪ੍ਰੇਸ਼ਨ ਦੌਰਾਨ ਕੈਪਟਨ (ਐਡਜੂਟੈਂਟ) ਦੇ ਤੌਰ ’ਤੇ ਡਿਊਟੀ ਨਿਭਾਈ ਤੇ ਫਿਰ ਮੇਜਰ ਦਾ ਰੈਂਕ ਪ੍ਰਾਪਤ ਕਰਨ ਉਪ੍ਰੰਤ ਡੋਗਰਾ ਬੈਟਰੀ ਦੀ ਕਮਾਂਡ ਕੀਤੀ। ਫਿਰ ਸਟਾਫ਼ ਤੇ ਕੋਰਸਿਜ਼ ਆਦਿ ਕਰਨ ਉਪ੍ਰੰਤ ਬੀ.ਐਮ. 21 ਗਰੈਂਡ ਮਲਟੀਬੈਰਲ ਰਾਕਟ ਲਾਂਚਰ ਜਿਸ ਦਾ ਇਕ ਲਾਂਚਰ 30 ਸਕਿੰਟਾਂ ’ਚ 40 ਰਾਕੇਟ ਦਾਗਣ ਵਾਲੀ ਪਲਟਨ ’ਚ ਤਾਇਨਾਤ ਸੀ।
ਸੰਨ 1983 ਵਿਚ ਬਦਕਿਸਮਤੀ ਨਾਲ ਉਸ ਸਮੇਂ 51 ਪਲਟਨ ਦੇ ਸੀ.ਓ. ਕਰਨਲ ਸਪਰਾ ਦੀ ਬੇਵਕਤੀ ਮੌਤ ਕਾਰਨ ਆਰਮੀ ਹੈੱਡਕੁਆਰਟਰ ਦੇ ਨਵੇਂ ਸੀ.ਓ. ਦੀ ਭਾਲ ਕਰਨੀ ਸ਼ੁਰੂ ਕੀਤੀ। ਜਿਵੇਂ ਹੀ ਮੈਨੂੰ ਪ੍ਰਮੋਸ਼ਨ ਬੋਰਡ ਨੇ ਲੈਫ਼. ਕਰਨਲ ਦੇ ਰੈਂਕ ਲਈ ਚੁਣ ਲਿਆ ਗਿਆ ਤਾਂ ਮੈਂ ਉਸ ਸਮੇਂ ਦਿਉਲਾਲੀ ਵਿਖੇ 213 ਰਾਕਟ ਰੈਜੀਮੈਂਟ ’ਚ ਬਤੌਰ ਸੈਕਿੰਡ ਇਨ ਕਮਾਂਡ ਸੇਵਾ ਨਿਭਾਅ ਰਿਹਾ ਸੀ ਤੇ ਮੈਨੂੰ ਰਾਕੇਟ ਰੈਜੀਮੈਂਟ ਦੀ ਹੀ ਕਮਾਂਡ ਕਰਨ ਵਾਸਤੇ ਆਰਮੀ ਕਮਾਂਡਰ ਜਨਰਲ ਤੀਰਥ ਸਿੰਘ ਓਬਰਾਏ ਨੇ ਸਿਫ਼ਾਰਸ਼ ਕੀਤੀ। ਪਰ ਮੈਂ ਅਪਣੀ ਪੁਰਾਣੀ ਯੂਨਿਟ ਦੀ ਹੀ ਕਮਾਨ ਕਰਨਾ ਉਚਿਤ ਸਮਝਿਆ ਤੇ ਰਾਏਵਾਲਾ ਪਹੁੰਚ ਕੇ 1983 ’ਚ 51 ਪਲਟਨ ਦੀ ਕਮਾਨ ਸੰਭਾਲੀ ਤੇ ਪੁੰਛ ਲੈ ਆਏ। ਇਸ ਵਾਸਤੇ ਜਵਾਨ ਵੀ ਖ਼ੁਸ਼ ਸਨ ਕਿਉਂਕਿ ਪੁਰਾਣੀ ਸਾਂਝ ਭਿਆਲੀ ਤੇ ਰਾਬਤਾ ਕਾਇਮ ਰਿਹਾ ਜਿਸ ਕਾਰਨ ਮੈਨੂੰ ਸਾਢੇ ਪੰਜ ਸਾਲ ਤਕ ਸਫ਼ਲਤਾ ਪੂਰਵਕ ਢੰਗ ਨਾਲ ਯੂਨਿਟ ਦੀ ਕਮਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਸੰਨ 1984 ਦੇ ਜੂਨ ਮਹੀਨੇ ਦੀ ਔਖੀ ਘੜੀ ਆ ਗਈ। ਪੁੰਛ ਦੇ ਨਾਲ ਲਗਦੇ ਸਰਹੱਦੀ ਇਲਾਕੇ ਗੁਲਪੁਰ ਵਿਖੇ 8 ਸਿੱਖ ਬਟਾਲੀਅਨ ਲਾਈਨ ਆਫ਼ ਕੰਟਰੋਲ ਤੇ (ਐਲ.ਓ.ਸੀ.) ਵੱਖ-ਵੱਖ ਚੌਕੀਆਂ-ਹਿੱਸਿਆਂ ’ਚ ਕੰਪਨੀ/ਪਲਟੂਨ ਤੇ ਕਈ ਥਾਵਾਂ ਤੇ ਸੈਕਸ਼ਨ ਪੱਧਰ ’ਤੇ ਮੋਰਚੇ ਸੰਭਾਲੀ ਬੈਠੇ ਸਨ। ਐਲ.ਓ.ਸੀ. ਦੀ ਐਸ.ਓ.ਪੀ. ਅਨੁਸਾਰ ਤੋਪਖ਼ਾਨੇ ਦੀ ਹਰ ਇਕ ਬੈਟਰੀ ਦੀਆਂ ਦੋ-ਦੋ ਤੋਪਾਂ ਗਨ ਪੋਜ਼ੀਸ਼ਨ ’ਚ ਗੋਲਾ ਬਾਰੂਦ ਸਮੇਤ ਹਰ ਸਮੇਂ ਤਿਆਰ ਬਰ ਤਿਆਰ ਡਿਪਲਾਏ ਰਹਿੰਦੀਆਂ ਸਨ। ਜੂਨ ਦੇ ਪਹਿਲੇ ਹਫ਼ਤੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਹੋਇਆ ਤਾਂ ਅਹਿਤਿਆਤ ਦੇ ਤੌਰ ’ਤੇ ਮੈਂ ਅਪਣੀਆਂ ਸਿੱਖ ਬੈਟਰੀਆਂ ਵਿਸ਼ੇਸ਼ ਤੌਰ ’ਤੇ ਖਿਲਰੀਆਂ ਪੁਲਰੀਆਂ ਟੁਕੜੀਆਂ/ਗਨ ਪੋਜ਼ੀਸ਼ਨਾਂ ਤੇ ਪਹੁੰਚ ਕੇ ਗੱਲਬਾਤ ਕਾਇਮ ਕਰਨੀ ਸ਼ੁਰੂ ਕਰ ਦਿਤੀ।
ਜਦੋਂ ਮੈਂ ਅਪਣੇ ਸੂਬੇੇ. ਮੇਜਰ ਨਾਲ ਇਕ ਗਨ ਦੀ ਡਿਟੈਚਮੈਂਟ ਪਾਸ ਪਹੁੰਚਿਆ ਤੇ ਹਾਲਚਾਲ ਪਤਾ ਕੀਤਾ ਤਾਂ ਤੋਪ ਦਾ ਨੰਬਰ ਇਕ ਹਵਲਦਾਰ ਮੈਨੂੰ ਕਹਿਣ ਲੱਗਾ, ‘‘ਸੀ.ਓ. ਸਾਹਿਬ ਰੇਡੀਓ ਤੇ ਬੀ.ਬੀ.ਸੀ. ਦੀ ਖ਼ਬਰ ਸੁਣੀ ਜੇ.... ਖ਼ੁਸ਼ਵੰਤ ਸਿੰਘ ਨੇ ਅਪਣੇ ਪੁਰਸਕਾਰ ਵਾਪਸ ਕਰ ਦਿਤੇ ਹਨ।’’ ਫਿਰ ਉਸ ਨੇ ਮੇਰੇ ਸੀਨੇ ’ਤੇ ਸਜੇ ਬਹਾਦਰੀ ਪੁਰਸਕਾਰ ਵਲ ਨਿਗ੍ਹਾ ਘੁਮਾਈ। ਮੈਂ ਸਮਝ ਗਿਆ ਕਿ ਉਹ ਕਹਿਣਾ ਕੀ ਚਾਹੁੰਦਾ ਹੈ। ਖ਼ੈਰ ਮੈਂ ਉਸ ਨੂੰ ਸਮਝਾਇਆ। ਫਿਰ ਬਲਦੀ ਅੱਗ ’ਤੇ ਤੇਲ ਪਾਉਣ ਦਾ ਕੰਮ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਤੇ ਬੀ.ਬੀ.ਸੀ. ਅਨੁਸਾਰ ਉਸ ਨੇ ਫ਼ੌਜੀਆਂ ਨੂੰ ਛਾਉਣੀਆਂ ਛੱਡਣ ਵਾਸਤੇ ਅਪੀਲ ਕੀਤੀ। ਖ਼ੈਰ ਮੇਰੀ ਪਲਟਨ ’ਚ ਤਾਂ ਕਿਸੇ ਜੇ.ਸੀ.ਓ. ਤੇ ਗਨਰ ਦੀ ਐਸਾ ਕਰਨ ਦੀ ਹਿੰਮਤ ਵੀ ਨਾ ਹੋਈ ਤੇ ਹੁੰਦੀ ਵੀ ਕਿੱਦਾਂ?
8 ਸਿੱਖ ਬਟਾਲੀਅਨ ਦੇ ਨਾਲ ਕੰਪਨੀ ਪੱਧਰ ਤੇ ਮੇਰੀ ਯੂਨਿਟ ਦੀਆਂ ਅਬਜ਼ਰਵੇਸ਼ਨ ਪੋਸਟ (ਓ.ਪੀ.) ਤੇ ਜੇ.ਸੀ.ਓ. ਦੇ ਅਧੀਨ ਆਪ੍ਰੇਸ਼ਨ ਏਰੀਆ ਦੀਆਂ ਜ਼ਿੰਮੇੇੇਵਾਰੀ ਨਿਭਾਅ ਰਹੀਆਂ ਸਨ। ਜਦੋਂ 4/5 ਜੂਨ ਨੂੰ ਇਹ ਪਤਾ ਲੱਗਾ ਕਿ ਸੰਤ ਸ਼ਹੀਦ ਹੋ ਗਏ ਹਨ ਤਾਂ ਪਲਟਨ ਦੇ ਸੈਕਿੰਡ ਇਨ ਕਮਾਂਡ ਮੇਜਰ ਮਲਹੋਤਰਾ ਨੇ ਟੈਲੀਫ਼ੋਨ ਤੇ ਕੰਪਨੀ ਕਮਾਂਡਰਾਂ ਨੂੰ ਕਿਹਾ ਕਿ ‘‘ਜਸ਼ਨ ਮਨਾਉ, ਮੁਰਗੇ ਖਾਉ....’’ ਇਕ ਹੋਰ ਮੇਜਰ ਨੇ ਜਦੋਂ ਅਪਣੇ ਸੀ.ਐਚ.ਐਮ. ਤੋਂ ਹਾਲਚਾਲ ਪੁਛਿਆ ਤਾਂ ਉਸ ਨੇ ਜੰਗੀ ਨਾਹਰੇ ’ਚ ‘‘ਚੜ੍ਹਦੀ ਕਲਾ’’ ਕਿਹਾ ਤਾਂ ਉਸ ਮੇਜਰ ਨੇ ਗੰਦੀ ਗਾਲ ’ਚ ਜਵਾਬ ਦਿਤਾ। ਬਸ ਫਿਰ ਪਲਟਨ ਦੇ ਕੁੱਝ ਜੂਨੀਅਰ ਅਧਿਕਾਰੀਆਂ ਨੇ ਉਨ੍ਹਾਂ 4 ਮੇਜਰਾਂ ਨੂੰ ਜੋ ਧਰਮ ਖ਼ਿਲਾਫ਼ ਬੋਲਦੇ ਸਨ, ਉਨ੍ਹਾਂ ਨੂੰ ਗੋਲੀ ਨਾਲ ਉਡਾਉਣ ਉਪ੍ਰੰਤ ਅੰਮ੍ਰਿਤਸਸਰ ਵਲ ਜਾਂ ਪਾਕਿਸਤਾਨ ਵਲ ਕੂਚ ਕਰਨ ਦਾ ਫ਼ੈਸਲਾ ਕਰ ਲਿਆ। ਪਰ ਪਲਟਨ ਦੇ ਅਫ਼ਸਰਾਂ ਨੂੰ ਸੂਹ ਵੀ ਨਾ ਲੱਗੀ। ਮੇਰੇ ਓ.ਪੀ. ਅਫ਼ਸਰ ਸੂਬੇਦਾਰ (ਬਾਅਦ ’ਚ ਕੈਪਟਨ) ਮਹਿੰਦਰ ਸਿੰਘ ਨੇ ਜੋ ਕਿ ਮੇਰੇ ਹੀ ਪਿੰਡ ਦਾ ਵਾਸੀ ਸੀ, ਉਸ ਨੇ ਗੁਪਤ ਤੌਰ ’ਤੇ ਮੈਨੂੰ ਦਸਿਆ ਕਿ ਇਹ ਕਾਂਡ 48 ਘੰਟਿਆਂ ’ਚ ਹੋ ਜਾਣਾ ਹੈ।
ਖ਼ੈਰ ਮੈਂ ਅਪਣੇ ਕਮਾਂਡਰ ਨੂੰ ਸੂਚਿਤ ਕੀਤਾ। ਜਦੋਂ 24 ਘੰਟੇ ਬੀਤ ਗਏ ਤਾਂ ਫਿਰ ਮੈਂ ਜੀ.ਓ.ਸੀ. ਨੂੰ ਵੀ ਸੁਚੇਤ ਕੀਤਾ ਪਰ ਮੰਨੇ ਕੋਈ ਨਾ। ਆਖ਼ਰ ਉਹ ਸਮਾਂ ਆ ਗਿਆ। ਖ਼ੁਸ਼ਕਿਸਮਤੀ ਪਲਟਨ ਲਈ ਇਹ ਰਹੀ ਕਿ ਖੱਡ ਰੇਸ ਕੈਂਸਲ ਹੋ ਗਈ ਪਰ ਇਕ ਟੀਮ ਨੇ ਮੇਜਰ ਮਲਹੋਤਰਾ ਦੇ ਕਮਰੇ ’ਚ ਪਹੁੰਚ ਕੇ ਗੋਲੀ ਚਲਾਈ ਤੇ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਕੈਪਟਨ ਰਾਣਾ ਨੇ ਜੱਫੀ ਪਾ ਲਈ। ਟੀਮ ਦੇ ਹਵਲਦਾਰ ਗੋਲੀ ਚਲਾਉਣ ਵਾਲੇ ਨੂੰ ਦੂਜੀ ਗੋਲੀ ਚਲਾਉਣ ਵਾਸਤੇ ਇਹ ਕਹਿ ਕੇ ਮਨ੍ਹਾਂ ਕਰ ਦਿਤਾ ਕਿ ਕੈਪਟਨ ਰਾਣਾ ਤਾਂ ਸਾਡੇ ਧਰਮ ਦੇ ਖ਼ਿਲਾਫ਼ ਨਹੀਂ ਬੋਲਦਾ। ਬਸ ਫਿਰ ਬਚਾਅ ਤਾਂ ਹੋ ਗਿਆ ਪਰ ਹਲਚਲ ਮਚ ਗਈ। 8 ਸਿੱਖ ਪਲਟਨ ’ਚ ਵਾਪਰੇ ਕਾਂਡ ਬਾਰੇ ਕੋਰਟ ਆਫ਼ ਇਨਕੁਆਰੀ ਨੇ ਕੁੱਝ ਅਫ਼ਸਰਾਂ ਨੂੰ ਅਪਣੇ ਹੀ ਜਵਾਨਾਂ ਦੇ ਧਾਰਮਕ ਅਕੀਦੇ ਨੂੰ ਠੇਸ ਪਹੁੰਚਾਉਣ ਲਈ ਕਸੂਰਵਾਰ ਠਹਿਰਾਇਆ ਤੇ ਮਾੜੀ ਮੋਟੀ ਕਾਰਵਾਈ ਵੀ ਹੋਈ। ਪਲਟਨ ਦੇ ਕੁੱਝ ਅਧਿਕਾਰੀਆਂ ਤੇ ਜਵਾਨਾਂ ਦੇ ਕੋਰਟ ਮਾਰਸ਼ਲ ਹੋਏ ਪਰ ਅਫ਼ਸਰਾਂ ਦਾ ਕੋਰਟ ਮਾਰਸ਼ਲ ਕੌਣ ਕਰਦਾ? 9 ਸਿੱਖ ਬਟਾਲੀਅਨ ਤੋੜ ਦਿਤੀ ਗਈ ਤੇ ਦੁਬਾਰਾ ਖੜੀ ਨਾ ਕੀਤੀ ਗਈ। ਖ਼ਬਰਾਂ ਅਨੁਸਾਰ ਬਾਦਲ ਨੇ ਫ਼ੌਜੀਆਂ ਨੂੰ ਛਾਉਣੀਆਂ ਛੱਡਣ ਲਈ ਕਿਹਾ ਤਾਂ ਹੋ ਸਕਦਾ ਹੈ ਪਰ ਕਿਸੇ ਵੀ ਸਿੱਖ ਨੇਤਾ ਨੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਕਿਸੇ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ 9 ਸਿੱਖ ਪਲਟਨ ਨੂੰ ਦੁਬਾਰਾ ਖੜੀ ਕਰਨ ਵਾਸਤੇ ਕਿਸੇ ਕਿਸਮ ਦੀ ਅਪੀਲ ਜਾਂ ਕਾਰਵਾਈ ਨਾ ਕੀਤੀ।
ਜ਼ਿਕਰਯੋਗ ਹੈ ਕਿ ਜੂਨ 1997 ਤੋਂ ਲੈ ਕੇ ਫ਼ਰਵਰੀ 2002 ਤਕ ਮੈਨੂੰ ਰਿਟਾਇਰਮੈਂਟ ਉਪ੍ਰੰਤ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਦੇ ਅਹੁਦੇ ’ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕਾਰਗਿਲ ਲੜਾਈ ਦੌਰਾਨ 8 ਸਿੱਖ ਬਟਾਲੀਅਨ ਨੇ ਟਾਈਗਰ ਹਿਲ ਤੇ ਫ਼ਤਹਿ ਦਾ ਝੰਡਾ ਲਹਿਰਾਉਣ ਖ਼ਾਤਰ ਅਣਥੱਕ ਯੋਗਦਾਨ ਪਾਇਆ ਤੇ ਸ਼ਹਾਦਤਾਂ ਵੀ ਦਿਤੀਆਂ ਪਰ ਕੇਂਦਰ ਸਰਕਾਰ ਨੇ ਪਲਟਨ ਦੀ ਇਸ ਪ੍ਰਸ਼ੰਸਾਯੋਗ ਭੂਮਿਕਾ ਨੂੰ ਉਹ ਮਾਨਤਾ ਪ੍ਰਦਾਨ ਨਾ ਕੀਤੀ ਜੋ ਕਿ ਦੂਸਰੀਆਂ ਪਲਟਨਾਂ ਨੂੰ ਨਸੀਬ ਹੋਈ। ਅਜਿਹਾ ਕਿਉਂ? ਇਸ ਕਿਸਮ ਦੇ ਵਿਤਕਰੇ ਦੀ ਨੀਤੀ ਅਧੀਨ ਸਿੱਖ ਫ਼ੌਜੀ ਅਫ਼ਸਰਾਂ, ਜਵਾਨਾਂ ਤੇ ਸਿਵਲ ਪ੍ਰਸ਼ਾਸਕੀ ਅਫ਼ਸਰਾਂ ਨਾਲ ਸੰਨ 1982 ਵਿਚ ਦਿੱਲੀ ’ਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਪੰਜਾਬ ਤੋਂ ਹਰਿਆਣਾ ਰਾਹੀਂ ਦਿੱਲੀ ਜਾਂਦਿਆਂ ਤਲਾਸ਼ੀਆਂ ਲੈ ਕੇ, ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ। ਉਦਾਹਰਣਾਂ ਤਾਂ ਬਹੁਤ ਹਨ ਜਿਵੇਂ ਕਿ ਪੰਜਾਬ ਤੇ ਕਸ਼ਮੀਰ ਦੇ ਰਾਖੇ ਜਨਰਲ ਹਰਬਖ਼ਸ਼ ਸਿੰਘ ਨੂੰ ਬਣਦਾ ਮਾਣ ਸਨਮਾਨ ਨਾ ਦਿਤਾ ਗਿਆ।
ਇਹ ਵਖਰੀ ਗੱਲ ਹੈ ਕਿ ਮੇਰੀ ਸਿਫ਼ਾਰਸ਼ ਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 8 ਸਿੱਖ ਦੇ ਸੀ.ਓ., ਸੂਬੇਦਾਰ ਮੇਜਰ, ਜੰਗੀ ਵਿਧਵਾਵਾਂ ਤੇ ਗਿਣੇ ਚੁਣੇ ਪਲਟਨ ਦੇ ਕੁੱਝ ਨੁਮਾਇੰਦਿਆਂ ਨੂੰ ਚੰਡੀਗੜ੍ਹ ਵਿਖੇ ਬੁਲਾ ਕੇ ਵਿਸ਼ੇਸ਼ ਸੂਬਾ ਪੱਧਰੀ ਸਮਾਗਮ ਕਰਵਾਇਆ। ਯੂਨਿਟ ਨੂੰ ‘ਸਾਈਟੇਸ਼ਨ’ ਨਾਲ ਨਿਵਾਜਿਆ ਤੇ ਪਲਟਨ ਦੇ ਜਵਾਨਾਂ ਲਈ ਫ਼ੰਡ ਵੀ ਮੁਹਈਆ ਕਰਵਾਏ ਜੋ ਕਿ ਅਪਣੇ ਆਪ ’ਚ ਇਕ ਮਿਸਾਲ ਸੀ। ਬਾਦਲ ਦੇ ਇਸ ਪੱਖੋਂ ਫ਼ੌਜੀਆਂ ਪ੍ਰਤੀ ਜਜ਼ਬੇ ਨੂੰ ਮੁੱਖ ਰਖਦਿਆਂ ਤੇ ਮਰਹੂਮ ਕੈਪਟਨ ਕੰਵਲਜੀਤ ਦੇ ਕਹਿਣ ’ਤੇ ਮੈਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਤੇ ਮੈਨੂੰ ਸਾਬਕਾ ਸੈਨਿਕ ਵਿੰਗ ਜੁਆਇਨ ਕਰਨ ਵਾਸਤੇ ਕਿਹਾ ਗਿਆ ਤੇ ਪ੍ਰਧਾਨ ਵੀ ਬਣਾਇਆ ਪਰ ਕਾਕਾ ਜੀ ਨੂੰ ਹਜ਼ਮ ਨਾ ਹੋਇਆ ਤਾਂ ਫਿਰ ਕੁੱਝ ਅੰਗੂਠਾ ਛਾਪ ਜਾਂ ਅਨਪੜ੍ਹ ਜਥੇਦਾਰ ਮੈਨੂੰ ਬਰਦਾਸ਼ਤ ਕਿਵੇਂ ਕਰਦੇ? ਫਿਰ ਮੈਂ ਅਲਵਿਦਾ ਕਹਿ ਦਿਤਾ। ਮੇਰੀ ਗ਼ੈਰ ਸਿਆਸੀ ਜਥੇਬੰਦੀ ਆਲ ਇੰਡੀਆ ਡਿਫ਼ੈਂਸ ਬ੍ਰਦਰਹੁੱਡ ਆਖ਼ਰੀ ਦਮ ਤਕ ਜਦੋ-ਜਹਿਦ ਕਰਦੀ ਰਹੇਗੀ।
ਭਗੌੜੇ ਰਿਕਰੂਟਾਂ ਨੂੰ ਤਾਂ ਫ਼ੌਜ ’ਚ ਵਾਪਸ ਲੈ ਲਿਆ ਗਿਆ ਤੇ ਕਈਆਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਤੇ ਪਬਲਿਕ ਸੈਕਟਰ ’ਚ ਨੌਕਰੀਆਂ ਤਾਂ ਮਿਲੀਆਂ ਪਰ ਹਵਲਦਾਰ (ਧਰਮੀ ਫ਼ੌਜੀ) ਜਗਜੋਤ ਸਿੰਘ ਵਰਗੇ ਵੀ ਬੜੇ ਹਨ ਜਿਨ੍ਹਾਂ 15 ਸਾਲ ਤੋਂ ਵੱਧ ਨੌਕਰੀ ਕੀਤੀ ਪਰ ਪੈਨਸ਼ਨ ਨਾ ਲੱਗੀ ਤੇ ਧੱਕੇ ਹੀ ਨਸੀਬ ਹੋ ਰਹੇ ਹਨ। ਜਨਰਲ ਹਰਬਖ਼ਸ਼ ਸਿੰਘ ਨੇ ਫ਼ੌਜੀ ਭਗੌੜਿਆਂ ਦੇ ਸਿਲਸਿਲੇ ’ਚ ਜਬਲਪੁਰ ਵਿਖੇ ਬੜੀ ਜਦੋ-ਜਹਿਦ ਉਪ੍ਰੰਤ ਇਹ ਸਫ਼ਲਤਾ ਪ੍ਰਾਪਤ ਕੀਤੀ ਕਿ ਜੋ ਫ਼ੌਜੀ ਸੰਨ 1965 ਤੇ 71 ਦੀਆਂ ਜੰਗਾਂ ਦੌਰਾਨ ਭਗੌੜੇ ਹੋ ਗਏ ਉਨ੍ਹਾਂ ਨੂੰ ਤਾਂ ਫ਼ੌਜ ਨੇ ਵਾਪਸ ਲੈ ਲਿਆ, ਪਰ ਸਾਕਾ ਨੀਲਾ ਤਾਰਾ ਵਾਲੇ ਪ੍ਰਭਾਵਤ ਜੰਗਜੂਆਂ ਨੂੰ ਕਿਉਂ ਨਹੀਂ ਲਿਆ ਗਿਆ? ਦੇਸ਼ ਤੇ ਕੌਮ ਦੇ ਮਹਾਨ ਜਰਨੈਲ ਦੀ ਵੀ ਕਿਸੇ ਨਾ ਸੁਣੀ। ਸਿਆਸੀ ਨੇਤਾ ਤਾਂ ਅਪਣੇ ਰਾਜ ਭਾਗ ਦਾ ਆਨੰਦ ਮਾਣਦੇ ਰਹੇ।
ਕਰਨਲ (ਬਾਅਦ ’ਚ ਬ੍ਰਿਗੇਡੀਅਰ) ਓਂਕਾਰ ਸਿੰਘ ਗੋਰਾਇਆ ਜੋ ਕਿ ਸੰਨ 1984 ’ਚ 15 ਇਨਫੈਂਟਰੀ ਡਵੀਜ਼ਨ ’ਚ ਕਰਨਲ ਐਡਮਨਿਸਟ੍ਰੇਸ਼ਨ ਦੀ ਡਿਊਟੀ ਨਿਭਾਅ ਰਿਹਾ ਸੀ, ਉਸ ਨੇ ਅਪਣੀ ਕਿਤਾਬ “Operation 2lue Star and 1fter” ’ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਹਮਲਾਵਰ ਫ਼ੌਜ ਦੀ ਮਦਰਾਸ ਪਲਟਨ ਵਲੋਂ 7 ਜੂਨ ਨੂੰ ਦੁਪਹਿਰ ਵੇਲੇ ਤਕਰੀਬਨ 90 ਨਜ਼ਰਬੰਦ ਨੌਜਵਾਨ ਜਿਨ੍ਹਾਂ ਨੇ ਕੇਵਲ ਕਛਹਿਰੇ ਪਹਿਨੇ ਹੋਏ ਸਨ ਤੇ ਹੱਥ ਪਿਛੇ ਬੰਨ੍ਹੇ ਹੋਏ ਸਨ, ਉਨ੍ਹਾਂ ਵਿਚੋਂ ਇਕ ਨੂੰ ਗੋਲੀ ਨਾਲ ਭੁੰਨ ਕੇ ਉਸ ਦੀ ਮ੍ਰਿਤਕ ਦੇਹ ਨੂੰ ਪਵਿੱਤਰ ਸਰੋਵਰ ’ਚ ਸੁੱਟ ਦਿਤਾ।
ਦਸਣਯੋਗ ਇਹ ਵੀ ਹੈ ਕਿ 46 ਆਰਮਰਡ ਰੈਜੀਮੈਂਟ ਦੇ ਮੇਜਰ ਜੀ.ਐਸ. ਘੁੰਮਣ ਨੂੰ 70 ਲਾਸ਼ਾਂ ਦਾ ਸਸਕਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਜਦੋਂ ਉਸ ਨੇ ਦੇਖਿਆ ਕਿ ਸੰਤ ਜਰਨੈਲ ਸਿੰਘ ਦੇ ਮ੍ਰਿਤਕ ਸ੍ਰੀਰ ਦੀ ਇਕ ਲੱਤ ਲੜਖੜਾ ਰਹੀ ਸੀ ਤਾਂ ਘੁੰਮਣ ਨੇ ਉਸ ਨੂੰ ਛੂਹਿਆ। ਉਸ ਦੇ ਖ਼ਿਲਾਫ਼ ਕੋਰਟ ਆਫ਼ ਇਨਕੁਆਇਰੀ ਕੀਤੀ ਗਈ ਤੇ ਸਵਾਲ ਕੀਤਾ ਕਿ ਉਸ ਨੇ ਅਰਦਾਸ ਸਮੇਂ ਹੱਥ ਕਿਉਂ ਜੋੜੇ? ਇਸ ਦਾ ਹਵਾਲਾ ‘‘ਆਊਟ ਲੁਕ ਮੈਗਜ਼ੀਨ 19 ਦਸੰਬਰ 2009’’ ਵਿਚ ਵੀ ਮਿਲਦਾ ਹੈ। ਭਾਰਤੀ ਫ਼ੌਜ ਦੇ ਕੁੱਝ ਅਧਿਕਾਰੀਆਂ ਦਾ ਇਸ ਕਿਸਮ ਦਾ ਮੰਦਭਾਗਾ ਵਤੀਰਾ ਬੇਹੱਦ ਨਿੰਦਣਯੋਗ ਹੈ ਜੋ ਕਿ ਫ਼ੌਜ ਦੇ ਮੁਢਲੇ ਸਿਧਾਂਤ ਦੇ ਬਿਲਕੁਲ ਉਲਟ ਹੈ ਤੇ ਫ਼ੌਜ ’ਚ ਵੰਡੀਆਂ ਪਾਉਣ ਦਾ ਸੰਕੇਤ ਦਿੰਦਾ ਹੈ।
ਲੇਖਕ ਰਖਿਆ ਵਿਸ਼ਲੇਸ਼ਕ
ਫ਼ੋਨ ਨੰ : 0172-2740991