ਭਾਈ ਗੁਰਦਾਸ ਜੀ ਮਹਾਨ ਚਿੰਤਕ/ਕਵੀ ਹੋਏ ਹਨ। ਇਨ੍ਹਾਂ ਦਾ ਜਨਮ ਮਾਤਾ ਜੀਵਣੀ ਦੀ ਕੁਖੋਂ ਪਿਤਾ ਦਾਤਾਰ ਸਿੰਘ ਦੇ ਘਰੇ ਹੋਇਆ।
ਭਾਈ ਗੁਰਦਾਸ ਜੀ ਮਹਾਨ ਚਿੰਤਕ/ਕਵੀ ਹੋਏ ਹਨ। ਇਨ੍ਹਾਂ ਦਾ ਜਨਮ ਮਾਤਾ ਜੀਵਣੀ ਦੀ ਕੁਖੋਂ ਪਿਤਾ ਦਾਤਾਰ ਸਿੰਘ ਦੇ ਘਰੇ ਹੋਇਆ। ਕਈ ਜਗ੍ਹਾ ਪਿਤਾ ਦਾ ਨਾਂ ਦਾਤਾਰ ਚੰਦ ਆਇਆ ਹੈ। ਇਨ੍ਹਾਂ ਦੀ ਜਨਮ ਭੂਮੀ ਗਿੱਲਵਾਲੀ ਦੱਸੀ ਗਈ ਹੈ ਜਦਕਿ ਕਈ ਵਿਦਵਾਨਾਂ ਅਨੁਸਾਰ ਜਨਮ ਅਸਥਾਨ ਗੋਇੰਦਵਾਲ ਦਸਿਆ ਗਿਆ ਹੈ। ਇਕ ਵਿਦਵਾਨ ਦਾ ਨਾਂ ਦਾਤਾਰ ਸਿੰਘ ਅਤੇ ਮਾਤਾ ਦਾ ਨਾਂ ਸੁਖਦੇਈ ਦਸਦਾ ਹੈ। ਇਨ੍ਹਾਂ ਦਾ ਜਨਮ ਸਮਾਂ ਵੀ ਵਖੋ ਵੱਖ ਇਤਿਹਾਸਕਾਰਾਂ ਨੇ ਵਖੋ ਵੱਖਰਾ ਦਰਸਾਇਆ ਹੈ।
ਕਈ ਵਿਦਵਾਨ ਇਹ ਸਮਾਂ 1604-1694, ਕਈ 1608-1695 ਅਤੇ ਕਈ 1615-1696 ਦਸਦੇ ਹਨ। ਆਪ ਜੀ ਨੂੰ ਚਾਰ ਗੁਰੂ ਸਾਹਿਬਾਨਾਂ ਨੂੰ ਗੱਦੀ ਬਖ਼ਸ਼ਣ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਦੇ ਪ੍ਰਵਾਰਾਂ ਦਾ ਗੁਰੂ ਘਰ ਨਾਲ ਪਿਆਰ ਰਿਹਾ ਸੀ। ਇਹੋ ਕਾਰਣ ਬਣਿਆ ਕਿ ਆਪ ਜੀ ਵੀ ਛੋਟੀ ਉਮਰ (12 ਵਰ੍ਹੇ) ’ਚ ਗੁਰੂ ਘਰਾਂ ਦੀ ਸੇਵਾ ’ਚ ਜੁੱਟ ਗਏ ਸਨ।
ਆਪ ਮਾਪਿਆਂ ਦੀ ਇਕਲੌਤੀ ਸੰਤਾਨ ਸਨ। ਤਿੰਨ ਕੁ ਵਰਿ੍ਹਆਂ ਦੀ ਉਮਰ ’ਚ ਸਨ ਜਦੋਂ ਮਾਤਾ ਜੀ ਸਾਥ ਛੱਡ ਗਏ ਅਤੇ ਜਦੋਂ 12 ਵਰਿ੍ਹਆਂ ਦੇ ਹੋਏ ਤਾਂ ਪਿਤਾ ਦਾ ਸਾਇਆ ਵੀ ਸਿਰੋਂ ਉੱਠ ਗਿਆ। ਆਪ ਨੇ ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਡੂੰਘਾ ਗਿਆਨ ਹਾਸਲ ਕੀਤਾ। ਆਪ ਜੀ ਦੀਆਂ ਰਚੀਆਂ 40 ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਮੰਨਿਆ ਜਾਂਦਾ ਹੈ।
ਜਦੋਂ ਅਸੀ ਗੁਰੂ ਦੀ ਸ਼ਰਨ ’ਚ ਆ ਜਾਂਦੇ ਹਾਂ ਤਾਂ ਦੁੱਖ/ਕਲੇਸ਼ਾਂ ਤੋਂ ਛੁਟਕਾਰਾ ਪਾ ਲੈਂਦੇ ਹਾਂ। ਜੋ ਪ੍ਰਭੂ ਭਗਤੀ ਤੋਂ ਦੂਰ ਰਹਿੰਦਾ ਹੈ, ਉਹ ਹਮੇਸ਼ਾਂ ਹੀ ਮੁਸੀਬਤਾਂ ’ਚ ਘਿਰਿਆ ਰਹਿੰਦਾ ਹੈ। ਪ੍ਰਭੂ ਭਗਤੀ ਹੀ ਅਜਿਹੀ ਬੇੜੀ ਹੈ ਜੋ ਸਾਨੂੰ ਭਵ-ਸਾਗਰ ’ਚੋਂ ਪਾਰ ਲੰਘਾ ਸਕਦੀ ਹੈ। ਪ੍ਰਭੂ ਤੋਂ ਬਿਨਾ ਕਿਸੇ ਹੋਰ ਇਸ਼ਟ ਨੂੰ ਪੂਜਣਾ ਮਨਮਤਿ ਦਸਿਆ ਗਿਆ ਹੈ।
ਵਿਣੁ ਗੁਰ ਚਰਣਾ ਪੂਜਣਾ ਸਭੁ ਕੂੜਾ ਸੁਆਉ।
(ਵਾਰ 27 ਪੌੜੀ 17)
ਜਦੋਂ ਅਸੀ ਸ੍ਰੀਰ ਨੂੰ ਕਸ਼ਟ ਦੇ ਕੇ ਕਹਿੰਦੇ ਹਾਂ ਕਿ ਅਸੀ ਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਤਾਂ ਉਹ ਮਨਮਤਿ ਮੰਨੀ ਜਾਵੇਗੀ। ਕਿਉਂਕਿ ਉਨ੍ਹਾਂ ਨੇ ਗੁਰੂ ਦਾ ਪੱਲਾ ਨਹੀਂ ਫੜਿਆ ਹੁੰਦਾ। ਭਾਈ ਗੁਰਦਾਸ ਜੀ ਇਕ ਉਦਾਹਰਣ ਦੇ ਕੇ ਸਮਝਾਉਂਦੇ ਹਨ :-
ਸਿਰ ਤਲਵਾਇਆਂ ਪਾਈਐ ਚਮਗਿਦੜ ਜੂਹੇ।
ਮੜੀ ਮਸਾਣੀ ਜੇ ਮਿਲੈ ਵਿਚ ਖੁਡਾਂ ਚੂਹੇ॥
(ਵਾਰ 36, ਪੌੜੀ 13)
ਸਤਿਸੰਗ ਹੀ ਸਾਨੂੰ ਸਹੀ ਰਸਤੇ ਤੇ ਪਾਉਂਦਾ ਹੈ। ਜਦੋਂ ਅਸੀ ਸਤਿਗੁਰ ਦੀ ਮਹਿਮਾ ਤੋਂ ਦੂਰ ਹੁੰਦੇ ਹਾਂ ਤਾਂ ਅਨੇਕਾਂ ਕਿਸਮਾਂ ਦੇ ਕਸ਼ਟਾਂ ’ਚ ਘਿਰੇ ਹੁੰਦੇ ਹਾਂ। ਸਤਿਗੁਰ ਦੀ ਸ਼ਰਨ ਤੋਂ ਬਿਨਾ ਸਾਡੇ ਯਤਨਾ ’ਚ ਸਫ਼ਲਤਾ ਨਹੀਂ ਆ ਸਕਦੀ :
ਕੋਟੀਂ ਸਾਦੀਂ ਕੇਤੜੇ ਜੰਗਲ ਭੂਪਾਲਾ।
ਥਲੀਂ ਵਰੋਲੇ ਕੇਤੜੇ ਪਰਬਤ ਬੇਤਾਲਾ।
.......................................
ਇਕਸੁ ਸਤਿਗੁਰ ਬਾਹਰੇ ਸਭਿ ਆਲ ਜੰਜਾਲਾ
(ਵਾਰ 34, ਪੌੜੀ 18)
ਹੁਣ ਵੇਖੋ ਭਾਈ ਸਾਹਿਬ ਨਾਮ ਦੀ ਮਹਿਮਾ ਦਾ ਜ਼ਿਕਰ ਕਰ ਰਹੇ ਹਨ। ਨਾਮ ਕੀ ਹੈ? ਨਾਮ ਦੀ ਦਾਤ ਕੀ ਹੈ? ਇਹ ਕਿੱਥੋਂ ਅਤੇ ਕਿਵੇਂ ਪ੍ਰਾਪਤ ਹੋਣੀ ਹੈ?
ਨਾਮ ਇਕ ਗੁਰ ਸਿੱਖ ਦੇ ਮਨ ਮੰਦਰ ਪ੍ਰਭੂ ਵਲੋਂ ਦਿਤੀ ਦਾਤ ਹੈ ਜਿਸ ਦਾ ਉਹ ਸਿਮਰਨ ਕਰਦਾ ਹੈ ਅਤੇ ਪ੍ਰਭੂ ਭਗਤੀ ’ਚ ਲੀਨ ਹੋ ਜਾਂਦਾ ਹੈ।
ਗੁਰਸਿਖੀ ਦਾ ਸਿਮਰਣੋ ਸਤਿਗੁਰੁ ਮੰਤੁ ਕੋਲੂ ਰਸੁ ਇਖੈ।
(ਵਾਰ 28 ਪੌੜੀ 5)
ਇਸ ਤੱਥ ਦਾ ਹੋਰ ਹਵਾਲਾ :
ਗੁਰਮੁਖਿ ਓਅੰਕਾਰੁ ਸਬਦਿ ਧਿਆਈਐ।
ਗੁਰਮੁਖ ਸਬਦੁ ਵੀਚਾਰੁ ਸਦਾ ਲਿਵ ਲਾਈਐ।
(ਵਾਰ-19, ਪੌੜੀ 16)
ਹੁਣ ਵੇਖੋ ਸਬਦੁ ਕੀ ਹੈ? ਇਸ ਦੀ ਵਿਆਖਿਆ ਇੰਜ ਕੀਤੀ ਗਈ ਹੈ :-
ਆਦਿ ਪੁਰਖੁ ਆਦੇਸੁ ਕਰਿ
ਆਦਿ ਜੁਗਾਦਿ ਸਬਦ ਵਰਤਾਇਆ।
(ਵਾਰ 24 ਪੌੜੀ 13)
ਸ਼ਬਦ ਦਾ ਸਰੂਪ ਕੀ ਹੈ? ਸ਼ਬਦ ਖੜਾ ਪਾਣੀ ਨਹੀਂ, ਸਗੋਂ ਚਸਮਾ ਹੈ ਜੋ ਸੰਗੀਤ ਪੈਦਾ ਕਰ ਰਿਹਾ ਹੈ :
ਅਨਹਦ ਨਾਦ ਅਸੰਖ ਸੁਣਿ ਹੋਏ ਸੁਹਾਣੇ/ਹੈਰਾਣੈ।
(ਵਾਰ 13, ਪੌੜੀ-4)
ਸ਼ਬਦ ਇਕ ਪ੍ਰਕਾਸ਼ ਹੈ ਜੋ ਸਾਡੇ ਅੰਦਰਲੇ ਹਨੇਰੇ ਨੂੰ ਦੂਰ ਕਰਦਾ ਹੈ :
ਸਬਦ ਸੁਰਤਿ ਗੁਰ ਸਿਖੁ ਹੋਇ
ਅਨਹਦ ਬਾਣੀ ਨਿਝਰਧਾਰਾ।
(ਵਾਰ 24 ਪੌੜੀ 14)
ਇਕ ਅਲਾਹੀ ਜੋਤ ਸਾਡੇ ਜਗ ਰਹੀ ਹੈ ਜਿਸ ਤੋਂ ਅਸੀ ਸਾਰੇ ਹੀ ਬੇਖ਼ਬਰ ਹਾਂ ਅਤੇ ਇਧਰ-ਉਧਰ ਭਟਕ ਰਹੇ ਹਾਂ :
ਸਾਧਸੰਗਤਿ ਸਚ ਖੰਡ ਗੁਰਮੁਖਿ ਜਾਈਐ
ਸਚੁ ਨਾਉ ਬਲਵੰਡੁ ਗੁਰਮੁਖਿ ਧਿਆਈਐ।
(ਵਾਰ 22 ਪੌੜੀ 18)
ਸ਼ਬਦ ਪਰਮੇਸਰ ਦਾ ਵਿਸ਼ਵਾਸ ਹੈ। ਇਸ ਲਈ ਸ਼ਬਦ ਗੁਰੂ ਦੇ ਸਮਾਨ ਹੈ ਜਿਸ ਨੂੰ ਉਚਾਰਿਆਂ ਅਸੀ ਦੁੱਖਾਂ ਕਲੇਸਾਂ ਤੋਂ ਦੂਰ ਹੁੰਦੇ ਹਨ।
ਸਬਦਿ ਸੁਰਤਿ ਚੇਲਾ ਗੁਰੂ ਪਰਮੇਸਰੁ ਸੋਈ।
(ਵਾਰ 13 ਪੌੜੀ 2)
ਗੁਰਸਿੱਖ ਕੌਣ ਹੈ? ਜੋ ਨਾਮ ਧਿਆਉਂਦਾ ਹੈ, ਸਿਮਰਨ ਕਰਦਾ ਹੈ।
ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ।
.................................................
ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ॥
(ਵਾਰ 28 ਪੌੜੀ 15)
ਉਹ ਜਪੁ ਤਪੁ ਵਿਚ ਸੰਜਮ ਰਖਦਾ ਹੈ। ਨਿਰਭੈ ਹੋ ਕੇ ਅਕਾਲ ਪੁਰਖ ਦੀ ਮੌਜ ਵਿਚ ਜੀਊਂਦਾ ਹੈ।
ਗੁਰਸਿਖੀ ਦਾ ਸੰਜਮੋ ਡਰਿ ਨਿਡਰੁ ਨਿਡਰਿ ਮੁਚ ਡਰਣਾ
(ਵਾਰ 28, ਪੌੜੀ 10)
ਉਸ ਦੀ ਕਰਨੀ ਅਤੇ ਕਥਨੀ ਇਕ ਸਾਰ ਹੈ :
ਪੈਰੀ ਪੈ ਪਾਖਾਕੁ ਮੁਰੀਦੈ ਥੀਵਣਾ।
ਗੁਰ ਮੂਰਤਿ ਮੁਸਤਾਕੁ ਮਰਿ ਮਰਿ ਜੀਵਣਾ॥
(ਵਾਰ 3, ਪੌੜੀ 19)
ਉਹ ਪ੍ਰਭੂ ਦੇ ਭਾਣੇ ’ਚ ਰਹਿੰਦਾ ਹੈ। ਉਸ ਦੀ ਰਜ਼ਾ ’ਚ ਰਹਿ ਕੇ ਖ਼ੁਸ਼ੀ ਪ੍ਰਾਪਤ ਕਰਦਾ ਹੈ ਕਿਉਂਕਿ ਦੁੱਖ-ਸੁੱਖ ਸੱਭ ਕੁੱਝ ਉਸ ਦੀ ਦੇਣ ਹੈ, ਗਿਲਾ ਕਿਉਂ?
ਦੁਖਿ ਨ ਰੋਵੈ ਸੁਖਿ ਨ ਹਸੈ॥
(ਵਾਰ 28, ਪੌੜੀ 14)
ਉਪਰੋਕਤ ਵਿਚਾਰਧਾਰਾ ਸਪਸ਼ਟ ਕਰਦੀ ਹੈ ਕਿ ਭਾਈ ਗੁਰਦਾਸ ਜੀ ਨੇ ਮਨੁੱਖ ਨੂੰ ਨਾਮ ਜਪਣ, ਸਿਮਰਨ ਕਰਨ, ਸੱਚਾ ਗੁਰ ਸਿੱਖ ਹੋਣ ਦੀ ਸਲਾਹ ਦਿਤੀ ਹੈ। ਗੁਰੂ ਸ਼ਬਦ ਤੋਂ ਬਿਨਾ ਉਹ ਊਣਾ ਹੈ ਜਾਂ ਫਿਰ ਕਹਿ ਲਓ ਕਿ ਉਹ ਅਗਿਆਨੀ ਹੈ। ਜਦੋਂ ਉਸ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਤਾਂ ਉਹ ਗੁਰੂ ਦਾ ਪਿਆਰਾ ਹੋ ਜਾਂਦਾ ਹੈ। ਉਹ ਹਰੇਕ ਕਿਸਮ ਦੇ ਦੁੱਖ ਕਲੇਸ ਤੋਂ ਦੂਰ ਹੋ ਜਾਂਦਾ ਹੈ। ਪ੍ਰਭੁੂ ਦੇ ਭਾਣੇ ’ਚ ਰਹਿ ਕੇ ਉਸ ਦਾ ਸ਼ੁਕਰਾਨਾ ਕਰਦਾ ਹੈ ਅਤੇ ਚੰਗੀ ਜ਼ਿੰਦਗੀ ਜਿਉਂਦਾ ਹੈ। ਭਾਈ ਸਾਹਿਬ ਜੀ ਦੀ ਗੁਰਬਾਣੀ ਨੂੰ ਦਿਤੀ ਅਮੁੱਲ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।