
ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 56 ਇੰਚ ਦੀ ਛਾਤੀ ਹੇਠ ਜੋ ਦਿਲ ਹੈ, ਉਹ ਸਿਰਫ ਅੰਬਾਨੀ ਤੇ ਅਡਾਨੀ ਲਈ ਹੀ ਧੜਕ ਰਿਹਾ ਹੈ - ਸਾਬਕਾ ਸਪੀਕਰ ਪੰਜਾਬ
ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਚ ਲੱਗੇ ਕਿਸਾਨਾਂ ਦੇ ਮੋਰਚੇ ਨੂੰ 40 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ। ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਇਸ ਵਿਰੁੱਧ ਕਈ ਸਿਆਸਤਦਾਨਾਂ ਨੇ ਆਵਾਜ਼ ਬੁਲੰਦ ਵੀ ਕੀਤੀ। ਇਹਨਾਂ ਵਿਚੋਂ ਇਕ ਆਗੂ ਹਨ ਬੀਰ ਦਵਿੰਦਰ ਸਿੰਘ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹਨਾਂ ਕਾਨੂੰਨਾਂ ਨਾਲ ਖੇਤੀ ਲਈ ਹੋਣ ਵਾਲੇ ਨੁਕਸਾਨ ਸਬੰਧੀ ਆਵਾਜ਼ ਚੁੱਕੀ ਸੀ।
Bir Devinder Singh
ਕਿਸਾਨੀ ਸੰਘਰਸ਼ ਸਬੰਧੀ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲ ਕਰਦਿਆਂ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਹੱਦਾਂ ਤੱਕ ਹੀ ਸੀਮਤ ਨਹੀਂ, ਇਹ ਕੁਝ ਰਾਜਾਂ ਦੇ ਕਿਸਾਨਾਂ ਦੀ ਆਵਾਜ਼ ਤੱਕ ਸੀਮਤ ਨਹੀਂ ਬਲਕਿ ਇਹ ਅੰਦੋਲਨ ਹੁਣ ਗਲੋਬਲ ਹੈ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਬੈਠੇ ਵਿਅਕਤੀ, ਜਿਨ੍ਹਾਂ ਦਾ ਹਿੰਦੁਸਤਾਨ ਦੀ ਮਿੱਟੀ ਨਾਲ ਮੋਹ ਹੈ ਤੇ ਜਿਸ ਵਿਅਕਤੀ ਦੀ ਥਾਲੀ ਵਿਚ ਰੋਟੀ ਆਉਂਦੀ ਹੈ। ਇਹ ਉਹਨਾਂ ਲੋਕਾਂ ਦਾ ਅੰਦੋਲਨ ਹੈ। ਇਸ ਦੀਆਂ ਹੱਦਾਂ ਤੇ ਸੀਮਾਵਾਂ ਤੈਅ ਕਰਨਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ।
Farmer protest
ਦੁਨੀਆਂ ਦੇ ਵੱਡੇ-ਵੱਡੇ ਮੁਲਕਾਂ ਵਿਚ ਕਿਸਾਨਾਂ ਦੇ ਹੱਕ ਵਿਚ ਮੁਜ਼ਾਹਰੇ ਹੋ ਰਹੇ ਨੇ, ਰੋਮ ਵਿਚ ਵੀ ਪ੍ਰਦਰਸ਼ਨ ਹੋਣ ਜਾ ਰਹੇ ਹਨ। ਸਾਰੀ ਦੁਨੀਆਂ ਜਾਗ ਉੱਠੀ ਹੈ।ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ ਦਾ ਬਹਾਨਾ ਲਗਾ ਕੇ 26 ਜਨਵਰੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਭਾਰਤ ਫੇਰੀ ਰੱਦ ਕਰ ਦਿੱਤੀ ਹੈ ਪਰ ਇਸ ਦਾ ਅਸਲ ਕਾਰਨ ਕਿਸਾਨ ਅੰਦੋਲਨ ਹੈ। ਕਿਉਂਕਿ ਕਿਸਾਨਾਂ ਨੇ ਐਲ਼ਾਨ ਕੀਤਾ ਕਿ 26 ਜਨਵਰੀ ਨੂੰ ਰਾਜਪਥ ‘ਤੇ ਟਰੈਕਟਰ ਮਾਰਚ ਹੋਵੇਗਾ।
Farmers Protest
ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕੂਟਨੀਤਕ ਚੈਨਲਾਂ ਜ਼ਰੀਏ ਇਸ ਅੰਦੋਲਨ ਦਾ ਦਬਾਅ ਜਾਂ ਗਹਿਰਾਈ ਕਿੱਥੋਂ-ਕਿੱਥੋਂ ਤੱਕ ਪਹੁੰਚ ਚੁੱਕਾ ਹੈ।
ਗੀਤ ਦੀਆਂ ਸਤਰਾਂ ਬੋਲਦਿਆਂ ਉਹਨਾਂ ਕਿਹਾ:
ਪੱਤਾ ਪੱਤਾ ਬੂਟਾ ਬੂਟਾ ਹਾਲ ਹਮਾਰਾ ਜਾਨੇ ਹੈ
ਜਾਨੇ ਨ ਜਾਨੇ ਗੁਲ ਹੀ ਨ ਜਾਨੇ, ਬਾਗ਼ ਤੋ ਸਾਰਾ ਜਾਨੇ ਹੈ
ਭਾਵ ਸਾਰੇ ਸੰਸਾਰ ਨੂੰ ਪਤਾ ਹੈ ਕਿ ਕਿਸਾਨ ਦਾ ਦੁੱਖ-ਦਰਦ ਕੀ ਹੈ। ਉਹਨਾਂ ਕਿਹਾ ਕਿ ਦੁਨੀਆਂ ਵਿਚ ਸਿਰਫ ਇਕ ਹੀ ਵਿਅਕਤੀ ਹੈ, ਜਿਸ ਤੱਕ ਇਸ ਅੰਦੋਲਨ ਦਾ ਸੇਕ ਨਹੀਂ ਪਹੁੰਚਿਆ, ਉਹ ਹੈ ਨਰਿੰਦਰ ਮੋਦੀ।
PM Modi
ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਸਬੰਧੀ ਗੱਲ਼ ਕਰਦਿਆਂ ਸਾਬਕਾ ਸਪੀਕਰ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਪਿਛਲੇ 70 ਸਾਲ ਤੋਂ ਲੜਾਈ ਵਿਚ ਰਹਿ ਰਹੇ ਹਨ। ਅਜ਼ਾਦੀ ਤੋਂ ਬਾਅਦ ਸ਼ਾਇਦ ਉਹਨਾਂ ਲੋਕਾਂ ਨੇ ਕਦੇ ਸੁੱਖ ਦਾ ਸਾਹ ਵੀ ਨਹੀਂ ਲਿਆ। ਅਪਣੇ ਹੱਕਾਂ ਦੀ ਲੜਾਈ ਲੜਦੇ ਲ਼ੜਦੇ ਕਸ਼ਮੀਰ ਦੇ ਲੋਕ ਥੱਕ ਚੁੱਕੇ ਹਨ। ਸਰਕਾਰ ਨੇ ਦੇਸ਼ ਦੀ ਸਭ ਤੋਂ ਪਿਆਰੀ ਧਰਤੀ ਨੂੰ ਟੁਕੜੇ-ਟੁਕੜੇ ਕਰਕੇ ਲਹੂ-ਲੁਹਾਣ ਕਰ ਦਿੱਤਾ।
ਇਹਨਾਂ ਨੇ ਸੋਚਿਆ ਕਿ ਜਿਵੇਂ ਕਸ਼ਮੀਰ ਨੂੰ ਦਬਾਇਆ ਗਿਆ, ਉਸੇ ਤਰ੍ਹਾਂ ਕਿਸਾਨ ਤੇ ਪੰਜਾਬ ਨੂੰ ਵੀ ਦਬਾਇਆ ਜਾ ਸਕਦਾ ਹੈ। ਪਰ ਉਹਨਾਂ ਕਦੀ ਸੋਚਿਆ ਨਹੀਂ ਸੀ ਕਿ ਕਿਸਾਨੀ ਦੇ ਨਾਂਅ ‘ਤੇ ਸਾਰੇ ਸੂਬੇ ਇਕੱਠੇ ਹੋ ਜਾਣਗੇ। ਇਹ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਅੰਦੋਲਨ ਵਿਚ ਪੰਜਾਬ ਦੀ ਜਵਾਨੀ ਦੀ ਭੂਮਿਕਾ ਬਾਰੇ ਗੱਲ਼ ਕਰਦਿਆਂ ਬੀਰ ਦਵਿੰਦਰ ਨੇ ਕਿਹਾ ਕਿ ਕਿਸਾਨ ਮੋਰਚਾ ਪੰਜਾਬ ਦੇ ਸੱਭਿਆਚਾਰ ਤੇ ਸਿੱਖ ਧਰਮ ਦੀਆਂ ਰਵਾਇਤਾਂ ਦੀ ਬਹੁਤ ਵੱਡੀ ਲਹਿਰ ਹੈ। ਜੋ ਕੰਮ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਪਿਛਲੇ 100 ਸਾਲਾਂ ਵਿਚ ਨਹੀਂ ਕਰ ਸਕੀ, ਇਹ ਤਿੰਨ-ਚਾਰ ਮਹੀਨਿਆਂ ਦੇ ਕਿਸਾਨ ਅੰਦੋਲਨ ਨੇ ਕਰ ਦਿੱਤਾ।
FARMER PROTEST
ਉਹਨਾਂ ਕਿਹਾ ਕਿ ਸਿਰਫ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦਾ ਹਰ ਲੇਖਕ, ਫੋਟੋਗ੍ਰਾਫਰ, ਸ਼ਾਇਰ ਜਾਂ ਗੀਤਕਾਰ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੇ ਦਰਦਾਂ ਨਾਲ ਸਾਝ ਪਾ ਰਿਹਾ ਹੈ। ਪਰ ਬਹੁਤ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 56 ਇੰਚ ਦੀ ਛਾਤੀ ਹੇਠ ਜੋ ਦਿਲ ਹੈ, ਉਹ ਸਿਰਫ ਅੰਬਾਨੀ ਤੇ ਅਡਾਨੀ ਲਈ ਹੀ ਧੜਕ ਰਿਹਾ ਹੈ। ਪ੍ਰਧਾਨ ਮੰਤਰੀ ਦੇ ਵਰਤਾਅ ਸਬੰਧੀ ਗੱਲ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਇੰਨਾ ਕਠੋਰ ਪ੍ਰਧਾਨ ਮੰਤਰੀ ਕਦੀ ਨਹੀਂ ਦੇਖਿਆ। ਜੇਕਰ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਉਹ ਕਿਸਾਨਾਂ ਨੂੰ ਮਿਲਣ ਲਈ ਦਿੱਲੀ ਦੇ ਬਾਰਡਰਾਂ ‘ਤੇ ਜਰੂਰ ਜਾਂਦਾ। ਤੇ ਉਹ ਅੱਖਾਂ ਭਰ ਕੇ ਜ਼ਰੂਰ ਕਹਿੰਦਾ, ‘ਦੇਸ਼ ਦੇ ਅੰਨਦਾਤਿਓ, ਮੈਥੋ ਗਲਤੀ ਹੋ ਗਈ ਮੁਆਫ ਕਰਦੋ’।
Narendra Modi
ਸਾਬਕਾ ਸਪੀਕਰ ਨੇ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ 1200 ਕਾਨੂੰਨ ਰੱਦ ਕੀਤੇ ਤੇ 1824 ਹੋਰ ਕਾਨੂੰਨਾਂ ਦੀ ਪਛਣ ਕੀਤੀ ਜਾ ਰਹੀ ਹੈ, ਭਾਵ ਕਰੀਬ 3000 ਕਾਨੂੰਨ ਰੱਦ ਹੋਣ ਜਾ ਰਹੇ ਹਨ। ਪਰ ਹੁਣ ਸਰਕਾਰ ਤਿੰਨ ਕਾਨੂੰਨ ਰੱਦ ਕਰਵਾਉਣ ਦੀ ਮੰਗ ‘ਤੇ ਇੰਨਾ ਸੋਚ ਕਿਉਂ ਰਹੀ ਹੈ।ਉਹਨਾਂ ਕਿਹਾ ਕਿ ਸਰਕਾਰ ਹਰ ਵਾਰ ਮੀਟਿੰਗ ਬੁਲਾਉਂਦੀ ਹੈ ਤੇ ਕਿਸਾਨ ਜਾਂਦੇ ਵੀ ਹਨ ਪਰ ਹਰ ਵਾਰ ਕਿਸਾਨ ਖਾਲੀ ਹੱਥ ਵਾਪਸ ਆਉਂਦੇ ਹਨ। ਕਿਸਾਨਾਂ ਦਾ ਸਬਰ ਤੇ ਸੰਤੋਖ ਕਾਫੀ ਸ਼ਲਾਘਾਯੋਗ ਹੈ ਕਿ ਉਹ 8ਵੀਂ ਮੀਟਿੰਗ ਲਈ ਵੀ ਰਜ਼ਾਮੰਦ ਹਨ। ਪਰ ਸਰਕਾਰ ਮਚਲੀ ਹੋਈ ਹੈ।
Farmer Protest
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਕਾਨੂੰਨ ਬਹੁਤ ਸੋਚ ਸਮਝ ਕੇ ਬਣਾਏ ਗਏ ਹਨ ਕਿ ਕਿਵੇਂ ਖੇਤੀਬਾੜੀ ਸੈਕਟਰ ਨੂੰ ਦਬੋਚਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸੋਧ ਲਈ ਵੀ ਕਹਿ ਰਹੀ ਹੈ ਤਾਂ ਮੈਂ ਸੋਧਾਂ ਡਰਾਫਟ ਕਰਨ ਲਈ ਤਿਆਰ ਹਨ। ਮੈਂ ਡਰਾਫਟ ਬਣਾ ਕੇ ਕਾਨੂੰਨਾਂ ਦੀ ਜਾਨ ਕੱਢ ਦਿਆਂਗਾ। ਜੇਕਰ ਕਿਸਾਨ ਵੀ ਇਕ ਵਾਰ ਸਰਕਾਰ ਕੋਲੋਂ ਸੋਧਾਂ ਦਾ ਡਰਾਫਟ ਮੰਗਣ ਤਾਂ ਬਿੱਲੀ ਥੈਲੇ ‘ਚੋਂ ਬਾਹਰ ਆ ਜਾਵੇਗੀ। ਪਤਾ ਚੱਲ ਜਾਵੇਗੀ ਕਿ ਕਿੰਨੀ ਕੁ ਬੇਇਮਾਨੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਹੈ। ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਤਬਦੀਲੀਆਂ ਕਰਨ ਦੀ ਲੋੜ ਹੈ। ਇਹ ਤਬਦੀਲੀਆਂ ਭਾਰਤ ਸਰਕਾਰ ਦੀ ਮਦਦ ਬਿਨਾਂ ਨਹੀਂ ਹੋ ਸਕਦੀਆਂ।
ਉਹਨਾਂ ਕਿਹਾ ਕਿ ਧਰਤੀ ਜਨਨੀ ਹੈ ਤੇ ਪੂਰੇ ਦੇਸ਼ ਦਾ ਪੇਟ ਭਰਦੀ ਹੈ। ਹੁਣ ਧਰਤੀ ਵੀ ਅੰਨ ਪੈਦਾ ਕਰ ਕੇ ਥੱਕ ਚੁੱਕੀ ਹੈ। ਹੁਣ ਜਦੋਂ ਕਿਸਾਨ ਨੇ ਸਰਕਾਰ ਦੀ ਮੰਗ ਪੂਰੀ ਕੀਤੀ ਹੈ ਤਾਂ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਅੰਨ ਸਰਪਲੱਸ ਹੈ। ਸਰਕਾਰ ਕਰਜ਼ੇ ਹੇਠ ਹੈ ਤੇ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਸਰਕਾਰ ਨੇ ਅਜਿਹੇ ਸੁਧਾਰ ਲਿਆਂਦੇ ਹਨ ਜੋ ਉਸ ਨੂੰ ਹੋਰ ਤਬਾਹੀ ਵੱਲ ਧੱਕ ਰਹੇ ਹਨ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਖੇਤੀ ਤੇ ਖੇਤ ਸਾਡੀ ਕੁਦਰਤੀ ਰਿਹਾਇਸ਼ ਹਨ ਤੇ ਇਹੀ ਸਾਡਾ ਜੀਵਨ ਹੈ। ਇਸ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ। ਇਹ ਕਾਨੂੰਨ ਸਾਡੀ ਕੁਦਰਤੀ ਰਿਹਾਇਸ਼ (natural habitat) ਨੂੰ ਬਰਬਾਦ ਕਰਦੇ ਹਨ। ਇਹ ਕਿਸੇ ਵੀ ਕੀਮਤ ‘ਤੇ ਮਨਜ਼ੂਰ ਨਹੀਂ ਕੀਤੇ ਜਾ ਸਕਦੇ।
Farmer
ਕਿਸਾਨੀ ਮੋਰਚੇ ਤੋਂ ਸਿਆਸਤਦਾਨਾਂ ਨੂੰ ਬਾਹਰ ਰੱਖਣ ਦੇ ਕਿਸਾਨਾਂ ਦੇ ਫੈਸਲੇ ਨੂੰ ਬੀਰ ਦਵਿੰਦਰ ਸਿੰਘ ਨੇ ਸਹੀ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿਆਸਤਦਾਨ ਕਦੀ ਵੀ ਅਪਣੀ ਸਿਆਸਤ ਤੋਂ ਬਾਜ਼ ਨਹੀਂ ਆਉਂਦਾ। ਕਿਸਾਨਾਂ ਨੇ ਚੰਗਾ ਕੀਤਾ ਕਿ ਸਿਆਸਤਦਾਨਾਂ ਨੂੰ ਇਸ ਤੋਂ ਦੂਰ ਰੱਖਿਆ। ਉਹਨਾਂ ਕਿਹਾ ਜਦੋਂ ਕੰਗਨਾ ਰਣੌਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ‘ਚ ਬੀਬੀਆਂ ਦਿਹਾੜੀ ‘ਤੇ ਆਈਆਂ ਹੋਈਆਂ ਨੇ ਤਾਂ ਸਾਰਾ ਪੰਜਾਬ ਤੜਫ ਉੱਠਿਆ। ਸਾਰੇ ਪੰਜਾਬ ਦੇ ਲੋਕਾਂ ਨੂੰ ਕੰਗਨਾ ਦੀਆਂ ਫਿਲਮਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਕੰਗਨਾ ਰਣੌਤ ਨੰਗਲ ਦੇ ਰਾਸਤੇ ਤੋਂ ਦਿੱਲੀ ਜਾਂ ਬੰਬੇ ਜਾਂਦੀ ਹੈ ਜੇਕਰ ਅਨੰਦਪੁਰ ਸਾਹਿਬ ਤੋਂ ਬੀਬੀਆਂ ਉਸ ਨੂੰ ਘੇਰਨ ਲਈ ਖੜੀਆਂ ਹੋ ਜਾਂਦੀਆਂ ਹਨ ਤਾਂ ਕੰਗਨਾ ਨੂੰ ਜਾਣ ਲਈ ਨਵਾਂ ਰਾਹ ਲੱਭਣਾ ਪਵੇਗਾ। ਪੀਐਮ ਮੋਦੀ ਨੂੰ ਕੰਗਨਾ ਲਈ ਨਵਾਂ ਹਵਾਈ ਅੱਡਾ ਬਣਾਉਣਾ ਪਵੇਗਾ। ਦਿਲਜੀਤ ਦੁਸਾਂਝ ਬਾਰੇ ਗੱਲ਼ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਦਿਲਜੀਤ ਬਹੁਤ ਪਿਆਰਾ ਹੀਰੋ ਹੈ ਤੇ ਉਸ ਨੇ ਕੰਗਨਾ ਨੂੰ ਚੰਗਾ ਜਵਾਬ ਦਿੱਤਾ ਹੈ। ਦਿਲਜੀਤ ਇਕਲੌਤਾ ਅਜਿਹਾ ਸਿਤਾਰਾ ਹੈ ਜਿਸ ਨੇ ਬਾਹਰੋਂ ਆਉਂਦਿਆਂ ਹੀ ਕਿਸਾਨੀ ਅੰਦੋਲਨ ਲਈ ਸਵਾ ਕਰੋੜ ਰੁਪਇਆ ਦਿੱਤਾ।
Kangana Ranaut-Diljit Dosanjh
ਖੇਤੀ ਕਾਨੂੰਨਾਂ ਦੇ ਸਮਰਥਨ ਵਿਚ ਸਾਈਨ ਦਿਖਾਉਣ ਸਬੰਧੀ ਹਰਸਿਮਰਤ ਬਾਦਲ ਵੱਲੋਂ ਦਿੱਤੀ ਗਈ ਚੁਣੌਤੀ ਦਾ ਜਵਾਬ ਦਿੰਦਿਆਂ ਸਾਬਕਾ ਸਪੀਕਰ ਨੇ ਕਿਹਾ ਕਿ ਬੀਬੀ ਬਾਦਲ 2 ਵਾਰ ਕੇਂਦਰੀ ਕੈਬਨਿਟ ਵਿਚ ਮੰਤਰੀ ਰਹੀ। ਪਰ ਉਸ ਨੂੰ ਗਿਆਨ ਨਹੀਂ ਕਿ ਕੈਬਨਿਟ ਮੀਟਿੰਗ ਵਿਚ ਆਰਡੀਨੈਂਸ ‘ਤੇ ਮੰਤਰੀਆਂ ਦੇ ਸਾਈਨ ਨਹੀਂ ਹੁੰਦੇ। ਕੋਈ ਵੀ ਏਜੰਡਾ ਹੋਵੇ ਪਹਿਲਾਂ ਉਹ ਕੈਬਨਿਟ ਮੰਤਰੀਆਂ ਨੂੰ ਸਰਕੂਲੇਟ ਕੀਤਾ ਜਾਂਦਾ ਹੈ, ਇਸ ਦੌਰਾਨ ਸਾਰੇ ਮੰਤਰੀਆਂ ਦੇ ਸੁਝਾਅ ਲਏ ਜਾਂਦੇ ਹਨ।
ਇਹਨਾਂ ਤਿੰਨ ਖੇਤੀ ਕਾਨੂੰਨਾਂ ਸਬੰਧੀ 3 ਜੂਨ ਨੂੰ ਦਿੱਲੀ ਵਿਖੇ ਪੀਐਮ ਮੋਦੀ ਦੀ ਅਗਵਾਈ ਵਿਚ ਮੀਟਿੰਗ ਹੁੰਦੀ ਹੈ। ਇਸ ਮੀਟਿੰਗ ਵਿਚ ਕਾਨੂੰਨ ਸਰਬਸੰਮਤੀ ਨਾਲ ਪਾਸ ਹੋਏ, ਬੀਬੀ ਬਾਦਲ ਉਸ ਸਮੇਂ ਹਾਜ਼ਰ ਸੀ। ਜੇਕਰ ਉਹਨਾਂ ਨੇ ਇਸ ਆਰਡੀਨੈਂਸ ‘ਤੇ ਇਤਰਾਜ਼ ਕੀਤਾ ਸੀ ਤਾਂ ਉਹ ਜ਼ੋਰ ਦੇ ਕੇ ਕਹਿ ਸਕਦੀ ਸੀ ਕਿ ਮੇਰਾ ਇਤਰਾਜ਼ ਨੋਟ ਕੀਤਾ ਜਾਵੇ। ਹਾਲਾਂਕਿ ਉਹਨਾਂ ਨੇ ਇਤਰਾਜ਼ ਨਹੀਂ ਕੀਤਾ ਸੀ। ਕੈਬਨਿਟ ਵਿਚ ਸਰਬਸੰਮਤੀ ਨਾਲ ਪਾਸ ਹੋਏ ਆਰਡੀਨੈਂਸ ਲਈ ਸਾਈਨ ਦੀ ਲੋੜ ਨਹੀਂ ਹੁੰਦੀ, ਉਸ ਨੂੰ ਕੈਬਨਿਟ ਸਕੱਤਰ ਤਸਦੀਕ ਕਰਦਾ ਹੈ। ਜੇਕਰ ਇਹਨਾਂ ਨੇ ਅੰਦਰ ਵਿਰੋਧ ਕੀਤਾ ਸੀ ਤਾਂ ਬਾਹਰ ਆ ਕੇ ਸਮਰਥਨ ਕਿਉਂ ਕੀਤਾ।
Bir Devinder Singh
ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿਚ ਅਕਾਲੀਆਂ ਦਾ ਵਿਰੋਧ ਹੋ ਰਿਹਾ ਹੈ, ਨਾ ਲੋਕ ਇਹਨਾਂ ਨੂੰ ਮੱਥਾ ਟੇਕਣ ਦਿੰਦੇ ਨੇ ਤੇ ਨਾ ਹੀ ਮਾਤਮ ‘ਤੇ ਬੈਠਣ ਦਿੰਦੇ ਹਨ। ਤਮਾਸ਼ਾ ਕਰਨ ਦੀ ਬਜਾਏ ਅਕਾਲੀਆਂ ਨੂੰ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਤਰੀਕ ਮੰਗੀ ਹੈ ਤੇ ਉਹ ਉੱਥੇ ਸੁਖਬੀਰ ਬਾਦਲ ਤੇ ਬੀਬੀ ਬਾਦਲ ਨੂੰ ਬੁਲਾਉਣ ਲਈ ਵੀ ਕਹਿਣਗੇ ਤੇ ਉਹਨਾਂ ਕਿਹਾ ਮੈਂ ਸਾਰੇ ਸਬੂਤਾਂ ਨਾਲ ਸਾਬਿਤ ਕਰਾਂਗਾ ਕਿ ਇਹਨਾਂ ਨੇ ਕਿਸਾਨਾਂ ਨਾਲ ਧ੍ਰੋਹ ਕੀਤਾ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠ ਬੋਲਿਆ ਹੈ।
Harsimrat Badal
ਗੁਰਬਾਣੀ ਦੀ ਤੁਕ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਬੋਲਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਹੇ ਕਿ ਮੈਂ ਬਹੁਤ ਵੱਡੇ ਰੁਤਬੇ ‘ਤੇ ਪਹੁੰਚ ਗਿਆ ਹਾਂ ਤੇ ਮੈਨੂੰ ਕੋਈ ਨਹੀਂ ਦੇਖਦਾ ਤਾਂ ਉਸ ਦਾ ਭੁਲੇਖਾ ਹੈ। ਦੇਖਣ ਵਾਲਾ ਤਾਂ ਕੀੜਿਆਂ ਨੂੰ ਵੀ ਵੇਖਦਾ ਹੈ। ਉਹ ਕੀੜਿਆਂ ਦਾ ਵੀ ਹਿਸਾਬ ਕਿਤਾਬ ਰੱਖਦਾ ਹੈ ਤੇਰਾ ਕਿਉਂ ਨਹੀਂ ਰੱਖੇਗਾ। ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਅੰਦੋਲਨ ਦਾ ਪੰਜਾਬ ਦੀਆਂ ਚੋਣਾਂ ‘ਤੇ ਅਸਰ ਜ਼ਰੂਰ ਹੋਵੇਗਾ। ਇਹ ਜ਼ਖਮ ਬਹੁਤ ਗਹਿਰੇ ਹਨ, ਇਹਨਾਂ ਨੂੰ ਜਲਦੀ ਆਰਾਮ ਨਹੀਂ ਮਿਲਣਾ। ਜਿਨਾਂ ਲੋਕਾਂ ਨੇ ਦਗਾ ਕਮਾਈ ਹੈ, ਲੋਕਾਂ ਨੂੰ ਪਤਾ ਹੈ।
Bir Devinder Singh
ਉਹਨਾਂ ਕਿਹਾ ਕਿ ਕਿੰਨੇ ਦਿਨਾਂ ਤੋਂ ਜੰਤਰ ਮੰਤਰ ‘ਤੇ ਰਵਨੀਤ ਬਿੱਟੂ, ਜਸਬੀਰ ਡਿੰਪਾ ਤੇ ਕਲਬੀਰ ਜ਼ੀਰਾ ਸਮੇਤ ਕਾਂਗਰਸ ਆਗੂ ਧਰਨੇ ‘ਤੇ ਬੈਠੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਜਾ ਕੇ ਦੇਖਿਆ ਤੱਕ ਨਹੀਂ। ਇਸ ਦੇ ਨਾਲ ਹੀ ਨਾ ਹੀ ਪੰਜਾਬ ਦੇ ਹੋਰ ਐਮਪੀ ਤੇ ਐਮਐਲਏ ਧਰਨੇ ‘ਤੇ ਬੈਠੇ। ਨਾ ਹੀ ਰਾਸ਼ਟਰੀ ਕਾਂਗਰਸ ਦੇ ਐਮਪੀ ਧਰਨੇ ‘ਤੇ ਆਏ। ਜੇ ਉਹਨਾਂ ਨੂੰ ਸਿੰਘੂ ਆਉਣ ਨਹੀਂ ਦਿੱਤਾ ਜਾ ਰਿਹਾ ਤਾਂ ਉਹ ਜੰਤਰ-ਮੰਤਰ ਬੈਠ ਸਕਦੇ ਹਨ। ਇਸ ਅੰਦੋਲਨ ਦਾ ਪੰਜਾਬ ਦੀ ਸਿਆਸਤ ਹੀ ਨਹੀਂ ਬਲਕਿ ਦਿੱਲੀ ਦੀ ਸਿਆਸਤ ‘ਤੇ ਵੀ ਵੱਡਾ ਅਸਰ ਹੋਵੇਗਾ।
Capt. Amrinder Singh
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਨਤੀਜਾ ਜੋ ਵੀ ਹੋਵੇ ਪਰ ਆਉਣ ਵਾਲੇ ਸਮੇਂ ਵਿਚ ਇਹ ਭਾਜਪਾ ਤੇ ਨਰਿੰਦਰ ਮੋਦੀ ਲਈ ਦੂਜਾ ਵਾਟਰਲੂ (Waterloo) ਸਾਬਿਤ ਹੋਵੇਗਾ। ਉਹਨਾਂ ਨੇ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ 8 ਜਨਵਰੀ ਨੂੰ ਵੀ ਕੁਝ ਨਾ ਹੋਇਆ ਤਾਂ ਇਹ ਸੰਭਾਵਨਾ ਹੋ ਸਕਦੀ ਹੈ ਕਿ ਇਹ ਅੰਦੋਲਨ ਕਿਸਾਨ ਆਗੂਆਂ ਦੇ ਹੱਥਾਂ ਵਿਚੋਂ ਨਿਕਲ ਜਾਵੇ। ਸਾਰਾ ਪੰਜਾਬ ਹਾਲੋ-ਬੇਹਾਲ ਹੋਇਆ ਪਿਆ ਹੈ। ਕਿਸਾਨਾਂ ਦੇ ਅੰਦੋਲਨ ਵਿਚ ਇੰਨੀ ਜ਼ਿਆਦਾ ਤਾਕਤ ਹੈ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੇਸ਼ ਟੁੱਟ ਵੀ ਸਕਦਾ ਹੈ, ਇਸ ਦੀ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਦੀ ਹੋਵੇਗੀ।
Bir Devinder Singh- Nimrat Kaur
ਉਹਨਾਂ ਕਿ ਜੇਕਰ ਕੈਬਨਿਟ ਦੇ ਵਜ਼ੀਰਾਂ ਨੂੰ 7 ਮੀਟਿੰਗਾਂ ਵਿਚ ਵੀ ਕਿਸਾਨਾਂ ਦੀ ਗੱਲ਼ ਸਮਝ ਨਹੀਂ ਆਈ ਤਾਂ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਅੰਦੋਲਨ ਹੈ ਜਿਸ ਦੀ ਹਰ ਮੀਟਿੰਗ ਬੇਸਿੱਟਾ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਦਰਦ ਇੰਨਾ ਜ਼ਿਆਦਾ ਡੂੰਘਾ ਹੋ ਗਿਆ ਹੈ ਕਿ ਇਸ ਨੂੰ ਬਿਆਨਿਆ ਨਹੀਂ ਜਾ ਸਕਦਾ ਤੇ ਇਸ ਸਮੇਂ ਕਿਸੇ ਚਮਤਕਾਰ ਦੀ ਉਡੀਕ ਹੈ। ਰੱਬ ਕਿਰਤੀਆਂ ਤੇ ਕਿਸਾਨਾਂ ਦੇ ਨਾਲ ਹੈ। ਰੱਬ ਉਹਨਾਂ ਨਾਲ ਹੈ ਜਿਨ੍ਹਾਂ ਨੂੰ ਮਿੱਟੀ, ਫਸਲਾਂ ਤੇ ਕੁਦਰਤ ਦਾ ਮੋਹ ਹੈ।