ਸਿਖਰਾਂ ਛੂਹੰਦੀਆਂ ਸਿੱਖ ਧਾਰਮਕ ਸੰਸਥਾਵਾਂ
Published : Apr 7, 2021, 7:24 am IST
Updated : Apr 7, 2021, 7:24 am IST
SHARE ARTICLE
SGPC
SGPC

ਅੰਦਰ ਅਤਿ ਦਾ ਨਿਘਾਰ

ਸਿੱਖ ਗੁਰਦਵਾਰਿਆਂ ਨੂੰ ਵਿਭਚਾਰੀ ਮਹੰਤਾਂ, ਬ੍ਰਿਟਿਸ਼ ਸਾਮਰਾਜਵਾਦੀਆਂ ਤੇ ਉਨ੍ਹਾਂ ਦੇ ਗੁੰਡਾ ਪਿੱਠੂਆਂ ਤੋਂ ਆਜ਼ਾਦ ਕਰਵਾਉਣ, ਸਿੱਖ ਟਕਸਾਲੀ ਮਰਿਯਾਦਾ ਤੇ ਪਵਿੱਤਰ ਸਿਧਾਂਤਾਂ ਦੀ ਬਹਾਲੀ ਲਈ 20ਵੀਂ ਸਦੀ ਵਿਚ ਸਿੱਖ ਮੋਰਚਿਆਂ ਦੀ ਇਕ ਵਿਲੱਖਣ, ਲਹੂ ਵੀਟਵੀਂ ਅਸਹਿ ਤੇ ਅਕਿਹ ਕਸ਼ਟਦਾਇਕ ਕੁਰਬਾਨੀਆਂ ਦੀ ਦਾਸਤਾਨ ਹੈ। ਫਲਸਰੂਪ ਭਾਰਤੀ ਰਾਜ ਅੰਦਰ ਇਕ ਖ਼ੁਦਮੁਖਤਾਰ ਰਾਜ ਵਰਗੀ ਸਿੱਖ ਸੰਸਥਾ ਦੀਆਂ ਮਰਿਯਾਦਾਵਾਂ, ਸਿਧਾਂਤਾਂ ਤੇ ਅਜ਼ੀਮ ਪ੍ਰੰਪਰਾਵਾਂ ਅਨੁਰੂਪ ਸੁਚੱਜੇ ਪ੍ਰਬੰਧ ਲਈ ਸਿੱਖ ਗੁਰਦਵਾਰਾ ਐਕਟ 28 ਜੁਲਾਈ, 1925 ਅਨੁਸਾਰ ਸੈਂਟਰਲ ਗੁਰਦਵਾਰਾ ਬੋਰਡ ਗਠਤ ਕੀਤਾ ਗਿਆ ਜਿਸ ਨੇ ਪੰਜਾਬ ਸਰਕਾਰ ਦੀ ਨੋਟੀਫ਼ਿਕੇਸ਼ਨ ਬਾਅਦ ਪਹਿਲੀ ਨਵੰਬਰ, 1925 ਤੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਦੀ ਪਹਿਲੀ ਮੀਟਿੰਗ ਵਿਚ ਇਕ ਮਤੇ ਰਾਹੀਂ ਇਸ ਦਾ ਨਾਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰੱਖ ਦਿਤਾ ਗਿਆ। 

SGPC SGPC

ਵਿਧਾਨ ਸਭਾ ਜਾਂ ਪਾਰਲੀਮੈਂਟ ਵਾਂਗ ਸਿੱਖ ਹਲਕਿਆਂ ਵਿਚੋਂ ਇਸ ਕਮੇਟੀ ਲਈ 170 ਮੈਂਬਰ ਚੁਣੇ ਜਾਂਦੇ ਹਨ, 15 ਕੋਆਪਟ ਕੀਤੇ ਜਾਂਦੇ ਹਨ। ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ ਵੀ ਇਸ ਦੇ ਮੈਂਬਰ ਹੁੰਦੇ ਹਨ ਪਰ ਉਨ੍ਹਾਂ ਨੂੰ ਵੋਟ ਅਧਿਕਾਰ ਪ੍ਰਾਪਤ ਨਹੀਂ। ਇਸ ਦਾ ਅਪਣਾ ਸਕੱਤਰੇਤ ਹੈ ਜੋ ਰਾਜ ਵਾਂਗ ਹੀ ਇਸ ਦਾ ਪ੍ਰਬੰਧ ਚਲਾਉਂਦਾ ਹੈ। ਕਮੇਟੀ ਦਾ ਕਾਰਜਕਾਲ 5 ਸਾਲ ਹੁੰਦਾ ਹੈ ਜਦ ਕਿ ਇਸ ਦਾ ਪ੍ਰਧਾਨ ਅਤੇ ਅੰਤ੍ਰਿਗ ਕਮੇਟੀ ਹਰ ਸਾਲ ਨਵੰਬਰ ਮਹੀਨੇ ਚੁਣੇ ਜਾਂਦੇ ਹਨ। ਉਂਜ ਇਸ ਕਮੇਟੀ ਦਾ ਗਠਨ ਸਿੱਖ ਆਗੂਆਂ ਵਲੋਂ 15 ਨਵੰਬਰ, 1920 ਤੇ ਸਿੱਖਾਂ ਦੇ ਰਾਜਨੀਤਕ ਵਿੰਗ ਅਕਾਲੀ ਦਲ ਦਾ ਗਠਨ 14 ਦਸੰਬਰ, 1920 ਨੂੰ ਕਮੇਟੀ ਦੀ ਟਾਸਕ ਫ਼ੋਰਸ ਵਜੋਂ ਗਠਿਤ ਕੀਤਾ ਗਿਆ ਸੀ।

SGPC SGPC

ਰਾਜਨੀਤਕ ਖੇਤਰ ਵਿਚ ਇਸ ਦੀ ਸਫ਼ਲਤਾ ਯਕੀਨ ਬਣਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਨੂੰ ਧਰਮ ਦੇ ਕੁੰਡੇ ਨਾਲ ਬੰਨ੍ਹ ਕੇ ਰਖਦੀ ਸੀ। ਜੋ ਧੜਾ ਇਸ ਕਮੇਟੀ ਤੇ ਕਾਬਜ਼ ਹੁੰਦਾ ਹੈ, ਉਹੀ ਅਕਾਲੀ ਦਲ ਦੀ ਪ੍ਰਧਾਨਗੀ ਤਹਿ ਕਰਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਉਹ ਪਵਿੱਤਰ ਤੇ ਮਜ਼ਬੂਤ ਟਕਸਾਲ ਸੀ ਜਿਸ ਵਿਚੋਂ ਸਿੱਖ ਧਾਰਮਕ ਤੇ ਰਾਜਨੀਤਕ ਆਗੂ ਧਰਮ, ਇਖ਼ਲਾਕ, ਮਰਿਯਾਦਾ, ਸਿਧਾਂਤ ਦੀ ਭੱਠੀ ਵਿਚ ਤਪ ਕੇ ਫ਼ੌਲਾਦ ਬਣ ਕੇ ਉਭਰਦੇ ਸਨ। ਮਕਸਦ ‘ਹਲੇਮੀ ਰਾਜ’ ਵਾਂਗ ਉੱਤਮ, ਸਵੱਛ, ਜਵਾਬਦੇਹ, ਸਰਬ ਸ਼ਮੂਲੀਅਤ ਪ੍ਰਸ਼ਾਸਨ ਰਾਹੀਂ ‘ਬੇਗ਼ਮਪੁਰਾ ਸ਼ਹਿਰ’ ਨਿਜ਼ਾਮ ਸਥਾਪਤ ਕਰਨਾ ਸੀ, ਜੋ ਪੂਰੇ ਭਾਰਤ ਹੀ ਨਹੀਂ ਬਲਕਿ ਪੂਰੇ ਗਲੋਬ ਅੰਦਰ ਇਕ ਮਰਿਯਾਦਾ ਪਰਿਪੂਰਨ ਰਾਹ ਦਸੇਰਾ ਬਣੇ। ਕਾਸ਼! ਇੰਜ ਹੋ ਸਕਦਾ। 

SIKHSIKH

ਲੇਕਿਨ ਸਮਾਂ ਪਾ ਕੇ ਇਹ ਸੰਸਥਾ ਅਪਣੀ ਟਾਸਕ  ਫ਼ੋਰਸ ਵਾਲੇ ਰਾਜਨੀਤਕ ਵਿੰਗ ਅਕਾਲੀ ਦਲ ਦੀ ਗੋਲੀ ਬਣ ਕੇ ਰਹਿ ਗਈ। ਇਸ ਦੀਆਂ ਚੋਣਾਂ 5 ਸਾਲ ਬਾਅਦ ਨਾ ਹੋਣ ਕਰ ਕੇ ਇਹ ਅਪਣਾ ਪੰਚ ਪ੍ਰਧਾਨੀ ਲੋਕਤੰਤਰੀ ਸਰੂਪ ਵੀ ਗਵਾ ਬੈਠੀ। ਇਸ ਦਾ ਪ੍ਰਧਾਨ ਅਕਾਲੀ ਦਲ ਦੇ ਤਾਕਤਵਰ ਗੁੱਟ ਤੇ ਕਾਬਜ਼ ਪ੍ਰਵਾਰ ਦੇ ਆਗੂ ਦੇ ਲਿਫ਼ਾਫ਼ੇ ਵਿਚ ਬੰਦ ਪਰਚੀ ਵਿਚੋਂ ਨਿਕਲਣਾ ਸ਼ੁਰੂ ਹੋ ਗਿਆ। ਅਜਿਹੇ ਜ਼ਮੀਰ-ਰਹਿਤ ਪਿੱਠੂ ਪ੍ਰਧਾਨ ਦੀ ਇਸ ਮਹਾਨ ਖ਼ੁਦਮੁਖ਼ਤਾਰ ਸੰਸਥਾ ਦਾ ਪ੍ਰਬੰਧ ਚਲਾਉਣ ਦੀ ਕੀ ਔਕਾਤ ਰਹਿ ਜਾਂਦੀ ਹੈ। ਉਹ ਅਕਾਲੀ ਦਲ ਦੇ ਤਾਕਤਵਰ ਗੁੱਟ ਦੇ ਆਗੂ ਦੀ ਰਬੜ ਦੀ ਮੋਹਰ ਬਣ ਕੇ ਰਹਿ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਪੰਥ ਨਹੀਂ ਅਕਾਲੀ ਦਲ ਦਾ ਪ੍ਰਧਾਨ ਹੀ ਉਮੀਦਵਾਰਾਂ ਦੀ ਚੋਣ ਕਰਦਾ ਹੈ। ਪ੍ਰਧਾਨ, ਅੰਤ੍ਰਿਗ ਕਮੇਟੀ ਮੈਂਬਰ, ਕਮੇਟੀ ਮੁੱਖ ਸਕੱਤਰ ਸਕੱਤਰੇਤ ਸਮੇਤ ਸੱਭ ਕੁੱਝ ਦਾ। 

ਗੱਲ ਕੀ ਪੂਰਨ ਪ੍ਰਬੰਧ ਉਸੇ ਦੇ ਇਸ਼ਾਰੇ ਤੇ ਚਲਦਾ ਹੈ। ਮਰਹੂਮ ਤਿੰਨ ਲੱਖੀਆ ਮੁੱਖ ਸਕੱਤਰ ਸ. ਹਰਚਰਨ ਸਿੰਘ ਅਪਣੀ ਕਿਤਾਬ ‘ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ’ ਵਿਚ ਇਸ ਦੇ ਗ਼ੈਰ-ਸਿਧਾਂਤਕ, ਗ਼ੈਰ-ਮਰਿਯਾਦਾ ਭਰੇ ਘੁਟਾਲੇ ਤੇ ਭ੍ਰਿਸ਼ਟਾਚਾਰ ਭਰਪੂਰ ਕੰਮਕਾਜ ਤੇ ਬੇਬਾਕੀ ਨਾਲ ਰੋਸ਼ਨੀ ਪਾਉਂਦਾ ਹੈ। ਇਕ ਕਰੋੜੀ ਸੀ.ਏ. ਘੋਟਾਲਾ ਸਿੱਧਾ ਅਕਾਲੀ ਦਲ ਪ੍ਰਧਾਨ ਤੇ ਉਂਗਲ ਉਠਾਉਂਦਾ ਹੈ।ਦਾਗ਼ੀ ਪ੍ਰਧਾਨ :- ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਅਦ ਇਸ ਮਹਾਨ ਸੰਸਥਾ ਦੀ ਖ਼ੁਦਮੁਖਤਾਰ ਹੋਂਦ ਦਾਗੀ ਤੇ ਪਿੱਠੂ ਰਬੜ ਦੀ ਮੋਹਰ ਵਰਗੇ ਪ੍ਰਧਾਨਾਂ ਨੇ ਮਿੱਟੀ ਵਿਚ ਮਿਲਾ ਦਿਤੀ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਕਮਜ਼ੋਰੀਆਂ ਕਰ ਕੇ ਮੌਜੂਦਾ ਪ੍ਰਧਾਨ ਨੇ ਉਸ ਦੀ ਬਾਂਹ ਮਰੋੜ ਕੇ ਅਹੁਦਾ ਹਥਿਆਇਆ ਹੈ। ਪਰ ਇਸ ਦੀਆਂ ਸ਼ਕਤੀਆਂ ਨੱਥਣ ਲਈ ਉਸ ਨੇ ਹਰਜਿੰਦਰ ਸਿੰਘ ਧਾਮੀ ਨੂੰ ਆਨਰੇਰੀ ਮੁੱਖ ਸਕੱਤਰ ਲਗਾਇਆ।. ..ਕੀ ਅਜਿਹੇ ਟਕਰਾਅ ਵਿਚ ਕਮੇਟੀ ਦਾ ਪ੍ਰਬੰਧ ਵਧੀਆ ਢੰਗ ਨਾਲ ਚਲਾਇਆ ਜਾ ਸਕੇਗਾ?

ਅਕਾਲੀ ਦਲ ਡੈਮੋਕ੍ਰੈਟਿਕ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਹੁਣੇ-ਹੁਣੇ ਇਸ ਦੀ ਸ਼ਰਮਨਾਕ ਭ੍ਰਿਸ਼ਟਾਚਾਰੀ ਬਦਇੰਤਜ਼ਾਮੀ ਤੇ ਵੱਡੇ ਦੋਸ਼ ਲਗਾਏ ਹਨ। ਸੰਨ 1971 ਵਿਚ ਗਠਤ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਤੇ ਅਜੋਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਤੇ ਭ੍ਰਿਸ਼ਟਾਚਾਰੀ ਦੇ ਕੇਸ ਦਰਜ ਹਨ ਭਾਵ ਪੂਰਾ ਆਵਾ ਹੀ ਊਤਿਆ ਹੋਇਆ ਹੈ। ਜੇ ਅੱਜ ਮਾ. ਤਾਰਾ ਸਿੰਘ, ਬਾਬਾ ਖੜਕ ਸਿੰਘ ਜਾਂ ਜਥੇਦਾਰ ਟੌਹੜਾ ਵਰਗਾ ਪ੍ਰਧਾਨ ਹੁੰਦਾ ਤਾਂ ਨਾ ਹੀ ਕਰਤਾਰਪੁਰਾ ਲਾਂਘਾ ਅਤੇ ਨਾ ਹੀ ਨਨਕਾਣਾ ਸਾਹਿਬ ਸਾਕਾ ਸ਼ਤਾਬਦੀ ਮਨਾਉਣੋਂ ਰੋਕਣ ਦੀ ਕੇਂਦਰ ਜੁਰਅਤ ਕਰਦਾ। ਬਲਾਤਕਾਰੀ ਮੈਂਬਰ : ਇਸ ਮਹਾਨ ਸੰਸਥਾ ਦੀ ਪੂਰੇ ਵਿਸ਼ਵ ਵਿਚ ਨੱਕ ਉਦੋਂ ਵੱਢੀ ਗਈ, ਜਦੋਂ ਇਸ ਦੇ ਇਕ ਉੱਘੇ ਮੈਂਬਰ ਤੇ ਸਾਬਕਾ ਮੰਤਰੀ ਦੀ ਅਸ਼ਲੀਲ ਵੀਡੀਉ ਜੱਗ ਜ਼ਾਹਰ ਹੋਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਉਸ ਨੂੰ ਪੰਥ ਵਿਚੋਂ ਛੇਕਣ ਦੇ ਬਾਵਜੂਦ ਉਸ ਦਾ ਲੜਕਾ ਜੋ ਉਸ ਨਾਲ ਰਹਿੰਦਾ ਹੈ, ਜਥੇਦਾਰ ਅਕਾਲ ਤਖ਼ਤ ਨਾਲ ਸਟੇਜਾਂ ਸਾਂਝੀਆਂ ਕਰਦਾ ਹੈ। ਉਹ ਖ਼ੁਦ ਚੋਟੀ ਦੇ ਅਕਾਲੀ ਆਗੂਆਂ ਨਾਲ ਮੀਟਿੰਗਾਂ ਕਰਦਾ ਹੈ। ਇਵੇਂ ਹੋਰ ਕਈ ਦਾਗ਼ੀ ਮੈਂਬਰ ਮੌਜੂਦ ਹਨ।

ਕਮਜ਼ੋਰ ਜਥੇਦਾਰ : ਅਜੋਕੇ ਰਾਜਨੀਤਕ ਆਕਾਵਾਂ ਦੇ ਪਿੱਠੂ ਜਥੇਦਾਰ ਇਸ ਅਹੁਦੇ ਦੀ ਚਾਂਦੀ ਵਰਗੀ ਚਮਕ ਦੇ ਥੱਲੇ ਦੱਬ ਕੇ ਸਿੱਖ ਪੰਥ ਦੇ ਪੱਲੇ ਘੋਰ ਨਿਰਾਸ਼ਾ ਪਾ ਦੇਂਦੇ ਹਨ। ਗੁਰੂ, ਗੁਰਬਾਣੀ, ਪੰਥ, ਗ੍ਰੰਥ, ਮਰਿਯਾਦਾ ਸ਼ਰੇਆਮ ਤਾਕ ਤੇ ਰੱਖ ਦਿਤੇ ਜਾਂਦੇ ਹਨ। ਬੇਅਦਬੀ : ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬਾਨ ਦੀ ਬੇਅਦਬੀ ਨਾ ਸ਼੍ਰੋਮਣੀ ਕਮੇਟੀ, ਨਾ ਅਕਾਲੀ-ਭਾਜਪਾ ਦਾ ਰਾਜ ਤੇ ਨਾ ਹੀ ਕਾਂਗਰਸ ਰਾਜ ਰੋਕ ਸਕਿਆ। ਨਾ ਹੀ ਇਹ ਇਨਸਾਫ਼ ਦੇ ਸਕੇ। ਸਮੁੱਚਾ ਪੰਥ ਅਜੋਕੇ ਸਿੱਖ ਧਾਰਮਕ ਤੇ ਰਾਜਨੀਤਕ ਆਗੂਆਂ ਤੋਂ ਨਾਰਾਜ਼ ਅਤੇ ਨਿਰਾਸ਼ ਹੈ।

ਡੇਰਾਵਾਦ : ਸਿੱਖ ਪੰਥ ਦੇ ਸਿਧਾਂਤਾਂ ਤੇ ਮਰਿਯਾਦਾਵਾਂ ਦਾ ਘਾਤੀ ਡੇਰਾਵਾਦ ਹੈ। ਹਰ ਡੇਰੇ ਦੇ ਵਖਰੇ ਸਿਧਾਂਤ, ਮਰਿਯਾਦਾਵਾਂ ਅਤੇ ਪ੍ਰੰਪਰਾਵਾਂ ਹਨ। ਪੰਥਕ ਕੈਲੰਡਰ ਜੋ ਪੁਰੇਵਾਲ ਨੇ ਸਖ਼ਤ ਮਿਹਨਤ ਨਾਲ ਤਿਆਰ ਕੀਤਾ, ਇਨ੍ਹਾਂ ਮੁੜ ਸੋਧਾਂ ਰਾਹੀਂ ਬਿਕਰਮੀ ਬਣਾ ਦਿਤਾ। 328 ਗੁਰੂ ਗ੍ਰੰਥ ਸਾਹਿਬ ਖੂਹ-ਖਾਤੇ ਪਾਉਣ ਵਿਚ ਇਹ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਬੇੜਾ ਡੋਬਣ ਵਾਲੇ ਇਹੀ ਅਜੋਕੇ ਮਹੰਤ ਹਨ। ਕੋਈ ਵਿਰਲਾ ਹੀ ਸਿੱਖ ਮਰਿਯਾਦਾਵਾਂ ਦਾ ਅਨੁਯਾਈ ਹੈ।

ਨਵਾਂ ਰੁਝਾਨ : ਕਿਸਾਨ ਅੰਦੋਲਨ ਦੇ 32 ਆਗੂਆਂ ਨੇ ਸਰਬ ਸੰਮਤੀ ਨਾਲ ਅਪਣੇ ਸਾਰੇ ਫ਼ੈਸਲੇ ਲੈ ਕੇ ਪੰਥਕ ਗੁਰਮਤਾ ਪ੍ਰੰਪਰਾ ਦਾ ਸ਼ਲਾਘਾਯੋਗ ਮੁਜ਼ਾਹਰਾ ਕੀਤਾ ਪਰ ਉਲਟ ਅੰਮ੍ਰਿਤਧਾਰੀਆਂ ਤੇ ਦੁਮਾਲਾਧਾਰੀਆਂ ਵਲੋਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਵਰਗੇ ਰੋਡੇ-ਮੋਡੇ ਪਤਿਤਾਂ ਨੂੰ ਪੰਥਕ ਆਗੂ ਵਜੋਂ ਉਭਰਨ ਦਾ ਨਵਾਂ ਰੁਝਾਨ ਅਤਿ ਪੰਥਘਾਤੀ ਹੈ ਜਿਸ ਬਾਰੇ ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਦੀ ਚੁੱਪ ਅਤਿ ਨਿਰਾਸ਼ਾਜਨਕ ਹੈ। ਇਨ੍ਹਾਂ ਨਾਲੋਂ ਤਾਂ ਸਹਿਜਧਾਰੀ ਚੰਗੇ ਹਨ ਜਿਨ੍ਹਾਂ ਨੂੰ ਪੰਥ ਨੇ ਵੋਟ ਅਧਿਕਾਰ ਤੋਂ ਵਾਂਝਿਆਂ ਕਰ ਦਿਤਾ।ਸਿੱਖ ਫ਼ਿਰਕਾਪ੍ਰਸਤ ਤੇ ਫ਼ਿਰਕਾਪ੍ਰਸਤ ਸਿੱਖ ਨਹੀਂ ਹੋ ਸਕਦਾ। ਇਹ ਤਾਂ ਸਰਬ ਸਾਂਝੀਵਾਲਤਾ, ਨਿਆਂ, ਸਮਾਜਕ ਬਰਾਬਰੀ, ਭੇਦ ਭਾਵਹੀਨਤਾ ਰਹਿਤ ਰੱਬੀ ਏਕਤਾ ਭਰੀਆਂ ਮੁਹੱਬਤਾਂ ਦਾ ਪੈਗ਼ਾਮ ਦਿੰਦਾ ਹੈ। ਇਹ ਹਮੇਸ਼ਾ ਸਦਭਾਵ ਭਰੇ ਅਮੀਰ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੰਦਾ ਹੈ। ਇਸ ਦੇ ਅਜੋਕੇ ਗਲੇ-ਸੜੇ, ਨਫ਼ਰਤੀ, ਭ੍ਰਿਸ਼ਟ, ਵਿਭਚਾਰੀ ਪ੍ਰਬੰਧ, ਮੈਂਬਰਸ਼ਿਪ ਤੇ ਲੀਡਰਸ਼ਿਪ ਤੋਂ ਸਿੱਖ ਅਜ਼ੀਮ ਧਾਰਮਕ ਸੰਸਥਾਵਾਂ ਨੂੰ ਮੁਕਤ ਕਰਵਾਉਣ ਦੀ ਲੋੜ ਹੈ। ਇਵੇਂ ਹੀ ਵਿਦੇਸ਼ਾਂ ਵਿਚ ਬੈਠੇ 60 ਲੱਖ ਸਿੱਖਾਂ ਨੂੰ ਇਨ੍ਹਾਂ ਵਿਚ ਪ੍ਰਤੀਨਿਧਤਾ ਦੇ ਕੇ ਭਾਈਵਾਲ ਬਣਾਉਣ ਦੀ ਲੋੜ ਹੈ।
ਦਰਬਾਰਾ ਸਿੰਘ ਕਾਹਲੋਂ ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ,ਸੰਪਰਕ : +1-289-829-2929

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement