
ਅਕਬਰ ਨੇ ਜਦੋਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਤਾਂ ਅਸ਼-ਅਸ਼ ਕਰ ਉਠਿਆ
ਮੁਹਾਲੀ: ਜਿਥੇ ਸਾਡਾ ਸਮਾਜ ਸਦੀਆਂ ਤੋਂ ਵਹਿਮਾਂ-ਭਰਮਾਂ, ਕਰਮ ਕਾਂਡ, ਜਾਦੂ-ਟੂਣਿਆਂ ਦੀ ਦਲਦਲ ਵਿਚ ਧਸਿਆ ਰਿਹਾ, ਉਥੇ ਹੋਰ ਵੀ ਬਹੁਤ ਸਾਰੀਆਂ ਬੁਰਾਈਆਂ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ। ਸਾਡੇ ਗੁਰੂਆਂ ਨੇ ਸਾਨੂੰ ਇਨ੍ਹਾਂ ਬੁਰਾਈਆਂ ਤੋਂ ਛੁਟਕਾਰਾ ਦਿਵਾਉਣ ਲਈ ਵੱਡਾ ਹੰਭਲਾ ਮਾਰਿਆ ਤੇ ਸਮਾਜ ਦੇ ਕਾਫ਼ੀ ਵੱਡੇ ਹਿੱਸੇ ਨੂੰ ਇਨ੍ਹਾਂ ਬੇ-ਮਤਲਬੀ ਰੀਤਾਂ ਤੋਂ ਛੁਟਕਾਰਾ ਦਿਵਾ ਦਿਤਾ। ਇਸ ਤਰ੍ਹਾਂ ਬਾਬਾ ਨਾਨਕ ਜੀ ਨੇ ਇਹ ਕਹਿ ਕੇ ਵਿਲੱਖਣਤਾ ਪ੍ਰਗਟਾਈ ਕਿ ਜਾਲਉ ਐਸੀ ਰੀਤ ਜਿਤ ਮੈ ਪਿਆਰਾ ਵੀਸਰੈ£ ਭਾਵ ਕਿ ਸਾਨੂੰ ਅਜਿਹੀ ਰੀਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਜੋ ਸਾਨੂੰ ਅਪਣੇ ਪਿਆਰੇ ਨਾਲੋਂ ਤੋੜ ਦੇਵੇ।
Guru Amardas Ji
ਪਰ ਅੱਜ ਅਸੀ ਵੇਖਦੇ ਹਾਂ ਕਿ ਅਸੀ ਉਨ੍ਹਾਂ ਬੁਰਾਈਆਂ ਨੂੰ ਹੀ ਅਪਣਾਈ ਜਾ ਰਹੇ ਹਾਂ ਜਿਨ੍ਹਾਂ ਤੋਂ ਬਾਬਾ ਜੀ ਨੇ ਵਰਜਿਆ ਸੀ। ਗੁਰੂਆਂ ਦੇ ਸਮੇਂ ਵੀ ਭਾਵੇਂ ਸਤੀ ਪ੍ਰਥਾ, ਬਾਲ ਵਿਆਹ, ਜਮਦੀਆਂ ਕੁੜੀਆਂ ਦੀ ਹਤਿਆ ਆਦਿ ਬੁਰਾਈਆਂ ਪ੍ਰਚੱਲਤ ਸਨ ਪਰ ਉਸ ਸਮੇਂ ਵੀ ਗੁਰੂ ਸਾਹਿਬਾਨ ਸਮਾਜਕ ਬੁਰਾਈਆਂ ਵਿਰੁਧ ਆਵਾਜ਼ ਉਠਾਉਂਦੇ ਰਹੇ ਹਨ। ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੀ ਨਿੰਦਾ ਕਰਦਿਆਂ ਕਿਹਾ, ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ£ ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ£ ਭਾਵ ਉਹ ਔਰਤਾਂ ਸਤੀ ਨਹੀਂ ਆਖੀਦੀਆਂ ਜੋ ਪਤੀ ਦੀ ਲੋਥ ਨਾਲ ਸੜ ਮਰਦੀਆਂ ਹਨ। ਹੇ ਨਾਨਕ! ਜੋ ਪਤੀ ਦੀ ਮੌਤ ਤੇ ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ, ਉਨ੍ਹਾਂ ਨੂੰ ਸਤੀ ਹੋ ਗਈਆਂ ਸਮਝਣਾ ਚਾਹੀਦਾ ਹੈ।
guru amar das ji
ਗੁਰੂ ਅਮਰਦਾਸ ਜੀ ਵਿਚ ਨਿਮਰਤਾ ਤੇ ਸਹਿਣਸ਼ੀਲਤਾ ਵਰਗੇ ਗੁਣ ਹੋਣ ਕਰ ਕੇ ਮੁਗ਼ਲ ਬਾਦਸ਼ਾਹ ਅਕਬਰ ਦੀ ਆਪ ਨਾਲ ਕਾਫ਼ੀ ਨੇੜਤਾ ਬਣ ਗਈ ਸੀ। ਇਕ ਵਾਰ ਅਕਬਰ ਦਿੱਲੀ ਵਿਚੋਂ ਲਾਹੌਰ ਜਾਂਦੇ ਸਮੇਂ 1569ਈ. ਵਿਚ ਗੋਇੰਦਵਾਲ ਵਿਖੇ ਆਪ ਜੀ ਨੂੰ ਮਿਲਣ ਆਇਆ। ਅਕਬਰ ਨੇ ਜਦੋਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਤਾਂ ਅਸ਼-ਅਸ਼ ਕਰ ਉਠਿਆ। ਖ਼ੁਸ਼ ਹੋ ਕੇ ਗੁਰੂ ਜੀ ਨੂੰ ਜ਼ਮੀਨ ਦੇਣੀ ਚਾਹੀ ਪਰ ਗੁਰੂ ਜੀ ਨੇ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ 'ਗੁਰੂ ਦਾ ਲੰਗਰ ਕਿਸੇ ਦੇ ਰਹਿਮੋ ਕਰਮ ਤੇ ਨਹੀਂ ਚਲਦਾ। ਇਹ ਸੰਗਤ ਦੇ ਸਹਿਯੋਗ ਨਾਲ ਹੀ ਚਲਾਇਆ ਜਾਂਦਾ ਹੈ। ਸੋ ਜੇਕਰ ਤੁਸੀ ਕੁੱਝ ਕਰਨਾ ਚਾਹੁੰਦੇ ਹੋ ਤਾਂ ਸਮਾਜ ਲਈ ਕਰੋ।' ਉਸ ਸਮੇਂ ਸਤੀ ਪ੍ਰਥਾ ਪੂਰੇ ਜ਼ੋਰਾਂ ਉਤੇ ਸੀ। ਗੁਰੂ ਜੀ ਨੇ ਅਕਬਰ ਬਾਦਸ਼ਾਹ ਨੂੰ ਇਸ ਪ੍ਰਥਾ ਨੂੰ ਬੰਦ ਕਰਨ ਲਈ ਕਿਹਾ। ਸੋ ਅਕਬਰ ਨੇ ਇਸ ਪ੍ਰਥਾ ਤੇ ਕਾਫ਼ੀ ਕਾਬੂ ਪਾ ਲਿਆ। ਇਸ ਨਾਲ ਗੁਰੂ ਜੀ ਦੀ ਪ੍ਰਤਿਭਾ ਹੋਰ ਵੱਧ ਗਈ।
Langar
ਪਰ ਅੱਜ ਜੇਕਰ ਅਸੀ ਵੇਖੀਏ ਤਾਂ ਸਾਡੇ ਧਾਰਮਕ ਆਗੂਆਂ ਤੇ ਰਾਜਨੀਤਕ ਆਗੂਆਂ ਅਤੇ ਸਰਕਾਰੇ-ਦਰਬਾਰੇ ਚੰਗੇ ਸਬੰਧ ਹਨ। ਪਰ ਇੱਛਾ ਸ਼ਕਤੀ ਦੀ ਘਾਟ ਕਰ ਕੇ ਇਹ ਧਾਰਮਕ ਆਗੂ ਗੁਰੂਆਂ ਵਾਂਗ ਸਮਾਜ ਭਲਾਈ ਦੇ ਕੰਮ ਕਰਵਾਉਣ ਤੋਂ ਅਸਮਰਥ ਹਨ। ਸਿਰਫ਼ ਅਪਣੇ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ ਉਹ ਭਾਵੇਂ ਮੇਨ ਸੜਕ ਤੋਂ ਡੇਰੇ ਤਕ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਹੀ ਹੋਵੇ। ਸੋ ਜੇਕਰ ਇਹ ਧਾਰਮਕ ਆਗੂ ਸਮਾਜ ਭਲਾਈ ਨੂੰ ਸਮਰਪਿਤ ਹੋ ਜਾਣ ਤਾਂ ਸਮਾਜ ਵਿਚੋਂ ਕਈ ਬੁਰਾਈਆਂ ਸਹਿਜੇ ਹੀ ਖ਼ਤਮ ਕੀਤੀਆਂ ਜਾ ਸਕਦੀਆਂ ਹਨ।
ਸੋ ਇਸ ਲਈ ਜ਼ਰੂਰੀ ਹੈ, ਗੁਰੂ ਅਮਰਦਾਸ ਜੀ ਵਰਗੇ ਗੁਣ ਧਾਰਨ ਕੀਤੇ ਜਾਣ। ਅੱਜ ਭਾਵੇਂ ਸਤੀ ਜਾਂ ਕੁੜੀਆਂ ਨੂੰ ਜੰਮਣ ਤੋਂ ਬਾਅਦ ਮਾਰਨ ਵਰਗੀਆਂ ਬੁਰਾਈਆਂ ਖ਼ਤਮ ਹੋ ਚੁਕੀਆਂ ਹਨ ਪਰ ਇਨ੍ਹਾਂ ਦੀ ਥਾਂ ਭਰੂਣ ਹਤਿਆ ਨੇ ਲੈ ਲਈ ਹੈ। ਆਮ ਤੌਰ ਉਤੇ ਹੀ ਸੁਣਿਆ ਜਾਂਦਾ ਹੈ ਕਿ ਬਹੁਤ ਸਾਰੇ ਡੇਰਿਆਂ ਤੇ ਪੁੱਤਰ ਪ੍ਰਾਪਤੀ ਲਈ ਫੱਲ ਮਿਲਦਾ ਹੈ। ਜਿਥੇ ਇਹੋ ਜਿਹਾ ਅੰਧ ਵਿਸ਼ਵਾਸ ਚੱਲ ਰਿਹਾ ਹੋਵੇ, ਉਥੇ ਇਨ੍ਹਾਂ ਧਾਰਮਕ ਸਾਧਾਂ ਤੋਂ ਕੋਈ ਸਮਾਜ ਭਲਾਈ ਦੀ ਆਸ ਨਹੀਂ ਰੱਖੀ ਜਾ ਸਕਦੀ।
(ਬਾਕੀ ਅਗਲੇ ਹਫ਼ਤੇ)
ਸਰਬਜੀਤ ਸਿੰਘ ਦੁੱਮਣਾ, ਸੰਪਰਕ : 94634-80917