
ਦਿਲ ਤਾਂ ਇਨਸਾਨੀ ਜਿਸਮ ਦਾ ਉਹ ਸੰਵੇਦਨਸ਼ੀਲ ਭਾਗ ਹੈ, ਜੋ ਦੁਨੀਆਂ ਦੁਆਰਾ ਨਾਜਾਇਜ਼ ਦੁਖੀ ਕੀਤੇ ਜਾਣ ਦੀ ਸੂਰਤ ਵਿਚ ਰੋਣ ਲਈ ਮਜਬੂਰ ਹੁੰਦਾ ਹੈ।
ਕਹਿੰਦੇ ਨੇ ਸੱਚ ਦੀਆਂ ਅੱਖਾਂ ਵਿਚੋਂ ਕਿਰੇ ਅੱਥਰੂ ਕਦੇ ਅੰਜਾਈਂ ਨਹੀਂ ਜਾਂਦੇ ਤੇ ਉਹ ਅਪਣਾ ਅਸਰ ਵਿਖਾ ਕੇ ਹੀ ਰਹਿੰਦੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਨਸਾਨ ਅੱਤ ਦਾ ਦੁਖੀ ਹੋਵੇ ਫਿਰ ਉਸ ਦਾ ਉਹ ਦਰਦ ਆਪ ਮੁਹਾਰੇ ਅੱਖਾਂ ਰਾਹੀਂ ਵਹਿ ਤੁਰਦਾ ਹੈ। ਇਸੇ ਲਈ ਗਾਲਿਬ ਨੇ ਕਿਹਾ ਕਿ :
ਦਿਲ ਹੀ ਤੋ ਹੈ ਨਾ ਸੰਗ-ਓ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ। ਰੋਏਂਗੇ ਹਮ ਹਜ਼ਾਰ ਵਾਰ ਕੋਈ ਹਮੇਂ ਸਤਾਏ ਕਿਉਂ।
ਉਕਤ ਕਾਵਿ ਵਿਚ ਸੰਗ ਦੇ ਅਰਥ ਪੱਥਰ ਤੇ ਖ਼ਿਸ਼ਤ ਦੇ ਅਰਥ ਇੱਟ ਤੋਂ ਹਨ ਗਾਲਿਬ ਦੇ ਕਹਿਣ ਦਾ ਭਾਵ ਕਿ ਮਨੁੱਖ ਦਾ ਦਿਲ ਕੋਈ ਇੱਟ ਜਾਂ ਪੱਥਰ ਦਾ ਨਹੀਂ ਜਿਸ ਤੇ ਕਿਸੇ ਦੀਆਂ ਵਧੀਕੀਆਂ ਦਾ ਅਸਰ ਨਾ ਹੋਵੇ। ਸਗੋਂ ਦਿਲ ਤਾਂ ਇਨਸਾਨੀ ਜਿਸਮ ਦਾ ਉਹ ਸੰਵੇਦਨਸ਼ੀਲ ਭਾਗ ਹੈ, ਜੋ ਦੁਨੀਆਂ ਦੁਆਰਾ ਨਾਜਾਇਜ਼ ਦੁਖੀ ਕੀਤੇ ਜਾਣ ਦੀ ਸੂਰਤ ਵਿਚ ਰੋਣ ਲਈ ਮਜਬੂਰ ਹੁੰਦਾ ਹੈ।
Rakesh Tikait
ਬੀਤੀ 28 ਜਨਵਰੀ ਨੂੰ ਵੀ ਕੁੱਝ ਅਜਿਹਾ ਹੀ ਹੋਇਆ ਜਦੋਂ ਰਾਤ ਨੂੰ ਉਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਜਿਵੇਂ ਹੀ ਰੋਂਦੇ ਹੋਏ ਦਾ ਇਕ ਭਾਵੁਕ ਵੀਡਿਉ ਗਾਜ਼ੀਪੁਰ ਬਾਰਡਰ ਤੋਂ ਸਾਹਮਣੇ ਆਇਆ ਤਾਂ ਉਹ ਮਿੰਟਾਂ-ਸਕਿੰਟਾਂ ਵਿਚ ਹੀ ਵਾਇਰਲ ਹੋ ਗਿਆ ਜਿਸ ਦਾ ਕਿ ਪਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਰਾਜਸਥਾਨ ਤਕ ਇਸ ਕਦਰ ਪ੍ਰਭਾਵ ਪਿਆ ਕਿ ਇਨਸਾਨੀ ਦਰਦ ਰੱਖਣ ਵਾਲੇ ਕਿਸਾਨਾਂ ਨੇ ਅਪਣੇ ਆਗੂ ਦੇ ਹੱਕ ਵਿਚ ਅੱਧੀ ਰਾਤ ਨੂੰ ਹੀ ਟਰੈਕਟਰ ਟਰਾਲੀਆਂ ਤੇ ਵਹੀਰਾਂ ਘੱਤ ਦਿੱਲੀ ਵਾਲੇ ਗਾਜ਼ੀਪੁਰ ਬਾਰਡਰ ਵਲ ਚਾਲੇ ਪਾ ਦਿਤੇ।
Red fort
ਦਰਅਸਲ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ਉਤੇ ਵਾਪਰੇ ਘਟਨਾ¬ਕ੍ਰਮ ਨੇ ਕਿਸਾਨ ਸੰਗਠਨਾਂ ਨੂੰ ਜਿਸ ਤਰ੍ਹਾਂ ਨਾਲ ਬੈਕਫੁਟ ਤੇ ਲੈ ਆਂਦਾ ਸੀ ਤੇ ਉਹ ਲਗਾਤਾਰ ਇਕ ਦਬਾਅ ਦਾ ਸਾਹਮਣਾ ਕਰ ਰਹੇ ਸਨ, ਉਸ ਨੂੰ ਗਾਜ਼ੀਪੁਰ ਦੀ ਉਕਤ ਵਾਲੀ ਵੀਡੀਉ ਨੇ ਇਕਦਮ ਪੁੱਠਾ ਮੋੜ ਪਾਉਂਦਿਆਂ ਕਿਸਾਨਾਂ ਦੇ ਡਿੱਗ ਰਹੇ ਮਨੋਬਲ ਨੂੰ ਉੱਚਾ ਚੁੱਕਣ ਵਿਚ ਜਿਵੇਂ ਸੰਜੀਵਨੀ ਬੂਟੀ ਦਾ ਕੰਮ ਕੀਤਾ।
ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ 28 ਜਨਵਰੀ ਨੂੰ ਹੀ ਐਲਾਨ ਕੀਤਾ ਕਿ ‘ਦੇਸ਼ ਦਾ ਕਿਸਾਨ ਸੀਨੇ ਉਤੇ ਗੋਲੀ ਖਾਵੇਗਾ ਪਰ ਪਿੱਛੇ ਨਹੀਂ ਹਟੇਗਾ।’ ਉਹ ਇਹ ਕਹਿਣ ਤੋਂ ਵੀ ਨਹੀਂ ਹਿਚਕਚਾਏ ਕਿ ‘ਤਿੰਨੋਂ ਖੇਤੀ ਕਾਨੂੰਨ ਜੇਕਰ ਵਾਪਸ ਨਹੀਂ ਲਏ ਗਏ, ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ ਪਰ ਧਰਨਾ ਸਥਾਨ ਖ਼ਾਲੀ ਨਹੀਂ ਕਰਨਗੇ।’ ਜਦੋਂ ਕਿ ਇਸ ਤੋਂ ਕੁੱਝ ਸਮੇਂ ਪਹਿਲਾਂ ਕੇਂਦਰੀ ਸਰਕਾਰ ਅਧੀਨ ਕੰਮ ਕਰਨ ਵਾਲੀ ਦਿੱਲੀ ਪੁਲਿਸ ਵਲੋਂ ਲਾਲ ਕਿਲ੍ਹੇ ਉਤੇ ਹੋਈ ਹਿੰਸਾ ਦੇ ਬਾਅਦ ਰਾਕੇਸ਼ ਟਿਕੈਤ ਵਿਰੁਧ ਕਈ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ ਤੇ ਦਿੱਲੀ ਪੁਲਿਸ ਨੇ ਅਪਣੇ ਨੋਟਿਸ ਵਿਚ ਉਨ੍ਹਾਂ ਤੋਂ ਇਹ ਸਵਾਲ ਪੁਛਿਆ ਕਿ ਉਨ੍ਹਾਂ ਵਿਰੁਧ ਐੱਫ਼.ਆਈ.ਆਰ ਕਿਉਂ ਨਾ ਕੀਤੀ ਜਾਵੇ?
Farmers Protest
ਉਕਤ ਦੇ ਸੰਦਰਭ ਵਿਚ ਰਾਕੇਸ਼ ਟਿਕੈਤ ਨੇ ਕਿਹਾ ਕਿ ‘ਉਹ ਜਲਦੀ ਹੀ ਸੱਭ ਸਬੂਤਾਂ ਨਾਲ ਦਿੱਲੀ ਪੁਲਿਸ ਨੂੰ ਜਵਾਬ ਦੇਣਗੇ।’ ਦਰਅਸਲ ਰਾਜੇਸ਼ ਟਿਕੈਤ ਦੇ ਇਨ੍ਹਾਂ ਤੇਵਰਾਂ ਨੇ ਲੋਕਾਂ ਨੂੰ ਮਹਿੰਦਰ ਸਿੰਘ ਟਿਕੈਤ (ਉਨ੍ਹਾਂ ਦੇ ਪਿਤਾ) ਦੀ ਯਾਦ ਦਿਵਾ ਦਿਤੀ, ਜਿਨ੍ਹਾਂ ਨੂੰ ਪਛਮੀ ਉੱਤਰ ਪ੍ਰਦੇਸ਼ ਦਾ ਇਕ ਵੱਡਾ ਇਲਾਕਾ ਅੱਜ ਵੀ ਸਨਮਾਨ ਨਾਲ ‘ਬਾਬਾ ਟਿਕੈਤ’ ਜਾਂ ‘ਮਹਾਤਮਾ ਟਿਕੈਤ’ ਕਹਿ ਕੇ ਪੁਕਾਰਦਾ ਹੈ।
Farmers Protest
ਇਥੇ ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਟਿਕੈਤ ਰਾਕੇਸ਼ ਟਿਕੈਤ ਦੇ ਪਿਤਾ ਸਨ ਤੇ ਉੱਤਰ ਪ੍ਰਦੇਸ਼ ਦੇ ਹਰਮਨ ਪਿਆਰੇ ਕਿਸਾਨ ਨੇਤਾ ਰਹੇ ਹਨ। ਉਹ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਨ ਤੇ ਤਕਰੀਬਨ 25 ਸਾਲ ਤਕ ਉਹ ਕਿਸਾਨਾਂ ਲਈ ਸੰਘਰਸ਼ ਕਰਦੇ ਰਹੇ। ਮਹਿੰਦਰ ਟਿਕੈਤ ਹੁਰਾਂ ਦੇ ਸੰਦਰਭ ਵਿਚ ਸੀਨੀਅਰ ਪੱਤਰਕਾਰ ਰਾਮਦੱਤ ਤ੍ਰਿਪਾਠੀ ਨੇ ਇਕ ਨਿਊਜ਼ ਰੀਪੋਰਟ ਵਿਚ ਕਿਹਾ ਕਿ ‘‘ਮਹਿੰਦਰ ਸਿੰਘ ਟਿਕੈਤ ਦੀ ਸੱਭ ਤੋਂ ਵੱਡੀ ਤਾਕਤ ਸੀ ਕਿ ਉਹ ਅੰਤ ਤਕ ਧਰਮ ਨਿਰਪੱਖਤਾ ਦਾ ਪਾਲਣ ਕਰਦੇ ਰਹੇ। ਉਨ੍ਹਾਂ ਦੀ ਬਿਰਾਦਰੀ (ਜਾਟ) ਦੇ ਕਿਸਾਨਾਂ ਦੇ ਇਲਾਵਾ ਖੇਤੀ ਕਰਨ ਵਾਲੇ ਮੁਸਲਮਾਨ ਵੀ ਉਨ੍ਹਾਂ ਦੀ ਇਕ ਆਵਾਜ਼ ਉਤੇ ਉੱਠ ਖੜੇ ਹੁੰਦੇ ਸਨ ਤੇ ਇਸੇ ਦੇ ਦਮ ਉਤੇ ਉਨ੍ਹਾਂ ਨੇ ਉਸ ‘ਵਿਸ਼ੇਸ਼ ਜਗ੍ਹਾ’ ਨੂੰ ਭਰਨ ਦਾ ਕੰਮ ਕੀਤਾ ਜੋ ਕਿਸਾਨ-ਮਸੀਹਾ ਕਹੇ ਜਾਣ ਵਾਲੇ ਚੌਧਰੀ ਚਰਨ ਸਿੰਘ ਦੇ ਬਾਅਦ ਖ਼ਾਲੀ ਹੋਈ ਸੀ।’’
Mahendra Singh Tikait
ਤ੍ਰਿਪਾਠੀ ਹੁਰੀਂ ਅੱਗੇ ਦਸਦੇ ਹਨ ਕਿ ‘‘ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਨੇ ਇਕ ਵਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਲਿਆ ਸੀ। ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਭੇਜੀ ਪਰ ਪੁਲਿਸ ਅਸਫ਼ਲ ਰਹੀ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ‘ਇਕ ਬਜ਼ੁਰਗ ਕਿਸਾਨ ਨੇਤਾ’ ਦੀ ਹਰਮਨ ਪਿਆਰਤਾ ਨੂੰ ਹਰ ਵਾਰ ਹੋਰ ਵਧਾਇਆ।’’
Rakesh Tikait
ਇਥੇ ਵਰਨਣਯੋਗ ਹੈ ਕਿ ਜਦੋਂ ਵੀ ਮਹਿੰਦਰ ਸਿੰਘ ਟਿਕੈਤ ਹੁਰਾਂ ਦਾ ਜ਼ਿਕਰ ਹੁੰਦਾ ਹੈ। ਤਾਂ ਉਨ੍ਹਾਂ ਨਾਲ ਜੁੜੇ 1988 ਵਿਚ ਦਿੱਲੀ ਦੇ ਬੋਟ ਕਲੱਬ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ। ਉਸ ਪ੍ਰਦਰਸ਼ਨ ਸਬੰਧੀ ਪੱਤਰਕਾਰ ਤ੍ਰਿਪਾਠੀ ਦਸਦੇ ਹਨ ਕਿ ‘‘ਇਕ ਅਨੁਮਾਨ ਮੁਤਾਬਕ ਪੰਜ ਲੱਖ ਕਿਸਾਨ ਦਿੱਲੀ ਚਲੇ ਆਏ ਸਨ। ਕੁੜਤਾ-ਧੋਤੀ ਪਹਿਨੇ ਹੋਏ ਕਿਸਾਨਾਂ ਦੀ ਇਕ ਪੂਰੀ ਫ਼ੌਜ ਬੋਟ ਕਲੱਬ ਉਤੇ ਇਕੱਠੀ ਹੋ ਗਈ ਸੀ ਜਿਨ੍ਹਾਂ ਦੀ ਅਗਵਾਈ ਕਰ ਰਹੇ ਲੋਕਾਂ ਵਿਚ ਬਾਬਾ ਟਿਕੈਤ ਇਕ ਮੁੱਖ ਚਿਹਰਾ ਸਨ।”
ਟਿਕੈਤ ਦੇ ਘਰ ਚਾਰ ਲੜਕੇ ਤੇ ਤਿੰਨ ਲੜਕੀਆਂ ਪੈਦਾ ਹੋਈਆਂ। ਇਨ੍ਹਾਂ ਵਿਚ ਨਰੇਸ਼ ਟਿਕੈਤ ਭਾਰਤੀ ਕਿਸਾਨ ਯੂਨੀਅਨ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਹਨ ਅਤੇ ਇਲਾਕੇ ਦੀ ਇਕ ਵੱਡੀ ਖਾਪ ਪੰਚਾਇਤ ‘ਬਾਲੀਆਨ ਖਾਪ’ ਦੇ ਮੁਖੀ ਵੀ ਹਨ। ਬਾਲੀਆਨ ਖਾਪ ਵਿਚ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ 80 ਤੋਂ ਜ਼ਿਆਦਾ ਪਿੰਡ ਸ਼ਾਮਲ ਹਨ। ਉਨ੍ਹਾਂ ਦੇ ਬਾਅਦ ਰਾਕੇਸ਼ ਟਿਕੈਤ ਹਨ ਜਿਨ੍ਹਾਂ ਦਾ ਜਨਮ 4 ਜੂਨ 1969 ਨੂੰ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਸਿਸੌਲੀ ਪਿੰਡ ਵਿਚ ਹੋਇਆ। ਇਹ ਟਿਕੈਤ ਪ੍ਰਵਾਰ ਦਾ ਜੱਦੀ ਪਿੰਡ ਹੈ।
Farmers
ਰਾਕੇਸ਼ ਟਿਕੈਤ ਨੇ ਐੱਮ. ਏ ਤਕ ਪੜ੍ਹਾਈ ਕੀਤੀ ਹੈ। ਉਨ੍ਹਾਂ ਕੋਲ ਵਕਾਲਤ ਦੀ ਡਿਗਰੀ ਵੀ ਦੱਸੀ ਜਾਂਦੀ ਹੈ। ਉਹ ਭਾਰਤੀ ਕਿਸਾਨ ਯੂਨੀਅਨ ਦੇ ਮੌਜੂਦਾ ਰਾਸ਼ਟਰੀ ਬੁਲਾਰੇ ਹਨ ਅਤੇ ਉਨ੍ਹਾਂ ਦੀ ਜਥੇਬੰਦੀ ਕਿਸਾਨਾਂ ਦੇ ਸੰਯੁਕਤ ਮੋਰਚੇ ਵਿਚ ਵੀ ਸ਼ਾਮਲ ਹੈ। ਟਿਕੈਤ ਭਰਾਵਾਂ ਨੇ ਲੰਘੇ ਦੋ ਦਹਾਕਿਆਂ ਵਿਚ ਅਪਣੀ ਖੇਤੀ ਦੀ ਜ਼ਮੀਨ ਤੇ ਪਛਾਣ, ਦੋਵੇਂ ਹੀ ਵਧਾ ਲਏ ਹਨ ਪਰ ਚਾਰੋਂ ਭਰਾਵਾਂ ਵਿਚ ਨਰੇਸ਼ ਤੇ ਰਾਕੇਸ਼ ਟਿਕੈਤ ਦੀ ਜਨਤਕ ਪਛਾਣ ਬਾਕੀਆਂ ਨਾਲੋਂ ਜ਼ਿਆਦਾ ਮਜ਼ਬੂਤ ਹੈ। ਟਿਕੈਤ ਪ੍ਰਵਾਰ ਮੁਤਾਬਕ ਇਹ ਦੋਵੇਂ ਹੀ ਸਰਕਾਰੀ ਨੌਕਰੀਆਂ ਲਈ ਚੁਣੇ ਗਏ ਪਰ ਦੋਵਾਂ ਨੇ ਹੀ ਖੇਤੀ ਨਾਲ ਜੁੜੇ ਰਹਿ ਕੇ ਅਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਲੈ ਜਾਣ ਦਾ ਫ਼ੈਸਲਾ ਕੀਤਾ।
Farmers Protest
ਰਾਕੇਸ਼ ਟਿਕੈਤ ਦੇ ਛੋਟੇ ਭਰਾ ਸੁਰਿੰਦਰ ਟਿਕੈਤ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਉਨ੍ਹਾਂ ਨੂੰ ਟੀਵੀ ’ਤੇ ਇਸ ਤਰ੍ਹਾਂ ਪ੍ਰੇਸ਼ਨ ਹੁੰਦਾ ਵੇਖ ਕੇ ਪ੍ਰਵਾਰ ਤੇ ਪੂਰਾ ਪਿੰਡ ਬੇਚੈਨ ਜ਼ਰੂਰ ਹੋਇਆ ਪਰ ਡਰ ਦਾ ਭਾਵ ਕਿਸੇ ਦੇ ਚਿਹਰੇ ਉਤੇ ਨਹੀਂ ਸੀ।’’ ਉਨ੍ਹਾਂ ਨੇ ਕਿਹਾ ਕਿ ‘‘ਜੋ ਸ਼ਖ਼ਸ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਵਜ੍ਹਾ ਨਾਲ 43 ਵਾਰ ਜੇਲ ਜਾ ਚੁਕਿਐ, ਉਸ ਨੂੰ 44ਵੀਂ ਵਾਰ ਜੇਲ ਜਾਂਦੇ ਵੇਖਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਪਰ ਅਸੀ ਅਜਿਹੇ ਹਾਲਾਤ ਦਾ ਸਾਹਮਣਾ ਪਹਿਲਾਂ ਕਦੇ ਨਹੀਂ ਸੀ ਕੀਤਾ।’’
Farmers Protest
ਇਸ ਤੋਂ ਪਹਿਲਾਂ ਨਰੇਸ਼ ਟਿਕੈਤ ਨੇ 28 ਜਨਵਰੀ ਨੂੰ ਸਵੇਰੇ ਕਿਹਾ ਸੀ ਕਿ ਗਾਜ਼ੀਪੁਰ ਬਾਰਡਰ ਖ਼ਾਲੀ ਕਰ ਦੇਣਾ ਚਾਹੀਦਾ ਹੈ। ਉੱਥੇ ਸਿੰਘੂ ਬਾਰਡਰ ਉਤੇ ਡਟੇ ਪੰਜਾਬ ਦੇ ਕਿਸਾਨ ਸੰਗਠਨ ਟਿਕੈਤ ਦੀਆਂ ਗਤੀਵਿਧੀਆਂ ਉਤੇ ਨਜ਼ਰ ਰੱਖੇ ਹੋਏ ਸਨ ਕਿ ਕਿਧਰੇ ਵੀ.ਐੱਮ. ਸਿੰਘ ਤੇ ਭਾਨੂ ਪ੍ਰਤਾਪ ਵਰਗੇ ਆਗੂਆਂ ਦੀ ਤਰ੍ਹਾਂ ਉਹ ਵੀ ਵੱਖ ਹੋਣ ਦਾ ਵਿਚਾਰ ਤਾਂ ਨਹੀਂ ਕਰ ਰਹੇ। ਅਜਿਹੇ ਵਿਚ ਉਨ੍ਹਾਂ ਕੋਲ ਸਮਰਥਨ ਦੀ ਅਪੀਲ ਕਰਨ ਦਾ ਹੀ ਵਿਕਲਪ ਬਚਿਆ ਸੀ। ਸੁਰਿੰਦਰ ਟਿਕੈਤ ਨੇ ਇਹ ਵੀ ਕਿਹਾ ਕਿ ਗਾਜ਼ੀਪੁਰ ਉਤੇ ਬੈਠੇ ਹਜ਼ਾਰਾਂ ਕਿਸਾਨਾਂ ਦੀ ਜ਼ਿੰਮੇਵਾਰੀ ਯੂਨੀਅਨ ਦੀ ਹੈ।
28 ਜਨਵਰੀ ਨੂੰ ਜਦੋਂ ਭਾਜਪਾ ਦੇ ਦੋ ਆਗੂ ਅਪਣੇ ਗੁੰਡਿਆਂ ਨਾਲ ਧਰਨਾ ਸਥਾਨ ਉਤੇ ਪਹੁੰਚੇ ਤਾਂ ਉਨ੍ਹਾਂ ਦਾ ਨਿਸ਼ਾਨਾ ਰਾਕੇਸ਼ ਟਿਕੈਤ ਨਹੀਂ ਸਨ ਬਲਕਿ ਉਹ ਇਸ ਇੰਤਜ਼ਾਰ ਵਿਚ ਸਨ ਕਿ ਟਿਕੈਤ ਗ੍ਰਿਫ਼ਤਾਰੀ ਦੇਣ, ਪੁਲਿਸ ਧਰਨਾ ਸਥਾਨ ਨੂੰ ਖ਼ਾਲੀ ਕਰਾਏ ਤੇ ਉਹ ਉੱਤਰ ਪ੍ਰਦੇਸ਼-ਉਤਰਾਖੰਡ ਦੀ ਸਰਹੱਦ ਉਤੇ ਸਥਿੱਤ ਤਰਾਈ ਖੇਤਰ ਤੋਂ ਆਏ ਸਾਡੇ ਸਹਿਯੋਗੀ ਸਰਦਾਰ ਕਿਸਾਨਾਂ ਅਤੇ ਉਨ੍ਹਾਂ ਨਾਲ ਆਈਆਂ ਔਰਤਾਂ ਨੂੰ ਦੇਸ਼ਧ੍ਰੋਹੀ ਦੱਸ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ। ਇਸ ਵਜ੍ਹਾ ਨਾਲ ਟਿਕੈਤ ਭਾਵੁਕ ਹੋਏ ਤੇ ਉਨ੍ਹਾਂ ਨੇ ਕਿਹਾ ਕਿ ‘ਕਿਸਾਨ ਨੂੰ ਕੁੱਟਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।’
Rakesh Tikait
ਉਧਰ ਰਾਕੇਸ਼ ਟਿਕੈਤ ਦੇ ਭਾਣਜੇ ਦੇਵਿੰਦਰ ਨੇ ਇਕ ਇੰਟਰਵਿਊ ਵਿਚ ਕਿਹਾ ‘‘ਮੈਨੂੰ ਅਪਣੇ ਮਾਮੇ ਵਿਚ ਹੁਣ ਨਾਨਾ ਜੀ ਅਰਥਾਤ ਮਹਿੰਦਰ ਸਿੰਘ ਟਿਕੈਤ ਦਾ ਅਕਸ਼ ਨਜ਼ਰ ਆਉਂਦੈ।’’ ਦੇਵਿੰਦਰ ਨੇ ਅਪਣੇ ਮਾਮੇ ਰਾਕੇਸ਼ ਦੀਆਂ ਆਦਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘‘ਉਹ ਪੂਰਨ ਰੂਪ ਨਾਲ ਸ਼ਾਕਾਹਾਰੀ ਹਨ। ਲਗਭਗ 15 ਸਾਲ ਤੋਂ ਡਿੱਬਾ ਬੰਦ ਚੀਜ਼ਾਂ ਦਾ ਸੇਵਨ ਨਹੀਂ ਕਰਦੇ। ਘਰ ਵਿਚ ਵੀ ਸੱਭ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਣ ਲਈ ਕਹਿੰਦੇ ਰਹਿੰਦੇ ਹਨ।’’ ਇਸ ਦੇ ਨਾਲ ਹੀ ‘‘ਉਹ ਕਈ ਤਰ੍ਹਾਂ ਦੇ ਵਰਤ ਰਖਦੇ ਹਨ। ਉਹ ਬਿਨਾਂ ਪਾਣੀ ਪੀਤੇ 48 ਘੰਟੇ ਤਕ ਰਹਿ ਲੈਂਦੇ ਹਨ। ਉਨ੍ਹਾਂ ਨੇ ਪ੍ਰਣ ਕੀਤਾ ਹੈ ਕਿ ਉਹ 75 ਸਾਲ ਦੀ ਉਮਰ ਤਕ ਖ਼ੂਨਦਾਨ ਕਰਦੇ ਰਹਿਣਗੇ। ਉਹ ਸਾਲ ਵਿਚ ਚਾਰ ਵਾਰ ਤਕ ਖ਼ੂਨ ਦਾਨ ਕਰ ਦਿੰਦੇ ਹਨ ਤੇ ਉਹ ਬਹੁਤ ਭਾਵੁਕ ਇਨਸਾਨ ਹਨ।’’
Rakesh Tikait
ਉਨ੍ਹਾਂ ਇਹ ਵੀ ਕਿਹਾ ਕਿ ‘ਉਨ੍ਹਾਂ (ਰਾਕੇਸ਼ ਟਿਕੈਤ) ਦੀ ਕਿਸਾਨ ਰਾਜਨੀਤੀ ਵਿਚ ਦਾਖ਼ਲੇ ਦੀ ਕਹਾਣੀ ਵੀ ਆਮ ਨਹੀਂ ਹੈ।’ ਉਨ੍ਹਾਂ ਦਸਿਆ ਕਿ ‘ਰਾਕੇਸ਼ ਟਿਕੈਤ ਸਾਲ 1985 ਵਿਚ ਦਿੱਲੀ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ। ਕੁੱਝ ਸਮੇਂ ਬਾਅਦ ਪ੍ਰਮੋਸ਼ਨ ਹੋਈ ਤੇ ਉਹ ਸਬ-ਇੰਸਪੈਕਟਰ ਬਣ ਗਏ। ਪਰ ਉਸੇ ਦੌਰ ਵਿਚ ਬਾਬਾ ਟਿਕੈਤ ਦਾ ਅੰਦੋਲਨ ਅਪਣੇ ਸਿਖਰ ਉਤੇ ਸੀ। ਉਹ ਕਿਸਾਨਾਂ ਲਈ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕਰ ਰਹੇ ਸਨ। ਸਰਕਾਰ ਉਨ੍ਹਾਂ ਤੋਂ ਪ੍ਰੇਸ਼ਾਨ ਸੀ ਕਿਉਂਕਿ ਉਨ੍ਹਾਂ ਨੂੰ ਵੱਡਾ ਜਨ ਸਮਰਥਨ ਪ੍ਰਾਪਤ ਸੀ।
Rakesh Tikait
ਉਸੇ ਸਮੇਂ ਰਾਕੇਸ਼ ਟਿਕੈਤ ਉਤੇ ਅਪਣੇ ਪਿਤਾ ਦੇ ਅੰਦੋਲਨ ਨੂੰ ਖ਼ਤਮ ਕਰਵਾਉਣ ਦਾ ਦਬਾਅ ਬਣਾਇਆ ਗਿਆ ਪਰ ਰਾਕੇਸ਼ ਟਿਕੈਤ ਨੇ ਨੌਕਰੀ ਛੱਡ ਕੇ ਪਿਤਾ ਦੇ ਅੰਦੋਲਨ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ।’’ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਜਦੋਂ ਸਿੱਖ ਭਾਈਚਾਰੇ ਨਾਲ ਸਬੰਧਤ ਕਿਸਾਨਾਂ ਦੁਆਰਾ ਰਾਕੇਸ਼ ਟਿਕੈਤ ਨੂੰ ਕਿਸਾਨੀ ਅੰਦੋਲਨ ਨੂੰ ਲੱਗੀ ਢਾਹ ਤੋਂ ਉਭਾਰਨ ਲਈ ਪਗੜੀ ਪਹਿਨਾ ਕੇ ਸਨਮਾਨਤ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਰਾਕੇਸ਼ ਟਿਕੈਤ ਨਹੀਂ, ਸਗੋਂ ਉਪਰ ਵਾਲੇ ਭਾਵ ਉਸ (ਅਕਾਲ ਪੁਰਖ) ਨੇ ਬਚਾਇਆ। ਉਨ੍ਹਾਂ ਸਾਫ਼ ਕਿਹਾ ਕਿ ਇਸ ਅੰਦੋਲਨ ਨੂੰ ਜਿਸ ਤਰ੍ਹਾਂ ਬਦਨਾਮ ਕਰਨ ਅਤੇ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਸਰਕਾਰ ਅਪਣੀਆਂ ਨੀਤੀਆਂ ਤੋਂ ਬਾਜ ਆਵੇ ਤੇ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ।
ਮਹੰਮਦ ਅੱਬਾਸ ਧਾਲੀਵਾਲ
ਸੰਪਕਰ : 98552-59650