ਜਵਾਬਦੇਹੀ ਤੋਂ ਭੱਜਣ ਦਾ ਰੁਝਾਨ, ਲੋਕਤੰਤਰ ਲਈ ਖ਼ਤਰਨਾਕ
Published : Apr 9, 2018, 11:55 am IST
Updated : Apr 9, 2018, 11:55 am IST
SHARE ARTICLE
loktantr
loktantr

ਪਿਛਲੇ ਦਿਨੀਂ ਸੰਸਦ ਦੇ ਇਜਲਾਸਾਂ ਦੌਰਾਨ ਹਾਕਮ ਧਿਰ ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਨਾ ਦੇ ਕੇ,

ਅੱਜ ਸਾਡਾ ਦੇਸ਼ ਅਬਾਦੀ ਪੱਖੋਂ ਸੰਸਾਰ ਦਾ ਸੱਭ ਤੋਂ ਵੱਡਾ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਦੇਸ਼ ਹੈ। ਜਿਥੇ ਇਹ ਖ਼ੁਸ਼ੀ ਵਾਲੀ ਗੱਲ ਹੈ ਉਥੇ ਹੀ ਸਾਨੂੰ ਇਹ ਕਹਿਣ ਵਿਚ ਵੀ ਸੰਕੋਚ ਨਹੀਂ ਕਿ ਪਿਛਲੇ ਕੁੱਝ ਸਮੇਂ ਤੋਂ ਬੇਕਾਬੂ ਹੋਏ ਫ਼ਿਰਕਾਪ੍ਰਸਤੀ ਦੇ ਜਨੂੰਨ ਨੇ ਜਿਸ ਤਰ੍ਹਾਂ ਕੋਮਾਂਤਰੀ ਪੱਧਰ ਤੇ ਸਾਡੇ ਦੇਸ਼ ਦੀ ਸਾਖ ਨੂੰ ਵੱਟਾ ਲਾਇਆ ਹੈ ਅਤੇ ਪੂਰੀ ਦੁਨੀਆਂ ਵਿਚ ਅਸੀ ਦੇਸ਼ਵਾਸੀ ਸ਼ਰਮਿੰਦਾ ਹੋਏ ਹਾਂ, ਉਸ ਦੀ ਨੇੜਲੇ ਇਤਿਹਾਸ ਵਿਚ ਉਦਾਹਰਣ ਨਹੀਂ ਮਿਲਦੀ।
ਲੋਕਤੰਤਰੀ ਪ੍ਰਣਾਲੀ ਦੀ ਇਹ ਇਕ ਖ਼ੂਬਸੂਰਤੀ ਹੀ ਕਹੀ ਜਾ ਸਕਦੀ ਹੈ ਕਿ ਅੰਤਮ ਰੂਪ ਵਿਚ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਹੁੰਦੀ ਹੈ, ਪਰ ਦੁਖਾਂਤ ਇਹ ਹੈ ਕਿ ਪਿਛਲੇ ਦਿਨੀਂ ਸੰਸਦ ਦੇ  ਇਜਲਾਸਾਂ ਦੌਰਾਨ ਹਾਕਮ ਧਿਰ ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਨਾ ਦੇ ਕੇ, ਉਸ ਦੀ ਥਾਂ ਸਦਨ ਨੂੰ ਇਤਿਹਾਸਕ ਘਟਨਾਵਾਂ ਦਾ ਫ਼ਰਜ਼ੀ ਵਖਿਆਨ ਕਰਦਿਆਂ ਭੰਬਲਭੂਸੇ ਵਿਚ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਜਿਸ ਤਰ੍ਹਾਂ ਇਕ ਮਹਿਲਾ ਮੈਂਬਰ ਦੇ ਹਾਸੇ ਦੀ, ਭਰੀ ਸੰਸਦ ਵਿਚ ਰਾਵਣ ਦੇ ਹਾਸੇ ਨਾਲ ਤੁਲਨਾ ਕਰ ਕੇ ਮਜ਼ਾਕ ਉਡਾਇਆ ਗਿਆ, ਉਸ ਦੀ ਕੋਈ ਵੀ ਸਭਿਅਕ ਸਮਾਜ ਹਰਗਿਜ਼ ਇਜਾਜ਼ਤ ਨਹੀਂ ਦਿੰਦਾ। ਇਹ ਸੱਭ ਕਿਸੇ ਵਿਅਕਤੀ ਵਿਸ਼ੇਸ਼ ਦਾ ਮਜ਼ਾਕ ਨਹੀਂ ਸਗੋਂ ਸਮੁੱਚੀ ਜਮਹੂਰੀਅਤ ਦਾ ਮਜ਼ਾਕ ਹੈ। 
ਉਕਤ ਘਟਨਾਵਾਂ ਤੇ ਜਿਥੇ ਸਿਆਸੀ ਮਾਹਰਾਂ ਨੇ ਚਿੰਤਾ ਪ੍ਰਗਟਾਈ ਹੈ, ਉਥੇ ਹੀ ਦੇਸ਼ ਦੀ ਜਨਤਾ ਨੂੰ ਵੀ ਡਾਢੇ ਦੁੱਖ ਅਤੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਜਨਤਾ ਤਾਂ ਅਪਣੇ ਨੁਮਾਇੰਦਿਆਂ ਨੂੰ ਇਹ ਸੋਚ ਕੇ ਸੰਸਦ ਵਿਚ ਭੇਜਦੀ ਹੈ ਕਿ ਉਹ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿਚ ਪੇਸ਼ ਆਉਂਦੀਆਂ ਸਮਸਿਆਵਾਂ ਨੂੰ ਸਦਨ ਵਿਚ ਉਠਾ ਕੇ ਉਨ੍ਹਾਂ ਦਾ ਸਰਕਾਰ ਪਾਸੋਂ  ਕੋਈ  ਹੱਲ ਕਰਵਾਉਣਗੇ, ਪਰ ਜੇਕਰ ਉਨ੍ਹਾਂ ਦੇ ਚੁਣੇ ਮੈਂਬਰਾਂ ਵਲੋਂ ਜਾਂ ਵਿਰੋਧੀ ਧਿਰ ਰਾਹੀਂ ਚੁੱਕੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਹਕੂਮਤ ਦੀ ਪ੍ਰਤੀਨਿਧਤਾ ਕਰਨ ਵਾਲੇ ਹੀ ਸੰਸਦ ਨੂੰ ਭੰਬਲਭੂਸੇ 'ਚ ਪਾਉਣ ਅਤੇ ਗੁਮਰਾਹ ਕਰਨ ਵਾਲੀਆਂ ਅਜਿਹੀਆਂ ਕੋਝੀਆਂ ਅਤੇ ਹੋਛੀਆਂ ਹਰਕਤਾਂ ਤੇ ਉਤਰ ਆਉਣ ਤਾਂ ਲੋਕਤੰਤਰੀ ਪ੍ਰਣਾਲੀ ਨਾਲ ਕਿਸ ਹੱਦ ਤਕ ਖਿਲਵਾੜ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਇਕ ਸੁਲਝਿਆ ਹੋਇਆ ਦੁਖੀ ਹਿਰਦੇ ਵਾਲਾ ਨਾਗਰਿਕ ਬਾਖ਼ੂਬੀ ਲਗਾ ਸਕਦਾ ਹੈ। ਇਕ ਕਵੀ ਨੇ ਕਿੰਨੇ ਸੋਹਣੇ ਸ਼ਬਦਾਂ ਵਿਚ ਕਿਹਾ ਹੈ ਕਿ: 
ਦਰਦ-ਏ-ਦਿਲ ਦਰਦ ਆਸ਼ਨਾ ਜਾਨੇ,
ਔਰ ਬੇ-ਦਰਦ ਕੋਈ ਕਯਾ ਜਾਨੇ।
ਕਹਿਣ ਦਾ ਭਾਵ ਇਹ ਹੈ ਕਿ ਹਾਕਮ ਧਿਰ ਵਲੋਂ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਜਵਾਬ ਦੇਣ ਦੀ ਥਾਂ ਚੋਣ ਰੈਲੀਆਂ ਦੀ ਤਰਜ਼ ਤੇ ਸਿਰਫ਼ ਅਤੇ ਸਿਰਫ਼ ਦੂਸ਼ਣਬਾਜ਼ੀ ਲਾ ਕੇ ਇਕ ਵਾਰ ਫਿਰ ਤੋਂ ਅਪਣੇ ਡੰਗ ਟਪਾਊ ਰਵਈਏ ਅਤੇ ਖੋਖਲੀ ਜ਼ਹਾਨਤ ਦਾ ਮੁਜ਼ਾਹਰਾ ਕੀਤਾ ਗਿਆ, ਉਹ ਲੋਕਤੰਤਰੀ ਪ੍ਰਣਾਲੀ ਲਈ ਕੋਈ ਵਧੀਆ ਪਿਰਤ ਨਹੀਂ ਹੈ। ਪਿਛਲੇ ਦਿਨੀਂ ਸਦਨ ਵਿਚ ਵਾਪਰੀਆਂ ਉਕਤ ਘਟਨਾਵਾਂ ਨਾਲ ਜਿਥੇ ਲੋਕਤੰਤਰੀ ਪ੍ਰਣਾਲੀ ਵਿਚ ਲੋਕਾਂ ਪ੍ਰਤੀ ਜਵਾਬਦੇਹੀ ਦੇ ਮੁਢਲੇ ਅਧਿਕਾਰ ਦੀ ਉਲੰਘਣਾ ਹੋਈ ਹੈ, ਉਥੇ ਹੀ ਇਸਤਰੀ ਜਾਤੀ ਦਾ ਅਪਮਾਨ ਵੀ ਹੋਇਆ ਹੈ, ਜਿਸ ਦੇ ਚਲਦਿਆਂ ਪੂਰੀ ਦੁਨੀਆਂ ਵਿਚ ਦੇਸ਼ ਦੀ ਸਾਖ ਨੂੰ ਵੱਟਾ ਲੱਗਾ ਹੈ।
ਅੱਜਕਲ ਸੰਸਦ ਦੀਆਂ ਬੈਠਕਾਂ ਵਿਚ ਜੋ ਕੁੱਝ ਵੇਖਣ ਨੂੰ ਮਿਲ ਰਿਹਾ ਹੈ ਅਤੇ ਹਾਕਮ ਧਿਰ ਦੇ ਅਦਨੇ ਤੋਂ ਅਦਨੇ ਅਤੇ ਆਲ੍ਹਾ ਤੋਂ ਆਲ੍ਹਾ ਰਹਿਨੁਮਾਵਾਂ ਵਲੋਂ ਜਿਸ ਤਰ੍ਹਾਂ ਦੀ ਅਸਭਿਅਕ ਅਤੇ ਬਜ਼ਾਰੂ ਕਿਸਮ ਦੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਨੂੰ ਕਦਾਚਿਤ ਸਹੀ ਨਹੀਂ ਆਖਿਆ ਜਾ ਸਕਦਾ। ਅਸੀ ਭਾਵੇਂ ਕਿਸੇ ਨਾਲ ਕਿੰਨਾ ਹੀ ਵਿਰੋਧ ਕਿਉਂ ਨਾ ਰਖਦੇ ਹੋਈਏ, ਸਾਡੇ ਵਿਚਾਰਾਂ ਵਿਚਕਾਰ ਭਾਵੇਂ ਕਿੰਨੇ ਹੀ ਮਤਭੇਦ ਕਿਉਂ ਨਾ ਹੋਣ ਪਰ ਕਿਸੇ ਦੀ ਆਲੋਚਨਾ ਕਰਦੇ ਹੋਏ ਸਾਡੀ ਵਿਆਕਰਣ ਅਤੇ ਚਿਹਰੇ ਦਾ ਜੁਗਰਾਫ਼ੀਆ ਨਹੀਂ ਬਦਲਣਾ ਚਾਹੀਦਾ। ਵੈਸੇ ਇਕ ਮੁਹਾਵਰਾ ਬਹੁਤ ਮਸ਼ਹੂਰ ਹੈ ਕਿ 'ਥੋਥਾ ਚਣਾ ਬਾਜੇ ਘਣਾ'। ਇਕ ਕਵੀ ਨੇ ਵੀ ਕਿਹਾ ਹੈ ਕਿ: 
ਐਸੇ ਵੈਸੇ, ਕੈਸੇ ਕੈਸੇ, ਹੋ ਗਏ,
ਕੈਸੇ ਕੈਸੇ, ਐਸੇ ਵੈਸੇ, ਹੋ ਗਏ।
ਚਾਹੀਦਾ ਤਾਂ ਇਹ ਸੀ ਕਿ ਸੰਸਦ ਰੂਪੀ ਇਸ ਲੋਕਤੰਤਰ ਦੇ ਮੰਦਰ ਵਿਚ ਰੁਜ਼ਗਾਰ ਪ੍ਰਾਪਤੀ ਲਈ ਜੂਝ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਿਸੇ ਪਾਸੇ ਰੁਜ਼ਗਾਰ ਦੇਣ ਦੀ ਸਾਕਾਰਾਤਮਕ ਚਰਚਾ ਹੁੰਦੀ ਜਾਂ ਕਿਸਾਨਾਂ ਦੀਆਂ ਸਮਸਿਆਵਾਂ ਦੇ ਹੱਲ ਲਈ ਕੋਈ ਹਕੀਕੀ ਉਪਰਾਲਾ ਹੁੰਦਾ ਜਾਂ ਮੁਲਕ ਨੂੰ ਦਰਪੇਸ਼ ਗੁਆਂਢੀ ਦੇਸ਼ਾਂ ਨਾਲ ਗੁੰਝਲਦਾਰ ਮਸਲਿਆਂ ਦੇ ਹੱਲ ਲਈ ਕੋਈ ਠੋਸ ਗੱਲ ਹੁੰਦੀ ਜਾਂ ਦੇਸ਼ ਵਿਚ ਵੱਧ ਰਹੀਆਂ ਫ਼ਿਰਕਾਪ੍ਰਸਤੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਵਾਲੀਆਂ ਕਾਰਵਾਈਆਂ ਆਦਿ ਵਰਗੇ ਵਿਸ਼ਿਆਂ ਤੇ ਖੁਲ੍ਹੇ ਦਿਮਾਗ਼ ਨਾਲ ਗੱਲ ਹੁੰਦੀ ਤਾਂ ਦੇਸ਼ ਅੰਦਰ ਅੱਜ ਇਨਕਲਾਬੀ ਤਬਦੀਲੀਆਂ ਵੇਖਣ ਨੂੰ ਮਿਲਦੀਆਂ। ਪਰ ਉਕਤ ਮੁੱਦਿਆਂ ਤੇ ਵਾਰਤਾਲਾਪ ਜਾਂ ਬਹਿਸ ਦਾ ਨਾ ਹੋਣਾ ਸਾਡੀ ਲੋਕਤੰਤਰੀ ਵਿਵਸਥਾ ਨੂੰ ਲਗਾਤਾਰ ਅਸਮਰੱਥ ਅਤੇ ਕਮਜ਼ੋਰ ਕਰਦਾ ਪ੍ਰਤੀਤ ਹੋ ਰਿਹਾ ਹੈ।
ਜੇਕਰ ਗੰਭੀਰਤਾ ਨਾਲ ਵਾਚੀਏ ਤਾਂ ਪਿਛਲੇ ਕੁੱਝ ਸਾਲਾਂ ਤੋਂ ਸੰਸਦ ਦੀਆਂ ਕਦਰਾਂ-ਕੀਮਤਾਂ, ਮਰਿਆਦਾਵਾਂ ਅਤੇ ਪ੍ਰੰਪਰਾਵਾਂ ਦੀਆਂ, ਜਿਸ ਤਰ੍ਹਾਂ ਨਾਲ ਸ਼ਰੇਆਮ ਧੱਜੀਆਂ ਉਡ ਰਹੀਆਂ ਹਨ, ਦੋਹਾਂ ਸਦਨਾਂ ਵਿਚ ਲੋਕਹਿਤ ਮੁਦਿਆਂ ਤੇ ਸੁਚਾਰੂ ਬਹਿਸ ਦੀ ਥਾਂ ਆਲੋਚਨਾ ਦੀ ਨੀਤੀ ਅਤੇ ਲਗਾਤਾਰ ਅਮਲ-ਦਰ-ਅਮਲ ਹੋ ਰਿਹਾ ਹੈ, ਉਸ ਨਾਲ ਜਿਥੇ ਦੇਸ਼ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉਥੇ ਹੀ ਲੋਕਾਂ ਵਲੋਂ ਟੈਕਸਾਂ ਦੇ ਰੂਪ ਵਿਚ ਦਿਤੀ ਖ਼ੂਨ-ਪਸੀਨੇ ਦੀ ਕਮਾਈ ਵੀ ਅਜਾਈਂ ਜਾ ਰਹੀ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਕੁੱਝ ਕੁ ਸਾਲ  ਪਹਿਲਾਂ ਜਿਨ੍ਹਾਂ ਢੇਰ ਚਾਵਾਂ ਅਤੇ ਉਮੀਦਾਂ ਨਾਲ ਲੋਕਾਂ ਨੇ ਨਵੇਂ ਹਾਕਮਾਂ ਦੇ ਹੱਥ ਵਿਚ ਦੇਸ਼ ਦੀ ਵਾਗਡੋਰ ਸੌਂਪੀ ਸੀ, ਅੱਜ ਉਹੀ ਲੋਕ ਅਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ ਅਤੇ ਇਸ ਸਮੇਂ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਅਤੇ ਸੱਧਰਾਂ ਇਕ ਇਕ ਕਰ ਕੇ ਢਹਿ-ਢੇਰੀ ਹੋ ਰਹੀਆਂ ਹਨ ਕਿਉਂਕਿ ਹਾਕਮ ਧਿਰ ਵਲੋਂ ਚੋਣ ਰੈਲੀਆਂ ਦੌਰਾਨ ਜੋ ਦੇਸ਼ ਦੀ ਅਵਾਮ ਨਾਲ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਇਕ ਵੀ ਵਾਅਦਾ ਸ਼ਾਇਦ ਹਾਲੇ ਤਕ ਵਫ਼ਾ ਨਹੀਂ ਹੋ ਸਕਿਆ ਹੈ। ਉਰਦੂ ਦੇ ਇਕ ਸ਼ਾਇਰ ਰਮਜ਼ਾਨ ਸਈਦ ਨੇ ਕਿੰਨੇ ਢੁਕਵੇਂ ਸ਼ਬਦਾਂ ਵਿਚ ਕਿਹਾ ਹੈ ਕਿ:
ਉਸ ਕੇ ਵਾਅਦੇ ਲਾਲ ਕਿਲ੍ਹੇ ਕੀ ਦੀਵਾਰੋਂ ਸੇ ਊਂਚੇ ਥੇ,
ਅਬ ਪੂਛੋ ਤੋ ਆਂਏਂ, ਬਾਂਏਂ, ਸ਼ਾਂਏਂ ਕਰਨੇ ਲਗਤਾ ਹੈ।
ਜ਼ਿਆਦਾ ਕੁੱਝ ਨਾ ਕਹਿੰਦਾ ਹੋਇਆ ਇਹੋ  ਕਹਾਂਗਾ ਕਿ ਸਾਨੂੰ ਕਿਸੇ ਵੀ ਭੁਲੇਖੇ ਅਤੇ ਘੁਮੰਡ ਵਿਚ ਨਹੀਂ ਰਹਿਣਾ ਚਾਹੀਦਾ। ਕੋਈ ਵੀ ਜਿੱਤ ਹਮੇਸ਼ਾ ਲਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਹਾਰ ਸਦੀਵੀਂ ਹੋਇਆ ਕਰਦੀ ਹੈ। ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਲੋਕਤੰਤਰ ਵਿਚ ਅਸਲ ਤਾਕਤ ਲੋਕਾਂ ਪਾਸ ਹੁੰਦੀ ਹੈ, ਲੋਕ ਜਿਸ ਨੂੰ ਚਾਹੁਣ ਰਾਜਾ ਬਣਾ ਦੇਣ ਅਤੇ ਜਿਸ ਨੂੰ ਚਾਹੁਣ ਅਰਸ਼ੋਂ ਲਾਹ ਕੇ ਫ਼ਰਸ਼ ਤੇ ਲੈ ਆਉਣ।
ਅੱਜ ਜੋ ਅਸੀ ਬੀਜ ਰਹੇ ਹਾਂ, ਕਲ ਸਾਨੂੰ ਉਹੋ ਵਢਣਾ ਪੈਣਾ ਹੈ। ਜੇਕਰ ਅਸੀ ਨਫ਼ਰਤ ਦਾ ਬੀਜ ਬੀਜ ਕੇ  ਕਲ ਨੂੰ ਪਿਆਰ-ਮੁਹੱਬਤ ਦੀ ਫ਼ਸਲ ਵੱਢਣ ਦੀ ਇੱਛਾ ਰਖੀਏ ਤਾਂ ਇਹ ਸਾਡੀ ਮੂਰਖਤਾ ਹੀ ਸਮਝੀ ਜਾਵੇਗੀ। ਇਹ ਵੀ ਇਕ ਯਥਾਰਤ ਹੈ ਕਿ ਬਾਰੂਦ ਦਾ ਵਪਾਰ ਕਰਨ ਵਾਲੇ ਅਕਸਰ ਅਪਣਾ ਘਰਬਾਰ ਤਾਂ ਸਾੜ ਹੀ ਬਹਿੰਦੇ ਹਨ, ਨਾਲ ਹੀ ਕਈ ਵਾਰ ਉਸ ਦੀ ਲਪੇਟ ਵਿਚ ਆ ਕੇ ਖ਼ੁਦ ਵੀ ਛਲਣੀ ਹੋ ਬਹਿੰਦੇ ਹਨ। ਅੰਤ ਵਿਚ ਇਸ ਸ਼ੇਅਰ ਨਾਲ ਅਪਣੀ ਇਸ ਵਾਰਤਾ ਦੀ ਸਮਾਪਤੀ ਕਰਾਂਗਾ:
ਬੱਕ ਗਿਆ ਹੂੰ, ਜਨੂੰ ਮੇਂ ਕਯਾ ਕਯਾ ਕੁਛ,
ਕੁਛ ਨਾ ਸਮਝੇ, ਖ਼ੁਦਾ ਕਰੇ ਕੋਈ।
ਮੁਹੰਮਦ ਅੱਬਾਸ ਧਾਲੀਵਾਲ, ਸੰਪਰਕ : 98552-59650

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement