
ਗੋਡੇ ਹੱਥ ਲਾਉਣ ਤੋਂ ਭਾਵ ਉਸ ਸ਼ਖ਼ਸੀਅਤ ਦਾ ਮਾਣ ਅਤੇ ਸਤਿਕਾਰ ਕਰਨਾ ਹੈ, ਜਿਸ ਸ਼ਖ਼ਸੀਅਤ ਨਾਲ ਤੁਸੀ ਹੱਥ ਮਿਲਾਉਣਾ ਠੀਕ ਨਹੀਂ ਸਮਝਦੇ, ਖ਼ਾਸ ਕਰ ਕੇ ਉਹ ਸ਼ਖ਼ਸੀਅਤ ਜਿਸ ....
ਗੋਡੇ ਹੱਥ ਲਾਉਣ ਤੋਂ ਭਾਵ ਉਸ ਸ਼ਖ਼ਸੀਅਤ ਦਾ ਮਾਣ ਅਤੇ ਸਤਿਕਾਰ ਕਰਨਾ ਹੈ, ਜਿਸ ਸ਼ਖ਼ਸੀਅਤ ਨਾਲ ਤੁਸੀ ਹੱਥ ਮਿਲਾਉਣਾ ਠੀਕ ਨਹੀਂ ਸਮਝਦੇ, ਖ਼ਾਸ ਕਰ ਕੇ ਉਹ ਸ਼ਖ਼ਸੀਅਤ ਜਿਸ ਨੂੰ ਤੁਸੀ ਉਮਰ ਅਤੇ ਕਿਰਦਾਰ ਵਿਚ ਅਪਣੇ ਤੋਂ ਉੱਚੀ ਮਹਿਸੂਸ ਕਰਦੇ ਹੋ। ਆਮ ਤੌਰ ਤੇ ਅਸੀਂ ਵੱਡੀ ਉਮਰ ਦੇ ਚੰਗੇ ਵਿਅਕਤੀਆਂ ਦੇ ਗੋਡੇ ਹੱਥ ਲਾ ਦਿੰਦੇ ਹਾਂ। ਮੁੱਢ ਵਿਚ ਮੈਂ ਕਿਸੇ ਦੇ ਗੋਡਿਆਂ ਨੂੰ ਹੱਥ ਲਾਉਣਾ ਠੀਕ ਨਹੀਂ ਸੀ ਸਮਝਦਾ। ਸੁਣਿਆ ਸੀ ਕਿ ਇਹ ਤਾਂ ਇਕ ਚਾਪਲੂਸੀ ਹੈ। ਕਈ ਵਿਅਕਤੀ ਗੋਡਿਆਂ ਨੂੰ ਹੱਥ ਲਾ ਕੇ ਧੋਖਾ ਵੀ ਦੇ ਜਾਂਦੇ ਹਨ। ਪਰ ਜੇਕਰ ਦਿਲੋਂ ਸਾਫ਼ ਹੋ ਕੇ ਕਿਸੇ ਵੱਡੇ ਦਾ ਸਤਿਕਾਰ ਕਰਨਾ ਹੈ ਤਾਂ ਠੀਕ ਹੀ ਹੈ।ਮੈਂ 1961 ਵਿਚ ਬੀ.ਏ. ਕੀਤੀ। ਕੋਆਪ੍ਰੇਟਿਵ ਦੇ ਆਡਿਟ ਵਿਭਾਗ ਵਿਚ ਸੀਨੀਅਰ ਸਹਾਇਕ ਚੁਣਿਆ ਗਿਆ। ਪਰ ਮੈਂ ਮਹਿਸੂਸ ਕੀਤਾ ਕਿ ਮੈਂ ਇਹ ਕੰਮ ਨਹੀਂ ਕਰ ਸਕਾਂਗਾ ਤੇ ਹਾਜ਼ਰ ਨਾ ਹੋਇਆ। ਮੇਰੇ ਤੋਂ ਪਿੰਡ ਵਿਚ ਹਵਾਈ ਫ਼ਾਇਰ ਹੋ ਗਿਆ। ਦਸੰਬਰ 1963 ਦੇ ਅਖ਼ੀਰ ਵਿਚ ਗਿਆਨੀ ਕਰਤਾਰ ਸਿੰਘ ਜੀ ਸਾਡੇ ਘਰ ਆ ਗਏ। ਉਨ੍ਹਾਂ ਦਾ ਮੇਰੇ ਚਾਚਾ ਜੀ ਸ਼ੇਰ ਸਿੰਘ ਨਾਲ ਉਨ੍ਹਾਂ ਦੇ ਆਖ਼ਰੀ ਸਾਲਾਂ ਵਿਚ ਬਹੁਤ ਜ਼ਿਆਦਾ ਸਨੇਹ ਰਿਹਾ। ਮੇਰੀ ਛੋਟੀ ਮਾਂ ਜੀ ਨੇ ਗੁੱਸੇ ਵਿਚ ਗਿਆਨੀ ਜੀ ਨੂੰ ਕਿਹਾ, ''ਇਹ ਆਪ ਤਾਂ ਫਸੇਗਾ ਹੀ, ਸਾਨੂੰ ਵੀ ਵਖ਼ਤ ਪਾਏਗਾ, ਕ੍ਰਿਪਾ ਕਰ ਕੇ ਇਸ ਨੂੰ ਬਾਹਰ ਕੱਢ ਦਿਉ।'' ਗਿਆਨੀ ਜੀ ਦੇ ਕਹਿਣ ਅਨੁਸਾਰ ਮੈਂ 1 ਜਨਵਰੀ ਨੂੰ ਸਵੇਰੇ ਬਾਵਾ ਬਚਿੱਤਰ ਸਿੰਘ ਦੀ ਕੋਠੀ ਹਿਲੇਰੀ ਲੇਨ, ਕਰਜ਼ਨ ਰੋਡ ਤੇ ਦਿੱਲੀ ਪਹੁੰਚ ਗਿਆ। ਉਹ ਉਸ ਸਮੇਂ ਦਿੱਲੀ ਦੇ ਮੇਅਰ ਸਨ। ਮੈਂ ਗਿਆਨੀ ਜੀ ਦੇ ਜਾਅਲੀ ਜਿਹੇ ਗੋਡੀਂ ਹੱਥ ਲਾਏ। ਮੇਰਾ ਇਕ ਦੋਸਤ ਤਾਰਾ ਸਿੰਘ ਪੀ.ਟੀ.ਆਈ. ਦਿੱਲੀ ਵਿਚ ਲਗਿਆ ਹੋਇਆ ਸੀ। ਮੈਂ ਉਸ ਕੋਲ ਹੀ ਰਿਹਾ। ਜਨਵਰੀ ਦਾ ਮਹੀਨਾ ਮੈਂ ਗਿਆਨੀ ਜੀ ਨਾਲ ਦਿਨੇ ਹੁੰਦਾ ਸੀ ਤੇ ਰਾਤ ਨੂੰ ਉਸ ਕੋਲ ਸੌਂਦਾ ਸੀ। ਦਿਨ ਦੀ ਰੋਟੀ ਮੇਰੀ ਗਿਆਨੀ ਜੀ ਕੋਲ ਹੀ ਸੀ। ਮੈਂ ਨੈਸ਼ਨਲ ਡਿਸਪਲਿਨ ਸਕੀਮ ਵਿਚ ਦਰਖ਼ਾਸਤ ਦਿਤੀ ਹੋਈ ਸੀ। ਇਹ ਸਕੀਮ ਜਨਰਲ ਭੋਸਲੇ ਨੇ ਸ਼ੁਰੂ ਕੀਤੀ ਸੀ, ਪਰ ਉਸ ਸਮੇਂ ਡਾਇਰੈਕਟਰ ਜਨਰਲ ਮੇਜਰ ਜਨਰਲ ਕੁਲਦੀਪ ਸਿੰਘ ਪਠਾਣੀਆ ਸਨ। ਅਸੀਂ ਰਿਕਸ਼ੇ ਤੇ ਦਫ਼ਤਰ ਪਹੁੰਚੇ। ਉਨ੍ਹਾਂ ਨੇ ਚਿਟ ਤੇ ਗਿਆਨੀ ਕਰਤਾਰ ਸਿੰਘ ਐਮ.ਐਲ.ਏ. ਲਿਖਵਾਇਆ। ਮੈਂ ਸਾਬਕਾ ਮਾਲ ਮੰਤਰੀ ਲਿਖਣਾ ਚਾਹੁੰਦਾ ਸੀ। ਚਿਟ ਪਹੁੰਚਣ ਤੇ ਜਨਰਲ ਸਾਹਿਬ ਦਰਵਾਜ਼ੇ ਤੇ ਆਏ ਅਤੇ ਸਤਿਕਾਰ ਨਾਲ ਗਿਆਨੀ ਜੀ ਨੂੰ ਬਿਠਾ ਕੇ ਆਪ ਬੈਠੇ। ਗਿਆਨੀ ਜੀ ਨੇ ਮਾਸਟਰ ਜੀ ਤੇ ਚਾਚਾ ਜੀ ਦੀ ਸਾਰੀ ਕਹਾਣੀ ਸੁਣਾਈ ਅਤੇ ਕਿਹਾ, ''ਡਿਫੈਂਸ ਕਮੇਟੀ ਵਿਚ ਇਸ ਦੇ ਚਾਚਾ ਜੀ ਵੀ ਮੇਰੇ ਨਾਲ ਸਨ, ਜਦੋਂ ਤੁਸੀਂ ਭਰਤੀ ਹੋਏ।'' ਮੈਨੂੰ ਉਨ੍ਹਾਂ ਨੇ ਸੀਨੀਅਰ ਸੈਕੰਡ ਦੀ ਪੋਸਟ ਲਈ ਕਿਹਾ ਜਿਹੜੀ ਜ਼ਿਲ੍ਹੇ ਤੇ ਹੁੰਦੀ ਸੀ ਤਾਂ ਉਨ੍ਹਾਂ ਮੇਰੀ ਅਰਜ਼ੀ ਗਾਇਕਵਾੜ ਸਾਹਿਬ ਨੂੰ ਅੰਬਾਲੇ ਭੇਜ ਦਿਤੀ। ਗਿਆਨੀ ਜੀ ਨੇ ਕਾਰ ਲੈਣੀ ਸੀ, ਇਸ ਕਰ ਕੇ ਉਹ ਪੈਸੇ ਇਕੱਠੇ ਕਰਨ ਲੱਗ ਗਏ। ਦਿੱਲੀ ਤੋਂ ਕੁੱਝ ਪੈਸੇ ਮਿਲੇ, ਫਿਰ ਅਸੀਂ ਆਸਨਸੋਲ ਪੁੱਜ ਗਏ। ਸਾਡੇ ਕੋਲ 2 ਦਿਨਾਂ ਵਿਚ 1,70,000 ਤੋਂ ਵੱਧ ਪੈਸੇ ਇਕੱਠੇ ਹੋ ਗਏ। ਵਾਪਸੀ ਤੇ ਅਸੀਂ ਕਾਰ ਰਾਹੀਂ ਪੈਸੇ ਵੰਡਦੇ ਆਏ। ਮੇਰਠ ਗੁਰਦਵਾਰਾ ਸਿੰਘ ਸਭਾ ਵਿਚ ਸ਼ਾਮ ਨੂੰ ਆ ਠਹਿਰੇ। ਉਥੇ ਇਕ ਸਿੰਘ ਰਾਵਲਪਿੰਡੀ ਦੀ ਬੋਲੀ ਬੋਲਦਾ ਮਿਲਿਆ ਅਤੇ ਉਸ ਨੇ ਗਿਆਨੀ ਜੀ ਦੇ ਗੋਡਿਆਂ ਨੂੰ ਹੱਥ ਲਾਇਆ। ਇਕ ਛੋਟੇ ਜਿਹੇ ਕਮਰੇ ਵਿਚ ਗਿਆਨੀ ਜੀ ਦਾ ਬਿਸਤਰਾ ਵਿਛਾ ਦਿਤਾ ਅਤੇ ਇਕ ਬਿਸਤਰਾ ਸਿਰਹਾਣੇ ਰੱਖ ਕੇ ਕਹਿਣ ਲਗਿਆ, ''ਗਿਆਨੀ ਜੀ, ਮੈਂ ਤੇਰੀ ਸੇਵਾ ਕੀਤੀ, ਕਪੜੇ ਧੋਤੇ, ਬਾਬਾ ਖੜਕ ਸਿੰਘ ਦੀ ਸੇਵਾ ਕੀਤੀ, ਸਰਦਾਰ ਬਹਾਦਰ ਮਹਿਤਾਬ ਸਿੰਘ ਕੋਲ ਰਿਹਾ, ਗਿਆਨੀ ਸ਼ੇਰ ਸਿੰਘ ਦੇ ਤਾਂ ਮੈਂ ਕਪੜੇ ਵੀ ਧੋਂਦਾ ਸੀ। ਮੇਰੀਆਂ ਦੋ ਲੜਕੀਆਂ ਦੀ ਸ਼ਾਦੀ ਹੈ, ਮੇਰੇ ਕੋਲ ਕੁੱਝ ਨਹੀਂ।'' ਤਾਂ ਗਿਆਨੀ ਜੀ ਨੇ ਉਸ ਨੂੰ ਕਿਹਾ ਚਾਹ ਦੇ ਦੋ ਪਿਆਲੇ ਲਿਆਉ, ਇਕ ਮਿੱਠਾ ਰਹਿਤ ਹੋਵੇ।
ਮੈਨੂੰ ਕਹਿਣ ਲੱਗੇ, ''ਇਸ ਨੇ ਪੰਥਕ ਲੀਡਰਾਂ ਦੀ ਬਹੁਤ ਸੇਵਾ ਕੀਤੀ ਹੈ, ਪਰ ਇਹ ਜਿਸ ਲੀਡਰ ਕੋਲ ਹੁੰਦਾ ਸੀ, ਉਸ ਦੀਆਂ ਗੱਲਾਂ ਵਿਰੋਧੀਆਂ ਨੂੰ ਦਸ ਕੇ ਪੈਸੇ ਵੀ ਲੈਂਦਾ ਸੀ। ਪਰ ਇਸ ਦੀਆਂ ਲੜਕੀਆਂ ਦੀ ਸ਼ਾਦੀ ਹੈ। ਇਸ ਨੇ ਪੰਥਕ ਲੀਡਰਾਂ ਦੀ ਸੇਵਾ ਕੀਤੀ ਹੈ। ਦਸ ਹਜ਼ਾਰ ਦੇ ਦਿਉ।'' ਮੈਂ ਹੈਰਾਨ ਸੀ। ਉਹ ਚਾਹ ਲੈ ਕੇ ਆ ਗਿਆ ਤੇ ਫਿਰ ਗਿਆਨੀ ਜੀ ਦੀਆਂ ਲੱਤਾਂ ਘੁੱਟਣ ਲੱਗ ਗਿਆ। ਤਕਰੀਬਨ ਅੱਧੇ ਘੰਟੇ ਪਿਛੋਂ ਗਿਆਨੀ ਜੀ ਬੋਲ ਪਏ, ''ਹਰਦੇਵ ਇਸ ਨੂੰ ਪੈਸੇ ਦੇ ਹੀ ਦਿਉ।'' ਮੈਂ ਦਸ ਹਜ਼ਾਰ ਦੇ ਦਿਤਾ। ਰਾਤ ਨੂੰ ਮੈਂ ਘੱਟ ਸੋਚਦਾ ਹਾਂ। ਉਸ ਰਾਤ ਮੈਂ ਗਿਆਨੀ ਜੀ ਦੀ ਸ਼ਖ਼ਸੀਅਤ ਬਾਰੇ ਸੋਚਦਾ, ਉਨ੍ਹਾਂ ਨੂੰ ਦੇਵਤਾ ਹੀ ਮੰਨ ਗਿਆ। ਮੈਂ ਅਗਲੇ ਦਿਨ ਸਵੇਰੇ ਪੂਰੇ ਸਤਿਕਾਰ ਨਾਲ ਗਿਆਨੀ ਜੀ ਦੇ ਗੋਡਿਆਂ ਦੀ ਛੋਹ ਪ੍ਰਾਪਤ ਕੀਤੀ। ਗਿਆਨੀ ਜੀ ਹੱਸ ਪਏ।ਮੈਨੂੰ 1974 ਵਿਚ ਸ੍ਰੀ ਗੁਰਬਚਨ ਜਗਤ ਐਸ.ਐਸ.ਪੀ. ਬਠਿੰਡਾ ਨੇ ਦੁਬਾਰੇ ਦਿਆਲਪੁਰੇ ਭਾਈਕੇ ਮੁੱਖ ਅਫ਼ਸਰ ਲਾ ਦਿਤਾ। ਮੇਰੇ ਤੋਂ ਪਹਿਲੇ ਮੁੱਖ ਅਫ਼ਸਰ ਨੇ ਇਕ ਮੁਸਲਮਾਨ ਦਾ ਸਸਕਾਰ ਕਰਵਾ ਦਿਤਾ ਸੀ। ਮੇਰੇ ਸਬੰਧ ਮੁੱਖ ਮੰਤਰੀ ਜੀ ਦੇ ਅਤਿ ਨਜ਼ਦੀਕੀ ਰਿਸ਼ਤੇਦਾਰ ਨਾਲ ਵਿਗੜ ਗਏ। ਮੇਰੀ ਬਦਲੀ ਹੋ ਕੇ ਫ਼ਰੀਦਕੋਟ ਆ ਗਿਆ। ਅੱਗੇ ਮੇਰੀ ਬਦਲੀ ਫਿਰ ਮੁੱਖ ਅਫ਼ਸਰ ਨਿਹਾਲ ਸਿੰਘ ਵਾਲਾ ਹੋ ਗਈ। ਮੈਨੂੰ ਫੇਰ ਸਿਆਸੀ ਲੀਡਰ ਦੀ ਨਾਰਾਜ਼ਗੀ ਮਿਲੀ। ਮੈਨੂੰ ਚਾਪਲੂਸੀ ਕਰਨੀ ਆਉਂਦੀ ਹੀ ਨਹੀਂ। ਸੱਚੀ ਗੱਲ ਕਰਨ ਤੇ ਸਿਆਸੀ ਆਦਮੀ ਨਾਰਾਜ਼ ਹੋ ਜਾਂਦੇ ਹਨ। ਸ. ਗੁਰਸ਼ਰਨ ਸਿੰਘ ਜੇਜੀ ਐਸ.ਐਸ.ਪੀ. ਅੰਮ੍ਰਿਤਸਰ ਸਨ। ਉਹ ਈਮਾਨਦਾਰ ਅਤੇ ਤਕੜੇ ਅਫ਼ਸਰ ਗਿਣੇ ਗਏ। ਸਾਰੀ ਉਮਰ ਮੇਰੇ ਤੋਂ ਖ਼ੁਸ਼ ਰਹੇ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੇਰੀ ਬਦਲੀ ਵਿਜੀਲੈਂਸ ਵਿਚ ਕਰਵਾ ਦਿਉ। ਮੈਨੂੰ ਕੁੱਝ ਘਰੇਲੂ ਕੰਮ ਵੀ ਸਨ। ਉਨ੍ਹਾਂ ਨੇ ਚਿੱਠੀ ਸ. ਬਲਜੀਤ ਸਿੰਘ ਧਾਲੀਵਾਲ ਡਾਈਰੈਕਟਰ ਵਿਜੀਲੈਂਸ ਨੂੰ ਲਿਖੀ ਤਾਂ ਮੇਰੀ ਬਦਲੀ ਵਿਜੀਲੈਂਸ 'ਚ ਹੋ ਗਈ, ਪਰ ਮੈਨੂੰ ਸ੍ਰੀ ਸੀ.ਕੇ. ਸਾਹਨੀ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਛੱਡ ਨਹੀਂ ਸੀ ਰਹੇ। ਉਨ੍ਹਾਂ ਦੇ ਹੁਕਮ ਤੋਂ ਬਿਨਾਂ ਮੈਂ ਫ਼ਰੀਦਕੋਟ ਜ਼ਿਲ੍ਹਾ ਛੱਡ ਨਹੀਂ ਸੀ ਸਕਦਾ। ਮੈਂ ਫਿਰ ਜੇਜੀ ਸਾਹਿਬ ਕੋਲ ਅੰਮ੍ਰਿਤਸਰ ਪਹੁੰਚ ਗਿਆ ਅਤੇ ਸਾਹਨੀ ਸਾਹਿਬ ਨੂੰ ਲਿਖਣ ਲਈ ਕਿਹਾ। ਅਜਿਹੇ ਅਫ਼ਸਰ ਅਜਕਲ ਘੱਟ ਹੀ ਹਨ, ਜਿਹੜੇ ਅਪਣੇ ਮਾਤਹਿਤ ਦੀ ਹਰ ਪੱਖ ਤੋਂ ਮਦਦ ਕਰਨ। ਉਨ੍ਹਾਂ ਨੇ ਮੈਨੂੰ ਰਿਲੀਵ ਕਰਨ ਲਈ ਸਾਹਨੀ ਸਾਹਿਬ ਨੂੰ ਖ਼ਾਸ ਪੱਤਰ ਲਿਖ ਦਿਤਾ। ਮੈਂ ਵਾਪਸ ਆ ਹੀ ਰਿਹਾ ਸੀ ਤਾਂ ਉਨ੍ਹਾਂ ਦੇ ਸਟੈਨੋ ਨੇ ਕਿਹਾ ਕਿ ਆਹ ਵੇਖ ਤੇਰੇ ਲਈ ਜੇਜੀ ਸਾਹਿਬ ਨੇ ਕੀ ਲਿਖਿਆ ਹੈ? ਉਹ ਖ਼ਾਸ ਪੱਤਰ ਦੀ ਆਖ਼ਰੀ ਸਤਰ ਸੀ, ''ਆਈ ਐਮ ਜਸਟ ਲਾਈਕ ਫਾਦਰਲੀ ਟੂ ਹਿਮ।'' ਅਥਵਾ ਮੈਂ ਇਸ ਦੇ ਵੱਡੇ ਭਰਾ ਵਾਂਗ ਹਾਂ। ਉਸ ਸਮੇਂ ਪਿੱਛੋਂ ਮੈਂ ਜੇਜੀ ਸਾਹਿਬ ਦੇ ਗੋਡਿਆਂ ਦੀ ਛੋਹ ਪ੍ਰਾਪਤ ਕੀਤੀ।
ਗਿਆਨੀ ਗੁਰਬਚਨ ਸਿੰਘ ਐਡਹਾਕ ਐਸ.ਪੀ. ਸੇਵਾਮੁਕਤ ਹਨ। ਉਹ ਮੇਰੇ ਨਾਲ ਮਾਤਹਿਤ ਦੇ ਤੌਰ ਤੇ 3-4 ਵਾਰੀ ਰਹੇ। ਮੈਂ ਚੰਗਾ ਦੋਸਤ ਮੰਨਦਾ ਹਾਂ। ਸਾਰੀ ਨੌਕਰੀ ਸਧਾਰਣ ਘਰ ਦਾ ਹੋਣ ਦੇ ਬਾਵਜੂਦ ਈਮਾਨਦਾਰੀ ਨਾਲ ਕੀਤੀ। ਉਨ੍ਹਾਂ ਨੇ ਇਕ ਵੱਡੇ ਇਕੱਠ ਵਿਚ ਇਕ ਉੱਚ ਹਸਤੀ ਦੇ ਗੋਡਿਆਂ ਨੂੰ ਹੱਥ ਲਾ ਦਿਤਾ, ਮੈਂ ਨਾ ਲਾਇਆ। ਹਸਤੀ ਵੱਡੀ ਸੀ। ਉਹ ਮੇਰੇ ਵਲ ਵੇਖਦੀ ਰਹੀ, ਪਰ ਮੇਰੇ ਖ਼ਿਆਲ ਅਨੁਸਾਰ ਗੁਰਬਚਨ ਸਿੰਘ ਦਾ ਕਿਰਦਾਰ ਅਤੇ ਕੰਮ ਉਸ ਹਸਤੀ ਨਾਲੋਂ ਵਧੀਆ ਸੀ। ਮੈਂ ਗੁਰਬਚਨ ਸਿੰਘ ਨੂੰ ਕਿਹਾ, ਕਿ ਉਸ ਹਸਤੀ ਤੋਂ ਤੇਰਾ ਕਿਰਦਾਰ ਕਿਤੇ ਉੱਚਾ ਹੈ, ਤੂੰ ਇਹ ਠੀਕ ਨਹੀਂ ਕੀਤਾ। ਮੈਨੂੰ ਇਕ ਵਾਰੀ ਉਸ ਉੱਚ ਹਸਤੀ ਦੇ ਗੋਡਿਆਂ ਦੀ ਛੋਹ ਪ੍ਰਾਪਤ ਕਰਨ ਲਈ ਸੁਝਾਅ ਮਿਲਿਆ ਸੀ, ਕਿ ਤੈਨੂੰ ਐਸ.ਐਸ.ਪੀ. ਲਾਇਆ ਜਾ ਸਕਦਾ ਹੈ, ਪਰ ਮੈਂ ਇਸ ਗੱਲ ਨਾਲ ਸਹਿਮਤ ਨਾ ਹੋਇਆ। ਮੈਨੂੰ ਇਸ ਕਰ ਕੇ ਹੋਰ ਵੀ ਨੁਕਸਾਨ ਹੋਇਆ, ਪਰ ਮੇਰਾ ਮਨ ਸੰਤੁਸ਼ਟ ਸੀ ਕਿ ਮੈਂ ਗ਼ਲਤੀ ਨਹੀਂ ਕੀਤੀ।ਸਾਫ਼ ਸੁੱਚੇ ਨੇਕ ਇਨਸਾਨ ਦੇ ਗੋਡਿਆਂ ਦੀ ਛੋਹ ਪ੍ਰਾਪਤ ਕਰਨਾ ਗ਼ਲਤੀ ਨਹੀਂ, ਪਰ ਅਜਕਲ ਚਾਪਲੂਸੀ ਜਾਂ ਸਮੇਂ ਅਨੁਸਾਰ ਕੰਮ ਲੈਣ ਲਈ ਗੋਡਿਆਂ ਦੀ ਛੋਹ ਇਕ ਧੋਖਾ ਹੀ ਹੈ। ਚੰਗੇ ਸਸਕਾਰਾਂ ਵਾਲੇ ਬੱਚਿਆਂ ਨੂੰ ਸਿਖਾਉਣਾ ਗ਼ਲਤੀ ਨਹੀਂ, ਚੰਗੀ ਪਰਵਿਰਤੀ ਹੈ।