ਦਸਵੰਧ  ਦੀ ਅਹਿਮੀਅਤ ਕੀ ਹੈ ਜਾਣਨਾ ਚਾਹੋਗੇ?
Published : May 9, 2018, 6:12 am IST
Updated : May 9, 2018, 6:12 am IST
SHARE ARTICLE
Rajbir singh
Rajbir singh

ਸਾਹਿਬ ਸਤਿਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਬੜਾ ਹੀ ਸਰਲ ਸਿਧਾਂਤ ਦਿਤਾ ਹੈ ....

ਸਾਹਿਬ ਸਤਿਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਬੜਾ ਹੀ ਸਰਲ ਸਿਧਾਂਤ ਦਿਤਾ ਹੈ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਬਾਬਾ ਨਾਨਕ ਜੀ ਨੇ ਕੇਵਲ ਆਖਿਆ ਹੀ ਨਹੀਂ, ਇਹ ਸੱਭ ਕੁੱਝ ਆਪ ਵੀ ਕਰ ਕੇ ਵਿਖਾਇਆ। ਹੱਥੀਂ ਕਿਰਤ ਕੀਤੀ ਅਤੇ ਉਸ ਵਿਚੋਂ ਲੋੜਵੰਦਾਂ ਨਾਲ ਰਲ ਕੇ ਛਕਿਆ। ਅਸੀ ਜਿਹੜੀ ਵੀ ਕਿਰਤ ਕਮਾਈ ਕਰਦੇ ਹਾਂ, ਉਸ ਵਿਚੋਂ ਜਿਹੜਾ ਦਸਵਾਂ ਹਿੱਸਾ ਗੁਰੂ ਨਮਿਤ ਕਢਦੇ ਹਾਂ ਉਸ ਨੂੰ ਦਸਵੰਧ ਕਹਿੰਦੇ ਹਾਂ। ਇਹ ਦਸਵੰਧ ਦੀ ਮਾਇਆ ਉਨ੍ਹਾਂ ਲੋੜਵੰਦਾਂ ਨੂੰ ਦੇਣੀ ਹੈ ਜਿਹੜੇ ਅਪਣਾ ਇਲਾਜ ਨਹੀਂ ਕਰਵਾ ਸਕਦੇ ਅਤੇ ਪੜ੍ਹਾਈ ਮਹਿੰਗੀ ਹੋਣ ਕਾਰਨ ਪੜ੍ਹ ਨਹੀਂ ਸਕਦੇ। ਕਿਸੇ ਦਾ ਰੁਜ਼ਗਾਰ ਚਲਾ ਕੇ ਉਸ ਨੂੰ ਅਪਣੇ ਪੈਰਾਂ ਉਤੇ ਖੜੇ ਕਰ ਕੇ ਉਸ ਦੇ ਚਿਹਰੇ ਤੇ ਖ਼ੁਸ਼ੀ ਲਿਆ ਕੇ ਅਪਣੀ ਹੱਕ-ਹਲਾਲ ਦੀ ਕਿਰਤ ਕਮਾਈ 'ਚੋਂ ਕਢਿਆ ਹੋਇਆ ਦਸਵੰਧ ਸਫ਼ਲਾ ਕੀਤਾ ਜਾ ਸਕਦਾ ਹੈ। ਪਰ ਬਹੁਗਿਣਤੀ ਲੋਕ ਧਾਰਮਕ ਅਸਥਾਨਾਂ ਤੇ ਪੈਸੇ ਚੜ੍ਹਾ ਕੇ ਸੋਨਾ-ਸੰਗਮਰਮਰ ਲਗਵਾ ਕੇ ਕੀਮਤੀ ਵਸਤਰ ਚੜ੍ਹਾ ਕੇ ਸੁਰਖਰੂ ਹੋ ਜਾਂਦੇ ਹਨ। ਅਕਸਰ ਹੀ ਅਸੀ ਜਦੋਂ ਧਾਰਮਕ ਅਸਥਾਨਾਂ ਵਿਖੇ ਜਾਂਦੇ ਹਾਂ ਤਾਂ ਉਥੋਂ ਦੇ ਪ੍ਰਬੰਧਕਾਂ ਨੇ ਥਾਂ ਥਾਂ ਤੇ ਜਿਹੜੀਆਂ ਗੋਲਕਾਂ ਅਤੇ ਦਾਨ ਪੇਟੀਆਂ ਰਖੀਆਂ ਹੁੰਦੀਆਂ ਹਨ, ਉਨ੍ਹਾਂ ਉਤੇ ਲਿਖਿਆ ਹੁੰਦਾ ਹੈ ਬਿਲਡਿੰਗ ਬਣਾਉਣ ਲਈ, ਸੋਨੇ ਦੀ ਸੇਵਾ ਲਈ, ਮਾਇਆ ਗੋਲਕ ਵਿਚ ਪਾਉ। ਪਰ ਕਿਸੇ ਵੀ ਧਰਮਅਸਥਾਨ 'ਚ ਇਕ ਵੀ ਗੋਲਕ ਜਾਂ ਦਾਨ ਪੇਟੀ ਇਹੋ ਜਹੀ ਨਹੀਂ ਰੱਖੀ ਹੁੰਦੀ ਜਿਸ ਉਤੇ ਇਹ ਲਿਖਿਆ ਹੋਵੇ ਕਿ ਕੋਈ ਵੀ ਗ਼ਰੀਬ, ਮਜਬੂਰ, ਬੇਸਹਾਰਾ, ਲੋੜਵੰਦ ਅਪਣਾ ਦੁੱਖ-ਦਰਦ ਦੱਸ ਕੇ ਇਸ ਗੋਲਕ ਜਾਂ ਦਾਨ ਪੇਟੀ 'ਚੋਂ ਮਾਇਆ ਲੈ ਸਕਦਾ ਹੈ। ਧਾਰਮਕ ਅਸਥਾਨਾਂ 'ਚ ਪੈਸੇ ਚੜ੍ਹਾਉਣ ਵਾਲਿਆਂ ਨੇ ਕਦੀ ਇਹ ਵਿਚਾਰ ਕੀਤੀ ਹੈ ਕਿ ਇਨ੍ਹਾਂ ਗੋਲਕਾਂ ਵਿਚੋਂ ਕਦੇ ਕਿਸੇ ਗ਼ਰੀਬ ਲੋੜਵੰਦ ਨੂੰ ਕੋਈ ਆਰਥਕ ਮਦਦ ਮਿਲੀ ਹੈ? ਦਸਵੰਧ ਦੀ ਬੜੀ ਅਹਿਮੀਅਤ ਹੈ, ਜੇ ਕੋਈ ਸਮਝੇ ਤਾਂ। ਆਉ, ਤੁਹਾਨੂੰ ਕੁੱਝ ਉਨ੍ਹਾਂ ਲੋੜਵੰਦਾਂ ਬਾਰੇ ਦਸਦਾ ਹਾਂ ਜਿਨ੍ਹਾਂ ਲਈ ਇਕ ਇਕ ਰੁਪਈਏ ਦੀ ਬੜੀ ਅਹਿਮੀਅਤ ਸੀ ਅਤੇ ਆਪ ਜੀ ਵਲੋਂ ਭੇਜੀ ਗਈ ਦਸਵੰਧ ਭੇਟਾ ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਈਆਂ। 
ਦਸਵੰਧ ਦੀ ਅਹਿਮੀਅਤ ਕੀ ਹੈ¸ਇਸ ਗ਼ਰੀਬ ਧੀ ਦੇ ਲੋੜਵੰਦ ਮਾਪਿਆਂ ਨੂੰ ਪੁੱਛ ਕੇ ਵੇਖੋ! ਮੇਰੇ ਘਰ ਦੇ ਕੋਲ ਇਕ ਗ਼ਰੀਬ ਮਜ਼ਦੂਰ ਰਹਿੰਦਾ ਹੈ। ਘਰ ਵਿਚ ਜਵਾਨ ਧੀ ਦਾ ਵਿਆਹ ਧਰਿਆ ਹੈ। ਵਿਆਹ ਭਾਵੇਂ ਸਾਦਾ ਹੀ ਕਰਨਾ ਸੀ ਪਰ ਫਿਰ ਵੀ ਜਿਹੜੇ ਚਾਰ ਜੀਅ ਘਰ ਆਉਣੇ ਸਨ, ਉਨ੍ਹਾਂ ਲਈ ਰੋਟੀ-ਪਾਣੀ ਦਾ ਪ੍ਰਬੰਧ ਤਾਂ ਕਰਨਾ ਹੀ ਸੀ। ਏਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਖਾਣ-ਪੀਣ ਵਾਲੀਆਂ ਹੀ ਵਸਤਾਂ ਸੱਭ ਤੋਂ ਜ਼ਿਆਦਾ ਮਹਿੰਗੀਆਂ ਕੀਤੀਆਂ ਹੋਈਆਂ ਹਨ। ਚਲੋ ਖ਼ੈਰ!! ਇਸ ਮਜ਼ਦੂਰ ਆਦਮੀ ਨੇ ਕਿਸੇ ਸ਼ਾਹੂਕਾਰ ਕੋਲੋਂ ਪੈਸੇ ਉਧਾਰੇ ਮੰਗੇ ਤਾਂ ਉਨ੍ਹਾਂ ਇਨਕਾਰ ਕਰ ਦਿਤਾ। ਮਾਯੂਸ ਹੋ ਕੇ ਘਰ ਵਿਚ ਬੈਠਾ ਅਪਣੀ ਘਰਵਾਲੀ ਨਾਲ ਗੱਲਾਂ ਕਰ ਰਿਹਾ ਸੀ ਕਿ ਹੁਣ ਕੀ ਹੋਏਗਾ? ਦੋ ਦਿਨ ਵਿਆਹ 'ਚ ਰਹਿ ਗਏ ਨੇ ਪੈਸਾ ਕੋਲ ਕੋਈ ਨਹੀਂ! ਫ਼ਿਕਰਾਂ ਵਿਚ ਪਏ ਉਹ ਦੋਵੇਂ ਜੀਅ ਅਪਣੇ ਗੁਆਂਢ 'ਚ ਰਹਿੰਦੀ ਔਰਤ ਨੂੰ ਕਹਿੰਦੇ, ''ਜੀਹਦੇ ਕੋਲੋਂ ਪੈਸਿਆਂ ਦਾ ਪਤਾ ਕੀਤਾ ਸੀ ਉਸ ਨੇ ਪਹਿਲਾਂ ਹਾਂ ਕੀਤੀ ਸੀ ਅਤੇ ਅੱਜ ਜਦੋਂ ਪੈਸੇ ਲੈਣ ਗਏ ਤਾਂ ਨਾਂਹ ਕਰ ਦਿਤੀ। ਹੁਣ ਕੀ ਕਰੀਏ, ਕੀਹਦੇ ਕੋਲ ਜਾਈਏ?'' ਉਹ ਔਰਤ ਉਨ੍ਹਾਂ ਦੋਹਾਂ ਜੀਆਂ ਨੂੰ ਮੇਰੇ ਕੋਲ ਲੈ ਆਈ ਅਤੇ ਸਾਰੀ ਗੱਲ ਦੱਸੀ। ਮੈਂ ਉਨ੍ਹਾਂ ਨੂੰ ਹੌਸਲਾ ਦਿਤਾ ਅਤੇ ਉਨ੍ਹਾਂ ਕੋਲੋਂ ਰਾਸ਼ਨ ਵਾਲੀ ਪਰਚੀ ਲੈ ਕੇ ਉਸ ਗ਼ਰੀਬ ਲੋੜਵੰਦ ਆਦਮੀ ਨੂੰ ਅਪਣੇ ਰਿਕਸ਼ੇ ਉਤੇ ਬਿਠਾ ਕੇ ਬਾਜ਼ਾਰ ਵਿਚ ਇਕ ਵੱਡੀ ਕਰਿਆਨੇ ਵਾਲੀ ਦੁਕਾਨ 'ਚ ਲੈ ਗਿਆ। ਉਥੋਂ ਵਿਆਹ ਦਾ ਸਾਰਾ ਰਾਸ਼ਨ ਅਪਣੇ ਰਿਕਸ਼ੇ ਉਤੇ ਲੱਦ ਕੇ ਉਨ੍ਹਾਂ ਦੇ ਘਰ ਆ ਲਾਹਿਆ। ਇਹ ਸੱਭ ਵੇਖ ਕੇ ਉਦਾਸ ਹੋਈ ਵਿਆਹ ਵਾਲੀ ਕੁੜੀ ਦੀ ਮਾਂ ਦੇ ਚਿਹਰੇ ਉਤੇ ਖ਼ੁਸ਼ੀ ਆ ਗਈ ਅਤੇ ਉਹ ਮੈਨੂੰ ਕਹਿੰਦੀ, ''ਭਰਾ ਜੀ, ਐਨ ਮੌਕੇ ਸਾਡੀ ਮਦਦ ਕਰ ਕੇ ਤੁਸੀ ਸਾਡਾ ਭਾਰ ਵੰਡਾਇਆ ਜੇ। ਰੱਬ ਤੁਹਾਨੂੰ ਸੁਖੀ ਰੱਖੇ।'' ਇਸ ਤਰ੍ਹਾਂ ਗੁਰੂ ਨਮਿਤ ਕੱਢੇ ਹੋਏ ਦਸਵੰਧ 'ਚੋਂ ਇਨ੍ਹਾਂ ਗ਼ਰੀਬ ਅਤੇ ਲੋੜਵੰਦ ਮਾਪਿਆਂ ਦੀ ਧੀ ਦੇ ਵਿਆਹ ਦਾ ਰਾਸ਼ਨ ਦੇ ਕੇ ਅਤੇ ਉਨ੍ਹਾਂ ਦੇ ਉਦਾਸ ਚਿਹਰਿਆਂ ਉਤੇ ਖ਼ੁਸ਼ੀ ਲਿਆ ਕੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦਾ ਹੋਇਆ ਅਪਣਾ ਰਿਕਸ਼ਾ ਲੈ ਕੇ ਘਰ ਆ ਗਿਆ। 
ਮੇਰੇ ਨਾਲ ਇਕ ਬਜ਼ੁਰਗ ਸਿੱਖ ਰਿਕਸ਼ਾ ਚਲਾਉਂਦਾ ਹੈ। ਜਵਾਨੀ ਵਿਚ ਹੀ ਇਸ ਬਜ਼ੁਰਗ ਦੇ ਪੁੱਤਰ ਦੀ ਮੌਤ ਹੋ ਗਈ। ਇਕ ਕੁੜੀ ਹੈ ਗੁੰਗੀ-ਬੋਲੀ। ਦੂਜੀ ਕੁੜੀ ਵਿਆਹੀ ਸੀ, ਉਹ ਵੀ ਇਕ ਮੁੰਡਾ ਅਤੇ ਤਿੰਨ ਕੁੜੀਆਂ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ। ਹੁਣ ਬਜ਼ੁਰਗ ਸਿੱਖ ਅਪਣੇ ਜਵਾਈ ਅਤੇ ਦੋਹਤੇ-ਦੋਹਤੀਆਂ ਨਾਲ ਰਹਿੰਦਾ ਹੈ। 72 ਸਾਲ ਦੀ ਉਮਰ ਵਿਚ ਬੁੱਢਾ ਬੰਦਾ ਤਿੰਨ ਤਿੰਨ ਸਵਾਰੀਆਂ ਬਿਠਾ ਕੇ ਰਿਕਸ਼ਾ ਖਿੱਚੇ, ਇਹ ਸਾਡੇ ਦੇਸ਼-ਪੰਜਾਬ ਦੀ ਸਮਾਜਕ ਸੁਰੱਖਿਆ ਉਤੇ ਵੀ ਸਵਾਲ ਹੈ। ਸਾਡੇ ਦੇਸ਼ ਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਭੱਤੇ ਲੱਖਾਂ ਵਿਚ ਅਤੇ ਗ਼ਰੀਬ-ਬਜ਼ੁਰਗਾਂ ਦੀ ਪੈਨਸ਼ਨ ਪੰਜ ਸੌ ਰੁਪਈਆ। ਚੋਣਾਂ ਵਿਚ ਲੋਕਾਂ ਵਲੋਂ ਨਕਾਰੇ ਅਤੇ ਹਾਰੇ ਹੋਏ ਵਿਧਾਇਕ ਅਤੇ ਮੰਤਰੀ ਵੀ ਸਰਕਾਰੀ ਖ਼ਜ਼ਾਨੇ 'ਚੋਂ ਲੱਖਾਂ ਰੁਪਏ ਪੈਨਸ਼ਨ ਲਈ ਜਾ ਰਹੇ ਹਨ। ਇਹ ਹੈ ਦੇਸ਼ ਅਤੇ ਸੂਬੇ ਦੀ ਸਮਾਜਕ ਸੁਰੱਖਿਆ। ਇਕ ਦਿਨ ਇਹ ਬਜ਼ੁਰਗ ਮੈਨੂੰ ਕਹਿੰਦਾ, ''ਬੇਟਾ ਰਾਜਬੀਰ, ਕਈ ਦਿਨਾਂ ਤੋਂ ਮੈਨੂੰ ਇਕ ਅੱਖ ਤੋਂ ਧੁੰਦਲਾ ਦਿਖਦੈ। ਮੇਰੀਆਂ ਅੱਖਾਂ ਚੈੱਕ ਕਰਵਾ ਦੇ। ਤੈਨੂੰ ਤਾਂ ਪਤਾ ਹੀ ਹੈ ਕਿ ਮੈਂ ਰਾਤ-ਬਰਾਤੇ ਰਿਕਸ਼ਾ ਚਲਾਉਂਦਾ ਹਾਂ, ਕਿਸੇ ਗੱਡੀ ਮੋਟਰ ਵਿਚ ਹੀ ਨਾ ਵੱਜ ਜਾਵਾਂ।''
ਮੈਂ ਉਸ ਨੂੰ ਕਿਹਾ, ''ਫ਼ਿਕਰ ਨਾ ਕਰੋ ਬਾਬਾ ਜੀ, ਆਪਾਂ ਅੱਜ ਹੀ ਅੱਖਾਂ ਚੈੱਕ ਕਰਵਾ ਲੈਂਦੇ ਹਾਂ।'' ਅਪਣੇ ਦੋਵੇਂ ਰਿਕਸ਼ੇ ਇਕ ਦੁਕਾਨ 'ਤੇ ਲਾ ਕੇ ਅੱਖਾਂ ਵਾਲੇ ਹਸਪਤਾਲ ਵਿਚ ਚਲੇ ਗਏ। ਜਦੋਂ ਵੱਡਾ ਡਾਕਟਰ ਇਸ ਬਜ਼ੁਰਗ ਦੀਆਂ ਅੱਖਾਂ ਚੈੱਕ ਕਰ ਰਿਹਾ ਸੀ ਤਾਂ ਮੈਂ ਵੀ ਕੋਲ ਹੀ ਬੈਠਾ ਸਾਂ। ਅੱਖ ਚੈੱਕ ਕਰ ਕੇ ਮੈਨੂੰ ਕਹਿੰਦੇ, ''ਇਹ ਤੁਹਾਡੇ ਫ਼ਾਦਰ ਨੇ?''
ਮੈਂ ਕਿਹਾ, ''ਡਾਕਟਰ ਸਾਬ੍ਹ, ਮੇਰਾ ਇਨ੍ਹਾਂ ਨਾਲ ਇਨਸਾਨੀਅਤ ਦਾ ਰਿਸ਼ਤੈ। ਇਨ੍ਹਾਂ ਦਾ ਜਵਾਨ ਬੇਟਾ ਪੂਰਾ ਹੋ ਗਿਐ। ਮੈਂ ਇਨ੍ਹਾਂ ਨਾਲ ਇਨ੍ਹਾਂ ਦਾ ਬੇਟਾ ਬਣ ਕੇ ਹੀ ਆਇਆ ਹਾਂ।''
ਇਹ ਸੁਣ ਕੇ ਡਾਕਟਰ ਕਹਿੰਦਾ, ''ਬੜੀ ਨੇਕੀ ਵਾਲਾ ਕੰਮ ਕਰ ਰਹੇ ਜੇ। ਸ਼ਾਬਾਸ਼!! ਇਨ੍ਹਾਂ ਦੀ ਅੱਖ ਵਿਚ ਚਿੱਟਾ ਮੋਤੀਆ ਹੈ। ਦੋ ਦਿਨਾਂ ਬਾਅਦ ਇਨ੍ਹਾਂ ਦਾ ਆਪਰੇਸ਼ਨ ਕਰ ਦਿਆਂਗੇ।'' ਦੋ ਦਿਨਾਂ ਬਾਅਦ ਉਸ ਬਜ਼ੁਰਗ ਸਿੱਖ ਨੂੰ ਅਪਣੇ ਰਿਕਸ਼ੇ ਤੇ ਬਿਠਾ ਕੇ ਹਸਪਤਾਲ ਲੈ ਗਿਆ ਤੇ ਗੁਰੂ ਦੀ ਗੋਲਕ ਵਿਚੋਂ ਦਸਵੰਧ ਭੇਟਾ ਨਾਲ ਬਜ਼ੁਰਗ ਬਾਬਾ ਜੀ ਦੀ ਅੱਖ ਦਾ ਆਪਰੇਸ਼ਨ ਕਰਵਾ ਦਿਤਾ। ਆਪਰੇਸ਼ਨ ਹੋਣ ਤੋਂ ਬਾਅਦ ਇਨ੍ਹਾਂ ਨੂੰ ਕੁੱਝ ਦਿਨ ਘਰ ਰਹਿਣਾ ਪਿਆ, ਇਸ ਲਈ ਕੁੱਝ ਪੈਸੇ ਘਰ ਦੇ ਖ਼ਰਚੇ ਲਈ ਦੇ ਦਿਤੇ। 
ਦਸਵੰਧ ਦੀ ਅਹਿਮੀਅਤ ਇਸ ਗ਼ਰੀਬ ਲੋੜਵੰਦ ਔਰਤ ਤੋਂ ਵੱਧ ਕੌਣ ਜਾਣ ਸਕਦਾ ਹੈ, ਜਿਸ ਦਾ ਆਦਮੀ ਰਿਕਸ਼ਾ ਚਲਾਉਂਦਾ ਹੈ, ਕਿਰਾਏ ਦੇ ਘਰ ਵਿਚ ਰਹਿ ਰਹੇ ਹਨ ਅਤੇ ਇਸ ਦੇ ਨਵਜਨਮੇ ਬੱਚੇ ਦੀ ਰੀੜ੍ਹ ਦੀ ਹੱਡੀ ਉਤੇ ਜ਼ਖ਼ਮ ਹੋਇਆ ਹੈ। ਇਕ ਦਿਨ ਰਾਣੀ ਕਾ ਬਾਗ਼ ਵਿਖੇ ਸਵਾਰੀ ਉਤਾਰ ਕੇ ਸ਼ਿਵਾ ਜੀ ਪਾਰਕ ਕੋਲ ਅਪਣੇ ਰਿਕਸ਼ੇ ਉਤੇ ਬੈਠਾ ਸਾਂ। ਇਕ ਜਾਣ-ਪਛਾਣ ਪੁਲਿਸ ਵਾਲੇ ਵੀਰ ਦਾ ਫ਼ੋਨ ਆਇਆ ਅਤੇ ਉਹ ਕਹਿੰਦਾ, ''ਰਾਜਬੀਰ ਜੀ, ਇਕ ਸੇਵਾ ਹੈ ਤੁਹਾਡੇ ਕਰਨ ਵਾਲੀ।'' 
ਮੈਂ ਕਿਹਾ, ''ਦੱਸੋ ਵੀਰ ਜੀ ਕੀ ਸੇਵਾ ਹੈ?'' 
ਉਹ ਕਹਿੰਦਾ, ''ਸਾਡੇ ਘਰ ਇਕ ਔਰਤ ਆਈ ਏ, ਜਿਹੜੀ ਸਾਡੀ ਗਲੀ ਵਿਚ ਹੀ ਰਹਿੰਦੀ ਹੈ। ਉਸ ਦਾ ਛੋਟਾ ਜਿਹਾ ਬੱਚਾ ਏ, ਜਿਹੜਾ ਬੜੀ ਤਕਲੀਫ਼ ਵਿਚ ਹੈ। ਇਸ ਗ਼ਰੀਬਣੀ ਦੀ ਮਦਦ ਜ਼ਰੂਰ ਕਰ।''
''ਮੇਰੀ ਗੱਲ ਕਰਵਾਉ ਇਨ੍ਹਾਂ ਨਾਲ'', ਆਖਿਆ ਤਾਂ ਉਸ ਨੇ ਫ਼ੋਨ ਔਰਤ ਨੂੰ ਫੜਾ ਦਿਤਾ ਅਤੇ ਉਹ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੀ, ''ਵੀਰ ਜੀ, ਮੇਰਾ ਬਾਈ ਦਿਨ ਦਾ ਬੱਚਾ ਏ, ਜਿਸ ਦੇ ਲੱਕ ਉਤੇ ਕਿੱਡਾ ਵੱਡਾ ਜ਼ਖ਼ਮ ਹੈ। ਬੱਚਿਆਂ ਵਾਲੇ ਕਈ ਡਾਕਟਰਾਂ ਨੂੰ ਵਿਖਾਇਐ। ਉਹ ਸਾਨੂੰ ਕਹਿੰਦੇ ਇਸ ਦੀ ਸਰਜਰੀ ਹੋਣੀ ਏ। ਬੱਚੇ ਨੂੰ ਪੀ.ਜੀ.ਆਈ. ਲੈ ਜਾਉ। ਪਰ ਸਾਡੇ ਕੋਲ ਤਾਂ ਚੰਡੀਗੜ੍ਹ ਜਾਣ ਦਾ ਕਿਰਾਇਆ ਵੀ ਨਹੀਂ, ਇਲਾਜ ਕਰਵਾਉਣਾ ਤਾਂ ਬੜੀ ਦੂਰ ਦੀ ਗੱਲ ਏ। ਬੱਚਾ ਮੇਰਾ ਰੋ-ਰੋ ਕੇ ਅੱਧਾ ਹੋਈ ਜਾ ਰਿਹੈ। ਮਿਹਰਬਾਨੀ ਕਰ ਕੇ ਕਿਸੇ ਸਰਜਰੀ ਵਾਲੇ ਡਾਕਟਰ ਕੋਲੋਂ ਮੇਰੇ ਬੱਚੇ ਦਾ ਇਲਾਜ ਕਰਵਾ ਦਵੋ। ਮੈਂ ਸਾਰੀ ਉਮਰ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੀ।''
ਉਸ ਦੁਖਿਆਰੀ ਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਮੈਂ ਉਸ ਨੂੰ ਹੌਸਲਾ ਦਿਤਾ ਅਤੇ ਕੁੱਝ ਦੇਰ ਰੁਕ ਕੇ ਦੁਬਾਰਾ ਫ਼ੋਨ ਕਰਨ ਨੂੰ ਆਖਿਆ। ਫਿਰ ਮੈਂ ਡਾਕਟਰ ਭੋਲਾ ਸਿੰਘ ਸਿੱਧੂ ਸਰਜਨ ਨੂੰ ਫ਼ੋਨ ਕੀਤਾ ਅਤੇ ਸਾਰੀ ਗੱਲ ਦੱਸੀ। ਡਾ. ਭੋਲਾ ਸਿੰਘ ਸਿੱਧੂ ਸਪੋਕਸਮੈਨ ਦੇ ਪਾਠਕ-ਲੇਖ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਵੀ ਹਨ। ਉਹ ਮੈਨੂੰ ਕਹਿੰਦੇ, ''ਰਾਜਬੀਰ, ਉਨ੍ਹਾਂ ਨੂੰ ਬਟਾਲਾ ਰੋਡ ਉਤੇ ਡਾ. ਹਰਪ੍ਰਕਾਸ਼ ਸਿੰਘ ਮਿਗਲਾਨੀ ਕੋਲ ਲੈ ਜਾਉ। ਉਹ ਬੱਚਿਆਂ ਦੀ ਸਰਜਰੀ ਦੇ ਮਾਹਰ ਨੇ ਅਤੇ ਪੀ.ਜੀ.ਆਈ. ਚੰਡੀਗੜ੍ਹ ਤੋਂ ਹੀ ਆਏ ਨੇ, ਉਨ੍ਹਾਂ ਨੂੰ ਮੇਰੇ ਬਾਰੇ ਦੱਸ ਦੇਣਾ।'' ਫਿਰ ਮੈਂ ਉਸ ਔਰਤ ਨੂੰ ਫ਼ੋਨ ਕਰ ਕੇ ਸਾਰਾ ਪਤਾ ਸਮਝਾ ਦਿਤਾ। ਛੇਤੀ ਆਉਣ ਨੂੰ ਆਖਿਆ। ਮੈਂ ਵੀ ਅਪਣਾ ਰਿਕਸ਼ਾ ਚਲਾ ਕੇ ਹਸਪਤਾਲ ਪਹੁੰਚ ਗਿਆ ਅਤੇ ਬਾਹਰ ਖਲੋ ਕੇ ਉਨ੍ਹਾਂ ਨੂੰ ਉਡੀਕਣ ਲੱਗਾ। ਕੁੱਝ ਚਿਰ ਬਾਅਦ, ਉਹ ਔਰਤ ਅਪਣੇ ਬੱਚੇ ਅਤੇ ਇਕ ਰਿਸ਼ਤੇਦਾਰ ਬੀਬੀ ਨੂੰ ਨਾਲ ਲੈ ਕੇ ਆ ਗਈ। ਹਸਪਤਾਲ ਦੇ ਅੰਦਰ ਰਿਸੈਪਸ਼ਨ ਤੇ ਗਏ ਤਾਂ ਉਨ੍ਹਾਂ ਪੰਜ ਸੌ ਰੁਪਏ ਡਾਕਟਰ ਦੀ ਫ਼ੀਸ ਦੱਸੀ। ਮੈਂ ਉਥੇ ਫ਼ੀਸ ਜਮ੍ਹਾਂ ਕਰਵਾਈ ਅਤੇ ਪਰਚੀ ਬਣਵਾ ਕੇ ਡਾਕਟਰ ਦੇ ਕਮਰੇ ਵਿਚ ਚਲੇ ਗਏ। ਡਾ. ਮਿਗਲਾਨੀ ਨੇ ਚੰਗੀ ਤਰ੍ਹਾਂ ਬੱਚੇ ਨੂੰ ਚੈੱਕਅਪ ਕੀਤਾ ਅਤੇ ਬੱਚੇ ਦੀ ਮਾਂ ਕੋਲੋਂ ਬੱਚੇ ਬਾਰੇ ਕਈ ਸਵਾਲ ਪੁੱਛੇ। ਬਾਅਦ ਵਿਚ ਉਹ ਕਹਿੰਦੇ, ''ਸੱਭ ਤੋਂ ਪਹਿਲਾਂ ਇਸ ਦੀ ਐਮ.ਆਰ.ਆਈ. ਕਰਵਾ ਕੇ ਲਿਆਉ।'' ਫਿਰ ਮੈਂ ਉਨ੍ਹਾਂ ਦੋਹਾਂ ਔਰਤਾਂ ਨੂੰ ਅਪਣੇ ਰਿਕਸ਼ੇ ਉਤੇ ਬਿਠਾ ਕੇ ਲਾਰੈਂਸ ਰੋਡ ਵਿਖੇ ਢਿੱਲੋਂ ਸਕੈਨ ਸੈਂਟਰ ਲੈ ਗਿਆ। ਉਥੋਂ ਬੱਚੇ ਦੀ ਐਮ.ਆਰ.ਆਈ. ਕਰਵਾ ਕੇ ਰੀਪੋਰਟ ਡਾਕਟਰ ਨੂੰ ਲਿਆ ਵਿਖਾਈ। ਡਾਕਟਰ ਕਹਿੰਦਾ, ''ਬੱਚੇ ਦਾ ਆਪਰੇਸ਼ਨ ਹੋਵੇਗਾ ਅਤੇ ਹਫ਼ਤਾ-ਦਸ ਦਿਨ ਹਸਪਤਾਲ 'ਚ ਦਾਖ਼ਲ ਹੋਣਾ ਪਵੇਗਾ। ਕੁੱਝ ਚਿਰ ਦਵਾਈ ਵੀ ਚੱਲੇਗੀ ਪਰ ਬੱਚਾ ਤੁਹਾਡਾ ਬਿਲਕੁਲ ਠੀਕ ਹੋ ਜਾਵੇਗਾ, ਇਹ ਮੈਂ ਗਾਰੰਟੀ ਦੇਂਦਾ ਹਾਂ। ਪਰ ਖ਼ਰਚਾ ਤੁਹਾਡਾ ਪੰਜਾਹ-ਸੱਠ ਹਜ਼ਾਰ ਰੁਪਿਆ ਆ ਜਾਣਾ ਹੈ।'' ਬੱਚੇ ਦੇ ਠੀਕ ਹੋ ਜਾਣ ਦੀ ਡਾਕਟਰ ਵਲੋਂ ਮਿਲੀ ਤਸੱਲੀ ਨਾਲ ਉਸ ਗ਼ਰੀਬ ਮਾਂ ਨੂੰ ਹੌਸਲਾ ਤਾਂ ਹੋ ਗਿਆ ਪਰ ਉਨ੍ਹਾਂ ਵਾਸਤੇ ਏਨੀ ਵੱਡੀ ਰਕਮ ਇਕੱਠੀ ਕਰਨੀ ਬੜੀ ਔਖੀ ਸੀ। 
ਫਿਰ ਮੈਂ ਡਾਕਟਰ ਨੂੰ ਉਨ੍ਹਾਂ ਦੀ ਗ਼ਰੀਬੀ ਅਤੇ ਮਜਬੂਰੀ ਬਾਰੇ ਦਸਿਆ ਅਤੇ ਨਾਲ ਹੀ ਕਿਹਾ ਕਿ ਡਾ. ਭੋਲਾ ਸਿੰਘ ਸਿੱਧੂ ਜੀ ਨੇ ਸਾਨੂੰ ਉਨ੍ਹਾਂ ਕੋਲ ਭੇਜਿਆ ਸੀ। ਡਾ. ਭੋਲਾ ਸਿੰਘ ਜੀ ਦਾ ਨਾਂ ਸੁਣ ਕੇ ਉਹ ਕਹਿੰਦੇ, ''ਉਹ ਤਾਂ ਮੇਰੇ ਗੁਰੂ ਨੇ, ਤੁਸੀ ਉਨ੍ਹਾਂ ਨੂੰ ਕਿਸ ਤਰ੍ਹਾਂ ਜਾਣਦੇ ਹੋ?'' 
ਮੈਂ ਕਿਹਾ, ''ਡਾ. ਸਾਬ੍ਹ, ਮੈਂ ਰਿਕਸ਼ਾ ਚਲਾਉਂਦਾ ਹਾਂ ਅਤੇ ਨਾਲ ਹੀ ਕਲਮ ਵੀ ਚਲਾਉਂਦਾ ਹਾਂ। ਕਲਮ ਕਰ ਕੇ ਹੀ ਡਾ. ਸਿੱਧੂ ਜੀ ਨਾਲ ਮੇਰੀ ਜਾਣ-ਪਛਾਣ ਹੋਈ ਹੈ। ਰਿਕਸ਼ੇ ਵਿਚ ਰੱਖੀ ਹੋਈ ਗੋਲਕ ਅਤੇ ਇਸ ਵਿਚੋਂ ਹੁੰਦੀ ਸੇਵਾ ਬਾਰੇ ਵੀ ਦਸਿਆ। ਇਹ ਸੁਣ ਕੇ ਉਹ ਕਹਿੰਦੇ, ''ਤੁਸੀ ਇਸ ਤਰ੍ਹਾਂ ਕਰੋ, ਜਿੰਨੇ ਪੈਸੇ ਤੁਹਾਨੂੰ ਦੱਸੇ ਨੇ ਤੁਸੀ ਉਸ ਤੋਂ ਅੱਧੇ ਪੈਸੇ ਦਾ ਇੰਤਜ਼ਾਮ ਕਰ ਲਉ।''
ਮੈਂ ਉਨ੍ਹਾਂ ਨੂੰ ਕਿਹਾ, ''ਡਾ. ਸਾਬ੍ਹ, ਤੁਸੀ ਇਨ੍ਹਾਂ ਨੂੰ ਦਾਖ਼ਲ ਕਰ ਕੇ ਬੱਚੇ ਦਾ ਇਲਾਜ ਸ਼ੁਰੂ ਕਰ ਦਿਉ। ਮੈਂ ਪੈਸਿਆਂ ਦਾ ਇੰਤਜ਼ਾਮ ਕਰ ਕੇ ਲਿਆਉਂਦਾ ਹਾਂ।'' ਫਿਰ ਮੈਂ ਕੁੱਝ ਚਿਰ ਬਾਅਦ ਪੈਸੇ ਇਕੱਠੇ ਕਰ ਕੇ ਹਸਪਤਾਲ ਪਹੁੰਚ ਗਿਆ। ਡਾਕਟਰ ਦੇ ਕਮਰੇ 'ਚ ਜਾ ਕੇ ਜਦੋਂ ਉਨ੍ਹਾਂ ਨੂੰ ਪੈਸੇ ਦਿਤੇ ਤਾਂ ਉਹ ਹੈਰਾਨ ਹੋ ਕੇ ਕਹਿੰਦੇ, ''ਜ਼ਿੰਦਗੀ 'ਚ ਪਹਿਲੀ ਵਾਰ ਕੋਈ ਰਿਕਸ਼ੇ ਵਾਲਾ ਵੇਖਿਐ ਜਿਹੜਾ ਖ਼ੁਦ ਗ਼ਰੀਬ ਹੋਣ ਦੇ ਬਾਵਜੂਦ ਕਿਸੇ ਹੋਰ ਗ਼ਰੀਬ ਦੇ ਬੱਚੇ ਲਈ ਏਨੇ ਪੈਸੇ 'ਕੱਠੇ ਕਰ ਕੇ ਲਿਆਇਐ।'' ਸ਼ਾਮ ਨੂੰ ਬੱਚੇ ਦਾ ਆਪਰੇਸ਼ਨ ਹੋ ਗਿਆ। ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਜਿੰਨੇ ਦਿਨ ਉਹ ਲੋੜਵੰਦ ਮਰੀਜ਼ ਹਸਪਤਾਲ 'ਚ ਦਾਖ਼ਲ ਰਹੇ, ਓਨੇ ਦਿਨ ਹੀ ਮੇਰੀ ਜਾਣ-ਪਛਾਣ ਵਾਲਾ ਇਕ ਅੰਮ੍ਰਿਤਧਾਰੀ ਗੁਰਸਿੱਖ ਪੁਲਿਸ ਵਾਲਾ ਵੀਰ ਸਵੇਰੇ-ਸ਼ਾਮ ਅਪਣੇ ਘਰੋਂ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦਾ ਰਿਹਾ। ਹਫ਼ਤੇ ਦਸਾਂ ਦਿਨਾਂ ਬਾਅਦ ਬੱਚਾ ਠੀਕ ਹੋ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ। ਇਸ ਤਰ੍ਹਾਂ ਆਪ ਜੀਆਂ ਵਲੋਂ ਭੇਜੇ ਹੋਏ ਦਸਵੰਧ ਨਾਲ ਗ਼ਰੀਬ ਲੋੜਵੰਦ ਮਾਂ ਦੇ 'ਲਾਲ' ਦੀ ਜਾਨ ਬੱਚ ਗਈ। ਜੇਕਰ ਇਹ ਲੋੜਵੰਦ ਔਰਤ ਕਿਸੇ ਧਾਰਮਕ ਅਸਥਾਨ ਦੇ ਪ੍ਰਬੰਧਕਾਂ ਕੋਲ ਜਾ ਕੇ ਮਦਦ ਮੰਗਦੀ ਤਾਂ ਗੋਲਕਾਂ ਅਤੇ ਦਾਨ-ਪੇਟੀਆਂ ਵਾਲਿਆਂ ਨੇ ਇਸ ਮਜਬੂਰ ਮਾਂ ਦੀ ਮਦਦ ਕਰਨੀ ਸੀ? ਆਉ ਅਪਣੇ ਦਾਨ ਦਸਵੰਧ ਦੇਣ ਦੀ ਦਿਸ਼ਾ ਬਦਲੀਏ। ਕਿਸੇ ਆਲੀਸ਼ਾਨ ਡੇਰੇਦਾਰ ਨੂੰ ਦਸਵੰਧ ਦੇਣ ਤੋਂ ਪਹਿਲਾਂ ਉਸ ਗ਼ਰੀਬ ਮਜ਼ਦੂਰ ਦੇ ਕੱਚੇ ਘਰ ਵਲ ਜ਼ਰੂਰ ਵੇਖ ਲਉ, ਮੀਂਹ ਪੈਣ ਕਾਰਨ ਜਿਸ ਦੀਆਂ ਛੱਤਾਂ ਚੋਣ ਲੱਗ ਪੈਂਦੀਆਂ ਹਨ। 
ਕਿਰਤ ਕਰਨ ਦੇ ਸਿਧਾਂਤ ਤੋਂ ਭੱਜੇ ਹੋਏ ਵਿਹਲੜ ਬਾਬਿਆਂ ਨੂੰ ਦਸਵੰਧ ਭੇਟਾ ਦੇਣ ਤੋਂ ਪਹਿਲਾਂ ਉਸ ਕਿਰਤੀ ਕਾਮੇ ਦਾ ਖ਼ਿਆਲ ਜ਼ਰੂਰ ਕਰਿਉ ਜਿਹੜਾ ਸਾਰਾ ਦਿਨ ਸਿਰ ਉਤੇ ਇੱਟਾਂ ਢੋਹ-ਢੋਹ ਕੇ ਅਪਣਾ ਸਿਰ ਪੋਲਾ ਕਰਵਾ ਲੈਂਦਾ ਹੈ ਅਤੇ ਖੇਤਾਂ ਵਿਚ ਕੰਮ ਕਰਦਾ ਕਰਦਾ ਖੇਤ ਮਜ਼ਦੂਰ ਅਪਣਾ ਲੱਕ ਦੂਹਰਾ ਕਰਵਾ ਲੈਂਦਾ ਹੈ। ਤੁਹਾਡੇ ਵਲੋਂ ਦਿਤੀ ਹੋਈ ਦਸਵੰਧ ਦੀ ਮਾਇਆ ਨਾਲ ਖ਼ਰੀਦੀ ਹੋਈ ਵੱਡੀ ਗੱਡੀ 'ਚ ਬੈਠੇ ਧਾਰਮਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਵੇਖ ਕੇ ਉਸ ਰਿਕਸ਼ੇ ਵਾਲੇ ਵਲ ਜ਼ਰੂਰ ਵੇਖ ਲਉ ਜਿਹੜਾ ਤੇਜ਼ ਧੁੱਪ ਵਿਚ ਤਿੰਨ-ਤਿੰਨ ਸਵਾਰੀਆਂ ਬਿਠਾ ਕੇ ਰਿਕਸ਼ਾ ਖਿੱਚ ਰਿਹਾ ਹੋਵੇ ਅਤੇ ਸਾਰਾ ਦਿਨ ਦਸ ਦਸ, ਵੀਹ ਵੀਰ ਰੁਪਏ ਇਕੱਠੇ ਕਰ ਕੇ ਮਸਾਂ ਹੀ ਸ਼ਾਮ ਤਕ ਅਪਣੇ ਨਿਆਣਿਆਂ ਦਾ ਢਿੱਡ ਭਰਨ ਜੋਗਾ ਹੁੰਦਾ ਹੈ। ਗੁਰਦਵਾਰਿਆਂ 'ਚ ਰੇਸ਼ਮੀ ਰੁਮਾਲੇ ਅਤੇ ਸੋਨਾ ਚੜ੍ਹਾਉਣ ਤੋਂ ਪਹਿਲਾਂ ਕਿਸੇ ਹਸਪਤਾਲ ਵਿਚ ਦਾਖ਼ਲ ਗ਼ਰੀਬ ਲੋੜਵੰਦ ਮਰੀਜ਼ ਦੇ ਵਾਰਸਾਂ ਦਾ ਧਿਆਨ ਜ਼ਰੂਰ ਕਰਿਉ ਜਿਨ੍ਹਾਂ ਕੋਲ ਇਲਾਜ ਕਰਵਾਉਣ ਲਈ ਪੈਸੇ ਨਹੀਂ ਹੁੰਦੇ ਅਤੇ ਉਹ ਸ਼ਾਹੂਕਾਰਾਂ ਦੇ ਤਰਲੇ ਕਰਦੇ ਫਿਰਦੇ ਹਨ।
ਅਪਣੀ ਕਿਰਤ 'ਚੋਂ ਗੁਰੂ ਨਮਿਤ ਕਢਿਆ ਹੋਇਆ ਦਸਵੰਧ ਧਾਰਮਕ ਅਸਥਾਨਾਂ ਤੇ ਪਈਆਂ ਹੋਈਆਂ ਗੋਲਕਾਂ ਅਤੇ ਦਾਨ ਪੇਟੀਆਂ ਵਿਚ ਪਾਉਣ ਤੋਂ ਪਹਿਲਾਂ, ਰੱਜਿਆਂ ਹੋਇਆਂ ਨੂੰ ਹੋਰ ਰਜਾਉਣ ਤੋਂ ਪਹਿਲਾਂ ਅਪਣੇ ਘਰ-ਪ੍ਰਵਾਰ, ਗ਼ਰੀਬ ਰਿਸ਼ਤੇਦਾਰ ਜਾਂ ਅਪਣੇ ਸਮਾਜ ਵਲ ਝਾਤ ਜ਼ਰੂਰ ਮਾਰਿਉ ਕਿ ਇਸ ਦਸਵੰਧ ਦੀ ਜ਼ਰੂਰਤ ਕਿਸ ਨੂੰ ਹੈ। ਦਸਵੰਧ ਭੇਟਾ ਦਾ ਅਸਲੀ ਹੱਕਦਾਰ ਕੌਣ ਹੈ, ਗ਼ਰੀਬ ਲੋੜਵੰਦ ਜਾਂ ਧਾਰਮਕ ਅਸਥਾਨਾਂ ਦੇ ਅਮੀਰ ਪ੍ਰਬੰਧਕ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement