
ਜਦੋਂ ਕੋਈ ਵੀ ਵਿਅਕਤੀ ਯੂ.ਪੀ. ਦੇ ਪੀਲੀਭੀਤ ਦੇ ਇਲਾਕੇ ਜਾਂ ਗੁਰਦਵਾਰਾ ਨਾਨਕ ਮੱਤਾ ਦੇ ਦਰਸ਼ਨਾਂ ਲਈ ਜਾਂਦਾ ਹੈ ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ....
ਜਦੋਂ ਕੋਈ ਵੀ ਵਿਅਕਤੀ ਯੂ.ਪੀ. ਦੇ ਪੀਲੀਭੀਤ ਦੇ ਇਲਾਕੇ ਜਾਂ ਗੁਰਦਵਾਰਾ ਨਾਨਕ ਮੱਤਾ ਦੇ ਦਰਸ਼ਨਾਂ ਲਈ ਜਾਂਦਾ ਹੈ ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਪੰਜਾਬ ਤੋਂ ਬੜੀ ਦੂਰ ਯੂ.ਪੀ. ਦੇ ਇਸ ਇਲਾਕੇ ਵਿਚ ਪੰਜਾਬੀਆਂ ਅਤੇ ਖ਼ਾਸ ਕਰ ਕੇ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਸ ਵਿਅਕਤੀ ਨੂੰ ਇੰਜ ਲਗਦਾ ਹੈ ਕਿ ਉਹ ਪੰਜਾਬ ਵਿਚੋਂ ਹੀ ਲੰਘ ਰਿਹਾ ਹੈ।
ਪਿਛਲੇ ਦਿਨੀਂ ਮੈਨੂੰ ਸ੍ਰੀ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈਆਂ ਜਾ ਰਹੀਆਂ ਯੂ.ਪੀ. ਸਥਿਤ ਅਕਾਲ ਅਕਾਦਮੀਆਂ ਵਿਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਮੇਰੇ ਨਾਲ ਇਨ੍ਹਾਂ ਅਕਾਦਮੀਆਂ ਲਈ ਕੰਮ ਕਰ ਰਹੇ ਸਹਾਇਕ ਖੇਤਰੀ ਡਾਇਰੈਕਟਰ ਜੀ.ਐਸ. ਸੱਗੂ ਵੀ ਸਨ। ਪੀਲੀਭੀਤ ਤੋਂ ਲਗਭਗ 100 ਕਿਲੋਮੀਟਰ ਦੂਰ ਅਕਾਲ ਅਕਾਦਮੀ ਗੋਮਤੀਪੁਰ ਵਿਖੇ ਸਾਡੇ ਠਹਿਰਨ ਦਾ ਪ੍ਰਬੰਧ ਸੀ। ਅਸੀ ਇਕ ਹਫ਼ਤੇ ਲਈ ਯੂ.ਪੀ. ਦੀਆਂ ਤਿੰਨ ਅਕਾਲ ਅਕੈਡਮੀਆਂ ਦਾ ਨਰੀਖਣ ਕਰਨਾ ਸੀ, ਜਿਸ ਕਾਰਨ ਸਾਨੂੰ ਉਧਰ ਰਹਿੰਦੇ ਲੋਕਾਂ ਅਤੇ ਇਲਾਕੇ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਉਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਬਰੇਲੀ ਤੋਂ ਪੀਲੀਭੀਤ ਅਤੇ ਫਿਰ 100 ਕਿਲੋਮੀਟਰ ਗੋਮਤੀ ਪੁਲ ਤਕ ਦੇ ਇਲਾਕੇ, ਪੀਲੀਭੀਤ ਦੇ ਪੂਰੇ ਜ਼ਿਲ੍ਹੇ, ਉਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ, ਕਾਸ਼ੀਪੁਰ ਅਤੇ ਰੁਦਰਪੁਰ ਦੇ ਇਲਾਕੇ ਵਿਚ ਸਿੱਖਾਂ ਦੀ ਆਬਾਦੀ ਬਹੁਤਾਤ ਵਿਚ ਹੈ। ਗੋਮਤੀ ਤੋਂ ਅੱਗੇ 150 ਕਿਲੋਮੀਟਰ ਤਕ ਦੇ ਖੇਤਰ ਵਿਚ ਵੀ ਸਿੱਖ ਕਾਫ਼ੀ ਗਿਣਤੀ ਵਿਚ ਰਹਿੰਦੇ ਹਨ। ਇਹੀ ਕਾਰਨ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈਆਂ ਜਾ ਰਹੀਆਂ ਤਿੰਨ ਅਕਾਲ ਅਕਾਦਮੀਆਂ ਗੋਮਤੀਪੁਰ, ਕਜਰੀ ਅਤੇ ਤੇਲੀਪੁਰਾ ਵਿਖੇ ਬਹੁਤ ਹੀ ਚੰਗੇ ਢੰਗ ਨਾਲ ਚੱਲ ਰਹੀਆਂ ਹਨ। ਇਨ੍ਹਾਂ ਵਿਚ ਬੱਚਿਆਂ ਦੀ ਗਿਣਤੀ ਵੀ ਹਜ਼ਾਰ ਤੋਂ ਉਪਰ ਹੈ। ਲੋਕਾਂ ਵਲੋਂ ਹੋਰ ਅਕਾਲ ਅਕਾਦਮੀਆਂ ਖੋਲ੍ਹਣ ਦੀ ਮੰਗ ਬੜੇ ਜ਼ੋਰ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਉਥੇ ਵਸੇ ਸਿੱਖ ਲੋਕ ਮੂਲ ਰੂਪ ਵਿਚ ਪੰਜਾਬੀ ਹਨ ਅਤੇ ਉਹ ਅਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਚਾਹਵਾਨ ਹਨ। ਪੰਜਾਬੀ ਲਈ ਇਨ੍ਹਾਂ ਅਕਾਲ ਅਕਾਦਮੀਆਂ ਵਿਚ ਵਿਸ਼ੇਸ਼ ਪ੍ਰਬੰਧ ਹੈ ਭਾਵੇਂ ਕਿ ਇਨ੍ਹਾਂ ਦਾ ਸਿਖਿਆ ਮਾਧਿਅਮ ਅੰਗਰੇਜ਼ੀ ਹੈ।
ਪੰਜਾਬੀ ਲੋਕਾਂ ਦਾ ਇਥੇ ਵਸਣ ਦਾ ਮੁੱਖ ਕਾਰਨ ਜ਼ਮੀਨ ਵਿਚ ਪਾਣੀ ਦਾ ਭਰਪੂਰ ਹੋਣਾ, ਚੰਗੀ ਮਿੱਟੀ ਅਤੇ ਵੱਧ ਰਿਹਾ ਭਾਈਚਾਰਾ ਹੈ। ਇਸ ਇਲਾਕੇ ਨੂੰ ਤਰਾਈ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਸ਼ੁਰੂ ਸ਼ੁਰੂ ਵਿਚ ਜ਼ਮੀਨਾਂ ਸਸਤੀਆਂ ਅਤੇ ਖੁੱਲ੍ਹੀਆਂ ਮਿਲ ਜਾਣ ਕਾਰਨ ਪੰਜਾਬ ਤੋਂ, ਅਤੇ ਖ਼ਾਸ ਕਰ ਕੇ ਜ਼ਿਲ੍ਹਾ ਗੁਰਦਾਸਪੁਰ ਤੋਂ, ਅਨੇਕਾਂ ਸਿੱਖ ਪ੍ਰਵਾਰ ਇਥੇ ਆ ਕੇ ਵੱਸ ਗਏ। ਪਹਿਲਾਂ-ਪਹਿਲ ਇਹ ਜੰਗਲੀ ਇਲਾਕਾ ਸੀ ਅਤੇ ਇਹ ਪੰਜਾਬੀ ਕਿਸਾਨਾਂ ਦੀ ਮਿਹਨਤ ਦਾ ਹੀ ਫੱਲ ਹੈ ਕਿ ਅੱਜ ਜੰਗਲ ਦੀ ਥਾਂ ਮੰਗਲ ਲੱਗੇ ਹੋਏ ਹਨ। ਹੁਣ ਇਸ ਇਲਾਕੇ ਵਿਚ ਝੋਨਾ, ਗੰਨੇ ਅਤੇ ਕਣਕ ਦੀ ਖੇਤੀ ਭਰਪੂਰ ਹੁੰਦੀ ਹੈ। ਝੋਨੇ ਦੀ ਭਰਪੂਰ ਫ਼ਸਲ ਨੂੰ ਵੇਖ ਕੇ ਹਰ ਕੋਈ ਕਹਿ ਦਿੰਦਾ ਹੈ ਕਿ ਇਹ ਤਾਂ ਪੰਜਾਬ ਤੋਂ ਘੱਟ ਨਹੀਂ।
ਮਾਸਟਰ ਦਲਜੀਤ ਸਿੰਘ ਨੇ ਦਸਿਆ ਕਿ ਉਹ ਤਿੰਨ ਪੀੜ੍ਹੀਆਂ ਤੋਂ ਇਥੇ ਰਹਿ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਜੀਵਨ ਪੂਰਾ ਖ਼ੁਸ਼ਹਾਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਗੁਰਦਾਸਪੁਰ ਜ਼ਿਲ੍ਹੇ ਤੋਂ 1945 ਵਿਚ ਇਥੇ ਆਏ ਸਨ। ਦਾਦਾ ਜੀ ਅਨੁਸਾਰ ਉਸ ਸਮੇਂ ਇਥੇ ਜੰਗਲ ਹੀ ਜੰਗਲ ਸਨ, ਕੋਈ ਸੜਕ, ਰਸਤਾ ਨਹੀਂ ਸੀ, ਰਸਤੇ ਤੇ ਚੱਲਣ ਲਈ ਰਸਤੇ ਦੀ ਪਛਾਣ ਰੱਖਣ ਵਾਸਤੇ ਸਰਕੰਡਿਆਂ ਦੇ ਬੂਟਿਆਂ ਨੂੰ ਗੰਢਾਂ ਮਾਰ-ਮਾਰ ਕੇ ਰਸਤੇ ਦੀ ਪਛਾਣ ਬਣਾਈ ਜਾਂਦੀ ਸੀ ਅਤੇ ਫਿਰ ਹੋਰ ਪ੍ਰਵਾਰਾਂ ਦੇ ਇਥੇ ਆਉਣ ਤੇ ਰੌਣਕਾਂ ਵਧਦੀਆਂ ਗਈਆਂ ਅਤੇ ਭਰਪੂਰ ਮਿਹਨਤ ਸਦਕਾ ਖੇਤੀ ਦੀ ਉਪਜ ਰੰਗ ਲਿਆਈ। ਉਨ੍ਹਾਂ ਕਿਹਾ ਕਿ ਇਹ ਬਾਬਾ ਨਾਨਕ ਦੀ ਕ੍ਰਿਪਾ ਹੈ ਕਿ ਉਨ੍ਹਾਂ ਦੀ ਇਸ ਧਰਤੀ ਦੇ ਇਲਾਕੇ ਵਿਚ ਹੁਣ ਉਨ੍ਹਾਂ ਦੇ ਨਾਮਲੇਵਾ ਲੱਖਾਂ ਵਿਚ ਵਸਦੇ ਹਨ। ਸੱਭ ਸਿੱਖ ਪ੍ਰਵਾਰਾਂ ਪਾਸ ਚੰਗੀਆਂ ਜ਼ਮੀਨਾਂ ਹੋਣ ਕਾਰਨ ਉਹ ਅਮੀਰ ਪ੍ਰਵਾਰਾਂ ਵਿਚ ਗਿਣੇ ਜਾਂਦੇ ਹਨ।
ਜਥੇਦਾਰ ਬਾਬਾ ਬਲਵੀਰ ਸਿੰਘ ਅਤੇ ਜਥੇਦਾਰ ਜਸਵੰਤ ਸਿੰਘ ਜੀ ਨੇ ਦਸਿਆ ਕਿ ਸ਼ੁਰੂ-ਸ਼ੁਰੂ ਵਿਚ ਇਸ ਇਲਾਕੇ ਵਿਚ ਚੋਰੀਆਂ, ਡਕੈਤੀਆਂ ਵੱਧ ਹੋਣ ਕਾਰਨ ਸਿੱਖਾਂ ਨੂੰ ਮਿਹਨਤ ਦੇ ਨਾਲ-ਨਾਲ ਬਹੁਤ ਮੁਸੀਬਤਾਂ ਵੀ ਝਲਣੀਆਂ ਪਈਆਂ ਪਰ ਹੁਣ ਜਦੋਂ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਆਪ ਹੀ ਚੋਰਾਂ, ਡਕੈਤਾਂ ਉਤੇ ਕਾਬੂ ਪਾ ਲਿਆ ਹੈ ਤਾਂ ਹੁਣ ਮਾਹੌਲ ਕਾਫ਼ੀ ਸ਼ਾਂਤ ਹੋ ਚੁਕਿਆ ਹੈ। ਆਵਾਜਾਈ ਦੇ ਸਾਧਨ ਹੋਣ ਕਾਰਨ, ਸਰਕਾਰ ਵੀ ਸਹਾਇਤਾ ਦੇਣ ਲੱਗੀ ਹੈ। ਅਜੇ ਵੀ ਪੂਰਬ ਵਲ ਵੱਡਾ ਜੰਗਲ ਹੋਣ ਕਾਰਨ, ਜੰਗਲੀ ਜਾਨਵਰਾਂ ਤੋਂ ਡਰ ਬਣਿਆ ਰਹਿੰਦਾ ਹੈ। ਸ਼ੇਰ, ਚੀਤੇ ਵੀ ਕਈ ਵਾਰ ਲੋਕਾਂ ਦਾ ਜਾਨੀ ਨੁਕਸਾਨ ਕਰਦੇ ਹਨ ਅਤੇ ਦੂਜੇ ਜੰਗਲੀ ਜਾਨਵਰ ਫ਼ਸਲਾਂ ਆਦਿ ਦਾ ਵੀ ਕਾਫ਼ੀ ਨੁਕਸਾਨ ਕਰ ਜਾਂਦੇ ਹਨ।
ਜੇਕਰ ਪੀਲੀਭੀਤ ਤੋਂ ਲਖਨਊ ਨੂੰ ਜਾਣ ਵਾਲੇ ਮੁੱਖ ਮਾਰਗ ਤੇ ਚਲਦੇ ਸਮੇਂ ਧਿਆਨ ਮਾਰਿਆ ਜਾਵੇ ਤਾਂ ਇਸ ਮੁੱਖ ਮਾਰਗ ਦੇ ਕਿਨਾਰਿਆਂ ਤੇ ਅਨੇਕਾਂ ਗੁਰਦਵਾਰੇ ਨਜ਼ਰ ਆਉਂਦੇ ਹਨ। ਬਹੁਤ ਸਾਰੇ ਗੁਰਦਵਾਰਿਆਂ ਵਿਚ ਮੁਸਾਫ਼ਰਾਂ ਲਈ ਰਿਹਾਇਸ਼ ਅਤੇ ਲੰਗਰਾਂ ਦਾ ਪ੍ਰਬੰਧ ਹੈ ਜਿਸ ਤੋਂ ਇਸ ਇਲਾਕੇ ਦੇ ਲੋਕਾਂ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਅਤੇ ਪ੍ਰੇਮ ਦਾ ਪਤਾ ਚਲਦਾ ਹੈ। ਮੈਂ ਇਹ ਵੇਖ ਕੇ ਵੀ ਹੈਰਾਨ ਹੋਇਆ ਕਿ ਗੋਮਤੀ ਪੁਲ ਗੁਰਦਵਾਰਾ ਸਾਹਿਬ ਤੋਂ ਬਾਬੇ ਨਾਨਕ ਦਾ ਪ੍ਰਕਾਸ਼ਪੁਰਬ ਹੋਣ ਕਾਰਨ ਹਰ ਰੋਜ਼ ਸਵੇਰੇ ਪ੍ਰਭਾਤ ਫੇਰੀਆਂ ਨਿਕਲਦੀਆਂ ਸਨ ਅਤੇ ਉਨ੍ਹਾਂ ਵਿਚ ਸੈਂਕੜੇ ਹੀ ਸੰਗਤਾਂ ਹਾਜ਼ਰੀ ਲਗਵਾਉਂਦੀਆਂ ਸਨ। ਇਹ ਪ੍ਰਭਾਤ ਫੇਰੀਆਂ ਹਰ ਰੋਜ਼ ਕਿਸੇ ਨਾ ਕਿਸੇ ਨਾਲ ਦੇ ਪਿੰਡ ਜਾਂਦੀਆਂ ਸਨ। ਸਿੱਖ ਸੰਗਤਾਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ। ਮੈਂ ਅਤੇ ਜੀ.ਐਸ. ਸੱਗੂ ਜੀ ਇਹ ਸ਼ਰਧਾ ਵੇਖ ਕੇ ਬਹੁਤ ਹੀ ਪ੍ਰਭਾਵਤ ਹੋਏ ਅਤੇ ਸੋਚ ਰਹੇ ਸੀ ਕਿ ਇਹ ਦ੍ਰਿਸ਼ ਤਾਂ ਪੰਜਾਬ ਤੋਂ ਵੀ ਕਿਤੇ ਚੰਗਾ ਲਗਦਾ ਹੈ।
ਅਕਾਲ ਅਕਾਦਮੀਆਂ ਵਿਚ ਵੀ ਸਿੱਖ ਬੱਚਿਆਂ ਦੀ ਵੱਡੀ ਗਿਣਤੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹ ਪੂਰਾ ਇਲਾਕਾ ਸਿੱਖਾਂ ਦੀ ਸੰਘਣੀ ਵਸੋਂ ਵਾਲਾ ਹੈ। ਅਕਾਦਮੀਆਂ ਵਿਚ ਸਵੇਰੇ ਸਵੇਰੇ ਨਿਤਨੇਮ ਦਾ ਜਾਪ ਬਹੁਤ ਹੀ ਸਤਿਕਾਰ ਨਾਲ ਕੀਤਾ ਜਾਂਦਾ ਸੀ। ਪਰ ਇਕ ਗੱਲ ਜੋ ਸਾਹਮਣੇ ਆਈ ਉਹ ਇਹ ਕਿ ਵੱਡੀਆਂ ਜਮਾਤਾਂ ਦੇ ਬੱਚਿਆਂ ਦਾ ਰੁਝਾਨ ਜ਼ਿਆਦਾ ਵਿਦੇਸ਼ਾਂ ਵਿਚ ਜਾਣ ਦਾ ਹੈ, ਉਹ ਪੜ੍ਹਾਈ ਵਿਚ ਦਿਲਚਸਪੀ ਘੱਟ ਵਿਖਾਉਂਦੇ ਹਨ ਪਰ ਜਹਾਜ਼ ਰਾਹੀਂ ਵਿਦੇਸ਼ਾਂ ਵਿਚ ਉਡਣ ਦੇ ਸੁਪਨੇ ਜ਼ਿਆਦਾ ਵੇਖਦੇ ਹਨ। ਇਸ ਦੇ ਮੁੱਖ ਕਾਰਨ ਉਨ੍ਹਾਂ ਪਾਸ ਚੰਗਾ ਪੈਸਾ ਹੋਣਾ, ਬਹੁਤਿਆਂ ਦੇ ਰਿਸ਼ਤੇਦਾਰਾਂ ਦਾ ਵਿਦੇਸ਼ਾਂ ਵਿਚ ਹੋਣਾ ਜਾਂ ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਦਾ ਹੋਣਾ ਹੈ।
ਇਸ ਤਰ੍ਹਾਂ ਯੂ.ਪੀ. ਦੇ ਇਸ ਇਲਾਕੇ ਵਿਚ ਸਿੱਖਾਂ ਦੀ ਭਰਪੂਰ ਆਬਾਦੀ ਹੋਣ ਕਾਰਨ ਅਤੇ ਪ੍ਰਤੀ ਦਿਨ ਤਰੱਕੀ ਵਲ ਵਧਦਿਆਂ ਵੇਖ ਇਹ ਗੱਲ ਮਨ ਵਿਚ ਆਉਂਦੀ ਹੈ ਕਿ ਕਿਉਂ ਨਾ ਕੇਂਦਰ ਸਰਕਾਰ ਯੂ.ਪੀ. ਦੇ ਇਸ ਵੱਡੇ ਇਲਾਕੇ ਨੂੰ, ਉਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਨੂੰ ਨਾਲ ਮਿਲਾ ਕੇ ਇਕ ਨਵਾਂ ਸੂਬਾ 'ਨਵਾਂ ਪੰਜਾਬ' ਬਣਾ ਦੇਵੇ ਤਾਕਿ ਇਸ ਇਲਾਕੇ ਦੀ ਹੋਰ ਉੱਨਤੀ ਹੋ ਸਕੇ ਅਤੇ ਸਿੱਖਾਂ ਦੇ ਹੌਸਲੇ ਵੀ ਹੋਰ ਬੁਲੰਦ ਹੋ ਜਾਣ। ਇਲਾਕੇ ਦੇ ਲੋਕਾਂ ਵਿਚ ਪੰਜਾਬੀ ਪੜ੍ਹਨ-ਸਿਖਣ ਦੀ ਚਾਹਤ ਨੂੰ ਮੁੱਖ ਰਖਦਿਆਂ ਸ੍ਰੀ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਬੇਨਤੀ ਹੈ ਕਿ ਅਜਿਹੀਆਂ ਹੋਰ ਅਕਾਲ ਅਕਾਦਮੀਆਂ ਖੋਲ੍ਹਣ ਦਾ ਉਪਰਾਲਾ ਕੀਤਾ ਜਾਵੇ।