
ਸਿੱਖ ਰੈਫ਼ਰੈਂਸ ਲਾਇਬਰੇਰੀ : ਸ਼੍ਰੋਮਣੀ ਕਮੇਟੀ ਉਹ ਰਾਹ ਚੁਣੇ ਜਿਸ ਨਾਲ ਇਸ ਦਾ ਅਪਣਾ ਵਕਾਰ ਵੀ ਬਹਾਲ ਹੋਵੇ ਤੇ ਸਿੱਖਾਂ ਦਾ ਇਸ ਉਤੇ ਵਿਸ਼ਵਾਸ ਵੀ ਵਧੇ
ਜਦ ਵੀ ਸਾਕਾ ਨੀਲਾ ਤਾਰਾ ਦੀ ਗੱਲ ਹੁੰਦੀ ਹੈ ਤਾਂ ਇੰਦਰਾ ਗਾਂਧੀ ਅਤੇ ਭਾਰਤੀ ਫ਼ੌਜ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ ਜਿਨ੍ਹਾਂ ਨੇ ਨਾ ਸਿਰਫ਼ ਸਿੱਖਾਂ ਦੇ ਧਰਮ ਅਸਥਾਨ ਤੇ ਟੈਂਕਾਂ, ਬੰਦੂਕਾਂ ਨਾਲ ਹਮਲਾ ਕੀਤਾ ਬਲਕਿ ਸਿੱਖ ਫ਼ਲਸਫ਼ੇ ਦਾ ਇਤਿਹਾਸ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਹਰ ਸਮੇਂ ਸਿੱਖਾਂ ਨੂੰ ਚੁਭਦਾ ਹੈ ਕਿ 'ਅਤਿਵਾਦ' ਦੇ ਨਾਂ ਤੇ, ਸੰਤਾਂ ਅਤੇ ਉਨ੍ਹਾਂ ਨਾਲ ਖੜੇ ਸਿੰਘਾਂ ਸਿੰਘਣੀਆਂ ਨੂੰ ਤਾਂ ਖ਼ਤਮ ਕੀਤਾ ਹੀ, ਨਾਲ ਨਾਲ ਪੁਰਾਤਨ ਹੱਥ-ਲਿਖਤਾਂ, ਹੁਕਮਨਾਮਿਆਂ ਅਤੇ ਹੋਰ ਅਨੇਕਾਂ ਇਤਿਹਾਸਕ ਪੁਸਤਕਾਂ ਨੂੰ ਫ਼ੌਜ ਨੇ ਕਿਸੇ ਤਹਿਖ਼ਾਨੇ ਵਿਚ ਸੁੱਟ ਕੇ ਸਿੱਖਾਂ ਤੋਂ ਦੂਰ ਕਰ ਦਿਤਾ ਹੈ।
Sikh Reference Library
ਆਖਿਆ, ਮੰਨਿਆ ਇਹੀ ਜਾਂਦਾ ਹੈ ਕਿ ਇਹ ਸਾਰੀ ਸਾਜ਼ਸ਼ ਸਿੱਖ ਫ਼ਲਸਫ਼ੇ ਨੂੰ ਕਮਜ਼ੋਰ ਕਰਨ ਦੀ ਹੀ ਸਾਜ਼ਸ਼ ਸੀ। ਆਖ਼ਰ ਜੇ ਅਸਲ ਲਿਖਤ ਨੂੰ ਹੀ ਗ਼ਾਇਬ ਕਰ ਦਿਤਾ ਜਾਵੇ ਤਾਂ ਮਗਰੋਂ ਦੀ ਕਿਸੇ ਲਿਖਤ ਵਿਚ ਕੁੱਝ ਵੀ ਮਿਲਾਵਟ ਕੀਤੀ ਜਾ ਸਕਦੀ ਹੈ। 35 ਸਾਲਾਂ 'ਚ ਅਨੇਕਾਂ ਅਜਿਹੇ ਕਾਰਜ ਰਚੇ ਗਏ। ਕਈ ਵਾਰੀ ਇਸ ਤਰ੍ਹਾਂ ਲਗਿਆ ਕਿ ਉਹ ਸਮਾਂ ਚੰਗਾ ਸੀ ਜਦੋਂ ਦੁਸ਼ਮਣ ਪਛਾਣਿਆ ਜਾਂਦਾ ਸੀ। 35 ਸਾਲਾਂ 'ਚ ਸਿੱਖ ਸੰਸਥਾਵਾਂ ਵਲੋਂ ਅਜਿਹੇ ਕੰਮਾਂ ਨੂੰ ਅੰਜਾਮ ਦਿਤਾ ਗਿਆ ਜਿਨ੍ਹਾਂ ਨੂੰ ਵੇਖ ਕੇ ਲੱਗਾ ਕਿ ਸਿੱਖ ਫ਼ਲਸਫ਼ੇ ਉਤੇ ਤੇਜ਼ਾਬ ਪਾ ਕੇ ਉਸ ਨੂੰ ਅੰਦਰੋਂ ਹੀ ਖੁਰਚਿਆ ਜਾ ਰਿਹਾ ਹੈ। ਜਿਹੜੀਆਂ ਗੱਲਾਂ ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਵੇਖੀਆਂ ਜਾ ਸਕਦੀਆਂ ਸਨ, ਉਹ ਤਾਂ ਹੁਣ ਹੋਂਦ ਵਿਚ ਹੀ ਨਹੀਂ ਰਹੀਆਂ। ਇਤਿਹਾਸਕ ਗੁਰੂ ਘਰਾਂ ਦੀ ਹਾਲਤ ਸਾਰਿਆਂ ਦੇ ਸਾਹਮਣੇ ਹੈ।
SGPC
ਆਏ ਦਿਨ ਕਿਸੇ ਇਤਿਹਾਸਕ ਅਸਥਾਨ ਨੂੰ ਢਾਹਿਆ ਜਾ ਰਿਹਾ ਹੁੰਦਾ ਹੈ। ਕਦੇ ਕਦਾਈਂ ਸਿੱਖਾਂ ਵਲੋਂ ਉਫ਼ ਨਿਕਲ ਵੀ ਆਉਂਦੀ ਹੈ ਪਰ ਜ਼ਿਆਦਾਤਰ ਤਾਂ ਪਤਾ ਹੀ ਨਹੀਂ ਲਗਦਾ ਕਿ ਕਦੋਂ ਚੁਪ ਚੁਪੀਤੇ ਕਾਰ ਸੇਵਾ ਦੇ ਨਾਂ ਤੇ ਕਿਸੇ ਬਾਬੇ ਨੇ ਗੁਰੂ ਵਲੋਂ ਬਣਾਈ ਇਮਾਰਤ ਢਾਹ ਕੇ ਇਕ ਸੰਗਮਰਮਰ ਦਾ ਹਾਲ ਬਣਾ ਦਿਤਾ ਹੈ। ਦਿਲ ਰੋਂਦਾ ਹੈ। ਕਿਥੇ ਗਈਆਂ ਉਹ ਇਤਿਹਾਸ ਸੁਣਾਉਂਦੀਆਂ ਇਮਾਰਤਾਂ ਅਤੇ ਕਿਸ ਨੇ ਇਜਾਜ਼ਤ ਦਿਤੀ ਕਿ ਗੁਰੂ ਵਲੋਂ ਬਣਾਈ ਕਿਸੇ ਇਮਾਰਤ ਨੂੰ ਇਕ ਬੋਲੀ ਲਾਉਣ ਵਾਲਾ ਬਾਬਾ ਅਪਣੀ ਹਥੌੜੀ ਨਾਲ ਤੋੜ ਦੇਵੇ?
Sikh Reference Library
ਜਦੋਂ ਵੀ ਇਤਿਹਾਸ ਉਤੇ ਮਾਰ ਪੈਣ ਦੀ ਗੱਲ ਹੁੰਦੀ ਹੈ ਤਾਂ ਦਰਬਾਰ ਸਾਹਿਬ ਦੀ ਲਾਇਬ੍ਰੇਰੀ ਦੀ ਲੁੱਟ ਸੱਭ ਤੋਂ ਵੱਧ ਪ੍ਰੇਸ਼ਾਨ ਕਰਦੀ ਹੈ। ਪਰ ਹੁਣ ਜੋ ਦਸਤਾਵੇਜ਼ ਸਾਹਮਣੇ ਆਏ ਹਨ, ਉਹ ਸੱਚ ਬੋਲ ਰਹੇ ਹਨ ਜਾਂ ਝੂਠ, ਇਹ ਗੱਲ ਪੜਤਾਲੀਆ ਏਜੰਸੀ ਤੇ ਛੱਡ ਕੇ, ਏਨਾ ਨੋਟਿਸ ਲੈਣਾ ਜ਼ਰੂਰੀ ਬਣਦਾ ਹੈ ਕਿ ਫ਼ੌਜ ਵਲੋਂ ਲੁੱਟੀਆਂ ਇਤਿਹਾਸਕ ਕਿਤਾਬਾਂ ਤੇ ਗ੍ਰੰਥ, ਵੱਡੀ ਗਿਣਤੀ ਵਿਚ ਐਸ.ਜੀ.ਪੀ.ਸੀ. ਨੂੰ ਸੌਂਪ ਦਿਤੇ ਗਏ ਸਨ। ਦਸਤਾਵੇਜ਼ ਕੁੱਝ ਨਾਂ ਦਸਦੇ ਹਨ ਜਿਨ੍ਹਾਂ ਨੇ ਸਮਾਨ ਵਾਪਸ ਵੀ ਲੈ ਲਿਆ ਪਰ ਫਿਰ ਵੀ ਇਨ੍ਹਾਂ ਸਾਰੇ ਇਤਿਹਾਸਕ ਗ੍ਰੰਥਾਂ ਨੂੰ ਸਿੱਖਾਂ ਦੇ ਇਸ ਅਜਾਇਬ ਘਰ ਵਿਚ ਸ਼ਾਇਦ ਨਹੀਂ ਰਖਿਆ ਗਿਆ।
Sikh Reference Library
ਜੇ ਇਹ ਦਸਤਾਵੇਜ਼ ਸਹੀ ਦਸਦੇ ਹਨ ਤਾਂ ਚਿੰਤਾ ਵਾਲੀ ਗੱਲ ਹੈ। ਉਂਜ ਵੀ ਲਾਇਬਰੇਰੀ ਵਿਚ 'ਖ਼ਜ਼ਾਨਾ ਵਾਪਸੀ' ਦੀ ਤਾਂ ਵੱਡਾ ਸਮਾਰੋਹ ਕਰ ਕੇ ਖ਼ੁਸ਼ੀ ਪ੍ਰਗਟ ਕਰਨੀ ਬਣਦੀ ਸੀ ਪਰ ਇਸ ਬਾਰੇ ਕਦੇ ਇਕ ਲਫ਼ਜ਼ ਵੀ ਇਸ ਤੋਂ ਪਹਿਲਾਂ ਨਹੀਂ ਬੋਲਿਆ ਗਿਆ ਜੋ ਮਾਮਲੇ ਨੂੰ ਸ਼ੱਕੀ ਬਣਾਉਂਦਾ ਹੈ। ਇੰਦਰਾ ਗਾਂਧੀ ਅਤੇ ਫ਼ੌਜ ਦੀ ਜ਼ਿੰਮੇਵਾਰੀ ਤਾਂ ਉਥੇ ਹੀ ਖੜੀ ਹੈ ਪਰ ਕੀ ਉਸ ਘੱਲੂਘਾਰੇ ਵਿਚੋਂ ਸਿੱਖ ਆਪ ਵੀ ਅਪਣੇ ਆਪ ਨੂੰ ਸੁਰਖ਼ਰੂ ਕਰ ਸਕਣਗੇ? ਸਾਡਾ ਦਿਲ ਤਾਂ ਕਰਦਾ ਹੈ ਕਿ ਜੋ ਕੁੱਝ ਕਿਹਾ ਜਾ ਰਿਹਾ ਹੈ, ਉਹ ਗ਼ਲਤ ਸਾਬਤ ਹੋਵੇ ਤੇ ਸਿੱਖਾਂ ਨੂੰ ਨਮੋਸ਼ੀ ਨਾ ਝੇਲਣੀ ਪਵੇ।
Copy
ਪਰ ਇਹ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਹੈ ਕਿ ਉਹ ਲੋਹੀ ਲਾਖੀ ਹੋ ਕੇ ਕੇਵਲ ਤਰਦੀਦ ਜਾਰੀ ਕਰਨ ਅਤੇ ਲੀਪਾ ਪੋਚੀ ਕਰਨ ਮਗਰੋਂ ਪਰਦਾ ਪਾਉਣ ਤਕ ਹੀ ਨਾ ਰਹੇ, ਸਗੋਂ ਅਪਣੇ ਅੰਦਰ ਦੀ ਸਹੀ ਤਸਵੀਰ ਪਹਿਲਾਂ ਆਪ ਵੇਖੇ ਤੇ ਫਿਰ ਗੁਰੂ ਅਤੇ ਪੰਥ ਪ੍ਰਤੀ ਨਿਮਰਤਾ ਨਾਲ ਅਪਣੀ ਜ਼ਿੰਮੇਵਾਰੀ ਕਬੂਲੇ। ਕੋਈ ਵੀ ਸਿੱਖ ਨਹੀਂ ਚਾਹੁੰਦਾ ਕਿ ਪੰਥ ਦੀ ਪ੍ਰਤੀਨਿਧ ਸੰਸਥਾ ਦੇ ਅਕਸ ਤੇ ਵੱਡਾ ਧੱਬਾ ਲੱਗੇ ਪਰ ਕੋਈ ਸਿੱਖ ਇਹ ਵੀ ਨਹੀਂ ਚਾਹੇਗਾ ਕਿ ਪੰਥ ਦੀਆਂ ਪ੍ਰਤੀਨਿਧ ਜਥੇਬੰਦੀਆਂ ਸਿੱਖਾਂ ਦਾ ਦਿਲ ਹੀ ਤੋੜ ਕੇ ਰੱਖ ਦੇਣ।
Page-1
ਇਨ੍ਹਾਂ ਕਾਗ਼ਜ਼ਾਂ 'ਚ ਨਾਂ ਤਾਂ ਦੋ ਹਨ ਜਿਨ੍ਹਾਂ ਦਸਤਖ਼ਤ ਕੀਤੇ ਸਨ ਅਤੇ ਫ਼ੌਜ ਤੋਂ ਪੰਥ ਦਾ ਖ਼ਜ਼ਾਨਾ ਵਾਪਸ ਲੈ ਲਿਆ ਸੀ ਪਰ ਇਹ ਦੋ ਲੋਕਾਂ ਦਾ ਕੰਮ ਨਹੀਂ ਹੋ ਸਕਦਾ। ਇਸ ਦੇ ਪਿੱਛੇ ਕੋਈ ਵੱਡੀ ਤਾਕਤ ਅਤੇ ਦਿਮਾਗ਼ ਕਰ ਰਿਹਾ ਹੋ ਸਕਦਾ ਹੈ। ਇਸੇ ਕਰ ਕੇ ਤਾਂ 35 ਸਾਲਾਂ ਤੋਂ ਸਾਰੀ ਕੌਮ ਕਦੇ ਰਾਸ਼ਟਰਪਤੀ, ਕਦੇ ਪ੍ਰਧਾਨ ਮੰਤਰੀ, ਕਦੇ ਕਿਸੇ ਹੋਰ ਨਾਲ ਮਿਲ ਕੇ ਇਨ੍ਹਾਂ ਇਤਿਹਾਸ ਦੇ ਪੰਨਿਆਂ ਦੀ ਮੰਗ ਕਰਦੀ ਰਹੀ ਪਰ ਦਸਿਆ ਕੁੱਝ ਨਾ ਗਿਆ ਕਿ ਜਵਾਬ ਵਿਚ ਦੂਜੀ ਧਿਰ ਨੇ ਵੀ ਕੁੱਝ ਹੱਥ ਪੱਲਾ ਫੜਾਇਆ ਸੀ ਜਾਂ ਨਹੀਂ ਐਸ.ਜੀ.ਪੀ.ਸੀ. ਹਰ ਵਾਰ ਇਸ ਮੰਗ ਨੂੰ ਦੁਹਰਾਉਂਦੀ ਰਹੀ ਪਰ ਪ੍ਰਭਾਵ ਇਹੀ ਦਿਤਾ ਗਿਆ ਕਿ ਕੁੱਝ ਵੀ ਵਾਪਸ ਨਹੀਂ ਆਇਆ।
1984 Darbar Sahib
ਹੁਣ ਤਾਂ ਇਹੀ ਜਾਪਦਾ ਹੈ ਕਿ ਇਨ੍ਹਾਂ 35 ਸਾਲਾਂ ਵਿਚ ਸਿੱਖਾਂ ਦੇ ਇਤਿਹਾਸ ਨਾਲ ਅੰਦਰੋਂ ਵੀ ਚਲਾਕੀ ਭਰੀ ਕੋਈ ਖੇਡ ਖੇਡੀ ਜਾ ਰਹੀ ਸੀ। ਫ਼ੌਜ ਦਾ ਨਾਂ ਲੈ ਕੇ, ਇਤਿਹਾਸਕ ਗ੍ਰੰਥਾਂ ਨੂੰ ਵਪਾਰਕ ਹਿਤਾਂ ਦੀ ਭੇਟ ਚੜ੍ਹਾ ਦਿਤਾ ਗਿਆ ਹੈ। ਦਰਬਾਰ ਸਾਹਿਬ ਤੇ ਕੀਤੀ ਦੇਵੀ ਦੇਵਤਿਆਂ ਦੀ ਮੀਨਾਕਾਰੀ ਸੱਭ ਤੋਂ ਜ਼ਿਆਦਾ ਚੁਭਦੀ ਹੈ ਅਤੇ ਸੱਭ ਪਾਸੇ ਚੁਪ ਚਾਂ ਕਿਉਂ ਪਸਰੀ ਹੋਈ ਹੈ, ਇਹ ਵੀ ਸਮਝ ਨਹੀਂ ਆਉਂਦੀ। ਅੱਜ ਇਹ ਵੀ ਨਹੀਂ ਪਤਾ ਕਿ ਹੁਣ ਅੱਗੇ ਕੋਈ ਜਾਂਚ ਹੋਵਗੀ ਜਾਂ ਨਹੀਂ। ਮੌਜੂਦਾ ਹਾਲਾਤ ਵਿਚ, ਐਸ.ਜੀ.ਪੀ.ਸੀ. ਵਲੋਂ ਕਰਵਾਈ ਗਈ ਜਾਂਚ ਬਹੁਤੇ ਲੋਕਾਂ ਦੀ ਤਸੱਲੀ ਨਹੀਂ ਕਰਵਾ ਸਕੇਗੀ। ਜਸਟਿਸ ਕੁਲਦੀਪ ਸਿੰਘ ਵਰਗੇ ਰੀਟਾਇਰਡ ਸਿੱਖ ਜੱਜਾਂ ਦਾ ਨਿਰਪੱਖ ਬੋਰਡ ਹੀ ਸੱਚ ਸਾਹਮਣੇ ਲਿਆ ਸਕਦਾ ਹੈ ਤੇ ਸੱਭ ਸਿੱਖਾਂ ਦੀ ਤਸੱਲੀ ਕਰਵਾ ਸਕਦਾ ਹੈ।
SGPC
ਮਾਮਲਾ ਸਾਰੇ ਪੰਥ ਦਾ ਹੈ, ਕੇਵਲ ਸ਼੍ਰੋਮਣੀ ਕਮੇਟੀ ਦਾ ਨਹੀਂ, ਇਸ ਲਈ ਪੰਥ ਦੇ ਹਿਤਾਂ ਵਿਚ, ਫ਼ੈਸਲਾ ਪੰਥ ਨੂੰ ਲੈਣਾ ਚਾਹੀਦਾ ਹੈ, ਕੇਵਲ ਸ਼੍ਰੋਮਣੀ ਕਮੇਟੀ ਨੂੰ ਨਹੀਂ। ਜੱਜਾਂ ਵਲੋਂ ਕੀਤੀ ਅਜਿਹੀ ਨਿਰਪੱਖ ਜਾਂਚ ਸ਼੍ਰੋਮਣੀ ਕਮੇਟੀ ਦਾ ਵਕਾਰ ਵੀ ਬਹਾਲ ਕਰ ਸਕਦੀ ਹੈ ਤੇ ਪੂਰੇ ਸੱਚ ਦਾ ਪਤਾ ਵੀ ਲਗਾ ਸਕਦੀ ਹੈ ਵਰਨਾ ਸ਼੍ਰੋਮਣੀ ਕਮੇਟੀ ਉਤੇ ਇਹ ਇਲਜ਼ਾਮ ਲਗਦਾ ਰਹੇਗਾ ਕਿ ਇਹ ਕੇਵਲ ਪੰਥ ਦਾ ਭਲਾ ਸੋਚਣ ਵਾਲਿਆਂ ਦੀ ਆਵਾਜ਼ ਹੀ ਬੰਦ ਕਰਨਾ ਚਾਹੁੰਦੀ ਹੈ ਤੇ ਕਿਸੇ ਬਹਾਨੇ ਮਾਮਲੇ ਨੂੰ ਠੰਢੇ ਬਸਤੇ ਵਿਚ ਉਦੋਂ ਤਕ ਪਾ ਦੇਣਾ ਚਾਹੁੰਦੀ ਹੈ ਜਦ ਤਕ ਲੋਕ ਆਪੇ ਹੀ ਇਸ ਨੂੰ ਭੁਲ ਨਾ ਜਾਣ। - ਨਿਮਰਤ ਕੌਰ