
''ਦਿੱਲੀ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ''
ਨਵੀਂ ਦਿੱਲੀ: ਜੇ ਕਰ ਗੱਲ ਕੀਤੀ ਜਾਵੇ ਰਾਸ਼ਟਰੀ ਮੀਡੀਏ ਦੀ ਤਾਂ ਕਿਸਾਨ ਸੰਘਰਸ਼ ਨੂੰ ਦੇਸ਼ ਦੇ ਇਕ ਐਨ.ਡੀ. ਟੀਵੀ ਤੋਂ ਛੁਟ ਕਿਸੇ ਦੂਜੇ ਚੈਨਲ ਨੇ ਬਣਦੀ ਕਵਰੇਜ ਨਹੀਂ ਦਿਤੀ, ਸਗੋਂ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਅਖੌਤੀ ਮੀਡੀਆ ਨੇ ਇਸ ਨੂੰ ਵੱਖ-ਵੱਖ ਲਹਿਰਾਂ ਨਾਲ ਜੋੜ ਦੇ ਬਦਨਾਮ ਕਰਨ ਦੀ ਕੋਸ਼ਿਸ਼ ਹੀ ਕੀਤੀ। ਉਕਤ ਸੰਘਰਸ਼ ਨੂੰ ਰਾਸ਼ਟਰੀ ਮੀਡੀਆ ਦੇ ਨਾਲ ਨਾਲ ਸਰਕਾਰ ਵਿਚ ਬੈਠੇ ਮੰਤਰੀਆਂ ਨੇ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕੀਤੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਸੰਘਰਸ਼ 32 ਸਾਲ ਪਹਿਲਾਂ ਵਿੱਢੇ ਮਹਿੰਦਰ ਟਕੈਤ ਵਾਲੇ ਇਤਿਹਾਸਕ ਸੰਘਰਸ਼ ਦੀਆਂ ਯਾਦਾਂ ਤਾਜ਼ਾ ਕਰਵਾਉਂਦਾ ਹੈ। ਇਹੀ ਵਜ੍ਹਾ ਹੈ ਕਿ ਉਕਤ ਸੰਘਰਸ਼ ਦੀ ਹਮਾਇਤ ਵਿਚ ਜਿਥੇ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਆਗੂ ਹਮਾਇਤ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਅੰਤਰਰਾਸ਼ਟਰੀ ਮੀਡੀਆ ਵਿਚ ਵੀ ਇਸ ਸੰਘਰਸ਼ ਨੂੰ ਵਿਸ਼ੇਸ਼ ਕਵਰੇਜ ਮਿਲਦੀ ਨਜ਼ਰ ਆ ਰਹੀ ਹੈ।
farmer protest
ਇਸ ਕਿਸਾਨੀ ਸੰਘਰਸ਼ ਨੂੰ ਅਮਰੀਕਾ ਦੇ ਅਖ਼ਬਾਰ 'ਦ ਨਿਊਯਾਰਕ ਟਾਈਮਜ਼' ਤੇ ਲੰਡਨ ਦੇ 'ਦਿ ਗਾਰਡਿਅਨ' ਦੇ ਨਾਲ ਨਾਲ ਹੋਰ ਕੌਮਾਂਤਰੀ ਪ੍ਰੈਸ ਨੇ ਅਪਣੀ ਕਵਰੇਜ ਵਿਚ ਪ੍ਰਮੁੱਖਤਾ ਦਿਤੀ ਹੈ। ਇਸ ਸੰਦਰਭ ਵਿਚ 'ਦਿ ਨਿਊਯਾਰਕ ਟਾਈਮਜ਼' ਨੇ ਅਪਣੀ ਰੀਪੋਰਟ ਵਿਚ ਲਿਖਿਆ ਹੈ ਕਿ ਪਿਛਲੇ ਦਿਨੀਂ ਜਿਨ੍ਹਾਂ ਕਿਸਾਨਾਂ ਨਾਲ ਉਨ੍ਹਾਂ ਦੇ ਨੁਮਾਇੰਦਿਆਂ ਨੇ ਗੱਲਬਾਤ ਕੀਤੀ, ਉਨ੍ਹਾਂ ਕਿਸਾਨਾਂ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੀ ਕਮਾਂਡ ਪੀਐੱਮ ਮੋਦੀ ਦੇ ਖ਼ਾਸ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਹੱਥ ਨਾ ਚਲੀ ਜਾਵੇ। ਰੀਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਮੋਦੀ ਦੀ ਪਾਰਟੀ ਤੇ ਸੱਜੇ ਪੱਖੀ ਨਿਊਜ਼ ਚੈਨਲਾਂ ਨੇ ਕਿਸਾਨਾਂ ਦੇ ਸੰਘਰਸ਼ ਨੂੰ 'ਦੇਸ਼ ਵਿਰੋਧੀ' ਆਖਿਆ ਹੈ ਕਿ ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਅਜਿਹੇ ਹੀ ਇਲਜ਼ਾਮ ਉਨ੍ਹਾਂ ਮੁਸਲਿਮ ਪ੍ਰਦਰਸ਼ਨਕਾਰੀਆਂ ਉਤੇ ਵੀ ਲੱਗੇ ਸਨ ਜਦ ਉਹ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਸਨ ਜਦੋਂ ਕਿ 'ਦ ਗਾਰਡੀਅਨ ਲੰਡਨ' ਦੀ ਰੀਪੋਰਟ ਮੁਤਾਬਕ ਜਦੋਂ ਹੀ ਕਿਸਾਨ ਦਿੱਲੀ ਵਲ ਕੂਚ ਕਰਨ ਲੱਗੇ, ਕੁੱਝ ਤਾਂ ਦਿੱਲੀ ਵਲ ਨੂੰ ਵੱਧ ਗਏ ਪਰ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਮੁੱਖ ਸਰਹੱਦਾਂ ਉਤੇ ਬੈਰੀਕੇਡ ਲਗਾ ਕੇ ਜਾਂ ਕੰਡਾ ਤਾਰ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਉਪਰੰਤ ਕਿਸਾਨਾਂ ਨੇ ਦਿੱਲੀ ਨਾਲ ਲਗਦੇ ਮੁੱਖ ਮਾਰਗਾਂ ਉਤੇ ਹੀ ਡੇਰੇ ਲਗਾ ਲਏ ਕਿਉਂਕਿ ਉਹ ਤਾਂ ਆਪ ਹੀ ਖਾਣ-ਪੀਣ ਨੂੰ ਲੈ ਕੇ ਮਹੀਨਿਆਂ ਦੀ ਤਿਆਰੀ ਕਰ ਕੇ ਆਏ ਹਨ।
Reporters
ਇਸ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਨਾ ਸਿਰਫ਼ ਪਾਣੀ ਦੀਆਂ ਵਾਛੜਾਂ ਮਾਰੀਆਂ ਸਗੋਂ ਅਥਰੂ ਗੈਸ ਦੇ ਗੋਲੇ ਵੀ ਦਾਗ਼ੇ ਅਤੇ ਨਾਲੋ ਨਾਲ ਜ਼ਮੀਨ ਪੁੱਟ ਕੇ ਉਨ੍ਹਾਂ ਦਾ ਰਾਹ ਰੋਕਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰਖਿਆ ਮੰਤਰੀ ਸੱਜਣ ਸਿੰਘ, ਐੱਨ.ਡੀ.ਪੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਤੇ ਕੈਨੇਡਾ ਤੇ ਬਰਤਾਨੀਆ ਦੇ ਕਈ ਸੰਸਦ ਮੈਂਬਰਾਂ ਨੇ ਵੀ ਕਿਸਾਨਾਂ ਦੇ ਸੰਘਰਸ਼ ਨਾਲ ਨਜਿੱਠਣ ਲਈ ਪੁਲਿਸ ਤੇ ਪ੍ਰਸ਼ਾਸਨ ਦੇ ਰਵਈਏ ਉਤੇ ਸਵਾਲ ਖੜੇ ਕੀਤੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਆਖਣਾ ਹੈ ਕਿ, ''ਭਾਰਤ ਤੋਂ ਕਿਸਾਨਾਂ ਦੇ ਅੰਦੋਲਨ ਦੀ ਖ਼ਬਰ ਮਿਲ ਰਹੀ ਹੈ। ਹਾਲਾਤ ਤਣਾਅਪੂਰਨ ਹਨ ਤੇ ਅਸੀ ਅਪਣੇ ਪ੍ਰਵਾਰਾਂ ਤੇ ਦੋਸਤਾਂ ਬਾਰੇ ਚਿੰਤਤ ਹਾਂ। ਮੈਂ ਤੁਹਾਨੂੰ ਦੱਸ ਦੇਵਾਂ ਕਿ ਕੈਨੇਡਾ ਸ਼ਾਤਮਈ ਵਿਰੋਧ ਦੇ ਅਧਿਕਾਰਾਂ ਦੀ ਰਖਿਆ ਲਈ ਹਮੇਸ਼ਾ ਖੜਾ ਹੈ।'' ਇਧਰ ਭਾਰਤ ਸਰਕਾਰ ਨੇ ਟਰੂਡੋ ਦੀਆਂ ਉਕਤ ਟਿਪਣੀਆਂ ਨੂੰ ਬੇਲੋੜੀਆਂ ਦਸਦਿਆਂ ਕਿਹਾ ਕਿ 'ਉਨ੍ਹਾਂ ਨੂੰ ਸਥਿਤੀ ਬਾਰੇ ਗ਼ਲਤ ਜਾਣਕਾਰੀ ਦਿਤੀ ਗਈ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ਼੍ਰੀਵਾਸਤਵ ਨੇ ਟਰੂਡੋ ਦੇ ਉਕਤ ਬਿਆਨ ਨੂੰ ਜਮਹੂਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਕਰਾਰ ਦਿਤਾ।' ਇਸ ਸੰਦਰਭ ਵਿਚ ਕੈਨੇਡਾ ਦੇ ਐੱਨ.ਡੀ.ਪੀ. ਦੇ ਕੌਮੀ ਪ੍ਰਧਾਨ ਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਹੈ।
TV Reporter
ਅਪਣੇ ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ''ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲੇ ਕਿਸਾਨਾਂ ਵਿਰੁਧ ਭਾਰਤ ਸਰਕਾਰ ਵਲੋਂ ਕੀਤੀ ਜਾ ਰਹੀ ਹਿੰਸਾ ਹੈਰਾਨ ਕਰਨ ਵਾਲੀ ਹੈ। ਮੈਂ ਪੰਜਾਬ ਤੇ ਪੂਰੇ ਭਾਰਤ ਦੇ ਕਿਸਾਨਾਂ ਨਾਲ ਡਟ ਕੇ ਖੜਾ ਹਾਂ। ਮੈਂ ਭਾਰਤ ਸਰਕਾਰ ਨੂੰ ਹਿੰਸਾ ਦੀ ਥਾਂ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਦੀ ਅਪੀਲ ਕਰਦਾ ਹਾਂ।'' ਦਰਅਸਲ ਉਹ ਕੈਨੇਡਾ ਦੇ ਐਮ.ਪੀ ਜੈਕ ਹੈਰਿਸ ਦੇ ਟਵੀਟ ਦਾ ਜਵਾਬ ਦੇ ਰਹੇ ਸਨ। ਜੈਕ ਹੈਰਿਸ ਨੇ ਟਵੀਟ ਕੀਤਾ ਸੀ, ''ਰੋਜ਼ੀ-ਰੋਟੀ ਖ਼ਤਰੇ ਵਿਚ ਪਾਉਣ ਵਾਲੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਉਤੇ ਭਾਰਤ ਸਰਕਾਰ ਦੇ ਦਮਨ ਨੂੰ ਵੇਖ ਕੇ ਅਸੀ ਹੈਰਾਨ ਹਾਂ। ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੀ ਵਰਤੋਂ ਕਰਨ ਦੀ ਥਾਂ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਸ਼ਾਂਤੀ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦੀ ਲੋੜ ਹੈ।'' ਇਸ ਤੋਂ ਇਲਾਵਾ ਐਨ.ਡੀ.ਪੀ. ਦੀ ਲੀਡਰ ਰੇਚਲ ਨੋਟਲੀ ਨੇ ਵੀ ਆਖਿਆ ਹੈ ਕਿ ਅਸੀ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਤੇ ਸਰਕਾਰ ਨਾਲ ਕਿਸਾਨਾਂ ਦੀ ਉਚਿਤ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਕਰਦੇ ਕਿਸਾਨਾਂ ਉਤੇ ਤਸ਼ੱਦਦ ਢਾਹਣਾ ਗ਼ਲਤ ਸੀ।
farmer
ਇਸ ਤੋਂ ਇਲਾਵਾ ਐਨ.ਡੀ.ਪੀ ਦੇ ਇਕ ਹੋਰ ਲੀਡਰ ਗੁਰਰਤਨ ਸਿੰਘ ਦੀ ਵੀ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਕਿਸਾਨਾਂ ਨਾਲ ਹਰਿਆਣਾ ਵਿਚ ਹੋਈ ਕਾਰਵਾਈ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਢਿੱਡ ਭਰਨ ਵਾਲਿਆਂ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ, ਉਨ੍ਹਾਂ ਉਤੇ ਤਸ਼ਦੱਦ ਢਾਹਿਆ ਜਾਣਾ ਗ਼ਲਤ ਹੈ। ਦੂਜੇ ਪਾਸੇ ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਨੇ ਅਪਣੇ ਟਵੀਟ ਵਿਚ ਕਿਹਾ ਕਿ, ''ਕੁੱਟਮਾਰ ਕਰਨ ਤੇ ਦਬਾਉਣ ਵਾਲੇ ਲੋਕਾਂ ਨੂੰ ਖਾਣਾ ਖੁਆਉਣ ਲਈ ਖ਼ਾਸ ਤਰ੍ਹਾਂ ਦੇ ਲੋਕਾਂ ਦੀ ਲੋੜ ਹੁੰਦੀ ਹੈ।'' ਉਨ੍ਹਾਂ ਅੱਗੇ ਕਿਹਾ, ''ਮੈਂ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦੇ ਨਾਲ ਖੜਾ ਹਾਂ ਜਿਸ ਵਿਚ ਸਾਡੇ ਪ੍ਰਵਾਰ ਤੇ ਦੋਸਤ ਵੀ ਸ਼ਾਮਲ ਹਨ, ਜੋ ਸ਼ਾਂਤਮਈ ਢੰਗ ਨਾਲ ਨਿਜੀਕਰਨ ਵਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।'' ਜਦੋਂ ਕਿ ਯੂ.ਕੇ. ਦੀ ਹੀ ਇਕ ਹੋਰ ਐੱਮ.ਪੀ. ਪ੍ਰੀਤ ਕੌਰ ਗਿੱਲ ਨੇ ਕਿਸਾਨਾਂ ਉਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਦੀ ਆਲੋਚਨਾ ਕੀਤੀ ਹੈ।
ਅਪਣੇ ਟਵੀਟ ਵਿਚ ਗਿਲ ਨੇ ਕਿਹਾ ਕਿ ''ਦਿੱਲੀ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਰੋਜ਼ੀ-ਰੋਟੀ ਉਤੇ ਅਸਰ ਪਾਉਣ ਵਾਲੇ ਵਿਵਾਦਤ ਕਾਨੂੰਨਾਂ ਵਿਰੁਧ ਕਿਸਾਨ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਪਾਣੀ ਦੀਆਂ ਵਾਛੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।'' ਜਦੋਂ ਕਿ ਕੈਨੇਡਾ ਦੇ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਕਿਹਾ ਕਿ ਭਾਰਤ ਵਿਚ ਸ਼ਾਂਤਮਈ ਮੁਜ਼ਾਹਰਾ ਕਰਨ ਵਾਲੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਦੁਖ ਦੇਣ ਵਾਲੀ ਕਰਾਰ ਦਿਤਾ ਹੈ। ਉਨ੍ਹਾਂ ਅਪਣੇ ਟਵੀਟ ਵਿਚ ਕਿਹਾ ਕਿ ''ਭਾਰਤ ਵਿਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨਾਲ ਜ਼ਾਲਮਾਨਾ ਹਰਕਤਾਂ ਦੀਆਂ ਖ਼ਬਰਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੇਰੇ ਚੋਣ ਖੇਤਰ ਦੇ ਬਹੁਤ ਸਾਰੇ ਲੋਕਾਂ ਦੇ ਪ੍ਰਵਾਰ ਉਥੇ ਹਨ ਤੇ ਉਹ ਅਪਣੇ ਰਿਸ਼ਤੇਦਾਰਾਂ ਦੀ ਸੁਰੱਖਿਆ ਲਈ ਚਿੰਤਤ ਹਨ।''
'ਸਿਹਤਮੰਦ ਲੋਕਤੰਤਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦਿੰਦੇ ਹਨ। ਮੈਂ ਇਸ ਵਿਚ ਸ਼ਾਮਲ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬੁਨਿਆਦੀ ਅਧਿਕਾਰ ਨੂੰ ਕਾਇਮ ਰੱਖਣ।'' ਜਦੋਂ ਕਿ ਪ੍ਰਸਿੱਧ ਕੈਨੇਡੀਅਨ ਕਾਮੇਡੀਅਨ ਲਿੱਲੀ ਸਿੰਘ ਨੇ ਕਿਸਾਨਾਂ ਉਤੇ ਪੁਲਿਸ ਦੀ ਕਾਰਵਾਈ ਉਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਇਹ ਭਿਆਨਕ ਹੈ ਤੇ ਅਸੀ ਜ਼ਿਆਦਾਤਰ ਨਿਆਂ ਮਿਲਦਿਆਂ ਨਹੀਂ ਵੇਖਿਆ। ਇਥੇ ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਅਪਣੇ ਮਹੀਨੇਵਾਰ ਪ੍ਰੋਗਰਾਮ 'ਮਨ ਕੀ ਬਾਤ' ਵਿਚ ਇਹ ਕਿਹਾ ਸੀ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਨਵੇਂ ਵਿਕਲਪ ਲੈ ਕੇ ਆਉਣਗੇ ਪਰ ਜਿਥੋਂ ਤਕ ਕਿਸਾਨਾਂ ਦਾ ਸਵਾਲ ਹੈ ਉਹ ਸ਼ੁਰੂ ਤੋਂ ਹੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਆ ਰਹੇ ਹਨ। ਕਿਸਾਨਾਂ ਨੂੰ ਇਹ ਲਗਦਾ ਹੈ ਕਿ ਉਕਤ ਕਾਨੂੰਨ ਉਨ੍ਹਾਂ ਦੀ ਹੋਂਦ ਤੇ ਉਨ੍ਹਾਂ ਦੇ ਮੁਢਲੇ ਅਧਿਕਾਰਾਂ ਉਤੇ ਡਾਕੇ ਦੇ ਸਮਾਨ ਹਨ।
ਅੱਬਾਸ ਧਾਲੀਵਾਲ,ਸੰਪਰਕ : 98552-59650