
ਕਿਸਾਨ ਦੀ ਦਿਲੀ ਭਾਵਨਾ ਹੁੰਦੀ ਹੈ ਕਿ ਕੋਈ ਭੁੱਖਾ ਨਾ ਸੌਵੇਂ- ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ॥
ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਿਸ ਵਿਚ ਬਹੁਤ ਹੀ ਸਹਿਜ, ਸੰਤੋਖ, ਧੀਰਜ, ਵਿਚਾਰ, ਆਪਸੀ ਭਾਈਚਾਰਕ ਪਿਆਰ ਦੀਆਂ ਤੰਦਾਂ ਨੂੰ ਜਿਵੇਂ ਮਜ਼ਬੂਤੀ ਮਿਲੀ ਹੈ, ਉਹ ਕਿਸੇ ਕੋਲੋਂ ਗੁਝੀ ਛਿੱਪੀ ਨਹੀਂ। ਕਿਸਾਨੀ ਸੰਘਰਸ਼ ਨੇ 21ਵੀਂ ਸਦੀ ਵਿਚ ਅਪਣੀਆਂ ਰਵਾਇਤਾਂ ਨੂੰ ਦੁਹਰਾਇਆ ਹੀ ਨਹੀਂ, ਸਗੋਂ ਸਿੱਖੀ ਸੰਦਰਭ ਵਿਚ ਸਿਦਕ, ਸਿਰੜ ਤੇ ਕੌਮੀ ਅਣਖ਼ ਦੀਆਂ ਨਵੀਆਂ ਪਿਰਤਾਂ ਵੀ ਕਾਇਮ ਕੀਤੀਆਂ ਹਨ। ਕਿਸਾਨੀ ਸੰਘਰਸ਼ ਵਿਚ ਸਿੱਖੀ ਦਾ ਅਲੌਕਿਕ ਕਿਰਦਾਰ ਵੇਖਣ ਨੂੰ ਮਿਲਿਆ ਹੈ। ਬਜ਼ੁਰਗਾਂ ਤੇ ਨੌਜੁਆਨਾਂ ਦਾ ਉਤਸ਼ਾਹ ਤੇ ਸੇਵਾ ਭਾਵਨਾ ਵੇਖ ਕੇ ਹਰ ਬਸ਼ਰ ਸਿਜਦਾ ਕਰਨ ਲਈ ਮਜਬੂਰ ਹੋ ਜਾਂਦਾ ਹੈ।
Farmers Protest
ਠੰਢ ਦੀ ਪੂਰੀ ¬ਕ੍ਰੋਪੀ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇ ਸਿਰ ਧੜ ਦੀ ਬਾਜ਼ੀ ਲਗਾਈ ਹੋਈ ਹੈ। ਕਿਸਾਨੀ ਸੰਘਰਸ਼ ਨੇ ਜਿਥੇ ਇਤਿਹਾਸ ਦੀਆਂ ਪ੍ਰੰਪਰਾਵਾਂ ਨੂੰ ਦੁਹਰਾਇਆ ਹੈ, ਉਥੇ ਬਹੁਤ ਕੁੱਝ ਨਵਾਂ ਵੀ ਸਿਰਜਿਆ ਹੈ। ਕਿਸਾਨੀ ਸੰਘਰਸ਼ ਵਿਚ ਹਿੱਸਾ ਲੈ ਰਹੇ ਕਿਸਾਨਾਂ ਨੇ ਜ਼ਾਬਤੇ ਵਿਚ ਰਹਿ ਕੇ ਅਪਣੇ ਪੁਰਖਿਆਂ ਦੇ ਕਿਰਦਾਰ ਨੂੰ ਉਜਾਗਰ ਕੀਤਾ ਹੈ। ਕਿਸਾਨ ਅਪਣੀ ਧਰਤੀ ਤੇ ਖੇਤੀ ਨੂੰ ਦਿੱਲੋਂ ਪਿਆਰ ਕਰਦਾ ਹੈ। ਖੇਤੀ ਨੂੰ ਇਸ ਆਸ ਨਾਲ ਬੀਜਦਾ ਹੈ ਕਿ ਜਿਥੇ ਮੇਰਾ ਪੁੱਤ ਧੀ ਢਿੱਡ ਭਰੇਗਾ, ਉਥੇ ਸੰਸਾਰ ਦੇ ਲੋਕ ਵੀ ਢਿੱਡ ਭਰਨਗੇ।
Farmers Protest
ਕਿਸਾਨ ਦੀ ਦਿਲੀ ਭਾਵਨਾ ਹੁੰਦੀ ਹੈ ਕਿ ਕੋਈ ਭੁੱਖਾ ਨਾ ਸੌਵੇਂ- ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ॥ (166) ਕਿਸਾਨ ਖੇਤੀ ਦਾ ਕੰਮ ਜੀ ਲਾ ਕੇ (ਪੂਰੀ ਮਿਹਨਤ ਨਾਲ) ਕਰਦਾ ਹੈ, ਹੱਲ ਵਾਹੁੰਦਾ ਹੈ, ਉਦਮ ਕਰਦਾ ਹੈ ਤੇ ਤਾਂਘ ਕਰਦਾ ਹੈ (ਕਿ ਫ਼ਸਲ ਚੰਗੀ ਲੱਗੇ ਤਾਂ ਜੁ) ਮੇਰਾ ਪੁੱਤਰ ਖਾਏ ਮੇਰੀ ਧੀ ਖਾਏ।
ਕਿਸਾਨੀ ਦਾ ਪਿਛੋਕੜ :- ਜਿੰਨਾ ਪੁਰਾਣਾ ਮਨੁੱਖੀ ਸਭਿਅਤਾ ਦਾ ਇਤਿਹਾਸ ਹੈ ਓਨਾ ਪੁਰਾਣਾ ਇਤਿਹਾਸ ਖੇਤੀ ਨਾਲ ਜੁੜਿਆ ਹੋਇਆ ਮਿਲਦਾ ਹੈ। ਮਨੁੱਖ ਨੇ ਪੇਟ ਦੀ ਅੱਗ ਬੁਝਾਉਣ ਲਈ ਤਰ੍ਹਾਂ ਤਰ੍ਹਾਂ ਦੀ ਖੇਤੀ ਕੀਤੀ ਹੈ। ਕਿਸਾਨ ਅਪਣੇ ਆਪ ਨੂੰ ਧਰਤੀ ਦਾ ਪੁੱਤਰ ਸਮਝਦਾ ਹੈ ਤੇ ਖੇਤੀ ਨੂੰ ਅਪਣੇ ਪੁੱਤਰਾਂ-ਧੀਆਂ ਵਾਂਗ ਪਾਲਦਾ ਹੈ। ਬੜੀ ਆਸ ਨਾਲ ਫ਼ਸਲ ਬੀਜ ਕੇ ਪੱਕਣ ਲਈ ਉਡੀਕ ਕਰਦਾ ਹੈ। ਕਿਸਾਨ ਦੀਆਂ ਸਾਰੀਆਂ ਲੋੜਾਂ ਖੇਤੀ ਵਿਚੋਂ ਹੀ ਪੂਰੀਆਂ ਹੋਣੀਆਂ ਹਨ। ਦੁਨੀਆਂ ਦਾ ਸਾਰਾ ਕਾਰੋਬਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਖੇਤੀ ਇਕ ਐਸਾ ਧੁਰਾ ਹੈ ਜਿਸ ਦੁਆਲੇ ਲੁਕਾਈ ਦੀਆਂ ਲੋੜਾਂ ਘੁੰਮਦੀਆਂ ਹਨ।
ਬਾਬਾ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਦੀ ਧਰਤੀ ਉਤੇ ਖੇਤੀ ਕਰਦਿਆਂ ਹੱਲ ਵਾਹਿਆ ਤੇ ਜੀਵਨ ਜੁਗਤੀ ਸਮਝਾਉਣ ਲਈ ਧਰਮਸਾਲ ਕਾਇਮ ਕੀਤੀ। ਅਪਣੇ ਜੀਵਨ ਕਾਲ ਵਿਚ ਵਿਚਰਦਿਆਂ ਲੋਕਾਂ ਦੀਆਂ ਪਾਣੀ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਾਇਆ। ਖੂਹਾਂ ਦਾ ਪ੍ਰਬੰਧ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਗੁਰੂ ਸਾਹਿਬ ਜੀ ਦੀ ਬਾਣੀ ਵਿਚੋਂ ਖੇਤੀ ਨਾਲ ਸਬੰਧਤ ਉਦਾਹਰਣਾਂ ਬਹੁਤ ਮਿਲ ਜਾਂਦੀਆਂ ਹਨ।
Kartarpursahib
ਅਕਬਰ ਬਾਦਸ਼ਾਹ ਜਦੋਂ ਗੋਇੰਦਵਾਲ ਆਇਆ ਤਾਂ ਉਸ ਨੇ ਗੁਰੂ ਅਮਰਦਾਸ ਜੀ ਨਾਲ ਸਮਾਜ ਦੇ ਭਲੇ ਲਈ ਡੂੰਘੀਆਂ ਵਿਚਾਰਾਂ ਕੀਤੀਆਂ। ਗੁਰੂ ਸਾਹਿਬ ਜੀ ਨੇ ਸਮਾਜ ਸੁਧਾਰ ਲਈ ਸਤੀ ਰਸਮ ਬੰਦ ਕਰਨ ਅਤੇ ਗ਼ੈਰ-ਮੁਸਲਮਾਨਾਂ ਦੇ ਲੱਗੇ ਜਜ਼ੀਆ ਟੈਕਸ ਬੰਦ ਕਰਨ ਲਈ ਕਿਹਾ। ਕਿਸਾਨਾਂ ਦੇ ਭਲੇ ਲਈ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ ਕੋਲੋਂ ਕਿਸਾਨੀ ਮਾਮਲਾ ਇਕ ਸਾਲ ਦਾ ਮਾਫ਼ ਕਰਵਾਇਆ ਕਿਉਂਕਿ ਮੀਂਹ ਨਾ ਪੈਣ ਕਰ ਕੇ ਫ਼ਸਲਾਂ ਬਹੁਤ ਘੱਟ ਹੋਈਆਂ ਸਨ।
ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਸਾਨੀ ਦੀ ਸੰਭਾਲ ਲਈ ਖੂਹ ਲਵਾ ਕੇ ਦਿਤੇ। ਛੇ-ਛੇ ਮਾਲਾਂ (ਟਿੰਡਾਂ ਦੀਆਂ ਮਾਲਾਂ) ਵਾਲੇ ਇਕੱਠੇ ਖੂਹ ਲਵਾਏ ਤਾਕਿ ਬਹੁਤਿਆਂ ਖੂਹਾਂ ਦੀ ਵੇਖ ਭਾਲ ਥੋੜੇ ਬੰਦਿਆਂ ਨਾਲ ਹੀ ਕੀਤੀ ਜਾ ਸਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਸਾਨੀ ਨੂੰ ਉਤਸਾਹਤ ਕਰਨ ਲਈ ਮਾਲਵੇ ਵਿਚ ਖ਼ੂਹਾਂ ਦਾ ਪ੍ਰਬੰਧ ਕੀਤਾ। ਦੁਨੀਆਂ ਤੇ ਉਦੋਂ ਇਕ ਨਵੇਂ ਇਨਕਲਾਬ ਨੇ ਜਨਮ ਲਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜ਼ਾਰਿਆਂ ਨੂੰ ਜ਼ਮੀਨੀ ਹੱਕ ਦਿਤੇ।
Maharaja Ranjit Singh
ਮਹਾਰਾਜਾ ਰਣਜੀਤ ਸਿੰਘ ਨੇ ਕਿਸਾਨਾਂ ਨੂੰ ਅਪਣੇ ਮਹੱਲਾਂ ਵਿਚ ਬੁਲਾ ਕੇ ਉਨ੍ਹਾਂ ਦੀਆਂ ਉਨ੍ਹਾਂ ਕੋਲੋਂ ਮੁਸ਼ਕਲਾਂ ਪੁੱਛੀਆਂ। ਜਿਵੇਂ-ਜਿਵੇਂ ਕਿਸਾਨ ਅਪਣੀਆਂ ਮੁਸ਼ਕਲਾਂ ਦਸਦੇ ਗਏ, ਮਹਾਂਰਾਜਾ ਰਣਜੀਤ ਸਿੰਘ ਨਾਲ ਦੀ ਨਾਲ ਹੀ ਹੱਲ ਕਰਨ ਦੇ ਹੁਕਮ ਜਾਰੀ ਕਰੀ ਜਾਂਦਾ ਸੀ। ਜੇ ਮਹਾਰਾਜਾ ਦੇ ਰਾਜ ਵਿਚ ਕਾਲ ਪੈ ਜਾਂਦਾ ਹੈ ਤਾਂ ਆਪ ਦਾਣਿਆਂ ਦੀਆਂ ਪੰਡਾਂ ਚੁੱਕ ਕੇ ਅਪਣੀ ਪਰਜਾ ਦੇ ਘਰਾਂ ਵਿਚ ਛੱਡ ਕੇ ਆਉਂਦਾ ਸੀ।
ਅੰਗਰੇਜ਼ਾਂ ਨੂੰ ਪੰਜਾਬੀਆਂ ਦੀ ਅੰਦਰਲੀ ਅਸਲੀਅਤ ਸਮਝ ਆਈ ਤਾਂ ਉਨ੍ਹਾਂ ਨੇ ਪਛਮੀ ਪੰਜਾਬ (ਬਾਰਾਂ) ਵਿਚ ਕਿਸਾਨਾਂ ਨੂੰ ਜ਼ਮੀਨਾਂ ਦੇ ਕੇ ਖੇਤੀ ਵਿਚ ਨਵੀਂ ¬ਕ੍ਰਾਂਤੀ ਲਿਆਂਦੀ। ਪੰਜਾਬ ਦੇ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਸਾਂਦਲੀ ਬਾਰ, ਗੰਜੀ ਬਾਰ ਤੇ ਨੀਲੀ ਬਾਰ ਨੂੰ ਅਬਾਦ ਕੀਤਾ। ਭਾਰਤ ਦੀ ਘਟੀਆ ਰਾਜਨੀਤੀ ਨੇ 1947 ਨੂੰ ਜਾਨ ਨਾਲੋਂ ਵੱਧ ਪਿਆਰੀਆਂ ਅਬਾਦ ਕੀਤੀਆਂ ਬਾਰਾਂ ਨੂੰ ਛਡਣਾ ਪਿਆ।
Farmers protest
ਪਛਮੀ ਪੰਜਾਬ ਦੀਆਂ ਬਾਰਾਂ ਵਾਲੀ ਉਪਜਾਊ ਜ਼ਮੀਨ ਛੱਡਣ ਦਾ ਦੁੱਖ ਅੱਜ ਵੀ ਬਜ਼ੁਰਗਾਂ ਦੀਆਂ ਝੁਰੜੀਆਂ ਤੋਂ ਪੜਿ੍ਹਆ ਜਾ ਸਕਦਾ ਹੈ। ਅਪਣੀ ਭੋਂਇ ਛੱਡਣ ਦੀ ਚੀਸ ਬਜ਼ੁਗਰ ਮਾਵਾਂ ਦੇ ਅਥਰੂਆਂ ਵਿਚੋਂ ਵੇਖੀਆ ਜਾ ਸਕਦੀ ਹੈ। ਸਰ ਛੋਟੂ ਰਾਮ ਨੇ ਕਿਸਾਨ ਦੀ ਹਵੇਲੀ ਤੇ ਬਲਦਾਂ ਦੀ ਜੋੜੀ ਨਿਲਾਮ ਹੋਣ ਤੋਂ ਬਚਾਉਣ ਲਈ ਕਾਨੂੰਨ ਵਿਚ ਸੋਧ ਕੀਤੀ। ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਕਿਸਾਨੀ ਦੀ ਬਿਹਤਰੀ ਲਈ ਮੁਰੱਬੇਬੰਦੀ ਕਰ ਕੇ ਸਿੱਕੇ ਬੰਦ ਕੰਮ ਕੀਤਾ।
ਕਿਸਾਨੀ ਲਈ ਕਾਲੇ ਕਾਨੂੰਨ :- ਸੰਸਾਰ ਪੱਧਰ ਉਤੇ ਵੱਡੇ ਵਪਾਰੀ ਫ਼ਾਇਦਾ ਲੈਣ ਲਈ ਸਰਕਾਰਾਂ ਕੋਲੋਂ ਅਪਣੇ ਹੱਕ ਲਈ ਅਕਸਰ ਕਾਨੂੰਨ ਬਣਾਉਂਦੇ ਰਹਿੰਦੇ ਹਨ। ਕੋਵਿਡ-19 ਸਮੇਂ ਜਦੋਂ ਸਾਰਾ ਸੰਸਾਰ ਤਾਲਾਬੰਦੀ ਦੇ ਅਧੀਨ ਹੋ ਕੇ ਘਰਾਂ ਦੀਆਂ ਚਾਰ ਦੀਵਾਰੀਆਂ ਵਿਚ ਬੰਦ ਸੀ, ਵਪਾਰੀਆਂ ਨੇ ਵੇਖਿਆ ਕਿ ਬਾਕੀ ਸਾਰੇ ਖੇਤਰਾਂ ਨੂੰ ਤਾਲੇ ਲੱਗ ਗਏ ਹਨ, ਲੋਕਾਂ ਦਾ ਕਾਰਾਂ, ਕਪੜਿਆਂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ ਪਰ ਰੋਟੀ ਤੋਂ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੋ ਸਕਦਾ।
ਬੜੀ ਕਾਹਲ ਤੇ ਚਲਾਕੀ ਨਾਲ ਲੋਕ ਸਭਾ ਵਿਚ ਕਾਨੂੰਨ ਬਣਾਉਣ ਦੀ ਥਾਂ ਉਤੇ ਸਿੱਧੇ ਤੌਰ ਉਤੇ ਆਰਡੀਨੈੱਸ ਜਾਰੀ ਕਰ ਦਿਤੇ। ਭਾਜਪਾ ਦਾ ਲੋਕ ਸਭਾ ਵਿਚ ਬਹੁਮਤ ਹੋਣ ਕਰ ਕੇ ਇਹ ਬਿੱਲ ਪਾਸ ਕਰਨ ਵਿਚ ਕੋਈ ਦਿੱਕਤ ਨਾ ਆਈ। ਭਾਵੇਂ ਰਾਜ ਸਭਾ ਵਿਚ ਭਾਜਪਾ ਦੀ ਬਹੁ ਗਿਣਤੀ ਨਹੀਂ ਸੀ, ਫਿਰ ਵੀ ਹੱਥ ਖੜੇ ਕਰ ਕੇ ਇਹ ਖੇਤੀ ਲਈ ਕਾਲੇ ਕਾਨੂੰਨ ਪਾਸ ਕਰ ਦਿਤੇ ਗਏ।
Parliament
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਪਰ ਜਦੋਂ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਦੀ ਘੋਖ ਕੀਤੀ ਤਾਂ ਇਹ ਸਮਝਣ ਵਿਚ ਕੋਈ ਦੇਰ ਨਾ ਲੱਗੀ ਕਿ ਇਹ ਤਾਂ ਸਾਡੀ ਮੌਤ ਦੇ ਸਿੱਧੇ ਵਰੰਟ ਹਨ। ਸੱਭ ਤੋਂ ਅਹਿਮ ਸਵਾਲ ਹੈ ਕਿ ਖੇਤੀ ਕਾਨੂੰਨਾਂ ਵਿਚ ਸੁਧਾਰ ਲਿਆਉਣ ਲਈ ਕਾਨੁੰਨ ਬਣਾਉਣ ਦਾ ਅਧਿਕਾਰ, ਸੰਵਿਧਾਨ ਨੇ ਸੂਬਿਆਂ ਨੂੰ ਦਿਤਾ ਹੈ, ਕੇਂਦਰ ਨੂੰ ਨਹੀਂ। ਦੂਜਾ ਚੱਲ ਰਹੀ ਪ੍ਰਣਾਲੀ ਨੂੰ ਦਰ ਕਿਨਾਰ ਕਰਦਿਆਂ ਵਪਾਰਕ ਘਰਾਣਿਆਂ ਦੇ ਪ੍ਰਭਾਵ ਹੇਠ ਆ ਕੇ ਬਿਨਾਂ ਲਾਇਸੰਸ ਦੇ ਕੇਵਲ ਪੈਨ ਕਾਰਡ ਦੇ ਆਧਾਰ ਉਤੇ ਮੰਡੀਆਂ ਸਥਾਪਤ ਕਰਨ ਦੀ ਖੁਲ੍ਹ ਦੇ ਦਿਤੀ।
Farmer
ਘੱਟੋ-ਘੱਟ ਸਮਰਥਨ ਮੁੱਲ ਦੀ ਕੋਈ ਗਰੰਟੀ ਨਹੀਂ ਰੱਖੀ ਗਈ। 23 ਫ਼ਸਲਾਂ ਉਤੇ ਐਮ. ਐਸ. ਪੀ ਹੋਣ ਦੇ ਨਾਤੇ ਵੀ ਅਜੇ ਤਕ ਕੇਵਲ ਝੋਨੇ ਤੇ ਕਣਕ ਉਤੇ ਹੀ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਹੈ। ਕੋਈ ਵੀ ਵਪਾਰੀ ਸਮਰਥਨ ਮੁੱਲ ਨਾਲੋਂ ਦੁਗਣੀ ਕੀਮਤ ਤੇ ਵੇਚ ਸਕਦਾ ਹੈ। ਪਰ ਖੇਤੀ ਕਿਸਾਨ ਅਪਣੀ ਕਿਸੇ ਸਮੱਸਿਆ ਦੇ ਹੱਲ ਲਈ ਐਸ.ਡੀ.ਐਮ ਤਕ ਫਿਰ ਡੀ.ਸੀ. ਤਕ ਚਾਰਾਜੋਈ ਕਰ ਸਕਦਾ ਹੈ।
Farmer
ਅਦਾਲਤ ਵਿਚ ਕਿਸਾਨ ਕੋਈ ਚਾਰਾਜੋਈ ਨਹੀਂ ਕਰ ਸਕਦਾ। ਵਪਾਰੀ ਠੇਕੇ ਉਤੇ ਜ਼ਮੀਨ ਲੈ ਕੇ ਉਸ ਉਤੇ ਕਰਜ਼ਾ ਚੁੱਕ ਕੇ ਕਹਿ ਸਕਦਾ ਹੈ ਕਿ ਮੈਨੂੰ ਘਾਟਾ ਪੈ ਗਿਆ, ਫਿਰ ਇਹ ਕਰਜ਼ਾ ਵੀ ਕਿਸਾਨ ਨੂੰ ਹੀ ਤਾਰਨਾ ਪਏਗਾ। ਵਪਾਰੀਆਂ ਵਲੋਂ ਸਥਾਪਤ ਕੀਤੀਆਂ ਮੰਡੀਆਂ ਵਿਚ ਕਿਸਾਨ ਅਪਣੀ ਫ਼ਸਲ ਲੈ ਕੇ ਆਏਗਾ ਤਾਂ ਵਪਾਰੀ ਮਰਜ਼ੀ ਦਾ ਮੁੱਲ ਤਹਿ ਕਰੇਗਾ। ਮਰਦਾ ਕੀ ਨਾ ਕਰਦਾ ਦੇ ਮੁਹਾਵਰੇ ਅਨੁਸਾਰ ਕਿਸਾਨ ਮਜਬੂਰੀ ਵੱਸ ਸਸਤੇ ਭਾਅ ਅਪਣੀ ਫ਼ਸਲ ਵੇਚ ਜਾਏਗਾ। ਵਪਾਰੀ ਕਿਸਾਨ ਦਾ ਕਦੇ ਵੀ ਫ਼ਾਇਦਾ ਨਹੀਂ ਕਰੇਗਾ, ਸਗੋਂ ਇਹ ਸਾਬਤ ਕਰੇਗਾ ਕਿ ਫ਼ਸਲ ਦੀ ਕੁਆਲਟੀ ਵਧੀਆ ਨਹੀਂ, ਇਸ ਲਈ ਇਸ ਦਾ ਮੁੱਲ ਏਨਾ ਕੁ ਹੀ ਪੈਣਾ ਹੈ। ਕਿਸਾਨ ਵਪਾਰੀ ਦੀ ਮਨਸ਼ਾ ਅਨੁਸਾਰ ਫਸਲ ਵੇਚਣ ਲਈ ਮਜ਼ਬੂਰ ਹੋਏਗਾ।
PM Modi
ਕੇਂਦਰੀ ਸਰਕਾਰ ਆਖਦੀ ਹੈ ਕਿ ਕਿਸਾਨ ਦੀ ਆਮਦਨ ਦੁਗਣੀ ਹੋ ਜਾਏਗੀ ਪਰ ਇਹ ਨਹੀਂ ਦਸਦੇ ਕਿ ਤੁਹਾਡੀ ਫ਼ਸਲ ਨੂੰ ਲੈ ਕੇ ਵਪਾਰੀ ਦੀ ਅਮਦਨ ਚਾਰ ਗੁਣਾਂ ਵੱਧ ਜਾਏਗੀ। ਕਿਸਾਨਾਂ ਨੂੰ ਆਮਦਨ ਦਾ ਫ਼ਾਇਦਾ ਦੱਸ ਕੇ ਉਸ ਦੀ ਜ਼ਮੀਨ ਹਥਿਆਉਣ ਦਾ ਇਕ ਯਤਨ ਕੀਤਾ ਜਾ ਰਿਹਾ ਹੈ। ਜਦੋਂ ਦੀ ਮੋਦੀ ਸਰਕਾਰ ਹੋਂਦ ਵਿਚ ਆਈ ਹੈ ਇਹ ਉਦੋਂ ਤੋਂ ਹੀ ਵਪਾਰੀਆਂ ਨੂੰ ਫ਼ਾਇਦਾ ਦੇਣ ਵਿਚ ਜੁਟੀ ਹੋਈ ਹੈ। ਕੇਂਦਰੀ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੋਧ ਵਿਚ ਪੰਜਾਬ ਦੀਆਂ 31 ਜਥੇਬੰਦੀਆਂ ਨੇ ਬੜੀ ਸਫ਼ਲਤਾ ਨਾਲ ਰੇਲ ਰੋੋਕੋ ਪ੍ਰੋਗਰਾਮ ਨਿਭਾਇਆ ਪਰ ਕੇਂਦਰੀ ਸਰਕਾਰ ਦੇ ਕੰਨ ਉਤੇ ਜੂੰ ਨਾ ਸਰਕੀ।
Farmers Protest
ਅੱਕ ਕੇ ਸਾਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਘੇਰ ਲਈ। ਦੁਨੀਆਂ ਦਾ ਪਹਿਲਾ ਅੰਦੋਲਨ ਜਿਸ ਵਿੱਚ ਬਹੁਤ ਕੁੱਝ ਪਹਿਲੀ ਵਾਰ ਵਾਪਰਿਆ ਜੋ ਪਹਿਲਾਂ ਕਦੇ ਨਹੀਂ ਵਾਪਰਿਆ ਤੇ ਪਹਿਲੀ ਵਾਰ, ਇਹ ਅੰਦੋਲਨ ਕਿਸੇ ਸਿਆਸੀ ਲੀਡਰਸ਼ਿਪ ਤੋਂ ਬਿਨਾਂ ਚੱਲ ਰਿਹੈ ਜਿਸ ਵਿਚ ਕਿਸੇ ਸਿਆਸੀ ਲੀਡਰ ਨੂੰ ਸਟੇਜ ਤੇ ਨਾ ਬੋਲਣ ਦਿਤਾ ਗਿਆ ਹੋਵੇ। ਪਹਿਲੀ ਵਾਰ ਕਿਸਾਨੀ ਅੰਦੋਲਨ ਵਿਚ ਬਜ਼ੁਰਗਾਂ ਦਾ ਹੋਸ਼ ਤੇ ਜਵਾਨਾਂ ਦਾ ਜੋਸ਼ ਆਪਸੀ ਤਾਲਮੇਲ ਨਾਲ ਚੱਲ ਰਿਹਾ ਹੋਵੇ। 26 ਜਨਵਰੀ ਦੀ ਘਟਨਾ ਨੇ ਇਹ ਤਾਲਮੇਲ ਥੋੜਾ ਜਿਹਾ ਡਗਮਗਾਇਆ ਸੀ ਪਰ ਹੁਣ ਸੱਭ ਕੁੱਝ ਠੀਕ ਹੋ ਗਿਆ ਲਗਦਾ ਹੈ।
Farmers Protest
ਸੋ ਹੁਣ ਤਕ ਇਸ ਸੰਘਰਸ਼ ਨੇ ਪੰਜਾਬ ਤੇ ਹਰਿਆਣੇ ਦੇ ਭਾਈਚਾਰਕ ਸਬੰਧਾਂ ਵਿਚ ਜਿਹੜੀ ਮਿਠਾਸ ਘੋਲੀ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ ਸਿਰਫ਼ ਮਾਣੀ ਜਾ ਸਕਦੀ ਹੈ। ਸਾਰੇ ਭਾਰਤ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਸਾਂਝਾ ਮੁਹਾਜ ਖੜਾ ਹੋਇਆ ਹੈ। ਮਾਣ ਇਸ ਗੱਲ ਦਾ ਹੈ ਕਿ ਇਸ ਸਾਰੇ ਦੀ ਅਗਵਾਈ ਪੰਜਾਬ ਕਰ ਰਿਹਾ ਹੈ।
ਪ੍ਰਿੰ. ਗੁਰਬਚਨ ਸਿੰਘ ਪੰਨਵਾ
ਸੰਪਰਕ : 99155-29725