
ਸ਼ਾਇਦ ਇਸੇ ਕਰ ਕੇ ਇਹ ਅਖਾਣ ਵਰਤਿਆ ਜਾਂਦਾ ਸੀ ਕਿ, 'ਉੱਤਮ ਖੇਤੀ, ਮੱਧਮ ਵਪਾਰ, ਕਰੇ ਚਾਕਰੀ ਮੂਰਖ ਗਵਾਰ'।
ਅੱਜ ਤੋਂ ਲਗਭਗ ਕੋਈ 50-60 ਸਾਲ ਪਹਿਲਾਂ ਦਾ ਸਮਾਂ ਸੀ ਜਦੋਂ ਖੇਤੀ ਦੇ ਕੰਮ ਨੂੰ ਸੱਭ ਤੋਂ ਵਧੀਆ ਅਤੇ ਉੱਤਮ ਮੰਨਿਆ ਜਾਂਦਾ ਸੀ। ਦੂਜੇ ਨੰਬਰ ਤੇ ਵਪਾਰ ਨੂੰ ਮੰਨਿਆ ਜਾਂਦਾ ਸੀ ਅਤੇ ਸਰਕਾਰੀ ਨੌਕਰੀ ਨੂੰ ਸੱਭ ਤੋਂ ਹੇਠਾਂ ਭਾਵ ਤੀਜਾ ਸਥਾਨ ਦਿਤਾ ਜਾਂਦਾ ਸੀ। ਸ਼ਾਇਦ ਇਸੇ ਕਰ ਕੇ ਇਹ ਅਖਾਣ ਵਰਤਿਆ ਜਾਂਦਾ ਸੀ ਕਿ, 'ਉੱਤਮ ਖੇਤੀ, ਮੱਧਮ ਵਪਾਰ, ਕਰੇ ਚਾਕਰੀ ਮੂਰਖ ਗਵਾਰ'।ਫ਼ਸਲ ਅਨਾਜ ਆਦਿ ਨੂੰ ਮੰਡੀ ਜਾਂ ਬਾਜ਼ਾਰ ਵਿਚ ਨਹੀਂ ਵੇਚਿਆ ਜਾਂਦਾ ਸੀ। ਰੁਪਏ/ਪੈਸੇ ਦਾ ਲੈਣ-ਦੇਣ ਵੀ ਨਹੀਂ ਹੁੰਦਾ ਸੀ। ਵਸਤਾਂ ਦੇ ਬਦਲੇ ਵਸਤਾਂ ਹੀ ਲਈਆਂ ਜਾਂਦੀਆਂ ਸਨ। ਕੁੱਝ ਦਹਾਕੇ ਪਹਿਲਾਂ ਕਿਸਾਨ ਦੇ ਭੰਡਾਰ ਹਮੇਸ਼ਾ ਅਨਾਜ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਨਾਲ ਭਰਪੂਰ ਹੁੰਦੇ ਸਨ। ਗੁੜ, ਤੇਲ, ਬੀਜ ਅਤੇ ਦਾਲਾਂ ਲਈ ਕਿਸਾਨ ਸਵੈ-ਨਿਰਭਰ ਹੀ ਨਹੀਂ ਸੀ ਸਗੋਂ ਹੋਰ ਵੱਖ ਵੱਖ ਤਰ੍ਹਾਂ ਦੇ ਕੰਮ ਕਰਨ ਵਾਲੇ ਵੀ ਉਸ ਵਲ ਤਕਦੇ ਸਨ। ਇਹ ਅਪਣੇ ਭੰਡਾਰ ਵਿਚੋਂ ਸੱਭ ਦੀਆਂ ਗ਼ਰਜ਼ਾਂ ਪੂਰੀਆਂ ਕਰਦੇ ਸਨ। ਮਿਸਾਲ ਵਜੋਂ ਪੰਡਿਤ, ਤਰਖਾਣ, ਲੁਹਾਰ, ਦਰਜ਼ੀ, ਮੋਚੀ, ਘੁਮਿਆਰ ਅਤੇ ਹੋਰ ਕੰਮ ਕਰਨ ਵਾਲੇ ਸਾਰੇ ਹੀ ਉਸ ਤੇ ਨਿਰਭਰ ਸਨ। ਕਿਸਾਨ ਬਖ਼ਸ਼ੀਸ਼ਾਂ ਵੰਡਣ ਵਾਲਾ ਦਾਤਾ ਹੁੰਦਾ ਸੀ। ਖੇਤੀ ਦੀ ਲਾਗਤ ਨਾਂਹ ਦੇ ਬਰਾਬਰ ਸੀ। ਕੁਦਰਤੀ ਸਾਧਨਾਂ ਦੇ ਆਸਰੇ ਖੇਤੀ ਹੁੰਦੀ ਸੀ। ਭਾਵੇਂ ਉਪਜ ਬਹੁਤ ਘੱਟ ਹੁੰਦੀ ਸੀ ਪਰ ਪ੍ਰਵਾਰ ਹੱਡਭੰਨਵੀਂ ਮਿਹਨਤ ਕਰ ਕੇ, ਘੱਟ ਪੈਦਾਵਾਰ ਦੇ ਹੁੰਦਿਆਂ ਵੀ ਬਹੁਤ ਖ਼ੁਸ਼ ਅਤੇ ਸੰਤੁਸ਼ਟ ਸੀ। ਨਾਂਹਪੱਖੀ ਸੋਚ ਦਾ ਉਸ ਕੋਲ ਸਮਾਂ ਹੀ ਨਹੀਂ ਹੁੰਦਾ ਸੀ। ਉਹ ਸਵੈ-ਨਿਰਭਰ ਹੁੰਦਾ ਸੀ ਪਰ ਬਾਦਸ਼ਾਹ ਅਖਵਾਉਂਦਾ ਸੀ। ਉਸ ਨੂੰ ਕਿਸੇ ਵਲ ਤਕਣਾ ਨਹੀਂ ਪੈਂਦਾ ਸੀ। ਇਹੀ ਉਸ ਦਾ ਸਵੈਮਾਣ ਸੀ।
ਜਿਉਂ ਜਿਉਂ ਸਮੇਂ ਨੇ ਰਫ਼ਤਾਰ ਫੜੀ ਅਤੇ ਕਿਸਾਨ ਦੀ ਫ਼ਸਲ ਮੰਡੀ ਵਿਚ ਆਉਣੀ ਸ਼ੁਰੂ ਹੋਈ, ਉਸ ਦਿਨ ਤੋਂ ਹੀ ਕਿਸਾਨ ਦੀ ਹਾਲਤ ਦਿਨ-ਪ੍ਰਤੀ-ਦਿਨ ਮਾੜੀ ਹੁੰਦੀ ਗਈ, ਜੋ ਕਿ ਹੌਲੀ ਹੌਲੀ ਕਰ ਕੇ ਕਿਸਾਨ ਨੂੰ ਖ਼ੁਦਕੁਸ਼ੀਆਂ ਵਲ ਲੈ ਗਈ। ਖ਼ੁਦਕੁਸ਼ੀਆਂ ਦੀ ਸਮੱਸਿਆ ਇਕੱਲੇ ਪੰਜਾਬ ਵਿਚ ਹੀ ਨਹੀਂ, ਸਗੋਂ ਅਜੋਕੇ ਸਮੇਂ ਵਿਚ ਇਕ ਕੌਮੀ ਸਮੱਸਿਆ ਬਣ ਗਈ ਹੈ। ਕਿਸਾਨ ਦੀ ਫ਼ਸਲ ਦਾ ਮੁੱਲ ਅਖੌਤੀ ਮਾਹਰ ਕਾਰਪੋਰੇਟ ਘਰਾਣਿਆਂ ਦੇ, ਅਨੁਸਾਰ ਹੀ ਤੈਅ ਕੀਤਾ ਜਾਂਦਾ ਹੈ ਜੋ ਕਿ ਕਿਸਾਨਾਂ ਦੇ ਲਾਗਤ ਖ਼ਰਚੇ ਵੀ ਪੂਰੇ ਨਹੀਂ ਕਰਦੀਆਂ। ਮੰਡੀ ਵਿਚ ਕਿਸਾਨ ਦੀ ਜਿਨਸ ਦਾ ਮੁੱਲ ਵਪਾਰੀ ਤੈਅ ਕਰਦਾ ਹੈ, ਇਸ ਲਈ ਕਿਸਾਨ ਮੁਨਾਫ਼ੇ ਦੀ ਬਜਾਏ, ਕਰਜ਼ਾਈ ਹੋ ਗਿਆ।
ਜਦੋਂ ਛੇਵੇਂ ਦਹਾਕੇ ਵਿਚ ਭਾਰਤ ਵਿਚ ਅੰਨ ਦੀ ਕਮੀ ਆਈ ਤਾਂ ਸਰਕਾਰਾਂ ਨੂੰ ਹੋਸ਼ ਆਈ। ਉਦੋਂ ਥੋੜਾ ਜਿਹਾ ਧਿਆਨ ਖੇਤੀ ਤੇ ਕਿਸਾਨਾਂ ਵਲ ਦਿਤਾ ਗਿਆ ਕਿਉਂਕਿ ਸਾਡੇ ਸਿਆਸੀ ਆਗੂਆਂ ਨੂੰ ਮੁਲਕ ਵਿਚ ਅਨਾਜ ਦੀ ਕਮੀ ਪੂਰੀ ਕਰਨ ਲਈ ਠੂਠਾ ਫੜ ਕੇ ਦੂਜੇ ਮੁਲਕਾਂ ਤੋਂ ਅਨਾਜ ਮੰਗਣ ਜਾਣਾ ਪੈਂਦਾ ਸੀ। ਅੱਗੋਂ ਅਮਰੀਕਾ ਵਰਗੇ ਦੇਸ਼ਾਂ ਵਲੋਂ ਸਾਡੇ ਸਿਆਸੀ ਆਗੂਆਂ ਨੂੰ ਸਖ਼ਤ ਸਮਝੌਤੇ ਤਹਿਤ ਕਣਕ ਦਿਤੀ ਜਾਂਦੀ ਸੀ। ਉਹ ਕਣਕ ਆਦਮੀਆਂ ਦੇ ਖਾਣ ਵਾਲੀ ਤਾਂ, ਕੀ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਸੀ ਹੁੰਦੀ। 1964 ਵਿਚ ਜਵਾਹਰ ਲਾਲ ਨਹਿਰੂ ਦੇ ਚਲਾਣਾ ਕਰਨ ਮਗਰੋਂ ਲਾਲ ਬਹਾਦੁਰ ਸ਼ਾਸਤਰੀ ਪ੍ਰਧਾਨ ਮੰਤਰੀ ਬਣੇ। ਉਸ ਸਮੇਂ ਅਮਰੀਕਾ ਨੇ ਕਣਕ ਦੇਣ ਤੋਂ ਕੁੱਝ ਨਾਂਹ ਨੁੱਕਰ ਕੀਤੀ। ਪਰ ਸ਼ਾਸਤਰੀ ਜੀ ਅਮਰੀਕਾ ਅੱਗੇ ਝੁਕੇ ਨਹੀਂ, ਉਨ੍ਹਾਂ ਨੇ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਫ਼ਤੇ ਵਿਚ ਇਕ ਡੰਗ ਖਾਣਾ ਨਾ ਖਾ ਕੇ ਅਨਾਜ ਦੀ ਕਮੀ ਨੂੰ ਦੂਰ ਕਰਨ। ਇਸ ਨਾਲ ਵਕਤੀ ਤੌਰ ਤੇ ਕੁੱਝ ਸਮਾਂ ਤਾਂ ਅਨਾਜ ਦੀ ਸਮੱਸਿਆ ਟਲੀ ਰਹੀ ਪਰ ਕੁੱਝ ਸਮੇਂ ਬਾਅਦ ਇਹ ਸਮੱਸਿਆ ਦੁਬਾਰਾ ਖੜੀ ਹੋ ਗਈ। 1965 ਦੀ ਜੰਗ ਸਮੇਂ ਉਨ੍ਹਾਂ ਨੇ ਨਾਹਰਾ ਦਿਤਾ, 'ਜੈ ਜਵਾਨ ਜੈ ਕਿਸਾਨ'। ਇਸ ਨਾਹਰੇ ਨੂੰ ਅਮਲੀ ਅਰਥਾਂ ਵਿਚ ਲਾਗੂ ਕਰਨ ਲਈ 60ਵਿਆਂ ਵਿਚ ਹਰਾ ਇਨਕਲਾਬ ਸ਼ੁਰੂ ਕਰ ਦਿਤਾ। ਇਸ ਹਰੇ ਇਨਕਲਾਬ ਨੇ ਕਿਸਾਨ ਨੂੰ ਦਿਤਾ ਬਹੁਤ ਘੱਟ, ਪਰ ਲਿਆ ਬਹੁਤ ਕੁੱਝ ਹੈ। ਹਰੇ ਇਨਕਲਾਬ ਨੇ ਮਸ਼ੀਨਰੀ ਬਣਾਉਣ ਵਾਲੇ, ਆੜ੍ਹਤੀਏ, ਝੋਨਾ ਸ਼ੈਲਰਾਂ ਵਾਲੇ, ਨਦੀਨਨਾਸ਼ਕ, ਦਵਾਈਆਂ ਵਾਲੇ, ਸੱਭ ਮਾਲਾਮਾਲ ਕਰ ਦਿਤੇ। ਪਰ ਕਿਸਾਨ ਵਿਚਾਰੇ ਨੂੰ ਕੀ ਮਿਲਿਆ? ਕਰਜ਼ਾ ਅਤੇ ਖ਼ੁਦਕੁਸ਼ੀ। ਦੁਨੀਆਂ ਦੇ ਸਾਰੇ ਉਤਪਾਦਕ ਸੂਈ ਤੋਂ ਲੈ ਕੇ ਹਵਾਈ ਜਹਾਜ਼ ਬਣਾਉਣ ਵਾਲੇ ਤਕ ਸਾਰੇ ਹੀ ਉਤਪਾਦਕ ਅਪਣੇ ਮਾਲ ਦਾ ਮੁੱਲ ਸਾਰੇ ਖ਼ਰਚੇ ਲਾ ਕੇ ਅਤੇ ਉਸ ਵਿਚ 100 ਫ਼ੀ ਸਦੀ ਜਾਂ ਇਸ ਤੋਂ ਵੀ ਵੱਧ ਮੁਨਾਫ਼ਾ ਜੋੜ ਕੇ ਖ਼ੁਦ ਤੈਅ ਕਰਦੇ ਹਨ। ਦੁਨੀਆਂ ਵਿਚ ਇਕੋ ਇਕ ਬਦਕਿਸਮਤ ਪ੍ਰਾਣੀ ਭਾਰਤੀ ਕਿਸਾਨ ਹੈ ਜੋ ਅਪਣੀ ਖ਼ੂਨ-ਪਸੀਨੇ ਦੀ ਕਮਾਈ ਦਾ ਮੁੱਲ ਤੈਅ ਨਹੀਂ ਕਰ ਸਕਦਾ ਸਗੋਂ ਖੇਤੀ ਕੀਮਤਾਂ ਕਮਿਸ਼ਨ ਦੇ ਖੇਤੀ ਮਾਹਰਾਂ ਵਲੋਂ ਸਮੇਂ ਸਮੇਂ ਤੇ ਠੰਢੇ ਕਮਰਿਆਂ ਵਿਚ ਬੈਠ ਕੇ ਤੈਅ ਕੀਤੀਆਂ ਜਾਂਦੀਆਂ ਹਨ। 'ਜੈ ਜਵਾਨ, ਜੈ ਕਿਸਾਨ ਦਾ' ਨਾਹਰਾ ਲਾਉਣ ਵਾਲੇ ਦੇਸ਼ ਵਿਚ ਇਹ ਹੈ ਕਿਸਾਨ ਦਾ ਸਵੈਮਾਣ। ਕਿਸਾਨ ਦੁੱਖ-ਭੁੱਖ ਸੱਭ ਸਹਿ ਸਕਦਾ ਹੈ ਪਰ ਅਪਣੇ ਸਵੈਮਾਣ ਨੂੰ ਠੇਡਾ ਨਹੀਂ ਲੱਗਣ ਦਿੰਦਾ। ਉਹ ਸਵੈਮਾਣ ਲਈ ਹਰ ਕੀਮਤ ਅਦਾ ਕਰਨ ਲਈ ਤਿਆਰ ਰਹਿੰਦਾ ਹੈ। ਉਸ ਦੇ ਸਵੈਮਾਣ ਨਾਲ ਵਾਰ ਵਾਰ ਹਰ ਰੋਜ਼ ਖੇਡਿਆ ਜਾ ਰਿਹਾ ਹੈ। ਇਸ ਕਾਰਨ ਭਾਰਤੀ ਕਿਸਾਨ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਗਿਆ ਹੈ।
ਸਾਡੇ ਪੰਜਾਬੀ ਗੀਤਕਾਰ ਅਤੇ ਕਲਾਕਾਰ ਜਿਹੋ-ਜਿਹਾ ਕਿਸਾਨ ਦਾ ਚਿੱਤਰ ਪੇਸ਼ ਕਰ ਰਹੇ ਹਨ ਉਹ ਅਸਲੀਅਤ ਤੋਂ ਕੋਹਾਂ ਦੂਰ ਹੈ। ਉਨ੍ਹਾਂ ਦਾ ਕਿਸਾਨੀ ਜੀਵਨ ਨਾਲ ਮੇਲ ਹੀ ਕੋਈ ਨਹੀਂ। ਕਿਸਾਨ ਤਾਂ ਜੀਵਨ ਜਿਊਣ ਲਈ ਥੁੜਾਂ ਨਾਲ ਜੂਝਦਾ ਹੋਇਆ ਅਪਣੇ ਪ੍ਰਵਾਰ ਦਾ ਪੇਟ ਪਾਲਣ ਲਈ ਜੱਦੋਜਹਿਦ ਕਰ ਰਿਹਾ ਹੈ ਪਰ ਟੈਲੀਵੀਜ਼ਨਾਂ, ਇੰਟਰਨੈੱਟ, ਯੂ-ਟਿਊਬ, ਗੀਤਾਂ, ਫ਼ਿਲਮਾਂ ਆਦਿ ਵਿਚ ਉਸ ਨੂੰ ਵੈਲੀ, ਹਥਿਆਰਾਂ ਦਾ ਸ਼ੌਂਕੀ, ਧਾਕੜ, ਜ਼ਿੱਦੀ ਅਤੇ ਹਾਸੇ ਵਿਚ ਕਤਲ ਕਰਨ ਵਾਲਾ, ਪਤਾ ਨਹੀਂ ਕੀ ਕੀ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਦੁਖਾਂ ਨੂੰ ਕਦੇ ਨੇੜੇ ਹੋ ਕੇ ਨਹੀਂ ਤਕਿਆ ਜਾਪਦਾ। ਨੌਜਵਾਨਾਂ ਨੂੰ ਕਿਰਤ ਅਤੇ ਸੰਜਮ ਦਾ ਪਾਠ ਪੜ੍ਹਾਉਣ ਦੀ ਥਾਂ ਕੁਰਾਹੇ ਪਾਇਆ ਜਾ ਰਿਹਾ ਹੈ।
ਆਖ਼ਰ ਕਦੋਂ ਤਕ ਕਿਸਾਨਾਂ ਨੂੰ ਸਰਕਾਰਾਂ ਦੀ ਮਿਹਰ ਦੀ ਉਡੀਕ ਕਰਨੀ ਪਵੇਗੀ ਤਾਕਿ ਕਿਸਾਨ ਇਨ੍ਹਾਂ ਸੰਕਟਾਂ ਤੋਂ ਬਾਹਰ ਆ ਸਕਣ? ਸਿਰਫ਼ ਕਰਜ਼ਾ ਮੁਕਤੀ ਹੀ ਕਿਸਾਨੀ ਸੰਕਟ ਦਾ ਪੂਰਨ ਹੱਲ ਨਹੀਂ। ਜੇਕਰ ਕਿਸਾਨ ਨੂੰ ਫ਼ਸਲੀ ਚੱਕਰਾਂ ਵਿਚੋਂ ਬਾਹਰ ਕਢਣਾ ਹੈ ਤਾਂ ਦੂਜੀਆਂ ਫ਼ਸਲਾਂ ਦਾ ਕੋਈ ਸਮਰਥਨ ਮੁੱਲ ਤੈਅ ਕੀਤਾ ਜਾਵੇ। ਮਹਿੰਗੀ ਮਸ਼ੀਨਰੀ, ਮਹਿੰਗਾ ਡੀਜ਼ਲ, ਮਹਿੰਗੇ ਬੀਜ, ਮਹਿੰਗੀਆਂ ਖਾਦਾਂ ਆਦਿ ਨੂੰ ਸਬਸਿਡੀਆਂ ਤੇ ਮੁਹਈਆ ਕਰਵਾਇਆ ਜਾਵੇ ਜਿਸ ਨਾਲ ਕਿਸਾਨਾਂ ਦੀ ਆਰਥਕ ਹਾਲਤ ਵਿਚ ਸੁਧਾਰ ਆ ਸਕੇ ਤਾਕਿ ਅੰਨਦਾਤਾ ਨੂੰ ਕਰਜ਼ੇ ਅਤੇ ਖ਼ੁਦਕੁਸ਼ੀ ਦੇ ਜਾਲ ਤੋਂ ਬਾਹਰ ਕੱਢ ਸਕੀਏ। ਜਿਹੜੀ ਪੰਜਾਬ ਵਿਚ ਅਤੇ ਹੋਰ ਰਾਜਾਂ ਵਿਚ ਕਿਸਾਨਾਂ ਦੀ ਖ਼ੁਦਕੁਸ਼ੀਆਂ ਦੀ ਫ਼ਸਲ ਪੈਦਾ ਹੋ ਰਹੀ ਹੈ, ਉਸ ਫ਼ਸਲ ਨੂੰ ਪੱਕਣ ਤੋਂ ਪਹਿਲਾਂ ਹੀ ਕੱਟ ਲਿਆ ਜਾਵੇ ਕਿਉਂਕਿ ਇਹੋ ਜਹੀ ਫ਼ਸਲ ਵਿਚ ਪਤਾ ਨਹੀਂ ਕਿੰਨੇ ਹੀ ਲੱਖਾਂ ਪ੍ਰਵਾਰਾਂ ਦੇ ਕੀਰਨੇ, ਬੱਚਿਆਂ, ਮਾਵਾਂ, ਪਤਨੀਆਂ, ਭੈਣਾਂ, ਭਰਾਵਾਂ ਆਦਿ ਦੀਆਂ ਚੀਕਾਂ, ਛੁਪੀਆਂ ਹੋਈਆਂ ਹਨ।