ਕੀ ਗੁਰੂ ਨੂੰ ਸਾਡੇ ਤਨ, ਮਨ ਅਤੇ ਧਨ ਦੀ ਵੀ ਲੋੜ ਹੈ?
Published : Jul 11, 2018, 10:32 am IST
Updated : Jul 11, 2018, 10:39 am IST
SHARE ARTICLE
Golak
Golak

ਤੁਸੀ ਕਿਸੇ ਵੀ ਧਾਰਮਕ ਸਥਾਨ, ਦੀਵਾਨ ਜਾਂ ਡੇਰੇ ਚਲੇ ਜਾਉ, ਜਿਹੜੀ ਆਵਾਜ਼ ਪ੍ਰਮੁੱਖਤਾ ਨਾਲ ਸੁਣਾਈ ਦਿੰਦੀ ਹੈ ਉਹ ਹੈ 'ਪਿਆਰਿਉ ਜੇ ਤੁਸੀ ਗੁਰੂ ਦੀਆਂ ਖ਼ੁਸ਼ੀਆਂ ਬਖਸ਼ਿਸ਼ਾਂ ...

ਗੁਰੂ ਸਾਹਿਬਾਨ ਸਰੀਰਕ ਰੂਪ ਵਿਚ ਸਾਡੇ ਗੁਰੂ ਨਹੀਂ ਸਨ ਬਲਕਿ ਜੋਤ ਰੂਪ ਵਿਚ ਹੀ ਗੁਰੂ ਸਨ ਕਿਉਂਕਿ ਸਤਿਗੁਰੂ ਸਦਾ ਸਦਾ ਹੈ, ਅਬਿਨਾਸੀ ਹੈ ਅਤੇ ਸਭਨਾਂ ਵਿਚ ਸਮਾਇਆ ਹੋਇਆ ਹੈ। ਫਿਰ ਹੋਰ ਕਿਸੇ ਨੂੰ ਕਿਉਂ ਸੇਵੀਏ ਜਿਹੜਾ ਜੰਮਦਾ ਹੈ ਅਤੇ ਮਰ ਜਾਂਦਾ ਹੈ? ਸਿੱਖਾਂ ਦਾ ਦੁਖਾਂਤ ਇਹ ਹੈ ਕਿ ਉਹ ਕਹਿੰਦੇ ਕੁੱਝ ਹਨ ਅਤੇ ਕਰਦੇ ਕੁੱਝ ਹੋਰ ਹਨ।

ਉਹ ਕਹਿੰਦੇ ਹਨ ਕਿ ਅਸੀ ਦੇਹਧਾਰੀ ਨੂੰ ਗੁਰੂ ਨਹੀਂ ਮੰਨਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਵੀ ਕਹੀ ਜਾਂਦੇ ਹਨ। ਅਰਦਾਸ ਵੇਲੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਕਹਿੰਦੇ ਹਨ ਪਰ ਸਮਾਪਤੀ ਤੇ ਪ੍ਰਗਟ ਗੁਰੂ ਕੀ ਦੇਹ ਦਾ ਦੋਹਰਾ ਪੜ੍ਹਨ ਤੋਂ ਵੀ ਨਹੀਂ ਝਕਦੇ।

ਤੁਸੀ ਕਿਸੇ ਵੀ ਧਾਰਮਕ ਸਥਾਨ, ਦੀਵਾਨ ਜਾਂ ਡੇਰੇ ਚਲੇ ਜਾਉ, ਜਿਹੜੀ ਆਵਾਜ਼ ਪ੍ਰਮੁੱਖਤਾ ਨਾਲ ਸੁਣਾਈ ਦਿੰਦੀ ਹੈ ਉਹ ਹੈ 'ਪਿਆਰਿਉ ਜੇ ਤੁਸੀ ਗੁਰੂ ਦੀਆਂ ਖ਼ੁਸ਼ੀਆਂ ਬਖਸ਼ਿਸ਼ਾਂ ਚਾਹੁੰਦੇ ਹੇ ਤਾਂ ਅਪਣਾ ਤਨ, ਮਨ ਅਤੇ ਧਨ ਗੁਰੂ ਅੱਗੇ ਅਰਪਣ ਕਰ ਦਿਉ।' ਇਸ ਵਾਸਤੇ ਉਹ ਗੁਰਬਾਣੀ ਵਿਚੋਂ ਹਵਾਲੇ ਦੇ ਕੇ ਅਤੇ ਉਨ੍ਹਾਂ ਦੀ ਗ਼ਲਤ ਵਿਆਖਿਆ ਕਰ ਕੇ ਲੋਕਾਂ ਨੂੰ ਬੜੀ ਸਫ਼ਾਈ ਨਾਲ ਬੁੱਧੂ ਬਣਾਉਂਦੇ ਹਨ।

Thief Thief

ਚੋਰ ਉਹ ਹੁੰਦਾ ਹੈ ਜਿਹੜਾ ਚੋਰੀ ਕਰਦਾ ਫੜਿਆ ਜਾਵੇ ਜਾਂ ਜਿਸ ਕੋਲੋਂ ਚੋਰੀ ਦਾ ਮਾਲ ਬਰਾਮਦ ਹੋ ਜਾਵੇ। ਇਨ੍ਹਾਂ ਦਲਾਲਾਂ ਕੋਲ ਜੇ ਕੋਈ ਚੋਰੀ ਦਾ ਧਨ ਚੜ੍ਹਾ ਦੇਵੇ ਜਾਂ ਪਰਾਏ ਹੱਕ ਦੀ ਕਮਾਈ ਇਨ੍ਹਾਂ ਨੂੰ ਅਰਪਣ ਕਰ ਦੇਵੇ ਅਤੇ ਅੱਗੋਂ ਇਹ ਉਸ ਧਨ ਨੂੰ ਅਪਣੀ ਐਸ਼ੋ-ਇਸ਼ਰਤ ਵਾਸਤੇ ਵਰਤ ਲੈਣ ਤਾਂ ਇਹ ਪ੍ਰਭੂ ਦੀ ਦਰਗਾਹ ਵਿਚ ਚੋਰ ਸਾਬਤ ਹੋਣਗੇ।

ਅਸਲੀਅਤ ਨੂੰ ਸਮਝਣ ਲਈ ਸਾਨੂੰ ਕੁੱਝ ਨੁਕਤਿਆਂ ਨੂੰ ਜਾਣਨਾ ਅਤੇ ਸਮਝਣਾ ਪਵੇਗਾ। ਉਹ ਹਨ:

1. ਸਾਡਾ ਗੁਰੂ ਕੌਣ ਹੈ?
2.ਗੁਰੂ ਨੂੰ ਕੀ ਚਾਹੀਦਾ ਹੈ? ਭਾਵ ਉਸ ਨੂੰ ਕੀ ਭੇਟਾ ਕੀਤਾ ਜਾਵੇ? 
3.ਗੁਰੂ ਅਤੇ ਸਾਡੇ ਵਿਚਕਾਰ ਵਿਚੋਲੇ ਜਾਂ ਦਲਾਲ ਕੌਣ ਹਨ?
4.ਇਹ ਦਲਾਲ ਆਪ ਗੁਰੂ ਨੂੰ ਕੀ ਭੇਟਾ ਕਰਦੇ ਹਨ?  

5.ਸਾਥੋਂ ਗੁਰੂ ਦੇ ਨਾਮ ਤੇ ਲਈ ਭੇਟਾ ਗੁਰੂ ਤਕ ਪੁਜਦੀ ਵੀ ਹੈ?
6.ਜੇ ਇਹ ਭੇਟਾ ਗੁਰੂ ਤਕ ਨਹੀਂ ਪੁਜਦੀ ਤਾਂ ਇਸ ਦਾ ਕੀਤਾ ਕੀ ਜਾਂਦਾ ਹੈ? ਕੀ ਵਿਸ਼ਾਲ ਅਤੇ ਆਲੀਸ਼ਾਨ ਇਮਾਰਤਾਂ ਉਪਰ ਗੁਰੂ ਵੀ ਰੀਝਦਾ ਹੈ?
7.ਅਸੀ ਗੁਰੂ ਕੋਲੋਂ ਕੀ ਮੰਗਣਾ ਹੈ?

ਸਾਡਾ ਗੁਰੂ ਉਹੋ ਹੀ ਹੈ ਜੋ ਗੁਰੂ ਨਾਨਕ ਦਾ ਸੀ:
ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਮਿਲਣ ਤੋਂ ਬਾਅਦ ਵੀ ਸਾਡਾ ਕੇਵਲ ਇਕ ਗੁਰੂ ਹੈ ਅਤੇ ਉਹ ਹੈ ਸ਼ਬਦ। ਸਵਾਲ ਪੈਦਾ ਹੁੰਦਾ ਹੈ ਕਿ ਜੇ ਸਾਡਾ ਗੁਰੂ ਇਕ ਹੈ ਤਾਂ ਫਿਰ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀ ਸਥਾਨ ਹੈ?

ਇਸ ਦਾ ਸਪੱਸ਼ਟ ਅਤੇ ਸਰਲ ਉਤਰ ਹੈ:
ਇਕਾ ਬਾਣੀ ਇਕ ਗੁਰ ਇਕੋ ਸਬਦੁ ਵੀਚਾਰਿ
ਸੱਚਾ ਸਾਉਦਾ ਹਟੁ ਸਭੁ ਰਤਨੀ ਭਰੇ ਭੰਡਾਰ
ਗੁਰਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰ

ਅਤੇ

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ
ਓਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਇ
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ
ਅਵਰ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ

ਸਾਰੇ ਗੁਰੂ ਸਾਹਿਬ ਨਾਸ਼ਵਾਨ ਸਰੀਰ ਲੈ ਕੇ ਜਨਮੇ ਅਤੇ ਅੰਤ ਸਮੇਂ ਇਸ ਨਾਸ਼ਵਾਨ ਸਰੀਰ ਨੂੰ ਇਥੇ ਛੱਡ ਕੇ ਜੋਤੀ ਜੋਤ ਸਮਾ ਗਏ। ਉਪ੍ਰੋਕਤ ਸ਼ਬਦ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਗੁਰੂ ਸਾਹਿਬਾਨ ਸਰੀਰਕ ਰੂਪ ਵਿਚ ਸਾਡੇ ਗੁਰੂ ਨਹੀਂ ਸਨ ਬਲਕਿ ਜੋਤ ਰੂਪ ਵਿਚ ਹੀ ਗੁਰੂ ਸਨ ਕਿਉਂਕਿ ਸਤਿਗੁਰੂ ਸਦਾ ਸਦਾ ਹੈ, ਅਬਿਨਾਸੀ ਹੈ ਅਤੇ ਸਭਨਾਂ ਵਿਚ ਸਮਾਇਆ ਹੋਇਆ ਹੈ।

ਫਿਰ ਹੋਰ ਕਿਸੇ ਨੂੰ ਕਿਉਂ ਸੇਵੀਏ ਜਿਹੜਾ ਜੰਮਦਾ ਹੈ ਅਤੇ ਮਰ ਜਾਂਦਾ ਹੈ? ਸਿੱਖਾਂ ਦਾ ਦੁਖਾਂਤ ਇਹ ਹੈ ਕਿ ਉਹ ਕਹਿੰਦੇ ਕੁੱਝ ਹਨ ਅਤੇ ਕਰਦੇ ਕੁੱਝ ਹੋਰ ਹਨ। ਉਹ ਕਹਿੰਦੇ ਹਨ ਕਿ ਅਸੀ ਦੇਹਧਾਰੀ ਨੂੰ ਗੁਰੂ ਨਹੀਂ ਮੰਨਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਵੀ ਕਹੀ ਜਾਂਦੇ ਹਨ। ਅਰਦਾਸ ਵੇਲੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਕਹਿੰਦੇ ਹਨ ਪਰ ਸਮਾਪਤੀ ਤੇ ਪ੍ਰਗਟ ਗੁਰੂ ਕੀ ਦੇਹ ਦਾ ਦੋਹਰਾ ਪੜ੍ਹਨ ਤੋਂ ਵੀ ਨਹੀਂ ਝਕਦੇ। ਹਰ ਪ੍ਰਾਣੀ ਦੀ ਦੇਹ ਦਾ ਕਰਤਾ (ਗੁਰੂ ਸਾਹਿਬਾਨ ਸਮੇਤ) ਤਾਂ ਪ੍ਰਮਾਤਮਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤਾਂ ਇਕ ਸੰਪਾਦਕ ਕਰਦਾ ਹੈ।

PrayingPraying

ਦਾਤਾ ਕੇਵਲ ਇਕ ਹੈ। ਉਹ ਸਭਨਾਂ ਨੂੰ ਦੇ ਰਿਹਾ ਹੈ। ਉਸ ਦੇ ਭੰਡਾਰ ਭਰੇ ਹੋਏ ਹਨ ਜਿਨ੍ਹਾਂ ਵਿਚ ਕਦੀ ਤੋਟ ਨਹੀਂ ਆਉਂਦੀ। ਲੈਣ ਵਾਲੇ ਚਾਹੇ ਥੱਕ ਜਾਣ, ਉਹ ਨਹੀਂ ਥਕਦਾ, ਬਲਕਿ ਬਿਨਾਂ ਮੰਗਿਆਂ ਹੀ ਦੇਈ ਜਾ ਰਿਹਾ ਹੈ। ਉਸ ਦੀਆਂ ਦਿਤੀਆਂ ਹੋਈਆਂ ਦਾਤਾਂ ਵਿਚੋਂ ਮੋੜ ਕੇ ਉਸ ਅੱਗੇ ਕੀ ਭੇਟਾ ਕਰੀਏ ਕਿ ਉਸ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ? ਕਿਹੜੇ ਬੋਲ ਬੋਲੀਏ ਕਿ ਉਸ ਦੇ ਪਿਆਰ ਦੇ ਕਾਬਲ ਹੋ ਸਕੀਏ, ਤਾਂ ਉਹ ਹੈ ਉਸ ਦੇ ਨਾਮ ਦੀ ਵਡਿਆਈ।

ਫਿਰ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 'ਦੇਹ' ਦਾ ਕਰਤਾ 'ਸੰਪਾਦਕ' ਨੂੰ ਮੰਨੀਏ? ਫਿਰ ਸਿੱਖ ਦੀ ਮਰਜ਼ੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਬਿਰਧ ਕਹਿ ਕੇ ਜਦੋਂ ਜੀ ਕਰੇ ਅੰਗੀਠਾ ਸਾਹਿਬ ਦੇ ਹਵਾਲੇ ਕਰ ਦੇਵੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਹ ਹਨ ਤਾਂ ਫਿਰ ਇਨ੍ਹਾਂ ਦਾ 'ਜਨਮ-ਮਰਣ' ਤਾਂ ਬੰਦੇ ਦੇ ਹੱਥ ਹੋਇਆ। ਇਸੇ ਗ਼ਲਤਫ਼ਹਿਮੀ ਕਰ ਕੇ ਸਿੱਖ ਕਦੀ ਸੁਖ ਆਸਣ ਵਾਲੇ ਕਮਰੇ ਵਿਚ ਏ.ਸੀ. ਚਲਾਉਂਦੇ ਹਨ ਕਦੀ ਹੀਟਰ, ਜਿਸ ਦੀ ਵਜ੍ਹਾ ਨਾਲ ਕਈ ਵਾਰੀ ਸ਼ਾਰਟ ਸਰਕਟ ਕਰ ਕੇ ਅੱਗ ਲੱਗ ਜਾਂਦੀ ਹੈ ਜਿਹੜੀ ਬੇਵਜ੍ਹਾ ਬੇਅਦਬੀ ਦਾ ਕਾਰਨ ਬਣਦੀ ਹੈ।

ਕਿੰਨਾ ਚੰਗਾ ਹੋਵੇ ਜੇ ਹਰ ਵੱਡੇ ਛੋਟੇ ਗੁਰਦਵਾਰੇ ਦਾ ਮੇਨ ਸਵਿਚ ਬਾਹਰ ਰਖਿਆ ਜਾਵੇ। ਅੰਦਰ ਸਿਰਫ਼ ਇਕ ਲਾਈਟ ਮੇਨ ਨਾਲ ਜੁੜੀ ਹੋਵੇ। ਬਾਕੀ ਸਾਰੀਆਂ ਲਾਈਟਾਂ ਤੇ ਉਪਕਰਣ ਉਦੋਂ ਚਾਲੂ ਕੀਤੀਆਂ ਜਾਣ ਜਦੋਂ ਜ਼ਰੂਰਤ ਹੋਵੇ ਭਾਵ ਜਦੋਂ ਸੰਗਤ ਜਾਂ ਸੇਵਾਦਾਰ ਹਾਜ਼ਰ ਹੋਣ। ਖ਼ੈਰ ਇਸ ਗੱਲ ਦਾ ਹਥਲੇ ਲੇਖ ਨਾਲ ਸਬੰਧ ਨਹੀਂ, ਸੁਭਾਵਕ ਹੀ ਇਸ ਦਾ ਜ਼ਿਕਰ ਹੋ ਗਿਆ।

ਦੂਸਰਾ ਨੁਕਤਾ ਹੈ ਕਿ ਗੁਰੂ ਨੂੰ ਕੀ ਚਾਹੀਦਾ ਹੈ ਜਾਂ ਗੁਰੂ ਨੂੰ ਕੀ ਭੇਟਾ ਕੀਤਾ ਜਾਵੇ? ਇਸ ਬਾਰੇ ਬੇਨਤੀ ਹੈ ਕਿ ਗੁਰੂ ਤਾਂ ਦਾਤਾ ਹੈ, ਹਰਖ, ਸੋਗ ਤੋਂ ਨਿਆਰਾ ਹੈ, ਦੁੱਖ ਅਤੇ ਭੁੱਖ ਤੋਂ ਪਰੇ ਹੈ, ਅਬਿਨਾਸੀ ਹੈ, ਅਜਰ ਅਮਰ ਹੈ। ਉਸ ਨੂੰ ਸਾਡਾ ਤਨ, ਮਨ ਅਤੇ ਧਨ ਨਹੀਂ ਚਾਹੀਦਾ ਸਗੋਂ ਇਹ ਤਨ, ਮਨ ਅਤੇ ਧਨ ਤਾਂ ਉਸ ਦਾ ਦਿਤਾ ਹੋਇਆ ਹੈ। 

ਦਦਾ ਦਾਤਾ ਏਕੁ ਹੈ ਸਭ ਕਉ ਦੇਵਣਹਾਰ
ਦੇਂਦੇ ਤੋਟਿ ਨ ਆਵਣੀ ਅਗਨਤ ਭਰੇ ਭੰਡਾਰ

ਜਾਂ

ਦੇਦਾ ਦੇ ਲੈਦੇ ਥਕਿ ਪਾਹਿ
ਜੁਗਾ ਜੁਗੰਤਰਿ ਖਾਹੀ ਖਾਹਿ

ਜਾਂ

ਸਾਚਾ ਸਾਹਿਬ ਸਾਚੁ ਨਾਇ ਭਾਖਿਆ ਭਾਉ ਅਪਾਰੁ
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ

ਜਾਂ 

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰ
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ

ਜਾਂ 

ਅਣਮੰਗਿਆ ਦਾਨੁ ਦੇਵਣਾ
ਕਹੁ ਨਾਨਕ ਸਚੁ ਸਮਾਲਿ ਜੀਉ

ਭਾਵ ਦਾਤਾ ਕੇਵਲ ਇਕ ਹੈ। ਉਹ ਸਭਨਾਂ ਨੂੰ ਦੇ ਰਿਹਾ ਹੈ। ਉਸ ਦੇ ਭੰਡਾਰ ਭਰੇ ਹੋਏ ਹਨ ਜਿਨ੍ਹਾਂ ਵਿਚ ਕਦੀ ਤੋਟ ਨਹੀਂ ਆਉਂਦੀ। ਲੈਣ ਵਾਲੇ ਚਾਹੇ ਥੱਕ ਜਾਣ, ਉਹ ਨਹੀਂ ਥਕਦਾ, ਬਲਕਿ ਬਿਨਾਂ ਮੰਗਿਆਂ ਹੀ ਦੇਈ ਜਾ ਰਿਹਾ ਹੈ। ਉਸ ਦੀਆਂ ਦਿਤੀਆਂ ਹੋਈਆਂ ਦਾਤਾਂ ਵਿਚੋਂ ਮੋੜ ਕੇ ਉਸ ਅੱਗੇ ਕੀ ਭੇਟਾ ਕਰੀਏ ਕਿ ਉਸ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ?

ਕਿਹੜੇ ਬੋਲ ਬੋਲੀਏ ਕਿ ਉਸ ਦੇ ਪਿਆਰ ਦੇ ਕਾਬਲ ਹੋ ਸਕੀਏ, ਤਾਂ ਉਹ ਹੈ ਉਸ ਦੇ ਨਾਮ ਦੀ ਵਡਿਆਈ। ਜਿਸ ਵੇਲੇ ਵੀ ਉਸ ਦੇ ਨਾਮ ਦੀ ਵਡਿਆਈ ਕਰਾਂਗੇ, ਉਹ ਵੇਲਾ ਹੀ ਅੰਮ੍ਰਿਤ ਵੇਲਾ ਹੋ ਜਾਵੇਗਾ। ਉਂਜ ਪ੍ਰਭਾਤ ਵੇਲੇ ਨੂੰ ਸ਼ਾਂਤ ਵਾਤਾਵਰਣ ਕਰ ਕੇ ਅੰਮ੍ਰਿਤ ਵੇਲੇ ਨਾਲ ਤਸ਼ਬੀਹ ਦਿਤੀ ਜਾਂਦੀ ਹੈ। ਜੇ ਇਸੇ ਵੇਲੇ ਕੋਈ ਕੁਸੰਗਤ ਵਿਚ ਹੈ ਤਾਂ ਉਹ ਜ਼ਹਿਰ-ਵੇਲਾ ਜਾਂ ਕਹਿਰ-ਵੇਲਾ ਹੀ ਕਿਹਾ ਜਾਏਗਾ। ਇਥੇ ਇਕ ਗੱਲ ਹੋਰ ਵਿਚਾਰਨ ਵਾਲੀ ਹੈ, ਉਹ ਇਹ ਹੈ ਕਿ ਏਨੇ ਵੱਡੇ ਦਾਤੇ ਨੂੰ ਵੀ ਕਿਸੇ ਗੱਲ ਦੀ ਥੋੜ ਰਹਿੰਦੀ ਹੈ? ਉਹ ਹੈ:

ਗੋਬਿੰਦ ਭਾਉ ਭਗਤਿ ਦਾ ਭੁਖਾ
ਭਾਵ ਸਾਡੀ ਪ੍ਰੇਮਾ ਭਗਤੀ ਦੀ ਭੁੱਖ ਉਸ ਅੰਦਰ ਸਦਾ ਬਣੀ ਰਹਿੰਦੀ ਹੈ। ਡੇਰਿਆਂ ਵਿਚ ਅਤੇ ਹੋਰ ਧਾਰਮਕ ਅਸਥਾਨਾਂ ਤੇ ਇਸ ਭਾਉ ਭਗਤੀ ਦੀ ਗੱਲ ਘੱਟ ਹੀ ਸੁਣਾਈ ਦਿੰਦੀ ਹੈ, ਸਗੋਂ ਅਕਸਰ ਕਿਹਾ ਇਹ ਜਾਂਦਾ ਹੈ:

ਤਨੁ ਮਨੁ ਧਨੁ ਸਭ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਏ
ਇਸ ਦੇ ਅਰਥ ਵੀ ਇਹੀ ਕੀਤੇ ਜਾਂਦੇ ਹਨ ਕਿ ਅਪਣਾ ਤਨ, ਮਨ, ਧਨ 'ਸਾਨੂੰ' ਸੌਂਪ ਦਿਉ (ਗੁਰੂ ਦੇ ਨਾਂ ਤੇ) ਕਿਉਂਕਿ ਇਹ ਗੁਰੂ ਦਾ ਹੁਕਮ ਹੈ। ਅਸਲ ਵਿਚ ਤਨ, ਮਨ, ਧਨ ਸੌਂਪਣ ਦਾ ਮਤਲਬ ਹੈ ਕਿ ਮਨੁੱਖ ਇਸ ਨੂੰ ਗੁਰੂ ਦੀ ਅਮਾਨਤ ਸਮਝੇ। ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ ਹੈ, ਲੋੜਵੰਦ ਦਾ ਮੂੰਹ ਹੈ, ਕਿਸੇ ਡੇਰੇ ਵਿਚ ਰੱਖੀ ਗੋਲਕ ਹਰਗਿਜ਼ ਨਹੀਂ।

ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਭੇਟਾ ਕੀਤੀ ਮਾਇਆ ਵੀ ਗੁਰੂ ਦੀ ਗੋਲਕ ਨਹੀਂ। ਉਹ ਜਾਂ ਤਾਂ ਕਿਸੇ ਗ੍ਰੰਥੀ ਕੋਲ ਜਾਣੀ ਹੈ ਜਾਂ ਕਿਸੇ ਕਮੇਟੀ ਕੋਲ ਜਾਂ ਕਿਸੇ ਡੇਰੇਦਾਰ ਕੋਲ। ਹੁਣ ਆਉ ਜ਼ਰਾ ਸੌਂਪ ਦੇਣ ਦੇ ਅਰਥ ਹੋਰ ਵਿਸਥਾਰ ਨਾਲ ਜਾਣੀਏ। ਜਿਵੇਂ ਖ਼ਜ਼ਾਨੇ ਦੀ ਚਾਬੀ ਖ਼ਜ਼ਾਨਚੀ ਨੂੰ ਦੇਣ ਤੋਂ ਬਾਅਦ ਵੀ ਉਸ ਦਾ ਅਸਲ ਮਾਲਕ ਬੈਂਕ ਹੀ ਰਹਿੰਦਾ ਹੈ ਪਰ ਉਸ ਦੀ ਵਰਤੋਂ ਖ਼ਜ਼ਾਨਚੀ ਹੀ ਕਰਦਾ ਹੈ, ਪਰ ਬੈਂਕ ਦੇ ਕਾਨੂੰਨ ਮੁਤਾਬਕ ਹੀ, ਤਿਵੇਂ ਹੀ ਗੁਰੂ ਦੇ ਦਿਤੇ ਤਨ, ਮਨ, ਧਨ ਦੀ ਵਰਤੋਂ ਮਨੁੱਖ ਨੇ ਕਰਨੀ ਹੈ ਪਰ ਗੁਰੂ ਦੇ ਆਸ਼ੇ ਅਨੁਸਾਰ। ਗੁਰੂ ਦੀਆਂ ਦਾਤਾਂ ਨੂੰ ਮਾਲਕ ਵਾਂਗ ਨਹੀਂ, ਸੇਵਕ ਵਾਂਗ ਵਰਤਣਾ ਹੈ।

ਤੀਜਾ ਨੁਕਤਾ ਹੈ ਕਿ ਗੁਰੂ ਅਤੇ ਸਾਡੇ ਵਿਚਕਾਰ ਇਹ ਵਿਚੋਲੇ ਕੌਣ ਹਨ? ਉਂਜ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਮ ਤੌਰ ਤੇ ਵਿਚੋਲਾ ਦੇ ਅਰਥ ਵਿਚ+ਉਹਲਾ ਜ਼ਿਆਦਾ ਠੀਕ ਹਨ। ਜਿਹੜਾ ਵੀ ਕੋਈ ਕਥਿਤ ਸੰਤ, ਮਹਾਤਮਾ, ਡੇਰੇਦਾਰ ਜਾਂ ਸਾਧ ਗੁਰੂ ਦੇ ਨਾਂ ਉਪਰ ਤਨ, ਮਨ, ਧਨ ਦੇਣ ਦੀਆਂ ਅਪੀਲਾਂ ਕਰ ਕੇ ਮਾਇਆ ਇਕੱਠੀ ਕਰਦਾ ਹੈ, ਉਪਰੰਤ ਉਸ ਮਾਇਆ ਨੂੰ ਗੁਰੂ ਆਸ਼ੇ ਅਨੁਸਾਰ ਨਹੀਂ ਵਰਤਦਾ, ਉਹ ਸਾਡੇ ਅਤੇ ਗੁਰੂ ਵਿਚਕਾਰ ਵਿਚ-ਓਹਲਾ ਹੈ। ਅਜਿਹੇ ਦਲਾਲਾਂ ਕੋਲੋਂ ਸਾਵਧਾਨ ਰਹਿਣ ਦੀ ਲੋੜ ਹੈ।

ਸਾਨੂੰ ਹੀ ਕਿਉਂ ਇਨ੍ਹਾਂ ਦਲਾਲਾਂ ਨੂੰ ਵੀ ਐਸੀ ਦਲਾਲੀ ਤੋਂ ਨਾ ਕੇਵਲ ਸਾਵਧਾਨ ਬਲਕਿ ਭੈਭੀਤ ਹੋਣ ਦੀ ਲੋੜ ਹੈ। ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਵਿਚ ਚੋਰੀ ਕਰਨ ਦੇ ਦੋਸ਼ ਵਿਚ ਚੋਰ ਦੇ ਹੱਥ ਕੱਟ ਦਿਤੇ ਜਾਂਦੇ ਸਨ। ਚੋਰ ਉਹ ਹੁੰਦਾ ਹੈ ਜਿਹੜਾ ਚੋਰੀ ਕਰਦਾ ਫੜਿਆ ਜਾਵੇ ਜਾਂ ਜਿਸ ਕੋਲੋਂ ਚੋਰੀ ਦਾ ਮਾਲ ਬਰਾਮਦ ਹੋ ਜਾਵੇ। ਇਨ੍ਹਾਂ ਦਲਾਲਾਂ ਕੋਲ ਜੇ ਕੋਈ ਚੋਰੀ ਦਾ ਧਨ ਚੜ੍ਹਾ ਦੇਵੇ ਜਾਂ ਪਰਾਏ ਹੱਕ ਦੀ ਕਮਾਈ ਇਨ੍ਹਾਂ ਨੂੰ ਅਰਪਣ ਕਰ ਦੇਵੇ ਅਤੇ ਅੱਗੋਂ ਇਹ ਉਸ ਧਨ ਨੂੰ ਅਪਣੀ ਐਸ਼ੋ-ਇਸ਼ਰਤ ਵਾਸਤੇ ਵਰਤ ਲੈਣ ਤਾਂ ਇਹ ਪ੍ਰਭੂ ਦੀ ਦਰਗਾਹ ਵਿਚ ਚੋਰ ਸਾਬਤ ਹੋਣਗੇ।

ਅਜਿਹੇ ਵਿਚ ਇਨ੍ਹਾਂ ਨੂੰ ਹੱਥ ਵੱਢੇ ਜਾਣ ਦੀ ਸਜ਼ਾ ਹੋਵੇਗੀ। ਗੁਰਬਾਣੀ ਦਾ ਫ਼ੁਰਮਾਨ ਹੈ:

ਜੇ ਮੋਹਾਕਾ ਘਰੁ ਮੁਹੈ ਘਰ ਮੁਹਿ ਪਿਤਰੀ ਦੇਇ
ਅਗੇ ਵਸਤੁ ਸਿਵਾਣੀਐ ਪਿਤਰੀ ਚੋਰ ਕਰੇਇ
ਵਢੀਅਹਿ ਹਥ ਦਲਾਲ ਕੇ ਮੁਸਫ਼ੀ ਏਹ ਕਰੇਇ
ਨਾਨਕ ਅਗੈ ਸੋ ਮਿਲੈ ਜਿ ਖਣੇ ਘਾਲੇ ਦੇਇ

ਭਾਵ ਮਰ ਚੁੱਕੇ ਪਿੱਤਰਾਂ ਦੇ ਨਾਮ ਤੇ ਜੇ ਕੋਈ ਘਰ ਵਾਲਾ ਪੁਰੋਹਿਤ ਨੂੰ ਚੋਰੀ ਦਾ ਮਾਲ-ਦਾਨ ਕਰਦਾ ਹੈ ਤਾਂ ਉਸ ਦੀ ਸਜ਼ਾ ਵੀ ਪੁਰੋਹਿਤ ਦੇ ਹੱਥ ਵੱਢ ਕੇ ਦਿਤੀ ਜਾਵੇਗੀ ਕਿਉਂਕਿ ਚੋਰੀ ਦਾ ਮਾਲ ਖਾਣ ਵਾਲਾ ਦਲਾਲ ਵੀ ਚੋਰ ਅਤੇ ਪਿਤਰ, ਜਿਨ੍ਹਾਂ ਕੋਲੋਂ ਮਾਲ ਬਰਾਮਦ ਹੋਵੇਗਾ, ਉਹ ਵੀ ਚੋਰ। ਇਸ ਨਾਲੋਂ ਤਾਂ ਚੰਗਾ ਹੈ ਅਪਣੇ ਹੱਥੀਂ ਹੀ ਗ਼ਰੀਬ ਦੇ ਮੂੰਹ (ਗੁਰੂ ਕੀ ਗੋਲਕ) ਵਿਚ ਦਸਾਂ ਨਹੁੰਆਂ ਦੀ ਕਿਰਤ ਦੀ ਬੁਰਕੀ ਪਾ ਕੇ 'ਲੋਕ ਸੁਖੀਏ ਪ੍ਰਲੋਕ ਸੁਹੇਲੇ' ਬਣੀਏ।

(ਬਾਕੀ ਅਗਲੇ ਹਫ਼ਤੇ)
ਸੰਪਰਕ : 94784-39171

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement