
ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਬਾਦਲ ਪ੍ਰਵਾਰ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਅਕਾਲ ਤਖ਼ਤ ਤੇ ਮਾਫ਼ੀ ਮੰਗਣ ਲਈ ਪੇਸ਼ ਹੋਏ...
ਐਸ.ਏ.ਐਸ ਨਗਰ (ਨਿਮਰਤ ਕੌਰ) : ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਬਾਦਲ ਪ੍ਰਵਾਰ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਅਕਾਲ ਤਖ਼ਤ ਤੇ ਮਾਫ਼ੀ ਮੰਗਣ ਲਈ ਪੇਸ਼ ਹੋਏ। ਉਨ੍ਹਾਂ ਅਪਣੇ ਆਪ ਨੂੰ ਤਨਖ਼ਾਹ ਲਵਾਈ ਤੇ ਜੋੜਿਆਂ, ਭਾਂਡਿਆਂ ਦੀ ਸੇਵਾ ਕੀਤੀ। ਅਕਾਲੀ ਦਲ ਇਸ ਸਾਰੇ ਪ੍ਰੋਗਰਾਮ ਨੂੰ ਗੁਪਤ ਰਖਣਾ ਚਾਹੁੰਦਾ ਸੀ ਪਰ ਉਨ੍ਹਾਂ ਖ਼ੁਦ ਹੀ ਇਸ ਨੂੰ ਜਨਤਕ ਕਰਨ ਵਿਚ ਕੋਈ ਕਸਰ ਨਾ ਛੱਡੀ। ਇਕ ਦਿਨ ਪਹਿਲਾਂ ਮੀਡੀਆ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਸੋਸ਼ਲ ਮੀਡੀਆ ਅਤੇ ਪੀ.ਟੀ.ਸੀ. ਉਤੇ ਅਪਣਾ ਇਹ ਪ੍ਰੋਗਰਾਮ ਸਾਰਿਆਂ ਨਾਲ ਸਾਂਝਾ ਕੀਤਾ। ਇਹ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਪਣੇ ਗੁਰੂ ਨਾਲ ਨਿਜੀ ਮੁਲਾਕਾਤ ਨਹੀਂ ਸੀ।
ਇਹ ਪੰਜਾਬ ਦੇ ਲੋਕਾਂ ਅਤੇ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਦਾ ਰੋਸ ਵੇਖ ਕੇ ਅਪਣੇ ਪੁਰਾਣੇ ਹਮਾਇਤੀਆਂ ਤੋਂ ਮਾਫ਼ੀ ਮੰਗਣ ਦਾ ਇਕ ਤਰੀਕਾ ਸੀ। ਇਸ ਸਾਰੀ ਕਰਵਾਈ ਨਾਲ ਉਹ ਅਕਾਲੀ ਦਲ ਤੋਂ, ਖ਼ਾਸ ਕਰ ਕੇ ਬਾਦਲ ਪ੍ਰਵਾਰ ਅਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਤਾਂ ਅਪਣੀਆਂ ਦਾੜ੍ਹੀਆਂ ਖੋਲ੍ਹ ਕੇ ਵੀ ਅਪਣੇ ਪਛਤਾਵੇ ਨੂੰ ਇਕ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਇਨ੍ਹਾਂ ਵਲੋਂ ਅਖੰਡ ਪਾਠ ਰਖਵਾਇਆ ਗਿਆ ਅਤੇ ਅਪਣੇ ਹੱਥਾਂ ਨਾਲ ਜੋੜਿਆਂ ਅਤੇ ਭਾਂਡਿਆਂ ਦੀ ਸੇਵਾ ਕੀਤੀ।
ਸਾਰਾ ਪ੍ਰੋਗਰਾਮ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਇਹ ਲੱਗੇ ਕਿ ਇਨ੍ਹਾਂ ਦੋਹਾਂ ਆਗੂਆਂ ਨੂੰ ਅਪਣੇ ਕੀਤੇ ਉਤੇ ਬਹੁਤ ਪਛਤਾਵਾ ਹੈ। ਵੈਸੇ ਤਾਂ ਇਕ ਸਿੱਖ ਅਤੇ ਅਕਾਲ ਪੁਰਖ ਵਿਚਕਾਰ ਕਿਸੇ ਹੋਰ ਦਾ ਕੋਈ ਦਖ਼ਲ ਨਹੀਂ ਪਰ ਕਿਉਂਕਿ ਇਹ ਸਾਰਾ ਕਾਰਜ ਜਨਤਾ ਵਾਸਤੇ ਰਚਿਆ ਗਿਆ ਸੀ ਅਤੇ ਧੂਮ ਧੜੱਕੇ ਨਾਲ ਕੀਤਾ ਗਿਆ ਹੈ, ਚੁਪ ਚੁਪੀਤੇ ਨਹੀਂ, ਇਸ ਲਈ ਜਨਤਾ ਦਾ ਸਵਾਲ ਪੁੱਛਣ ਦਾ ਹੱਕ ਤਾਂ ਬਣਦਾ ਹੀ ਹੈ। ਸਿੱਖ ਧਰਮ ਵਿਚ ਇਸਾਈਆਂ ਵਾਂਗ, ਗੁਪਤ ਰਹਿ ਕੇ ਗ਼ਲਤੀਆਂ ਮੰਨਣ ਤਕ ਗੱਲ ਸੀਮਤ ਨਹੀਂ ਮੰਨੀ ਜਾਂਦੀ ਬਲਕਿ ਪਛਤਾਵਾ ਕਰਨ ਵਾਲਾ ਸੰਗਤ ਵਿਚ ਭੁੱਲ ਬਾਰੇ ਦਸ ਕੇ, ਬਖ਼ਸ਼ ਦੇਣ ਦੀ ਬੇਨਤੀ ਕਰਦਾ ਨਜ਼ਰ ਆਉਣਾ ਚਾਹੀਦਾ ਹੈ।
ਸੋ ਇਸ ਪਛਤਾਵੇ ਅਤੇ ਸੁਧਾਰ ਤੋਂ ਪਹਿਲਾਂ ਇਨ੍ਹਾਂ ਨੂੰ ਇਹ ਦਸਣਾ ਪਵੇਗਾ ਕਿ ਉਨ੍ਹਾਂ ਨੇ ਅਪਣੇ ਕਿਹੜੇ ਗੁਨਾਹਾਂ ਲਈ ਪਛਤਾਵਾ ਕੀਤਾ ਹੈ? ਹੁਣ ਇਹ ਨਹੀਂ ਆਖਿਆ ਜਾ ਸਕਦਾ ਕਿ 'ਜਾਣੇ-ਅਣਜਾਣੇ' ਵਿਚ ਹੋਈਆਂ ਭੁੱਲਾਂ ਵਿਚ ਸੱਭ ਕੁੱਝ ਆ ਜਾਵੇਗਾ। ਜੇ ਅਜੇ ਵੀ ਅਕਾਲੀ ਦਲ ਅਤੇ ਬਾਦਲ ਪ੍ਰਵਾਰ ਅਪਣੀਆਂ ਭੁੱਲਾਂ ਬਾਰੇ ਅਨਜਾਣ ਹਨ ਤਾਂ ਲੋਕਾਂ ਵਲੋਂ, ਕੁੱਝ ਗ਼ਲਤੀਆਂ ਰੌਸ਼ਨ ਕਰਨ ਵਿਚ ਅਸੀ ਮਦਦ ਕਰ ਸਕਦੇ ਹਾਂ।
1. ਕੀ ਉਹ ਅਪਣੇ 10 ਸਾਲ ਦੇ ਰਾਜ ਵਿਚ ਪੰਜਾਬ ਵਿਚ ਨਸ਼ੇ ਦੇ ਵਪਾਰ ਨੂੰ ਫੈਲਾਉਣ ਵਿਚ ਅਤੇ ਉਸ ਵਿਚ ਸਰਕਾਰੀ ਮਸ਼ੀਨਰੀ ਦੇ ਪ੍ਰਯੋਗ ਲਈ ਮਾਫ਼ੀ ਮੰਗਦੇ ਹਨ? ਉਨ੍ਹਾਂ ਨਸ਼ੇ ਦਾ ਵਪਾਰ ਚਾਲੂ ਕਰ ਕੇ ਤੇ ਵਫ਼ਾਦਾਰਾਂ ਨੂੰ ਕਾਨੂੰਨ ਤੋਂ ਬਚਾ ਕੇ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਲ ਧਕਿਆ, ਕੀ ਉਸ ਵਾਸਤੇ ਮਾਫ਼ੀ ਮੰਗ ਰਹੇ ਹਨ?
2. ਅਪਣੇ ਕਾਰਜਕਾਲ ਵਿਚ ਪੰਜਾਬ ਦਾ ਭਾਰੀ ਆਰਥਕ ਨੁਕਸਾਨ ਕਰਵਾ ਕੇ ਅਪਣੇ ਨਿਜੀ ਵਪਾਰ ਨੂੰ ਫ਼ਾਇਦਾ ਪਹੁੰਚਾਉਣ ਦੀ ਮਾਫ਼ੀ ਮੰਗ ਰਹੇ ਹਨ? ਕੀ ਪੰਜਾਬ ਦੇ ਖ਼ਜ਼ਾਨੇ ਵਿਚ ਪੈਣ ਵਾਲੀ ਕਮਾਈ ਨੂੰ ਨਿਜੀ ਕਮਾਈ ਵਿਚ ਬਦਲਣ ਦਾ ਪਛਤਾਵਾ ਕਰ ਰਹੇ ਹਨ ਤੇ ਭੁੱਲ ਬਖ਼ਸ਼ਵਾ ਰਹੇ ਹਨ?
3. ਕੀ ਉਹ ਅਪਣੇ ਕਾਰਜਕਾਲ ਵਿਚ ਬੇਅਦਬੀ ਅਤੇ ਗੋਲੀਕਾਂਡ ਵਿਚ ਨਿਹੱਥੇ ਨੌਜਵਾਨਾਂ ਨੂੰ ਮਾਰੇ ਜਾਣ ਅਤੇ ਜ਼ਿੰਦਗੀਆਂ ਬਰਬਾਦ ਕਰਨ ਦੀ ਭੁੱਲ ਕਬੂਲਦੇ ਹਨ? ਕੀ ਉਹ ਅਪਣੀ ਸ਼ਮੂਲੀਅਤ ਦਾ ਸੱਚ ਦਸ ਕੇ ਸਜ਼ਾ ਭੁਗਤਣ ਲਈ ਤਿਆਰ ਹਨ?
4. ਐਸ.ਜੀ.ਪੀ.ਸੀ. ਦੀ ਪ੍ਰਵਾਨਗੀ ਨਾਲ ਆਰ.ਐਸ.ਐਸ. ਦੇ ਏਜੰਡੇ ਨੂੰ ਲਾਗੂ ਕਰਵਾ ਕੇ ਜਿਵੇਂ ਉਨ੍ਹਾਂ ਨੇ ਸਿੱਖ ਫ਼ਲਸਫ਼ੇ ਨੂੰ ਮੈਲਾ ਕੀਤਾ ਹੈ, ਕੀ ਉਸ ਨੂੰ ਕਬੂਲ ਕਰ ਕੇ ਅੱਗੇ ਤੋਂ ਹਰ ਕਦਮ ਸਿੱਖ ਫ਼ਲਸਫ਼ੇ ਮੁਤਾਬਕ ਚੁੱਕਣ ਦਾ ਵਾਅਦਾ ਕਰਦੇ ਹਨ?
5. ਜਿਨ੍ਹਾਂ ਅਕਾਲੀ ਆਗੂਆਂ ਨੂੰ ਬਾਦਲ ਪ੍ਰਵਾਰ ਦੀਆਂ ਨਿਜੀ ਲਾਲਸਾਵਾਂ ਕਰ ਕੇ ਪਿੱਛੇ ਧਕਿਆ ਗਿਆ, ਕੀ ਉਨ੍ਹਾਂ ਤੋਂ ਪਛਤਾਵੇ ਦੇ ਨਾਂ ਤੇ ਸਾਰੇ ਅਹੁਦਿਆਂ ਤੋਂ ਬਾਦਲ ਪ੍ਰਵਾਰ ਅਸਤੀਫ਼ਾ ਦੇਵੇਗਾ? ਕੀ ਹਰਸਿਮਰਤ ਕੌਰ ਬਾਦਲ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਕੇ ਉਨ੍ਹਾਂ ਵਾਸਤੇ ਥਾਂ ਬਣਾਉਣਗੇ ਜਿਨ੍ਹਾਂ ਦਾ ਹੱਕ ਮਾਰਿਆ ਗਿਆ ਸੀ?
6. ਜਿਨ੍ਹਾਂ ਲੋਕਾਂ ਨੂੰ ਪੰਥ 'ਚੋਂ ਛੇਕ ਕੇ ਪੰਥ ਦਾ ਦੁਸ਼ਮਣ ਗਰਦਾਨਿਆ ਗਿਆ ਹੈ (ਪ੍ਰੋ. ਦਰਸ਼ਨ ਸਿੰਘ, ਗੁਰਬਚਨ ਸਿੰਘ ਕਾਲਾ ਅਫ਼ਗਾਨਾ, ਸ. ਜੋਗਿੰਦਰ ਸਿੰਘ) ਕੀ ਉਨ੍ਹਾਂ ਬਾਰੇ ਖੁਲ੍ਹ ਕੇ ਭੁਲ ਬਖ਼ਸ਼ਵਾਈ ਜਾਵੇਗੀ? ਕੀ ਉਹ ਸਪੋਕਸਮੈਨ ਅਖ਼ਬਾਰ ਨੂੰ ਬੰਦ ਕਰਵਾਉਣ ਦੇ ਮੰਦੇ ਕਰਮਾਂ ਅਤੇ ਸਿਰ ਕਲਮ ਕਰਨ ਦੀ ਧਮਕੀ ਤੋਂ ਬਾਅਦ ਇਸ਼ਤਿਹਾਰ ਬੰਦ ਕਰਨ, ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਗ਼ਲਤੀ ਕਰਨ ਵਾਲੀ ਭੁੱਲ ਵਾਸਤੇ ਮਾਫ਼ੀ ਮੰਗਦੇ ਹਨ?
ਕੀ ਉਹ ਸਾਰੇ ਬਿਜਲਈ ਮੀਡੀਆ ਨੂੰ ਬੰਦ ਕਰ ਕੇ (ਡੇ ਐਂਡ ਨਾਈਟ, ਕੇਬਲ ਆਦਿ) ਸਿਰਫ਼ ਪੀ.ਟੀ.ਸੀ. ਅਤੇ ਫ਼ਾਸਟਵੇਅ ਨੂੰ ਉੱਪਰ ਚੁੱਕਣ ਦੀ ਗ਼ਲਤੀ ਕਬੂਲਦੇ ਹਨ? ਗੁਰੂ ਘਰਾਂ ਵਿਚ ਗੋਲਕ ਦੀ ਨੀਲਾਮੀ, ਕਾਰ ਸਵਾ ਦੀਆਂ ਨੀਲਾਮੀਆਂ ਵਰਗੇ ਕਿੰਨੀਆਂ ਹੀ ਹੋਰ ਸਿੱਖ ਸੋਚ ਨੂੰ ਦਿਤੀਆਂ ਚੁਨੌਤੀ ਦੀਆਂ ਭੁੱਲਾਂ ਦੀ ਮਾਫ਼ੀ ਮੰਗਦੇ ਹਨ? ਇਹ ਨਿਜੀ ਕਾਰਨ ਨਹੀਂ ਸਨ, ਇਹ ਜਨਤਕ ਮਾਫ਼ੀਨਾਮਾ ਸੀ। ਪਰ ਬਗ਼ੈਰ ਗੁਨਾਹਾਂ ਤੋਂ ਜਾਂ ਬਗ਼ੈਰ ਸੁਧਾਰ ਦੇ ਕਾਰਜਾਂ ਤੋਂ, ਇਹ ਸੱਭ ਬੇਅਰਥ ਦਾ ਵਿਖਾਵਾ ਹੀ ਸੀ। - (ਨਿਮਰਤ ਕੌਰ)