ਬਾਕੀ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਹੈ
Published : May 12, 2018, 12:25 pm IST
Updated : May 12, 2018, 12:25 pm IST
SHARE ARTICLE
Health first than Work
Health first than Work

ਜਿਵੇਂ ਜਿਵੇਂ ਸਾਡਾ ਸਮਾਜ ਤਰੱਕੀ ਦੀਆਂ ਲੀਹਾਂ ਤੇ ਪੂਰੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ ਉਵੇਂ ਉਵੇਂ ਬਹੁਤ ਸਾਰੀਆਂ ਚੀਜ਼ਾਂ ਅਣਗੌਲਿਆਂ ਵੀ ਹੋ ਰਹੀਆਂ ਹਨ ਅਤੇ ਪਿਛੇ ਛੁਟ..

ਜਿਵੇਂ ਜਿਵੇਂ ਸਾਡਾ ਸਮਾਜ ਤਰੱਕੀ ਦੀਆਂ ਲੀਹਾਂ ਤੇ ਪੂਰੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ ਉਵੇਂ ਉਵੇਂ ਬਹੁਤ ਸਾਰੀਆਂ ਚੀਜ਼ਾਂ ਅਣਗੌਲਿਆਂ ਵੀ ਹੋ ਰਹੀਆਂ ਹਨ ਅਤੇ ਪਿਛੇ ਛੁਟ ਰਹੀਆਂ ਹਨ। ਸਮੇਂ ਦੀ ਤੇਜ਼ ਰਫਤਾਰ ਦੇ ਨਾਲ ਨਾਲ ਚੱਲਣ ਲਈ ਚੰਗੀ ਸਿਹਤ ਦਾ ਹੋਣਾ ਬਹੁਤ ਜਰੂਰੀ ਹੈ। ਇਨਸਾਨ ਦੀ ਦੌੜ ਬਹੁਤ ਤੇਜ਼ ਹੋ ਗਈ ਹੈ ਸਵੇਰ ਤੋਂ ਸ਼ਾਮ ਤੱਕ ਬਿਨ੍ਹਾਂ ਰੁਕੇ ਬਿਨ੍ਹਾਂ ਥੱਕੇ ਬੱਸ ਕੰਮ ਅਤੇ ਪੈਸੇ ਕਮਾਉਣ ਦਾ ਰੁਝਾਨ ਹੈ। ਪਰ ਇਸ ਸਭ ਵਿੱਚ ਜਾਣੇ ਅਨਜਾਣੇ ਸਾਡੀ ਸਿਹਤ ਪ੍ਰਭਾਵਿਤ ਹੋ ਰਹੀ ਹੈ ਅਤੇ ਪਿਛਲੇ ਕੁਝ ਸਮੇਂ ਵਿੱਚ ਖਾਣ-ਪੀਣ ਅਤੇ ਰਹਿਣ ਸਹਿਣ ਦੀਆਂ ਆਦਤਾਂ ਵਿੱਚ ਬਹੁਤ ਵੱਡੇ ਬਦਲਾਅ ਦੇਖੇ ਜਾ ਸਕਦੇ ਹਨ। ਲੋਕਾਂ ਵਿੱਚ ਮੋਟਾਪਾ, ਦਿਲ ਦਾ ਦੌਰਾ, ਸ਼ੂਗਰ, ਹਾਈ ਬੀਪੀ, ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਬਹੁਤ ਆਮ ਦੇਖਣ ਨੂੰ ਮਿਲਦੀਆਂ ਹਨ। ਤਕਨੀਕ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹੋਣ ਨਾਲ ਅਸੀਂ ਸਭ ਉਨ੍ਹਾਂ ਦੇ ਆਦੀ ਹੋ ਚੁੱਕੇ ਹਾਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਕੰਮ ਨੂੰ ਤਕਨੀਕ ਨਾਲ ਹੀ ਕਰਨ ਦਾ ਰੁਝਾਨ ਦੀਨੋ ਦਿਨ ਵੱਧ ਰਿਹਾ ਹੈ ਜਿਸਦੇ ਸਿੱਟੇ ਵਜੋਂ ਸਰੀਰ ਦੀ ਕੰਮ ਕਰਨ ਦੀ ਸਮਰੱਥਾ ਘੱਟ ਹੋ ਰਹੀ ਹੈ ਅਤੇ ਬਿਮਾਰੀ ਪ੍ਰਤੀਰੋਧੀ ਸ਼ਕਤੀ ਵੀ ਘੱਟ ਰਹੀ ਹੈ। ਥੋੜੇ ਜਿਹੇ ਸਰੀਰਕ ਕੰਮ, ਕਸਰਤ ਜਾਂ ਪੈਦਲ ਚੱਲਣ ਨਾਲ ਹੀ ਸਰੀਰ ਥੱਕ ਜਾਂਦਾ ਹੈ। ਮੋਟੇ ਲੋਕਾਂ ਦੀ ਗਿਣਤੀ ਵਿਚ ਪਿਛਲੇ 10 ਸਾਲਾਂ ਵਿੱਚ ਬਹੁਤ ਵੱਡਾ ਵਾਧਾ ਦੇਖਣ  ਨੂੰ ਮਿਲਿਆ ਹੈ ਜਿਸਦੇ ਫਲਸਰੂਪ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਵੀ ਵਾਧਾ ਹੋਇਆ ਹੈ।

ਜਿਆਦਾਤਰ ਲੋਕਾਂ ਦੇ ਕੰਮ ਇੰਜ ਦੇ ਹਨ ਕਿ ਉਨ੍ਹਾਂ ਨੂੰ ਬਹੁਤ ਜਿਆਦਾ ਸਮਾਂ ਬੈਠ ਕੇ ਜਾ ਕੰਪਿਊਟਰ ਉੱਤੇ ਕੰਮ ਕਰਕੇ ਬੀਤਦਾ ਹੈ ਇਹੋ ਜਿਹੇ ਕਿਸੇ ਵੀ ਕੰਮ ਵਿੱਚ ਜਿਥੇ ਸਰੀਰਕ ਕੰਮ ਘੱਟ ਹੁੰਦਾ ਹੈ ਉਥੇ ਮੋਟਾਪਾ, ਅੱਖਾਂ, ਗਰਦਨ ਅਤੇ ਪਿੱਠ ਨਾਲ ਸੰਬੰਧਿਤ ਬਿਮਾਰੀਆਂ ਦਾ ਖ਼ਤਰਾ ਜਿਆਦਾ ਹੁੰਦਾ ਹੈ। ਕੰਮ ਦੇ ਵਿੱਚ ਤਬਦੀਲੀਆਂ ਦੇ ਨਾਲ ਨਾਲ ਸਭ ਤੋਂ ਵੱਡੀ ਤਬਦੀਲੀ ਜੋ ਆਈ ਹੈ ਉਹ ਹੈ ਖਾਣ ਪੀਣ ਦੀਆਂ ਆਦਤਾਂ, ਰਹਿਣ-ਸਹਿਣ ਦੀਆਂ ਆਦਤਾਂ ਵਿੱਚ। ਅਸੀਂ ਆਪਣੇ ਆਸਪਾਸ ਦੇਖ ਸਕਦੇ ਹਨ ਕਿ ਜਗ੍ਹਾ ਜਗ੍ਹਾ ਤੇ ਫਾਸਟ ਫੂਡ ਜਿੰਨੂ ਜੰਕ ਫ਼ੂਡ ਵੀ ਕਹਿੰਦੇ ਹਾਂ ਦੀਆਂ ਰੇਹੜੀਆਂ ਜਾਂ ਦੁਕਾਨਾਂ ਦੀ ਭਰਮਾਰ ਹੈ, ਜਿਥੇ ਤਰਾਂ ਤਰਾਂ ਦੇ ਖਾਣੇ ਮਿਲਦੇ ਹਨ ਜੋ ਕੇ ਸਭ ਨੂੰ ਪਤਾ ਹੀ ਹੈ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਕਿਸੇ ਵੀ ਸ਼ਹਿਰ ਵਿੱਚ ਅਣਗਿਣਤ ਜਿਮ ਤੇ ਹੋਰ ਕਸਰਤ ਕਰਨ ਦੀਆਂ ਥਾਵਾਂ ਦੇ ਬਾਵਜੂਦ ਸਾਡੀ ਸਿਹਤ ਦਾ ਗਰਾਫ਼ ਦਿਨੋ-ਦਿਨ ਹੇਠਾਂ ਵੱਲ ਹੀ ਜਾ ਰਿਹਾ ਹੈ। ਇਸਦੇ ਬਹੁਤ ਸਾਰੇ ਕਾਰਣ ਹਨ ਜਿੰਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਇਹ ਵੀ ਕੋਸ਼ਿਸ਼ ਕਰਾਂਗੇ ਕੇ ਸੱਮਸਿਆ ਜਾਨਣ ਤੋਂ ਬਾਅਦ ਉਸਦੇ ਹੱਲ ਲਈ ਵੀ ਵਿਚਾਰ ਕੀਤੀ ਜਾ ਸਕੇ ਤਾਂ ਤੋਂ ਬਹੁਤਾ ਨਹੀਂ ਤਾਂ ਕੁਝ ਤਾਂ ਫਰਕ ਪੈ ਸਕੇ।
ਸਭ ਤੋਂ ਪਹਿਲਾਂ ਚੰਗੀ ਸਿਹਤ ਹੋਣ ਲਈ ਜਰੂਰੀ ਹੈ ਚੰਗੀ ਅਤੇ ਸਾਕਾਰਾਤਮਕ ਸੋਚ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਸੋਚਣਗੇ ਕੇ ਸੋਚ ਦਾ ਸਿਹਤ ਨਾਲ ਕੀ ਵਾਸਤਾ। ਸੋਚ ਅਤੇ ਸਿਹਤ ਦੋਨੋ ਇਕ ਦੂਜੇ ਨਾਲ ਉਨ੍ਹਾਂ ਹੀ ਸੰਬੰਧਿਤ ਹਨ ਜਿਨਾਂ ਚੰਗਾ ਖਾਣਾ ਅਤੇ ਸਿਹਤ। ਕਿਸੇ ਵੀ ਚੀਜ਼ ਦੀ ਮੂਲ ਰਚਨਹਾਰ ਸੋਚ ਹੀ ਹੁੰਦੀ ਹੈ, ਅਗਰ ਅਸੀਂ ਹਰ ਵੇਲੇ ਨਾਕਾਰਾਤਮਕ ਅਤੇ ਢਹਿੰਦੀ ਕਲਾ ਵਾਲੀ ਸੋਚ ਨੂੰ ਹੀ ਅਪਨਾਉਂਦੇ ਹਾਂ ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਜਿਆਦਾ ਹੈ ਕਿ ਅਸੀਂ ਕਦੇ ਆਪਣੇ ਸਰੀਰ ਬਾਰੇ ਸੋਚੀਏ ਹੀ ਨਾ ਕਿਉਂਕ ਅਸੀਂ ਦਿਮਾਗ ਨੂੰ ਕਦੇ ਚੰਗਾ ਸੋਚਣ ਦੀ ਆਗਿਆ ਹੀ ਨਹੀਂ ਦਿੱਤੀ ਇਸ ਲਈ ਉਹ ਹਮੇਸ਼ਾਂ ਸਾਡੇ ਸਾਹਮਣੇ ਮੁਸ਼ਕਿਲਾਂ ਅਤੇ ਮਾੜੇ ਅਹਿਸਾਸਾਂ ਨੂੰ ਹੀ ਪੇਸ਼ ਕਰੇਗਾ ਸਿੱਟੇ ਵਜੋਂ ਇਨਸਾਨ ਹਾਰਿਆ ਹੋਇਆ ਅਤੇ ਡਿਪਰੈਸ਼ਨ ਦਾ ਸ਼ਿਕਾਰ ਮਹਿਸੂਸ ਕਰਦਾ ਹੈ ਤੇ ਅਜਿਹੀਆਂ ਸਥਿਤੀਆਂ ਵਿੱਚ ਲੋਕ ਅਕਸਰ ਜੀਣ ਦੀ ਆਸ ਛੱਡ ਦੇਂਦੇ ਹਨ ਫਿਰ ਸਿਹਤ ਉਨ੍ਹਾਂ ਲਈ ਕੀ ਚੀਜ ਹੈ। ਇਸ ਲਈ ਜਦ ਵੀ ਚੰਗੀ ਸਿਹਤ ਦੀ ਗੱਲ ਕਰਦੇ ਹਾਂ ਤਾਂ ਸੋਚ ਵਿੱਚ ਬਦਲਾਅ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ।

ਜ਼ਿੰਦਗੀ ਵਿੱਚ ਅੱਗੇ ਵਧਣਾ ਤੇ ਮੁਕਾਬਲੇ ਦੀ ਭਾਵਨਾ ਹਰ ਕਿਸੇ ਮਨੁੱਖ ਵਿੱਚ ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ, ਪਰ ਇਥੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਸ ਮੁਕਾਬਲੇ ਲਈ ਤੁਹਾਡਾ ਤੰਦਰੁਸਤ ਹੋਣਾ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਪੈਸੇ ਕਮਾਉਣ ਦੀ ਦੌੜ, ਨਾਮ ਸ਼ੋਹਰਤ ਹਾਸਿਲ ਕਰਨ ਦੀ ਦੌੜ ਵਿੱਚ ਸਭ ਤੋਂ ਵੱਡੀ ਕੁਰਬਾਨੀ ਸਿਹਤ ਤੇ ਸਰੀਰ ਨੂੰ ਦੇਣੀ ਪੈਂਦੀ ਹੈ। ਸਾਰੀ ਉਮਰ ਇਸ ਦੌੜ ਵਿੱਚ ਦੌੜਨ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਸਭ ਕੁਝ ਹਾਸਿਲ ਤਾਂ ਹੋ ਗਿਆ ਪਰ ਉਸਦਾ ਆਨੰਦ ਮਾਨਣ ਦੇ ਸਮੇਂ ਸਰੀਰ ਨੇ ਸਾਥ ਛੱਡ ਦਿੱਤਾ। ਸਾਰੀ ਉਮਰ ਮਰ ਮਰ ਕੇ ਜੋ ਪੈਸੇ ਕਮਾਏ ਫਿਰ ਸਹਿਤ ਖਰਾਬ ਹੋਣ ਤੇ ਓਹੀ ਪੈਸੇ ਆਪਣੇ ਆਪ ਨੂੰ ਸਿਹਤਮੰਦ ਕਰਨ ਲਈ ਖਰਚ ਕਰ ਦਿੱਤੇ। ਇਸ ਲਈ ਹਰ ਇਕ ਚੀਜ ਦਾ ਸੰਤੁਲਨ ਬਣਾਉਣਾ ਬਹੁਤ ਜਰੂਰੀ ਹੈ, ਕਦੇ ਵੀ ਕਿਸੇ ਚੀਜ਼ ਨੂੰ ਭਵਿੱਖ ਲਈ ਇਹ ਕਹਿ ਕੇ ਨਹੀਂ ਛੱਡਣਾ ਚਾਹੀਦਾ ਕਿ ਸਹੀ ਸਮਾਂ ਆਉਣ ਤੇ ਇਹ ਕੰਮ ਕਰੂੰਗਾ, ਵਰਤਮਾਨ ਤੋਂ ਸਹੀ ਸਮਾਂ ਕਦੇ ਨਹੀਂ ਆਵੇਗਾ, ਇਸ ਲਈ ਅਗਰ ਦਿਲ ਵਿੱਚ ਇੱਛਾ ਹੈ ਤਾਂ ਇਸਨੂੰ ਅੱਜ ਹੀ ਅਪਣਾਓ ਸਹੀ ਸਮੇਂ ਦਾ ਇੰਤਜ਼ਾਰ ਕਦੇ ਨਹੀਂ ਮੁੱਕਦਾ।

ਸਰੀਰ ਦੀ ਗੱਡੀ ਨੂੰ ਚਲਾਉਣ ਲਈ ਭੋਜਨ ਈਂਧਨ ਦਾ ਕੰਮ ਕਰਦਾ ਹੈ, ਕਿਸ ਸਮੇਂ ਕੀ ਅਤੇ ਕਿੰਨਾਂ ਖਾਣਾ ਹੈ ਇਹ ਸਾਡੇ ਲਈ ਜਾਨਣਾ ਬਹੁਤ ਜਰੂਰੀ ਹੈ। ਹਰ ਸਰੀਰ ਨੂੰ ਭੋਜਨ ਦੀ ਲੋੜ ਪੈਂਦੀ ਹੈ ਕਿਸੇ ਨੂੰ ਜਿਆਦਾ ਕਿਸੇ ਨੂੰ ਘੱਟ ਪਰ ਸਭ ਨੂੰ ਇਕ ਸੰਤੁਲਿਤ ਭੋਜਨ ਦੀ ਲੋੜ ਹੈ ਜਿਸ ਵਿੱਚ ਸਭ ਲੋੜੀਂਦੇ ਪੋਸ਼ਕ ਤੱਤ ਇਕ ਲੋੜੀਂਦੀ ਮਾਤਰਾ ਵਿੱਚ ਮੌਜੂਦ ਹੋਣ। ਅਸੀਂ ਦੇਖਦੇ ਹਾਂ ਕੇ ਜਗ੍ਹਾ-ਜਗ੍ਹਾ ਖਾਣ-ਪੀਣ ਲਈ ਬਹੁਤ ਥਾਵਾਂ ਅਜਕਲ ਆਮ ਹੀ ਦਿਸ ਜਾਂਦੀਆਂ ਹਨ ਤੇ ਇਨ੍ਹਾਂ ਥਾਵਾਂ ਤੇ ਭੀੜ ਵੀ ਆਮ ਹੀ ਦੇਖਦੇ ਹਾਂ, ਅਸੀਂ ਸਵਾਦ ਦੇ ਨਾਮ ਤੇ ਕੁਝ ਵੀ ਖਾ ਲੈਂਦੇ ਹਾਂ ਇਹ ਬਿਨਾਂ ਜਾਣੇ ਕਿ ਇਹ ਸਾਡੇ ਸਰੀਰ ਵਿੱਚ ਜਾ ਕੇ ਕੀ ਅਸਰ ਕਰੇਗਾ। ਅਜਿਹੇ ਖਾਣੇ ਸਾਨੂੰ ਸਵਾਦ ਜਰੂਰ ਲਗਦੇ ਹਨ ਪਰ ਇਨ੍ਹਾਂ ਵਿਚੋਂ ਕੋਈ ਵੀ ਪੋਸ਼ਕ ਤੱਤ ਨਹੀਂ ਪ੍ਰਾਪਤ ਹੁੰਦਾ ਸਗੋਂ ਬੇਮਤਲਬ ਦੀ ਚਰਬੀ ਸਾਡੇ ਸਰੀਰ ਵਿੱਚ ਜਮਾਂ ਹੁੰਦੀ ਰਹਿੰਦੀ ਹੈ ਜੋ ਅੱਗੇ ਜਾ ਕੇ ਬਹੁਤ ਸਾਰੇ ਰੋਗਾਂ ਦੀ ਜੜ੍ਹ ਬਣਦੀ ਹੈ। ਇਹੋ ਜਿਹਾ ਖਾਣਾ ਪਚਾਉਣ ਵਿੱਚ ਸਰੀਰ ਨੂੰ ਬਹੁਤ ਮੁਸ਼ਕਿਲ ਹੁੰਦੀ ਹੀ ਜਿਸਦੇ ਸਿੱਟੇ ਵੱਜੋਂ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੱਚਿਆਂ ਵਿੱਚ ਮੋਟਾਪਾ ਬਹੁਤ ਆਮ ਦੇਖਿਆ ਜਾ ਸਕਦਾ ਹੈ ਕਿਉਂਕ ਮਾਂ-ਬਾਪ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣ ਵਿੱਚ ਅਸਮਰੱਥ ਹਨ, ਬਹੁਤ ਜਲਦੀ ਬਿਮਾਰ ਹੋ ਜਾਣਾ ਸਰੀਰਕ ਕਮਜ਼ੋਰੀ ਨੂੰ ਦਰਸਾਉਂਦਾ ਹੈ, ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਇਸ ਗੱਲ ਤੇ ਨਿਰਭਰ ਕਰਦੀ ਹੈ ਕੇ ਸਾਡੇ ਸਰੀਰ ਵਿੱਚ ਊਰਜਾ ਕਿੰਨੀ ਹੈ ਤੇ ਇਸ ਗੱਲ ਦਾ ਜਵਾਬ ਸਾਨੂੰ ਸਭ ਨੂੰ ਪਤਾ ਹੈ ਕਿ ਅਗਰ ਊਰਜਾ ਹੋਊਗੀ ਤਾਂ ਹੀ ਉਸਦੀ ਵਰਤੋਂ ਹੋ ਸਕੇਗੀ। ਇਸਤੋਂ ਬਾਅਦ ਬੱਚਿਆਂ ਦਾ ਰੁਝਾਨ ਸਰੀਰਕ ਖੇਡਾਂ ਵਾਲਿਆਂ ਗਤੀਵਿਧੀਆਂ ਤੋਂ ਕਾਫੀ ਘਟ ਗਿਆ ਹੈ, ਗਰਾਉਂਡ ਵਿੱਚ ਜਾ ਕੇ ਖੇਡਣ ਦੀ ਬਜਾਏ ਘਰ ਵਿੱਚ ਬੈਠ ਕੇ ਮੋਬਾਇਲ ਫੋਨ ਤੇ ਖੇਡਣਾ ਜਿਆਦਾ ਪਸੰਦ ਕੀਤਾ ਜਾਂਦਾ ਹੈ, ਅਤੇ ਮਾਪੇ ਵੀ ਉਸਨੂੰ ਗਰਾਉਂਡ ਵਿੱਚ ਜਾ ਕੇ ਖੇਡਣ ਲਈ ਪ੍ਰੇਰਿਤ ਨਹੀਂ ਕਰਦੇ। ਪੜਾਈ ਦਾ ਬੋਝ ਅਤੇ ਕੁਝ ਬਣਨ ਦੀ ਹੋੜ ਸਰੀਰਕ ਅਤੇ ਮਾਨਸਿਕ ਬੁਰੇ ਪ੍ਰਭਾਵ ਪੈਦਾ ਕਰ ਦੇਂਦੀ ਹੈ। ਜਦ ਗਰਾਉਂਡ ਵਿੱਚ ਜਾ ਕੇ ਪਸੀਨਾ ਵਾਹਿਆ ਜਾਂਦਾ ਹੈ ਤਾਂ ਜਿੱਥੇ ਸਰੀਰ ਦਾ ਫਾਇਦਾ ਹੈ ਉਥੇ ਮਾਨਸਿਕ ਤੌਰ ਤੇ ਵੀ ਬੱਚਾ ਤੇਜ ਹੁੰਦਾ ਹੈ ਉਸ ਵਿੱਚ ਮੁਕਾਬਲੇ ਦੀ ਭਾਵਨਾ, ਟੀਮ ਨਾਲ ਮਿਲਕੇ ਰਹਿਣਾ, ਜਿੱਤ ਹਾਰ ਨੂੰ ਸਮਝਣਾ ਅਤੇ ਪ੍ਰੀਤੀਕ੍ਰਿਆ ਕਰਨਾ ਉਸਦੀ ਜ਼ਿੰਦਗੀ ਵਿੱਚ ਬਹੁਤ ਕੰਮ ਆਉਂਦਾ ਹੈ।ਹਰ ਇਨਸਾਨ ਚਾਹੇ ਛੋਟਾ ਬੱਚਾ ਹੋਵੇ, ਨੌਜਵਾਨ ਜਾਂ ਬੁਢਾ ਹਰ ਕਿਸੇ ਨੂੰ ਆਪਣੇ ਆਪ ਨਾਲ ਪਿਆਰ ਹੋਣਾ ਚਾਹੀਦਾ ਹੈ ਅਤੇ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਜਿਥੇ ਆਪਣੇ ਬਾਕੀ ਸਾਰੇ ਕੰਮਾਂ ਲਈ ਸਮਾਂ ਨਿਕਲ ਰਿਹਾ ਹੈ ਆਪਣੀ ਸਿਹਤ ਤੇ ਤੰਦੂਰਸਤੀ ਲਈ ਵੀ ਸਮਾਂ ਕੱਢਣਾ ਜਰੂਰੀ ਹੈ। ਆਪਣੇ ਦਿਮਾਗ ਨੂੰ ਇਸ ਕੰਮ ਲਈ ਜਿੰਨਾ ਜਲਦੀ ਤਿਆਰ ਕਰ ਲਵਾਂਗੇ ਉਨ੍ਹਾਂ ਹੀ ਜੀਵਨ ਖੁਸ਼ ਤੇ ਤੰਦਰੁਸਤ ਰਹੇਗਾ। ਆਪਣੇ ਦਿਮਾਗ ਨੂੰ ਇਸ ਗੱਲ ਲਈ ਵੀ ਤਿਆਰ ਕਰਨਾ ਜਰੂਰੀ ਹੈ ਕਿ ਉਸਨੂੰ ਨਾਂਹ ਕਹਿਣੀ ਆਉਂਦੀ ਹੋਵੇ, ਉਸਨੂੰ ਪਤਾ ਹੋਵੇ ਕੀ ਕਰਨ ਜਾ ਕੀ ਖਾਣ ਨਾਲ ਸਰੀਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੋ ਚੀਜ ਸਿਹਤ ਲਈ ਨਹੀਂ ਠੀਕ ਉਸਨੂੰ ਨਾਹ ਕਹਿਣ ਦੀ ਹਿੰਮਤ ਪੈਦਾ ਕਰਨੀ ਬਹੁਤ ਜਰੂਰੀ ਹੀ, ਜਰੂਰੀ ਨਹੀਂ ਹਰ ਚੀਜ ਜੋ ਸਾਨੂੰ ਬਹੁਤ ਪਸੰਦ ਹੈ ਜਾਂ ਬਹੁਤ ਸਵਾਦ ਹੈ ਤੇ ਉਹ ਖਾਣੀ ਹੀ ਹੈ, ਜਿਸ ਦਿਨ ਸਵਾਦ ਨੂੰ ਮਾਰ ਕੇ ਨਾਂਹ ਕਹਿਣਾ ਸਿੱਖ ਲਿਆ ਉਸ ਦਿਨ ਤੋਂ ਨਵੀਂ ਸ਼ੁਰੂਵਾਤ ਹੋਵੇਗੀ।

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਗੱਲ ਪ੍ਰਤੀ ਬਹੁਤ ਚਿੰਤਤ ਹਨ ਕਿ ਕਿਵੇਂ ਆਪਣੀ ਸਿਹਤ ਨੂੰ ਸਹੀ ਰੱਖਿਆ ਜਾਵੇ, ਕਿਵੇਂ ਮੋਟਾਪਾ ਅਤੇ ਦੂਜਿਆਂ ਬਿਮਾਰੀਆਂ ਤੋਂ ਬਚਿਆ ਜਾਵੇ, ਇਹਨਾਂ ਸਵਾਲਾਂ ਦੇ ਜਵਾਬ ਔਖੇ ਨਹੀਂ ਹਨ ਤੇ ਸਭ ਨੂੰ ਲਗਭਗ ਪਤਾ ਹੀ ਹੈ ਪਰ ਫਿਰ ਵੀ ਅਸੀਂ ਅਣਜਾਣ ਬਣ ਕੇ ਘੁੰਮਦੇ ਹਾਂ। ਹਰ ਰੋਜ਼ ਥੋੜੀ ਕਸਰਤ, ਥੋੜੀ ਸੈਰ, ਥੋੜਾ ਜਿਹਾ ਖਾਣ-ਪੀਣ ਦਾ ਧਿਆਨ ਅਤੇ ਪਰਹੇਜ਼, ਜਿੱਥੇ ਮੁਮਕਿਨ ਹੈ ਪੈਦਲ ਜਾਂ ਸਾਈਕਲ ਦੀ ਵਰਤੋਂ ਕਰਨੀ, ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਆਦਿ। ਕੁਝ ਚੀਜ਼ਾਂ ਨੂੰ ਘੱਟ ਕਰਕੇ ਬਹੁਤ ਵੱਡੇ ਫਾਇਦੇ ਲਏ ਜਾ ਸਕਦੇ ਹਨ, ਜਿਵੇਂ ਖੰਡ, ਲੂਣ, ਤੇਲ ਘਿਓ, ਮਸਾਲੇਦਾਰ ਖਾਣੇ ਆਦਿ ਤੇ ਕੁਝ ਚੀਜਾਂ ਨੂੰ ਵਧਾ ਕੇ ਜਿਵੇਂ ਪਾਣੀ, ਹਰੀਆਂ ਸਬਜ਼ੀਆਂ, ਸਲਾਦ, ਦਾਲਾਂ ਆਦਿ। ਪੁਰਾਣੇ ਸਮਿਆਂ ਵਿੱਚ ਲੋਕ ਕੁਝ ਵੀ ਖਾ ਤੇ ਪਚਾ ਲੈਂਦੇ ਸਨ, ਬਿਮਾਰੀਆਂ ਨਾ ਮਾਤਰ ਸਨ ਤੇ ਹਰ ਇਨਸਾਨ ਲਗਭਗ ਤੰਦਰੁਸਤ ਸੀ, ਉਸਦੇ ਕਾਰਨ ਵੀ ਸਪਸ਼ਟ ਹਨ ਕਿ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਮਿੱਠਾ ਘਿਓ ਖਾ ਕੇ ਵੀ ਕਦੇ ਸ਼ੂਗਰ ਜਾਂ ਦਿਲ ਦੇ ਦੌਰੇ ਦੇ ਮਰੀਜ਼ ਨਹੀਂ ਬਣੇ ਕਿਉਂਕ ਉਹਨਾਂ ਦੇ ਸਰੀਰ ਉਹ ਕੁਝ ਪਚਾਉਣ ਦੇ ਸਮਰੱਥ ਸਨ, ਮੀਲਾਂ ਮੀਲ ਪੈਦਲ ਤੁਰਨਾ, ਸਾਰਾ ਦਿਨ ਸਰੀਰਕ ਕੰਮ, ਡੰਗਰ ਚਾਰਨੇ, ਹੱਥੀਂ ਕੰਮ ਕਰਨਾ, ਇਕੱਠੇ ਬੈਠ ਕੇ ਸੁੱਖ ਦੁੱਖ ਫਰੋਲਣੇ, ਜਿਨ੍ਹਾਂ ਭੋਜਨ ਉਹ ਖਾਂਦੇ ਸਨ ਉਸ ਵਿਚੋਂ ਮਿਲੀ ਊਰਜਾ ਦੀ ਵਰਤੋਂ ਹੋ ਜਾਂਦੀ ਸੀ। ਇਹ ਸਭ ਗੱਲਾਂ ਦਿਮਾਗ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਰੂਰੀ  ਨੇ।ਅਗਰ ਹਰ ਇਨਸਾਨ ਆਪਣੇ ਆਪ ਨੂੰ ਥੋੜਾ ਜਿਹਾ ਵੀ ਬਦਲ ਲਵੇ ਤਾਂ ਬਹੁਤ ਵੱਡੇ ਬਦਲਾਅ ਹੋ ਸਕਦੇ ਨੇ। ਇਸ ਲਈ ਕਿਸੇ ਖਾਸ ਸਥਾਨ, ਖਾਸ ਖਾਣਾ ਜਾਂ ਕਿਸੇ ਵੀ ਮਾਹਿਰ ਦੀ ਲੋੜ ਨਹੀਂ ਬਸ ਲੋੜ ਹੈ ਤਾਂ ਆਪਣੀ ਸੋਚ ਨੂੰ ਪੱਕਾ ਕਰਕੇ ਉੱਸਤੇ ਡਟੇ ਰਹਿਣ ਦੀ। ਚੰਗੀ ਸਿਹਤ ਹਾਸਿਲ ਕਰਨ ਦੀ ਨਹੀਂ ਲੋੜ ਇਹ ਤਾਂ ਕੁਦਰਤ ਨੇ ਸਾਨੂੰ ਜਨਮ ਤੋਂ ਹੀ ਦਿੱਤੀ ਹੋਈ ਹੈ ਬਸ ਲੋੜ ਹੈ ਤਾਂ ਇਸਨੂੰ ਸਾਂਭਣ ਦੀ ਅਤੇ ਇਸ ਨਾਲ ਛੇੜਖਾਨੀ ਨਾ ਕਰਨ ਦੀ। ਇਸਨੂੰ ਹਾਸਿਲ ਕਰਨ ਲਈ ਨਹੀਂ ਇਸਨੂੰ ਬਚਾਉਣ ਲਈ ਮਿਹਨਤ ਦੀ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement