
25 ਰੁ: ਸੀ ਪਹਿਲੀ ਕਮਾਈ
‘ਓਏ ਕਾਕਾ! ਆਲ ਇੰਡੀਆ ਰੇਡੀਉ ਲਾ, ਲਤਾ ਮੰਗੇਸ਼ ਕੌਰ ਦੇ ਗੀਤ ਸੁਣਾਂਗੇ।’ ਵੱਡਾ ਵਾਹੀਵਾਨ ਭਰਾ ਬਾਜ ਸਿੰਘ ਜੋ ਕਿ ਬਿਲਕੁਲ ਅਨਪੜ੍ਹ ਸੀ, ਉਹ ਵੀ ਸ਼ਾਮੀ 4:30 ਵਜੇ ਆਲ ਇੰਡੀਆ ਰੇਡੀਉ ਤੋਂ ਹਿੰਦੀ ਦੇ ਗੀਤਾਂ ਦਾ ਪ੍ਰੋਗਰਾਮ ਸਿਰਫ਼ ਇਸ ਕਰ ਕੇ ਸੁਣਦਾ ਸੀ ਕਿ ਲਤਾ ਮੰਗੇਸ਼ਕਰ ਦੇ ਗਾਣੇ ਸੁਣਨੇ ਹੁੰਦੇ ਸੀ। ਹਾਲਾਂਕਿ ਹਿੰਦੀ ਦੇ ਕਈ ਲਫ਼ਜ਼ ਉਸ ਨੂੰ ਸਮਝ ਵੀ ਨਾ ਪੈਂਦੇ। ਉਹ ਉਸ ਨੂੰ ‘ਮੰਗੇਸ਼ ਕੌਰ’ ਕਹਿ ਕੇ ਪੰਜਾਬਣ ਸਿੱਧ ਕਰਨ ਦਾ ਯਤਨ ਵੀ ਕਰਦਾ ਪੂਰੀ ਅਪਣੱਤ ਨਾਲ। ਸਰਸਵਤੀ ਦਾ ਅਵਤਾਰ, ਦੇਸ਼ ਦੀ ਬੇਟੀ, ਸਵਰ ਕੋਕਿਲਾ, ਸੁਰਾਂ ਦੀ ਦੇਵੀ ਹਰ ਵੱਡੇ ਛੋਟੇ ਦੀ ‘ਲਤਾ ਦੀਦੀ’ ਐਸੀ ਪ੍ਰਤਿਭਾ ਦੀ ਮਾਲਿਕ ਸੀ। ਹਰ ਧਰਮ, ਜਾਤ ਵਰਨ, ਮਜ਼੍ਹਬ, ਖ਼ਿੱਤੇ ਦੇ ਲੋਕ ਉਸ ਨੂੰ ਪਿਆਰ ਕਰਦੇ, ਉਸ ਨੂੰ ਅਪਣੀ ਸਮਝਦੇ, ਉਸ ਨਾਲ ਕੋਈ ਨਾ ਕੋਈ ਰਿਸ਼ਤਾ ਗੰਢਣ ਦਾ ਯਤਨ ਕਰਦੇ। ਲਤਾ ਉਹ ਸ਼ਖ਼ਸੀਅਤ ਸੀ ਜਿਸ ਬਾਰੇ ਕਈ ਦੰਦ ਕਥਾਵਾਂ ਵੀ ਪ੍ਰਚਲਤ ਹੋਈਆਂ ਜਿਵੇਂ ਪਾਕਿਸਤਾਨ ਵਾਲਿਆਂ ਆਖਿਆ ਤੁਸੀ ਸਾਨੂੰ ਲਤਾ ਮੰਗੇਸ਼ਕਰ ਦੇ ਦਿਉ, ਅਸੀ ਤੁਹਾਨੂੰ ਲਾਹੌਰ ਦੇ ਦਿਆਂਗੇ।
Lata mangeshkar
ਸੁਰਾਂ ਦੀ ਇਸ ਦੇਵੀ ਨੇ ਇੰਦੌਰ ਸ਼ਹਿਰ ਵਿਚ ਪਿਤਾ ਦੀਨਾ ਨਾਥ ਮੰਗੇਸ਼ਕਰ, ਮਾਤਾ ਸ਼ੀਵੰਤੀ ਸੁਧਾਮਤੀ ਮੰਗੇਸ਼ਕਰ ਦੀ ਕੁੱਖੋਂ 28 ਸਤੰਬਰ 1929 ਨੂੰ ਹੋਇਆ। ਪਿਤਾ ਜੀ ਸੰਗੀਤਕਾਰ ਸਨ ਤੇ ਉਨ੍ਹਾਂ ਦੀ ਨਾਟਕ ਕੰਪਨੀ ਵੀ ਸੀ। ਲਤਾ ਦੀਆਂ ਤਿੰਨ ਛੋਟੀਆਂ ਭੈਣਾਂ, ਮੀਨਾ, ਊਸ਼ਾ ਅਤੇ ਆਸ਼ਾ ਤੇ ਛੋਟੇ ਭਰਾ ਹਿਰਦੇਨਾਥ ਮੰਗੇਸ਼ਕਰ ਸਨ। ਘਰ ਵਿਚ ਕਲਾ ਦਾ ਮਾਹੌਲ ਸੀ। ਲਤਾ ਸਕੂਲ ਵਿਚ ਨਹੀਂ ਸੀ ਪੜ੍ਹ ਸਕੀ ਤੇ ਘਰ ਵਿਚ ਹੀ ਵਿਦਿਆ ਹਾਸਲ ਕੀਤੀ। ਸਕੂਲ ਨਾ ਜਾਣ ਦਾ ਵੀ ਦਿਲਚਸਪ ਕਿੱਸਾ ਹੈ। ਲਤਾ, ਆਸ਼ਾ ਨੂੰ ਲੈ ਕੇ ਸਕੂਲ ਗਈ ਤਾਂ ਮਾਸਟਰ ਨੇ ਆਖਿਆ ‘ਕੁੜੀਏ! ਪੜ੍ਹਾਈ ਕਰਨੀ ਏ ਤਾਂ ਇਸ ਜਵਾਕੜੀ ਨੂੰ ਘਰ ਛੱਡ ਕੇ ਆ। ਤੂੰ ਇਸ ਨੂੰ ਕੁੱਛੜ ਚੁੱਕ ਕੇ ਨਹੀਂ ਪੜ੍ਹ ਸਕਦੀ।’ ਲਤਾ ਨੂੰ ਉਸ ਦੀ ਗੱਲ ਬੜੀ ਭੈੜੀ ਲੱਗੀ ਤੇ ਆਖਿਆ ‘‘ਤੂੰ ਮੇਰਾ ਅਪਮਾਨ ਕੀਤਾ ਏ, ਲਤਾ ਮੰਗੇਸ਼ਕਰ ਦਾ ਅਪਮਾਨ ਕੀਤਾ ਏ। ਹੁਣ ਮੈਂ ਕਦੇ ਸਕੂਲ ਨਹੀਂ ਆਵਾਂਗੀ।’’ ਤੇ ਫਿਰ ਉਹ ਘਰ ਹੀ ਪੜ੍ਹੀ।
Lata Mangeshkar
ਘਰ ਦੇ ਕਲਾਤਮਕ ਮਾਹੌਲ ਤੋਂ ਉਹ ਅਣਭਿੱਜ ਕਿਵੇਂ ਰਹਿੰਦੀ। ਉਹ ਲੁਕ ਕੇ ਗੁਣ-ਗੁਣਾਉਂਦੀ। ਉਸ ਦੇ ਪਿਤਾ ਕੋਲ ਕਈ ਸੰਗੀਤ ਵਿਦਿਆਰਥੀ ਸਿੱਖਣ ਆਉਂਦੇ। ਇਕ ਦਿਨ ਪਿਤਾ ਜੀ ਇਕ ਲੜਕੇ ਨੂੰ ਸਿਖਾਉਂਦੇ ਸਿਖਾਉਂਦੇ ਉਠ ਕੇ ਚਲੇ ਗਏ ਤਾਂ ਉਹ ਲੜਕਾ ਧੁਨ ਗਾਉਣ ਦੀ ਕੋਸ਼ਿਸ਼ ਕਰਨ ਲੱਗਾ। ਬੱਚੀ ਲਤਾ ਬਾਹਰ ਖੇਡ ਰਹੀ ਸੀ ਪਰ ਕੰਨ ਅੰਦਰ ਵਲ ਹੀ ਲੱਗੇ ਹੋਏ ਸੀ। ਉਸ ਨੂੰ ਲੱਗਾ ਉਹ ਗ਼ਲਤ ਗਾ ਰਿਹਾ ਹੈ। ਉਹ ਇਕਦਮ ਅੰਦਰ ਗਈ ਤੇ ਬੋਲੀ ‘‘ਤੂੰ ਗ਼ਲਤ ਗਾ ਰਿਹੈਂ। ਇਹ ਇੰਜ ਗਾ।’’ ਤੇ ਉਹ ਗਾਉਣ ਲੱਗ ਪਈ। ਉਸ ਦੇ ਪਿਤਾ ਮੁੜ ਆਏ ਸਨ ਤੇ ਬਾਹਰ ਖੜੇ ਸੁਣ ਰਹੇ ਸਨ। ਲਤਾ ਨੂੰ ਐਨਾ ਸਹੀ, ਸੋਹਣਾ ਗਾਉਂਦਿਆਂ ਸੁਣ ਕੇ ਉਹ ਦੰਗ ਰਹਿ ਗਏ। ਉਨ੍ਹਾਂ ਜਾ ਕੇ ਜੀਵਨ ਸਾਥਣ ਨੂੰ ਆਖਿਆ ‘‘ਭਲੀਏ ਲੋਕੇ!
lata mangeshkar
ਅਪਣੇ ਘਰ ਵੀ ਇਕ ਗਾਇਕ ਹੈ, ਆਪਾਂ ਨੂੰ ਪਤਾ ਹੀ ਨਹੀਂ।’’ ਅਗਲੇ ਦਿਨ ਸਵੇਰੇ ਛੇ ਵਜੇ ਹੀ ਲਤਾ ਨੂੰ ਉਠਾ ਕੇ ਆਂਹਦੇ ‘‘ਉਠ ਧੀਏ! ਅੱਜ ਤੋਂ ਤੇਰੀ ਸੰਗੀਤਕ ਵਿਦਿਆ ਸ਼ੁਰੂ ਕਰੀਏ।’’ ਤੇ ਸਭ ਤੋਂ ਪਹਿਲਾਂ ‘ਪੂਰੀਆ ਧਨਾਸਰੀ’ ਰਾਗ ਹੀ ਸਿਖਾਉਣਾ ਸ਼ੁਰੂ ਕੀਤਾ ਜਿਸ ਰਾਗ ਵਿਚ ਉਸ ਲੜਕੇ ਨੇ ਗ਼ਲਤੀ ਕੀਤੀ ਸੀ।
ਸ੍ਰੀ ਦੀਨਾ ਨਾਥ ਜੀ ਸੰਗੀਤ ਨਾਟਕ ਦਾ ਮੰਚਨ ਕਰਿਆ ਕਰਦੇ ਸੀ। ਇਕ ਨਾਟਕ ਕਰਦਿਆਂ ਉਨ੍ਹਾਂ ਦੇ ਨਾਟਕ ਵਿਚ ਨਾਰਦ ਦਾ ਕਿਰਦਾਰ ਨਿਭਾਉਣ ਵਾਲਾ ਕਲਾਕਾਰ ਨਾ ਪਹੁੰਚਿਆ। ਪਿਤਾ ਨੂੰ ਪ੍ਰੇਸ਼ਾਨ ਵੇਖ ਕੇ ਲਤਾ ਬੋਲੀ, ‘‘ਤੁਸੀ ਪ੍ਰੇਸ਼ਾਨ ਨਾ ਹੋਵੋ ਮੈਂ ਨਾਰਦ ਦਾ ਰੋਲ ਕਰਾਂਗੀ।’’ ਪਹਿਲਾਂ ਤਾਂ ਉਹ ਦੋਚਿੱਤੀ ਵਿਚ ਪੈ ਗਏ ਤੇ ਫਿਰ ਧੀ ਨੂੰ ਆਗਿਆ ਦੇ ਦਿਤੀ। ਜਦੋਂ ਉਨ੍ਹਾਂ ਪਿਤਾ ਨਾਲ ਗਾਉਂਦਿਆਂ ਕਿਰਦਾਰ ਨਿਭਾਇਆ ਤਾਂ ਪਿਤਾ ਨੇ ਖ਼ੁਸ਼ੀ ਨਾਲ ਗਲ ਨਾਲ ਲਾ ਲਿਆ। ਪਿਤਾ ਜੀ ਇਕ ਮਸ਼ਹੂਰ ਜੋਤਸ਼ੀ ਵੀ ਸਨ। ਉਨ੍ਹਾਂ ਇਕ ਵਾਰ ਲਤਾ ਦੀ ਕੁੰਡਲੀ ਵੇਖਦਿਆਂ ਆਖਿਆ, ‘‘ਬੱਚੀਏ!
Lata Mangeshkar
ਵੇਖੀਂ ਇਕ ਦਿਨ ਤੂੰ ਪ੍ਰਸਿੱਧੀ ਦੀ ਸਿਖਰ ’ਤੇ ਅਪੜੇਂਗੀ ਪਰ ਮੈਂ ਨਹੀਂ ਵੇਖ ਸਕਾਂਗਾ। ਤੂੰ ਵਿਆਹ ਵੀ ਨਹੀਂ ਕਰਵਾ ਸਕੇਂਗੀ ਤੇ ਪ੍ਰਵਾਰ ਦੀਆਂ ਜ਼ਿੰਮੇਵਾਰੀਆਂ ਵੀ ਤੇਰੇ ਸਿਰ ਹੀ ਪੈਣਗੀਆਂ।’’ ਅੱਲੜ੍ਹ ਬੱਚੀ ਇਹ ਭਵਿੱਖਬਾਣੀ ਉਦੋਂ ਸਮਝ ਸਕੀ ਜਦੋਂ 1942 ਦਾ ਉਹ ਮੰਦਭਾਗਾ ਸਾਲ ਆਇਆ ਜਦੋਂ ਹੋਣੀ ਨੇ ਉਨ੍ਹਾਂ ਨਿੱਕੇ-ਨਿੱਕੇ ਮਾਸੂਮਾਂ ਅਤੇ ਜੀਵਨ ਸਾਥੀ ਦੇ ਸਿਰ ਤੋਂ ਉਹ ਸੰਘਣੇ ਬੋਹੜ ਦੀ ਛਾਂ ਖੋਹ ਲਈ। ਰੋ ਰੋ ਕੇ ਆਪਾ ਗੁਆ ਲਿਆ ਲਤਾ ਨੇ ਪਰ ਜਲਦੀ ਹੀ ਅਹਿਸਾਸ ਹੋਇਆ ਕਿ ਘਰ ਦੀ ਵੱਡੀ ਔਲਾਦ ਹੋਣ ਦੇ ਨਾਤੇ ਘਰ ਨੂੰ ਚਲਾਉਣਾ ਉਸ ਦੀ ਜ਼ਿੰਮੇਵਾਰੀ ਏ। 13 ਸਾਲ ਦੀ ਉਹ ਮਾਸੂਮ ਬਾਲੜੀ ਬੇਦਰਦ ਦੁਨੀਆਂ ਵਿਚ ਇਕੱਲੀ ਨਿਕਲ ਤੁਰੀ।
ਇਸ ਵਕਤ ਪਿਤਾ ਦੇ ਜਿਗਰੀ ਦੋਸਤ ਸ੍ਰੀਪਤ ਜੋਸ਼ੀ ਨੇ ਮਾਸਟਰ ਵਿਨਾਇਕ ਜਿਨ੍ਹਾਂ ਦੀ ਫ਼ਿਲਮ ਕੰਪਨੀ ਸੀ, ਨੂੰ ਕਹਿ ਕੇ ਇਕ ਫ਼ਿਲਮ ’ਚ ਕੰਮ ਦਿਵਾਇਆ।
Lata Mangeshkar
ਛੋਟਾ ਜਿਹਾ ਰੋਲ, ਇਸ ਵਿਚ ਮਰਾਠੀ ਗੀਤ ਵੀ ਗਾਇਆ। ਕੁੱਝ ਪੈਸੇ ਮਿਲੇ। ਮਾਸਟਰ ਵਿਨਾਇਕ ਜਿਨ੍ਹਾਂ ਦੀ ਧੀ ਪ੍ਰਸਿੱਧ ਹੀਰੋਇਨ ਨੰਦਾ ਸੀ, ਨੇ ਲਤਾ ਦੇ ਸਾਰੇ ਪ੍ਰਵਾਰ ਨੂੰ ਕੋਹਲਾਪੁਰ ਬੁਲਾ ਲਿਆ। ਉਸ ਨੇ ਰੋਟੀ ਪੂਰੀ ਕਰਨ ਲਈ ਕਈ ਹਿੰਦੀ, ਮਰਾਠੀ ਫ਼ਿਲਮਾਂ ’ਚ ਨਿੱਕੇ ਨਿੱਕੇ ਰੋਲ ਕੀਤੇ। ਇਕ ਦਿਨ ਸ਼ੂਟਿੰਗ ਤੋਂ ਮੁੜੀ ਤਾਂ ਰੋਣ ਲੱਗ ਪਈ। ਮਾਂ ਨੇ ਪੁਛਿਆ ਤਾਂ ਉਸ ਆਖਿਆ, ‘‘ਮੈਥੋਂ ਨਹੀਂ ਇਹ ਬਨਾਵਟ ਹੁੰਦੀ, ਮੈਂ ਤਾਂ ਸਿਰਫ਼ ਗਾਉਣਾ ਏ, ਬਸ।’’ ਮਾਸਟਰ ਵਿਨਾਇਕ ਨੇ ਫ਼ਿਲਮ ਬਣਾਈ ‘ਬੜੀ ਮਾਂ’ ਇਸ ਵਿਚ ਹੀਰੋਇਨ ਨੂਰਜਹਾਂ ਸੀ। ਲਤਾ ਦੀ ਵੀ ਛੋਟੀ ਜਹੀ ਭੂਮਿਕਾ ਸੀ। ਇਕ ਦਿਨ ਨੂਰਜਹਾਂ ਨੇ ਉਸ ਦੀ ਆਵਾਜ਼ ਸੁਣੀ ਤਾਂ ਉਹ ਅਕਸਰ ਵਿਹਲੇ ਸਮੇਂ ਲਤਾ ਨੂੰ ਕੋਲ ਸੱਦ ਕੇ ਗਾਣੇ ਸੁਣਦੀ। ਇਸ ਦੀ ਸ਼ੂਟਿੰਗ ਲਈ ਉਹ ਬੰਬਈ ਵੀ ਆਉਂਦੀ ਤੇ ਫਿਰ ਉਹ ਸਦਾ ਲਈ ਬੰਬੇ ਦੀ ਹੀ ਹੋ ਕੇ ਰਹਿ ਗਈ। ਇਥੇ ਉਸ ਨੇ ਲੱਕ ਬੰਨ੍ਹ ਕੇ ਸੰਘਰਸ਼ ਕੀਤਾ। ਕੋਈ ਪ੍ਰੋਡਿਊਸਰ, ਸੰਗੀਤਕਾਰ ਉਸ ਨੂੰ ਜਾਣਦਾ ਨਹੀਂ ਸੀ। ਸਿਰਫ਼ ਵਿਨਾਇਕ ਨਾਲ ਹੀ ਸਬੰਧ ਸਨ।
Lata Mangeshkar
1947 ਵਿਚ ਉਸ ਨੇ ਐਕਟਿੰਗ ਨੂੰ ਮੱਥਾ ਟੇਕ ਦਿਤਾ ਤੇ ਸਿਰਫ਼ ਗਾਉਣ ਦਾ ਹੀ ਫ਼ੈਸਲਾ ਕੀਤਾ। ਇਸੇ ਸਾਲ ਵਸੰਤ ਜੋਗਲੇਕਰ ਨੇ ਉਸ ਨੂੰ ਫ਼ਿਲਮ ‘ਆਪ ਕੀ ਸੇਵਾ ਮੇਂ’ ਵਿਚ ਗਾਉਣ ਦਾ ਮੌਕਾ ਦਿਤਾ। ਫ਼ਿਰ ‘ਮਜਬੂਰ’ ਫ਼ਿਲਮ ਵਿਚ ਗੀਤ ਗਾਏ ਤਾਂ ਚਰਚਾ ਛਿੜੀ। ਉਸ ਵਕਤ ਹੀਰੋਇਨਾਂ ਲਈ ਗਾਉਣ ਵਾਲੀਆਂ ਗਾਇਕਾਵਾਂ ਦੀ ਆਵਾਜ਼ ਮੋਟੀ ਸੀ ਪਰ ਲਤਾ ਦੀ ਆਵਾਜ਼ ਬਹੁਤ ਪਤਲੀ ਸੀ। ਕੋਈ ਵੀ ਉਸ ਨੂੰ ਅਪਣੀ ਫ਼ਿਲਮ ਵਿਚ ਲੈਣ ਦਾ ਜ਼ੋਖ਼ਮ ਨਾ ਲੈਂਦਾ। ਉਸ ਦੇ ਉਸਤਾਦ ਗ਼ੁਲਾਮ ਹੈਦਰ ਸਾਹਿਬ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਯਕੀਨ ਦੁਆਇਆ ਕਿ ਇਕ ਦਿਨ ਇਹੀ ਲੋਕ ਤੇਰੇ ਅੱਗੇ ਪਿੱਛੇ ਮਿੰਨਤਾਂ ਕਰਦੇ ਫਿਰਿਆ ਕਰਨਗੇ। ਹੈਦਰ ਸਾਹਿਬ ਨੇ ਉਨ੍ਹਾਂ ਨੂੰ ਕਈ ਮੌਕੇ ਦੁਆਏ। 1948 ’ਚ ਆਈ ‘ਮਜਬੂਰ’ ਫ਼ਿਲਮ ’ਚ ਗਾਉਣ ਨਾਲ ਉਨ੍ਹਾਂ ਦੀ ਪਛਾਣ ਬਣੀ।
lata mangeshkar
1949 ’ਚ ਫ਼ਿਲਮ ‘ਮਹਿਲ’ ਵਿਚ ਗਾਏ ਗੀਤ ‘ਆਏਗਾ ਆਨੇ ਵਾਲਾ ਆਏਗਾ’ ਹਿੱਟ ਹੋਇਆ ਤੇ ਹੈਦਰ ਸਾਹਿਬ ਦੇ ਬੋਲ ਸੱਚ ਹੋਣ ਲੱਗੇ। ਆਉਣ ਵਾਲੇ ਸਾਲਾਂ ’ਚ ਹਰ ਨਾਮਵਰ ਡਾਇਰੈਕਟਰ, ਪ੍ਰੋਡਿਊਸਰ, ਸੰਗੀਤ ਡਾਇਰੈਕਟਰ ਉਸ ਤੋਂ ਗੀਤ ਗਵਾਉਣ ਲਈ ਉਸ ਦੇ ਘਰ ਅੱਗੇ ਚੱਕਰ ਕੱਢਣ ਲੱਗ ਪਏ। ਫਿਰ ਤਾਂ ਨੌਸ਼ਾਦ ਸਾਹਿਬ ਤੋਂ ਲੈ ਕੇ ਮਦਨ ਮੋਹਨ, ਸ਼ੰਕਰ ਜੈ ਕਿਸ਼ਨ, ਸਚਿਨ ਬਰਮਨ, ਆਨੰਦ ਜੀ ਕਲਿਆਣ ਜੀ, ਰੋਸ਼ਨ, ਸਲਿਲ ਚੌਧਰੀ, ਲਕਸ਼ਮੀ ਕਾਂਤ ਪਿਆਰੇ ਤਕ ਸਭ ਸੰਗੀਤਕਾਰ ਉਸ ਦੀ, ਕਲਾ ਉਸ ਦੀ ਆਵਾਜ਼ ਨੂੰ ਸਲਾਮ ਕਰਨ ਲੱਗ ਪਏ। ਉਹ ਦੌਰ ਵੀ ਆਇਆ ਜਦੋਂ ਉਹ ਇਕ ਦਿਨ ਵਿਚ ਹੀ 6-7 ਗਾਣਿਆਂ ਦੀ ਰਿਕਾਰਡਿੰਗ ਕਰਦੀ। ਦੋ ਸਵੇਰੇ ਦੋ ਸ਼ਾਮੀ, 2-3 ਦੁਪਹਿਰ ਸਮੇਂ। ਹੌਲੀ ਹੌਲੀ ਸਮੇਂ ਦੀਆਂ ਸਾਰੀਆਂ ਸਟਾਰ ਗਾਇਕਾਵਾਂ ਉਸ ਦੇ ਰਾਹ ’ਚੋਂ ਪਾਸੇ ਹੁੰਦੀਆਂ ਗਈਆਂ ਤੇ ਸੰਗੀਤ ਦੇ ਆਸਮਾਨ ’ਤੇ ਲਤਾ ਦੇ ਨਾਮ ਦੀ ਸਤਰੰਗੀ ਪੀਂਘ ਪਸਰਦੀ ਗਈ ਤੇ ਫਿਰ ਸਿਰਫ਼ ਇਕ ਨਾਮ ਸਭ ਦੀ ਜ਼ੁਬਾਨ ’ਤੇ ਸੀ, ਲਤਾ ਸਿਰਫ਼ ਲਤਾ।
K. L. Saigal
ਲਤਾ ਵਕਤ ਦੇ ਸੁਪਰ ਸਟਾਰ ਗਾਇਕ ਕੇ.ਐਲ. ਸਹਿਗਲ ਦੀ ਅੰਤਾਂ ਦੀ ਪ੍ਰਸ਼ੰਸਕ ਸੀ। ਉਹ ਉਸ ਨੂੰ ਅਪਣਾ ਆਦਰਸ਼ ਮੰਨਦੀ ਸੀ ਤੇ ਉਨ੍ਹਾਂ ਵਰਗਾ ਹੀ ਗਾਉਣਾ ਚਾਹੁੰਦੀ ਸੀ। ਮਾਂ ਨੂੰ ਆਂਹਦੀ ‘ਮੈਂ ਸਹਿਗਲ ਨਾਲ ਵਿਆਹ ਕਰਵਾਉਣਾ ਏ।’ ਪਿਤਾ ਹੱਸ ਕੇ ਆਖਦੇ ‘ਉਹ ਉਦੋਂ ਤਕ ਅੱਸੀ ਸਾਲਾਂ ਦਾ ਬੁੱਢਾ ਹੋ ਜਾਵੇਗਾ।’ ਪਿਤਾ ਦੇ ਤੁਰ ਜਾਣ ਤੋਂ ਬਾਅਦ ਉਸ ਨੇ ਉਸਤਾਦ ਅਮਾਨ ਅਲੀ ਖ਼ਾਂ ਸਾਹਿਬ ਤੋਂ ਸ਼ਾਸਤਰੀ ਸੰਗੀਤ ਸਿਖਿਆ। ਇਕ ਵਾਰ ਇਕ ਪ੍ਰੋਡਿਊਸਰ ਨੇ ਲਤਾ ਜੀ ਨੂੰ ਦਲੀਪ ਕੁਮਾਰ ਨਾਲ ਮਿਲਵਾਇਆ ਤੇ ਉਨ੍ਹਾਂ ਦੀ ਕਲਾ ਬਾਰੇ ਦਸਿਆ। ਦਲੀਪ ਸਾਹਿਬ ਹੱਸ ਕੇ ਕਹਿਣ ਲੱਗੇ, ‘‘ਇੰਦੌਰ ਵਾਲਿਆਂ ਦੇ ਮੂੰਹ ’ਚੋਂ ਚੌਲ-ਦਾਲ ਦੀ ਮਹਿਕ ਆਉਂਦੀ ਹੈ, ਇਹ ਉਰਦੂ ਸ਼ੁਧ ਨਹੀਂ ਬੋਲ ਸਕਦੇ।’’
Lata Mangeshkar
ਲਤਾ ਨੂੰ ਇਹ ਮਿਹਣਾ ਸੁਣ ਕੇ ਬਹੁਤ ਗੁੱਸਾ ਆਇਆ ਤੇ ਉਨ੍ਹਾਂ ਅਗਲੇ ਦਿਨ ਹੀ ਉਰਦੂ ਦੇ ਮਾਹਰ ਉਸਤਾਦ ਤੋਂ ਉਰਦੂ ਦੀ ਤਾਲੀਮ ਲੈਣੀ ਸ਼ੁਰੂ ਕੀਤੀ ਤਾਕਿ ਤਲੱਫ਼ਜ਼ ਪ੍ਰਪੱਕ ਹੋ ਸਕੇ ਤੇ ਇਕ ਦਿਨ ਉਹ ਵੀ ਆਇਆ ਜਦੋਂ ਉਨ੍ਹਾਂ ਦਾ ਤਲੱਫ਼ਜ਼ ਸੁਣ ਕੇ ਦਲੀਪ ਸਾਹਿਬ ਵੀ ਅਸ਼ ਅਸ਼ ਕਰ ਉਠੇ। ਲਤਾ ਨੇ ਕੀ ਨਹੀਂ ਗਾਇਆ : ਗ਼ਜ਼ਲਾਂ, ਗੀਤ, ਰੋਮਾਂਟਿਕ ਗੀਤ, ਉਦਾਸ ਗੀਤ, ਭਜਨ, ਸ਼ਾਸਤਰੀ ਸੰਗੀਤ ਆਦਿ। ਸੰਗੀਤ ਦੇ ਹਰ ਰੰਗ ਨੂੰ ਉਨ੍ਹਾਂ ਖੁਭ ਕੇ ਅਤੇ ਬੋਲਾਂ ਦੀ ਭਾਵਨਾ ਵਿਚ ਡੁੱਬ ਕੇ ਗਾਇਆ। ਲਤਾ ਇਕੋ ਅਜਿਹੀ ਗਾਇਕਾ ਸੀ ਜੋ ਸਾਰਾ ਗੀਤ ਸੁਣ ਕੇ ਹੀ ਰਿਕਾਰਡ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਰਦੀ ਸੀ। ਇਕ ਵੀ ਸ਼ਬਦ ਇਤਰਾਜ਼ਯੋਗ ਲਗਦਾ ਤਾਂ ਉਹ ਕੋਰੀ ਨਾਂਹ ਕਰ ਦੇਂਦੀ। ਲਤਾ ਹੀ ਇਕ ਅਜਿਹੀ ਜੁਰਅੱਤ ਵਾਲੀ ਗਾਇਕਾ ਸੀ ਜਿਸ ਨੇ ਗੀਤਾਂ ਦੀ ਰਿਆਲਟੀ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਸਿਰਫ਼ ਰਿਕਾਰਡਿੰਗ ਦੇ ਪੈਸੇ ਹੀ ਮਿਲਦੇ ਹਨ।
Lata Mangeshkar
ਉਹੀ ਗੀਤ ਬਾਅਦ ਵਿਚ ਕਈ ਥਾਵਾਂ ’ਤੇ ਵਰਤਿਆ ਜਾਂਦਾ ਹੈ ਤੇ ਕਮਾਈ ਕੀਤੀ ਜਾਂਦੀ ਹੈ। ਉਸ ਕਮਾਈ ’ਚੋਂ ਥੋੜਾ ਜਿਹਾ ਹਿੱਸਾ ਤਾਂ ਗਾਇਕ ਨੂੰ ਮਿਲੇ। ਉਸ ਵਕਤ ਦੇ ਮਹਾਨ ਗਾਇਕ ਰਫ਼ੀ ਸਾਹਬ ਨੇ ਇਸ ਗੱਲ ਦਾ ਵਿਰੋਧ ਕੀਤਾ ਜਦਕਿ ਬਾਕੀ ਵੱਡੇ ਗਾਇਕ ਲਤਾ ਜੀ ਨਾਲ ਖੜੇੇ ਹੋਏ। ਫ਼ਿਲਮ ਪ੍ਰੋਡਿਊਸਰਾਂ ਨੇ ਵੀ ਡਟ ਕੇ ਲਤਾ ਦਾ ਵਿਰੋਧ ਕੀਤਾ। ਸ਼ੋਅਮੈਨ ਰਾਜ ਕਪੂਰ ਸਾਹਿਬ ਨੇ ਤਾਂ ਸਿੱਧਾ ਹੀ ਆਖ ਦਿਤਾ, ‘‘ਮੈਂ ਇਹ ਨਹੀਂ ਦੇ ਸਕਦਾ, ਮੈਂ ਇਥੇ ਵਪਾਰ ਕਰਨ ਆਇਆ ਹਾਂ।’’ ਲਤਾ ਜੀ ਨੇ ਬੜੀ ਸ਼ਾਲੀਨਤਾ ਨਾਲ ਜਵਾਬ ਦਿਤਾ, ‘‘ਰਾਜ ਜੀ! ਮੈਂ ਵੀ ਇਥੇ ਰਾਣੀ ਬਾਗ਼ ’ਚ ਘੁੰਮਣ ਨਹੀਂ ਆਈ।’’ ਤੇ ਆਖ਼ਰ ਜਿੱਤ ਲਤਾ ਜੀ ਦੀ ਹੱਕੀ ਮੰਗ ਦੀ ਹੋਈ।
ਲਤਾ ਬਹੁ-ਪੱਖੀ ਸ਼ਖ਼ਸੀਅਤ ਦੀ ਮਾਲਕ ਸੀ। ਉਸ ਨੇ ਸਨੇਹੀਆਂ ਦੇ ਜ਼ੋਰ ਦੇਣ ਤੇ ਇਕ ਮਰਾਠੀ ਫ਼ਿਲਮ ‘ਰਾਮ ਰਮਾ ਪਹੁਣਾ’ ਦਾ ਸੰਗੀਤ ਨਿਰਦੇਸ਼ਨ ਵੀ ਦਿਤਾ ਨਾਮ ਬਦਲ ਕੇ, ਆਨੰਦ ਘਣ ਦੇ ਨਾਮ ਤੇ। ਇਹ ਰਾਜ਼ ਉਦੋਂ ਖੁਲ੍ਹਿਆ ਜਦੋਂ ਇਸ ਫ਼ਿਲਮ ਦੇ ਸੰਗੀਤਕਾਰ ਨੂੰ ਪੁਰਸਕਾਰ ਲੈਣ ਲਈ ਸਟੇਜ ’ਤੇ ਬੁਲਾਇਆ ਗਿਆ ਤਾਂ ਮਜਬੂਰਨ ਲਤਾ ਜੀ ਨੂੰ ਸਾਹਮਣੇ ਆਉਣਾ ਪਿਆ।
K. L. Saigal
ਏਨੀ ਮਹਾਨ ਕਲਾਕਾਰ ਨਾਲ ਵੀ ਕੋਈ ਧ੍ਰੋਹ ਕਮਾ ਸਕਦਾ ਏ, ਸੋਚ ਤੋਂ ਪਰੇ ਹੈ। ਇਕ ਵਾਰ ਲਤਾ ਜੀ ਗੰਭੀਰ ਬਿਮਾਰ ਹੋ ਗਏ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰ ਨੇ ਦਸਿਆ ਕਿ ਉਨ੍ਹਾਂ ਨੂੰ ਖਾਣੇ ਨਾਲ ਭੋਰਾ ਭਰ ਜ਼ਹਿਰ ਵੀ ਦਿਤਾ ਜਾ ਰਿਹਾ ਹੈ। ਰਸੋਈਆ ਉਨ੍ਹਾਂ ਦੇ ਬਿਮਾਰ ਹੁੰਦਿਆਂ ਹੀ ਦੌੜ ਗਿਆ ਸੀ। ਲਤਾ ਜੀ ਮਸਾਂ ਹੀ ਬਚੇ। ਲਤਾ ਜੀ ਦੀ ਅਪਣੇ ਪ੍ਰਵਾਰ ਲਈ ਕੁਰਬਾਨੀ ਵੀ ਕੋਈ ਛੋਟੀ ਨਹੀਂ ਸੀ। ਪਹਿਲਾਂ ਪ੍ਰਵਾਰ ਦੀ ਪਾਲਣਾ ਲਈ ਇੱਛਾ ਨਾ ਹੁੰਦਿਆਂ ਵੀ ਐਕਟਿੰਗ ਕੀਤੀ। ਫਿਰ ਭੈਣਾਂ ਤੇ ਭਰਾ ਨੂੰ ਪੜ੍ਹਾਇਆ, ਵਿਆਹਿਆ ਤੇ ਅਪਣੀ ਵਧਦੀ ਉਮਰ ਵਲ ਤਕਿਆ ਹੀ ਨਹੀਂ ਅਤੇ ਸਾਰਿਆਂ ਦੇ ਘਰ ਵਸਾਉਣ ਤਕ ਅਪਣੇ ਰੰਗਲੇ ਸੁਪਨੇ ਸਜਾਉਣ ਤੇ ਪੀਆ ਦੇ ਘਰ ਨੂੰ ਮਹਿਕਾਉਣ ਵਾਲੀ ਉਮਰ ਦੀ ਸਿਖ਼ਰ ਦੁਪਹਿਰ ਢਲਦੀ ਸ਼ਾਮ ’ਚ ਬਦਲਣ ਲੱਗ ਪਈ ਸੀ। ਹੁਣ ਉਸ ਨੇ ‘ਅਪਣਿਆਂ’ ਦੀ ਖ਼ੁਸ਼ੀ ’ਚ ਹੀ ਖ਼ੁਸ਼ ਰਹਿਣ ਦੀ ਆਦਤ ਪਾ ਲਈ ਸੀ।
ਇਸ ਮਹਾਨ ਗਾਇਕਾ ਨੇ 30,000 ਤੋਂ ਵੱਧ ਗੀਤ, ਤੀਹ ਭਾਸ਼ਾਵਾਂ ’ਚ ਗਾ ਕੇ ਇਕ ਵੱਡਾ ਕੀਰਤੀਮਾਨ ਸਥਾਪਤ ਕੀਤਾ। ਉਸ ਦੀਆਂ ਮਹਾਨ ਅਤੇ ਵਿਲੱਖਣ ਪ੍ਰਾਪਤੀਆਂ ਲਈ ਉਸ ਨੂੰ ਇਨਾਮਾਂ, ਸਨਮਾਨਾਂ, ਐਵਾਰਡਾਂ ਦੇ ਢੇਰਾਂ ਦੇ ਢੇਰ ਮਿਲੇ। ਉਸ ਨੇ ਫ਼ਿਲਮ ਫ਼ੇਅਰ ਐਵਾਰਡ, ਰਾਸ਼ਟਰੀ ਪੁਰਸਕਾਰ, ਪਦਮਭੂਸ਼ਨ, ਪਦਮ ਵਿਭੂਸ਼ਨ ਅਤੇ 2001 ਵਿਚ ਭਾਰਤ ਦਾ ਸਰਵਉੱਚ ਸਨਮਾਨ ‘ਭਾਰਤ ਰਤਨ’ ਵੀ ਹਾਸਲ ਕੀਤਾ। ਅਖ਼ੀਰ ਉਨ੍ਹਾਂ ਨੇ ਇਨਾਮ, ਸਨਮਾਨ ਲੈਣ ਤੋਂ ਨਿਮਰਤਾ ਨਾਲ ਨਾਂਹ ਕਰਦਿਆਂ ਆਖ ਦਿਤਾ ਕਿ ਹੁਣ ਹੋਰ ਵੀ ਬੜੇ ਚੰਗੇ ਕਲਾਕਾਰ ਕੰਮ ਕਰ ਰਹੇ ਹਨ, ਇਹ ਉਨ੍ਹਾਂ ਨੂੰ ਦਿਉ। ਲਤਾ ਨੇ ਤਿੰਨ ਪੀੜ੍ਹੀਆਂ ਨਾਲ ਕਦਮ ਮਿਲਾਉਂਦਿਆਂ ਉਨ੍ਹਾਂ ਲਈ ਗਾਇਆ। ਸਾਡੇ ਦਾਦੇ, ਪਿਤਾ, ਹੁਣ ਅਸੀ ਤੇ ਅੱਗੇ ਸਾਡੇ ਪੁੱਤਰਾਂ ਨੇ ਵੀ ਸੁਣਿਆ ਤੇ ਮੰਨਿਆ ਅਜੇ ਉਨ੍ਹਾਂ ਨੂੰ ਅੱਗੇ ਆਉਣ ਵਾਲੀ ਪੀੜ੍ਹੀ ਵੀ ਸੁਣੇਗੀ। ਇੰਝ ਉਹ ਪੰਜ ਪੀੜ੍ਹੀਆਂ ਦੀ ਕਲਾਕਾਰ ਬਣ ਗਈ ਜੋ ਕਿਸੇ ਹੋਰ ਗਾਇਕ ਦੇ ਹਿੱਸੇ ਸ਼ਾਇਦ ਹੀ ਆਏ।
gulzar sahib
ਉਹ ਬੜਾ ਘੱਟ ਬੋਲਣ ਵਾਲੀ, ਸਾਦਗੀ ਪਸੰਦ, ਨਿਮਰਤਾਵਾਨ, ਅਪਣੇ ਤੋਂ ਛੋਟਿਆਂ ਨੂੰ ਪਿਆਰ-ਸਹਿਯੋਗ ਦੇਣ ਵਾਲੀ ਉਦਾਰ ਚਿੱਤ ਕਲਾਕਾਰ ਸੀ। ਉਸ ਨੇ ਕੁੱਝ ਗ਼ਰੀਬ ਪ੍ਰੋਡਿਊਸਰਾਂ ਲਈ ਘੱਟ ਪੈਸੇ ਲੈ ਕੇ ਜਾਂ ਮੁਫ਼ਤ ਵਿਚ ਵੀ ਗਾਇਆ। ਗੁਲਜ਼ਾਰ ਸਾਹਿਬ ਮਹਾਨ ਫ਼ਿਲਮਕਾਰ ਆਖਦੇ ਹਨ ਕਿ ਉਨ੍ਹਾਂ ਦੀ ਪ੍ਰਤਿਭਾ ਨੂੰ ਪ੍ਰਭਾਸ਼ਤ ਕਰਨ ਲਈ ਢੁਕਵੇਂ ਸ਼ਬਦ ਲਭਦੇ ਹੀ ਨਹੀਂ। ਬਸ ਇਹੀ ਕਿਹਾ ਜਾ ਸਕਦਾ ਹੈ, ਨਾ ਕੋਈ ਉਨ੍ਹਾਂ ਵਰਗਾ ਸੀ, ਹੈ ਤੇ ਨਾ ਹੀ ਕੋਈ ਮੁੜ ਕੇ ਹੋਏਗਾ। ਅਪਣੇ ਸਮੇਂ ਦੀਆਂ ਸੁਪਰ ਸਟਾਰ ਹੀਰੋਇਨਾਂ ਵੀ ਸਿਰ ਝੁਕਾ ਕੇ ਮੰਨਦੀਆਂ ਹਨ ਕਿ ਅਸੀ ਅਸਲ ਵਿਚ ਉਸ ਦਿਨ ਸਟਾਰ ਬਣੀਆਂ ਜਿਸ ਦਿਨ ਲਤਾ ਦੀਦੀ ਨੇ ਸਾਡੇ ਲਈ ਪਹਿਲਾ ਗੀਤਾ ਗਾਇਆ ਸੀ। ਲਤਾ ਜੀ ਸਾਰੀ ਉਮਰ ਸਿਖਿਆਰਥੀ ਬਣ ਕੇ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ।
ਮੌਤ ਤੋਂ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦਾ ਕੋਈ ਪੁਰਾਣਾ ਸਾਥੀ ਮਿਲਣ ਗਿਆ ਤਾਂ ਉਹ ਕੋਈ ਕ੍ਰਾਈਮ ਪ੍ਰੋਗਰਾਮ ਟੀਵੀ ’ਤੇ ਵੇਖ ਰਹੇ ਸਨ ਤਾਂ ਉਹ ਕਹਿੰਦਾ, ‘‘ਲਤਾ ਜੀ! ਇਹ ਵੀ ਕੋਈ ਵੇਖਣ ਵਾਲੀ ਚੀਜ਼ ਏ। ਭਾਰਤ ਦੀ ਇਕ ਬਹੁਤ ਕਮਾਲ ਦੀ ਗਾਇਕਾ ਹੈ ਲਤਾ ਮੰਗੇਸ਼ਕਰ, ਉਹਦੇ ਗੀਤ ਸੁਣਿਆ ਕਰੋ।’’ ਲਤਾ ਜੀ ਹੱਸ ਕੇ ਆਖਦੇ ‘‘ਮੈਂ ਅਪਣੇ ਗੀਤ ਸੁਣਨ ਤੋਂ ਬਹੁਤ ਡਰਦੀ ਹਾਂ ਕਿਉਂਕਿ ਮੈਂ ਗਾਉਣ ਵਿਚ ਬਹੁਤ ਕਮੀਆਂ ਛੱਡ ਆਈ ਹਾਂ, ਮੈਂ ਇਸ ਤੋਂ ਬਿਹਤਰ ਵੀ ਗਾ ਸਕਦੀ ਸੀ।’’ ਇਹ ਸੀ ਨਿਮਰਤਾ ਦੀ ਹੱਦ। ਦੂਜੇ ਪਾਸੇ ਵਿਸ਼ਵ ਦੇ ਮਹਾਨ ਕਲਾਸੀਕਲ ਉਸਤਾਦ ਬੜੇ ਗੁਲਾਮ ਅਲੀ ਖ਼ਾਂ ਸਾਹਬ ਨੇ ਉਨ੍ਹਾਂ ਦਾ ਇਕ ਗੀਤ ਸੁਣਦਿਆਂ ਆਖਿਆ ‘ਕੰਬਖਤ, ਕਭੀ ਬੇਸੁਰਾ ਗਾਤੀ ਹੀ ਨਹੀਂ।’ ਇਹ ਹੁੰਦੀ ਏ ਤਾਰੀਫ਼ ਜੋ ਦੂਜੇ ਨੇ ਤੁਹਾਡੇ ਲਈ ਕੀਤੀ ਹੋਵੇ, ਉਹ ਵੀ ਕਿਸੇ ਮਹਾਨ ਬੰਦੇ ਨੇ।
ਉਹ ਅਪਣੀ ਕਲਾ ਨੂੰ ਕਿੰਨੀ ਸਮਰਪਿਤ ਸੀ ਇਸ ਦਾ ਪਤਾ ਲਗਦਾ ਹੈ ਜਦੋਂ ਉਹ ਹਸਪਤਾਲ ਵਿਚ ਦਾਖ਼ਲ ਸੀ ਤਾਂ ਵੈਂਟੀਲੇਟਰ ਤੇ ਚਲਦਿਆਂ ਵੀ ਉਸ ਅਪਣੇ ਪਿਤਾ ਦੇ ਸੰਗੀਤ ਨੂੰ ਸੁਣਦਿਆਂ, ਨਾਲ ਗੁਣ-ਗੁਣਾਉਣ ਦੀ ਕੋਸ਼ਿਸ਼ ਕਰਦਿਆਂ ਗੈਸ ਮਾਸਕ ਮੂੰਹ ਤੋਂ ਪਾਸੇ ਕਰ ਦਿਤਾ। ਫਿਰ ਡਾਕਟਰਾਂ ਨੇ ਗੁੱਸੇ ਹੁੰਦਿਆਂ ਮਨ੍ਹਾਂ ਕੀਤਾ। ਇਹ ਸੀ ਆਖ਼ਰੀ ਸਾਹਾਂ ਤਕ ਅਪਣੀ ਕਲਾ ਲਈ ਪ੍ਰਤੀਬਧਤਾ। ਉਸ ਨੇ ਨੰਦਾ, ਸਾਧਨਾ, ਹੇਮਾ, ਵਹੀਦਾ ਰਹਿਮਾਨ ਵਰਗੀਆਂ ਹੀਰੋਇਨਾਂ ਲਈ ਵੀ ਗਾਇਆ। ਮਾਧੁਰੀ, ਜੂਹੀ, ਫਰਹਾ, ਉਰਮਿਲਾ ਮਾਂਤੋਡਕਰ ਦੀ ਪੀੜ੍ਹੀ ਲਈ ਵੀ ਗਾਇਆ ਤੇ ਹੁਣ ਪ੍ਰਿਯੰਕਾ ਚੋਪੜਾ ਵਰਗੀਆਂ ਕਮਸਿਨ ਹੀਰੋਇਨਾਂ ਲਈ ਵੀ ਗਾ ਰਹੀ ਸੀ। ਉਹ ਜਦੋਂ 75-80 ਸਾਲ ਦੀ ਉਮਰ ’ਚ ਗਾ ਰਹੀ ਸੀ ‘ਦਿਲ ਤੋਂ ਪਾਗਲ ਹੈ’ ਤਾਂ ਲਗਦਾ ਸੀ ਜਿਵੇਂ 16-17 ਸਾਲਾਂ ਦੀ ਅੱਲੜ੍ਹ ਕੁੜੀ ਦੀ ਆਵਾਜ਼ ਹੋਵੇ। ਉਸ ਦੀ ਆਵਾਜ਼ ਨਿੱਕੇ ਬੱਚਿਆਂ ਤੇ ਪੂਰੀ ਫਿਟ ਬਹਿੰਦੀ ਸੀ। ਉਨ੍ਹਾਂ ਨੂੰ ਕ੍ਰਿਕਟ ਨਾਲ ਅੰਤਾਂ ਦਾ ਮੋਹ ਸੀ। ਸਚਿਨ ਨੂੰ ਉਹ ਪੁੱਤਰਾਂ ਵਾਂਗ ਸਨੇਹ ਕਰਦੇ। ਉਨ੍ਹਾਂ ਦੇ ਇਸ ਕ੍ਰਿਕਟ ਪ੍ਰੇਮ ਨੂੰ ਵੇਖਦਿਆਂ ਇੰਗਲੈਂਡ ਦੇ ਲਾਰਡ ਸਟੇਡੀਅਮ ’ਚ ਉਨ੍ਹਾਂ ਲਈ ਪਰਮਾਨੈਂਟ ਗੈਲਰੀ ਰਾਖਵੀਂ ਰੱਖੀ ਗਈ ਸੀ।
ਵੇਖੋ ਕਰਮਾਂ ਦੀਆਂ ਖੇਡਾਂ, ਲਤਾ ਜੀ ਨੇ ਸਕੂਲੀ ਪੜ੍ਹਾਈ ਵੀ ਨਹੀਂ ਸੀ ਕੀਤੀ ਪਰ ਮੁਕੱਦਰ ਐਸੇ ਕਿ ਉਨ੍ਹਾਂ ਨੂੰ ਛੇ ਵੱਡੀਆਂ ਯੂਨੀਵਰਸਟੀਆਂ ਵਲੋਂ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ। ਉਹ ਹਵਾਈ ਯਾਤਰਾ ਤੋਂ ਬਹੁਤ ਡਰਦੇ ਸਨ। ਇਸ ਲਈ ਫਰਾਂਸ ਸਰਕਾਰ ਦਾ ਸਰਵਉਚ ਐਵਾਰਡ ਉਨ੍ਹਾਂ ਨੂੰ ਬੰਬਈ ਵਿਖੇ ਹੀ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੀ ਆਖ਼ਰੀ ਫੁਲ ਗੀਤ ਐਲਬਮ 2004 ਵਿਚ ਫ਼ਿਲਮ ‘ਵੀਰ ਜ਼ਾਰਾ’ ਦੀ ਸੀ। ਉਨ੍ਹਾਂ ਦਾ ਆਖ਼ਰੀ ਰਿਕਾਰਡ ਗੀਤ ‘ਸੌਗੰਧ ਮੁਝੇ ਇਸ ਮਿੱਟੀ ਕੀ’ 30 ਮਾਰਚ 2019 ਨੂੰ ਰਲੀਜ਼ ਹੋਇਆ। ਇਕ ਦਿਨ ਜਿਸ ਨੰਨ੍ਹੀ ਕੁੜੀ ਨੇ ਗਾਉਣ ਦੇ ਪੱਚੀ ਰੁਪਏ ਲਏ ਸਨ, ਆਖ਼ਰੀ ਸਾਹਾਂ ਤੇ ਉਹਦੇ ਕੋਲ ਪ੍ਰਾਪਤ ਅੰਕੜਿਆਂ ਅਨੁਸਾਰ ਤਿੰਨ ਅਰਬ ਵੀਹ ਕਰੋੜ ਦੀ ਜਾਇਦਾਦ ਸੀ। ਇਹ ਉਸ ਦੀ ਮਿਹਨਤ, ਸਾਧਨਾ, ਦਿਆਨਤਦਾਰੀ ਦਾ ਫੱਲ ਸੀ।
ਸਚਮੁਚ ਹੀ ਉਹ ਸਰਸਵਤੀ ਦਾ ਅਵਤਾਰ ਸੀ। ਉਸ ਦੇ ਜੋਤਸ਼ੀ ਪਿਤਾ ਨੇ ਉਸ ਦੇ ਜਨਮ ਤੋਂ ਪਹਿਲਾਂ ਅਪਣੀ ਅਰਧਾਂਗਣੀ ਨੂੰ ਸੱਚ ਹੀ ਆਖਿਆ ਸੀ ‘ਕਰਮਾਂ ਵਾਲੀਏ! ਅਪਣੇ ਘਰ ਕੋਈ ਦੈਵੀ ਰੂਹ ਆ ਰਹੀ ਏ।’’ ਵਾਕਈ ਉਹ ਰੱਬੀ ਰੂਹ ਸੀ। ਉਹ 11 ਜਨਵਰੀ 2022 ਨੂੰ ਨਮੋਨੀਏ (ਭਾਵੇਂ ਕਰੋਨਾ ਕਹਿ ਲਉ) ਦਾ ਇਲਾਜ ਕਰਵਾਉਣ ਘਰੋਂ ਹਸਪਤਾਲ ਨੂੰ ਤੁਰੀ ਸੀ ਪਰ ਮੁੜ ਕੇ ਉਸ ਮੰਦਰ ’ਚ ਪ੍ਰਵੇਸ਼ ਕਰਨਾ ਉਸ ਦੇਵੀ ਨੂੰ ਨਸੀਬ ਨਾ ਹੋਇਆ। ਪਰਤੀ ਵੀ ਤਾਂ ਇਕ ਬੇਜਿੰਦ ਦੇਹ ਬਣ ਕੇ। ਉਹ 6 ਫ਼ਰਵਰੀ 2022 ਦਾ ਮਨਹੂਸ ਦਿਨ ਜਿਸ ਦਿਨ ਐਤਵਾਰ ਦੀ ਛੁੱਟੀ ਸੀ, ਸਾਡੀ ਸਭ ਦੀ ਲਤਾ ਦੀਦੀ, ਸਾਥੋਂ ਛੁੱਟੀ ਲੈ, ਬੱਦਲਾਂ ਦੇ ਉਸ ਪਾਰ.... ਅਪਣੇ ‘ਦੇਵ’ (ਈਸ਼ਵਰ) ਵਿਚ ਸਦਾ ਲਈ ਵਿਲੀਨ ਹੋ ਗਈ। ਦੇਸ਼ ਵਿਦੇਸ਼, ਹੱਦਾਂ ਸਰਹੱਦਾਂ ਤੋਂ ਪਾਰ ਵੀ ਹਰ ਸੰਗੀਤ ਪ੍ਰੇਮੀ ਦੀ ੱਅੱਖ ਨੇ ਅੱਥਰੂ ਕੇਰੇ। ਅਲਵਿਦਾ.... ਅਲਵਿਦਾ... ਦੀਦੀ... ਤੂੰ ਕਿਤੇ ਨਹੀਂ ਗਈ.... ਸਦਾ ਜਿਊਂਦੀ ਰਹੇਂਗੀ, ਸਾਡੇ ਦਿਲਾਂ ਵਿਚ, ਸਾਡੇ ਚੇਤਿਆਂ ਵਿਚ, ਜਦੋਂ ਤਕ ਹਵਾਵਾਂ ’ਚ ਤੇਰੇ ਗੀਤ ਗੂੰਜਣਗੇ, ਤੇਰਾ ਯੁਗ ਕਦੇ ਖ਼ਤਮ ਨਹੀਂ ਹੋਵੇਗਾ.... ਦੀਦੀ! ਤੂੰ ਅਮਰ ਹੈਂ, ਅਮਰ ਹੈਂ...।’’
- ਹੱਡੀ ਵਾਲਾ, ਡਾਕ. ਝਾੜੀ ਵਾਲਾ,
ਤਹਿਸੀਲ ਗੁਰੂ ਹਰਸਹਾਏ,
ਮੋਬਾ : 98721-77754