
ਕੋਰੋਨਾ ਨੇ ਸਾਡੇ ਦੁਆਲੇ ਭੈਅ ਦਾ ਮਾਹੌਲ ਸਿਰਜ ਕੇ ਰੱਖ ਦਿਤਾ ਹੈ।
ਮੁਹਾਲੀ: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਾਂਡੀ-ਪਾਤਸ਼ਾਹ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਪਾਂਡੀ-ਪਾਤਸ਼ਾਹ ਦੀ ਖ਼ਿਤਾਬ ਉਨ੍ਹਾਂ ਨੂੰ ਉਦੋਂ ਮਿਲਿਆ ਜਦੋਂ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਇਕ ਵਾਰ ਅਜਿਹਾ ਕਾਲ ਪਿਆ ਕਿ ਲੋਕਾਈ ਦਾਣੇ ਦਾਣੇ ਨੂੰ ਤਰਸ ਗਈ। ਹਰ ਕੁੰਟ 'ਚ ਹੜਕੰਪ ਮਚਿਆ ਪਿਆ ਸੀ ਅਤੇ ਭੁੱਖਮਰੀ ਨੇ ਇਨਸਾਨੀਅਤ ਦੀਆਂ ਰਗਾਂ ਤਕ ਲਹੂ ਚੂਸ ਕੇ ਸੂਹੇ ਚਿਹਰੇ, ਪੀਲੇ ਜ਼ਰਦ ਕਰ ਦਿਤੇ। ਮਨੁੱਖਤਾ ਦੇ ਹਮਦਰਦ ਸ਼ੇਰ-ਏ-ਪੰਜਾਬ ਲਈ ਇਹ ਦੁਖਾਂਤ ਸਹਾਰਨਯੋਗ ਨਹੀਂ ਸੀ। ਲਿਹਾਜ਼ਾ, ਮਹਾਰਾਜੇ ਨੇ ਸਰਕਾਰੀ ਅਨਾਜ ਭੰਡਾਰਾਂ ਦੇ ਬੂਹੇ ਹਰ ਆਮ ਅਤੇ ਖ਼ਾਸ ਲਈ ਇਸ ਐਲਾਨ ਨਾਲ ਖੋਲ੍ਹ ਦਿਤੇ ਕਿ ਜੋ ਕੋਈ ਜਿੰਨਾ ਲੋੜ ਹੋਵੇ ਜਾਂ ਇਕ ਵਾਰ ਜਿੰਨਾ ਚੁੱਕ ਸਕੇ, ਲਿਜਾ ਸਕਦਾ ਹੈ।
maharaja ranjit singh
ਇਨਸਾਨੀਅਤ ਦੇ ਦਰਦੀ ਵਲੋਂ ਹਿੰਦੂ, ਸਿੱਖ ਅਤੇ ਮੋਮਨ ਕਿਸੇ ਵੀ ਮਜਹਬ ਦੀ ਕੋਈ ਵਖਰੀ ਪਛਾਣ ਜਾਂ ਰਿਆਇਤ ਦੇ ਉਲਟ ਇਹ ਸਹੂਲਤ ਸੱਭ ਲਈ ਸਾਂਝੀ ਸੀ। ਲਾਹੌਰ ਦੇ ਵਸਨੀਕ ਇਕ ਮੋਚੀ ਦੇ ਕੰਨ ਵਿਚ ਜਦੋਂ ਇਹ ਸ਼ਾਹੀ ਫ਼ੁਰਮਾਨ ਪਿਆ ਤਾਂ ਕਈ ਦਿਨਾ ਤੋਂ ਪੇਟ ਅੰਦਰ ਕੜਵੱਲ ਪਾਉਂਦੀ ਭੁੱਲ ਇਸ ਬੁੱਢੇ ਮੋਚੀ ਨੂੰ ਪੋਤਰੇ ਅਤੇ ਡੰਗੋਰੀ ਸਹਾਰੇ ਸ਼ਾਹੀ ਤਖ਼ਤ ਦੇ ਉਸ ਦਰਵਾਜ਼ੇ ਸਾਹਮਣੇ ਲਿਆ ਖੜਾ ਕਰਦੀ ਹੈ ਜਿਥੋਂ ਲੋੜਵੰਦਾਂ ਨੂੰ ਅਨਾਜ ਤਕਸੀਮ ਕੀਤਾ ਜਾ ਰਿਹਾ ਸੀ। ਬੁੱਢੇ ਮੋਚੀ ਨੇ ਮੈਲੀ ਜਿਹੀ ਚਾਦਰ ਵਿਛਾਈ ਅਤੇ ਅਨਾਜ ਵਰਤਾਉਣ ਵਾਲੇ ਨੇ ਮੋਚੀ ਦੀ ਚਾਦਰ 'ਚ ਦੋ ਮਣ ਅਨਾਜ ਢੇਰੀ ਕਰ ਕੇ ਮੋਚੀ ਨੂੰ ਇਹ ਸੋਚਣ ਲਾ ਦਿਤਾ ਕਿ ਉਹ ਇੰਨਾ ਭਾਰ ਲੈ ਕੇ ਕਿਵੇਂ ਜਾਏਗਾ? ਇਕ ਕੁੱਬਾ ਹੋਇਆ ਬਿਰਧ ਅਤੇ ਦੂਜਾ ਮਾਸੂਮ ਬੱਚਾ, ਬੁਢਾਪੇ ਅਤੇ ਬਚਪਨ ਦੀ ਮਜਬੂਰੀ ਸਾਂਝੀ ਸੀ। ਇੰਨੇ ਨੂੰ ਚਿੱਟੀ ਚਾਦਰ ਲਈ ਇਕ ਤਕੜੇ ਜੁੱਸੇ ਦਾ ਮਾਲਕ ਅਜਨਬੀ ਆ ਕੇ ਮੋਚੀ ਨੂੰ ਕਹਿਣ ਲੱਗਾ, ''ਚੱਲ ਬਾਬਾ, ਅੱਗੇ ਹੋ ਅਤੇ ਆਹ ਤੇਰੀ ਗੰਢ ਮੈਂ ਛੱਡ ਆਉਂਦਾ ਹਾਂ।'' ਇਹ ਕਹਿੰਦਿਆਂ ਪਾਂਡੀ ਬਾਬੇ ਦੀ ਪੰਡ ਮੋਢਿਆਂ 'ਤੇ ਚੁੱਕੀ ਬਾਬੇ ਦੇ ਮਗਰ ਹੋ ਤੁਰਿਆ ਜੋ ਕਿ ਤੁਰਨ ਲਈ ਵੀ ਅਪਣੇ ਪੋਤਰੇ ਅਤੇ ਡੰਗੋਰੀ ਦਾ ਮੁਥਾਜ ਸੀ। ਕਵੀ ਵਿਧਾਤਾ ਸਿੰਘ ਤੀਰ ਨੇ ਇਸ ਵਾਕਿਆ ਨੂੰ ਕਲਮਬਧ ਕਰਦਿਆਂ ਲਿਖਿਆ ਹੈ :
Maharaja Ranjit Singh ji
ਔਹ! ਪਾਂਡੀ ਜਾਂਦਾ ਜੇ, ਕਿਹਾ ਸੋਹਣਾ ਲਗਦਾ ਏ।
ਭਾਰੀ ਏ ਪੰਡ ਬੜੀ, ਪੈਂਡਾ ਵੀ ਚੋਖਾ ਏ।
ਪਾਂਡੀ ਦੇ ਪਿੰਡੇ 'ਚੋਂ, ਮੜ੍ਹਕਾ ਪਿਆ ਵਗਦਾ ਏ।
ਲੰਮੀ ਘਾਲਣਾ ਪਿਛੋਂ ਜਦੋਂ ਗ਼ਰੀਬ ਮੋਚੀ ਦੀ ਕੁੱਲੀ ਵਿਚ ਅਜਨਬੀ ਪਾਂਡੀ ਪੰਡ ਛੱਡ ਕੇ ਵਾਪਸ ਪਰਤਣ ਲਗਦਾ ਹੈ ਤਾਂ ਬੁੱਢਾ ਮੋਚੀ ਇਸ ਨਿਸ਼ਕਾਮ ਖ਼ਿਦਮਤ ਅੱਗੇ ਵੈਰਾਗ ਵਿਚ ਰੂਹ ਤਕ ਭਿੱਜ ਗਿਆ। ਉਹ ਮੁੜਦੇ ਪਾਂਡੀ ਦੀ ਚਾਦਰ ਦਾ ਕਿਨਾਰਾ ਫੜਦਿਆਂ ਬੋਲਿਆ ''ਸਰਦਾਰਾ ਤੂੰ ਇਸ ਬੁੱਢੇ ਮੋਚੀ ਨੂੰ ਮੁਲ ਖ਼ਰੀਦ ਲਿਐ। ਅਪਣਾ ਕੋਈ ਥਾਂ ਪਤਾ ਤਾਂ ਦਸਦਾ ਜਾ?''
ਇਹ ਸੁਣਦਿਆਂ ਹੀ ਅਜਨਬੀ ਪਾਂਡੀ ਨੇ ਅਪਣੀ ਚਾਦਰ ਲਾਹ ਦਿਤੀ। ਸ਼ਾਹੀ ਲਿਬਾਸ ਅਤੇ ਸਿਰ 'ਤੇ ਕਲਗੀ ਲੱਗੀ ਵੇਖ ਕੇ ਬੁਢੇ ਮੋਚੀ ਨੂੰ ਝੱਟ ਅਹਿਸਾਸ ਹੋ ਗਿਆ ਕਿ ਇਹ ਤਾਂ ਪੰਜਾਬ ਦਾ ਮਹਾਰਾਜਾ ਹੈ ਜੋ ਭੇਸ ਵਟਾ ਕੇ ਅਵਾਮ ਦੀ ਖ਼ਿਦਮਤ ਕਰ ਰਿਹਾ ਹੈ। ਇਸ ਦੇ ਬਾਵਜੂਦ ਮਹਾਰਾਜਾ ਮੁਸਕਰਾਉਂਦਾ ਹੋਇਆ ਬੋਲਿਆ, ''ਬਾਬਾ ਜੀ, ਮੈਂ ਪੰਜਾਬ ਦਾ ਮਹਾਰਾਜਾ ਜ਼ਰੂਰ ਹਾਂ ਪਰ ਪਰਜਾ ਦੀ ਖ਼ਿਦਮਤ ਮੇਰਾ ਪਹਿਲਾ ਫ਼ਰਜ਼ ਹੈ।''
Maharaja Ranjit Singh
ਅੱਜ ਉਹੀ ਤਿੜਕਿਆ ਟੁਟਿਆ ਤੇ ਲੜਖੜਾਉਂਦਾ ਪੰਜਾਬ ਦੋ ਸਦੀਆਂ ਦੇ ਅਰਸੇ ਬਾਅਦ ਮੁੜ ਉਸੇ ਤਰਜ਼ 'ਤੇ ਕੋਰੋਨਾ ਤਰਾਸਦੀ ਦਾ ਸੰਤਾਪ ਹੰਢਾ ਰਿਹਾ ਹੈ। ਦੋ ਵੇਲਿਆਂ ਦੇ ਟੁਕ ਤੋਂ ਅਵਾਜ਼ਾਰ ਕੁਰਲਾਉਂਦੀ ਪਰਜਾ ਅੰਦਰ ਮਨੁੱਖਤਾ ਦੇ ਕਦਰਦਾਨਾਂ ਦੀ ਥੁੜ ਕੋਈ ਨਹੀਂ। ਸਮਾਜ ਸੇਵੀ ਧਿਰਾਂ ਨੇ ਸੇਵਾ ਦੀ ਮਿਸਾਲ ਸਿਰਜ ਕੇ ਸਰਕਾਰੀ ਦਾਅਵੇਦਾਰੀਆਂ ਦੇ ਪਾਜ ਉਧੇੜ ਦਿਤੇ ਹਨ। ਪਰ ਹਕੂਮਤਾਂ ਅਤੇ ਅਹਿਲਕਾਰਾਂ ਦੀ ਦੁਨੀਆਂ 'ਚੋਂ ਅਵਾਮ ਨੂੰ ਪਾਂਡੀ-ਪਾਤਸ਼ਾਹ ਕਿਧਰੇ ਭਾਲਿਆਂ ਵੀ ਨਜ਼ਰੀਂ ਨਹੀਂ ਪੈ ਰਿਹਾ। ਸਰਕਾਰੀ ਖ਼ਾਨਾਪੂਰਤੀ ਅੱਜ ਜਿਥੇ ਗ਼ੁਰਬਤ ਨੂੰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਾ ਰਹੀ ਹੈ, ਉਥੇ ਖ਼ਾਕੀ ਦਾ ਡੰਡਾ ਮਜਬੂਰ ਜਨਤਾ ਦੇ ਪਿੰਡਿਆਂ 'ਚੋਂ ਚੀਸਾਂ ਉਠ ਰਹੀਆਂ ਹਨ। ਕਿਧਰੇ ਢੀਠਪੁਣੇ ਅੱਗੇ ਕਾਨੂੰਨ ਵਿਵਸਥਾ ਦਮ ਤੋੜ ਰਹੀ ਹੈ ਅਤੇ ਕਿਧਰੇ ਮਹਿਲਾਂ ਦੀਆਂ ਬਰੂਹਾਂ ਤਕ ਅਪੜਨ ਤਕ ਬੇਵਸ ਜਿਹੀ ਹੋ ਕੇ ਰਹਿ ਜਾਂਦੀ ਹੈ। ਕੋਰੋਨਾ ਨੇ ਸਾਡੇ ਦੁਆਲੇ ਭੈਅ ਦਾ ਮਾਹੌਲ ਸਿਰਜ ਕੇ ਰੱਖ ਦਿਤਾ ਹੈ।
ਪਰ ਸਿਆਸਤ ਤਮਾਮ ਸੰਗਾਂ-ਸ਼ਰਮਾਂ ਛੱਡ, ਲੋਕਾਂ ਦੀਆਂ ਬੇਵਸੀਆਂ 'ਤੇ ਸਿਆਸੀ ਰੋਟੀਆਂ ਸੇਕਣ ਵਿਚ ਮਸਰੂਫ਼ ਹੈ। ਹਿੰਦੋਸਤਾਨ ਦੀ ਖੜਗਭੁਜਾ ਕਰ ਕੇ ਜਾਣਿਆ ਜਾਂਦਾ ਅਧਰੰਗ ਮਾਰਿਆ ਪੰਜਾਬ ਅੱਜ ਬਹੁਪੱਖੀ ਤਰਾਸਦੀਆਂ ਦੀ ਪੀੜ ਹੰਢਾ ਰਿਹਾ ਹੈ। ਉਹ ਪੰਜਾਬ ਜੋ ਸ਼ੇਰ-ਏ-ਪੰਜਾਬ ਦੇ ਸ਼ਾਸਨ ਕਾਲ 'ਚ 1.45 ਹਜ਼ਾਰ ਮੁਰੱਬਾ ਮੀਲ 'ਚ ਫੈਲੇ ਅਫ਼ਗਾਨਿਸਤਾਨ ਦੀਆਂ ਹੱਦਾਂ ਨੂੰ ਛੂੰਹਦਾ ਸੀ, ਅੱਜ ਖ਼ੁਦਕੁਸ਼ੀਆਂ ਦੀ ਖੇਤੀ ਕਰ ਕੇ ਕਰਜ਼ੇ ਤੋਂ ਮੁਕਤੀ ਭਾਲ ਰਿਹਾ ਹੈ। 22 ਮਈ 1839 ਈਸਵੀ ਨੂੰ ਸ਼ੇਰ-ਏ-ਪੰਜਾਬ ਦੇ ਅੰਤਲੇ ਦਿਨਾਂ ਵਿਚ ਲਗਾਏ ਅਖ਼ਰੀਲੇ ਦਰਬਾਰ ਵਿਚ ਆਰਥਕ ਵਿਵਸਥਾ ਦੀ ਰੀਪੋਰਟ ਮੁਤਾਬਕ ਚਾਰ ਸੂਬਿਆਂ ਲਾਹੌਰ, ਕਸ਼ਮੀਰ, ਪੇਸ਼ਾਵਰ ਅਤੇ ਮੁਲਤਾਨ ਦੀ ਸਾਲਾਨਾ ਆਮਦਨ 3 ਕਰੋੜ 2 ਲੱਖ 75 ਹਜ਼ਾਰ ਦਸੀ ਗਈ ਅਤੇ ਸਰਕਾਰੀ ਖਜ਼ਾਨੇ ਵਿਚ 8 ਕਰੋੜ ਨਕਦ, 26 ਕਰੋੜ ਮੁੱਲ ਦਾ ਹੀਰਾ, 80 ਕਰੋੜ ਦੇ ਹੀਰੇ ਉਦੋਂ ਮੌਜੂਦ ਸਨ। ਇਹ ਕਿੰਨੀ ਸਿਤਮ ਜ਼ਰੀਫ਼ੀ ਹੈ ਕਿ ਅੱਜ ਉਹੀ ਛਾਂਗਿਆ ਪੰਜਾਬ 228906 ਕਰੋੜ ਦੇ ਕਰਜ਼ੇ ਹੇਠ ਦਬਿਆ ਹੋਇਆ ਹੈ। ਅੱਜ ਕੋਈ ਪਾਂਡੀ-ਪਾਤਸ਼ਾਹ ਨਹੀਂ ਜੋ ਕੁੱਬੇ ਹੋਏ ਪੰਜਾਬ ਦੀ ਬਾਂਹ ਫੜ ਲਵੇ।
ਸੂਬੇ ਦੇ ਵਜ਼ੀਰਾਂ, ਸਾਬਕਾ ਵਜ਼ੀਰਾਂ ਅਤੇ ਵਿਧਾਇਕਾਂ ਦੀਆਂ ਦੂਹਰੀਆਂ, ਤੀਹਰੀਆਂ ਪੈਨਸ਼ਨਾਂ ਅਤੇ ਸ਼ਾਹੀ ਠਾਠਾਂ 'ਤੇ ਕੀਤੇ ਜਾਂਦੇ ਖ਼ਰਚਿਆਂ ਨੇ ਖ਼ੁਸ਼ਹਾਲ ਪੰਜਾਬ ਦਾ ਦੀਵਾਲਾ ਕੱਢ ਦਿਤਾ ਹੈ। ਸਿਆਸੀ ਲਿਬਾਸ ਹੇਠ ਛੁਪੇ ਮਾਈਨਿੰਗ, ਲੈਂਡ ਟਰਾਂਸਪੋਰਟ ਅਤੇ ਸ਼ਰਾਬ ਮਾਫ਼ੀਏ ਤੋਂ ਅਪਣੀਆਂ ਭਰੀਆਂ ਤਿਜੋਰੀਆਂ 'ਚੋਂ ਇਸ ਕੋਰੋਨਾ ਤਰਾਸਦੀ ਮੌਕੇ ਪੰਜਾਬ ਲਈ ਇਕ ਫੁੱਟੀ ਕੌਡੀ ਨਾ ਸਰੀ। ਸ਼ੇਰ-ਏ-ਪੰਜਾਬ ਦੇ ਸ਼ਾਸਨ ਵਿਚ ਕੋਈ ਦੇ ਕੁੱਤੇ ਗਲੋਂ ਵੀ ਕੈਂਠਾ ਨਹੀਂ ਸੀ ਲਾਹ ਸਕਦਾ। ਵੱਟਿਆਂ ਬਦਲੇ ਜਵਾਕਾਂ ਨੂੰ ਮਠਿਆਈਆਂ ਮਿਲਦੀਆਂ ਸਨ। ਅੱਜ ਗ਼ਰੀਬਾਂ ਹਥੋਂ ਟੁੱਕ ਖੋਹ ਕੇ ਖਾਣ ਵਾਲੇ ਸਿਆਸੀ ਕਾਵਾਂ ਨੇ ਸ਼ਰਮ ਵੇਚ ਕੇ ਖਾ ਲਈ ਹੈ। ਪੰਜਾਬ ਦੇ ਖਜ਼ਾਨੇ ਦਾ ਵਜ਼ੀਰ ਕਹਿੰਦਾ ਹੈ ਕਿ ਖਜ਼ਾਨੇ ਵਿਚ ਝਾੜੂ ਮਾਰਨ ਜੋਗਾ ਪੈਸਾ ਨਹੀਂ। ਸਿਆਸੀ ਸ਼ਰੀਕਾਂ ਨੇ ਜਾਂਦਿਆਂ-ਜਾਂਦਿਆਂ ਵੀ ਖ਼ਜ਼ਾਨਾ, ਨਿਹੰਗਾਂ ਦੇ ਬਾਟੇ ਵਾਂਗ ਮਾਂਜ ਧਰਿਆ ਹੈ। ਪੰਜਾਬ ਦੀ ਹਜ਼ਾਰਾਂ ਕਰੋੜ ਵਾਲੀ ਜੀ.ਐਸ.ਟੀ. ਦੀ ਅਦਾਇਗੀ ਕਰਨੋਂ ਕੇਂਦਰ ਮੁੱਠੀ ਘੁੱਟ ਰਿਹਾ ਹੈ ਅਤੇ ਕਰੋੜਾਂ ਦਾ ਘਾਟਾ ਕੋਰੋਨਾ ਮਹਾਂਮਾਰੀ ਪ੍ਰਤੀ ਦਿਨ ਪੰਜਾਬ ਨੂੰ ਪਾ ਰਹੀ ਹੈ।
ਹੁਣ ਪੰਜਾਬ ਦੇ ਸੁੱਕੇ ਸੰਘ 'ਚੋਂ ਨਾ ਹੀ ਸੁਨੀਲ ਜਾਖੜ ਦੇ ਸਿਆਸੀ ਜੈਕਾਰੇ ਦਾ ਜਵਾਬ ਨਿਕਲ ਰਿਹਾ ਹੈ ਅਤੇ ਨਾ ਹੀ ਸੁਖਾਵੇਂ ਹੱਲ ਲਈ ਕੋਈ ਰਾਹ ਲੱਭ ਰਿਹਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਕੋਰੋਨਾ ਨੂੰ ਭਜਾਉਣ ਲਈ ਥਾਲੀਆਂ ਖੜਕਾਉਣ ਅਤੇ ਕਦੇ ਮੋਮਬੱਤੀਆਂ ਜਗਾ ਕੇ ਅਵਾਮ ਨੂੰ ਕਰਮਕਾਂਡੀ ਇਲਮ ਪੜ੍ਹਾ ਰਿਹਾ ਹੈ। ਸ਼ਾਇਦ ਉਸ ਨੂੰ ਪੰਜਾਬ ਦੀ ਆਰਥਕਤਾ ਬਿਨਾਂ ਖੜਕਾਇਆਂ ਖੜਕ ਰਹੇ ਭਾਂਡਿਆਂ ਦੀ ਅਵਾਜ਼ ਨਹੀਂ ਸੁਣਾਈ ਦੇ ਰਹੀ। ਜਿਥੇ ਵੀਹ ਹਜ਼ਾਰ ਤੋਂ ਟਪਿਆ ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦਾ ਅੰਕੜਾ ਘਰ ਘਰ ਹਨੇਰ ਪਾ ਗਿਆ ਹੋਵੇ, ਉਨ੍ਹਾਂ ਕੱਚੀਆਂ ਕੰਧਾਂ 'ਤੇ ਲਿਖੀ ਬਦਨਸੀਬੀ ਦੀ ਦੁਖਾਂਤ ਇਬਾਰਤ ਕੌਣ ਪੜ੍ਹੇਗਾ? ਸ਼ਾਇਦ ਪ੍ਰਧਾਨ ਮੰਤਰੀ ਇਸ ਭੁਲੇਖੇ ਵਿਚ ਹੋਣ ਕਿ ਉਨ੍ਹਾਂ ਦੀ ਵਜ਼ਾਰਤ ਵਿਚ ਵੀਹ ਕਿਲੋ ਗਹਿਣੇ ਪਾਈ ਬੈਠੀ ਸੂਬੇ ਦੀ ਸਿਆਸੀ ਸ਼ਹਿਜ਼ਾਦੀ ਜਿਹੀ ਜ਼ਿੰਦਗੀ ਤਮਾਮ ਪੰਜਾਬਣਾਂ ਬਸਰ ਕਰ ਰਹੀਆਂ ਹੋਣ। ਪਰ ਚਿੱਟੀਆਂ ਚੁੰਨੀਆਂ ਹੇਠ ਦਬੇ ਦੁਖਾਂਤ ਦੀ ਤਸਵੀਰ ਤਾਂ ਪੰਜਾਬ ਦੀ ਜ਼ਮੀਨੀ ਹਕੀਕਤ 'ਚੋਂ ਹੀ ਤਲਾਸ਼ੀ ਜਾ ਸਕਦੀ ਹੈ। ਬੀਤੇ ਚਾਰ ਦਹਾਕਿਆਂ ਤੋਂ ਸ਼ੇਰ-ਏ-ਪੰਜਾਬ ਜਿਹਾ ਸ਼ਾਸਨ ਦੇਣ ਦਾ ਵਾਅਦਾ ਕਰ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀਆਂ ਰਾਜਸੀ ਧਿਰਾਂ ਨੇ ਲੋਹੇ ਨੂੰ ਸੋਨੇ ਵਿਚ ਬਦਲਣ ਦਾ ਜੁਮਲਾ ਵਿਖਾ ਕੇ ਪੰਜਾਬ ਦੀ ਖ਼ੁਸ਼ਹਾਲੀ ਨੂੰ ਅਜਿਹਾ ਗ੍ਰਹਿਣ ਲਗਾਇਆ ਕਿ ਫ਼ੌਲਾਦੀ ਪੰਜਾਬ ਹੁਣ ਟੁੱਟੇ ਪੀਪੇ ਵਾਂਗ ਖੜਕ ਰਿਹਾ ਹੈ।
ਸ਼ਮਸ਼ੇਰ ਸਿੰਘ ਡੂਮੇਵਾਲ,ਮੋਬਾਈਲ : 98723-31999