
ਸੰਨ 1799 ਵਿਚ ਜਦੋਂ ਮਹਾਰਾਜਾ ਰਣਜੀਚ ਸਿੰਘ ਨੇ ਲਾਹੌਰ ਫਤਹਿ ਕੀਤਾ ਤਾਂ ਕਨਹੀਆ ਮਿਸਲ ਦੇ ਸਰਦਾਰ ਸੋਭਾ ਸਿੰਘ ਨੇ ਨਿਆਜ਼ ਬੇਗ਼ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ।
ਲਾਹੌਰ ਜ਼ਿਲ੍ਹੇ ਦੇ ਪਿੰਡਾਂ ਵਿਚੋਂ ਨਿਆਜ਼ ਬੇਗ਼ ਪਿੰਡ ਬਹੁਤ ਹੀ ਅਹਿਮ ਪਿੰਡ ਹੈ। ਇਹ ਪਿੰਡ ਲਾਹੌਰ ਤੋਂ 16 ਕਿਲੋਮੀਟਰ ਦੀ ਦੂਰੀ ਉੱਤੇ ਮੁਲਤਾਨ ਜਾਣ ਵਾਲੀ ਸੜਕ ‘ਤੇ ਰਾਵੀ ਦੇ ਕੰਢੇ ਸਥਿਤ ਹੈ। ਇਤਿਹਾਸ ਵਿਚ ਇਸ ਪਿੰਡ ਦਾ ਜ਼ਿਕਰ ਵਧੇਰੇ ਹੈ। ਇਸ ਦੀ ਮਸ਼ਹੂਰੀ ਸਭ ਤੋਂ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਸਮੇਂ ਹੋਈ।ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਇਸ ਪਿੰਡ ਨੂੰ ਨਿਆਜ਼ ਬੇਗ਼ ਨਾਂ ਦੇ ਇਕ ਮੁਗ਼ਲ ਨੇ ਵਸਾਇਆ ਸੀ। ਉਸ ਸਮੇਂ ਉਹ ਇਲਾਕੇ ਦਾ ਜਾਗੀਰਦਾਰ ਸੀ।
ਦੱਸਿਆ ਜਾਂਦਾ ਹੈ ਕਿ ਇਹ ਪਿੰਡ 1717 ਈ. ਦੇ ਨੇੜੇ ਵਸਿਆ ਸੀ। ਇਸ ਪਿੰਡ ਦੀ ਉਸਰੀ ਦੌਰਾਨ ਹੀ ਨਿਆਜ਼ ਬੇਗ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਪਿੰਡ ‘ਤੇ ਰਾਜਪੂਤ ਖੋਖਰਾਂ ਅਤੇ ਭੱਟੀਆਂ ਨੇ ਕਬਜ਼ਾ ਕਰ ਲਿਆ। ਇਸ ਕਰਕੇ ਇਹ ਪਿੰਡ ਹੁਣ ਤੱਕ ਖੋਖਰਾਂ ਅਤੇ ਭੱਟੀਆਂ ਦਾ ਪਿੰਡ ਅਖਵਾਉਂਦਾ ਹੈ। ਸਿੱਖ ਮਿਸਲਾਂ ਸਮੇਂ ਲਾਹੌਰ ਤੋਂ ਬਾਹਰ ਦਾ ਇਲਾਕਾ- ਮਜ਼ਨਗ, ਚੌਬੁਰਜੀ, ਅੱਛਰਾ ਅਤੇ ਨਿਆਜ਼ ਬੇਗ਼ ਆਦਿ ਸਰਦਾਰ ਸੋਭਾ ਸਿੰਘ ਦੇ ਹਿੱਸੇ ਆਏ।
Niaz Beg
ਸੰਨ 1799 ਵਿਚ ਜਦੋਂ ਮਹਾਰਾਜਾ ਰਣਜੀਚ ਸਿੰਘ ਨੇ ਲਾਹੌਰ ਫਤਹਿ ਕੀਤਾ ਤਾਂ ਕਨਹੀਆ ਮਿਸਲ ਦੇ ਸਰਦਾਰ ਸੋਭਾ ਸਿੰਘ ਨੇ ਨਿਆਜ਼ ਬੇਗ਼ ਨੂੰ ਆਪਣੀ ਰਾਜਧਾਨੀ ਬਣਾ ਲਿਆ। ਕਰੀਬ ਛੇ ਮਹੀਨੇ ਤੱਕ ਨਿਆਜ਼ ਬੇਗ ਵੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਕਿਲ੍ਹੇ ਵਾਲੀ ਰਾਜਧਾਨੀ ਵਜੋਂ ਰਿਹਾ। ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਬਹੁਤ ਸਾਰਾ ਲੋਕਯਾਨ ਨਿਆਜ਼ ਬੇਗ਼ ਨਾਲ ਜੁੜਿਆ ਹੋਇਆ ਹੈ।
ਨਿਆਜ਼ ਬੇਗ਼ ਇਕ ਕਿਲਾਬੰਦ ਕਸਬਾ ਹੈ। ਇਸ ਕਸਬੇ ਦੇ ਚਾਰ ਦਰਵਾਜ਼ੇ ਹਨ। ਉਸ ਸਮੇਂ ਇਹ ਚਾਰੇ ਦਰਵਾਜ਼ੇ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਸਨ। ਇਹ ਦਰਵਾਜ਼ੇ ਅੱਜ ਵੀ ਉੱਥੇ ਮੌਜੂਦ ਹਨ। ਵੱਖ ਵੱਖ ਸਮੇਂ ਦੌਰਾਨ ਇਹਨਾਂ ਦਰਵਾਜ਼ਿਆਂ ਦੇ ਨਾਮ ਵੱਖ-ਵੱਖ ਰਹੇ ਹਨ। ਤਵਾਰੀਖ਼ ਦੀਆਂ ਕਿਤਾਬਾਂ ਤੋਂ ਇਹਨਾਂ ਦਰਵਾਜ਼ਿਆਂ ਦੇ ਨਾਮ ਕੁੱਝ ਇਸ ਤਰ੍ਹਾਂ ਮਿਲਦੇ ਹਨ, ਜਿਵੇਂ ਲਾਹੌਰੀ ਦਰਵਾਜ਼ਾ, ਮੁਲਤਾਨੀ ਦਰਵਾਜ਼ਾ, ਰੇਵੜੀ ਵਾਲਾ ਦਰਵਾਜ਼ਾ ਅਤੇ ਭਾਈਆਂ ਵਾਲਾ ਦਰਵਾਜ਼ਾ।
Niaz Beg Historical Mandir
ਲਾਹੌਰੀ ਦਰਵਾਜ਼ਾ(ਦੇਵੀ ਦਰਵਾਜ਼ਾ)- ਇਹ ਦਰਵਾਜ਼ਾ ਲਾਹੌਰ ਵੱਲ ਖੁੱਲਦਾ ਸੀ ਇਸ ਕਰਕੇ ਇਸ ਨੂੰ ਲਾਹੌਰੀ ਦਰਵਾਜ਼ਾ ਕਿਹਾ ਜਾਂਦਾ ਸੀ। ਮੁਲਤਾਨੀ ਦਰਵਾਜ਼ਾ-ਮੁਲਤਾਨ ਵੱਖ ਖੁੱਲਦੇ ਦਰਵਾਜ਼ੇ ਨੂੰ ਮੁਲਤਾਨੀ ਦਰਵਾਜ਼ਾ ਆਖਿਆ ਜਾਂਦਾ ਸੀ। ਰੇਵੜੀ ਗੁੜਾਂ ਵਾਲਾ ਦਰਵਾਜ਼ਾ- ਇਸ ਦਰਵਾਜ਼ੇ ਦੇ ਅੰਦਰ ਗੁੜ ਰਿਓੜੀਆਂ ਬਣਾਉਂਦੇ ਸਨ, ਇਸ ਕਰਕੇ ਇਸ ਨੂੰ ਰੇਵੜੀ ਗੁੜਾਂ ਵਾਲਾ ਦਰਵਾਜ਼ਾ ਕਿਹਾ ਜਾਂਦਾ ਸੀ। ਚੌਥੇ ਦਰਵਾਜ਼ੇ ਦਾ ਨਾਮ ਭਾਈਆਂ ਵਾਲਾ ਦਰਵਾਜ਼ਾ ਦੇ ਨਾਂ ਨਾਲ ਪ੍ਰਸਿੱਧ ਸੀ।
ਭਾਈਆਂ ਵਾਲਾ ਦਰਵਾਜ਼ਾ- ਅੱਜ ਕੱਲ੍ਹ ਉਸ ਦਰਵਾਜ਼ੇ ਨੂੰ ਮੇਜਰ ਸਾਹਿਬ ਵਾਲਾ ਦਰਵਾਜ਼ਾ ਕਿਹਾ ਜਾਂਦਾ ਹੈ। ਭਾਈਆਂ ਵਾਲੇ ਦਰਵਾਜ਼ੇ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਹੈ। ਪਿੰਡ ਦੇ ਇਸ ਦਰਵਾਜ਼ੇ ਨੂੰ ਭਾਈਆਂ ਵਾਲਾ ਦਰਵਾਜ਼ਾ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਉਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜੇ ਗਵੱਈਏ ਭਾਈ ਅਮੀਰ ਬਖ਼ਸ਼ ਦੀ ਰਿਹਾਇਸ਼ ਸੀ।
ਭਾਈ ਅਮੀਰ ਬਖ਼ਸ਼ ਦਾ ਸੰਬੰਧ ਮੁਸਲਮਾਨ ਮੇਰ ਆਲਮ (ਮਰਾਸੀ) ਘਰਾਣੇ ਨਾਲ ਸੀ। ਉਹ ਬਹੁਤ ਚੰਗਾ ਗਾਇਨ ਕਰਦੇ ਸਨ। ਇਸੇ ਕਰ ਕੇ ਉਹਨਾਂ ਨੂੰ ਮਹਾਰਾਜਾ ਦੇ ਦਰਬਾਰ ਵਿਚ ਸਰਕਾਰੀ ਗਵੱਈਆ ਹੋਣ ਦਾ ਸੁਭਾਗ ਮਿਲਿਆ। ਮਹਾਰਾਜਾ ਦੇ ਦਰਬਾਰ ਵੱਲੋਂ ਉਸ ਨੂੰ ਉਸ ਇਲਾਕੇ ਦੀ ਜਾਗੀਰ ਵੀ ਮਿਲੀ ਹੋਈ ਸੀ। ਅੱਜ ਵੀ ਇਸ ਕਸਬੇ ਦੇ ਮਰਾਸੀ ਆਪਣੇ ਆਪ ਨੂੰ ਅਮੀਰ ਬਖ਼ਸ਼ੀ ਅਖਵਾਉਂਦੇ ਹਨ।
Bhadar Kali Historical Mandir
ਕਿਹਾ ਜਾਂਦਾ ਹੈ ਕਿ ਇਕ ਵਾਰ ਭਾਈ ਅਮੀਰ ਬਖ਼ਸ਼ ਦੀ ਧਰਮ ਪਤਨੀ ਨੇ ਉਨ੍ਹਾਂ ਨੂੰ ਕਿਹਾ ਕਿ ਲੋਕ ਸਰਕਾਰ ਤੋਂ ਏਨਾ ਕੁਝ ਮੰਗ ਲੈਂਦੇ ਹਨ ਕਦੇ ਤੁਸੀਂ ਵੀ ਮਹਾਰਾਜ ਤੋਂ ਕੁਝ ਮੰਗ ਕੇ ਵੇਖੋ। ਬੀਵੀ ਦੇ ਵਾਰ-ਵਾਰ ਜ਼ੋਰ ਪਾਉਣ ‘ਤੇ ਭਾਈ ਹੋਰਾਂ ਇੱਕ ਵਾਰ ਭਰੇ ਦਰਬਾਰ ਵਿੱਚ ਮਹਾਰਾਜਾ ਤੋਂ ਉਨ੍ਹਾਂ ਦਾ ਹਾਥੀ ਮੰਗ ਲਿਆ।
ਮਹਾਰਾਜਾ ਦਾ ਹਾਥੀ ਸੋਨੇ ਚਾਂਦੀ ਨਾਲ ਲੱਦਿਆ ਹੋਇਆ ਸੀ। ਮਹਾਰਾਜ ਨੇ ਉਹ ਹਾਥੀ ਭਾਈ ਅਮੀਰ ਬਖ਼ਸ਼ ਨੂੰ ਬਖ਼ਸ਼ ਦਿੱਤਾ। ਕੁਝ ਹੀ ਦਿਨਾਂ ਵਿੱਚ ਹਾਥੀ ਸਭ ਕੁਝ ਖਾ ਗਿਆ ਅਤੇ ਭਾਈ ਹੋਰਾਂ ਵਾਸਤੇ ਹਾਥੀ ਪਾਲਣਾ ਔਖਾ ਹੋ ਗਿਆ। ਧਰਮ ਪਤਨੀ ਨੇ ਜ਼ੋਰ ਪਾਇਆ ਕਿ ਹਾਥੀ ਮਹਾਰਾਜ ਨੂੰ ਮੋੜ ਦਿਓ ਉਸ ਦੀ ਸੇਵਾ ਸੰਭਾਲ ਕਰਨਾ ਸਾਡੇ ਵਾਸਤੇ ਬਹੁਤ ਔਖਾ ਹੈ। ਹੁਣ ਭਾਈ ਹੋਰਾਂ ਵਾਸਤੇ ਹਾਥੀ ਮੋੜਨਾ ਵੀ ਇਸ ਤੋਂ ਵੱਡਾ ਔਖਾ ਕਾਰਜ ਸੀ।
ਆਖ਼ਿਰਕਾਰ ਇਕ ਦਿਨ ਭਾਈ ਅਮੀਰ ਬਖ਼ਸ਼ ਨੇ ਹਾਥੀ ਦੇ ਸਿਰ ‘ਤੇ ਢੋਲਕੀ ਬੰਨੀ ਤੇ ਉਸ ਨੂੰ ਮਹਾਰਾਜ ਦੇ ਦਰਬਾਰ ਵਿਚ ਲੈ ਗਏ। ਮਹਾਰਾਜ ਨੇ ਦਰਬਾਰ ਵਿਚ ਭਾਈ ਅਮੀਰ ਬਖ਼ਸ਼ ਨੂੰ ਪੁੱਛਿਆ, ‘ਭਾਈ ਜੀ, ਇਹ ਕੀ ਹੈ? ਉਹਨਾਂ ਨੇ ਉੱਤਰ ਦਿੱਤਾ, ‘ਮਹਾਰਾਜ ਜਦੋਂ ਤੱਕ ਇਹ ਸਰਕਾਰ ਦਾ ਹਾਥੀ ਸੀ ਤਾਂ ਸੋਨੇ ਚਾਂਦੀ ਨਾਲ ਲੱਦਿਆ ਹੋਇਆ ਸੀ। ਹੁਣ ਵਿਚਾਰਾ ਇਕ ਰਾਗੀ ਮਰਾਸੀ ਦਾ ਹਾਥੀ ਹੈ ਅਤੇ ਮੰਗ ਕੇ ਗੁਜ਼ਾਰਾ ਕਰਦਾ ਹੈ।
ਮਹਾਰਾਜ ਗੱਲ ਦੀ ਤਹਿ ਤੱਕ ਗਏ ਅਤੇ ਉਹਨਾਂ ਨੇ ਹੁਕਮ ਕੀਤਾ ਕਿ ਹਾਥੀ ਨੂੰ ਸਰਕਾਰੀ ਤਬੇਲੇ ਵਿਚ ਲਿਆਂਦਾ ਜਾਵੇ ਅਤੇ ਢੋਲਕੀ ਨੂੰ ਸਰਕਾਰੀ ਖ਼ਜ਼ਾਨੇ ਵਿਚੋਂ ਹੀਰੇ ਜਵਾਹਰਾਤ ਨਾਲ ਭਰ ਦਿੱਤਾ ਜਾਵੇ।
ਇਕ ਵਾਰ ਭਾਈ ਅਮੀਰ ਬਖ਼ਸ਼ ਨੇ ਦਰਬਾਰੀਆਂ ਦੇ ਕਹਿਣ ‘ਤੇ ਮਹਾਰਾਜ ਦਾ ਜਸ ਲਿਖਿਆ ਸੀ, ਜਿਸ ਦਾ ਇਕੋ-ਇਕ ਸ਼ੇਅਰ ਇਤਿਹਾਸ ਦੇ ਪੰਨਿਆਂ ‘ਤੇ ਬਚਿਆ ਹੈ। ਜਦੋਂ ਉਹਨਾਂ ਨੇ ਦਰਬਾਰ ਵਿਚ ਮਹਾਰਾਜ ਦਾ ਜਸ ਸੁਣਾਇਆ ਤਾਂ ਉਹਨਾਂ ਨੇ ਤਾਰੀਫ਼ ਵਜੋਂਂ ਮਹਾਰਾਜ ਕੋਲੋਂ ਇਨਾਮ ਪਾਇਆ। ਉਸ ਸ਼ੇਅਰ ਦੀਆਂ ਸਤਰਾਂ ਕੁਝ ਇਸ ਤਰ੍ਹਾਂ ਹਨ:
ਇੱਕੋ ਅੱਖ ਸੁਲੱਖਣੀ ਪਈ ਢਿਲਕਾਂ ਮਾਰੇ
ਨਿਓਂ ਨਿਓਂ ਕਰਨ ਸਲਾਮਾਂ ਦੋ ਨੈਣਾਂ ਵਾਲੇ।
ਭਾਈ ਅਮੀਰ ਬਖ਼ਸ਼ ਤੋਂ ਵੱਖ ਇਸ ਪਿੰਡ ਅੰਦਰ ਮਹਾਰਾਜ ਦੀ ਇਕ ਹੋਰ ਯਾਦਗਾਰ ਵੀ ਮੌਜੂਦ ਹੈ। ਇਹ ਯਾਦਗਾਰ ਇਸ ਪਿੰਡ ਦੀ ਸਭ ਤੋਂ ਉੱਚੀ ਇਮਾਰਤ ਹੈ। ਨਿਆਜ਼ ਬੇਗ਼ ਅੰਦਰ ਇਕ ਪੁਰਾਣਾ ਹਿੰਦੂ ਪਵਿੱਤਰ ਅਸਥਾਨ ਭੱਦਰ ਕਾਲੀ ਮੰਦਰ ਮੌਜੂਦ ਸੀ, ਜਿੱਥੇ ਹਰ ਸਾਲ ਜੇਠ ਦੇ ਮਹੀਨੇ ਭਰਵਾਂ ਮੇਲਾ ਜੁੜਦਾ ਸੀ।
ਇਕ ਵਾਰ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਨੂੰ ਜਾਂਦੇ ਹੋਏ ਇਸ ਥਾਂ ਰੁਕੇ, ਦੇਵੀ ਦੇ ਦਰਸ਼ਨ ਕੀਤੇ ਅਤੇ ਦੇਵੀ ਵਾਸਤੇ ਇਕ ਵੱਡਾ ਅਤੇ ਆਲੀਸ਼ਾਨ ਮੰਦਰ ਬਣਵਾਉਣ ਦਾ ਹੁਕਮ ਦਿੱਤਾ। ਸ਼ਾਹੀ ਫਰਮਾਨ ਅਨੁਸਾਰ ਇਕ ਬਹੁਤ ਹੀ ਆਲੀਸ਼ਾਨ ਅਤੇ ਉੱਚਾ ਮੰਦਿਰ ਉਸਾਰਿਆ ਗਿਆ ਪਰ ਕਿਹਾ ਜਾਂਦਾ ਹੈ ਕਿ ਮੰਦਰ ਬਣਨ ਮਗਰੋਂ ਦੇਵੀ ਨੇ ਇਸ ਵਿਚ ਪ੍ਰਵੇਸ਼ ਕਰਨ ਤੋਂ ਇਨਕਾਰ ਕਰ ਦਿੱਤਾ।
Historical Kila
ਇਤਿਹਾਸਕਾਰਾਂ ਅਨੁਸਾਰ ਜਦੋਂ ਦੇਵੀ ਨੂੰ ਉਸ ਆਲੀਸ਼ਾਨ ਮਕਾਨ ਵਿਚ ਲਿਜਾਣ ਦਾ ਵੇਲਾ ਆਇਆ ਤਾਂ ਦੇਵੀ ਨੇ ਪੁਜਾਰੀਆਂ ਦੇ ਸੁਪਨੇ ਵਿੱਚ ਆ ਕੇ ਉਨ੍ਹਾਂ ਨੂੰ ਇਸ਼ਾਰਾ ਦਿੱਤਾ ਕਿ ਅਸੀਂ ਇਸ ਮੰਦਰ ਵਿਚ ਨਹੀਂ ਜਾਣਾ ਸਗੋਂ ਅਸੀਂ ਆਪਣੇ ਇਸ ਨਿੱਕੇ ਜਿਹੇ ਮੰਦਰ ਵਿੱਚ ਹੀ ਰਾਜ਼ੀ ਹਾਂ।
ਪੁਜਾਰੀਆਂ ਨੇ ਇਸ ਹੁਕਮ ਮੁਤਾਬਕ ਮਹਾਰਾਜ ਦੇ ਬਣਵਾਏ ਸਵਰਨ ਮੰਦਰ ਨੂੰ ਠੁਕਰਾ ਦਿੱਤਾ। ਅੱਜ ਵੀ ਇਹ ਆਲੀਸ਼ਾਨ ਮੰਦਰ ਪਿੰਡ ਨਿਆਜ਼ ਬੇਗ਼ ਅੰਦਰ ਆਪਣੀਆਂ ਸ਼ਾਨਾਂ ਵਿਖਾ ਰਿਹਾ ਹੈ ਜਦਕਿ ਭੱਦਰ ਕਾਲੀ ਦੇਵੀ ਵਾਲਾ ਨਿੱਕਾ ਮੰਦਰ ਬਰਬਾਦ ਹੋ ਚੁੱਕਿਆ ਹੈ। ਮਹਾਰਾਜ ਵੱਲੋਂ ਬਣਵਾਇਆ ਇਹ ਆਲੀਸ਼ਾਨ ਮੰਦਰ ਅੱਜ ਵੀ ਮੌਜੂਦ ਹੈ, ਜਿਸ ਅੰਦਰ ਦੇਵੀ ਨੇ ਪ੍ਰਵੇਸ਼ ਨਾ ਕੀਤਾ।
ਹੁਣ ਇਸ ਮੰਦਰ 'ਚ ਪ੍ਰਾਇਮਰੀ ਸਕੂਲ ਹੈ। ਜਿੱਥੇ ਇਹ ਮੰਦਰ ਨਿਆਜ਼ ਬੇਗ਼ ਪਿੰਡ ਦੀ ਸ਼ਾਨ ਹੈ ਉੱਥੇ ਹੀ ਪੰਜਾਬ ਅਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਨਾ ਭੁੱਲਣ ਵਾਲੀ ਹੁਸੈਨ ਯਾਦਗਾਰ ਵੀ ਹੈ ਜਿਸ ਨੂੰ ਵੇਖ ਕੇ ਪੰਜਾਬੀਆਂ ਨੂੰ ਆਪਣਾ ਰਾਜ ਯਾਦ ਆਉਂਦਾ ਹੈ।